Friday, 30 March 2012

ਜਾਗ ਮਨੁੱਖਾ ਕਰੀਏ ਹੀਲੇ

ਜਾਗ ਮਨੁੱਖਾ ਕਰੀਏ ਹੀਲੇ






ਬੰਤਾ ਸਿੰਘ ਘੁਡਾਣੀ





ਨਵ-ਪ੍ਰਕਾਸ਼ਨ
67-ਪਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027



ਸਭ ਹਕ ਰਾਖਵੇਂ ਹਨ।




ਜਾਗ ਮਨੁੱਖਾ ਕਰੀਏ ਹੀਲੇ




ਬੰਤਾ ਸਿੰਘ ਘੁਡਾਣੀ



ਪ੍ਰਕਾਸ਼ਕ
ਸੱਤਪਾਲ ਸਿੰਘ
ਪਿੰਡ ਤੇ ਡਾਕ. ਕਣਕਵਾਲ
ਤਹਿਸੀਲ ਬੁਢਲਾਡਾ
ਜ਼ਿਲ੍ਹਾ ਮਾਨਸਾ


ਕੀਮਤ
100/-

ਮਿਲਣ ਦਾ ਪਤਾ:
ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ
67-ਪ੍ਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027
ਫੋਨ- 9914430572

ਜਾਗ ਮਨੁੱਖਾ ਕਰੀਏ ਹੀਲੇ
'ਪੀੜ ਵਿਛੋੜਾ', 'ਸਾਹਿਬ ਮੇਰਾ ਨੀਤ ਨਵਾਂ' ਪਰਕਾਸ਼ਨ ਕਰਾਉਣ ਪਿਛੋਂ ਅਤੇ ਸਿਆਣੇ ਸਮਝਦਾਰ ਪਾਠਕਾਂ ਵਲੋਂ ਅਤੇ ਸ੍ਰ੍ਰੀਮਤੀ ਨਿਰਮਲ ਜਸਵਾਲ, ਸਰਵ ਸ੍ਰੀ ਸੁਲਖਣ ਸਰਹਦੀ, ਡਾਕਟਰ ਗੁਰਦੇਵ ਸਿੰਘ ਪੰਦੋਹਲ, ਸ. ਹਰਭਜਨ ਸਿੰਘ ਬਟਾਲਵੀ, ਸ. ਹਰਮੀਤ ਸਿੰਘ ਅਟਵਾਲ, ਸ. ਗੁਰਮੇਲ ਸਿੰਘ ਜੀ ਮਡਾਹੜ, ਡਾਕਟਰ ਸ. ਸਿਵਾਈ ਸਿੰਘ ਅਤੇ ਡਾਕਟਰ ਗਰਗ ਜੇਹੀਆਂ ਉੱਚ ਹਸਤੀਆਂ ਅਤੇ ਭਾਸ਼ਾ ਵਿਭਾਗ ਪਟਿਆਲਾ, ਪੰਜਾਬ ਅਤੇ ਸਾਹਿਤ ਅਕੈਡਮੀ ਲੁਧਿਆਣਾ ਪੰਜਾਬ ਵਲੋਂ ਕੀਤੀ ਗਈ ਪਰਸੰਸਾ ਅਤੇ ਮਿਲੇ ਉਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਦਾਸ ਨੇ ਤਿੰਨ ਹੋਰ ਕਾਵਿ ਸੰਗ੍ਰਹਿ ਲਿਖੇ। ਦਾਸ ਨੇ ਜੋ ਵੀ ਲਿਖਿਆ ਹੈ ਅੰਧ-ਵਿਸ਼ਵਾਸ਼ੀ ਦੂਰ ਕਰਨ ਲਈ ਧਰਮਾਂ ਬਾਰੇ ਪ੍ਰਚਲਿਤ ਸੋਚ ਅਤੇ ਸੌੜੀ ਧਾਰਨਾ ਬਦਲਣ ਲਈ ਅਮੀਰੀ ਗਰੀਬੀ ਅਤੇ ਊਂਚ ਨੀਂਚ ਦਾ ਭੋਗ ਪਾਉਣ ਲਈ, ਸਿਆਸੀ ਸਮਾਜੀ ਅਤੇ ਆਰਥਿਕ ਵਿਤਕਰੇ ਦੂਰ ਕਰਵਾਉਣ ਲਈ ਲੋਕ ਰਾਜ ਦੀ ਅਸਲੀਅਤ ਸਮਝਾਉਣ ਲਈ ਧਨਾਢਾਂ ਅਤੇ ਕੁਲਾਂ ਦੇ ਰਾਜ ਵਿਰੁੱਧ ਆਵਾਜ ਉਠਾਉਣ ਲਈ, ਆਮ ਲੋਕਾਂ ਨੂੰ ਜਗਾਉਣ ਲਈ ਰੁਲਦੇ ਬੱਚੇ ਬੱਚੀਆਂ ਅਤੇ ਅਤਿ ਗਰੀਬ ਲੋਕਾਂ ਨੂੰ ਉੱਚੇ ਉਠਾਉਣ ਲਈ, ਇਨਸਾਨੀਅਤ ਦੀ ਸ਼ਾਨ ਵਧਾਉਣ ਲਈ ਵਿਦਿਆ ਗਿਆਨ ਵਿਗਿਆਨ ਦੇ ਪਸਾਰੇ ਲਈ ਅਤੇ ਤਲਵਾਰੀ ਕਰਾਂਤੀ ਦੀ ਬਜਾਏ (ਜਿਸ ਵਿਚ ਗਰੀਬ ਹੀ ਗਰੀਬਾਂ ਦੇ ਹਥੋਂ ਮਰਵਾਏ ਜਾਂਦੇ ਹਨ) ਵਿਗਿਆਨਕ ਲੀਹਾਂ ਤੇ ਚਲਕੇ ਕਰਾਂਤੀ ਲਿਆਉਣ ਲਈ ਅਤੇ ਪਰਮ ਸੱਤਾ ਦੀ ਸਚਾਈ ਨੂੰ ਸਮਝਾਉਣ ਲਈ ਲਿਖਿਆ ਹੈ। 'ਸਭੈ ਸਾਂਝੀਵਾਲ ਸਦਾਇਨ', 'ਸੰਝ ਸਵੇਰੇ ਤੋਲ' ਕਾਵਿ ਸੰਗ੍ਰਹਿ ਅਤੇ 'ਇਸ ਹੱਥਲੇ' ਕਾਵਿ ਸੰਗ੍ਰਹਿ 'ਜਾਗ ਮਨੁੱਖਾ ਕਰੀਏ ਹੀਲੇ' ਵਿਚ ਦਾਸ ਨੇ ਸਰਬਤ ਭਲੇ ਦੇ ਮਿਸ਼ਨ ਨੂੰ ਸਾਹਮਣੇ ਰਖਿਆ ਹੈ।
ਅਤੇ ਆਸ ਕਰਦਾ ਹਾਂ ਕਿ ਪਾਠਕ ਦਾਸ ਦੇ ਪੰਜੇ ਕਾਵਿ ਸੰਗ੍ਰਹਿ ਪੜ੍ਹਕੇ ਨਿਜੀ ਸੋਚ ਦੇ ਤਾਣੇ ਬਾਣੇ ਵਿਚੋਂ ਨਿਕਲ ਕੇ ਸਰਬਤ ਭਲੇ ਦੀ ਸੋਚ ਅਪਨਾਉਣਗੇ ਅਤੇ ਮੇਰੇ ਕਰਾਂਤੀਵਾਦੀ ਬੱਚੇ ਗਹਿਰੀ ਸੋਚ ਵਿਚਾਰ ਕਰਕੇ ਤਲਵਾਰੀ ਕਰਾਂਤੀ ਨੂੰ ਮਿਆਨ ਵਿਚ ਪਾਕੇ ਭਿਖਸ਼ੂ ਬਣਕੇ ਸਾਰੇ ਭਾਰਤ ਨੂੰ  ਜਗਾਉਣਗੇ ਅਤੇ ਨਵ-ਜਾਗਰਣ ਲਿਆਉਣਗੇ। 

  ਦਾਸ
  ਬੰਤਾ ਸਿੰਘ ਘੁਡਾਣੀ
  67-ਪ੍ਰਕਾਸ਼ ਕਲੋਨੀ (ਵਾੜੇਵਾਲ)
  ਲੁਧਿਆਣਾ।
























ਬੰਤਾ ਸਿੰਘ ਘੁਡਾਣੀ
ਬੰਤਾ ਸਿੰਘ ਜੀ ਘੁਡਾਣੀ ਕਲਾਂ ਨਾਲ ਮੇਰਾ ਤਾਜ਼ਾ ਵਾਹ ਕੋਈ ਮੌਕਾ-ਮੇਲ ਹੀ ਸਮਝੋ। ਇਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਜਦੋਂ ਮਿਲੇ ਤਾਂ ਇਉਂ ਲੱਗਿਆ ਕਿ ਅਸੀਂ 30-35 ਸਾਲ ਪਹਿਲਾਂ ਹੁਣ ਵਾਂਗ ਕਿਉਂ ਨਾ ਮਿਲ ਸਕੇ। ਇਹਨਾਂ ਦਾ ਭਤੀਜਾ ਰਾਜਬੀਰ ਮੇਰਾ ਹਮ-ਜਮਾਤੀ ਰਿਹਾ ਹੈ। ਇੱਕ ਹਮਜਮਾਤੀ ਹੀ ਨਹੀਂ ਕਾਲਜ ਦੇ ਸਮਿਆਂ ਵਿੱਚ ਜਦੋਂ ਵੀ ਅਸੀਂ ਜਬਰ-ਜ਼ੁਲਮ, ਵਧੀਕੀਆਂ, ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਰਾਜਬੀਰ ਆਪਣੀ ਭੈਣ ਕਮਲਜੀਤ ਨਾਲ ਸਾਡੇ ਉਸ ਕਾਫ਼ਲੇ 'ਚ ਮੁਹਰਲੀਆਂ ਕਤਾਰਾਂ ਵਿੱਚ ਖੜ੍ਹਦਾ ਰਿਹਾ। 1975 ਵਿੱਚ ਕਾਲਜ 'ਚ ਪੜ੍ਹਦੇ ਸਮੇਂ ਐਮਰਜੈਂਸੀ ਦਾ ਵਿਰੋਧ ਕਰਦੇ ਸਾਡੇ ਵਾਰੰਟ ਨਿਕਲੇ ਤਾਂ ਬਲਵੰਤ ਘੁਡਾਣੀ ਅਤੇ ਮੇਰੇ ਨਾਲ ਰਾਜਬੀਰ ਨੂੰ ਵੀ ਗੁਪਤਵਾਸ ਜੀਵਨ ਦੇ ਦਿਨ ਗੁਜਾਰਨੇ ਪਏ। ਇਹਨਾਂ ਦੇ ਘਰੇ ਸਾਡਾ ਆਉਣ-ਜਾਣ ਸਵੇਰ-ਸ਼ਾਮ ਹੁੰਦਾ ਸੀ। ਸਕੂਲ ਦੀ ਗਰਾਊਂਡ ਵਿੱਚ ਖੇਡਣ ਜਾਣਾ ਜਾਂ ਕਿਸੇ ਰੈਲੀ-ਮੁਜਾਹਰੇ ਵਿੱਚ ਜਾਣਾ, ਰਾਜਬੀਰ ਦੇ ਨਾਲ ਉਸਦੇ ਛੋਟੇ ਭਰਾ ਜੱਸਾ ਤੇ ਬੰਬੀ ਸ਼ਾਮਲ ਹੁੰਦੇ ਰਹੇ। ਚਾਚਾ ਜੀ ਕੋਲ ਪਹਿਲੀ ਵਾਰ ਮੈਂ ਅੰਮ੍ਰਿਤਸਰ ਉਦੋਂ ਗਿਆ ਸੀ ਜਦੋਂ ਅਸੀਂ 1976 ਦੇ ਫਰਵਰੀ ਦੇ ਮਹੀਨੇ 'ਚ ਆਪਣੇ ਪਿੰਡ ਨਾਟਕ ਕਰਵਾਉਣ ਲਈ ਗੁਰਸ਼ਰਨ ਸਿੰਘ ਦੀ ਟੀਮ ਬੁੱਕ ਕਰਵਾਉਣੀ ਸੀ। ਉਦੋਂ ਸਾਡੀ ਖਾਸ ਜਾਣ-ਪਛਾਣ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਮੈਂ ਲੋਕਾਂ ਦੀ ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਅਤੇ ਸੁਰਖ਼ ਰੇਖਾ ਪੇਪਰ ਕੱਢਣ ਲੱਗੇ ਤਾਂ ਇਹਨਾਂ ਨੇ ਮੈਨੂੰ ਮਿਲਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਸਮਿਆਂ 'ਚ ਸਾਡਾ ਤਾਲਮੇਲ ਨਹੀਂ ਸੀ ਹੋ ਸਕਿਆ। 
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ। 
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ। 
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ। 
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ। 
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। 
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। 
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਿਸੇ ਕਾਵਿ-ਮਿਆਰਾਂ ਦੇ ਮੁਤਾਬਕ ਨਹੀਂ ਲਿਆ ਬਈ ਇਹਨਾਂ ਦਾ ਤੁਕ-ਤੁਕਾਂਤ ਬਣਦਾ ਹੈ ਜਾਂ ਨਹੀਂ। ਕਵਿਤਾ ਮਿਆਰੀ ਹੈ ਜਾਂ ਊਣੀ। ਕਿਸੇ ਆਲੋਚਕ ਲਈ ਇਹ ਕਾਵਿ ਰਚਨਾ ਨਾ ਹੋ ਕੇ ਕੋਈ ਨਾਅਰੇਬਾਜ਼ੀ ਹੀ ਭਾਸ ਸਕਦੀ ਹੈ ਜਾਂ ਅਨੇਕਾਂ ਥਾਵਾਂ 'ਤੇ ਦੁਹਰਾਅ ਜਾਪਦਾ ਹੋ ਸਕਦਾ ਹੈ। ਪਰ ਮੈਂ ਇਸ ਨੂੰ ਕਿਸੇ ਸਾਹਿਤਕ ਲਿਖਤ ਵਾਂਗ ਨਹੀਂ ਲੈ ਰਿਹਾ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ  ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ। 
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)








ਸਮਰਪਤ


ਆਪਣੇ ਪਿੰਡ ਘੁਡਾਣੀ ਵੱਡੀ ਦੇ ਲੋਕਾਂ ਨੂੰ!









(ਬੰਤਾ ਸਿੰਘ ਘੁਡਾਣੀ)
67,ਪਰਕਾਸ਼ ਕਲੋਨੀ,
ਬਾੜੇਵਾਲ ਆਵਾਣਾ
ਡਾਕਘਰ ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ
......ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ

ਕਿਤਾਬ 'ਪੀੜ ਵਿਛੋੜਾ' ਸ਼ਾਇਦ ਸਮੇਂ ਦੀ ਧੂੜ ਵਿੱਚ ਹੀ ਗੁਆਚੀ ਪਈ ਰਹਿੰਦੀ ਜੇ ਕਿਧਰੇ 'ਨਾਜ਼ਰ' ਘੁਡਾਣੀ ਦਾ ਮੇਲ 34 ਸਾਲਾਂ ਪਿੱਛੋਂ ਨਾ ਹੋ ਗਿਆ ਹੁੰਦਾ। ਮੈਂ ਬਹੁਤ ਸਾਲਾਂ ਤੋਂ ਨਾਜ਼ਰ ਨੂੰ ਮਿਲਣ ਵਾਸਤੇ ਸੁਨੇਹੇ ਦਿੰਦਾ ਰਿਹਾ- ਪਰ ਮੇਰਾ ਕੋਈ ਵੀ ਸੁਨੇਹਾ ਨਾਜ਼ਰ ਨੂੰ ਨਾ ਮਿਲਿਆ। ਮੈਂ ਬਹੁਤ ਚਾਹੁੰਦਾ ਹੋਇਆ ਵੀ ਉਸਨੂੰ ਮਿਲ ਨਾ ਸਕਿਆ। ਉਸਦੇ ਪਿਤਾ ਨਿਧਾਨ ਸਿੰਘ ਦੀ ਮਾਰਫਤ ਦਿੱਤਾ ਸੁਨੇਹਾ ਵੀ ਉਸਨੂੰ ਨਾ ਪੁੱਜਿਆ। ਆਖਰ ਇੱਕ ਦਿਨ ਮੇਰਾ ਪਿਆਰਾ ਨਾਜ਼ਰ ਮੇਰੇ ਨਾਲੋਂ ਕਿਤੇ ਵੱਖ ਖਿਆਲਾਂ ਵਾਲਾ ਅਤੇ ਵੱਖਰੀ ਸ਼ਕਲ ਵਾਲਾ ਨਾਜ਼ਰ ਆ ਹੀ ਗਿਆ। ਮੈਨੂੰ ਯਾਦ ਨਹੀਂ ਮੈਂ ਉਸਨੂੰ ਇੱਕ ਅਣਜਾਣ ਵਿਅਕਤੀ ਸਮਝ ਕੇ ਕਿਵੇਂ ਸੰਬੋਧਨ ਕੀਤਾ, ਉਹ ਝੱਟ ਹੀ ਬੋਲ ਪਿਆ ਚਾਚਾ ਜੀ ਮੈਂ ਤਾਂ ਤੁਹਾਡਾ ਭਤੀਜਾ ਨਾਜ਼ਰ ਹਾਂ। ਮੈਨੂੰ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਯਾਰੋ! ਮੇਰੇ ਸ਼ਹੀਦ ਹੋ ਚੁੱਕੇ ਵੀਰ ਨਿਧਾਨ ਸਿੰਘ ਘੁਡਾਣੀ ਦਾ ਬੇਟਾ ਨਾਜ਼ਰ ਮਸਾਂ ਹੀ ਮਿਲਿਆ ਹੈ। ਉਸਨੂੰ ਮੈਂ ਆਪਣੇ ਦੁਨੀਆਵੀ ਘੋਲਾਂ ਦੀ ਰੂਪ ਰੇਖਾ ਦੇ ਮੱਤਭੇਦਾਂ ਦੇ ਬਾਵਜੁਦ ਬਹੁਤ ਪਿਆਰਦਾ ਹਾਂ, ਕਿਉਂਕਿ ਮਿਸ਼ਨ ਤਾਂ ਸਾਡਾ ਦੋਵਾਂ ਦਾ ਹੀ ਇੱਕੋ ਜਿਹਾ ਪਰ ਰਾਹ ਵੱਖ ਵੱਖ ਨੇ। 
ਇੱਕ ਹੋਰ ਅਨੋਖੀ ਗੱਲ ਜੋ ਸਾਡੀ 34 ਸਾਲਾਂ ਪਿੱਛੋਂ ਮਿਲਣੀ ਦਾ ਕਾਰਨ ਬਣੀ। ਇੱਕ ਦਿਨ ਸ਼ਾਮ ਨੂੰ ਮੇਰੇ ਪਿੰਡ ਘੁਡਾਣੀ ਤੋਂ ਫੋਨ ਆਇਆ, ਨਾਜ਼ਰ ਦੇ ਚਾਚੇ ਦੇ ਪੁੱਤਰ ਦਾ, ਜਿਸਨੂੰ ਮੈਂ ਬਿਲਕੁਲ ਨਹੀਂ ਸੀ ਜਾਣਦਾ। ਉਹ ਬੋਲਿਆ, ਮੈਂ ਘੁਡਾਣੀ ਤੋਂ ਬੋਲ ਰਿਹਾ ਹਾਂ- ਇੱਕ ਕੰਮ ਹੈ ਉਸ ਤੋਂ ਅੱਗੇ ਆਪਣੇ ਜਾਣਕਾਰੀ ਦੇਣ ਹੀ ਲੱਗਿਆ। ਮੈਂ ਆਖਿਆ ਯਾਰਾ ਤੂੰ ਆਪਣੇ ਬਾਰੇ ਕੁਝ ਨਾ ਦੱਸ। ਏਨਾ ਹੀ ਬਹੁਤ ਹੈ ਕਿ ਤੂੰ ਮੇਰੇ ਪਿੰਡ ਦਾ  ਹੈਂ, ਬੱਸ ਕੰਮ ਦੱਸ। ਉਹ ਕਹਿਣ ਲੱਗਿਆ, ਇੱਕ ਮੇਰੀ ਭਤੀਜੀ ਹੈ ਉਸ ਵਾਸਤੇ ਪਟਿਆਲੇ ਰਹਿਣ ਦਾ ਕੋਈ ਠੀਕ ਇੰਤਜ਼ਾਮ ਕਰਨਾ ਹੈ। ਮੈਂ ਆਖਿਆ ਬੇਟਾ ਤੂੰ ਕਹਿ ਦਿੱਤਾ ਇੰਤਜ਼ਾਮ ਹੋ ਗਿਆ। ਕੱਲ੍ਹ ਨੂੰ ਮੇਰੇ ਕੋਲ ਭੇਜ ਦੇਵੀਂ। ਅੱਛਾ ਹੁਣ ਤੂੰ ਆਪਣੇ ਬਾਰੇ ਦੱਸ ਯਾਰ। ਕਹਿਣ ਲੱਗਿਆ ਮੈਂ ਹਰਮਿੰਦਰ ਹਾਂ, ਰਹਿ ਚੁੱਕੇ ਸਰਪੰਚ ਭਜਨ ਸਿੰਘ ਦਾ ਭਤੀਜਾ। ਮੈਂ ਆਖਿਆ ਬੱਸ ਕਰ ਯਾਰ ਤੂੰ ਤਾਂ ਸਾਡਾ ਆਪਣਾ ਪੁੱਤਰ, ਇੱਕ ਕੰਮ ਕਰ ਮੈਨੂੰ ਨਾਜ਼ਰ ਮਿਲਾ ਦੇ। ਸੋ ਇਸ ਤਰ੍ਹਾਂ ਮਿਲਿਆ ਨਾਜ਼ਰ, ਜਿਸਦੀ ਬੇਟੀ ਅਮਨ ਦੇ ਸਬੰਧ ਵਿੱਚ ਹਰਮਿੰਦਰ ਨੇ ਫੂਨ ਕੀਤਾ ਸੀ। ਬੇਸ਼ੱਕ ਨਾਜ਼ਰ ਸਾਡੇ ਪਿੰਡ ਘੁਡਾਣੀ ਦਾ ਹੈ। ਪਰ ਪਿੰਡ ਨੇ ਉਸ ਨੂੰ ਜਨਤਾ ਨੂੰ ਅਰਪਨ ਕਰ ਦਿੱਤਾ ਹੈ। ਇਹ ਹੁਣ ਉਸਦੀ ਮਰਜੀ ਹੈ ਕਿ ਕਿਸ ਰਾਹ ਚੱਲ ਕੇ ਲੋਕ ਸੇਵਾ ਕਰਨੀ ਹੈ। ਪਰ ਮੇਰੀ ਨਿੱਜੀ ਸੇਵਾ ਤਾਂ ਉਸਨੇ ਬਹੁਤ ਕਰ ਦਿੱਤੀ। 
ਜਦੋਂ ਨਾਜ਼ਰ ਨੂੰ ਪਤਾ ਲੱਗਿਆ ਕਿ ਕਿ ਮੈਂ ਲਿਖਦਾ ਵੀ ਹਾਂ ਅਤੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਅਤੇ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਖਤਮ ਹੋ ਚੁੱਕੀਆਂ ਹਨ ਤਾਂ ਉਸਨੇ ਇਹਨਾਂ ਨੂੰ ਛਪਵਾਉਣ ਯੋਗ ਬਣਾਉਣ ਦੀ ਸਾਰੀ ਜੁੰਮੇਵਾਰੀ ਲੈ ਲਈ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਕਿਤਾਬਾਂ ਦੀਆਂ ਦੂਜੀਆਂ ਐਡੀਸ਼ਨਾਂ ਛਪਣ ਲਈ ਤਿਆਰ ਹੋ ਗਈਆਂ। ਮੇਰੀਆਂ ਪੰਜੇ ਕਿਤਾਬਾਂ ਉਸਦੀ ਮਿਹਨਤ ਅਤੇ ਹਿੰਮਤ ਸਦਕਾ ਛਪ ਰਹੀਆਂ ਹਨ। ਨਾਜ਼ਰ ਤੋਂ ਬਿਨਾ ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ। ਇਹ ਸਭ ਨਾਜ਼ਰ ਦੀ ਮਿਹਨਤ ਦਾ ਨਤੀਜਾ ਹੈ, ਨਾਜ਼ਰ ਦਾ ਵਿਸ਼ਵਾਸ਼ ਹੈ ਕਿ ਹਰ ਵੇਲੇ ਕੋਈ ਨਾ ਕੋਈ ਲੋਕ ਸੇਵਾ ਦਾ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਤਹਿ ਦਿਲੋਂ ਨਾਜ਼ਰ ਦਾ ਧੰਨਵਾਦੀ ਹਾਂ। 
ਬੰਤਾ ਸਿੰਘ ਘੁਡਾਣੀ,
67, ਪ੍ਰੋਫੈਸਰਜ਼ ਕਲੋਨੀ
ਸਾਹਮਣੇ ਪੰਜਾਬੀ ਯੂਨੀਵਰਸਿਟੀ
ਪਟਿਆਲਾ।










              ਕੀ                                       ਕਿੱਥੇ
ਦੁਖਾਂ ਦੀ ਦਾਰੂ ਨਾਮ ਲੱਭਿਆ 17
ਐਸੇ ਪੈਗੰਬਰ ਜੱਗ ਤੇ 18-19
ਅੰਧ-ਵਿਸ਼ਵਾਸ਼ੀ ਫੈਲੀ ਸਾਰੇ 20-21
ਵਿਪ੍ਰੀਤ ਵਿਰੋਧੀ ਹੈ ਜੱਗ ਸਾਡਾ 22-23
ਉਹ ਧਰਮ ਧਰਮ ਨਹੀਂ ਹੁੰਦਾ 24-25
ਰੁਲਦੇ ਫਿਰਦੇ ਬੱਚੀਆਂ ਬੱਚੇ 26
ਮੁਹੱਲਿਆਂ ਵਿਹੜਿਆਂ ਮਾਜਰੀਆਂ ਦੀ 27-28
ਰੱਬ ਰੱਬ ਕਰਦੀ ਦੁਨੀਆਂ ਸਾਡੀ 29-30
ਸਾਡੇ ਸਿਆਸੀ ਸਮਾਜੀ ਆਰਥਿਕ ਨਜਾਮ 31
ਜਾਗ ਮਨੁੱਖਾ ਕਰੀਏ ਹੀਲੇ 32
ਰੱਬ ਰੱਬ ਦੀ ਕੋਈ ਰਟ ਨਾ ਲਾਵੇ 33-34
ਅੱਖਾਂ ਬੰਦ ਕਰ ਰੱਬ ਨੂੰ ਲੱਭੀਏ 35-36
ਕੁਲ ਨੇਕੀ ਨੂੰ ਰੱਬ ਆਖੀਦਾ   37
ਸਬਰ ਕਰਦੇ ਆਏ ਲੋਕੀ 38-39
ਚੁਪ ਸੁਨਹਿਰੀ ਰੰਗ ਰੰਗੀ ਹੈ 40
ਕਿਧਰੇ ਵੀ ਅਣਹੋਂਦ ਨਹੀਂ ਹੈ 41
ਤਲਵਾਰ ਦੇ ਜੋਰ ਕਰਾਂਤੀ 42-45
ਜਾਨਣ ਦਾ ਠੱਪਾ ਕੋਈ ਨਾ ਲਾਵੇ 46
ਪੜ੍ਹੇ ਨਮਾਜ਼ ਦੇਵੇ ਜ਼ੁਕਾਤ 47
ਗੁਰ ਪੀਰ ਪੈਗੰਬਰ ਜਿੰਨੇ ਵੀ ਆਏ 48-49
ਜੋ ਰੱਬ ਤੋਂ ਦੂਰ ਚਲੇ ਜਾਂਦੇ ਨੇ 50
ਨਰਕ ਸਵਰਗ ਨਾ ਕਿਧਰੇ ਯਾਰੋ 51
ਗੁਣ ਅਪਣਾਈਏ ਜ਼ੋਰ ਲਗਾ ਕੇ 52-53
ਅਸੀਂ ਜੋ ਵੀ ਕੁਝ ਬਣਾਉਂਦੇ ਹਾਂ 54-55
ਰੀਸ ਸੂਰਜ ਦੀ ਕਰ ਨਹੀਂ ਸਕਦਾ 56
ਡੇਹਰੇਦਾਰਾਂ ਸਾਧਾਂ ਸੰਤਾਂ ਨੇ ਰੌਲਾ ਪਾਇਆ ਹੈ 57-58
ਛੱਡ ਦੇ ਸਾਧਾਂ ਸੰਤਾਂ ਦੇ ਡੇਹਰੇ 59
ਮੰਦਰੀਂ ਮਸਜਿਦੀਂ ਗੁਰਦੁਆਰੀਂ 60-61
ਸੂਰਜ ਚੜ੍ਹਦਾ ਮਾਰ ਚਟਾਕਾ 62
ਪਿਆਰ ਦੀ ਚੜ੍ਹ “ਉੱਚੀ ਟੀਸੀ 63
ਬਿਨ ਸਾਗਰ ਦੇ ਬੂੰਦ ਨਾ ਕਿਧਰੇ 64
ਵਿਕਾਸ ਨਾਚ ਨਿੱਤ ਹੋ ਰਿਹਾ ਹੈ 65-66
ਕੀਮਤ ਸਾਡੀ ਕੀੜੀ ਨਾਲੋਂ 67
ਜਿੰਨੀ ਕੁ ਬੁੱਧ ਹੈ ਕਿਸੇ ਦੀ 68
ਪਰਮ ਸੱਤਾ ਦਾ ਰੱਬੀ ਖੇਤਰ 69
ਲਹਿਰ ਲੋਕਾਂ ਦੀ ਜਦੋਂ ਕਦੀ ਵੀ ਉਠੀ 70-72
ਲੋਕ ਰਾਜ ਅਸੀਂ ਜਿਸ ਨੂੰ ਕਹਿੰਦੇ 73
ਕੁਲੀਨ ਕੁਲੀ ਸਰਕਾਰਾਂ ਦਾ   74-75
ਇਨਸਾਨੀ ਪਰਿਵਾਰ ਇਕੋ ਪਰਿਵਾਰ 76-78
ਕਰੀਏ ਹਿੰਮਤ ਕੁਝ ਮਿਲ ਜਾਵੇ 79
ਕਹਿਣੀ ਕਰਨੀ ਚੰਗੀ ਹੋਵੇ 80-81
ਬੰਦੇ ਨੇ ਵੰਡੀ ਧਰਤੀ ਸਾਰੀ 82
ਅਸੀਂ ਹੁਣ ਇਸ ਬੁੱਢੇ ਵਾਰੇ   83-84
ਰੱਬੀ ਸ਼ਕਤੀ ਚਾਰ ਚੁਫੇਰੇ 85
ਮਨ ਨਾ ਮਾਰੀਏ ਮਨ ਨੂੰ ਜਿਤੀਏ 86
ਕਈ ਝਰਨੇ ਵੱਗ ਟੁਰਦੇ ਨੇ   87
ਸੰਤੁਲਣ ਵਿਚ ਰਹਿ ਕੇ ਸਦਾ 88-89
ਨੇਕੀ ਦਾ ਪੱਖ ਸਦਾ ਪੂਰੀਏ 90
ਹਓਮੇਂ ਕਰੇ ਜੇ ਕੋਈ ਤਿਆਗੀ 91-92
ਕੋਈ ਕਿਧਰੇ ਹੈ ਨਹੀਂ ਟਿਕਾਣਾ 93-94
ਟੀਸੀ ਉਤੋਂ ਜੇ ਕੋਈ ਗਿਰਦਾ 95
ਜੇਕਰ ਜਿਊਣਾ ਜੱਗ ਵਿੱਚ ਬੰਦੇ 96
ਰਖੀਏ ਕਦੀ ਨਾ ਚਾਹ ਕਬਜ਼ੇ ਦੀ 97
ਜੇਕਰ ਗੱਲ ਨਾ ਸੁਣੇ ਜੁਆਨੀ 98
ਅਸੀਂ ਕੇਈ ਜਿਤਾਂ ਜਿਤੀਆਂ 99
ਕਿਉਂ ਕੋਈ ਵੇਹਿਲੜ ਬਹਿ ਕੇ ਖਾਵੇ 100-101
ਧੀ ਪੁੱਤ ਸਾਡੇ ਵੱਡੇ ਹੋਏ  102-103
ਵਿਸ਼ਵ ਭੁਲੀਂ ਨਾ ਮੱਤ ਦਾਦੂ ਦੀ 104
ਇੱਖਲਾਕੀ ਗੁਣ ਤੇ ਲਗਨ 105
ਲਗਾਤਾਰ ਜੇ ਧਿਆਨ ਧਰੀਏ 106
ਅਤਿ ਅਲਪਤ ਹੈ ਬੁੱਧ ਅਸਾਡੀ 107
ਜੋ ਹੁਓਮੇਂ ਨੂੰ ਮਿਟਾ ਦਿੰਦਾ ਹੈ 108
ਦੁਨੀਆਵੀ ਦੁਖਾਂ ਦੀ ਦਾਰੂ ਨਾ ਅਲਾਹ ਨਾ ਰਾਮ 109-110
ਜੱਗ ਦਾ ਕੂੜਾ ਹੂੰਝਣ ਦੇ ਲਈ 111-112
ਭਲੇ ਪੁਰਸ਼ ਜੇ ਉਜੜ ਜਾਵਣ 113
ਲਿਸ਼ਕਦੇ ਚਾਨਣ ਵਿਚ ਜੋ ਉੱਗੇ 114-115
ਘਰ ਬਿਨ ਦਰਵਾਜੀਂ ਸਿੰਘ ਪੁਰੇ ਦੇ 116-118
ਮਨ ਸਾਡਾ ਇਕ ਖੇਤ ਨਿਰਾਲਾ 119
ਸੁੱਧ ਬੁੱਧ ਤੇ ਸੁਬਾਹ ਬੰਦੇ ਦਾ 120-121
ਜੇਕਰ ਸ਼ਾਂਤ ਚਿਤ ਹੋ ਜਾਈਏ 122-123
ਪਰਮ ਸੱਤਾ ਦਾ ਰੱਬੀ ਖੇਤਰ 124
ਵਿਰਾਟ ਹੁਕਮ ਹਰ ਸ਼ੈਅ 'ਤੇ ਲਾਗੂ 125-126
ਨੇਕੀ ਦੀ ਕੋਈ ਕਦਰ ਨਾ ਕਰਦਾ 127
ਭਲੇ ਪੁਰਸ਼ ਚਾਹੇ ਲੱਖਾਂ ਹੋਵਣ 128
ਧਰਮਾਂ ਵਾਲਿਓ ਰਹਿਮ ਕਰੋ 129-130
ਕਾਲਸ ਤੇਰੇ ਮੱਥੇ ਲੱਗੀ 131-132
ਬਿਨ ਮਾਇਆ ਦੇ ਜਗਤ ਨਹੀਂ ਹੈ 133
ਅਗਿਆਨਤਾ ਕਾਰਨ ਮੁੱਢ ਤੋਂ ਹੀ ਬੰਦਾ   134-135
ਮੇਰੇ ਦੇਸ਼ ਦੀ ਧਰਤੀ ਸੱਜਨਾ 136-139
ਮੀਨ ਸਾਗਰ ਦੇ ਗੁਣ ਗਾਵੇ 140
ਨਸ਼ਟ ਕਰੀਏ ਜੇਕਰ ਸਮਾਂ 141
ਵਗਦਾ ਖਾਲ ਭੋਰਾ ਭਰ ਮੋਰੀ 142-143
ਹਰ ਇਕ ਸ਼ੈਅ ਇਸ ਦੁਨੀਆਂ ਦੀ 144-145
ਅਣਜਾਣੇ ਰਾਹੀਂ ਟੁਰਦੇ ਜਾਈਏ 146
ਕਿੰਨੇ ਹੀ ਸਾਡੇ ਸੰਗ ਸੰਗ ਟੁਰਦੇ 147
ਬਿਖੜੇ ਪੈਂਡੇ ਤਹਿ ਕਰਨੇ ਪੈਂਦੇ   148
ਆਇਆ ਬੁਢਾਪਾ ਗਈ ਜਵਾਨੀ 149-150
ਇਕ ਝੂਠ ਨਿਰਾ ਹੀ ਝੂਠ ਹੁੰਦਾ 151
ਅਸੀਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ 152
ਅਣਜਾਣ ਪੁਣੇ ਵਿਚ ਭਟਕਿਆ ਬੰਦਾ 153
ਜਿਉਂ ਜਿਉਂ ਸਮਾਂ ਬੀਤਦਾ ਜਾਵੇ 154
ਘਾਟ ਵੱਡੀ ਧੀ ਪੁੱਤਾਂ ਦੀ 155
ਹਾਕਮ ਵੱਡਾ ਬਲਵਾਨ ਨਾਲੋਂ 156
ਦਇਆ ਦਰਵੇਸ ਤੇ ਕਰੀਏ 157
ਤੋਲ ਨਹੀਂ ਸਕਦੀ ਤਕੜੀ 158
ਸੈਂਟ ਫਰਾਂਸਿਸ ਬੰਦਾ ਕਮਾਲ ਦਾ 159
ਸ਼ਹਿਨਸ਼ਾਹ ਵਿਲੀਅਮ ਨੂੰ ਸੁਨੇਹਾ 160
ਮਾਲ ਖਜਾਨੇ ਭਰੇ ਪਏ ਨੇ 161
ਕੁਝ ਅਜੇਹੇ ਮਸਲੇ ਪੈ ਜਾਂਦੇ ਨੇ 162
ਮਾਂ ਬੱਚੇ ਦੇ ਜਨਮ ਸਮੇਂ 163
ਸੱਚਾ ਮਿੱਤਰ ਵੱਧ ਭਰਾ ਤੋਂ 164-165
ਚੁਕਿਆ ਉਂਗਲ ਤੇ ਪਹਾੜ 166
ਕੀਤੇ ਦਾ ਫਲ ਨਾ ਲੋਚੀਏ 167
ਨਾ ਕਿਧਰੇ ਕੋਈ ਦੇਵਤਾ 168-169
ਹੇ ਸਦਜੀਵੀ ਹੇ ਅਬਿਨਾਸ਼ੀ 170




ਦੁੱਖਾਂ ਦੀ ਦਾਰੂ ਨਾਮ ਲੱਭਿਆ

ਦੁੱਖਾਂ ਦੀ ਦਾਰੂ ਨਾਮ ਲੱਭਿਆ,
ਰੱਬੀ ਰਾਹਾਂ ਦੀ ਹੋਈ ਭਰਮਾਰ।
ਈਸਾ ਮੂਸਾ ਮੁਹੰਮਦ ਤੇ ਨਾਨਕ,
ਕਰ ਗਏ ਰੱਬੀ ਕਾਰ।

ਬੰਦ ਖਲਾਸੀ ਕਰਵਾਈ ਕੌਮ ਦੀ,
ਮੂਸਾ ਜੀ ਵਿੱਚ ਰਾਜ ਦਰਬਾਰ।
ਈਸਾ ਜੀ ਨੇ ਰੱਬੀ ਰਾਜ ਦਾ,
ਡਟ ਕੇ ਕੀਤਾ ਪਰਚਾਰ।

ਉੱਜਡ ਕੌਮ ਸੀ ਮੁਹੰਮਦ ਜੀ ਦੀ,
ਦਿਨੇ ਰਾਤ ਉਹ ਕਰਨ ਵਿਚਾਰ।
ਕਿ ਪੱਥਰ ਪੂਜ ਕੌਮ ਦਾ,
ਕਰਨ ਕਿਵੇਂ ਸੁਧਾਰ।

ਇੱਕ ਅਲਾਹ ਦੇ ਗੀਤ ਗਾਏ,
ਲਿਵ ਲਾਈ ਉਹਨਾਂ ਨੇ ਸੰਗ ਕਰਤਾਰ।
ਚੜ੍ਹ ਗਈ ਮਸਤੀ ਗੈਬ ਦੀ,
ਝਲਕ ਪਿਆ ਰੱਬੀ ਦਰਬਾਰ।

ਅੰਤਰ ਆਤਮਾ ਜਾਗ ਪਈ,
ਉੱਤਰੀਆਂ ਆਇਤਾਂ ਸਮੇਂ ਅਨੁਸਾਰ।
ਉਜੱਡ ਕੌਮ ਨੇ ਬਹੁਤ ਸਤਾਏ,
ਹੱਥ ਵਿੱਚ ਫੜਨੀ ਪਈ ਤਲਵਾਰ।

ਬੇਸ਼ੱਕ ਨਮਾਜ਼ਾਂ ਨਿੱਤ ਪੜ੍ਹਾਈਆਂ,
ਲਿਆ ਸਹਾਰਾ ਪਰਵਰਦਗਾਰ।
ਸੜਿਆ ਬੁਸਿਆ ਸਮਾਜ ਬਦਲਿਆ,
ਹੱਥ ਵਿੱਚ ਫੜ ਕੇ ਤਲਵਾਰ।

ਐਸਾ ਪੈਗ਼ੰਬਰ ਜੱਗ 'ਤੇ

ਐਸਾ ਪੈਗ਼ੰਬਰ ਜੱਗ 'ਤੇ,
ਆਵੇ ਨਾ ਵਾਰਮ ਵਾਰ।
ਗਰੀਬ ਯਤੀਮ ਲੋੜਵੰਦਾਂ ਦੀ,
ਲਈ ਜਿਨ੍ਹਾਂ ਨੇ ਸਾਰ।

ਯਾ ਅਲਾਹ ਮੁੜ ਭੇਜ ਉਹਨਾਂ ਨੂੰ,
ਤੱਕ ਲੈਣ ਆ ਕੇ ਆਪਣੀ ਡਾਰ।
ਕਰਦੇ ਫਿਰਦੇ ਜੱਗ ਵਿੱਚ,
ਜੋ ਹੁਣ ਮਾਰੋ ਮਾਰ।

ਕੌਮ ਉਹਨਾਂ ਦੀ ਕੁਰਾਹੇ ਪੈ ਗਈ,
ਫੈਲਾਇਆ ਜੱਗ ਵਿੱਚ ਅੱਤਿਆਚਾਰ।
ਗਰੀਬ ਯਤੀਮ ਲੋੜਵੰਦਾਂ ਦੀ, 
ਕੋਈ ਨਾ ਲੈਂਦਾ ਸਾਰ।

ਨਾਨਕ ਜੀ ਦੀ ਗੱਲ ਕਹਾਂ ਕੀ,
ਰੱਬੀ ਬੰਦੇ ਸਾਰੇ ਇੱਕਸਾਰ।
ਸਾਂਝੀਵਾਲਤਾ ਜੱਗ ਵਿੱਚ ਆਵੇ,
ਕੀਤਾ ਡਟ ਪਰਚਾਰ।

ਜੱਗ ਜਗਾਇਆ ਨਾਨਕ ਜੀ ਨੇ,
ਇਸ ਪਾਰ ਤੋਂ ਉਸ ਪਾਰ।
ਸੀਸ ਝੁਕਾਈਏ ਉਹਨਾਂ ਦੇ ਅੱਗੇ,
ਜਾਈਏ ਉਹਨਾਂ ਤੋਂ ਬਲਿਹਾਰ।

ਈਸਾ ਮੂਸਾ ਮੁਹੰਮਦ ਨਾਨਕ,
ਬੁੱਧ ਮਹਾਂਵੀਰ ਤੇ ਜ਼ੋਰਾਸ਼ਟਰ।
ਆਏ ਸਾਰੇ ਸਮੇਂ ਅਨੁਸਾਰ,
ਬਦਲ ਦਿੱਤੀ ਸਮੇਂ ਦੀ ਧਾਰ।

ਅਜੋਕੇ ਸਮੇਂ ਦੀ ਲੋੜ ਹੈ,
ਕਿ ਸਿਸਟਮ ਸਾਰੇ ਹੋਣ ਇੱਕਸਾਰ।
ਸਰਮਾਏਦਾਰੀ ਨਿਜ਼ਾਮ ਨੇ,
ਕੀਤਾ ਸਾਨੂੰ ਬਹੁਤ ਖੁਆਰ।

ਮੇਰੀ ਕੌਮ ਦੇ ਰਹਿਬਰੋ,
ਸਿਰ ਜੋੜੋ ਕਰੋ ਸੋਚ ਵਿਚਾਰ।
ਬੱਚੇ ਬੁੱਢੇ ਜਵਾਨ ਸਾਡੇ,
ਰੁਲ ਰਹੇ ਨੇ ਸ਼ਰੇ ਬਾਜਾਰ।
*********






















ਅੰਧ-ਵਿਸ਼ਵਾਸ਼ੀ ਫੈਲੀ ਸਾਰੇ

ਅੰਧ-ਵਿਸ਼ਵਾਸ਼ੀ ਫੈਲੀ ਸਾਰੇ,
ਕਰੇ ਨਾ ਬੰਦਾ ਸੋਚ ਵਿਚਾਰ।
ਪਰਮ ਸੱਤਾ ਨਾ ਬੁਝੀ ਕਿਸੇ ਨੇ,
ਪਾਇਆ ਭੁਲੇਖਾ ਰੱਬ ਦਾ ਯਾਰ।

ਵੇਦ ਅੰਜੀਲ ਤੋਰਾਤ ਕੁਰਾਨ,
ਗੁਰ ਗਰੰਥ ਤੇ ਪੁਰਾਣ।
ਵੰਡ ਗਏ ਚਾਨਣ ਸਮੇਂ ਅਨੁਸਾਰ,
ਮੁੜ ਫੈਲਿਆ ਹੈ ਅੰਧਕਾਰ।

ਸਮੇਂ ਪੁਰਾਣੇ ਬਦਲ ਗਏ ਨੇ,
ਬਦਲ ਗਏ ਹੁਣ ਸਭ ਨਿਜ਼ਾਮ।
ਪੂੰਜੀਵਾਦ ਨਿਜ਼ਾਮ ਆ ਗਿਆ,
ਘਟ ਗਈ ਬੰਦੇ ਦੀ ਸ਼ਾਨ।

ਨਾਮ ਵਰਤ ਕੇ ਧਰਮਾਂ ਦਾ,
ਪਾਉਂਦੇ ਨੇ ਘਸਮਾਨ।
ਭਜਿਆ ਫਿਰਦਾ ਆਦਮੀ,
ਪਰ  ਮਿਲੇ ਨਾ ਕਿਤੇ ਆਰਾਮ।

ਲੋਟੂ ਲਾਣੇ ਲੁੱਟ ਰਹੇ ਨੇ,
ਰੁਲਦਾ ਫਿਰਦਾ ਬੰਦਾ ਆਮ.
ਦੌੜ ਦੌਲਤ ਦੀ ਲੱਗ ਗਈ ਹੈ,
ਪਾਵੇ ਕੋਈ ਕਿਵੇਂ ਲਗਾਮ।

ਗੀਤ ਕਿਵੇਂ ਹੁਣ ਰੱਬ ਦੇ ਗਾਈਏ,
ਸਾਡਾ ਜਲ ਰਿਹਾ ਸੰਸਸਾਰ,
ਰੱਬ, ਜੱਗ, ਜੱਗ ਰੱਬ ਹੈ,
ਕਿਵੇਂ ਜੱਗ ਦਾ ਹੋਵੇ ਆਧਾਰ।

ਕਿਰਤ ਧਰਮ ਦੀ ਵੰਡ ਕੇ ਛਕਣਾ,
ਯੂ.ਐਨ.ਓ. ਦੀ ਹੋਵੇ ਸਰਕਾਰ।
ਅਮਨ ਸ਼ਾਂਤੀ ਸਾਰੇ ਹੋਵੇ,
ਸਾਰੇ ਦੇਸ਼ ਹੋਵਣ ਇੱਕਸਾਰ।

ਸਿਆਸੀ ਸਮਾਜੀ ਆਰਥਿਕ ਢਾਂਚੇ,
ਬਦਲ ਜਾਣ ਸਾਰੇ ਇੱਕਸਾਰ।
ਕੋਈ ਲੁਟੇ ਨਾ ਦੌਲਤ ਕੌਮਾਂ ਦੀ,
ਜੰਗ ਹੋਵੇ ਨਾ ਕੌਮਾਂ ਵਿਚਕਾਰ।

ਅਤਿਵਾਦੀ ਫਸਾਦੀ ਬਣੇ ਨਾ ਕੋਈ,
ਸਾਰੀ ਦੁਨੀਆਂ ਹੋਵੇ ਇੱਕ ਪਰਿਵਾਰ।
ਕੋਈ ਦੇਸ਼ ਨਾ ਦੇਵੇ ਧੌਂਸ ਦੂਜੇ ਨੂੰ,
ਧਰਮ ਹੋਵੇ ਜੱਗ ਦਾ ਇਨਸਾਨੀਅਤ ਯਾਰ।

ਅਮੀਰੀ ਗਰੀਬੀ ਊਚ ਨੀਚ ਨਾ,
ਹੋਵੇ ਨਾ ਕਿਧਰੇ ਵਿਤਕਰਾ ਯਾਰ।
ਏਕ ਪਿਤਾ ਹਮ ਏਕਸ ਕੇ ਬਾਰਕ,
ਕਿਉਂ ਨਾ ਕਰੀਏ ਸਭ ਨੂੰ ਪਿਆਰ।

ਸਭੇ ਸਾਂਝੀਵਾਲ ਸਦਾਇਨ,
ਹੋਵੇ ਸਾਂਝਾ ਸਾਰਾ ਸੰਸਾਰ।
ਸਾਡੇ ਸਮਾਜੀ ਸਿਆਸੀ ਆਰਥਿਕ ਢਾਂਚੇ,
ਬਨਣ ਨਾ ਸਾਡੇ ਉਪਰ ਭਾਰ।

ਵਿਦਿਆ, ਗਿਆਨ ਵਿਗਿਆਨ ਸੱਭ ਨੂੰ,
ਹੋਵੇ ਨਾ ਕੋਈ ਮੂੜ੍ਹ ਗਵਾਰ।
ਚਮਕੇ ਸ਼ਾਨ ਸਾਰੇ ਜੱਗ ਦੀ,
ਪਰਮ ਸੱਤਾ ਦੇ ਸਾਰੇ ਅਵਤਾਰ।
*********


ਵਿਪ੍ਰੀਤ ਵਿਰੋਧੀ ਹੈ ਜੱਗ ਸਾਡਾ

ਵਿਪ੍ਰੀਤ ਵਿਰੋਧੀ ਹੈ ਜੱਗ ਸਾਡਾ,
ਤਮੋ ਰਜੋ ਸਤੋ ਗੁਣ ਸਾਰ।
ਇੱਕ ਦੂਜੇ ਦੇ ਮਿੱਤਰ ਤਿੰਨੇ,
ਇੱਕ ਦੂਜੇ ਦੇ ਵੈਰੀ ਯਾਰ।

ਪਰਮ ਸੱਤਾ ਸਾਡੇ ਚਾਰ ਚੁਫੇਰੇ,
ਹੋਰ ਕੋਈ ਰੱਬ ਨਾ ਕਿਧਰੇ ਯਾਰ।
ਪਰਮ ਸੱਤਾ ਦਾ ਰੱਬੀ ਖੇਤਰ,
ਫੈਲਿਆ ਸਾਰੇ ਹੀ ਇਕਸਾਰ।

ਨਾ ਅਸਮਾਨੀ ਨਾ ਹੀ ਪਤਾਲੀਂ,
ਰੱਬ ਜੀ ਨੇ ਲਾਇਆ ਹੈ ਦਰਬਾਰ।
ਨੇਕੀ ਬਦੀ ਦੀ ਜੰਗ ਹੈ ਪਿਆਰੇ,
ਹੁੰਦੀ ਆਈ ਹੁੰਦੀ ਜਾਣੀ ਜੱਗ ਵਿਚਕਾਰ।

ਸਾਡਾ ਤਰਕ ਅਜੇ ਬਹੁਤ ਅਧੂਰਾ,
ਜਾਣ ਨਾ ਸਕੀਏ ਸਾਰੀ ਸਾਰ।
ਦਸ ਪਰਸੈਂਟ ਅਜੇ ਬੁੱਧ ਮਿਲੀ ਹੈ,
ਬਾਕੀ ਦਾ ਹੋਣਾ ਅਜੇ ਪਾਸਾਰ।

ਮਿਸ਼ਨ ਜਿੰਦ ਦਾ ਨਹੀਂ ਰੱਬ ਰੱਬ ਕਰਨਾ,
ਗੈਬੀ ਭੇਦ ਅਸੀਂ ਬੁੱਝਣੇ ਯਾਰ।
ਉਲਾਰੂ ਸਿਸਟਮ ਆਪਣੇ ਜੱਗ ਦੇ,
ਕਰਨੇ ਸਾਰੇ ਹੀ ਇੱਕ ਸਾਰ।

ਬਦਲ ਦੇਈਏ ਨੁਹਾਰ ਜੱਗ ਦੀ,
ਸਿਸਟਮ ਰਹੇ ਨਾ ਕੋਈ ਉਲਾਰ।
ਦੌਲਤ ਜਨਮ ਧਰਮ ਦੇ ਪੁਆੜੇ,
ਹੋਵਣ ਨਾ ਕਿਧਰੇ ਜੱਗ ਵਿਚਕਾਰ।

ਧਰਮਾਂ ਦੇ ਝਗੜੇ ਕੋਈ ਨਾ ਪਾਵੇ,
ਧਰਮ ਦਿੰਦੇ ਸਾਨੂੰ ਰੱਬ ਦੀ ਸਾਰ।
ਸਮੇਂ ਨੇ ਹੁਣ ਸਿਖਾਇਆ ਸਾਨੂੰ,
ਪਰਮ ਸੱਤਾ ਹੈ ਰੱਬ ਹੀ ਯਾਰ।

ਇੱਕੋ ਇੱਕ ਕਾਨੂੰਨ ਜਗਤ ਦਾ,
ਅਟੱਲ ਹੁਕਮ ਦੀ ਚੱਲਦੀ ਕਾਰ।
ਵਿਰਾਟ ਹੁਕਮ ਦੇ ਅਦੀਨ ਹੈ ਜੱਗ,
ਸਭ ਕੁਝ ਇਸਦੇ ਹੈ ਅਖਤਿਆਰ।

ਜੋ ਰੱਬ ਰੱਬ ਕਰਕੇ ਜੱਗ ਭੁਲਾਏ,
ਐਸਾ ਧਰਮ, ਧਰਮ ਨਹੀਂ ਯਾਰ।
ਰੱਬ ਜੱਗ, ਜੱਗ ਰੱਬ ਹੈ,
ਬੰਦੇ ਜੱਗ ਦੇ ਸਾਰੇ ਇੱਕਸਾਰ।
*********

















ਉਹ ਧਰਮ ਧਰਮ ਨਹੀਂ ਹੁੰਦਾ

ਉਹ ਧਰਮ ਧਰਮ ਨਹੀਂ ਹੁੰਦਾ,
ਜੋ ਸਿਆਸੀ ਸਮਾਜੀ ਪਾੜੇ ਵਧਾਵੇ।
'ਦੌਲਤਮੰਦਾਂ ਤੇ ਖੁਸ਼ੀ ਰੱਬ ਦੀ'
ਗਰੀਬਾਂ ਨੂੰ ਜੋ ਸਬਰ ਸਿਖਾਵੇ।

ਕੋਈ ਕਰੇ ਨਾ ਦਾਰੂ ਸਮਾਜੀ ਦੁੱਖ ਦਾ,
ਨਾ ਕਰੇ ਕੋਈ ਦਾਰੂ ਜਨਤਾ ਦੀ ਭੁੱਖ ਦੀ।
ਰੱਬ ਦਾਤੇ ਦੀ ਮਰਜੀ ਕਹਿ ਕੇ,
ਲੋਕਾਂ ਨੂੰ ਕੁਰਾਹੇ ਪਾਵੇ।

ਰੱਬ ਦੀ ਕਰਨੀ ਕਹਿੰਦਾ ਜਾਵੇ,
ਪੂਜਾ ਪਾਠ ਨਮਾਜ਼ ਸਿਖਾਵੇ।
ਗੈਬੀ ਭੇਦ ਜੇ ਕੋਈ ਬੁੱਝੇ,
ਜ਼ਹਿਰ ਪਿਆਲਾ ਉਸਨੂੰ ਪਿਆਵੇ।

ਹਾਂ ਉਹ ਰਹਿਬਰ ਧਰਮੀ ਹੁੰਦਾ,
ਪਰਮ ਸੱਤਾ ਦੇ ਜੋ ਗੁਣ ਗਾਵੇ।
ਮਾਹਲ ਪੂੜੇ ਰੱਤ-ਭਿੱਜੇ ਆਖੇ,
ਗਰੀਬਾਂ ਦੀ ਰੁਖੀ ਮਿਸੀ ਖਾਵੇ।

ਆਰਥਿਕ ਵਿਤਕਰੇ ਤੇ ਸਮਾਜਕ ਵੰਡੀਆਂ,
ਜਿਸ ਨੂੰ ਕਦੀ ਨਾ ਭਾਉਂਦੇ।
ਸੱਭੇ ਸਾਂਝੀਵਾਲ ਸਦਾਇਨ,
ਲੋਟੂ ਵੰਡੀਆਂ ਪਾਉਂਦੇ।

ਗੱਲਾਂ ਨਿਰੀਆਂ ਉਹ ਨਹੀਂ ਕਰਦਾ,
ਉਹ ਕਰਕੇ ਆਪ ਦਖਾਉਂਦਾ।
ਕਿਰਤ ਧਰਮ ਦੀ ਉਹ ਕਰਾਵੇ,
ਸਾਂਝੀਵਾਲਤਾ ਉਹ ਲਿਆਉਂਦਾ। 

ਮੂਸਾ ਈਸਾ ਮੁਹੰਮਦ ਨਾਨਕ,
ਐਸੇ ਰਹਿਬਰ ਜੱਗ ਵਿੱਚ ਆਏ।
ਬੇਸ਼ੱਕ ਗੀਤ ਰੱਬ ਦੇ ਗਾਏ,
ਪਰ ਜੱਗ ਵਾਲੇ ਨਹੀਂ ਮਨੋਂ ਭੁਲਾਏ।

ਜੋ ਰੱਬ ਰੱਬ ਕਰਕੇ ਜੱਗ ਭੁਲਾਵੇ,
ਐਸੇ ਧਰਮ ਦੇ ਨੇੜੇ ਨਾ ਜਾਵੇ।
ਊਚ ਨੀਚ ਜੋ ਧਰਮ ਮਿਟਾਏ,
ਉਹ ਧਰਮ ਸਾਨੂੰ ਸਭ ਨੂੰ ਭਾਏ।

ਕਰਦੇ ਜਾਈਏ ਕਾਰ ਧਰਮ ਦੀ,
ਸਾਫ ਸੁਧਰਾ ਜੀਵਨ ਲੰਘ ਜਾਏ।
ਐਸਾ ਕਰਮ ਕਦੀ ਨਾ ਕਰੀਏ,
ਜਿਸ ਕਾਰਨ ਪਛਤਾਵਾ ਆਏ।

ਵਿਦਿਆ ਗਿਆਨ ਵਿਗਿਆਨ ਸਿਖਾਵੇ,
ਕਿ ਬੰਦਾ ਧਿਆਨ ਲਗਾਵੇ।
ਚੇਤਨਤਾ ਵਿਚ ਤਰੰਗ ਨਾ ਉੱਠੇ,
ਮਨ ਸ਼ਾਂਤ ਚਿੱਤ ਹੋ ਜਾਵੇ।

ਮਨ ਤਾਂ ਤਰੰਗਾਂ ਦਾ ਅਖਾੜਾ,
ਬਿਨ ਸਥਿਰਤਾ ਜਿੰਦ ਸਤਾਵੇ।
ਪਰ ਸਥਿਰਤਾ ਜੇਕਰ ਆ ਜਾਵੇ,
ਰੱਬਤਾ ਸੰਗ ਸਾਡੀ ਬਣ ਆਵੇ।

ਦਇਆਵਾਨ ਦਾਨੀ ਬਣ ਜਾਈਏ,
ਕੁਝ ਦੇ ਸਕੀਏ ਤਾਂ ਦਿੰਦੇ ਜਾਈਏ।
ਮਨ ਕਰਮ ਬਚਨ ਵਿਚਾਰ ਆਪਣੇ,
ਲੈਅ-ਬੱਧ ਕਰ ਇੱਕ ਸੁਰ ਬਣ ਜਾਈਏ।

ਇੱਕਸੁਰ ਜੀਵਨ ਸੰਤੁਲਤ ਹੋ ਜਾਵੇ,
ਦੁੱਖ ਨਾ ਦੇਵੇ ਦੁੱਖ ਨਾ ਪਾਵੇ।
ਮਿਸ਼ਨ ਜਿੰਦ ਦਾ ਇੱਕੋ ਇੱਕ ਹੈ,
ਕਿ ਬੁੱਧ ਵਧਾਵੇ, ਗੈਬੀ ਭੇਦ ਬੁਝਦੀ ਜਾਵੇ। 
*********
ਰੁਲਦੇ ਫਿਰਦੇ ਬੱਚੀਆਂ ਬੱਚੇ

ਰੁਲਦੇ ਫਿਰਦੇ ਬੱਚੀਆਂ ਬੱਚੇ,
ਕੌਮ ਨੇ ਹੋਸ਼ ਭੁਲਾਈ ਹੈ।
ਕੱਪੜਾ ਕਾਗਜ਼ ਕਚਰਾ ਉਠਾਂਦੇ,
ਭੰਡੇ ਮਾਂਜਣ ਢਾਬਿਆਂ 'ਤੇ ਜਾਂਦੇ।

ਭੇਡਾਂ ਬੱਕਰੀਆਂ ਮੱਝਾਂ ਗਾਈਆਂ,
ਨਿੱਤ ਚਰਾਵਣ ਜਾਂਦੇ।
ਖਾਂਦੇ ਪੀਂਦੇ ਘਰਾਂ ਵਿਚ ਜਾ ਕੇ,
ਸਫਾਈਆਂ ਕਰਦੇ ਰੋਟੀ ਪਕਾਂਦੇ।

ਕੁਝ ਕੁ ਗਲੀਆਂ ਵਿਚ ਮੰਗ ਕੇ ਖਾਂਦੇ,
ਕੁਝ ਕੁ ਅੱਡਿਆਂ ਵਿਚ ਮੰਗਣ ਜਾਂਦੇ।
ਨਿੱਕ ਮੁਨੱਕੇ ਇਹ ਫਰਿਸ਼ਤੇ,
ਸੰਤਾਪ ਭੋਗਦੇ ਦੁੱਖ ਉਠਾਂਦੇ।

ਮੁੱਲਾਂ ਪਾਦਰੀ ਭਾਈ ਪੁਜਾਰੀ,
ਨਿੱਤ ਰੱਬ ਜੀ ਦੇ ਗੁਣ ਗਾਉਂਦੇ।
ਪਰ ਜੇ ਰੱਬ ਜੀ ਕਿਧਰੇ ਹੁੰਦੇ,
ਕੀ ਏਡਾ ਜ਼ੁਲਮ ਕਮਾਉਂਦੇ।

ਗਰੀਬਾਂ ਦੇ ਬੱਚੇ ਥਾਂ ਥਾਂ ਰੁਲਦੇ,
ਰੋਟੀ ਰੱਜ ਨਾ ਖਾਂਦੇ।
ਕੁਲੀਨ ਕੁਲੀਏ ਲੀਡਰ ਸਾਡੇ,
ਬੇਫਿਕਰੇ ਮੌਜ ਉਡਾਂਦੇ।

ਜਿਸ ਕੌਮ ਦੇ ਬੱਚੇ ਬੱਚੀਆਂ ਰੁਲਦੇ,
ਉਹ ਦੇਸ਼ ਗਿਲਾਨੀ ਵੱਲ ਜਾਂਦੇ।
ਸੱਜਣ ਠੱਗ ਤੇ ਬਲੀ ਕੰਧਾਰੀ,
ਜਿਥੇ ਮੌਜ ਉਡਾਂਦੇ।
*********
ਮੁਹੱਲਿਆਂ ਵਿਹੜਿਆਂ ਮਾਜਰੀਆਂ ਦੀ

ਮੁਹੱਲਿਆਂ ਵਿਹੜਿਆਂ ਮਾਜਰੀਆਂ ਦੀ,
ਕੋਈ ਨਾ ਲੈਂਦਾ ਸਾਰ।
ਗਿਆਨ ਵਿਹੂਣੇ ਲੋਕ ਨੇ ਸਾਡੇ,
ਕੁਲੀਨ ਕੁਲਾਂ ਦੀ ਹੈ ਸਰਕਾਰ।

ਲੋਕ ਰਾਜ ਨੂੰ ਖੋਟ ਰਾਜ ਇਹ,
ਧੰਨ ਦੇ ਜ਼ੋਰ ਬਣਾਉਂਦੇ।
ਭੁੱਖੇ ਮਰਦੇ ਲੋਕਾਂ ਦਾ,
ਨਿੱਤ ਮਜਾਕ ਉਡਾਉਂਦੇ।

ਵਿਦਿਆ ਗਿਆਨ ਵਿਗਿਆਨ ਬਿਨ,
ਸੂਝ ਬੰਦੇ ਨੂੰ ਆਵੇ ਨਾ।
ਵੋਟ ਰਾਜ ਨਾਲ ਲੋਟੂ ਢਾਂਚਾ,
ਕਦੀ ਬਦਲਾਇਆ ਜਾਵੇ ਨਾ।

ਲੋਕ ਰਾਜ ਦਾ ਪਿਆ ਭੁਲੇਖਾ,
ਇਹ ਰਾਜ ਸਰਮਾਏਦਾਰੀ ਦਾ।
ਕਰੋੜਾਂਪਤੀ ਨੁਮਾਇੰਦੇ ਸਾਡੇ,
ਕੀ ਹੱਲ ਹੈ ਇਸ ਬਿਮਾਰੀ ਦਾ।

ਕਰਾਂਤੀ ਤਾ ਰਾਹ ਰੋਕ ਦਿੱਤਾ ਹੈ,
ਲੋਕ ਰਾਜ ਦੇ ਨਾਮ ਨੇ।
ਨਕਸਲਬਾੜੀ ਤੇ ਮਾਓਵਾਦੀ,
ਏਸੇ ਲਈ ਬਦਨਾਮ ਨੇ।

ਸਿਆਸੀ ਸਮਾਜੀ ਤੇ ਆਰਥਿਕ ਢਾਂਚੇ,
ਨਿਰੇ ਉਲਾਰੂ ਤੇ ਬੇਲਗਾਮ।
ਸਮਤੋਲ ਨਾ ਹੋਵਣ ਜੇਕਰ ਢਾਂਚੇ,
ਮਿਲੇ ਨਾ ਲੋਕਾਂ ਨੂੰ ਆਰਾਮ।


ਬੰਦਾ ਤਾਂ ਆਖਰ ਬੰਦਾ ਹੈ,
ਟੁਕ ਬੋਚ ਬਣਾਇਆ ਜਾਵੇ ਨਾ।
ਇਨਸਾਨੀਅਤ ਦੀ ਸ਼ਾਨ ਨੂੰ,
ਮਿੱਟੀ ਵਿਚ ਮਿਲਾਇਆ ਜਾਵੇ ਨਾ।
*********


























ਰੱਬ ਰੱਬ ਕਰਦੀ ਦੁਨੀਆਂ ਸਾਡੀ, ਸ਼ੋਰ ਮਚਾਇਆ ਜਾਂਦਾ ਹੈ

ਰੱਬ ਰੱਬ ਕਰਦੀ ਦੁਨੀਆਂ ਸਾਡੀ, ਸ਼ੋਰ ਮਚਾਇਆ ਜਾਂਦਾ ਹੈ,
ਟੱਲੀਆਂ ਖੜਕਾਈਏ ਬਾਂਗਾਂ ਦੇਈਏ, ਵਾਜਾ ਵਜਾਇਆ ਜਾਂਦਾ ਹੈ।
ਭਿੰਨ ਭਿੰਨ ਰਾਹੀਂ ਪੈ ਗਈ ਦੁਨੀਆਂ ਜੱਗ ਉਲਝਾਇਆ ਜਾਂਦਾ ਹੈ,
ਹਿੰਦੂ ਸੁਮਲਿਮ ਸਿੱਖ ਈਸਾਈ ਯਹੂਦੀ ਨੂੰ ਲੜਾਇਆ ਜਾਂਦਾ ਹੈ। 

ਨਿੱਕ ਮੁਨੱਕੇ ਬੱਚਿਆਂ ਨੂੰ ਤੜਕਸਾਰ ਜਗਾਇਆ ਜਾਂਦਾ ਹਾ,
ਪੂਜਾ ਪਾਠ ਨਮਾਜ਼ ਅਤੇ ਨਾਮ ਜਪਾਇਆ ਜਾਂਦਾ ਹੈ।
ਗੁਰਦੁਆਰੀਂ ਮੰਦਰੀ ਮਸਜਿਦੀਂ ਧੂਹ ਕੇ ਲਿਜਾਇਆ ਜਾਂਦਾ ਹੈ,
ਸਾਚ ਕਹੂੰ ਸੁਣ ਲਓ ਸਭੇ ਇਹ ਪਾਪ ਕਮਾਇਆ ਜਾਂਦਾ ਹੈ।

ਸਾਡਾ ਕੋਈ ਹੱਕ ਨਹੀਂ ਕਿ ਇਨਸਾਨੀ ਬੱਚਿਆਂ  ਨੂੰ ਹਿੰਦੂ ਸਿੱਖ ਮੁਸਲਮਾਨ ਬਣਾਈਏ,
ਉਹਨਾਂ ਅੰਦਰ ਵਿਤਕਰੇ ਭਰੀਏ ਇੱਕ ਦੂਜੇ ਦੇ ਸੰਗ ਲੜਾਈਏ।
ਮੰਦਰ ਮਸਜਿਦ ਗੁਰਦੁਆਰਿਆਂ ਲਈ ਕਤਲ ਕਰਵਾਈਏ,
ਇਨਸਾਨੀ ਸ਼ਾਨ ਬੰਦੇ ਦੀ ਮਿੱਟੀ ਵਿਚ ਮਿਲਾਈਏ।

ਸਾਡਾ ਕੋਈ ਹੱਕ ਨਹੀਂ ਕਿ ਆਪਣੀ ਸੌੜੀ ਸੋਚ ਦਾ ਅਸਰ ਬੱਚਿਆਂ 'ਤੇ ਪਾਈਏ,
ਖੁੰਢੀ ਕਰੀਏ ਸੋਚ ਉਹਨਾਂ ਦੀ ਤੀਖਣ ਬੁਧਾ ਨਾ ਚਮਕਾਈਏ।
ਅਤੇ ਵਿਗਿਆਨਕ ਸੋਚ ਦਾ ਇਨਕਾਰੀ ਅਸਰ ਉਹਨਾਂ ਤੇ ਪਾਈਏ,
ਗੈਬੀ ਭੇਦ ਬੁੱਝਣ ਦੀ ਕਿਉਂ ਨਾ ਲਗਨ ਉਹਨਾਂ ਨੂੰ ਲਾਈਏ।

ਪਰਮ ਸੱਤਾ ਦਾ ਅਤਿ ਅਲਪਤ ਰੂਪ ਕਿਉਂ ਨਾ ਉਹਨਾਂ ਨੂੰ ਸਮਝਾਈਏ,
ਵਿਕਾਸਵਾਦ ਦਾ ਸਿਧਾਂਤ ਕਿਉਂ ਨਾ ਉਹਨਾਂ ਦੇ ਪੱਲੇ ਪਾਈਏ।
ਆਪਣੀ ਅੰਧ ਵਿਸ਼ਵਾਸ਼ੀ ਦਾ ਕਿਉਂ ਅਸਰ ਉਹਨਾਂ 'ਤੇ ਪਾਈਏ,
ਵਿਦਿਆ ਗਿਆਨ ਵਿਗਿਆਨ ਦੀ ਕਿਉਂ ਨਾ ਉਹਨਾਂ ਨੂੰ ਜਾਗ ਲਗਾਈਏ।

ਬੱਚੇ ਫੁੱਲ ਨਿਆਈਂ ਹੁੰਦੇ ਨੇ ਕੰਡਿਆਂ ਤੋਂ ਬਚਾਈਏ,
ਰੁਲੇ ਨਾ ਕਿਧਰੇ ਕੋਈ ਬੱਚਾ ਕੌਮੀ ਫਰਜ਼ ਬਣਾਈਏ।
ਕਰੀਏ ਇਕੱਠੇ ਹਰ ਜ਼ੋਨ ਦੇ ਬੱਚੇ ਨਮੂਨੇ ਦੇ ਇਨਸਾਨ ਬਣਾਈਏ,
ਦੇਖ ਭਾਲ ਉਹਨਾਂ ਦੀ ਕਰੀਏ ਜੰਨਤ ਉਹਨਾਂ ਲਈ ਲਿਆਈਏ।

ਬੱਚੇ ਦੌਲਤ ਕੌਮ ਦੀ ਹੁੰਦੇ ਕੋਈ ਸਮੁੱਚਾ ਪ੍ਰਬੰਧ ਬਣਾਈਏ,
ਅਮੀਰੀ ਗਰੀਬੀ ਊਚ  ਨੀਚ ਉਹਨਾਂ ਦੇ ਪੱਲੇ ਨਾ ਪਾਈਏ।
ਲਾਡ ਲਡਾਈਏ ਉਹਨਾਂ ਨੂੰ ਪਰ ਵਿਉਂਤਬੱਧ ਸਿਖਾਉਂਦੇ ਜਾਈਏ,
ਐਸੇ ਬੱਚੇ ਕੌਮ ਦੇ ਜਿੰਦ ਰਾਣੀ ਦੇ ਪੱਲੇ ਪਾਈਏ।
*********



























ਸਾਡੇ ਸਿਆਸੀ ਸਮਾਜੀ ਆਰਥਿਕ ਨਿਜ਼ਾਮ

ਸਾਡੇ ਸਿਆਸੀ ਸਮਾਜੀ ਆਰਥਿਕ ਨਿਜ਼ਾਮ,
ਬਣ ਗਏ ਬੰਦੇ ਲਈ ਦੱੁੱਖਾਂ ਦੀ ਖਾਣ।
ਮੁਕਾਬਲੇਬਾਜ਼ੀ, ਖਹਿਬਾਜ਼ੀ ਅਤੇ ਲੁੱਟ ਆਮ,
ਸਾਂਝੀਵਾਲਤਾ ਤੇ ਮਾਨਵਤਾ ਜਾਣੇ ਨਾ ਇਨਸਾਨ।

ਦੁੱਖਾਂ ਦੇ ਵਿਚ ਪਾਈ, ਜਿੰਦਗੀ ਰੋਵੇ ਸੁਬਾਹ ਔਰ ਸ਼ਾਮ,
ਸੁੱਖਾਂ ਦਾ ਨਹੀਂ ਨਾਮ ਨਿਸ਼ਾਨ ਨਾ ਹੀ ਅਮਨ ਆਮਾਨ।
ਕੁਲੀ ਗੁਲੀ ਜੁਲੀ ਦੇ ਮਸਲੇ ਕਰਦੇ ਸਭ ਨੂੰ ਬੇਆਰਾਮ,
ਧਰਮਾਂ ਦਿਆਂ ਝਗੜਿਆਂ ਨੇ ਕੀਤਾ ਰੱਬ ਬਦਨਾਮ।

ਭਜਿਆ ਫਿਰਦਾ ਆਮ ਆਦਮੀ,
ਮਿਲੇ ਨਾ ਕਿਧਰੇ ਕੋਈ ਆਰਾਮ।
ਅੰਧ ਵਿਸ਼ਵਾਸ਼ੀ ਫੈਲੀ ਜੱਗ ਵਿਚ,
ਬਿਨ ਵਿਦਿਆ ਗਿਆਨ ਵਿਗਿਆਨ।

ਪੂੰਜੀਵਾਦੀ ਨਿਜ਼ਾਮ ਨੇ ਲੁੱਟ ਲਈ ਇਨਸਾਨੀ ਸ਼ਾਨ,
ਪੈਦਾਵਾਰੀ ਸੋਮੇ ਸਾਰੇ ਹੋਵਣ ਸਾਰੀ ਕੌਮ ਦੇ ਨਾਮ।
ਖਾਨਦਾਨਾਂ ਦਾ ਰਾਜ ਨਾ ਹੋਵੇ ਦੌਲਤ ਦੇ ਸਿਰ ਤਾਜ ਨਾ ਹੋਵੇ,
ਸਰਮਾਏਦਾਰਾਂ ਦੀ ਲੁੱਟ ਖਸੁੱਟ ਨੂੰ ਪਾਈਏ ਪੈਂਖੜ ਅਤੇ ਲਗਾਮ।

ਮੇਰੇ ਦੇਸ਼ ਦੇ ਨੌਜਵਾਨੋ ਅੱਜ ਦਾ ਯੁੱਗ ਹੈ ਤੁਹਾਡੇ ਨਾਮ,
ਕਰਤਾਰ ਸਰਾਭਾ ਸੁਖਦੇਵ ਭਗਤ ਸਿੰਘ ਕਰਕੇ ਗਏ ਐਲਾਨ।
ਦੇਸ਼ ਬਦਲੇ ਜਿੰਦ ਲਗਾਈਏ ਉੱਚੀ ਹੋਵੇ ਦੇਸ਼ ਦੀ ਸ਼ਾਨ,
ਆਰਥਿਕ ਵਿਤਕਰੇ ਅਸਾਂ ਮਿਟਾਉਣੇ ਰੁਲੇ ਨਾ ਕੋਈ ਬੰਦਾ ਆਮ। 
*********





ਜਾਗ ਮਨੁੱਖਾ ਕਰੀਏ ਹੀਲੇ

ਜਾਗ ਮਨੁੱਖਾ ਕਰੀਏ ਹੀਲੇ,
ਪੁੱਤ ਰੱਬ ਨੂੰ ਸਾਰੇ ਪਿਆਰੇ।
ਘੱਟ ਵੱਧ ਰਿਜ਼ਕ ਅਲਾਹ ਨਾ ਦੇਵੇ,
ਚਤਰ ਬੰਦੇ ਨੇ ਪਾਏ ਪੁਆੜੇ।

ਉੱਚਾ ਨੀਵਾਂ ਕੋਈ ਨੇ ਏਥੇ,
ਸਮਾਜੀ ਸੰਤੁਲਨ ਅਸਾਂ ਆਪ ਵਿਗਾੜੇ।
ਇਕਨਾ ਨੇ ਆਰਥਿਕ ਸੋਮੇ ਸਾਂਭੇ,
ਇੱਕ ਫਿਰਦੇ ਨੇ ਮਾਰੇ ਮਾਰੇ।

ਪੁੱਗਦੀ ਹੈ ਏਥੇ ਧੀਂਗਾ ਜ਼ੋਰੀ,
ਜਨਮ ਕੁਲਾਂ ਦੇ ਏਥੇ ਭਾਰੇ।
ਵੋਟ ਰਾਜ ਨਿਰਾ ਖੋਟ ਰਾਜ ਹੈ,
ਜਨਮ ਤੇ ਦੌਲਤ ਦੇ ਸਭ ਕਾਰੇ।

ਨੱਥੂ ਖੈਰਾ ਜਗਤਾ ਭਗਤਾ,
ਰੁਲਦੇ ਫਿਰਦੇ ਗਲੀਆਂ ਵਿਚ ਸਾਰੇ।
ਗਰੀਬਾਂ ਨੂੰ ਰੋਜ਼ਗਾਰ ਮਿਲੇ ਨਾ,
ਬਣ ਜਾਂਦੇ ਟੁੱਕ ਬੋਚ ਬਿਚਾਰੇ।

ਸਰਮਾਏਦਾਰੀ ਨਿਜ਼ਾਮ ਦੇ ਅੰਦਰ,
ਵਧਦੇ ਜਾਂਦੇ ਆਰਥਿਕ ਪਾੜੇ।
ਔਸਤਨ ਆਮਦਨੀ ਵਧਦੀ ਜਾਵੇ,
ਗਰੀਬ ਰਹਿੰਦੇ ਨੇ ਮਾੜੇ ਦੇ ਮਾੜੇ।

ਦੋ ਪ੍ਰਸੈਂਟ ਗਰੀਬ ਜਨਤਾ ਦੇ ਹਿੱਸੇ,
ਬਾਈ ਪ੍ਰਸੈਂਟ ਜੋ ਅੱਧ-ਵਿਚਕਾਰੇ।
ਬਾਕੀ ਪੂੰਜੀਵਾਦੀ ਲੈ ਜਾਂਦੇ,
ਕਿਵੇਂ ਹੋਣ ਕੌਮ ਦੇ ਵਾਰੇ ਨਿਆਰੇ।
*********
ਰੱਬ ਰੱਬ ਦੀ ਕੋਈ ਰਟ ਨਾ ਲਾਵੇ

ਰੱਬ ਰੱਬ ਦੀ ਕੋਈ ਰਟ ਨਾ ਲਾਵੇ,
ਰੱਬੀ ਸ਼ਕਤੀ ਚਾਰ ਚੁਫੇਰੇ।
ਜੋ ਪਰਮ ਸੱਤਾ ਉਪਜਾਵੇ,
ਸਾਰੇ ਜੱਗ ਦੀ ਕਾਰ ਚਲਾਵੇ।

ਲਗਾਤਾਰ ਇਹ ਸਿਲਸਿਲਾ ਚੱਲੇ,
ਵਿਰਾਟ ਹੁਕਮ ਇੱਕ ਚੱਲਦਾ ਜਾਵੇ।
ਪਰਮ ਸੱਤਾ ਮਾਇਆ ਉਪਜਾਵੇ,
ਮਾਇਆ ਪਰਮ ਸੱਤਾ ਬਣ ਜਾਵੇ।

ਚਲੋ ਚਾਲ ਜਿੰਦ ਚੱਲਦੀ ਆਈ,
ਭਿੰਨ ਭਿੰਨ ਜਾਮੇ ਪਾ ਕੇ।
ਆਖਰ ਬਣੀ ਇਨਸਾਨ ਧਰਤ ਤੇ,
ਮਾਣਸ ਜਾਮਾ ਗਲ੍ਹ ਪਾ ਕੇ।

ਖਲਜਗਣਾਂ ਵਿਚ ਫਸ ਗਈ ਜਿੰਦਗੀ,
ਵਿਚ ਮੈਦਾਨੀ ਆ ਕੇ।
ਕੁਲੀ ਗੁਲੀ ਜੁਲੀ ਦੇ ਝਗੜੇ,
ਰੱਖੇ ਧਰਮਾਂ ਨੇ ਉਲਝਾ ਕੇ।

ਕਿੰਨੇ ਹੀ ਸਿਸਟਮ ਬਦਲੇ ਇਸਨੇ,
ਫਸੀ ਪੂੰਜੀਵਾਦ ਵਿਚ ਆ ਕੇ।
ਨਿੱਜੀ ਦੁੱਖਾਂ ਤੇ ਸੁੱਖਾਂ ਨੇ ਘੇਰੀ,
ਸਾਂਝੀਵਾਲਤਾ ਮਨੋਂ ਭੁਲਾ ਕੇ।

ਇਹ ਜਾਲ ਬੰਦੇ ਨੇ ਆਪੋਂ ਉਣਿਆ,
ਕੋਈ ਇੱਕ ਕਰੇ ਕੀ ਭਜ ਭਜਾ ਕੇ।
ਮਿਲ ਸਕਦੇ ਨੇ ਸੁਖ ਜੀਵਨ ਦੇ,
ਇੱਕ ਦੂਜੇ ਸੰਗ ਪਿਆਰ ਵਧਾ ਕੇ।

ਪੰਜੀਵਾਦੀ ਨਿਜ਼ਾਮ ਦੇ ਅੰਦਰ,
ਅਗੇ ਵਧੀਏ ਲੁੱਟ ਲੁਟਾ ਕੇ।
ਮੁਕਾਬਲੇਬਾਜ਼ੀ ਹੈ ਸਿਰੇ ਦੀ,
ਰੋਜ਼ਗਾਰ ਮਿਲੇ ਦੌੜਾਂ ਲਗਾ ਕੇ।

ਵੋਟ ਰਾਜ ਇਹ ਲੋਕ ਰਾਜ ਨਾ,
ਰੱਖੇ ਲੋਕ ਐਵੇਂ ਭੁਲਚਲਾ ਕੇ।
ਕੁਲੀਨ ਕੁਲਾਂ ਦੇ ਸਿਰ ਤਾਜ ਹੈ,
ਲੁੱਟਣ ਲੋਕਾਂ ਨੂੰ ਢਾਣੀ ਬਣਾ ਕੇ।

ਭਲਾ ਕਿਵੇਂ ਕੋਈ ਪਿਆਰ ਦਿਲੇ ਦਾ,
ਜੀਵੇ ਸਬਨਾਂ ਦੇ ਸੰਗ ਪਾ ਕੇ।
ਆਪਣੀ ਆਪਣੀ ਪਈ ਹੈ ਸਭ ਨੂੰ,
ਕਰੇ ਕਿਵੇਂ ਕੋਈ ਸਭ ਲਈ ਜਾ ਕੇ।

ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿਚ,
ਰੁਲਦਾ ਬੰਦਾ ਜੀਵਨ ਪਾ ਕੇ।
ਬੱਚੇ ਉਹਨਾਂ ਦੇ ਅਣਪੜ ਰਹਿੰਦੇ,
ਸਕੁਲਾਂ ਦੇ ਵਿਚ ਪੜ੍ਹ ਪੜ੍ਹਾ ਕੇ।

ਊਚ ਨੀਚ ਗਰੀਬੀ ਨੇ ਘੇਰੇ,
ਜਿੰਦ ਜਿਉਂਦੇ ਨੇ ਸੀਸ ਝੁਕਾ ਕੇ।
ਹੋਵੇ ਸਾਰੇ ਹੀ ਦੁੱਖਾਂ ਦੀ ਦਾਰੂ,
ਪਰਜਾਤੰਤਰ ਰਾਜ ਲਿਆਕੇ।
*********







ਅੱਖਾਂ ਬੰਦ ਕਰ ਰੱਬ ਨੂੰ ਲੱਭੀਏ

ਅੱਖਾਂ ਬੰਦ ਕਰ ਰੱਬ ਨੂੰ ਲੱਭੀਏ,
ਰੱਬ ਨਾ ਦੇਵੇ ਦਿਖਾਈ।
ਚਿੱਟੇ ਦਿਨ ਜੋ ਰੱਬ ਦਿਸਦਾ ਹੈ,
ਕਿਉਂ ਤੱਕੇ ਨਾ ਉਹਨੂੰ ਲੋਕਾਈ।

ਰੱਬੀ ਦਰ ਨੂੰ ਲੱਬਣ ਜਾਈਏ,
ਕੋਈ ਦਰ ਨਾ ਉਸਦਾ ਕਾਈ।
ਖੁੱਲ੍ਹਾ ਦਰਬਾਰ ਹੈ ਪਰਮ ਸੱਤਾ ਦਾ,
ਜੱਗ ਸਾਰਾ ਉਸਦਾ ਭਾਈ।

ਕਰੀਏ ਸਮਰਪਤ ਆਪਣਾ ਆਪਾ,
ਚੌਪਾਸੀਂ ਦਿਸੇ ਖੁਦਾਈ।
ਬਿਨ ਰੱਬਤਾ ਦੇ ਕੁਝ ਵੀ ਨਾਹੀ,
ਰੱਬ ਰੱਬਤਾ ਵਿਚ ਸਮਾਈ।

ਸਮਾਧੀ ਲਾ ਜੋ ਤੱਕਣਾ ਚਾਹੇ,
ਉਹਨੂੰ ਚੜ੍ਹਨੀ ਪਵੇ ਚੜ੍ਹਾਈ।
ਸੁਤੇ ਸਿਧ ਜੇ ਰੱਬ ਨੂੰ ਤੱਕੇ,
ਰੱਬ ਦਿਸਦਾ ਹੈ ਹਰਜਾਈ।

ਧਰੇ ਧੀਰਜ ਸ਼ਾਂਤ ਹੋ ਜਾਵੇ,
ਮਨ ਕਰਮ ਬਚਨ ਵਿਚਾਰ ਇੱਕ ਸਾਰ।
ਜੱਗ ਵਿਚ ਰਹੀਏ ਬਣ ਵੈਰਾਗੀ,
ਮਨ ਵਿਚ ਉਠੇ ਨਾ ਕੋਈ ਉਭਾਰ।

ਪਾਵੇ ਗਿਆਨ ਲਾਵੇ ਧਿਆਨ,
ਸਰਬ-ਵਿਆਪੀ ਸੋਝੀ ਆਵੇ।
ਰੱਬਤਾ ਵਿਚ ਹੀ ਰੱਬ ਨੂੰ ਤੱਕੇ,
ਜੱਗ ਵਿਚ ਉਸਨੂੰ ਰੱਬ ਦਿਸ ਆਵੇ।


ਪਰਮ ਸੱਤਾ ਦਾ ਅਤਿ ਅਲਪਤ ਰੂਪ,
ਬ੍ਰਹਮ ਬੀਜ ਹੀ ਰੱਬ ਅਖਵਾਵੇ।
ਅਤਿ ਅਲਪਤ ਹੈ ਹੋਂਦ ਇਸਦੀ,
ਬ੍ਰਹਮ ਬੀਜ ਹੀ ਜੱਗ ਬਣ ਜਾਵੇ।
*********


























ਕੁਲ ਨੇਕੀ ਨੂੰ ਰੱਬ ਆਖੀਦਾ

ਕੁਲ ਨੇਕੀ ਨੂੰ ਰੱਬ ਆਖੀਦਾ,
ਕੁਲ ਬਦੀ ਦਾ ਨਾਮ ਸ਼ੈਤਾਨ ਹੈ।
ਵਿਪ੍ਰੀਤ ਵਿਰੋਧੀ ਸਿਫਤਾਂ ਕਾਰਨ,
ਇਹ ਸਾਡਾ ਜਹਾਨ ਹੈ।

ਨੇਕੀ ਦਾ ਮੁਜ਼ੱਸਮਾ ਅਲਾਹ,
ਕੁਰਾਹੇ ਕਦੀ ਨਾ ਕਿਸੇ ਨੂੰ ਪਾਵੇ।
ਪੈ ਜਾਵੇ ਜੇ ਕੋਈ ਕੁਰਾਹੇ,
ਰਹਿਮਤ ਉਸਦੀ ਮੋੜ ਲਿਆਵੇ।

ਝਗੜਾ ਮੋਮਨ ਤੇ ਕਾਫਰ ਦਾ,
ਭਲਾ ਕਿਉਂ ਕੋਈ ਪਾਵੇ।
ਮੋਮਨ ਉਹ ਜੋ ਨੇਕੀ ਕਰਦਾ,
ਕਾਫਰ ਉਹ ਜੋ ਬਦੀ ਕਮਾਵੇ।

ਬੇਗੁਨਾਹਾਂ ਨੂੰ ਜੋ ਮਾਰੇ,
ਗੁਨਾਹ ਕਰੇ ਉਹ ਭਾਰੇ।
ਜੋ ਗੁਨਾਹਗਾਰਾਂ ਤੇ ਬਖਸ਼ਿਸ਼ ਕਰਦਾ,
ਅਲਾਹ ਉਸਨੂੰ ਤਾਰੇ।

ਵਿਗੜੀ ਤਿਗੜੀ ਉਜੱਡ ਕੌਮ ਨੂੰ,
ਕਿਵੇਂ ਕੋਈ ਰਾਹੇ ਪਾਵੇ।
ਲਾਰੇ ਲਾਵੇ ਤੇ ਡਰਾਵੇ,
ਪਰ ਰਾਹੇ ਉਸਨੂੰ ਪਾਵੇ।

ਬੇਗੁਨਾਹਾਂ ਨੂੰ ਜੋ ਮਾਰੇ,
ਜੰਨਤ ਹੂਰਾਂ ਸ਼ਰਾਬਾਂ ਲਈ
ਜੋ ਕਰਦਾ ਹੈ ਕਾਰੇ।
ਹੱਡ ਕੜਕਵੀਂ ਅੱਗ ਉਸ ਲਈ,
ਅਲਾਹ ਆਪ ਮਚਾਵੇ।
ਸਬਰ ਕਰਦੇ ਆਏ ਲੋਕੀ

ਸਬਰ ਕਰਦੇ ਆਏ ਲੋਕੀ,
ਕਰਨੀ ਰੱਬ ਦੀ ਕਹਿ ਕੇ।
ਜ਼ੋਰਾਵਰ ਸੱਭ ਜ਼ੋਰੀ ਕਰਦੇ,
ਕਮਜ਼ੋਰ ਕਟਣ ਜਿੰਦ ਸਹਿਕੇ।

ਮੁਢ ਤੋਂ ਹੀ ਰਾਜ ਭਾਗ,
ਜ਼ੋਰਾਵਰਾਂ ਦਾ ਚਲਦਾ ਆਇਆ।
ਜ਼ਰ ਜ਼ੋਰੋ ਜ਼ਮੀਨ ਦੇ ਉੱਤੇ,
ਤਕੜੇ ਨੇ ਸਦਾ ਹੱਕ ਜਮਾਇਆ।

ਕਿਥੇ ਬੈਠਾ ਸੀ ਰੱਬ ਸਾਡਾ,
ਕਿਧਰ ਗਿਆ ਸੀ ਸਾਡਾ ਖੁਦਾਇਆ।
ਰਾਜਿਆਂ ਰਾਣਿਆਂ ਬਾਦਸ਼ਾਹਾਂ ਨੇ।
ਰੱਬ ਨੂੰ ਮੋਹਰਾ ਬਣਾਇਆ।

ਫੌਜੀ ਤੇ ਪੁਲਸੀਏ ਪੁਤ ਲੋਕਾਂ ਦੇ,
ਕੋਈ ਬਾਹਰੋਂ ਹੋਰ ਨਹੀਂ ਆਇਆ।
ਕਰਨ ਸੰਗਰਾਮ ਜੇ ਕਿਧਰੇ ਲੋਕੀ,
ਇਹਨਾਂ ਪੁੱਤਾਂ ਨੇ ਮਾਰ ਮੁਕਾਇਆ।

ਵਿਦਿਆ ਗਿਆਨ ਵਿਗਿਆਨ ਬਿਨ,
ਸ਼ੁਧ ਬੁਧ ਸੋਝੀ ਧਿਆਨ ਬਿਨ।
ਕੁਲੀਨ ਕੁਲਾਂ ਨੇ ਰਾਜ ਸਾਂਭੇ,
ਰੁਲਦੀਆਂ ਹੀਰਾਂ ਰੁਲਦੇ ਰਾਂਝੇ।

ਧਨੀਆਂ ਅਤੇ ਕੁਲੀਨ ਕੁਲਾਂ ਨੇ,
ਲੋਕਾਂ ਨੂੰ ਬੁੱਧੂ ਬਣਾਇਆ।
ਲੋਕ-ਸ਼ਕਤੀ ਨੂੰ ਪਿੱਛੇ ਲਾ ਕੇ,
ਆਪੋਂ ਰਾਜ ਹਥਿਆਇਆ।

ਵੋਟ ਰਾਜ ਇਹ ਖੋਟ ਰਾਜ ਹੈ,
ਕੁਲੀਨ ਕੁਲਾਂ ਦੇ ਸਿਰ ਤਾਜ ਹੈ।
ਮਜ਼ਦੂਰ ਕਮੀਨ ਤੇ ਆਮ ਆਦਮੀ,
ਬੇਵਸ ਅਤੇ ਬੇ-ਆਵਾਜ਼ ਹੈ।

ਚੋਣਾਂ ਦਾ ਢੰਗ ਬਦਲਾਈਏ,
ਨਾ ਹੀ ਵੋਟਾਂ ਕੋਈ ਖਰੀਦੇ।
ਨਾ ਹੀ ਲੋਕਾਂ ਨੂੰ ਵਰਗਲਾਵੇ,
ਨਾ ਪੈਸਾ ਕੋਈ ਕਿਤੋਂ ਉਗਰਾਵੇ।

ਰੁਲਦੀ ਫਿਰੇ ਜਵਾਨੀ ਸਾਡੀ,
ਰੁਲਦਾ ਫਿਰੇ ਬੁਢਾਪਾ।
ਇਹ ਪਰਜਾਤੰਤਰ ਰਾਜ ਨਹੀਂ ਹੈ,
ਲੋਕਾਂ ਦੇ ਸਿਰ ਤਾਜ ਨਹੀਂ ਹੈ।

ਪੂੰਜੀਵਾਦੀ ਸਿਸਟਮ ਨੇ,
ਗਵਾ ਦਿੱਤੀ ਇਨਸਾਨੀ ਸ਼ਾਨ।
ਬਣ ਕੇ ਭਿਖਸ਼ੂ ਪਿੰਡ ਪਿੰਡ ਜਾਈਏ,
ਲੋਕ ਸ਼ਕਤੀ ਮੁੜ ਜਗਾਈਏ,
ਬਦਲ ਦੇਈਏ ਇਹ ਨਿਜ਼ਾਮ।
*********











ਚੁੱਪ ਸੁਨਹਿਰੀ ਰੰਗ ਰੰੰਗੀ ਹੈ

ਚੁੱਪ ਸੁਨਹਿਰੀ ਰੰਗ ਰੰੰਗੀ ਹੈ,
ਆਖੀਏ ਚੁਪ ਸਦਾ ਚੰਗੀ ਹੈ।
ਪਰ ਚੁੱਪ ਘੋਰ ਪਾਪ ਬਣ ਜਾਵੇ,
ਕੋਈ ਤੱਕ ਕੇ ਉਪੱਦਰ ਜੇ ਚੁੱਪ ਰਹਿ ਜਾਵੇ।

ਬਹੁਤਾ ਬੋਲਣ ਝਖਣ ਹੋਏ,
ਬਹੁਤੀ ਚੁਪ ਭੀ ਦੁੱਖ ਪਰੋਏ।
ਲੋੜ ਮੁਤਾਬਕ ਸਦਾ ਬੋਲੀਏ,
ਬੇਲੋੜਾ ਕਦੀ ਨਾ ਬੋਲੀਏ।

ਵਾਰਤਾਲਾਪ ਹੀ ਕੁਝ ਸਿਖਾਵੇ,
ਵਾਰਤਾਲਾਪ ਹੀ ਜੱਗ ਬਦਲਾਵੇ।
ਰਹੇ ਪਸ਼ੂ ਚੁਪ ਚਾਰਾ ਖਾਵੇ,
ਵਧੀਕੀ ਬੰਦੇ ਦੀ ਜ਼ਰਦਾ ਜਾਵੇ।

ਲੋਕ ਰਾਜ ਦਾ ਯੁੱਗ ਹੈ ਸਾਡਾ,
ਕੁਲੀਨ ਕੁਲੀ ਹੱਕ ਮਾਰਨ ਸਾਡਾ।
ਜੇ ਆਮ ਆਦਮੀ ਚੁਪ ਹੋ ਜਾਵੇ,
ਫਿਰ ਪਰਜਾਤੰਤਰ ਕਿਵੇਂ ਲਿਆਵੇ।

ਚੁੱਪ ਕੀਤੇ ਕੰਮ ਕਰਦੇ ਜਾਣਾ,
ਵੱਧ ਤੋਂ ਵੱਧ ਕਾਰ ਕਮਾਉਣਾ।
ਮਿਲੇ ਨਾ ਹੱਕ ਤਾਂ ਆਵਾਜ਼ ਉਠਾਉਣਾ,
ਚੁੱਪ ਰਹਿ ਕੇ ਨਹੀਂ ਹੱਕ ਗਵਾਉਣਾ।
***********





ਕਿਧਰੇ ਵੀ ਅਣਹੋਂਦ ਨਹੀਂ ਹੈ

ਕਿਧਰੇ ਵੀ ਅਣਹੋਂਦ ਨਹੀਂ ਹੈ,
ਅਣਹੋਂਦ ਵਿਚ ਹੈ ਹੋਂਦ ਸਮਾਈ।
ਵਿਪ੍ਰੀਤ ਗੁਣਾਂ ਦਾ ਜੋੜ ਫਲ,
ਜ਼ੀਰੋ ਬਣ ਜਾਂਦਾ ਹੈ ਭਾਈ।

ਇਹ ਜ਼ੀਰੋ ਸੁਨਯ ਅਵਸਥਾ ਹੈ,
ਜੋ ਨਿਰੀ ਸੁਨਯ ਨਹੀਂ ਭਾਈ।
ਜਮ੍ਹਾਂ ਤੇ ਮਨਫੀ ਦਾ ਜੋੜ ਫਲ,
ਜ਼ੀਰ ਬਣ ਗਿਆ ਭਾਈ।

ਤਰਕਵਾਦ ਦਾ ਇਹ ਸਿਧਾਂਤ,
ਕਿ ਸੁਨਯ 'ਚੋਂ ਕਦੀ ਕੁਝ ਹੋ ਨਾ ਪਾਵੇ।
ਸੱਚ ਸਕਵੱਟੀ ਤੇ ਪੂਰਾ ਨਾ ਉੱਤਰੇ,
ਸੁਨਯ ਹੀ ਜਗਤ ਬੀਜ ਬਣ ਜਾਵੇ।

ਵਿਰਾਟ ਹੁਕਮ ਦੀ ਠਕ ਠਕ,
ਸੁਨਯ ਦਾ ਸੰਤੁਲਨ ਵਿਗਾੜੇ।
ਜਮ੍ਹਾਂ ਤੇ ਮਨਫੀ ਦੀ ਚੀਹਣੀ,
ਉਪਰ ਥੱਲੇ ਹੁੰਦੀ ਜਾਵੇ।

ਸੰਤੁਲਨ ਵਿਗੜਿਆ ਸੰਜੋਗ ਵਿਜੋਗ,
ਮਾਇਆ ਦਾ ਆਕਾਰ ਵਧਾਵੇ।
ਵਿਪ੍ਰੀਤ ਗੁਣੀ ਮਾਇਆ ਕਾਰਨ,
ਜਗਤ ਹੋਂਦ ਵਿਚ ਆਵੇ।
*********





ਤਲਵਾਰ ਦੇ ਜ਼ੋਰ ਕਰਾਂਤੀ

ਤਲਵਾਰ ਦੇ ਜ਼ੋਰ ਕਰਾਂਤੀ,
ਜੇਕਰ ਕੋਈ ਲਿਆਉਣਾ ਚਾਹੇ।
ਘਾਣ ਗਰੀਬਾਂ ਦਾ ਹੀ ਹੋਵੇ,
ਚੜ੍ਹਾਏ ਜਾਣ ਚਾਹੇ ਲੋਟੂ ਫਾਹੇ।

ਚਲੋ ਚਾਲ ਸਮਾਂ ਚਲਦਾ ਜਾਵੇ,
ਜ਼ੋਰੀ ਤਬਦੀਲੀ ਕੋਈ ਨਾ ਆਵੇ।
ਸੁਧ-ਬੁੱਧ ਗਿਆਨ ਵਿਗਿਆਨ
ਤਬਦੀਲੀ ਲਿਆਵੇ ਜੋ ਸਭ ਨੂੰ ਭਾਵੇ।

ਅੰਦਰੋਂ ਬਾਹਰੋਂ ਆਏ ਤਬਦੀਲੀ,
ਐਸੀ ਤਬਦੀਲੀ ਸਮਾਂ ਲਿਆਵੇ।
ਸਮੇਂ ਨਾਲ ਜੇ ਬਦਲੇ ਦੁਨੀਆਂ,
ਬੀਤ ਗਏ ਨੂੰ ਪਿੱਛੇ ਛੱਡ ਜਾਵੇ।

ਪੰਝੀ ਸਾਲਾਂ ਵਿਚ ਤਬਦੀਲੀ,
ਵਿਦਿਆ ਗਿਆਨ ਵਿਗਿਆਨ ਲਿਆਵੇ,
ਹਰ ਜ਼ੋਨ ਵਿਚ ਮਹਾਂ ਵਿਦਿਆਲਾ,
ਬਚਿਆਂ ਲਈ ਜੇ ਖੋਲ੍ਹਿਆ ਜਾਵੇ।

ਵਿਸ਼ਾਲ ਘਰ ਬੱਚਿਆਂ ਲਈ ਹੋਵੇ,
ਇੱਕ ਜ਼ੋਨਲ  ਘਰ ਬਣਾਇਆ ਜਾਵੇ।
ਸਾਰੇ ਜ਼ੋਨ ਦੇ ਬੱਚਿਆਂ ਨੂੰ,
ਇੱਕੋ ਥਾਂ ਪੜ੍ਹਾਇਆ ਜਾਵੇ, ਖਿਡਾਇਆ ਜਾਵੇ।

ਸਾਂਭ ਸੰਭਾਲ ਪੂਰੀ ਹੋਵੇ,
ਗੱਲ ਨਾ ਕੋਈ ਅਧੂਰੀ ਹੋਵੇ।
ਨਰਸਿਜ਼ ਡਾਕਟਰ ਪੇਡ ਮਾਵਾਂ ਨੂੰ,
ਸਾਂਭ ਸੰਭਾਲ ਤੇ ਲਾਇਆ ਜਾਵੇ।

ਅਮੀਰੀ ਗਰੀਬੀ ਊਚ ਨੀਚ,
ਜ਼ੋਨਲ ਘਰ ਤੋਂ ਦੂਰ ਹੋਵੇ।
ਸਾਂਭ ਸੰਭਾਲ ਪੂਰੀ ਹੋਵੇ,
ਇੱਕੋ ਜਿਹਾ ਦਸਤੂਰ ਹੋਵੇ।


ਇੱਕ ਜ਼ੋਨਲ ਵਿਦਿਅਕ ਕੌਂਸਲ,
ਹਰ ਜ਼ੋਨ ਵਿਚ ਬਣਾਈ ਜਾਵੇ।
ਵਿਚਾਰਵਾਨਾਂ ਵਿਦਵਾਨਾਂ ਦੇ ਹੱਥ,
ਵਾਂਗਡੋਰ ਫੜਾਈ ਜਾਵੇ।


ਆਦਰਸ਼ਕ ਟੀਚਰ ਸਮਰਥਕ ਟੀਚਰ,
ਚੁਣ ਚੁਣ ਕੇ ਲਗਾਏ ਜਾਣ।
ਨਿੱਕ ਮੁਨੱਕੇ ਲਾਲ ਸਾਡੇ,
ਪਿਆਰਾਂ ਨਾਲ ਪੜ੍ਹਾਏ ਜਾਣ।

ਅੰਤਰਮੁਖੀ ਤੇ ਬਾਹਰਮੁਖੀ,
ਤਬਦੀਲੀ ਬੱਚਿਆਂ ਵਿਚ ਲਿਆਈਏ।
ਸਾਰੇ ਜ਼ੋਨਾਂ ਦੇ ਬੱਚੇ ਨੂੰ,
ਸੂਝਵਾਨ ਤੇ ਕਾਬਲ ਬਣਾਈਏ।

ਸਮਾਜ ਬਦਲੇ ਰਾਜ ਬਦਲੇ,
ਬਦਲ ਜਾਣਗੇ ਢਾਂਚੇ ਸਾਰੇ।
ਵਿਦਿਆ ਗਿਆਨ ਵਿਗਿਆਨ ਆਵੇ,
ਜੰਨਤ ਧਰਤ 'ਤੇ ਆ ਜਾਵੇ।

ਜ਼ਮੀਨੀ ਸੱਚ ਸੂਝ ਨਾ ਦੇਈਏ
ਜੰਗਲਾਂ ਵਿੱਚ ਬਹਿ ਲੜੀਏ।
ਆਮ ਲੋਕਾਂ ਨਾਲੋਂ ਕਟੇ ਜਾਈਏ,
ਭੰਗ ਦੇ ਭਾੜੇ ਮਰੀਏ।



ਇਹ ਜੋ ਲਗਨ ਹੈ ਸਾਡੇ ਸੀਨੇ
ਕਿ ਲੋਟੂ ਸਿਸਟਮ ਨੂੰ ਬਦਲਾਈਏ
ਵਿਦਿਆ ਗਿਆਨ ਵਿਗਿਆਨ ਵਧਾਈਏ
ਲੋਕਾਂ ਦੀ ਸੂਝ ਬਦਲਾਈਏ

ਜਦ ਲੋਕੀ ਜਾਗ ਜਾਣਗੇ,
ਹੱਕ ਦੇ ਨਾਅਰੇ ਲਾਉਣਗੇ।
ਅੱਧੀ ਸਦੀ ਤੋਂ ਲਟਕ ਰਿਹਾ,
ਕਾਨੂੰਨ ਬਣਵਾਉਣਗੇ।

ਲੋਕ ਸ਼ਕਤੀ ਨੂੰ ਅੱਗੇ ਲਿਆ ਕੇ
ਆਪੋਂ ਤਲਵਾਰ ਗਲ੍ਹ ਵਿੱਚ ਪਾ ਕੇ
ਲੋਟੂ ਲਾਣੇ ਦੀ ਹੋਸ਼ ਭੁਲਾਈਏ
ਇੰਝ ਠੋਸ ਤਬਦੀਲੀ ਲਿਆਈਏ।

ਐਸਾ ਕਰਨਾ ਨਹੀਂ ਕਾਇਰਤਾ
ਐਸਾ ਕਰਨਾ ਸੂਰਬੀਰਤਾ
ਮੱਧ ਵਰਗੀ ਅੰਨ੍ਹਾ ਕਰ ਰਿਹਾ ਹੈ
ਕੀ ਉਹ ਕਿਸੇ ਤੋਂ ਡਰ ਰਿਹਾ ਹੈ?

ਲੜ ਮਰਨਾ ਹੀ ਕੁਰਬਾਨੀ ਨਹੀਂ
ਤਿਆਗ ਕਰਨਾ ਭੀ ਕੁਰਬਾਨੀ ਹੈ
ਅੱਜ ਜ਼ੋਰਾਵਰੀ ਦਾ ਯੁਗ ਨਹੀਂ 
ਅੱਜ ਦਾ ਯੁਗ ਇਨਸਾਨੀ ਹੈ।

ਲੜ ਮਰਨ ਦੀ ਕਹਾਣੀ
ਬੀਤੀ ਹੋਈ ਕਹਾਣੀ ਹੈ।
ਹੁਣ ਕੋਈ ਕੌਮ ਉਜੱਡ ਨਹੀਂ,
ਹੁਣ ਹਰ ਇੱਕ ਕੌਮ ਸਿਆਣੀ ਹੈ।



ਜਨਮ ਦੌਲਤ ਤੇ ਧਰਮਾਂ ਦੀ
ਹੁਣ ਰਹਿੰਦੀ ਖੂੰਹਦੀ ਨਿਸ਼ਾਨੀ ਹੈ।
ਵਿਦਿਆ ਗਿਆਨ ਵਿਗਿਆਨ ਦੀ
ਹੁਣ ਆਉਣ ਵਾਲੀ ਪਰਧਾਨੀ ਹੈ। 

ਹੁਣ ਲੋਕਾਂ ਦੀ ਸਰਕਾਰ ਹੈ,
ਬੇਸ਼ੱਕ ਬਣੀ ਬਿਗਾਨੀ ਹੈ।
ਸਰਮਾਏਦਾਰੀ ਨਿਜ਼ਾਮ ਦੀ,
ਪ੍ਰਤੀਤ ਸਾਰੀ ਮੁੱਕ ਜਾਣੀ। 

ਮਜ਼ਦੂਰਾਂ ਦੀ ਕਿਸਾਨਾਂ ਦੀ,
ਚਿੱਟ ਕੱਪੜੀਏ ਬੁੱਧੀਮਾਨਾਂ ਦੀ
ਹੁਣ ਉੱਠ ਰਹੀ ਤੁਗਆਨੀ ਹੈ,
ਹੁਣ ਲੋਕ ਸ਼ੰਘਰਸ਼ਾਂ ਦੀ ਕਹਾਣੀ ਹੈ। 
*********

















ਜਾਨਣ ਦਾ ਠੱਪਾ ਕੋਈ ਨਾ ਲਾਵੇ

ਜਾਨਣ ਦਾ ਠੱਪਾ ਕੋਈ ਨਾ ਲਾਵੇ,
ਕਦੀ ਕੋਈ ਪੂਰਾ ਜਾਣ ਨਾ ਪਾਵੇ।
ਗਿਆਨ ਅਧੂਰਾ ਬਦਲਦਾ ਜਾਵੇ,
ਵਿਗਿਆਨ ਸੋਝੀ ਸਾਡੀ ਨਿੱਤ ਵਧਾਵੇ।

ਜੋ ਬੀਤੇ ਨੂੰ ਫੜ ਕੇ ਬੈਠੇ,
ਬਿਨ ਕਿੰਤੂ ਕੀਤਿਆਂ ਮੰਨੀ ਜਾਵੇ।
ਪੁਰਾਣੀਆਂ ਲੀਹਾਂ 'ਤੇ ਉਹ ਚੱਲੇ,
ਸਮੇਂ ਦੇ ਉਹ ਫਿੱਟ ਨਾ ਆਵੇ।

ਧਰਮ ਕਈਆਂ ਨੂੰ ਸਾੜੇ ਫੂਕੇ,
ਕਈਆਂ ਨੂੰ ਜ਼ਹਿਰ ਪਿਆਵੇ।
ਕਈਆਂ ਨੂੰ ਸਲੀਵ ਤੇ ਚਾੜ੍ਹੇ,
ਕਈਆਂ ਨੂੰ ਚੁਰਸਤੇ ਵਿਚ ਮਾਰੇ।

ਮਰਨੋਂ ਮੂਲ ਨਾ ਡਰਨ ਸੁਚਿਆਰੇ,
ਧਰਮਾਂ ਨੇ ਕੀਤੇ ਬਹੁਤ ਕਾਰੇ।
ਮੁੜ ਉਹਨਾਂ ਨੂੰ ਹੀ ਪੂਜਦੇ,
ਜੋ ਕੱਟੜ ਲੋਕਾਂ ਨੇ ਆਪੋਂ ਮਾਰੇ।

ਰੱਬ ਤਾਂ ਨੇਕੀ ਦਾ ਮੁਜ਼ੱਸਮਾ,
ਦੈਵੀ ਗੁਣਾਂ ਦਾ ਹੈ ਭੰਡਾਰ।
ਅਸਲੋਂ ਹੀ ਜੋ ਰੱਬੀ ਬੰਦੇ,
ਸਭਨਾਂ ਨੂੰ ਉਹ ਕਰਨ ਪਿਆਰ।
*********





ਪੜ੍ਹੇ ਨਮਾਜ਼ ਦੇਵੇ ਜ਼ੁਕਾਤ

ਪੜ੍ਹੇ ਨਮਾਜ਼ ਦੇਵੇ ਜ਼ੁਕਾਤ,
ਅਤਿ ਮਚਾਵੇ ਭੁੱਲ ਖੁਦਾਈ।
ਜੇਕਰ ਲੜ ਖੁਦਾ ਦਾ ਫੜਿਆ,
ਮਾਰੇ ਕਿਉਂ ਫਿਰ ਉਹਦੀ ਲੋਕਾਈ।

ਜਪ ਤਪ ਸੰਜਮ ਧਰਮ ਕਮਾਈਏ,
ਜੋ ਜੀ ਚਾਹੇ ਕਰੀਏ।
ਪਰ ਅਕਲਮੰਦਾਂ ਤੇ ਵਿਦਵਾਨਾਂ ਦੀ,
ਸਦਾ ਹੀ ਸੰਗਤ ਕਰੀਏ।

ਸਹਿਜ ਸੁਬਾਹ ਜਿੰਦ ਜਿਊਂਦੇ ਜਾਈਏ,
ਉੱਠਣ ਇਛਾਵਾਂ ਮਨ ਸਮਝਾਈਏ।
ਲਗਾਮ ਆਪਣੇ ਹੱਥ ਵਿਚ ਰੱਖੀਏ,
ਤਾਂ ਪੰਜਾਂ ਤੇ ਕਾਬੂ ਪਾਈਏ।

ਕਾਮ ਕਰੋਧ ਲੋਭ ਮੋਹ ਹਓਮੈਂ,
ਜਿੰਦ ਪੰਜੇ ਗੁਣ ਸੰਗ ਲੈ ਕੇ ਆਈ।
ਇਹਨਾਂ ਪੰਜਾਂ ਦੇ ਕਾਰਨੇ,
ਦੁਨੀਆਂ ਸਾਡੀ ਚੱਲਦੀ ਭਾਈ।

ਭਜਨ ਪਾਠ ਕਦੀ ਕੁਝ ਨਹੀਂ ਕਰਦੇ,
ਜੇਕਰ ਸ਼ੁਭ ਗੁਣ ਨਾ ਅਪਣਾਈਏ।
ਸਦਾ ਚੀਨੀਏ ਆਪਣਾ ਆਪਾ,
ਸਰਬੱਤ ਭਲੇ ਦੀ ਕਾਰ ਕਮਾਈਏ।
*********





ਗੁਰ ਪੀਰ ਪੈਗੰਬਰ ਜਿੰਨੇ ਵੀ ਆਏ

ਗੁਰ ਪੀਰ ਪੈਗੰਬਰ ਜਿੰਨੇ ਵੀ ਆਏ,
ਆਪਣੇ ਸਮੇਂ ਦੀ ਰੇਤ ਉਤੇ।
ਪੈਰ ਚਿੰਨ੍ਹ ਸੱਭਨਾਂ ਨੇ ਪਾਏ,
ਜਨਤਾ ਨੇ ਮੁੜ ਰਾਹ ਬਣਾਏ।

ਪੈੜ ਸਭਨਾਂ ਦੀ ਲਿਸ਼ਕਾਂ ਮਾਰੇ,
ਅੰਧਕਾਰ ਸਭ ਦੂਰ ਭਜਾਏ।
ਪਰ ਹੁਣ ਉਹਨਾਂ ਦੇ ਰਾਹਾਂ ਉੱਤੇ,
ਪੈਰੋਕਾਰਾਂ ਨੇ ਕੰਡੇ ਵਿਛਾਏ।

ਈਸਾ ਮੂਸਾ ਮੁਹੰਮਦ ਨਾਨਕ,
ਜੱਗ ਵਿਚ ਚਾਨਣ ਲੈ ਕੇ ਆਏ।
ਪਰ ਉਹਨਾਂ ਦੇ ਪੈਰੋਕਾਰਾਂ ਨੇ,
ਕਿੰਨੇ ਹੀ ਜਗਦੇ ਦੀਪ ਬੁਝਾਏ।

ਹਰ ਇੱਕ ਰਾਹ ਇੱਕ ਧਰਮ ਬਣ ਗਿਆ,
ਪਰ ਧਰਮਾਂ ਨੇ ਲੋਕ ਉਲਝਾਏ।
ਧਰਮ ਸਾਰੇ ਰਾਹ ਰੱਬ ਦਾ ਦੱਸਣ,
ਪਰ ਪੈਰੋਕਾਰਾਂ ਨੇ ਨਰਕ ਬਣਾਏ।

ਹਰ ਇੱਕ ਆਇਤ ਸਮੇਂ ਸਿਰ ਆਈ,
ਧੁਰ ਕੀ ਬਾਣੀ ਸਮੇਂ ਸਿਰ ਆਏ।
ਜੋ ਆਈਆਂ ਆਇਤਾਂ ਸਭ ਨੂੰ ਮੁਬਾਰਕ,
ਜੋ ਆਈ ਬਾਣੀ ਸਾਡਾ ਸਿਰ ਝੁਕ ਜਾਏ।

ਵਿਰਾਟ ਹੁਕਮ ਸਦਾ ਚੱਲਦਾ ਆਇਆ,
ਨਵੇਂ ਸੁਨੇਹੇ ਘੱਲਦਾ ਆਇਆ।
ਪਰ ਨਵੀਂ ਆਇਤ ਕੋਈ ਸੁਣੇ ਨਾ,
ਜੋ ਆਵੇ ਬਾਣੀ ਉਸਨੂੰ ਠੁਕਰਾਏ।

ਪਲ ਪਲ ਬਦਲੇ ਦੁਨੀਆਂ ਸਾਡੀ,
ਕੋਈ ਸਮੇਂ ਦੇ ਸੰਗ ਸੰਗ ਟੁਰਦਾ ਜਾਏ।
ਜੋ ਬੀਤ ਚੁੱਕੇ ਨੂੰ ਫੜ ਬਹਿ ਜਾਏ,
ਕਾਰਨ ਦੁੱਖਾਂ ਦਾ ਉਹ ਬਣ ਜਾਏ।

ਅੱਜ ਦਾ ਧਰਮ ਰੱਬੀ ਨਹੀਂ
ਅੱਜ ਦਾ ਧਰਮ ਇਨਸਾਨੀ 
ਅੱਜ ਦੀ ਆਇਤ ਤੇ ਉੱਤਰੀ ਬਾਣੀ
ਰੱਬੀ ਨਹੀਂ ਇਨਸਾਨੀ ਹੈ।
*********






















ਜੋ ਰੱਬ ਤੋਂ ਦੂਰ ਚਲੇ ਜਾਂਦੇ ਨੇ

ਜੋ ਰੱਬ ਤੋਂ ਦੂਰ ਚਲੇ ਜਾਂਦੇ ਨੇ,
ਉਹ ਨੇਕੀ ਵੱਲ ਪਿੱਠ ਘੁਮਾਂਦੇ ਨੇ।
ਪਰ ਉਹ ਜੋ ਕੰਮ ਨੇਕੀ ਦਾ ਕਰਦੇ,
ਉਹ ਰੱਬ ਦੀ ਥਾਹ ਪਾ ਜਾਂਦੇ ਨੇ।

ਕੁਲ ਨੇਕੀ ਨੂੰ ਰੱਬ ਆਖੀਦਾ,
ਕੁਲ ਬਦੀ ਨੂੰ ਕਹੀਏ ਸ਼ੈਤਾਨ।
ਨੇਕੀ ਕਰੇ ਜੇਕਰ ਕੋਈ ਬੰਦਾ,
ਰੱਬ ਨਾ ਉਹਨੇ ਭੁਲਾਇਆ ਜਾਣ।

ਜੇ ਪੰਜਾਂ ਤੇ ਕਾਠੀ ਪਾ ਕੇ,
ਪਰਉਪਕਾਰ ਕਮਾਉਂਦੇ ਜਾਈਏ।
ਸੰਤੁਲਨ ਵਿਚ ਜਿੰਦ ਆਪਣੀ ਰੱਖੀਏ,
ਜੰਗ ਜੀਵਨ ਦੀ ਜਿੱਤ ਕੇ ਜਾਈਏ।

ਜੇ ਲੜ ਨੇਕੀ ਦਾ ਫੜ ਕੇ ਰੱਖੀਏ,
ਜਿੰਦ ਭਰੀ ਭਰੀ ਹੋ ਜਾਵੇ।
ਸ਼ੈਤਾਨੀ ਅਬਗੁਣ ਜੇ ਅਪਣਾਈਏ,
ਜਿੰਦ ਦੁੱਖਾਂ ਦੇ ਮੂੰਹ ਆਵੇ।

ਕੌਣ ਕਹਿੰਦੈ ਕਿਧਰੇ ਨਹੀਂ ਰੱਬ,
ਰੱਬ ਤਾਂ ਨੇਕੀ ਦਾ ਮੁਜੱਸਮਾ।
ਨੇਕੀ ਬਿਨਾ ਰਹਿ ਸਕੇ ਨਾ ਜੱਗ,
ਬਿਨ ਨੇਕੀ ਦੇ ਟੁੱਟ ਜਾਵਣ ਤੱਗ।
*********





ਨਰਕ ਸਵਰਗ ਨਾ ਕਿਧਰੇ ਯਾਰੋ

ਨਰਕ ਸਵਰਗ ਨਾ ਕਿਧਰੇ ਯਾਰੋ,
ਜੋ ਜੀਵ ਜੱਗ ਵਿਚ ਆਉਂਦਾ ਹੈ।
ਆਪੇ ਹੀ ਜੱਗ ਨੂੰ ਨਰਕ ਬਣਾਵੇ,
ਆਪੇ ਹੀ ਸਵਰਗ ਬਣਾਉਂਦਾ ਹੈ। 

ਪਿਓ ਦਾਦੇ ਦੇ ਕੀਤੇ ਦਾ ਫਲ,
(ਅਤੇ) ਫਲ ਨਿੱਜ ਕੀਤੀ ਦਾ ਪਾਉਂਦਾ ਹੈ।
ਹਰ ਕਿਸੇ ਨੂੰ ਖੁੱਲ੍ਹ ਹੈ ਏਥੇ,
ਜਿੰਦ ਜੈਸੀ ਚਾਹੇ ਲੰਘਾਉਂਦਾ ਹੈ। 

ਸਾਂਝੀਵਾਲ ਨਿਜ਼ਾਮ ਜੇ ਆਵੇ,
ਪਿਓ ਦਾਦੇ ਦੀ ਕੀਤੀ ਕੋਈ ਨਾ ਪਾਵੇ।
ਹਰ ਕੋਈ ਆਪਣੀ ਕੀਤੀ ਦਾ ਫਲ,
ਨਾਲੋ ਨਾਲ ਹੀ ਪਾਉਂਦਾ ਜਾਵੇ।

ਸਾਡਾ ਆਪਾ ਹੈ ਰਹਿਬਰ ਸਾਡਾ,
ਜੋ ਅਜ਼ਲਾਂ ਤੋਂ ਚਲਿਆ ਆਉਂਦਾ ਹੈ। 
ਜੋ ਆਪੇ ਦੀ ਗੱਲ ਮੰਨਦਾ ਹੈ,
ਉਹ ਸਦਾ ਹੀ ਸਵਰਗ ਹੰਢਾਉਂਦਾ ਹੈ। 

ਪੰਜ ਗੁਣ ਅਬਗੁਣ ਸਾਡੇ ਅੰਦਰ,
ਮਨ ਗੁਣਾਂ ਨੂੰ ਅਬਗੁਣ ਬਣਾਉਂਦਾ ਹੈ।
ਮਨ ਪਿੱਛੇ ਜੋ ਲੱਗ ਤੁਰਦਾ ਹੈ,
ਉਹ ਜਿੰਦ ਨੂੰ ਨਰਕ ਬਣਾਉਂਦਾ ਹੈ। 

ਸੰਤੁਲਨ ਵਿਚ ਜੋ ਪੰਜਾਂ ਨੂੰ ਰੱਖਦਾ,
ਉਹ ਜੀਵਨ ਦਾ ਸੁੱਖ ਪਾਉਂਦਾ ਹੈ। 
ਜੋ ਪੰਜਾਂ ਦੇ ਪਿੱਛੇ ਭੱਜਦਾ,
ਉਹ ਦੁੱਖਾਂ ਵਿਚ ਜਿੰਦ ਲੰਘਾਉਂਦਾ ਹੈ। 
*********
ਗੁਣ ਅਪਣਾਈਏ ਜ਼ੋਰ ਲਗਾ ਕੇ

ਗੁਣ ਅਪਣਾਈਏ ਜ਼ੋਰ ਲਗਾ ਕੇ,
ਅਬਗੁਣ ਝੱਟ ਆ ਜਾਂਦੇ।
ਕਾਇਆ ਸਾਡੀ ਅਬਗੁਣਾਂ ਭਰੀ,
ਗੁਣ ਅਬਗੁਣ ਬਣ ਜਾਂਦੇ। 

ਕਾਮ ਕਰੋਧ ਲੋਭ ਮੋਹ ਹਓਮੈਂ,
ਪੰਜੇ ਗੁਣ ਜਿੰਦ ਲੈ ਕੇ ਆਈ।
ਸੰਤੁਲਨ ਵਿਚ ਜੇ ਰੱਖ ਨਾ ਸਕੀਏ,
ਬਣ ਜਾਂਦੇ ਸਾਰੇ ਅਬਗੁਣ ਭਾਈ।

ਜੱਗ ਵਿਚ ਸਾਰੇ ਜੰਗਲ ਹੀ ਜੰਗਲ,
ਕੋਈ ਬਾਗ ਬਗੀਚਾ ਨਹੀਂ ਸੀ ਕਾਈ।
ਬੇਤਰਤੀਬੇ ਕੰਮ ਕੁਦਰਤ ਦੇ,
ਤਰਤੀਬ ਬੰਦੇ ਨੇ ਆਪ ਬਣਾਈ। 

ਬਾਗ ਲਗਾਵੇ, ਬਗੀਚਾ ਲਗਾਵੇ,
ਨਿੱਤ ਕਰਦਾ ਰਹੇ ਸ਼ਫਾਈ।
ਪੰਜੇ ਸਿਫਤਾਂ ਗੁਣ ਬਣ ਜਾਵਣ,
ਕਰ ਕਰਕੇ ਤਕੜਾਈ।

ਬੇਵਸ ਬੰਦਾ ਹੋ ਜਾਂਦਾ ਹੈ,
ਜੇ ਸੰਤੁਲਨ ਨਾ ਰੱਖੇ ਕਾਈ।
ਭੋਰਾ ਭਰ ਦੀ ਤਿਲਕਣਬਾਜ਼ੀ,
ਬੰਦੇ ਨੂੰ ਕਰ ਦੇਵੇ ਸੁਦਾਈ।

ਕਹਿ ਛੱਡਦਾ ਹੈ ਕਿਸਮਤ ਸਾਡੀ,
ਰੱਬ ਪੰਜਾਂ ਦੇ ਵਸ ਪਾਈ।
ਕਾਮ ਕਰੋਧ ਲੋਭ ਮੋਹ ਹਓਮੈਂ,
ਤਿਆਗੇ ਨਾ ਜਾਂਦੇ ਭਾਈ।

ਇਹਨਾਂ ਸੰਗ ਜਿਊਣਾ ਸਿੱਖ ਲੈ,
ਇਹ ਰਾਸ ਗੁਣਾਂ ਦੀ ਭਾਈ।
ਸੰਤੁਲਨ ਵਿਚ ਪੰਜਾਂ ਨੂੰ ਰੱਖੀਏ,
ਇਹ ਕੁਦਰਤ ਬਣਤ ਬਣਾਈ। 
*********



























ਅਸੀਂ ਜੋ ਵੀ ਕੁਝ ਬਣਾਉਂਦੇ ਹਾਂ

ਅਸੀਂ ਜੋ ਵੀ ਕੁਝ ਬਣਾਉਂਦੇ ਹਾਂ,
ਦੋ ਵਾਰ ਬਣਾਉਂਦੇ ਹਾਂ।
ਪਹਿਲਾਂ ਖਿਆਲਾਂ ਵਿਚ ਬਣਾਈਏ,
ਫਿਰ ਅਕਲ ਦੌੜਾਉਂਦੇ ਹਾਂ।

ਆਪਣੀ ਦਿਮਾਗੀ ਸ਼ਕਤੀ ਦੀ,
ਇੱਕ ਫੁਆਰ ਚਲਾਉਂਦੇ ਹਾਂ।
ਕਲਪਣਾ ਸ਼ਕਤੀ ਨੂੰ ਵਧਾ ਕੇ,
ਕੁਝ ਕਰ ਦਿਖਾਉਂਦੇ ਹਾਂ।

ਸਾਡਾ ਇਹ ਜਹਾਨ ਜਿਸਦੀ ਵੱਡੀ ਸ਼ਾਨ,
ਕਿਸੇ ਵੱਡੀ ਸ਼ਾਨ ਵਾਲੇ ਦਾ ਲੱਗਦਾ ਹੈ ਖਿਆਲ।
ਸੱਚੀਂ ਜੇਕਰ ਐਸਾ ਹੁੰਦਾ ਪੈਦਾ ਕਦੀ ਨਾ ਕਰਦਾ,
ਜੱਗ ਵਿਚ ਏਨੇ ਜੰਜਾਲ।

ਸਾਨੂੰ ਸਾਡਾ ਅਨੁਭਵ ਦਸਦਾ,
ਕਿ ਪਰਮ ਸੱਤਾ ਦਾ ਇਹ ਕਮਾਲ।
ਧਾਰਿਆ ਜਿਸਨੇ ਮਾਣਸ  ਜਾਮਾ,
ਚੱਲ ਕੇ ਲੰਮੀ ਚਾਲ।

ਸਦਾ ਸੋਚੀਏ ਕਰ ਸਕਦੇ ਹਾਂ,
ਅਸੀਂ ਸੱਭ ਕੁਝ ਜੱਗ ਵਿਚਕਾਰ।
ਰੱਬੀ ਕਿਣਕਾ ਜਿੰਦ ਹੈ ਸਾਡੀ,
ਹੈ ਜਿਸਦਾ ਸੱਭ ਪਾਸਾਰ।

ਆਪਣੇ ਆਪ ਨੂੰ ਤੁਛ ਨਾ ਜਾਣੀਏ,
ਸਾਡਾ ਆਪਾ ਹੈ ਸੰਸਾਰ।
ਸਦਾ ਲਈਏ ਉਚੇਰੇ ਸੁਪਨੇ,
ਚੰਗੇਰੀ ਕਰੀਏ ਕਾਰ।

ਜੇ ਖਿਆਲ ਆਵੇ ਹੁਣ ਕਰ ਨਹੀਂ ਸਕਦੇ,
ਇਸ ਤੋਂ ਵੱਧ ਯਾਰ।
ਫਿਰ ਵਿਤੋਂ ਵੱਧ ਜੋ ਸ਼ਕਤੀ ਸਾਡੀ,
ਕਰ ਦਿੰਦੀ ਹੈ ਕਮਾਲ।

ਕਦੀ ਨਾ ਢੇਰੀ ਢਾਈਏ ਜਿੰਦ ਵਿਚ,
ਕਦੀ ਨਾ ਭੁਲੀਏ ਰੱਬੀ ਜਲਾਲ।
ਇੱਕ ਕਦਮ ਜੇ ਹੋਰ ਚਲੀਏ,
ਹੋ ਜਾਂਦੀ ਹੈ ਬਹੁਤ ਕਮਾਲ।
*********






















ਰੀਸ ਸੂਰਜ ਦੀ ਕਰ ਨਹੀਂ ਸਕਦਾ

ਰੀਸ ਸੂਰਜ ਦੀ ਕਰ ਨਹੀਂ ਸਕਦਾ,
ਕੋਈ ਮਿੱਟੀ ਦਾ ਦੀਵਾ।
ਪਰ ਉਹ ਵੀ ਚਾਨਣ ਦਿੰਦਾ ਜਾਵੇ,
ਆਪਣਾ ਆਪ ਜਲਾ ਕੇ।

ਮਹਾਨ ਕਾਰਜ ਕਰ ਜਾਂਦੇ ਨੇ,
ਦੁਨੀਆਂ ਦੇ ਛੋਟੇ ਬੰਦੇ।
ਹੋ ਜਾਂਦੇ ਨੇ ਜੋ ਕੁਰਬਾਨ,
ਮਹਾਨ ਬੰਦੇ ਦਾ ਮਿਸ਼ਨ ਅਪਣਾ ਕੇ।

ਕਮੀਨੀ ਰਹੇ ਬੇਸ਼ੱਕ ਦੁਨੀਆਂ,
ਬੇਸ਼ੱਕ ਨਾ ਬਦਲੇ ਸਾਡਾ ਸਮਾਜ।
ਉਹ ਆਪਣਾ ਫਰਜ਼ ਪੁਗਾ ਜਾਂਦਾ ਹੈ,
ਕੁਝ ਕੁ ਫਰਕ ਤਾਂ ਪਾ ਜਾਂਦਾ ਹੈ। 

ਘਿਰਨਾ, ਈਰਖਾ, ਸਵੈ-ਪ੍ਰਸੰਸਾ ਤੇ ਚਾਪਲੂਸੀ,
ਝੁਠ, ਫਰੇਬ, ਮਨ ਦੀ ਕਮਜ਼ੋਰੀ ਤੇ ਕੌੜੀ ਭਾਸ਼ਾ,
ਚ੍ਰਿਤਰਹੀਣਤਾ, ਚੋਰੀ, ਅਪਰਾਧ, ਜੇਕਰ ਬੰਦਾ ਤਿਆਗੇ,
ਉੱਠ ਜਾਂਦਾ ਹੈ ਉਚੇਰਾ ਗਹਿਰੀ ਬਿਰਤੀ ਲਾ ਕੇ।

ਬਦਲ ਜਾਣਗੇ ਸਾਰੇ ਬੰਦੇ ਦੁਨੀਆਂ ਚੰਗੀ ਬਣ ਜਾਵੇਗੀ,
ਖਿੱਚ ਪਵੇ ਫਿਰ ਦੁਨੀਆਂ ਦੀ ਸਾਨੂੰ ਜਿਊਣਾ ਚੰਗਾ ਲੱਗੇ।
ਕੋਈ ਨਾ ਫਿਰ ਤਿਆਗੇ ਦੁਨੀਆਂ ਕੋਈ ਨਾ ਕਿਧਰੇ ਭੱਜੇ,
ਦੁਨੀਆਂ ਪਿਆਰੀ ਬਣ ਜਾਵੇਗੀ ਸੋਹਣੀ ਸੋਹਣੀ ਲੱਗੇ।
*********





ਡੇਰੇਦਾਰਾਂ ਸਾਧਾਂ ਸੰਤਾਂ ਨੇ ਰੌਲਾ ਪਾਇਆ ਹੈ

ਡੇਰੇਦਾਰਾਂ ਸਾਧਾਂ ਸੰਤਾਂ ਨੇ ਰੌਲਾ ਪਾਇਆ ਹੈ,
ਮਰਨ ਤੋਂ ਪਹਿਲਾਂੰ ਮਰਨ ਦਾ ਢੰਗ ਸਾਨੂੰ ਆਇਆ ਹੈ।
ਲਾ ਸਮਾਧੀ ਮਰਨ ਦਾ ਢੰਗ ਸਿਖਾਉਂਦੇ ਨੇ,
ਕੀਮਤੀ ਸਮਾਂ ਜਿਊਣ ਦਾ ਅਜਾਈਂ ਗੁਆਉਂਦੇ ਨੇ।

ਸਮਾਧੀ ਲਾ ਕੇ ਮਰਨਾ ਸਿੱਖਦੇ,
ਕਿ ਭੈਅ ਮੌਤ ਦਾ ਨ ਡਰਾਵੇ।
ਬਲਿਹਾਰੀ ਇਹਨਾਂ ਸਾਧਾਂ ਸੰਤਾਂ ਦੇ,
ਕਿ ਭੈਅ ਮੌਤ ਦਾ ਵੱਢ ਵੱਢ ਖਾਵੇ।

ਕੋਈ ਆਖੇ ਮੈਂ ਨਿੱਤ ਮਰਦਾ ਹਾਂ,
ਕੋਈ ਆਖੇ ਮੈਂ ਮਰਨ ਸਿਖਾਵਾਂ।
ਫਿਰ ਜਿਊਣਾ ਕੌਣ ਸਿਖਾਵੇ ਜੱਗ ਨੂੰ,
ਚੁੰਬੜ  ਜਾਣ ਜੇ ਇਹ ਬਲਾਵਾਂ।

ਮਰਨਾ ਸਿੱਖਣ ਕਦੀ ਨਾ ਜਾਈਏ,
ਦੂਈ ਦਵੈਸ਼ ਮਨੋਂ ਮਿਟਾਈਏ।
ਹਓਮੈਂ ਦੇ ਨੇੜੇ ਨਾ ਜਾਈਏ,
ਸੁਤੇ-ਸਿੱਧ ਹੀ ਜਿਊਂਦੇ ਜਾਈਏ।

ਦਰਦੇ ਦਿਲ ਸੀਨੇ ਵਿਚ ਰੱਖੀਏ,
ਲੋੜਵੰਦਾਂ ਦੇ ਕੰਮ ਆ ਜਾਈਏ।
ਭੈਅ ਮੌਤ ਦਾ ਮਨ ਵਿਚ ਪਾ ਕੇ,
ਸਵਾਦ ਜਿਊਣ ਦਾ ਨਾ ਗਵਾਈਏ।

ਦੱਸੋ ਭਲਾ ਕੀ ਘਾਟਾ ਸਾਨੂੰ,
ਮੌਤ ਸਾਡੀ ਸਾਨੂੰ ਪਾਉਂਦੀ।
ਤਾਪ ਪੰਜਾਂ ਦਾ ਸਾਨੂੰ ਤਪਾਵੇ,
ਮੌਤ ਆ ਕੇ ਠੰਡ ਪਾਉਂਦੀ।

ਵੀਰ ਮੇਰੇ ਜਿਊਣਾ ਸਿੱਖ ਲੈ,
ਜੱਗ ਵਿਚ ਕੁਝ ਕੁ ਹੋਣਾ ਸਿੱਖ ਲੈ।
ਮਰਨਾ ਮਨੋ ਵਿਸਾਰੀ ਨਾ,
ਪਰ ਮਰਨ ਤੋਂ ਡਰ ਡਰ ਜਾਵੀਂ ਨਾ।
********



























ਛੱਡ ਦੇ ਸਾਧਾਂ ਸੰਤਾਂ ਦੇ ਡੇਰੇ

ਛੱਡ ਦੇ ਸਾਧਾਂ ਸੰਤਾਂ ਦੇ ਡੇਰੇ,
ਜੋ ਕਰੇ ਪਾਖੰਡ ਤੇ ਮਾਲਾ ਫੇਰੇ।
ਕਾਮ ਕਰੋਧ ਲੋਭ ਮੋਹ ਹਓਮੈਂ,
ਇਹਨਾਂ ਨੂੰ ਵੀ ਰੱਜ ਰੱੱਜ ਘੇਰੇ।

ਤੱਗ ਇਹਨਾਂ ਦੇ ਟੁੱਟ ਜਾਂਦੇ ਨੇ,
ਪਰ ਤੱਗ ਨਾ ਟੁੱਟਣ ਤੇਰੇ।
ਸੱਚੀ ਲਗਨ ਜੇ ਤੈਨੂੰ ਲਗੀ,
ਘਰ ਬਹਿ ਕੇ ਕਰੀਂ ਨਿਬੇੜੇ।

ਰੱਬ ਨੂੰ ਪਾਉਣ ਦੀ ਚਾਹ ਛੱਡ ਦੇ,
ਰੱਬ ਸੰਗ ਸੰਗ ਰਹਿੰਦਾ ਤੇਰੇ।
ਜੋ ਕੁਝ ਵੇਖੇਂ ਰੱਬ ਹੀ ਰੱਬ ਹੈ,
ਇਸ ਪਰਮ ਸੱਤਾ ਦੇ ਵੇਹੜੇ।

ਕਾਨੂੰਨੇ ਕੁਦਰਤ ਜੱਗ ਵਿਚ ਚੱਲੇ,
ਵਿਰਾਟ ਹੁਕਮ ਦੀ ਬੱਲੇ ਬੱਲੇ।
ਤੂੰ ਸੱਚੀ ਸੁੱਚੀ ਕਾਰ ਕਮਾ,
ਆਪਣੇ ਫਰਜ਼ ਪੁਗਾਉਂਦਾ ਜਾਹ।

ਇੱਕ ਗੱਲ ਨਾ ਕਦੀ ਮਨੋਂ ਭੁਲਾਵੀਂ,
ਕਿ ਸੱਭ ਕੁੱਝ ਹੈ ਵਸ ਤੇਰੇ।
ਪਰ ਜੋ ਕੁਝ ਵਸ ਹੈ ਨਹੀਂ ਤੇਰੇ,
ਉਹ ਕੁਝ ਵਸ ਨਹੀਂ ਕਿਸੇ ਦੇ।

ਅਸੀਂ ਸਾਰੇ ਇੱਕੋ ਮਾਲਾ ਦੇ ਮਣਕੇ,
ਕਦੀ ਨਾ ਰਹੀਏ ਤਣ ਕੇ।
ਸੂਰਜ ਤਾਰੇ ਸਿਤਾਰੇ ਤੇ ਜੀਵ ਸਾਰੇ,
ਸਾਰੇ ਦੇ ਸਾਰੇ ਸਾਡੇ,
ਅਸੀਂ ਰਹੀਏ ਉਹਨਾਂ ਦੇ ਬਣ ਕੇ।
*********
ਮੰਦਰੀਂ ਮਸਜਿਦੀਂ ਗੁਰਦੁਆਰੀਂ

ਮੰਦਰੀਂ ਮਸਜਿਦੀਂ ਗੁਰਦੁਆਰੀਂ,
ਬੇਸ਼ੱਕ ਕਦੀ ਨਾ ਜਾਵੀਂ।
ਪਰ ਜੇਕਰ ਜਾਵੇਂ ਗੁਰਦੁਆਰੀਂ,
ਮਸਜਿਦੀਂ ਜਾ ਕੇ ਵੀ ਆਵੀਂ।

ਬਾਬਾ ਨਾਨਕ ਦਾ ਫਰਮਾਨ,
ਗੁਰ ਗੋਬਿੰਦ ਕੀਤਾ ਐਲਾਨ।
ਏਕ ਪਿਤਾ ਏਕਸ ਕੇ ਹਮ ਬਾਰਕ,
ਜਿਨ ਪ੍ਰੇਮ ਕਿਓ ਪਾਇਆ ਭਗਵਾਨ।

ਮੁਹੰਮਦ ਜੀ ਨੇ ਹੈ ਫਰਮਾਇਆ,
ਪੜ੍ਹੀਂ ਨਮਾਜ ਦੇਵੀਂ ਜ਼ਕਾਤ,
ਕੋਈ ਨਾ ਏਥੇ ਹੈ ਪਰਾਇਆ।
ਸਭ ਨੂੰ ਸਭ ਦਾ ਦੀਨ ਮੁਬਾਰਕ,
ਸਭਨਾਂ ਦਾ ਹੈ ਇੱਕੋ ਖੁਦਾਇਆ।

ਮੰਦਰ ਮਸਜਿਦ ਦੇ ਝਗੜੇ,
ਕੋਈ ਵੀ ਯਾਰੋ ਪਾਵੇ ਨਾ।
ਜਿਥੇ ਰਾਮ ਦਾ ਜਨਮ ਸਥਾਨ,
ਕੋਈ ਮਸਜਿਦ ਉਥੇ ਬਣਾਵੇ ਨਾ।

ਰਲ ਮਿਲ ਸਾਰੇ ਉਸਾਰੀਏ ਮਸਜਿਦ,
ਰਲ ਮਿਲ ਕੇ ਸਾਰੇ ਮੰਦਰ ਬਣਾਈਏ।
ਬੇਸ਼ੱਕ ਕਿਧਰੇ ਚਰਚ ਵੀ ਹੋਵੇ,
ਧਰਮ ਅਸਥਾਨ ਨਾ ਕਿਸੇ ਦਾ ਢਾਈਏ।

ਇਕੱਲਤਾ ਦੇ ਵਿਚ ਬਹਿ ਕੇ ਕਦੀ,
ਰੱਬ ਲਗਦੀ ਇੱਕ ਸੋਚ ਦੌੜਾਈਏ।
ਕਿ ਅਲਾਹ ਵਾਹਿਗੁਰੂ ਰਾਮ,
ਸਾਰੇ ਪਰਮ ਸੱਤਾ ਦੇ ਨਾਮ।

ਕਿਉਂ ਨਾ ਹੋਵੇ ਸੱਭ ਦਾ ਸਾਂਝਾ,
ਇੱਕੋ ਹੀ ਪੂਜਾ ਅਸਥਾਨ।
ਮਿਲ ਬਹਿ ਕੇ ਜਿਥੇ ਸੋਚੀਏ,
ਕਿ ਕਿਵੇਂ ਹੋਵੇ ਸਭ ਦਾ ਕਲਿਆਣ।
*********

























ਸੂਰਜ ਚੜ੍ਹਦਾ ਮਾਰ ਚਟਾਕਾ

ਸੂਰਜ ਚੜ੍ਹਦਾ ਮਾਰ ਚਟਾਕਾ,
ਉਤਾਂਹ ਨੂੰ ਨਸ ਨਸ ਜਾਂਦਾ।
ਚੜ੍ਹਦਾ ਚੜ੍ਹਦਾ ਚੜ੍ਹ ਜਾਵੇ ਉੱਚਾ,
ਪਰ ਠਹਿਰਨ ਮੂਲ ਨਾ ਪਾਂਦਾ।

ਨਿੱਘਾ ਨਿੱਘਾ ਸੀ ਜਦੋਂ ਤੱਕ,
ਵੱਲ ਉਚਤਾ ਪਿਆ ਵਧੇ।
ਪਰ ਹੰਕਾਰਿਆ ਅੱਗ ਵਰਸਾਈ,
ਸਿਰ ਪਰਨੇ ਪਿਆ ਡਿਗੇ।

ਤਿਵੇਂ ਹਲੀਮੀ ਨੇਕੀ ਕਾਰਨ,
ਜੀਵਨ ਖਿੜਦਾ ਜਾਵੇ।
ਪਰ ਵੇਖੀਂ ਹੰਕਾਰ ਦੀ ਗਰਮੀ,
ਇਸ ਨੂੰ ਮਾਰ ਮੁਕਾਵੇ।

ਤੱਕੀਏ ਭੰਬੂਕਾ ਅੱਗ ਦਾ,
ਥੋੜ੍ਹਾ ਚਿਰ ਲਈ ਅਤਿ ਮਚਾਵੇ।
ਬੁਝਣ ਲੱਗਿਆਂ ਐਸਾ ਬੁਝੇ,
ਪਿਆ ਜੀਵਨ ਨੂੰ ਤਰਸਾਵੇ।

ਹਓਮੈਂ ਬੇਸ਼ੱਕ ਅਤਿ ਜ਼ਰੂਰੀ,
ਪਰ ਹਓਮੈਂ ਵਿਚ ਨਾ ਆਵੇ।
ਨਿਮਰਤਾ ਸਦਾ ਹੀ ਸੁਖ ਦਿੰਦੀ ਹੈ,
ਹਓਮੈਂ ਮਾਰ ਮੁਕਾਵੇ।
*********




ਪਿਆਰ ਦੀ ਚੜ੍ਹ ਉੱਚੀ ਟੀਸੀ

ਪਿਆਰ ਦੀ ਚੜ੍ਹ ਉੱਚੀ ਟੀਸੀ,
ਜਦ ਚਾਰ ਚੁਫੇਰੇ ਤੱਕਾਂ।
ਮੈਨੂੰ ਇੱਕੋ ਪਿਆਰਾ ਦਿਸੇ,
ਮੈਂ ਤਕਦੀ ਕਦੀ ਨਾ ਥੱਕਾਂ।

ਇੱਕ ਵਾਰੀ ਜੇ ਕੋਈ ਤੱਕੇ,
ਐਸੀ ਚੜ੍ਹ ਜਾਏ ਖੁਮਾਰੀ।
ਜਾਵੇ ਇੱਕੋ ਰੰਗ ਵਿਚ ਰੰਗਿਆ,
ਉਹਨੂੰ ਦੁਨੀਆਂ ਬਿੱਟ ਬਿੱਟ ਤੱਕੇ।

ਇਸ ਟੀਸੀਓਂ ਉਰਲੇ ਪਾਸੇ,
ਇਹ ਦੁਨੀਆਂ ਸਾਡੀ ਵਸੇ।
ਇਸ ਟੀਸੀਓਂ ਪਰਲੇ ਪਾਸੇ,
ਇਹ ਆਪਣਾ ਆਪ ਭੀ ਮੁੱਕੇ।
*********















ਬਿਨ ਸਾਗਰ ਦੇ ਬੂੰਦ ਨਾ ਕਿਧਰੇ,

ਬਿਨ ਸਾਗਰ ਦੇ ਬੂੰਦ ਨਾ ਕਿਧਰੇ,
ਬੂੰਦ ਬਿਨਾ ਸਾਗਰ ਨਾ ਕੋਈ।
ਪਹਿਲਾਂ ਬੂੰਦ ਫਿਰ ਸਾਗਰ ਹੋਈ,
ਹਰ ਇੱਕ ਸ਼ੈਅ ਵਿਚ ਰੱਬੀ ਕਿਣਕਾ,
ਜਿਸ ਨੇ ਦੁਨੀਆਂ ਸਾਰੀ ਪਰੋਈ।

ਜਿਵੇਂ ਸਾਗਰ 'ਚੋਂ ਬੂੰਦ ਪਾਣੀ ਦੀ,
ਚੋਂਚ ਭਰ ਪੰਛੀ ਪੀ ਜਾਵੇ।
ਪਰਮ ਆਤਮਾ 'ਚੋਂ ਹਰ ਜੀਵ,
ਅੰਸ਼-ਆਤਮਾ ਦੀ ਲੈ ਆਵੇ।

ਰੱਬੀ ਕਿਣਕਾ ਅੰਸ਼ ਆਤਮ ਦੀ,
ਮਹਾਂ-ਮਸ਼ੀਨ ਉਹਨੂੰ ਲੱਭਦੀ ਜਾਵੇ।
ਮੁਢਲੀ ਪਰਮ ਸੱਤਾ ਇਸ ਜੱਗ ਦੀ,
ਅਲਾਹ ਰਾਮ ਵਾਹਿਗੁਰੂ ਅਖਵਾਵੇ।

ਗੰਦ ਮੰਦ ਵਿਚ ਬੂੰਦ ਫਸੀ ਜੋ,
ਡੂੰਘਾਨਾਂ ਵਿਚ ਬੂੰਦ ਧਸੀ ਜੋ।
ਉਡ ਉਡ ਕੇ ਸਾਗਰ ਵਲ ਜਾਵੇ,
ਤਿਵੇਂ ਆਤਮ ਪਰਮ-ਆਤਮ ਸੰਗ ਸਮਾਵੇ।

ਬੂੰਦ ਕਦੀ ਭੀ ਜ਼ੋਰ ਨਾ ਲਾਵੇ,
ਅਟਲੱ ਹੁਕਮ ਅੱਗੇ ਝੁਕ ਜਾਵੇ।
ਉਡਦੀ ਡਿਗਦੀ, ਡਿਗਦੀ ਉਡਦੀ,
ਸ਼ੌਹ ਸਾਗਰ ਵਿਚ ਜਾ ਸਮਾਵੇ।

ਜ਼ੋਰ ਮਾਰਿਆਂ ਕੁਝ ਨਾ ਹੋਵੇ,
ਲੱਖ ਨਾਮ ਜਪੇ ਜਾਂ ਨਾਮ ਧਿਆਵੇ।
ਇੱਕੋ ਨਿਯਮ ਵਿਰਾਟ ਹੁਕਮ ਦਾ,
ਜੱਗ ਦੀ ਕਾਰ ਚਲਾਵੇ।
ਵਿਕਾਸ ਨਾਚ ਨਿੱਤ ਹੋ ਰਿਹਾ ਹੈ

ਵਿਕਾਸ ਨਾਚ ਨਿੱਤ ਹੋ ਰਿਹਾ ਹੈ,
ਕਦੀ ਨਾ ਥੰਮ੍ਹੇ ਇਹ ਥੰਮ੍ਹਾਇਆ।
ਵਿਰਾਟ ਹੁਕਮ ਦਾ ਇਹ ਜਾਇਆ,
ਜੋ ਸਦਾ ਤੋਂ ਚਲਦਾ ਆਇਆ।

ਮੁਰਖ ਮੱਤ ਇਨਸਾਨ ਦੀ,
ਵਿਰਾਟ ਹੁਕਮ ਨੂੰ ਸਮਝ ਨਾ ਪਾਇਆ।
ਅਰਬਾਂ ਖਰਬਾਂ ਸਾਲਾਂ ਦੇ ਵਿਚ,
ਬ੍ਰਹਿਮੰਡ ਸਾਡਾ ਹੋਂਦ 'ਚ ਆਇਆ।

ਬੇਸਮਝੀ ਵਿਚ ਬੰਦੇ ਨੇ,
ਪਹਿਲਾਂ ਦੇਵੀ ਦੇਵ ਮਨਾਏ।
ਦੇਵੀ ਦੇਵਾਂ ਦੇ ਸਿਰਤਾਜ,
ਫਿਰ ਰੱਬ ਜੀ ਨੂੰ ਲੈ ਕੇ ਆਏ।

ਅਸਲੋਂ ਤਾਂ ਇੱਕ ਪਰਮ ਸੱਤਾ ਹੈ,
ਜੋ ਸਭ ਕੁਝ ਆਪੋਂ ਹੁੰਦੀ ਜਾਵੇ।
ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।

ਨਾ ਬਹਿ ਕੇ ਰੱਬ ਨੇ ਜੱਗ ਬਣਾਇਆ,
ਨਾ ਬਹਿਸ਼ਤ ਵਿਚੋਂ ਬੰਦਾ ਭਜਾਇਆ।
ਨਾ ਨਰਕਾਂ ਵਿਚ ਕਿਸੇ ਨੂੰ ਸੁੱਟੇ,
ਨਾ ਸਵਰਗਾਂ ਵਿਚ ਲਿਜਾਵੇ।

ਹਰ ਕੋਈ ਆਪਣੀ ਕਹਿਣੀ ਕਰਨੀ,
ਅਤੇ ਸੋਚਣੀ ਦਾ ਫਲ ਪਾਵੇ।
ਪਿਓ ਦਾਦੇ ਨੇ ਜੋ ਵੀ ਕੀਤਾ,
ਉਸ ਨੂੰ ਵੀ ਹੰਢਾਵੇ।

ਜਿਉਂ ਜਿਉਂ ਸੋਚ ਬੰਦੇ ਦੀ ਬਦਲੀ,
ਨਵੇਂ ਨਵੇਂ ਪ੍ਰਬੰਧ ਚਲਾਵੇ।
ਤਜਰਬੇ ਕੀਤੇ ਭਾਂਤ ਭਾਂਤ ਦੇ,
ਪਰਬੰਧ ਬਦਲਾਉਂਦਾ ਆਵੇ।

ਹਰ ਮੰਜ਼ਲ ਤੇ ਅੜ ਕੇ ਬਹਿੰਦਾ,
ਜੋ ਸਿਥੱਥ ਸਿਸਟਮ ਬਣ ਜਾਵੇ।
ਪਰ ਬੰਦਾ ਤਾਂ ਆਖਰ ਬੰਦਾ ਹੈ,
ਸਮੇਂ ਅਨੁਸਾਰ ਸਿਸਟਮ ਬਦਲਾਵੇ।

ਵਿਕਾਸ ਨਾਚ ਜੋ ਹੋ ਰਿਹਾ ਹੈ,
ਸਮੇਂ ਅਨੁਸਾਰ ਸੋਚ ਬਦਲਾਵੇ।
ਬੰਦਾ ਤਤਪਰ ਹੋ ਜਾਂਦਾ ਹੈ,
ਨਵੀਂ ਸੂਝ ਇਸ ਨੂੰ ਆਵੇ।

ਕਰੇ ਨਾ ਬਰਦਾਸ਼ਤ ਬੰਦਾ,
ਜੋ ਵੀ ਸਿਸਟਮ ਦੁੱਖ ਪੁਚਾਵੇ।
ਵਿਕਾਸ ਨਾਚ ਜੇ ਕੋਈ ਰੋਕੇ
ਬੰਦਾ ਕਰਾਂਤੀ ਆਪ ਲਿਆਵੇ।

ਅਜੋਕਾ ਪੂੰਜੀਵਾਦੀ ਸਿਸਟਮ,
ਅੱਜ ਬੰਦੇ ਨੂੰ ਕਲਪਾਵੇ।
ਅਮੀਰ ਗਰੀਬ ਦਾ ਪਾੜਾ,
ਦੁਨੀਆਂ ਵਿਚ ਵਧਾਵੇ।

ਅਜੋਕੇ ਧਰਮ ਥੰਮ੍ਹ ਇਸਦੇ,
ਬੰਦਾ ਧਰਮਾਂ ਨੂੰ ਬਦਲਾਵੇ।
ਸਿਆਸੀ ਸਮਾਜੀ ਆਰਥਿਕ ਵਿਤਕਰੇ,
ਬੰਦਾ ਸਹਿ ਨਾ ਪਾਵੇ।

ਉਲਾਰੂ ਸਿਸਟਮ ਮਾਰੂ ਨਿਜ਼ਾਮ,
ਜਿੰਨੇ ਮਰਜੀ ਪੈਰ ਅੜਾਵੇ।
ਸਮੇਂ ਨੇ ਸਭ ਨੂੰ ਪਾਰ ਬੁਲਾਉਣਾ।
ਜਾਂ ਵਿਦਿਆ, ਗਿਆਨ ਵਿਗਿਆਨ ਬਦਲਾਵੇ।
*********
ਕੀਮਤ ਸਾਡੀ ਕੀੜੀ ਨਾਲੋਂ

ਕੀਮਤ ਸਾਡੀ ਕੀੜੀ ਨਾਲੋਂ,
ਭੋਰਾ ਭਰ ਵੱਧ ਨਹੀਂ ਭਾਈ।
ਸਾਡੇ ਨਾਲੋਂ ਤਾਂ ਕੀੜੀ ਚੰਗੀ,
ਕਰੇ ਸਭਨਾਂ ਲਈ ਕਮਾਈ।

ਹੱਕ ਕਿਸੇ ਦਾ ਉਹ ਨਾ ਖਾਵੇ,
ਉਹ ਕਰੇ ਨਾ ਕਦੀ ਲੁਟਾਈ।
ਪੈਰ ਪੈਰ 'ਤੇ ਆਦਮ ਦਾ ਪੁੱਤ,
ਕਰਦਾ ਫਿਰੇ ਲੁਟਾਈ।

ਅਟੱਲ ਹੁਕਮ ਉਹ ਸਦਾ ਵਜਾਵੇ,
ਪਰ ਬੰਦੇ ਨੂੰ ਸੋਝੀ ਨਾ ਆਵੇ।
ਸ਼ੈਤਾਨੀ ਖਿੱਚ ਬੰਦੇ ਨੂੰ ਖਿੱਚੇ,
ਭੁੱਲ ਜਾਵੇ ਕੁਲ ਖੁਦਾਈ।

ਆਪ ਹੁਦਰਾ ਬਣ ਸਕਣ ਲਈ,
ਬੰਦੇ ਨੇ ਹੈ ਬੁਧ ਵਧਾਈ।
ਸਰਬੱਤ ਭਲੇ ਲਈ ਬੁੱਧ ਨਾ ਵਰਤੇ,
ਕਰਦਾ ਫਿਰੇ ਲੁਟਾਈ।

ਭੋਰਾ ਭਰ ਹੈ ਬੁਧ ਕੀੜੀ ਦੀ,
ਸਰਬੱਤ ਭਲੇ ਲਈ ਕਰੇ ਕਮਾਈ।
ਕੀ ਲੈਣਾ ਫਿਰ ਬੁਧ ਵਧਾ ਕੇ,
ਦੂਈ ਦਵੈਸ਼ ਜੇ ਨਾ ਭੁਲਾਈ।
*********





ਜਿੰਨੀ ਕੁ ਬੁੱਧ ਹੈ ਕਿਸੇ ਦੀ

ਜਿੰਨੀ ਕੁ ਬੁੱਧ ਹੈ ਕਿਸੇ ਦੀ,
ਤਰਕ ਕਰੇ ਓਨਾ ਕੁ ਲਭ ਪਾਵੇ।
ਬਣ ਭਿਖਸ਼ੂ ਫਿਰ ਥਾਂ ਥਾਂ ਘੁੰਮੇ,
ਗਿਆਨ ਜੱਗ ਨੂੰ ਦਿੰਦਾ ਜਾਵੇ।

ਅੰਧ-ਵਿਸ਼ਵਾਸ਼ੀ ਫੈਲੀ ਜੱਗ ਵਿਚ,
ਸਚਿ ਚੰਦਰਮਾ ਦਿਸ ਨਾ ਪਾਵੇ।
ਤਰਕਵਾਦੀ ਪਰ ਚੋਟ ਨਾ ਮਾਰੇ,
ਦਲੀਲ ਨਾਲ ਅੰਧਕਾਰ ਮਿਟਾਵੇ।

ਸਦਾ ਹੀ ਕਿੰਤੂ ਕਰਦੇ ਜਾਈਏ,
ਕੂੜ ਕੁਫਰ ਸਭ ਦੂਰ ਭਜਾਈਏ,
ਵਹਿਮ ਭਰਮ ਅੰਧਕਾਰ ਮਿਟਾਈਏ,
ਜੱਗ ਵਿਚ ਗਿਆਨ ਫੈਲਾਈਏ।

ਜੋ ਜਾਣੀਏ ਕਸਵੱਟੀ 'ਤੇ ਲਾਈਏ,
ਸਰਬ-ਵਿਆਪੀ ਮਾਪ ਅਪਣਾਈਏ।
ਆਪਾ ਚੀਨੀਏ ਅਬਗੁਣ ਹਟਾਈਏ,
ਸੱਚ ਸਦਾ ਹੀ ਲੱਭਦੇ ਜਾਈਏ।

ਅਟੱਲ ਹੁਕਮ ਜੋ ਜੱਗ ਵਿਚ ਚੱਲੇ,
ਸਦਾ ਹੀ ਉਸਦੀ ਬੱਲੇ ਬੱਲੇ।
ਵਿਰਾਟ ਹੁਕਮ ਨੂੰ ਜੋ ਪਛਾਣੇ,
ਗਿਆਨ ਬੂਝੇ ਵਿਗਿਆਨ ਨੂੰ ਜਾਣੇ।
*********





ਪਰਮ ਸੱਤਾ ਦਾ ਰੱਬੀ ਖੇਤਰ

ਪਰਮ ਸੱਤਾ ਦਾ ਰੱਬੀ ਖੇਤਰ,
ਫੈਲਿਆ ਹੈ ਸਾਰੇ ਇਕਸਾਰ।
ਉਹ ਆਪਣੀ ਹੋਂਦ ਨੂੰ ਆਪੇ ਜਾਣੇ,
ਇਸ ਵਿਚ ਹੀ ਉਪਜੇ ਸਾਰਾ ਸੰਸਾਰ।

ਪਰਮ ਸੱਤਾ ਅਣਜਾਣ ਨਹੀਂ ਹੈ,
ਪਰਮ ਸੱਤਾ ਬੇਜਾਨ ਨਹੀਂ ਹੈ।
ਸਾਡਾ ਤਰਕ ਹੀ ਹੈ ਅਧੂਰਾ,
ਸਾਨੂੰ ਪੂਰਾ ਗਿਆਨ ਨਹੀਂ ਹੈ।

ਹਰ ਇੱਕ ਤੱਤ ਹੈ ਕਿਰਿਆ ਕਰਦਾ,
ਜੋ ਕਿਰਿਆ ਕਰਦਾ ਕਦੀ ਨਾ ਮਰਦਾ।
'ਉਚ ਕੋਟੀ ਦੀ ਗਤੀ' ਪਦਾਰਥ,
ਬੰਦੇ ਦੀ ਨਸਲ ਵਿਚ ਕਰਦਾ।

ਬੁੱਧ ਸੁਧ ਸਾਡੀ ਤੇ ਗਿਆਨ ਵਿਗਿਆਨ,
ਅਜੇ ਅਧੂਰੇ ਤੇ ਬਰਾਏ ਨਾਮ।
ਪੂਰੇ ਨੂੰ ਕਿਵੇਂ ਕਰੀਏ ਬਿਆਨ,
ਜਾਣੀਏ ਪੂਰੇ ਨੂੰ ਜੇ ਪੂਰਾ ਗਿਆਨ।

ਅਜੇ ਤਾਂ ਅਸੀਂ ਮਸਾਂ ਟੁਰੇ ਹਾਂ,
ਨਹੀਂ ਮੰਜ਼ਲ ਦਾ ਕੋਈ ਗਿਆਨ।
ਵਿਦਿਆ ਗਿਆਨ ਵਿਗਿਆਨ ਅਧੂਰੇ,
ਅਜੇ ਬੰਦਾ ਅੰਧ-ਵਿਸ਼ਾਵਾਸ਼ੀ ਤੇ ਅਣਜਾਣ।
***********





ਲਹਿਰ ਲੋਕਾਂ ਦੀ ਜਦੋਂ ਕਦੀ ਵੀ ਉੱਠੀ

ਲਹਿਰ ਲੋਕਾਂ ਦੀ ਜਦੋਂ ਕਦੀ ਵੀ ਉੱਠੀ,
ਕੋਈ ਕਾਂਗ ਜੇ ਕਿਧਰੋਂ ਆਈ।
ਕੋਈ ਵੀ ਲਹਿਰ ਉੱਠਣ ਤੋਂ ਪਹਿਲਾਂ,
ਕਿੰਨਿਆਂ ਨੇ ਹੀ ਜਾਨ ਗੁਆਈ।

ਕਲਾਧਾਰੀ ਅਨੁਭਵੀ ਬੰਦੇ,
ਸਮੇਂ ਸਮੇਂ ਸਿਰ ਜੱਗ ਵਿਚ ਆਏ।
ਸਿੱਥਥ ਸਮਾਜ ਦੇ ਪਹਿਰੇਦਾਰਾਂ ਨੇ,
ਬਹੁਤ ਸਤਾਏ ਕਈ ਮਾਰ ਮੁਕਾਏ।

ਚੱਲਦਾ ਜਾਏ ਸਮਾਜ ਆਸਾਡਾ,
ਝਲਦਾ ਜਾਵੇ ਦੁੱਖ ਸਵਾਏ।
ਕਰਮ ਧਰਮ ਸਾਰੇ ਦੇ ਸਾਰੇ,
ਅਨੁਭਵੀ ਬੰਦਿਆਂ ਨੇ ਬਣਾਏ,
ਪਰ ਚਤਰਾਂ ਨੇ ਮਰੋੜੇ ਤਰੋੜੇ ਤੇ ਉਲਝਾਏ।

ਫਸਲਾਂ ਦੇ ਵਿਚ ਕੋਈ ਰੁਬਲ,
ਦੂਰੋਂ ਨਜ਼ਰੀ ਆਏ।
ਬੰਦਿਆਂ 'ਚੋਂ ਕੋਈ ਰੁੱਬਲ ਉੱਠੇ,
ਕਰਾਂਤੀਕਾਰੀ ਬਣ ਜਾਏ।

ਪਰ ਰੁਬਲਾਂ ਨੇ ਸੋਚ ਨਾ ਕੀਤੀ,
ਦੁਨੀਆਂ ਵਾਲੇ ਨਹੀਂ ਜਗਾਏ।
ਜਰ ਨਾ ਸਕੇ ਉਹ ਬੇਇਨਸਾਫੀ,
ਜ਼ਾਲਮ ਦੇ ਸੰਗ ਜਾ ਟਕਰਾਏ।

ਸਮਾਂ ਸਦਾ ਅੱਗੇ ਨੂੰ ਟੁਰਦਾ,
ਠਹਿਰਾਓ ਨਾ ਇਸ ਨੂੰ ਭਾਏ।
ਸਿੱਥਥ ਢਾਣੀ ਅੜ ਕੇ ਬਹਿ ਜਾਂਦੀ,
ਲੋਕ ਉਹਨਾਂ ਸੰਗ ਜਾ ਟਕਰਾਏ।
ਕਈ ਵਾਰੀ ਤਾਂ ਕੋਈ ਟਾਵਾਂ ਹੀ,
ਸਿੱਥਥ ਸਮਾਜ ਦੇ ਸੰਗ ਟਕਰਾਏ।
ਜਿੰਦ ਜਾਂਦੀ ਹੈ ਪਈ ਜਾਵੇ,
ਸੋਚ ਲੋਕਾਂ ਦੀ ਉਹ ਬਦਲਾਏ।

ਗੱਲਾਂ ਘਰ ਘਰ ਚੱਲਦੀਆਂ,
ਉੱਠਣ ਲੋਕ ਰੋਹ ਵਿਚ ਆਏ।
ਆ ਜਾਵੇ ਤਬਦੀਲੀ ਭਾਰੀ,
ਲੋਕ ਲਹਿਰ ਬਣ ਜਾਏ।

ਲੋਕ ਤਾਂ ਭਾਈ ਜਗਾਉਣੇ ਪੈਂਦੇ,
ਦਰ ਦਰ ਜਾ ਉਠਾਉਣੇ ਪੈਂਦੇ।
ਕਈ ਹਰਾਵਲ ਦਸਤੇ ਮਰਵਾਉਣੇ ਪੈਂਦੇ,
ਨਹੀਂ ਤਾਂ ਸਿੱਧੀ ਸਾਦੀ ਜਨਤਾ ਸੰਤਾਪ ਹੰਢਾਉਂਦੀ ਜਾਏ।

ਸਿਰ ਸੁੱਟ ਕੇ ਲੋਕੀਂ ਜਿੰਦ ਹੰਢਾਉਂਦੇ,
ਨਿੱਜੀ ਉਲਝਣਾਂ ਵਿਚ ਜਿੰਦ ਲੰਘਾਉਂਦੇ।
ਸਮਾਜੀ ਸਾਂਝ ਨਾ ਪਾਉਂਦੇ,
ਦੁੱਖਾਂ ਦੇ ਕਾਰਨ ਸਮਝ ਨਾ ਆਉਂਦੇ।

ਚਲੋ ਚਾਲ ਜਿੰਦ ਚਲਦੀ ਜਾਂਦੀ,
ਇੱਕ ਪੀਹੜੀ ਤੋਂ ਅਗਲੀ ਪੀਹੜੀ।
ਦੁੱਖ ਹੰਢਾਉਂਦੀ ਜਾਂਦੀ,
ਪਰ ਕਦੀ ਨਾ ਕੋਈ ਸੋਚ ਦੁੜਾਵੇ।

ਸੇਬ ਧਰਤ 'ਤੇ ਡਿਗਦੇ ਆਏ,
ਪਰ ਕਦੀ ਨਾ ਕਿਸੇ ਨੇ ਸੋਚ ਦੁੜਾਈ।
ਕਿ ਅਸਮਾਨਾਂ ਵਲ ਨੂੰ ਕਿਉਂ ਨਾ ਜਾਏ,
ਧਰਤੀ ਵੱਲ ਨੂੰ ਹੀ ਕਿਉਂ ਆਏ?

ਪਰ ਨਿਊਟਨ ਨੇ ਸੋਚ ਦੌੜਾਈ,
ਗੁਰੂਤਾ ਸ਼ਕਤੀ ਧਰਤੀ ਦੀ ਲੱਭੀ।
ਬੰਦਾ ਜੇਕਰ ਸੋਚ ਦੌੜਾਵੇ,
ਦੁੱਖ ਦੇਣੇ ਸਿਸਟਮ ਸਭ ਬਦਲਾਵੇ,
ਇਹਨੂੰ ਕਹੀਏ ਕਰਾਂਤੀ ਭਾਈ।
***********




























ਲੋਕ ਰਾਜ ਅਸੀਂ ਜਿਸ ਨੂੰ ਕਹਿੰਦੇ

ਲੋਕ ਰਾਜ ਅਸੀਂ ਜਿਸ ਨੂੰ ਕਹਿੰਦੇ,
ਇਹ ਲੋਕ ਰਾਜ ਨਹੀਂ ਹੈ ਭਾਈ।
ਲੋਕਾਂ ਨੂੰ ਦੋਫਾੜ ਕਰਨ ਲਈ,
ਵੋਟ ਰਾਜ ਦੀ ਰੀਤ ਚਲਾਈ।

ਆਮ ਜਨਤਾ ਦਾ ਕੋਈ ਨੁਮਾਇੰਦਾ,
ਕਦੀ ਨਾ ਅੱਗੇ ਆਵੇ।
ਧੰਨ ਦੌਲਤ ਦੇ ਜ਼ੋਰ ਨਾਲ,
ਕੁਲੀਨ ਕੁਲੀ ਜਿੱਤ ਜਾਵੇ।

ਕੁਲੀਨ ਕੁਲੀਆਂ ਨੇ ਕਦੀ ਨਾ ਕੀਤੀ,
ਲੋਕਾਂ ਦੀ ਭਲਾਈ।
ਕੁਲੀਨ ਕੁਲੀ ਸਰਦਾਰਾਂ ਨੇ,
ਜਨਤਾ ਟੁੱਕੜਬੋਚ ਬਣਾਈ।

ਕਿਧਰੇ ਨਾ ਕੋਈ ਲਹਿਰ ਲੋਕਾਂ ਦੀ,
ਕਰੇ ਨਾ ਲੋਕਾਂ ਦੀ ਅਗਵਾਈ।
ਫਿਰ ਕਰਾਂਤੀ ਕਿਵੇਂ ਆਵੇਗੀ,
ਬਿਨ ਵਿਦਿਆ ਗਿਆਨ ਵਿਗਿਆਨ ਦੇ ਭਾਈ।

ਦੇਸ਼ ਦੇ ਇੱਕ ਕੋਨੇ ਦੇ ਵਿਚ,
ਜੇ ਚੁਕੀਏ ਹਥਿਆਰ।
ਲੋਕ ਲਹਿਰ ਨਾ ਉਸਨੂੰ ਕਹਿੰਦੇ,
ਹਰਾਵਲ ਦਸਤਾ ਖਾਵੇ ਮਾਰ।

ਕਿੰਨੇ ਹੀ ਮਾਰੇ ਜਾਂਦੇ ਨੇ,
ਜੇਲ੍ਹਾਂ ਵਿਚ ਤਾੜੇ ਜਾਂਦੇ ਨੇ।
ਇਸ ਵਿਚ ਭਲਾ ਨਹੀਂ ਲੋਕਾਂ ਦਾ,
ਪੈਂਦਾ ਹੈ ਵਿਗਾੜ।

ਕੁਲੀਨ ਕੁਲੀ ਸਰਕਾਰਾਂ ਦਾ

ਕੁਲੀਨ ਕੁਲੀ ਸਰਕਾਰਾਂ ਦਾ,
ਹੈ ਇੱਕੋ ਖਾਸਾ ਭਾਈ।
ਲੋਕਾਂ ਨੂੰ ਟੁੱਕੜਬੋਚ ਬਣਾਵੇ।
ਕਰੇ ਨਾ ਕੋਈ ਸੁਧਾਈ।

ਵਿਦਿਆ ਗਿਆਨ ਵਿਗਿਆਨ ਨਹੀਂ,
ਕੋਈ ਹੁਨਰ ਨਹੀਂ ਕਲਿਆਣ ਨਹੀਂ।
ਬੰਦੇ ਦੀ ਕੋਈ ਸ਼ਾਨ ਨਹੀਂ,
ਰੁਲਦੀ ਫਿਰੇ ਲੋਕਾਈ।

ਢਿੱਡ ਭਰਨ ਲਈ ਅੰਨ ਨਹੀਂ,
ਧਰਮ ਵੀ ਕੋਈ ਧਰਮ ਨਹੀਂ।
ਬਹਿਸ਼ਤੀ ਬਾਗਾਂ ਦੇ ਵਿਚ ਘੁੰਮਦਾ,
ਅਸਮਾਨੀ ਰਹਿੰਦਾ ਸੱਚਖੰਡੀ ਬਹਿੰਦਾ
ਕਿਧਰੇ ਵੀ ਕੋਈ ਰੱਬ ਨਹੀਂ।

ਭੰਬਲਭੂਸੀਂ ਪਈ ਹੈ ਦੁਨੀਆਂ,
ਜਿਊਣ ਦਾ ਕੋਈ ਹੱਜ ਨਹੀਂ।
ਬਿਨ ਵਿਦਿਆ ਗਿਆਨ ਵਿਗਿਆਨ ਦੇ,
ਕਿਧਰੇ ਵੀ ਕੋਈ ਚਜ ਨਹੀਂ।

ਕਿਉਂ ਤਲਵਾਰ ਉਠਾਉਂਦੇ ਹੋ,
ਕਿਉਂ ਜਨਤਾ ਨੂੰ ਭੜਕਾਉਂਦੇ ਹੋ।
ਇਹ ਰਾਹ ਨਹੀਂ ਕਰਾਂਤੀ ਦਾ,
ਦੁੱਖ ਲੋਕਾਂ ਦੇ ਵਧਾਉਂਦੇ ਹੋ।

ਘਰ ਘਾਟ ਕਈਆਂ ਨੇ ਛੱਡੇ,
ਲੋਕ ਸੇਵਾ ਵਿਚ ਜਿੰਦ ਲਗਾਈ।
ਏਥੇ ਸੰਗਰਾਮ ਓਥੇ ਸੰਗਰਾਮ,
ਪਰ ਲੋਕਾਂ ਦੀ ਸੋਚ ਨਾ ਬਦਲੀ ਕਾਈ।

ਸੂਝ ਨਾ ਬਦਲੇ ਲੋਕਾਂ ਦੀ,
ਕਦਰ ਨਾ ਉਹਨਾਂ ਨੂੰ ਵੋਟਾਂ ਦੀ।
ਆਪਣਿਆਂ ਨੂੰ ਉਹ ਪਿੱਛੇ ਹਟਾਉਂਦੇ,
ਕੁਲੀਨ ਕੁਲਾਂ ਨੂੰ ਵੋਟਾਂ ਪਾਉਂਦੇ।

ਜੇ ਸੂਝ ਨਾ ਬਦਲੇ ਲੋਕਾਂ ਦੀ,
ਕੋਈ ਕਰਾਂਤੀ ਆ ਨਹੀਂ ਸਕਦੀ।
ਬਿਨ ਵਿਦਿਆ ਗਿਆਨ ਵਿਗਿਆਨ ਦੇ,
ਸੂਝ ਨਾ ਬਦਲੇ ਲੋਕਾਂ ਦੀ।

ਅਜੋਕੇ ਵੋਟ ਰਾਜ ਵਿਚ ਭਾਈ,
ਅਜੋਕੇ ਲੋਕ ਰਾਜ ਵਿਚ ਭਾਈ,
ਤਲਵਾਰ ਵਿਚ ਕੋਈ ਦਮ ਨਹੀਂ,
ਜਿੱਤ ਅਮਨ ਦੀ ਯਾਰੋ ਕਮ ਨਹੀਂ।
*********
















ਇਨਸਾਨੀ ਪਰਿਵਾਰ ਇੱਕੋ ਪਰਿਵਾਰ
ਇਨਸਾਨੀ ਪਰਿਵਾਰ ਇੱਕੋ ਪਰਿਵਾਰ,
ਸਮਾਂ ਸਥਾਨ ਹਾਲਾਤ ਬਦਲ ਗਏ।
ਬਦਲ ਗਈ ਬੰਦੇ ਦੀ ਨੁਹਾਰ,
ਪਰ ਕਿਉਂ ਬਦਲੇ ਦਿਲਾਂ ਦਾ ਪਿਆਰ।

ਵਿੱਛੜ ਗਏ ਪਰਿਵਾਰ,
ਰਹੇ ਵਿੱਛੜਦੇ ਵਾਰਮ-ਵਾਰ।
ਰਿਜ਼ਕ ਵਿਹੂਣੇ ਆਦਮੀ,
ਤੋੜ ਗਏ ਦਿਲਾਂ ਦੇ ਪਿਆਰ।

ਦੇਸ਼ ਬਣੇ ਪਰਦੇਸ ਬਣੇ,
ਟੁੱਟੀ ਦਿਲਾਂ ਦੀ ਤਾਰ।
ਪਰ ਅੱਜ ਮੁੜ ਵਿਗਿਆਨ ਨੇ,
ਲੈ ਲਈ ਸਭ ਦੀ ਸਾਰ।

ਉਜੱਡ ਬੰਦੇ ਨੇ ਲੱਭ ਲਏ,
ਦੇਵੀ ਦੇਵ ਹਜ਼ਾਰ।
ਕਾਂਗ ਧਰਮਾਂ ਦੀ ਆ ਗਈ,
ਹੋ ਹੋ ਗਏ ਅਵਤਾਰ।

ਧਰਮ ਲੱਭੇ ਨਿਰੇ ਸੱਚ ਨੂੰ,
ਹੱਕ ਸਚਿ ਦੀ ਕਰੇ ਪੁਕਾਰ।
ਪਰ ਕੱਟੜਪੰਥੀ ਲੋਕਾਂ ਨੇ,
ਪਾ ਦਿੱਤਾ ਬਹੁਤ ਵਿਗਾੜ।

ਬੁੱਧ ਮਹਾਂਵੀਰ ਜੌਰਾਸ਼ਟਰ ਆਏ,
ਈਸਾ ਮੂਸਾ ਮੁਹੰਮਦ ਜੀ ਆਏ।
ਰੱਬੀ ਰਾਹ ਦੇ ਗੀਤ ਗਾਏ,
ਪੈਰੋਕਾਰਾਂ ਨੇ ਧਰਮ ਬਣਾਏ।

ਧਰਮਾਂ ਦੇ ਝਗੜੇ ਦੇਸ਼ਾਂ ਦੇ ਝਗੜੇ,
ਝਗੜੇ ਬੰਦੇ ਨੇ ਬਹੁਤ ਵਧਾਏ।
ਸਿਆਸੀ ਸਮਾਜੀ ਆਰਥਿਕ ਝਗੜੇ,
ਪਾ ਕੇ ਬਹਿ ਗਏ ਆਦਮ ਜਾਏ।

ਅਮੀਰੀ ਗਰੀਬੀ ਊਚ ਨੀਚ,
ਪੈ ਗਈ ਪੱਲੇ ਯਾਰ।
ਬਣੇ ਉਲਾਰੂ ਸਿਸਟਮ ਸਾਡੇ,
ਬੰਦੇ ਉਪਰ ਭਾਰ।

ਉਲਝੀ ਤਾਣੀ ਜੱਗ ਦੀ,
ਸਭ ਰਾਹੀਂ ਉੱਗੇ ਖਾਰ।
ਹੁਣ ਦੇਸ਼ ਦੇਸ਼ਾਂ ਨਾਲ ਖਹਿ ਰਹੇ,
ਨਿੱਤ ਨਵੇਂ ਬਣਨ ਹਥਿਆਰ।

ਆਦਮ ਦਾ ਪੁੱਤ ਭੁਲ ਗਿਆ,
ਕਿ ਸਾਰੇ ਹੀ ਇੱਕ ਸਾਰ।
ਦੇਸ਼ਾਂ ਪਰਦੇਸਾਂ ਵਿਚ ਵੰਡਿਆ,
ਕਰਦਾ ਹੈ ਮਾਰੋ ਮਾਰ।

ਦੁਨੀਆਂ ਕੈਸੀ ਹੋਏਗੀ,
ਜੇ ਚੱਲਣ ਲੱਗੇ ਹਥਿਆਰ।
ਨਸਲ ਮਿਟੇ ਇਨਸਾਨ ਦੀ,
ਇੱਕ ਦੂਜੇ ਨੂੰ ਮਾਰ।

ਕਹਿਰ ਕੁਦਰਤ ਤੋਂ ਹੋ ਗਿਆ,
ਜਦ ਕੀਤਾ ਬੰਦਾ ਤਿਆਰ।
ਕਿਸੇ ਜੀਵ ਨੇ ਕਦੀ ਵੀ,
ਮਾਰੀ ਨਾ ਆਪਣੀ ਡਾਰ।

ਹੋਸ਼ ਕਰ ਓਏ ਬੰਦਿਆ,
ਆਪਣੀ ਸੋਚ ਨਿਖਾਰ।
ਵਰਸਾਈਂ ਮੌਤ ਨਾ ਕਿਤੇ ਵੀ,
ਵੰਡੀਂ ਹਰ ਥਾਂ ਪਿਆਰ।


ਦੁਨੀਆਂ ਬਦਲਦੀ ਜਾ ਰਹੀ ਹੈ
ਬਣ ਜਾਣੀ ਇੱਕੋ ਪਰਿਵਾਰ।
ਕੁਲ ਦੁਨੀਆਂ ਦੀ ਹੋਵੇਗੀ,
ਯੂ.ਐਨ.ਓ. ਇੱਕੋ ਸਰਕਾਰ।

ਵੱਧ ਜਾਵੇਗੀ ਦਿਲਾਂ ਦੀ ਨੇੜਤਾ,
ਵਧ ਜਾਵਣਗੇ ਪਿਆਰ।
ਆਰਥਿਕਤਾ ਸਾਰੇ ਜੱਗ ਦੀ,
ਹੋਵੇਗੀ ਇਕਸਾਰ।
*********






















ਕਰੀਏ ਹਿੰਮਤ ਕੁਝ ਮਿਲ ਜਾਵੇ

ਕਰੀਏ ਹਿੰਮਤ ਕੁਝ ਮਿਲ ਜਾਵੇ,
ਹਰ ਕੋਈ ਮਿਹਨਤ ਦਾ ਫਲ ਖਾਵੇ।
ਪਰ ਜੇਕਰ ਮਿਹਨਤ ਅਜਾਈਂ ਜਾਵੇ,
ਸੰਤੁਸ਼ਟ ਰਹੇ ਉਹ ਮੱਤ ਘਬਰਾਵੇ।

ਅਹਿਸਾਨ ਥੱਲੇ ਦਬ ਜਾਣ ਨਾਲੋਂ,
ਮਿਹਨਤ ਕਰੀਏ ਕਸ਼ਟ ਉਠਾਈਏ।
ਅਹਿਸਾਨ ਦਾ ਬੋਝ ਜੇ ਸਿਰ ਧਰੀਏ,
ਜਿੰਦ ਭਰ ਬੋਝ ਉਠਾਉਂਦੇ ਜਾਈਏ।

ਦੁੱਖ ਭੁੱਖ ਨੂੰ ਬੇਸ਼ੱਕ ਝੱਲੀਏ,
ਪਰ ਦਰ ਨਾ ਕਿਸੇ ਦਾ ਜਾ ਕੇ ਮੱਲੀਏ।
ਮੱਦਦ ਮਿੱਤਰਾਂ ਦੀ ਮਿਲ ਜਾਵੇ ਚੰਗੀ,
ਪਰ ਮੁਫਤ ਕਦੀ ਨਾ ਮੰਗੀ।

ਅਕ੍ਰਿਤਘਣ ਫਿਰ ਕਦੀ ਨਾ ਬਣੀਏ,
ਉਸ ਮਿੱਤਰ ਅੱਗੇ ਕਦੀ ਨਾ ਤਣੀਏ।
ਜੋ ਮੱਦਦ ਮਿਲੇ ਸਮਝੀਏ ਉਧਾਰ,
ਦੂਣਾ ਤੀਣਾ ਦਈਏ ਉਤਾਰ।

ਪਦਾਰਥੀ ਜੀਵਨ ਪਦਾਰਥ ਮੰਗੇ,
ਬਿਨ ਪਦਾਰਥ ਅਸੀਂ ਕਦੀ ਨਾ ਚੰਗੇ।
ਹੱਕ ਕਿਸੇ ਦਾ ਕਦੀ ਨਾ ਖਾਈਏ,
ਸਾਂਝੀਵਾਲਤਾ ਜੱਗ ਵਿਚ ਲਿਆਈਏ।
*********





ਕਹਿਣੀ ਕਰਨੀ ਚੰਗੀ ਹੋਵੇ

ਕਹਿਣੀ ਕਰਨੀ ਚੰਗੀ ਹੋਵੇ,
ਕਰਮ ਕਰਨ ਵਿਚ ਤੰੰਗੀ ਨਾ ਹੋਵੇ।
ਵੇਹਲੜਪੁਣੇ ਦੀ ਚਾਹ ਨਾ ਹੋਵੇ,
ਫਲ ਨਾ ਮਿਲੇ ਪਰਵਾਹ ਨਾ ਹੋਵੇ।

ਮਧੂ ਮੱਖੀ ਫੁੱਲ ਤੋਂ ਸਤ ਲੈਂਦੀ,
ਵਾਰ ਵਾਰ ਆ ਫੁੱਲ 'ਤੇ ਬਹਿੰਦੀ।
ਕਰੇ ਕਾਰ ਉਹ ਨਾ ਕਤਰਾਵੇ,
ਸ਼ਹਿਦ ਛੱਤੇ ਨੂੰ ਭਰਪੂਰ ਬਣਾਵੇ।

ਪਿਆਰ ਭਰੀ ਛੋਹ ਫੁੱਲ ਨੂੰ ਮਿਲਦੀ,
ਬਦਲੇ ਵਿਚ ਜਿੰਦ ਕਰੇ ਨਿਸਾਰ।
ਆਪਣੀ ਖੁਸ਼ਬੋ ਦਾ ਸੱਤ ਸਾਰਾ,
ਮਧੂ ਮੱਖੀ ਲਈ ਦੇਵੇ ਵਾਰ।

ਧੰਨ ਦੌਲਤ ਦੀ ਸ਼ਕਤੀ ਨਾ ਏਥੇ,
ਇਸ ਮੇਲ ਵਿਚ ਹੈ ਨਿਰਾ ਪਿਆਰ।
ਮਧੂ ਮੱਖੀ ਫੁੱਲ ਨੂੰ ਆ ਚੁੰਮਦੀ,
ਫੁੱਲ ਦਿੰਦਾ ਉਸ ਨੂੰ ਆਪਣਾ ਸਾਰ।

ਦੇਣ ਲੈਣ ਦੀ ਖੇਡ ਅਨੋਖੀ,
ਪਰਮ ਸੱਤਾ ਨੇ ਆਪ ਚਲਾਈ।
ਖੁਸ਼ੀਆਂ ਭਰੀ ਖੇਡ ਪਿਆਰ ਦੀ,
ਹਰ ਜੀਵ ਦੇ ਹਿੱਸੇ ਆਈ।
************





ਅੰਬ ਝਾੜੀਏ ਅੰਬ ਦਿੰਦਾ ਹੈ,

ਹਿਲਾਈਏ ਬੇਰੀ ਦੇਵੇ ਬੇਰ।
ਬੰਦਾ ਕਦੀ ਕੁਝ ਨਾ ਦਿੰਦਾ,
ਲੈਣ ਲੱਗਿਆਂ ਨਾ ਲਾਵੇ ਦੇਰ।

ਕੁਝ ਹੱਥੋਂ ਦੇਣਾ ਕਦੀ ਨਾ ਸਿਖੇ,
ਲੈ ਲੈ ਲਾਈਂ ਜਾਂਦਾ ਢੇਰ।
ਲੋੜ ਮੁਤਾਬਕ ਮੰਗਦੇ ਜਾਈਏ,
ਪਰ ਦੇਣ ਲੱਗੇ ਨਾ ਲਾਈਏ ਦੇਰ।

ਮੈਂ ਮੈਂ ਕਰਦਾ ਆਦਮੀ,
ਸਾਂਝ ਨਾ ਕਰਦਾ ਆਦਮੀ,
ਦੁਖੜੇ ਭਰਦਾ ਆਦਮੀ,
ਮਿਲਦੇ ਦੁੱਖ ਕਰੇ ਜੇ ਮੇਰ।

ਪਿਆਰ ਨਾਲੋਂ ਜੇ ਪੈਸਾ ਪਿਆਰਾ,
ਪਿਆਰ ਨਾ ਰਹੇ ਪਿਆਰ।
ਯਾਰ ਮਾਰ ਜੋ ਕਰਦਾ ਬੰਦਾ,
ਉਹ ਯਾਰ ਨਾ ਰਹੇ ਯਾਰ।

ਖੁਦਗਰਜ਼ੀ ਈਰਖਾ ਤੇ ਹੱਕ ਮਾਰਨਾ,
ਬਣ ਗਏ ਜਿੰਦ ਲਈ ਭਾਰ।
ਘਿਰਣਾ ਨੇ ਮੱਲਿਆ ਦਿਲ ਬੰਦੇ ਦਾ,
ਉੱਡ ਪੁੱਡ ਗਏ ਪਿਆਰ।
*********







ਬੰਦੇ ਨੇ ਵੰਡੀ ਧਰਤੀ ਸਾਰੀ

ਬੰਦੇ ਨੇ ਵੰਡੀ ਧਰਤੀ ਸਾਰੀ,
ਟੁਕੜੇ ਹੋਏ ਹਜ਼ਾਰ।
ਦੇਸ਼ ਬਣੇ ਪਰਦੇਸ ਬਣੇ,
ਵੰਡੇ ਗਏ ਪਿਆਰ।

ਇੱਕ ਦੂਜੇ ਸੰਗ ਲੜਨ ਦਾ,
ਹੋਇਆ ਗਰਮ ਬਾਜ਼ਾਰ।
ਧੜਾਧੜ ਹਥਿਆਰ ਬਣਾਈਏ,
ਮਰਨ ਮਾਰਨ ਲਈ ਤਿਆਰ।

ਧਰਮਾਂ ਨੇ ਪਾਏ ਬਹੁਤ ਪੁਆੜੇ,
ਪੂੰਜੀਵਾਦ ਜੱਗ ਨੂੰ ਉਜਾੜੇ।
ਕਲਪ ਰਹੀ ਹੈ ਦੁਨੀਆਂ ਸਾਰੀ,
ਖਬਰੈ ਕਦੋਂ ਹੋ ਜਾਵਣ ਕਾਰੇ।

ਜੀਓ ਅਤੇ ਜਿਊਣ ਦੇਣ ਦੀ,
ਗੱਲ ਨਾ ਕੋਈ ਚਲਾਵੇ।
ਥਾਂ ਥਾਂ ਅੱਗਾਂ ਲੱਗੀਆਂ,
ਪਰ ਕੌਣ ਬੁਝਾਵੇ।

ਹੱਕ ਸਚਿ ਨੂੰ ਜੇ ਅਪਣਾਈਏ,
ਤੋੜ ਦੇਈਏ ਹਥਿਆਰ।
ਸੁਖੀ ਵਸੇ ਫਿਰ ਹਰ ਇੱਕ ਬੰਦਾ,
ਸੁਖੀ ਵਸੇ ਸੰਸਾਰ।
*********





ਅਸੀਂ ਹੁਣ ਇਸ ਬੁੱਢੇ ਵਾਰੇ

ਅਸੀਂ ਹੁਣ ਇਸ ਬੁੱਢੇ ਵਾਰੇ,
ਦਿਸਦੇ ਨੇ ਜਦ ਨੇੜੇ ਕਿਨਾਰੇ।
ਲਗੀਏ ਨਾ ਹੁਣ ਹਾਰੇ ਹਾਰੇ,
ਸਾਡਾ ਰੱਬ ਰਹੇ ਸਾਡੇ ਨਾਲ।

ਜੋ ਕਰ ਸਕਦੇ ਹਾਂ ਕਰਦੇ ਜਾਈਏ,
ਡੱਕਾ ਨੇਕੀ ਦੇ ਪਲੜੇ ਪਾਈਏ।
ਯਾ ਰੱਬਾ ਦੇਈਂ ਸ਼ਕਤੀ ਸਾਨੂੰ,
ਜਿੰਦ ਰੁਲਦੇ ਲੋਕਾਂ ਦੇ ਲੇਖੇ ਲਾਈਏ।

ਅਜੇ ਅਧੂਰਾ ਮਿਸ਼ਨ ਆਸਾਡਾ,
ਹੋਇਆ ਨਾ ਪੂਰਾ ਮਿਸ਼ਨ ਆਸਾਡਾ,
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿਚ,
ਰੁਲਦੇ ਫਿਰਦੇ ਲੋਕ ਹਮਾਰੇ।

ਬੇਕਿਰਕ ਨੇ ਲੀਡਰ ਸਾਡੇ,
ਭੁੱਲੇ ਭਟਕੇ ਸਾਡੇ ਦੁਲਾਰੇ।
ਕੀ ਅਜਿਹਾ ਕੁਝ ਕਰ ਸਕਾਂਗੇ,
ਕਿ ਬਦਲ ਜਾਣ ਸਾਰੇ ਦੇ ਸਾਰੇ।

ਨੱਕ ਨੱਥ ਮੁਹਾਰ ਤੇਰੇ ਹੱਥ,
ਸਾਡੇ ਕੋਈ ਨਾ ਹੋਰ ਸਹਾਰੇ।
ਬੇਅਰਥ ਜੀਵਨ ਨਾ ਸਾਡਾ ਜਾਵੇ,
ਸਾਨੂੰ ਲਾਵੀਂ ਕਿਸੇ ਕਿਨਾਰੇ।

ਕਈ ਵਾਰੀ ਅਸੀਂ ਕਹਿ ਦਿੰਦੇ ਹਾਂ,
''ਮੈਂ ਇਹ ਕੀਤਾ ਮੈਂ ਉਹ ਕੀਤਾ''
ਪਰ ਸਜਣਾ ਜੋ ਅਸਾਂ ਨੇ ਕੀਤਾ,
ਤੂੰ ਕਰਾਇਆ, ਕੀਤਾ ਤੇਰੇ ਸਹਾਰੇ।

ਅਸਲੋਂ ਤਾਂ ਅਸੀਂ ਕੁਝ ਵੀ ਨਾਹੀ,
ਮੈਂ ਬਣ ਤੂੰ ਮੇਰਾ ਰੂਪ ਬਣਾਇਆ।
ਮੈਂ ਹਓਮੈਂ ਵਿਚ ਆ ਟਪਲਾ ਖਾਇਆ,
ਕਰੇ ਕਰਾਵੇਂ ਤੂੰ ਆਪ ਖੁਦਾਇਆ।

ਦੇਖ ਨਾ ਕਿਵੇਂ ਤੂੰ ਨਾਜ਼ਰ ਲਿਆਇਆ,
ਘੁਡਾਣੀ ਦਾ ਹੀਰਾ ਪਲਿਆ ਪਲਾਇਆ।
ਲੋਕ ਸੇਵਾ ਹੈ ਮਿਸ਼ਨ ਇਸਦਾ,
ਮੈਂ ਵੱਲ ਬਹੁਤ ਵੇਲੇ ਸਿਰ ਆਇਆ।

ਸਾਡੇ ਅਧੂਰੇ ਮਿਸ਼ਨ ਨੂੰ,
ਇਹ ਸਿਰੇ ਚੜ੍ਹਾਏਗਾ।
ਜਾਂ ਘੱਟ ਤੋਂ ਘੱਟ,
ਹੱਥ ਤਾਂ ਵਟਾਏਗਾ।

ਅਸੀਂ ਨਹੀਂ ਆਉਣਾ ਯਾਰਾ,
ਅਜੇ ਤੇਰੇ ਦੁਆਰੇ।
ਜਾਂ ਫਿਰ ਸਾਡੇ ਲੋਕਾਂ ਨੂੰ।
ਮੁਹੱਲਿਆਂ, ਵੇਹੜਿਆਂ ਮਾਜਰੀਆਂ ਵਿੱਚ,
ਹੋਰ ਨਾ ਬਹੁਤਾ ਰੋਲ।

ਰੁਲਦੇ ਫਿਰਦੇ ਲੋਕਾਂ ਨੂੰ ਛੱਡ ਕੇ,
ਕਿਸ ਮੂੰਹ ਤੇਰੇ ਕੋਲ ਆਈਏ।
ਆਪਣੇ ਲਈ ਹਰ ਕੋਈ ਜੀਵੇ,
ਜਿੰਦ ਲੋਕ ਭਲੇ ਲਈ ਕਿਉਂ ਨਾ ਲਾਈਏ।

*********






ਰੱਬੀ ਸ਼ਕਤੀ ਚਾਰ ਚੁਫੇਰੇ

ਰੱਬੀ ਸ਼ਕਤੀ ਚਾਰ ਚੁਫੇਰੇ,
ਪਰ ਕਿਧਰੇ ਰੱਬ ਦੀ ਨਹੀਂ ਸਵਾਰੀ।
ਕਿਰਨ ਆਪੇ ਦੀ  ਮਾਇਆ ਸੰਗ ਵਸੇ,
ਪੰਜਾਂ ਤੋਂ ਜੋ ਰਹੇ ਨਿਆਰੀ।

ਨਿਰੇ ਸੱਚ ਨੂੰ ਜੋ ਭੁਲਾਵੇ,
ਜੱਗ ਵਿਚ ਠੇਡੇ ਖਾਵੇ।
ਨਿਰਾਲੀ ਸ਼ਕਤੀ ਸਾਡੇ ਅੰਦਰ,
ਜੋ ਸਾਨੂੰ ਰਾਹ ਦਿਖਾਵੇ।

ਦਿਕਸ਼ਾ ਰੱਬ ਦੀ ਕੋਈ ਦੇ ਨਹੀਂ ਸਕਦਾ,
ਆਪਾ ਆਪੇ ਨੂੰ ਕਿਵੇਂ ਬੁਝ ਪਾਵੇ।
ਅਤੰਰ ਧਿਆਨ ਜੇਕਰ ਹੋ ਜਾਈਏ,
ਤਾਂ ਆਪਣੇ ਆਪੇ ਦੀ ਸੋਝੀ ਆਵੇ।

ਸੁਤੇਸਿੱਧ ਜਿੰਦ ਜਿਊਣਾ ਸਿੱਖੀਏ,
ਆਪਣਾ ਆਪਣਾ ਫਰਜ਼ ਪੁਗਾਈਏ।
ਵਿਰਾਟ ਰੂਪ ਰੱਬ ਜੀ ਦਾ ਤੱਕੀਏ,
ਸਰਬੱਤ ਭਲੇ ਦੀ ਕਾਰ ਕਮਾਈਏ।

ਅਤਿ ਅਲਪਤ ਰੂਪ ਆਪੇ ਦਾ,
ਬਿਨ ਸੋਝੀ ਤਕਿਆ ਨਾ ਜਾਵੇ।
ਅਤਿ ਅਲਪਤ ਆਪਾ ਤਕਿਆ ਨਾ ਜਾਵੇ,
ਵਿਰਾਟ ਰੂਪ ਸਭ ਨੂੰ ਦਿਸ ਪਾਵੇ।
*********





ਮਨ ਨਾ ਮਾਰੀਏ ਮਨ ਨੂੰ ਜਿੱਤੀਏ

ਮਨ ਨਾ ਮਾਰੀਏ ਮਨ ਨੂੰ ਜਿੱਤੀਏ,
ਮਨ ਜਿੱਤਿਆਂ ਜੱਗ ਜਿੱਤਿਆ ਜਾਏ।
ਮਨ ਮਾਰੀਏ ਉਪਰਾਮ ਹੋ ਜਾਈਏ,
ਫਿਰ ਜੱਗ ਨੂੰ ਕੌਣ ਹੰਢਾਏ।

ਰੋਜ਼ੇ ਰੱਖੀਏ ਹੱਜ ਨੂੰ ਜਾਈਏ,
ਮਨ ਕਾਬੂ ਨਾ ਆਏ।
ਪੰਜ ਥੰਮ੍ਹ ਇਸਲਾਮ ਦੇ,
ਪਰ ਮਨ ਨਾ ਥੰਮ੍ਹਿਆ ਜਾਏ।

ਪੰਜ ਬਾਣੀਆਂ ਨਿੱਤ ਨਿੱਤ ਪੜ੍ਹੀਏ,
ਮਨ ਆਪਣੀ ਬਾਣੀ ਪੜ੍ਹਾਏ।
ਕਾਮ ਕਰੋਧ ਲੋਭ ਮੋਹ ਹਓਮੈਂ,
ਤਜਿਆਂ ਭੀ ਤਜਿਆ ਨਾ ਜਾਏ।

ਮਨ ਦਾ ਘੋੜਾ ਸਰਪਟ ਦੌੜੇ,
ਹੱਥੋਂ ਲਗਾਮ ਛੁਡਾਏ।
ਸੰਤੁਲਨ ਵਿਚ ਮਨ ਨੂੰ ਰੱਖੀਏ,
ਮਨ ਨਾ ਮਾਰਿਆ ਜਾਏ।

ਮੌਤੋਂ ਪਹਿਲਾਂ ਮਨ ਨਹੀਂ ਮਰਦਾ,
ਕੋਈ ਜਿੰਨਾ ਮਰਜ਼ੀ ਜ਼ੋਰ ਲਗਾਏ।
ਜੇ ਇਛਾਵਾਂ ਸੰਗ ਲੈ ਜਾਈਏ,
ਮਨ ਵੀ ਸੰਗ ਸੰਗ ਜਾਏ।
***********





ਕਈ ਝਰਨੇ ਵੱਗ ਟੁਰਦੇ ਨੇ

ਕਈ ਝਰਨੇ ਵੱਗ ਟੁਰਦੇ ਨੇ,
ਪੱਥਰਾਂ ਵਿਚ ਦੀ ਘੁੰਮ ਘੁਮਾ ਕੇ।
ਪਥਰੀਲੇ ਮਨ ਮੋਮ ਬਣ ਜਾਂਦੇ,
ਕੋਈ ਗਹਿਰੀ ਸੱਟ ਖਾ ਕੇ।

ਕਲਿੰਗਾ ਵਿਚ ਖੂਨ ਖਰਾਬਾ,
ਤਕਿਆ ਜਦੋਂ ਅਸ਼ੋਕ ਨੇ ਜਾ ਕੇ।
ਸਦਾ ਲਈ ਉਸ ਲੜਨਾ ਛੱਡਿਆ,
ਗਹਿਰੀ ਸੱਟ ਸੀਨੇ ਵਿਚ ਖਾ ਕੇ।

ਦਰਦੇ ਦਿਲ ਜਿਨ੍ਹਾਂ ਦੇ ਸੀਨੇ,
ਉਹ ਹਰ ਕਿਸੇ ਨੂੰ ਕਰਨ ਪਿਆਰ।
ਭਲਾ ਲੋਚਦੇ ਵੈਰੀ ਦਾ ਵੀ,
ਆਪਣਾ ਲੱਗੇ ਸਾਰਾ ਸੰਸਾਰ।

ਵਿਪ੍ਰੀਤ ਗੁਣੀ ਹੈ ਦੁਨੀਆਂ ਸਾਡੀ,
ਚੰਗਾ ਮੰਦਾ ਹੈ ਸੰਸਾਰ।
ਜਿੰਨੀ ਨੇਕੀ ਜੱਗ ਵਿਚ ਪਿਆਰੇ,
ਬਦੀ ਦਾ ਓਨਾ ਹੀ ਭੰਡਾਰ।

ਸੈਤਾਨ ਵੀ ਰੱਬੀ ਬਣ ਜਾਂਦਾ ਹੈ,
ਵਗ ਉੱਠੇ ਜੇ ਪ੍ਰੇਮ ਫੁਆਰ।
ਸੋਝੀ ਉਸਨੂੰ ਆ ਜਾਂਦੀ ਹੈ,
ਕਿ ਇੱਕ ਨੂਰ ਤੋਂ ਸਭ ਸੰਸਾਰ।

ਸਭੇ ਸਾਂਝੀਵਾਲ ਸਦਾਇਨ,
''ਕੋਈ ਨਾ ਦੀਸੇ ਬਾਹਰਾ ਜੀਓ'' (ਗੁਰਬਾਣੀ)
ਕਿਰਤ ਧਰਮ ਦੀ ਵੰਡ ਕੇ ਛਕੀਏ,
ਕੌਮੀ ਦੌਲਤ ਦਾ ਭੰਡਾਰ।
*********
ਸੰਤੁਲਨ ਵਿਚ ਰਹਿ ਕੇ ਸਦਾ

ਸੰਤੁਲਨ ਵਿਚ ਰਹਿ ਕੇ ਸਦਾ,
ਜੇ ਕੋਈ ਜਿੰਦ ਲੰਘਾਉਂਦਾ ਜਾਵੇ।
ਗੁਨਾਹ ਕਦੀ  ਵੀ ਨਹੀਂ ਉਹ ਕਰਦਾ,
ਜੋ ਆਪਣਾ ਫਰਜ਼ ਪੁਗਾਉਂਦਾ ਜਾਵੇ।

ਆਪਹੁਦਰਾਪਣ ਕਦੀ ਕਰੇ ਨਾ,
ਵਿਰਾਟ ਹੁਕਮ ਦਾ ਹੁਕਮ ਵਜਾਵੇ।
ਅਟੱਲ ਹੁਕਮ ਤੋਂ ਬਾਹਰ ਨਾ ਕੋਈ,
ਆਪੋਂ ਹੁਕਮੀ ਹੁਕਮ ਬਣ ਆਵੇ।

ਦੀਨਦਾਨ ਸਾਰੇ ਇੱਕ ਸਾਰ,
ਜੋ ਸੱਚੀ ਸੁੱਚੀ ਕਰਦੇ ਨੇ ਕਾਰ।
ਕੂੜ ਤੇ ਨਿਰਭਰ ਜੋ ਕਾਰ ਕਮਾਉਂਦੇ,
ਉਹ ਦੁਨੀਆਂ ਦੇ ਦੇਣਦਾਰ।

ਹਰ ਇੱਕ ਸ਼ੈਅ ਸਾਡੇ ਜੱਗ ਦੀ,
ਪਰਮ ਸੱਤਾ ਦਾ ਹੈ ਸਾਹਕਾਰ।
ਊਚ ਨੀਚ ਅਸਾਂ ਆਪ ਬਣਾਈ,
ਜੱਗ ਦੇ ਬੰਦੇ ਸਾਰੇ ਇੱਕ ਸਾਰ।

ਉਤਪਤੀ ਦੇ ਸਾਧਨ ਸਾਰੇ,
ਕੁਦਰਤ ਦੇ ਸਾਰੇ ਭੰਡਾਰ।
ਹੋਵਣ ਸਾਂਝੇ ਸਭ ਦੇ,
ਸਾਂਝੀ ਹੋਵੇ ਸਾਰੀ ਪੈਦਾਵਾਰ।

ਪੂੰਜੀਵਾਦੀ ਨਿਜ਼ਾਮ ਦੇ ਅੰਦਰ, 
ਅਰਥ ਵਿਵਸਥਾ ਹੋ ਜਾਵੇ ਉਲਾਰ।
ਪੰਜ ਪ੍ਰਸੈਂਟ ਹੀ ਖਾ ਜਾਂਦੇ ਨੇ,
ਕੌਮੀ ਦੋਲਤ ਦੇ ਭੰਡਾਰ।

ਖਾਂਦੇ ਮਾਸ ਤੇ ਪੀਂਦੇ ਰੱਤ
ਹੱਕ ਹੋਰਾਂ ਦਾ ਮਾਰ।
ਭਾਈ ਲਾਲੋਆਂ ਨੂੰ ਕੋਈ ਨਾ ਪੁੱਛੇ,
ਮਲਕ ਭਾਗੋਆਂ ਦੀ ਸਰਕਾਰ।

ਢੇਰਾਂ ਦੇ ਢੇਰ ਜੋ ਕਰਨ ਇਕੱਠੇ,
ਪੂੰਜੀਵਾਦੀ ਜਾਂ ਲੋਕ ਗਦਾਰ।
ਲਾਹਣਤ ਉਹ ਸਾਰੀ ਦੁਨੀਆਂ ਲਈ,
ਧਰਤੀ ਉੱਪਰ ਬਣ ਜਾਂਦੇ ਭਾਰ।

ਨਾਜ਼ਰਾ ਬਣਕੇ ਭਿਖਸ਼ੂ ਘਰ ਘਰ ਜਾਈਏ,
ਕਰੀਏ ਸਚਿ ਦਾ ਪਰਚਾਰ।
ਵਿਦਿਆ ਗਿਆਨ ਵਿਗਿਆਨ ਹੀ
ਸਭ ਤੋਂ ਵੱਡਾ ਹਥਿਆਰ।
*********

















ਨੇਕੀ ਦਾ ਪੱਖ ਸਦਾ ਪੂਰੀਏ

ਨੇਕੀ ਦਾ ਪੱਖ ਸਦਾ ਪੂਰੀਏ,
ਜੱਗ ਵਿਚ ਪੈੜਾਂ ਪਾਈਏ।
ਸੱਚ ਸਿਦਕ ਨੂੰ ਪੱਲੇ ਰੱਖ ਕੇ,
ਰੱਬ ਤੇ ਜੱਗ ਦਾ ਭੇਦ ਮਿਟਾਈਏ।

ਰੱਬੀ ਖੇਤਰ ਸਰਬ-ਵਿਆਪੀ,
ਪਰਮ ਸੱਤਾ ਦਾ ਜਾਇਆ,
ਰੱਬੀ ਕਿਣਕਾ ਮੁਢ ਮਾਇਆ ਦਾ,
ਪਰਮ ਸੱਤਾ 'ਚੋਂ ਆਇਆ।

ਰੱਬ ਤੇ ਜੱਗ ਪਰਮ ਸੱਤਾ 'ਚੋਂ,
ਕੋਈ ਫਰਕ ਨਾ ਕਿਧਰੇ ਕਾਈ।
ਰੱਬ ਮੁਜੱਸਮਾ ਦੈਵੀ ਗੁਣਾਂ ਦਾ,
ਸ਼ੈਤਾਨੀਅਤ ਜੱਗ ਵਿਚ ਸਮਾਈ।

ਦੋਵੇ ਰੁਪ ਪਰਮ ਸੱਤਾ ਦੇ,
ਇੱਕ ਜਮ੍ਹਾਂ ਇੱਕ ਮਨਫੀ ਭਾਈ।
ਨਿੱਰੀ ਨੇਕੀ ਨੂੰ ਰੱਬ ਆਖੀਦਾ,
ਜੱਗ ਵਿਚ ਨੇਕੀ ਸੰਗ ਬੁਰਾਈ।

ਲਗਾਤਾਰ ਜੇ ਕੋਸ਼ਿਸ਼ ਕਰੀਏ,
ਰੱਬ ਦੀ (ਨੇਕੀ ਦੀ) ਦੇਹਲੀ (ਹੱਦ) ਤੱਕ ਪੁੱਜ ਜਾਈਏ।
ਇੱਕ ਪੈਰ ਦੇਹਲੀ ਦੇ ਅੰਦਰ,
ਦੂਜਾ ਜੱਗ ਦੇ ਵਿਚ ਟਿਕਾਈਏ।

ਆਪਣੇ ਲਈ ਹਰ ਕੋਈ ਕਰਦਾ ਹੈ,
ਕੁਝ ਹੋਰਾਂ ਲਈ ਵੀ ਕਰਕੇ ਜਾਈਏ।
ਕੋਈ ਨੱਕ ਨਕੇਲ ਨਾ ਸਾਡੇ ਹੋਵੇ,
ਸਵੈ-ਇੱਛਤ ਜੀਵਨ ਪਾ ਜਾਈਏ।
*********
ਹਓਮੈਂ ਕਰੇ ਜੇ ਕੋਈ ਤਿਆਗੀ

ਹਓਮੈਂ ਕਰੇ ਜੇ ਕੋਈ ਤਿਆਗੀ,
ਘੜੀ ਮੁੜੀ ਜੇ ਕਰੇ ਵਿਚਾਰ।
ਕਿ 'ਮੈਂ' ਕੀਤਾ ਬੜਾ ਤਿਆਗ,
ਐਸਾ ਬੰਦਾ ਮੂਰਖ ਗੁਵਾਰ।

ਹਓਮੈਂ ਛੱਡ ਨਿਮਰ ਬਣ ਜਾਈਏ,
ਪਰ ਚੜ੍ਹੇ ਜੇ ਨਿਮਰਤਾ ਦਾ ਬੁਖਾਰ।
ਕੀ ਹੈ ਨਿਮਰਤਾ ਉਹ ਨਾ ਜਾਣੇ,
ਬੇਹੂਦਾ ਉਸਦਾ ਹੈ ਖੁਮਾਰ।

ਕਰੋਧ ਤਿਆਗੇ ਜੇਕਰ ਬੰਦਾ,
ਕਰੇ ਨਾ ਕਰੋਧ ਤੱਕ ਅਤਿਆਚਾਰ।
ਅਤੇ ਅਣਦੇਖੀ ਜੇ ਕਰਦਾ ਜਾਵੇ,
ਐਸਾ ਬੰਦਾ ਨਿਰਾ ਬੇਕਾਰ।

ਲੋਭ ਤਿਆਗੀਏ ਕਦੀ ਨਾ ਲੁਟੀਏ,
ਹੱਕ ਨਾ ਮਾਰੀਏ ਕਿਸੇ ਦਾ ਯਾਰ।
ਪਰ ਲੋਭ ਗੁਣਾਂ ਦਾ ਗੁਣਾਂ ਦੀ ਚੋਰੀ,
ਇਸ ਤੋਂ ਚੰਗੀ ਨਹੀਂ ਕੋਈ ਕਾਰ।

ਪ੍ਰੇਮ ਪਿਆਰ ਮੋਹ ਬੁਰੇ ਨਾ,
ਪਰ ਮੋਹ ਕਰੇ ਨਾ ਸਾਨੂੰ ਬੀਮਾਰ।
ਮੋਹ ਵਸ ਹੋ ਕੇ ਕਦੀ ਨਾ ਕਰੀਏ,
ਜੱਗ ਵਿਚ ਕੋਈ ਵੀ ਮੰਦੀ ਕਾਰ।

ਤਿਆਗ ਤਿਆਗ ਦੀ ਰਟ ਨਾ ਲਗਾਈਏ,
ਕੁਝ ਨਾ ਤਿਆਗੀਏ ਜੱਗ ਵਿਚਕਾਰ।
ਗੁਣ ਅਪਣਾਈਏ ਅਬਗੁਣ ਤਿਆਗੀਏ,
ਪੁਰਸ਼ ਕਦੀ ਨਾ ਤਿਆਗੇ ਨਾਰ।

ਇਸਤਰੀ ਪੁਰਸ਼ ਦੋ ਧੁਰੇ ਜਿੰਦ ਦੇ,
ਵਧੇ ਫੁੱਲੇ ਜਿੰਦ ਜੱਗ ਵਿਚਕਾਰ।
ਪਰ ਬੰਦਸ਼ ਹੈ ਅਤਿ ਜ਼ਰੂਰੀ,
ਬਣ ਕੇ ਰਹੀਏ ਪਰਹੇਜ਼ਗਾਰ।

ਸੰਜੋਗ ਹੋਇਆ ਅਸੀਂ ਜੱਗ ਵਿਚ ਆਏ,
ਕਾਮ ਕਰੀੜਾ ਦਾ ਹੈ ਪਾਸਾਰ।
ਪੰਜ ਗੁਣ ਅਬਗੁਣ ਸੰਗ ਸੰਗ ਵਸਦੇ,
ਸੰਤੁਲਨ ਵਿਚ ਰੱਖੀਏ ਸਭ ਕਾਰ।

ਅਸੀਂ ਮਾਂ ਹਵਾ ਦੇ ਸਭ ਦੁਲਾਰੇ,
ਰੁਲੇ ਨਾ ਕੋਈ ਜੱਗ ਵਿਚਕਾਰ।
ਸਾਡੀ ਸਭਨਾਂ ਦੀ ਮਾਨਵ ਜਾਤੀ,
ਬਣੇ ਨਾ ਕੋਈ ਦਾਨਵ ਯਾਰ।
*********

















ਕੋਈ ਕਿਧਰੇ ਹੈ ਨਹੀਂ ਟਿਕਾਣਾ

ਕੋਈ ਕਿਧਰੇ ਹੈ ਨਹੀਂ ਟਿਕਾਣਾ,
ਮਰਨ ਪਿੱਛੋਂ ਹੈ ਜਿਥੇ ਜਾਣਾ।
ਮੈਂ ਨਾ ਮਰਦਾ ਤੂੰ ਨਾ ਮਰਦਾ,
ਸਰੀਰ ਸਾਡੇ ਨੇ ਨਾਸ਼ ਹੋ ਜਾਣਾ।

ਇੱਕ ਵਾਰੀ ਸਰੀਰ ਜੋ ਹੋ ਜਾਂਦਾ ਹੈ,
ਮੁੜ ਉਹ ਸਦਾ ਲਈ ਖੋ ਜਾਂਦਾ ਹੈ।
ਸਵਾਰੀ ਬਦਲੇ ਸਵਾਰ ਨਾ ਬਦਲੇ,
ਸਮਾਂ ਬਦਲੇ ਰਫਤਾਰ ਬਦਲੇ।

ਡੇਰੇਦਾਰਾਂ ਨੇ ਮੱਤ ਮਾਰੀ ਸਾਡੀ,
ਨਿੱਤ ਕੱਢਣ ਜਨਾਜ਼ਾ ਆਪਣਾ ਭਾਰੀ।
ਮਰਨ ਲਈ ਲਗਵਾਉਣ ਸਮਾਧੀ,
ਕਿ ਡਰ ਨਾ ਲੱਗੇ ਜਾਂਦੀ ਵਾਰੀ।

ਇਨ ਉਲਟੇ ਰਾਹੀਂ ਪਵੇ ਨਾ ਦੁਨੀਆਂ,
ਸੁਤੇਸਿਧ ਜਿੰਦ ਜਾਏ ਗੁਜ਼ਾਰੀ।
ਸਰੀਰ ਨੇ ਇੱਕ ਦਿਨ ਹਾਰ ਮੰਨਣੀ,
ਆ ਜਾਵੇ ਮੌਤ ਕੋਈ ਗੱਲ ਨਾ ਮਾੜੀ।

ਜੋ ਜਨਮੇ ਉਸ ਬਿਨਸ ਜਾਣਾ ਹੈ,
ਹਰ ਸ਼ੈਅ ਜੱਗ ਦੀ ਟੁੱਟਣ ਹਾਰੀ।
ਮਰਨੋਂ ਮੂਲ ਕਿਉਂ ਡਰੇ ਕੋਈ।
ਸੰਤੁਲਨ ਵਿਚ ਜੇ ਜਿੰਦ ਗੁਜ਼ਾਰੀ।

ਸੰਝ ਸਵੇਰੇ ਚੀਨੀਏ ਆਪਾ,
ਕੋਈ ਗੁਣ ਅਪਣਾਈਏ ਹਰ ਇੱਕ ਵਾਰੀ,
ਆਚਰਣ ਉੱਚਾ ਰੱਖ ਜਿਊਂਦੇ ਜਾਈਏ,
ਫਿਰ ਰੱਬ ਵੀ ਪੁੱਛੇ ਕੀ ਇੱਛਾ ਤੁਮਾਰੀ।

ਮਰਨ ਤੋਂ ਪਹਿਲਾਂ ਨਿੱਤ ਹੀ ਮਰੀਏ,
ਇਹ ਕੈਸੀ ਹੈ ਅਕਲ ਹਮਾਰੀ।
ਜਿੰਦ ਜੀਵੀਏ ਜੱਗ ਵਿਚ ਡਟ ਕੇ,
ਸਭਨਾਂ ਸੰਗ ਸਾਡੀ ਲੱਗੇ ਯਾਰੀ।

ਸਰੀਰ ਉਪਜਦੇ ਤੇ ਬਿਨਸਦੇ,
ਰਹਿ ਨਹੀਂ ਸਕਦੀ ਇੱਕੋ ਸਵਾਰੀ।
ਮੌਤ ਪਿੱਛੋਂ ਜੇ ਹੋਂਦ ਨਾ ਸਾਡੀ,
ਸੀ ਜਨਮ ਤੋਂ ਪਹਿਲਾਂ ਕੀ ਹੋਂਦ ਹਮਾਰੀ।

ਜੀਵਨ ਦੀ ਰੌਂਅ ਟੁਰਦੀ ਜਾਵੇ,
ਟੁਰੀ ਜਦੋਂ ਦੀ ਇੱਕੋ ਵਾਰੀ।
ਜੂਨਾਂ ਬਦਲਦੀ ਸਰੀਰ ਬਦਲਦੀ,
ਆਈ ਬਦਲਦੀ ਨਵੀਂ ਸਵਾਰੀ।

ਜੰਗ ਜੀਵਨ ਦੀ ਲੜਦੇ ਜਾਈਏ,
ਪੰਜਾਂ ਦੀ ਕਰ ਘੋੜ ਸਵਾਰੀ।
ਲਗਾਮ ਢਿੱਲੀ ਜੇਕਰ ਹੋ ਜਾਵੇ,
ਹੁੰਦੀ ਹੈ ਫਿਰ ਬਹੁਤ ਖੁਆਰੀ।

ਸੰਜੋਗ ਵਿਜੋਗ ਨੇ ਹੁੰਦੇ ਜਾਣਾ,
ਰਹੇ ਬਦਲਦੀ ਜਿੰਦ ਸਵਾਰੀ।
ਭੇਦ ਗੈਬ ਦੇ ਬੁਝਦੇ ਜਾਣਾ,
ਪੁੱਜਣਾ ਹੈ ਇਸ ਉੱਚ ਅਟਾਰੀ।
*********







ਟੀਸੀ ਉੱਤੋਂ ਜੇ ਕੋਈ ਗਿਰਦਾ

ਟੀਸੀ ਉੱਤੋਂ ਜੇ ਕੋਈ ਗਿਰਦਾ,
ਨੈਣ ਪੁਰਾਣ ਹੋ ਜਾਣ ਨਿਤਾਣੇ।
ਰੋਮ ਰੋਮ ਰੋਂਦਾ ਹੈ ਉਸਦਾ,
ਕਣ ਕਣ ਉਸਦਾ ਚੈਨ ਨਾ ਜਾਣੇ।

ਆਪਾ ਆਪਣਾ ਘੜਦੇ ਜਾਈਏ,
ਗੁਣ ਅਪਣਾਈਏ ਔਗੁਣ ਭਜਾਈਏ।
ਸਾਵਧਾਨ ਸਦਾ ਹੀ ਰਹੀਏ,
ਕਿਧਰੇ ਥਿੜਕ ਨਾ ਜਾਈਏ।

ਜੱਗ ਵਿਚ ਨੇਕੀ ਕਰਦੇ ਜਾਈਏ,
ਇੱਕ ਵਾਰ ਨਹੀਂ ਹਜ਼ਾਰ ਵਾਰ।
ਕਰੀਏ ਬਦੀ ਜੇ ਇੱਕੋ ਵਾਰੀ,
ਨੇਕੀ ਦਾ ਸੜ ਜਾਏ ਭੰਡਾਰ।

ਕੋਈ ਇੱਕ ਬਦੀ ਜੇ ਅਸੀਂ ਕਮਾਈਏ,
ਮਨ ਉੱਤੇ ਮੈਲ ਦਾ ਚੜ੍ਹ ਜਾਏ ਭਾਰ।
ਜਿੰਨਾ ਮਰਜੀ ਜ਼ੋਰ ਲਗਾਈਏ,
ਫਿਰ ਨਾ ਸਕੀਏ ਕਦੀ ਉਤਾਰ।

ਉੱਚੀਆਂ ਉਚਾਂਦਾਂ 'ਤੇ ਚੜ੍ਹਨਾ ਔਖਾ,
ਗਿਰ ਜਾਂਦੇ ਨੇ ਸ਼ਾਹ ਸਵਾਰ।
ਭਲਾ ਕਿਵੇਂ ਕੋਈ ਚੁੱਕ ਸਕਦੈ,
ਪੰਜ ਦੈਂਤਾਂ ਦਾ ਲੱਖਾਂ ਮਣ ਭਾਰ।

ਵਿਪ੍ਰੀਤ ਵਿਰੋਧੀ ਜੀਵਨ ਸਾਡਾ,
ਗੁਣ ਅਬਗੁਣ ਦੋਵੇਂ ਇੱਕ ਸਾਰ।
ਇੱਕ ਧਾਰ 'ਚੋਂ ਅੰਮ੍ਰਿਤ ਵਗੇ,
ਦੂਜੀ 'ਚੋਂ ਜ਼ਹਿਰਾਂ ਦੀ ਫੁਆਰ।
*********
ਜੇਕਰ ਜਿਊਣਾ ਜੱਗ ਵਿਚ ਬੰਦੇ

ਜੇਕਰ ਜਿਊਣਾ ਜੱਗ ਵਿਚ ਬੰਦੇ,
ਹੋ ਕੇ ਬੇ-ਪਰਵਾਹ।
ਕਰਮ ਕਰੀਂ ਸਰਬੱਤ ਭਲੇ ਦੇ,
ਕਦੀ ਨਾ ਘੁੱਟੀਂ ਕਿਸੇ ਦਾ ਸਾਹ।

ਕਰ ਸਕੇਂ ਨੇਕੀ ਕਰੀਂ,
ਭੁਲ ਨਾ ਬਦੀ ਕਮਾਵੀਂ।
ਮੁੜ ਨਾ ਆਉਣਾ ਜੱਗ ਵਿਚ,
ਪਛਤਾਵਾ ਨਾ ਲੈ ਜਾਵੀਂ।

ਮਾਰੇਂ ਆਪਣੇ ਆਪ ਨੂੰ,
ਜਿਸ ਚਾਹੇ ਮਾਰ ਮੁਕਾ।
ਜੋ ਕੁਝ ਤੈਨੂੰ ਦਿਸਦਾ,
ਨਹੀਂ ਤੇਰੇ ਤੋਂ ਜੁਦਾ।

ਹਰ ਕਿਸੇ ਵਿਚ ਤੇਰਾ ਆਪਾ,
ਬਿਨ ਆਪੇ ਦੇ ਨਾ ਕੋਏ।
ਆਪਾ ਹੀ ਹਰੀ ਹੈ,
ਜੋ ਦੀਸੇ ਹਰਿ ਸੋਏ।

ਜਿਸ ਨੂੰ ਮਾਰਨ ਚਲਿਆਂ,
ਜਾਂ ਜਿਸ ਗੱਲ ਹਾਰ ਪਰੋਏ।
ਦੋਵੇਂ ਰੂਪ ਆਪੇ ਦੇ,
ਆਪੇ ਬਿਨ ਨਾ ਕੋਈ
''ਆਪਾ ਹਰ ਇੱਕ ਸ਼ੈਅ ਵਿਚ ਹੋਏ''
(1962)
*********


ਰੱਖੀਏ ਕਦੀ ਨਾ ਚਾਹ ਕਬਜ਼ੇ ਦੀ

ਰੱਖੀਏ ਕਦੀ ਨਾ ਚਾਹ ਕਬਜ਼ੇ ਦੀ,
ਜੇ ਕੋਈ ਪਿਆਰਾ ਪਿਆਰ ਵਧਾਵੇ।
ਉਹ ਜਿਧਰ ਮਰਜੀ ਜਾਵੇ ਆਵੇ,
ਜੇ ਹੋਵੇਗਾ ਤੁਹਾਡਾ ਮੁੜ ਤੁਹਾਡੇ ਵੱਲ ਆਵੇ।

ਜੱਗ ਦੇ ਰਿਸ਼ਤੇ ਗਰਜੀਂ ਵਧੇ,
ਰਾਹ ਗਰਜਾਂ ਦਾ ਅਪਣਾਉਂਦੇ ਨੇ।
ਬੇਗਰਜ਼ੇ ਟਾਵੇਂ ਟਾਵੇਂ ਹੁੰਦੇ,
ਰੱਬ-ਸਬੱਬੀਂ ਜੋ ਆਉਂਦੇ ਨੇ।

ਦੁਨੀਆਂ ਵਾਲੇ ਜੋ ਦੂਰ ਸੱਚ ਤੋਂ,
ਬਚ ਬਚ ਕੇ ਪੈਰ ਟਿਕਾਉਂਦੇ ਨੇ।
ਰੱਬੀ ਬੰਦੇ ਪਰਵਾਹ ਨਾ ਕਰਦੇ,
ਜੋ ਹਿਰਦੇ ਉਹ ਫਰਮਾਉਂਦੇ ਨੇ।

ਅਣਜਾਣੇ ਰਾਹੀਂ ਟੁਰਦੇ ਜਾਈਏ,
ਕਈ ਵਾਰੀ ਮਨ ਘਬਰਾ ਜਾਵੇ।
ਰੱਬੀ ਬੰਦਾ ਕਦੀ ਨਾ ਡੋਲੇ,
ਸਿਜਦੇ ਵਿਚ ਜੁੜ ਜਾਵੇ।

ਅੰਤਰ ਆਤਮਾ ਚਾਨਣ ਦੇਵੇ,
ਅਗਿਆਨ ਹਨੇਰਾ ਦੂਰ ਭਜਾਵੇ।
ਫਿਰ ਉਹ ਰਾਹ ਸਭ ਨੂੰ ਦਰਸਾਵੇ,
ਮੰਜ਼ਲ 'ਤੇ ਪੁੱਜ ਜਾਵੇ।
*********





ਜੇਕਰ ਗੱਲ ਨਾ ਸੁਣੇ ਜੁਆਨੀ

ਜੇਕਰ ਗੱਲ ਨਾ ਸੁਣੇ ਜੁਆਨੀ,
ਸੂਝਵਾਨ ਬੁਢਾਪੇ ਦੀ।
ਰੁਲ ਖੁਲ ਜਾਂਦੀ ਦੁਨੀਆਂ ਅੰਦਰ,
ਮਨ ਮਤੀ ਜੋ ਆਪੇ ਦੀ।

ਜਵਾਨੀ ਅਤੇ ਬੁਢਾਪੇ ਦਾ,
ਹੋ ਜਾਵੇ ਜੇਕਰ ਮੇਲ।
ਪੁੱਠਾ ਪਵੇ ਨਾ ਕੋਈ ਵੀ ਪਾਸਾ,
ਜਿੱਤ ਜਾਵੇ ਸਭ ਖੇਲ੍ਹ।

ਮੰਨੇ ਕੀ ਗੱਤ ਕਹੀ ਨਾ ਜਾਏ,
ਜੋ ਮੰਨੇ ਉੱਤਮ ਫਲ ਪਾਏ।
ਜੋ ਨਾ ਮੰਨੇ ਸਦ ਹੀ ਪਛਤਾਏ,
ਪੁੱਛਣ ਨਾ ਫਿਰ ਮਾਂ-ਪਿਓ ਜਾਏ।

ਅਜੇ ਸਮਾਂ ਹੈ ਪੁਤਰ ਮੇਰੇ,
ਪੈਂਡੇ ਅਜੇ ਪਏ ਬਥੇਰੇ।
ਬਾਬਲ ਦੀ ਗੱਲ ਮੰਨ ਕੇ ਚਲੀਂ,
ਸੁਖੀ ਰਹੇਂਗਾ ਸਦਾ ਜੱਗ ਵੇਹੜੇ।

ਰਾਹ ਵਿਚ ਜੇ ਔਕੜ ਆ ਜਾਵੇ,
ਵੇਖ ਵੇਖ ਕੇ ਮਨ ਘਬਰਾਵੇ।
ਭੁਲ ਕੁਰਾਹੇ ਕਦੀ ਨਾ ਜਾਵੀਂ,
ਸਾਬਤਕਦਮੀਂ ਮੰਜ਼ਲ ਆਵੇ।

*********




ਅਸੀਂ ਕਈ ਜਿੱਤਾਂ ਜਿੱਤੀਆਂ

ਅਸੀਂ ਕਈ ਜਿੱਤਾਂ ਜਿੱਤੀਆਂ,
ਅਤੇ ਕੇਈ ਬਾਜ਼ੀਆਂ ਹਾਰੀਆਂ।
ਕਿਤੇ ਖਾਈਆਂ ਵਿਚ ਜਾ ਗਿਰੇ,
ਕਿਤੇ ਟੱਪੀਆਂ ਬਹੁਤ ਪਹਾੜੀਆਂ।

ਕਿਤੇ ਇੱਕ ਵੀ ਤ੍ਰਿਣ ਨਾ ਚੁੱਕ ਸਕੇ,
ਕਿਤੇ ਪੰਡਾਂ ਚੁਕੀਆਂ ਭਾਰੀਆਂ।
ਕਿਤੇ ਕਿਣਕਾ ਰੇਤ ਨਾ ਕੱਢ ਸਕੇ,
ਕਿਤੇ ਧੜਾਂ ਉਡਾਈਆਂ ਸਾਰੀਆਂ।

ਸਮੇਂ ਸਮੇਂ ਦੇ ਰੰਗ ਨੇ ਸਾਰੇ,
ਸਮਿਆਂ ਦੀਆਂ ਬਾਤਾਂ ਨਿਆਰੀਆਂ।
ਕਰ ਹਿੰਮਤ ਕੁਝ ਕਰਕੇ ਜਾਈਏ,
ਉਹ ਜਿੱਤਣ ਜਿਨ ਤੇਗਾਂ ਮਾਰੀਆਂ।

ਨਿਰਉਤਸ਼ਾਹ ਹੋ ਕੇ ਜੋ ਜੀਵੇ,
ਉਹ ਲਾ ਨਹੀਂ ਸਕਦਾ ਤਾਰੀਆਂ।
ਲਗਨ ਲੱਗੀ ਸ਼ੀਰੀਂ ਦੀ ਜਿਸਨੂੰ,
ਉਨ੍ਹੇ ਪੁੱਟ ਸੁੱਟੀਆਂ ਪਹਾੜੀਆਂ।

ਕਦੀ ਹਾਰਾਂ ਅਤੇ ਕਦੀ ਜਿੱਤਾਂ,
ਰਾਹ ਵਿਚ ਆਉਂਦੀਆਂ ਸਾਰੀਆਂ।
ਡਟ ਕੇ ਜਿੰਦ ਜਿਊਣਾ ਸਿੱਖ ਲੈ,
ਜਿੱਤ ਲਈਏ ਜੋ ਬਾਜ਼ੀਆਂ ਹਾਰੀਆਂ।
*********





ਕਿਉਂ ਕੋਈ ਵੇਹਲੜ ਬਹਿ ਕੇ ਖਾਵੇ

ਕਿਉਂ ਕੋਈ ਵੇਹਲੜ ਬਹਿ ਕੇ ਖਾਵੇ,
ਕਿਉਂ ਕੋਈ ਨਿਰਭਰ ਕਿਸੇ 'ਤੇ ਹੋਵੇ।
ਕਿਉਂ ਨਾ ਕੋਈ ਕਮਾ ਕੇ ਖਾਵੇ,
ਕਿਉਂ ਕੋਈ ਰੱਤ ਕਿਸੇ ਦੀ ਪੀਵੇ।

ਬੰਦਾ ਸਦਾ ਹੀ ਲੜਦਾ ਆਇਆ,
ਆਪਣੀ ਕਿਸਮਤ ਘੜਦਾ ਆਇਆ।
ਕਰਕੇ ਦੂਰ ਅੜਿੱਕੇ ਸਾਰੇ,
ਲੜ ਸਮੇਂ ਦਾ ਫੜਦਾ ਆਇਆ।

ਕਦੀ ਨਾ ਬੰਦਾ ਬੇਦਿਲ ਹੋਇਆ,
ਗਿਰ ਗਿਰ ਕੇ ਇਹ ਉਠ ਖਲੋਇਆ।
ਹਰ ''ਗਿਰਨਾ'' ਹੈ ਡੰਡਾ ਜਿੱਤ ਦਾ,
ਗਿਰ ਗਿਰ ਕੇ ਉਪਰ ਚੜ੍ਹਦਾ ਆਇਆ।

ਜਿੰਦ ਕਾਫਲਾ ਕਿਥੋਂ ਚਲਿਆ,
ਸਾਗਰ ਮੱਲੇ ਜੰਗਲ ਮੱਲਿਆ।
ਭਿੰਨ ਭਿੰਨ ਇਸਨੇ ਰੂਪ ਧਰਾਇਆ,
ਆਖਰ ਮਾਣਸ ਬਣ ਕੇ ਆਇਆ।

ਬਣਿਆ ਮਾਣਸ ਅਪਣੱਤ ਭੁਲਾਈ,
ਇੱਕ ਦੂਜੇ ਸੰਗ ਕਰੇ ਲੜਾਈ।
ਸਿਆਸੀ ਸਮਾਜੀ ਅਰਥ-ਵਿਵਸਥਾ,
ਇਹ ਬਦਲਾਉਂਦਾ ਆਇਆ ਭਾਈ।

ਅਜੇ ਸਾਡੇ ਸਭ ਸਿਸਟਮ ਉਲਾਰੂ,
ਬੰਦੇ ਉਪਰ ਹੋ ਗਏ ਭਾਰੂ।
ਗਲ੍ਹ ਗਲਾਮਾਂ ਧਰਮਾਂ ਦਾ ਪਾਇਆ,
ਅਜੇ ਚੈਨ ਨਾ ਇਸਨੇ ਪਾਇਆ।

ਖੂਨ ਦੀ ਇਹ ਖੇਡੇ ਹੋਲੀ,
ਬਦਲ ਗਈ ਹੈ ਇਸਦੀ ਬੋਲੀ।
ਹੱਦੋ ਵੱਧ ਫਸਾਦੀ ਬਣਿਆ,
ਮਾਹੌਲ ਜੱਗ ਦਾ ਤਣਿਆ ਤਣਿਆ।

ਰਲ ਮਿਲ ਸਾਰੇ ਕਰੀਏ ਚਾਰਾ,
ਫੂਕੇ ਨਾ ਕੋਈ ਚਮਨ ਹਮਾਰਾ।
ਪੂੰਜੀਵਾਦ ਨਿਜ਼ਾਮ ਨੇ,
ਮਚਾ ਦਿੱਤਾ, ਸਾਡਾ ਜੱਗ ਸਾਰਾ।

ਅਜੇ ਸਮਾਂ ਹੈ ਸੰਭਲ ਜਾਈਏ,
ਉਲਾਰੂ ਸਿਸਟਮ ਸਭ ਬਦਲਾਈਏ।
ਵਿਦਿਆ ਗਿਆਨ ਵਿਗਿਆਨ ਦਾ,
ਜੱਗ ਵਿਚ ਦੀਪ ਜਗਾਈਏ।
*********

















ਧੀ ਪੁੱਤ ਸਾਡੇ ਵੱਡੇ ਹੋਏ

ਧੀ ਪੁੱਤ ਸਾਡੇ ਵੱਡੇ ਹੋਏ,
ਵੱਡੇ ਹੋਣ ਬਥੇਰੇ।
ਮਾਪੇ ਲੋਚਣ ਰਹਿਣ ਇਕੱਠੇ,
ਇਹ ਐਵੇਂ ਉਨ੍ਹਾਂ ਦੇ ਝੇੜੇ।

ਪਤਾ ਨਹੀਂ ਕਦੋਂ ਸਮੇਂ ਨੇ,
ਪਾ ਦੇਣੇ ਵਿਛੋੜੇ।
ਕਿਉਂ ਨਾ ਤਿੰਨ ਕਬੂਤਰ ਮੇਰੇ,
ਚੋਗਾ ਚੁਗਣ ਇੱਕ ਵੇਹੜੇ।

ਸੋਇਨ ਰੰਗੀਲਾ ਕਬੂਤਰ ਮੇਰਾ,
ਨਾ ਏਧਰ ਓਧਰ ਝਾਕੇ।
ਸਜੇ ਚੀਨਾ ਖਬੇ ਕਾਲੂ,
ਪਿਛੇ ਖੜ੍ਹੇ ਨੇ ਮਾਪੇ।

ਤਿੰਨੇ ਜਣੇ ਰਲ ਭਰਨ ਉਡਾਰੀ,
ਦੁੱਖ ਘਟਣਗੇ ਆਪੇ।
ਕਿਉਂ ਇੱਕ ਇਕੱਲਾ ਦੁੱਖ ਭਰੇ,
ਦੁਖਿਆ ਕਿਉਂ ਕੋਈ ਜਾਪੇ।

ਇੱਕ ਇਕੱਲਾ ਰਹੇ ਇਕੱਲਾ,
ਦੋ ਤੋਂ ਬਣਨ ਗਿਆਰਾਂ।
ਡਾਰ ਤਿੰਨਾਂ ਦੀ ਜੇ ਬਣ ਜਾਵੇ,
ਬਣ ਜਾਵਣ ਕਈ ਹਜ਼ਾਰਾਂ।

ਰੱਬ ਕਰੇ ਕੋਈ ਕਮੀਂ ਨਾ ਆਵੇ,
ਪਲਦੇ ਰਹਿਣ ਹਜ਼ਾਰਾਂ।
ਸਭੇ ਸਾਂਝੀਵਾਲ ਸਦਾਇਨ,
ਬਣ ਜਾਵਣ ਕਈ ਡਾਰਾਂ।

ਜਿੰਨਾ ਕੁ ਹੈ ਵਿੱਤ ਕਿਸੇ ਦਾ,
ਕਰਨ ਆਪਣੀਆਂ ਕਾਰਾਂ।
ਲੋੜ ਮੁਤਾਬਕ ਮਿਲੇ ਸਭ ਨੂੰ,
ਹੋਵਣ ਮੌਜ ਬਹਾਰਾਂ।
-----------
ਖਿੰਡ ਪੁੰਡ ਗਈ ਟੱਬਰੀ ਸਾਡੀ,
ਰਹਿੰਦੀ ਵੀ ਖਿੰਡ ਜਾਣੀ।
ਮੇਲਾਂ ਵਿਚੋਂ ਵਿਛੋੜਾ ਉਪਜੇ,
ਸਮੇਂ ਦੀ ਰੀਤ ਪੁਰਾਣੀ।

ਕੌਣ ਸਮੇਂ ਨੂੰ ਜੱਫਾ ਮਾਰੇ,
ਰੋਕੇ ਕੌਣ ਵਿਛੋੜੇ।
ਜਿੰਦਗੀ ਦਾ ਰਾਹ ਕੌਣ ਮੱਲੇ,
ਕੌਣ ਕਿਸੇ ਨੂੰ ਹੋੜੇ।

ਲਗਨਾਂ ਵਾਲੇ ਟੁਰ ਜਾਂਦੇ ਨੇ,
ਆਪਣੀਆਂ ਰਾਹਾਂ ਉੱਤੇ।
ਲੇਲੇ ਵਾਂਙ ਮੈਂ ਮੈਂ ਕਰਦੇ,
ਰਹਿ ਜਾਂਦੇ ਨੇ ਸੁੱਤੇ।
*********
(1984)











ਵਿਸ਼ਵ ਭੁਲੀਂ ਨਾ ਮੱਤ ਦਾਦੂ ਦੀ

ਵਿਸ਼ਵ ਭੁਲੀਂ ਨਾ ਮੱਤ ਦਾਦੂ ਦੀ,
ਤੂੰ ਬਣ ਕੇ ਰਹੀ ਸਿਆਣਾ।
ਸਮਝ ਸੋਚ ਕੇ ਖੋਲ੍ਹੀਂ ਬੱਚਿਆ,
ਇਹ ਗੁੰਝਲਾਂ ਭਰਿਆ ਤਾਣਾ।

ਖੁਦੀ ਤੇ ਖੁਦਗਰਜੀ ਏੇਥੇ,
ਇਥੇ ਮਿਧਿਆ ਜਾਏ ਨਿਤਾਣਾ।
ਡਟ ਕੇ ਜਿਊਣਾ ਸਿੱਖੀ ਬਚਿਆ,
ਸਮਝ ਕੇ ਕਦਮ ਉਠਾਉਣਾ।

ਕਾਲੇ ਮਨ ਈਰਖਾਲੂ ਬੰਦੇ,
ਇਥੇ ਲੁੱਟ ਦਾ ਨਹੀਂ ਟਿਕਾਣਾ।
ਹੱਕ ਸੱਚ ਨੂੰ ਕੋਈ ਨਾ ਜਾਣੇ,
ਕੋਈ ਸਮਝੇ ਨਾ ਕੀ ਭਾਣਾ।

ਮਾਰੋ ਮਾਰ ਹੋਈ ਜੱਗ ਅੰਦਰ, 
ਇਥੇ ਮਹਜ਼ਬਾਂ ਨੇ ਤਣਿਆ ਤਾਣਾ।
ਕਾਮ ਕਰੋਧ ਕਰਾਵੇ ਕਾਰੇ,
ਇਥੇ ਲੋਭ ਦਾ ਨਹੀਂ ਟਿਕਾਣਾ।

ਵਿਸ਼ਵ-ਅਮਨ ਤੁਸੀਂ ਦੋਵੇਂ ਜਾਣੇ,
ਸੱਚੋ ਸੱਚ ਕਮਾਉਣਾ।
ਬਦੀ ਦਾ ਲੜ ਕਦੀ ਨਾ ਫੜਨਾ।
ਮੁੜ ਕਿਸ ਨੇ ਜੱਗ 'ਤੇ ਆਉਣਾ।
(ਡੱਕਾ ਨੇਕੀ ਦੇ ਪਲੜੇ ਪਾਉਣਾ।)
*********
(1994)



ਇਖਲਾਕੀ ਗੁਣ ਤੇ ਲਗਨ

ਇਖਲਾਕੀ ਗੁਣ ਤੇ ਲਗਨ,
ਜਿਸ ਸੂਰੇ ਵਿਚ ਹੋਵੇ।
ਇੱਕਮਿੱਕਤਾ ਰੱਬ ਜੀ ਦੇ ਸੰਗ,
ਨਿਤਾਣਿਆਂ ਸੰਗ ਖਲੋਵੇ।
ਐਸਾ ਸੂਰਾ ਇਸ ਜੱਗ ਅੰਦਰ,
ਕੋਈ ਟਾਵਾਂ ਹੀ ਹੋਵੇ।

ਸੂਰਜਮੁਖੀ ਵਾਂਙ ਮੁੱਖ ਆਪਣਾ,
ਚਾਨਣ ਸੰਗ ਪਰੋਵੇ।
ਹਰ ਇੱਕ ਸ਼ੈਅ ਵਿਚ ਆਪਾ ਤੱਕੇ,
ਦੂਈ ਦਵੈਸ਼ ਨਾ ਹੋਵੇ।
ਖੁੱਲ੍ਹੇ ਕਪਾਟ ਚਾਨਣ ਹਿਰਦੇ,
ਬਦੀਆਂ ਤੋਂ ਉਹ ਦੂਰ ਖਲੋਵੇ।

ਐਸਾ ਰਹਿਬਰ ਮੇਰੇ ਰੱਬਾ,
ਜੇ ਮੇਰੇ ਦੇਸ਼ ਵਿਚ ਹੋਵੇ।
ਨਾਨਕ ਵਾਂਙ ਕਿਸੇ ਬਾਬਰ ਦੀ,
ਬੇਸ਼ੱਕ ਚੱਕੀ ਝੋਵੇ।
ਮੁੜ ਹਨੇਰ ਭਜਾਵੇ ਜੱਗ ਤੋਂ,
ਚਾਨਣ ਸੰਗ ਖਲੋਵੇ।
*********









ਲਗਾਤਾਰ ਜੇ ਧਿਆਨ ਧਰੀਏ
ਲਗਾਤਾਰ ਜੇ ਧਿਆਨ ਧਰੀਏ,
ਨਿਰੇ ਸਤਿ ਨੂੰ ਵੀ ਬੁਝ ਪਾਈਏ।
ਗੁੰਝਲਦਾਰ ਹੈ ਢਾਂਚਾ ਜਗਤ ਦਾ,
ਹਰ ਗੁੰਝਲ ਨੂੰ ਖੋਲ੍ਹਦੇ ਜਾਈਏ।

ਵਿਪ੍ਰੀਤ ਸਿਫਤਾਂ ਦੀ ਰਲ ਗੱਡ ਨੇ,
ਸਾਰਾ ਜਗਤ ਬਣਾਇਆ ਹੈ।
ਖਾਲਕ ਖਲਕ, ਖਲਕ ਮੇਂ ਖਾਲਕ,
ਵੱਖ ਕਿਧਰੇ ਨਹੀਂ ਖੁਦਾਇਆ ਹੈ।

ਆਤਮ ਅੰਸ਼ ਮਾਇਆ ਦੇ ਕਣ ਕਣ,
ਬਿਨ ਆਤਮ ਅੰਸ਼ ਨਹੀਂ ਮਾਇਆ ਹੈ।
ਕਿਧਰੇ ਮਾਦਾ ਸੁੱਤਾ ਪਿਆ ਹੈ,
ਕਿਧਰੇ ਇਸ ਜੱਗ ਜਗਾਇਆ ਹੈ।

ਕਿਵੇਂ ਚੱਲਿਆ ਇਹ ਸਿਲਸਿਲਾ,
ਅਜੇ ਅਕਲਾਂ ਵਿਚ ਨਾ ਆਇਆ ਹੈ।
ਵਿਗਿਆਨ ਸਾਡਾ ਸਾਰੀ ਗੁੰਝਲ ਖੋਲ੍ਹੇ,
ਬੰਦਾ ਗੁੰਝਲਾਂ ਖੋਲ੍ਹਦਾ ਆਇਆ ਹੈ।

ਇੱਕੋ ਆਪਾ ਸਾਰੇ ਜਗਤ ਦਾ,
ਅਰਬਾਂ ਖਰਬਾਂ ਰੂਪ ਧਰਾਵੇ।
ਆਪਾ ਸਦਾ ਹੀ ਪੂਰਮ ਪੂਰਾ,
ਹਰ ਸ਼ੈਅ ਵਿਚ ਸਮਾਵੇ।
*********





ਅਤਿ ਅਲਪਤ ਹੈ ਬੁੱਧ ਆਸਾਡੀ


ਅਤਿ ਅਲਪਤ ਹੈ ਬੁੱਧ ਆਸਾਡੀ,
ਸਾਡੀ ਸੁਧ ਅਜੇ ਹੈ ਫਾਡੀ।
ਬੈਲ ਇੱਕੋ ਇੱਕੋ ਹੈ ਗਾੜੀ,
ਜੀਵ ਹਨੇਰਾ ਢੋਅ ਰਿਹਾ।

ਅੰਤਾਂ ਦਾ ਹਨੇਰ ਮੁਕਾਇਆ ਨਾ ਜਾਵੇ,
ਭੋਰਾ ਭੋਰਾ ਚਾਨਣ ਦਾ ਆਵੇ।
ਖਬਰੇ ਕੌਣ ਕਿਧਰ ਨੂੰ ਜਾਵੇ,
ਅਣਜਾਣੇ ਹੀ ਜੱਗ ਰੋ ਰਿਹਾ ਹੈ।

ਇੱਕੋ ਆਪਾ ਸਾਰੇ ਜਗਤ ਦਾ,
ਉਹ ਵੀ ਇੱਕ ਦਿਨ ਛਪ ਖਲੋਏ।
ਵਿਪ੍ਰੀਤ ਗੁਣਾਂ ਦਾ ਜੋੜ ਫਲ,
ਨਿਰਾ ਹੀ ਸੁਨਯੈ ਜਦ ਹੋਏ।
*********















ਜੋ ਹਓਮੈਂ ਨੂੰ ਮਿਟਾ ਦਿੰਦਾ ਹੈ

ਜੋ ਹਓਮੈਂ ਨੂੰ ਮਿਟਾ ਦਿੰਦਾ ਹੈ,
ਖੁਦੀ ਨੂੰ ਖੁਦਾ ਬਣਾ ਦਿੰਦਾ ਹੈ।
ਕਰੇ ਮੱਦਦ ਉਹ ਲੋੜਵੰਦਾਂ ਦੀ,
ਧੰਨਵਾਦ ਕਦੀ ਨਾ ਚਾਹੇ।

ਜੇ ਕੋਈ ਆਪਣਾ ਆਪ ਜਣਾਵੇ,
ਹਓਮੈਂ ਵਿਚ ਆ ਖੁਸ਼ੀ ਮਨਾਵੇ।
ਧੰਨਵਾਦ ਨਾ ਕਰੇ ਜੇ ਕੋਈ ਉਸਦਾ,
ਉਹ ਘਣਾ ਦੁੱਖ ਮਨਾਵੇ।

ਜੋ ਹਓਮੈਂ ਨੂੰ ਮਿਟਾ ਦਿੰਦੇ ਨੇ,
ਆਪਣਾ ਆਪ ਮਿਟਾ ਲੈਂਦੇ ਨੇ।
ਉਹ ਆਪਣੀ ਮਰਜ਼ੀ ਨਾਲ ਜਿਊਂਦੇ,
ਜਿੰਦ ਲੋਕ ਸੇਵਾ ਵਿਚ ਲਾ ਦਿੰਦੇ ਨੇ।

ਬਹੁਤ ਉੱਚੇ ਉੱਠ ਜਾਂਦੇ ਨੇ ਉਹ,
ਨਿਰਵਾਨ ਪਦ ਪਾ ਜਾਂਦੇ ਨੇ ਉਹ।
ਸਵੈ-ਇੱਛਤ ਜੀਵਨ ਜਿਊਂਦੇ ਨੇ ਉਹ,
ਜੱਗ ਵਿਚ ਡਟ ਖਲੋਂਦੇ ਨੇ ਉਹ।

ਬਣ ਭਿਖਸ਼ੂ ਥਾਂ ਥਾਂ ਜਾਂਦੇ ਨੇ ਉਹ,
ਵਿਦਿਆ ਗਿਆਨ ਫੈਲਾਂਦੇ ਨੇ ਉਹ।
ਭਲਾ ਸਾਰੇ ਜਗਤ ਦਾ ਚਾਂਹਦੇ ਨੇ ਉਹ,
ਦੂਈ ਦਵੈਸ਼ ਮਿਟਾਂਦੇ ਨੇ ਉਹ।
*******





ਦੁਨੀਆਵੀ ਦੁੱਖਾਂ ਦੀ ਦਾਰੂ ਨਾ ਅਲਾਹ ਨਾ ਰਾਮ

ਦੁਨੀਆਵੀ ਦੁੱਖਾਂ ਦੀ ਦਾਰੂ ਨਾ ਅਲਾਹ ਨਾ ਰਾਮ,
ਰੱਬ ਰੱਬ ਕਰਕੇ ਦੁੱਖ ਭੁਲਾਈਏ ਇਹ ਦਾਰੂ ਕਿਸ ਕਾਮ।
ਕਦੇ ਨਾ ਅੜਚਣ ਰਹਿਣ ਦੇਈਏ ਕਰੀਏ ਡਟ ਸੰਗਰਾਮ,
ਸਾਡੇ ਸਿਆਸੀ ਸਮਾਜੀ ਆਰਥਿਕ ਸਿਸਟਮ ਨਿਰੇ ਦੁੱਖਾਂ ਦੀ ਖਾਨ।

ਸਮਤੋਲ ਹੋਵਣ ਸਿਸਟਮ ਸਾਰੇ ਹੋਵੇ ਵਿਦਿਆ ਤੇ ਗਿਆਨ,
ਫਿਰ ਕੀੜਿਆਂ ਵਾਂਙ ਨਾ ਲੱਭਦੇ ਫਿਰੀਏ ਰਿਜ਼ਕ ਸੁਬ੍ਹਾ ਔਰ ਸ਼ਾਮ।
ਦੁੱਖ ਦੇਣੇ ਨੇ ਸਿਸਟਮ ਸਾਡੇ ਕਰੀਏ ਰੱਬ ਨੂੰ ਬਦਨਾਮ।
ਲੱਖਾਂ ਕਰੋੜਾਂ ਬੰਦੇ ਜੱਗ ਦੇ ਜੱਪ ਨਹੀਂ ਸਕਦੇ ਨਾਮ।

ਨਾਮ ਜਪਿਆਂ ਦੁੱਖ ਦੂਰ ਨਾ ਹੁੰਦੇ ਖਿੜ ਜਾਂਦਾ ਆਤਮ ਰਾਮ,
ਜਾਂ ਫਿਰ ਸਵੈ-ਭਰੋਸਾ ਆਵੇ ਵਧ ਜਾਵੇ ਸਾਡੀ ਸ਼ਾਨ।
ਦਿੱਭ-ਦ੍ਰਿਸ਼ਟੀ ਵੀ ਆ ਜਾਂਦੀ ਪੰਜਾਂ ਨੂੰ ਪਵੇ ਲਗਾਮ,
ਪਰ ਦੁਨੀਆਵੀ ਦੁੱਖ ਦੂਰ ਕਰਨ ਲਈ ਬਦਲਣੇ ਪੈਣੇ ਨਿਜ਼ਾਮ।

ਅਮੀਰੀ ਗਰੀਬੀ ਬੇ-ਰੋਜ਼ਗਾਰੀ ਪੱਲੇ ਪਾਉਣ ਨਿਜ਼ਾਮ,
ਉਲਾਰੂ ਸਿਸਟਮ ਜੱਗ ਦੇ ਰੁਲਦੇ ਫਿਰਦੇ ਬੰਦੇ ਆਮ।
ਕੁਲੀ ਗੁਲੀ ਜੁਲੀ ਮਿਲੇ ਨਾ ਫਿਰ ਕੀ ਕਰੇ ਆਮ ਇਨਸਾਨ,
ਰੁਲਦਾ ਫਿਰੇ ਜੇ ਆਮ ਆਦਮੀ ਕੁਲੀਨ ਕੁਲਾਂ ਦੀ ਵਧਦੀ ਸ਼ਾਨ।

ਇਹ ਕੈਸਾ ਆਰਥਿਕ ਸਿਸਟਮ ਸਾਡਾ ਕਿ ਇੱਕ ਲੁੱਟਣ ਇੱਕ ਲੁਟੇ ਜਾਣ,
ਕੈਸਾ ਸਮਾਜੀ ਸਿਸਟਮ ਸਾਡਾ ਕਿ ਊਚ ਨੀਚ ਜਾਤ ਪਾਤ ਇਸ ਵਿੱਚ ਆਮ।
ਕੈਸਾ ਸਿਆਸੀ ਸਿਸਟਮ ਸਾਡਾ ਕਿ ਰਾਜ ਲੋਕਾਂ ਦਾ ਬਰਾਏ ਨਾਮ,
ਫਿਰ ਵੇਖੋ ਸਾਡੀ ਦੁਨੀਆਂ ਕੈਸੀ ਕਿ ਥਾਂ ਥਾਂ ਪੈ ਰਹੇ ਘਸਮਾਣ।

ਸਾਧੋ ਸੰਤੋ ਡੇਰੇਦਾਰੋ ਹੁਣ ਛੱਡ ਦਿਓ ਰੱਬ ਦੇ ਧਾਮ,
ਭੋਰਾ ਭਰ ਜੇ ਸੱਚ ਹੈ ਪੱਲੇ, ਪਰਚਾਰੋ ਵਿਦਿਆ ਗਿਆਨ ਵਿਗਿਆਨ।
ਲਾ ਦਿਓ ਆਪਣੇ ਡੇਰੇ ਸਾਰੇ ਗਰੀਬ ਬੱਚਿਆਂ ਦੀ ਵਿਦਿਆ ਦੇ ਨਾਮ,
ਖਰਚ ਦਿਓ ਵਸੀਲੇ ਸਾਰੇ ਕਿ ਰੁਲਦਾ ਫਿਰੇ ਨਾ ਆਦਮੀ ਆਮ।

ਗੁਰਦੁਆਰੇ ਮਸਜਿਦ ਮੰਦਰ ਆਮ ਆਦਮੀ ਦੇ ਨਾਮ,
ਵਿਦਿਆ ਦੇ ਬਣਾ ਦਿਓ ਮੰਦਰ ਪਰਚਾਰੋ ਗਿਆਨ ਤੇ ਵਿਗਿਆਨ।
ਖਾਲਕ ਖਲਕ, ਖਲਕ ਮੇਂ ਖਾਲਕ ਜਾਣੋ ਜੱਗ ਨੂੰ ਰੂਪ ਭਗਵਾਨ,
ਅਬੂ-ਬਿਨ ਆਦਮ ਸੀ ਰੱਬ ਨੂੰ ਪਿਆਰਾ ਜਿਸ ਕਦੀ ਨਾ ਜਪਿਆ ਨਾਮ।

ਜਿੰਦ ਲੋਕ ਸੇਵਾ ਦੇ ਲੇਖੇ ਲਾਵੇ ਹੁੰਦਾ ਹੈ ਉਹ ਹੀ ਪਰਵਾਨ,
ਜੋ ਜੱਗ ਵਿਚ ਰੱਬ ਨੂੰ ਵੇਖਦਾ, ਇਨਸਾਨ ਨੂੰ ਜਾਣੇ ਭਗਵਾਨ।
ਸੌਰੇ ਨਾ ਜੱਗ ਦਾ ਕੁਝ ਵੀ ਬਿਨ ਵਿਦਿਆ ਗਿਆਨ ਨਿਗਿਆਨ,
ਧਰਮ ਅਸਥਾਨ ਸਾਰੇ ਲਾ ਦਿਓ ਲੋਕਾਂ ਦੀ ਵਿਦਿਆ ਦੇ ਨਾਮ।

ਬਦਲੇ ਜੱਗ ਵਿਚ ਕੁਝ ਨਾ ਜੇ ਬਦਲੇ ਨਾ ਇਨਸਾਨ,
ਪਰ ਬਦਲੇ ਨਾ ਇਨਸਾਨ ਬਿਨ ਵਿਦਿਆ ਗਿਆਨ ਵਿਗਿਆਨ।
ਬਦਲ ਜਾਵੇ ਜੇ ਇਨਸਾਨ ਬਦਲ ਜਾਣਗੇ ਨਿਜ਼ਾਮ,
ਉਲਾਰੂ ਸਿਸਟਮ ਬਦਲ ਜਾਣ ਜੇ ਵਧ ਜਾਵੇ ਇਨਸਾਨੀ ਸ਼ਾਨ।
*********

















ਜੱਗ ਦਾ ਕੂੜਾ ਹੂੰਝਣ ਦੇ ਲਈ

ਜੱਗ ਦਾ ਕੂੜਾ ਹੂੰਝਣ ਦੇ ਲਈ,
ਧਰਤ ਤੇ ਰੱਬੀ ਰਾਜ ਲਿਆਈਏ।
ਮਨ ਕਰਮ ਬਚਨ ਵਿਚਾਰ ਆਪਣੇ,
ਅੰਦਰੋਂ ਬਾਹਰੋਂ ਇੱਕ ਬਣਾਈਏ।

ਘਾਲ ਖਾਈਏ ਕੁਝ ਹੱਥੋਂ ਦੇਈਏ,
ਹੱਕ ਨਾ ਕਦੀ ਕਿਸੇ ਦਾ ਖਾਈਏ।
ਆਪਣਾ ਆਪਾ ਹਰ ਸ਼ੈਅ ਵਿਚ ਤੱਕੀਏ,
ਦੂਈ ਦਵੈਸ਼ ਨੂੰ ਮਨੋਂ ਮਿਟਾਈਏ।

ਊਚ ਨੀਚ ਨਾ ਕਿਧਰੇ ਹੋਵੇ,
ਸਿਸਟਮ ਸਾਰੇ ਸਮਤੋਲ ਬਣਾਈਏ।
ਸ਼ੁਭ ਕਰਮ ਹੀ ਧਰਮ ਜਾਣੀਏ,
ਗੁਣਵਾਨ ਬਣੀਏ ਅਬਗੁਣ ਮਿਟਾਈਏ।

ਕੌਮੀ ਦੌਲਤ ਸਭ ਦੀ ਸਾਂਝੀ,
ਪੂੰਜੀਵਾਦ ਦੇ ਪੱਲੇ ਨਾ ਪਾਈਏ।
ਮਿਲ-ਗੋਭਾ ਸਿਸਟਮ ਜੇ ਚਲਾਉਣਾ ਹੈ,
ਪਰਜਾਤੰਤਰ ਅੱਗੇ ਲਿਆਈਏ।

ਕੁਲੀ ਗੁਲੀ ਜੁਲੀ ਸਭ ਲਈ,
ਦਿਲੀ ਪਿਆਰ ਸਭਨਾਂ ਸੰਗ ਪਾਈਏ।
ਦਰਬਾਰ ਰੱਬ ਦਾ ਮਹਿਫਲ ਜੱਗ ਦੀ,
ਜੱਗ ਦੇ ਕੋਨੇ ਕੋਨੇ ਲਗਾਈਏ।

ਨਿਰਾ ਸੱਚ ਹੀ ਸਤਿਨਾਮ ਹੈ।
ਮੁਹੱਬਤ ਅਲਾਹ ਦਾ ਕਲਾਮ ਹੈ।
ਧਰਮਾਂ ਦਾ ਨਾ ਜਾਲ ਫੈਲਾਈਏ,
ਅੰਧ-ਵਿਸ਼ਵਾਸ਼ੀ ਪਰੇ ਹਟਾਈਏ।

ਸਿਆਸੀ ਸਮਾਜੀ ਅਰਥ-ਵਿਵਸਥਾ,
ਨਿਰੀ ਉਲਾਰੂ ਸਮਤੋਲ ਬਣਾਈਏ।
ਮਲਕ ਭਾਗੋਆਂ ਦਾ ਸੰਗ ਛੱਡੀਏ,
ਕਿਰਤੀ ਲਾਲੋ ਅੱਗੇ ਲਿਆਈਏ।
*********



























ਭਲੇ ਪੁਰਸ਼ ਜੇ ਉਜੜ ਜਾਵਣ
ਭਲੇ ਪੁਰਸ਼ ਜੇ ਉਜੜ ਜਾਵਣ,
ਤਾਂ ਵੀ ਸਭ ਲਈ ਚੰਗੇ।
ਜਿਥੇ ਜਾਵਣ ਉਪਕਾਰ ਕਮਾਵਣ,
ਕਦੀ ਕਰਮ ਕਰਨ ਨਾ ਮੰਦੇ।

ਕਿਰਤ ਕਰਨ ਉਹ ਸਦਾ ਧਰਮ ਦੀ,
ਪਿਆਰ ਕਰਨ ਉਹ ਬੰਦੇ।
ਉਹਨਾਂ ਦਾ ਸੰਗ ਜੋ ਵੀ ਕਰਦੇ,
ਬਣ ਜਾਂਦੇ ਉਹ ਚੰਗੇ।

ਜਿਸ ਗਲੀ ਮੁਹੱਲੇ ਵਿਚ ਉਹ ਰਹਿੰਦੇ,
ਉਹ ਗਲੀ ਮੁਹੱਲੇ ਬਣ ਜਾਂਦੇ ਚੰਗੇ।
ਉਹਨਾਂ ਦਾ ਸੰਗ ਜੋ ਵੀ ਕਰਦੇ,
ਉਹ ਬਣ ਜਾਂਦੇ ਬੰਦਿਆਂ ਦੇ ਬੰਦੇ।

ਬੰਦੇ ਮੰਦੇ ਇੱਕੋ ਥਾਂ ਚੰਗੇ,
ਹੋਰ ਨਾ ਕਿਧਰੇ ਪਾਵਣ ਪੰਗੇ।
ਸਮਾਂ ਸਥਾਨ ਹਾਲਾਤ ਉਹਨਾਂ ਦੇ,
ਖਬਰੈ ਕਿਹੜੇ ਰੰਗ ਵਿਚ ਰੰਗੇ।

ਕਦੀ ਕੋਈ ਘਟਨਾ ਵਾਪਰ ਜਾਂਦੀ,
ਕਿ ਬਣ ਜਾਂਦੇ ਉਹ ਚੰਗੇ।
ਅਨੁਭਵ ਉਹਨਾਂ ਦਾ ਜੀਵਨ ਭਰ ਦਾ,
ਅੰਤਰ ਆਤਮਾ ਨੂੰ ਰੰਗੇ।
*********





ਲਿਸ਼ਕਦੇ ਚਾਨਣ ਵਿਚ ਜੋ ਉੱਗੇ

ਲਿਸ਼ਕਦੇ ਚਾਨਣ ਵਿਚ ਜੋ ਉੱਗੇ,
ਹਨੇਰ ਨਾ ਭੋਰਾ ਭਰ ਹੰਢਾਵੇ।
ਚੰਦ ਚਾਨਣੀ ਮਾਣ ਨਾ ਸਕੇ,
ਉੱਗਿਆ ਫੁੱਲ ਟਹਿਕ ਨਾ ਪਾਵੇ।

ਗੋਦੜੀਆਂ ਵਿਚ ਲਾਲ ਜੋ ਪਲਦੇ,
ਦੁਨੀਆਂ ਵਿਚ ਉੱਚੇ ਜਾ ਚੜ੍ਹਦੇ।
ਘਾਟੀਆਂ ਪਹਾੜੀਆਂ ਤੋਂ ਨਾ ਡਰਦੇ,
ਕਰ ਹਿੰਮਤ ਟੀਸੀ 'ਤੇ ਝੰਡਾ ਗੱਡਦੇ।

ਇਬਰਾਹਮ ਲਿੰਕਨ ਨੇ ਕਸ਼ਟ ਹੰਢਾਏ,
ਨਵੇਂ ਪੂਰਨੇ ਜੱਗ ਵਿਚ ਪਾਏ।
ਇਨਸਾਨੀ ਸ਼ਾਨ ਲਈ ਉਹ ਲੜੇ ਮਰੇ,
ਹੋਰ ਇਸ ਤੋਂ ਵੱਧ ਕੋਈ ਕੀ ਕਰੇ।

ਸਰ ਗੰਗਾ ਰਾਮ ਦੀ ਕੀ ਪਛਾਣ,
ਚਪੜਾਸੀ ਦਾ ਪੁਤਰ ਅਦਬ ਨਾ ਜਾਣੇ।
ਚੀਫ ਇੰਜਨੀਅਰ ਦੀ ਕੁਰਸੀ ਮੱਲੀ ਬੇ-ਧਿਆਨੇ,
ਮਿਲੀਆਂ ਝਿੜਕਾਂ ਮਤਾ ਪਕਾਇਆ।

ਬਣ ਇੰਜਨੀਅਰ ਮੁੜ ਉਥੇ ਆਇਆ,
ਚੀਫ ਇੰਜਨੀਅਰ ਉਠ ਹੱਥ ਮਿਲਾਇਆ।
ਮੁੜ ਉਸੇ ਕੁਰਸੀ 'ਤੇ ਬੈਠਾਇਆ,
ਬਣ ਚੀਫ ਇੰਜਨੀਅਰ ਉਸ ਹੁਕਮ ਚਲਾਇਆ।

ਵਿਦਿਆ ਸਾਗਰ ਹੋਇਆ ਉਜਾਗਰ,
ਬਿਨ ਸਲੇਟ ਜਿਸ ਕੰਮ ਚਲਾਇਆ।
ਸਵਾਮੀ ਰਾਮ ਤੀਰਥ ਰਿਹਾ ਭੁੱਖਾ ਤਿਹਾਇਆ,
ਹੋਇਆ ਉਜਾਗਰ ਜੱਗ ਜਗਾਇਆ।

ਇਨਸਾਨੀ ਸ਼ਾਨ ਦੇ ਸਿੱਕੇ,
ਉਹਨਾਂ ਦੀ ਕਿਸਮਤ ਦੇ ਵਿਚ ਲਿਖੇ।
ਜੋ ਔਕੜਾਂ ਕੋਲੋਂ ਨਹੀਂ ਘਬਰਾਏ,
ਆਪਣੀ ਰਾਹ 'ਤੇ ਚਲਦੇ ਆਏ।
*********



























ਘਰ ਬਿਨ ਦਰਵਾਜ਼ੀ ਸਿੰਘਪੁਰੇ ਦੇ

ਘਰ ਬਿਨ ਦਰਵਾਜ਼ੀ ਸਿੰਘਪੁਰੇ ਦੇ,
ਨਾਹੀ ਲੋਕ ਨੇ ਰੱਬ ਦੇ ਯਾਰ।
ਵਹਿਮੀ ਭਰਮੀ ਤੇ ਅੰਧ ਵਿਸ਼ਵਾਸ਼ੀ,
ਕਿ ਸ਼ਨੀ ਤੇ ਮੰਗਲ ਪਹਿਰੇਦਾਰ।

ਲੋਕਾਂ ਨੂੰ ਵਿਸ਼ਵਾਸ਼ ਪੱਕਾ ਹੈ,
ਕਿ ਜੇ ਕਰੇ ਕੋਈ ਚੋਰੀ 
ਸ਼ਨੀ ਤੇ ਮੰਗਲ ਦਿੰਦੇ ਮਾਰ।
ਅੰਧ-ਵਿਸ਼ਵਾਸ਼ੀ ਉਹਨਾਂ ਦੀ,
ਬਣ ਗਈ ਪਹਿਰੇਦਾਰ।

ਬੇਫਿਕਰੀ ਦੀ ਨੀਂਦ ਉਹ ਸੌਂਦੇ,
ਬਾਹਰੀ ਦੁਨੀਆਂ ਨੂੰ ਵਿਸਾਰ।
ਮਨ ਉਹਨਾਂ ਦੇ ਵਿਚ ਬੈਠ ਗਿਆ ਹੈ,
ਕਿ ਰੂਹ ਮਰ ਜਾਵੇ ਜੇ ਬੰਦ ਕਿਵਾੜ।

ਦਿਲ ਦਿਮਾਗ ਵਿਚ ਹੋਵੇ ਹਨੇਰਾ,
ਨੇਕ ਬਣੇ ਅਗਿਆਨੀ ਯਾਰ।
ਵਹਿਮ ਭਰਮ ਅਤੇ ਅੰਧਵਿਸ਼ਵਾਸ਼ੀ,
ਬਣ ਜਾਂਦੇ ਉਹਨਾਂ ਦੇ ਪਹਿਰੇਦਾਰ।

ਅਗਿਆਨ 'ਚੋਂ ਉਪਜੀ ਨੇਕੀ ਸਾਡੀ,
ਰਹਿੰਦੀ ਹੈ ਦਿਨ ਚਾਰ।
ਵਿਦਿਆ ਗਿਆਨ ਵਿਗਾਨ 'ਚੋਂ ਉਪਜੇ,
ਹੋਵੇ ਉਹ ਨੇਕੀ ਸਦ-ਬਹਾਰ।

ਮੰਗਲ ਤੇ ਸ਼ਨੀ ਦਾ ਭੈ ਮਨਾਂ ਵਿਚ,
ਸਦਾ ਲਈ ਕਦੀ ਰਹਿ ਨਾ ਪਾਵੇ।
ਭੈ ਮੁੱਕੇ ਸ਼ਨੀ ਤੇ ਮੰਗਲ ਦਾ,
ਕੌਣ ਬਣੇ ਨੇਕ ਜੇ ਡਰ ਨਾ ਆਵੇ।

ਵਿਦਵਾਨ ਗਿਆਨੀ ਤੇ ਵਿਗਿਆਨੀ,
ਕਦੀ ਬਦੀ ਦੇ ਨੇੜੇ ਨਾ ਜਾਵੇ।
ਲੋੜ ਹੈ ਜੱਗ ਨੂੰ ਕਿ ਸਭ ਨੂੰ,
ਚੇਤਨਾ, ਸੋਝੀ ਤੇ ਹੋਸ਼ ਆਵੇ।

ਗਿਆਨ ਦਾ ਫਲ ਸਦਾ ਹੀ ਖਾਈਏ,
ਭਾਵੇਂ ਜਨਤ 'ਚੋਂ ਕੱਢੇ ਜਾਈਏ।
ਵਹਿਮ ਭਰਮ ਤੇ ਅੰਧ-ਵਿਸ਼ਵਾਸ਼ੀ,
ਸਦਾ ਹੀ ਦੂਰ ਭਜਾਈਏ।

ਮਿਸ਼ਨ ਜਿੰਦ ਦਾ ਬੁੱਧ ਵਧਾਉਣਾ,
ਗੈਬੀ ਭੇਦਾਂ ਨੂੰ ਬੁਝ ਪਾਉਣਾ।
ਜੱਗ ਵਾਲੇ ਜਿਹਨੂੰ ਰੱਬ ਰੱਬ ਕਹਿੰਦੇ,
ਜਾ ਉਸਦਾ ਕੁੰੰਡਾ ਖੜਕਾਉਣਾ।

ਅਗਿਆਨ ਹਨੇਰਾ ਮਿਟ ਰਿਹਾ ਹੈ,
ਪੀਹੜੀ ਦਰ ਪੀਹੜੀ ਸੋਝੀ ਆਵੇ।
ਚਾਹੇ ਕੋਈ ਚਤਰ ਬਣ ਜਾਵੇ,
ਚਾਹੇ ਕੋਈ ਨੇਕ ਬਣ ਜਾਵੇ।

ਘਰਾਂ ਦੇ ਬੇਸ਼ਕ ਬੰਦ ਦਰਵਾਜ਼ੇ,
ਕਰਨੇ ਪੈਂਦੇ ਵਿਚ ਸੰਸਾਰ।
ਕੁਲੀ ਗੁਲੀ ਜੁਲੀ ਦੀਆਂ ਲੋੜਾਂ,
ਜੇਕਰ ਪੂਰੀਆਂ ਹੋਣ ਨਾ ਯਾਰ।

ਸਿੰਘਪੁਰੇ ਦੇ ਲੋਕ ਅਗਿਆਨੀ,
ਹੋਵਣ ਚਾਹੇ ਨੇਕ ਹਜ਼ਾਰ।
ਪਰ ਅਗਿਆਨਤਾ ਕਾਰਨ ਨੇਕੀ,
ਰਹਿੰਦੀ ਹੈ ਦਿਨ ਚਾਰ।


ਚਾਰ ਚੁਫੇਰੇ ਅੱਗਾਂ ਮੱਚਣ,
ਹੁੰਦੀ ਹੋਵੇ ਸਾਰੇ ਲੁੱਟ ਮਾਰ।
ਪਰ ਇਨਸਾਨੀਅਤ ਜਿਨ੍ਹਾਂ ਦੇ ਪੱਲੇ,
ਲੈਂਦੇ ਨੇ ਉਹ ਲੋਕਾਂ ਦੀ ਸਾਰ।
*********



























ਮਨ ਸਾਡਾ ਇੱਕ ਖੇਤ ਨਿਰਾਲਾ

ਮਨ ਸਾਡਾ ਇੱਕ ਖੇਤ ਨਿਰਾਲਾ,
ਜਿੱਥੇ ਉੱਗਣ ਫੁੱਲ ਕੰਡਿਆਂ ਵਿਚਕਾਰ।
ਖੁਸ਼ੀਆਂ ਭਰੇ ਖਜ਼ਾਨੇ ਇਸ ਵਿਚ,
ਦੁੱਖਾਂ ਭਰੇ ਭੀ ਭੰਡਾਰ।

ਮੰਜ਼ਿਲ ਮਿਥੇ ਜੋ ਮਨ ਆਸਾਡਾ,
ਪੁਜੀਏ ਉਥੇ ਟੱਪ ਪਹਾੜ।
ਪਰ ਜੇ ਛਾਂਲਾਂ ਵਾਧੂ ਮਾਰੀਏ,
ਫਸ ਜਾਈਏ ਅੱਧ ਵਿਚਕਾਰ।

ਸਾਰਥਿਕ ਫੁਰਨਾ ਜੋ ਵੀ ਆਵੇ,
ਪ੍ਰਭਾਵ ਆਪਣਾ ਮਨ 'ਤੇ ਛੱਡ ਜਾਵੇ।
ਦਿਮਾਗ ਸਾਡਾ ਉਹਨੂੰ ਤੋਲੇ ਤੁਲਾਵੇ,
ਲੱਗੇ ਚੰਗੇਰਾ ਪਿੱਛੇ ਲੱਗ ਜਾਵੇ।

ਆਪਣਾ ਆਪਾ ਜੋ ਨਿੱਤ ਚੀਨੇ,
ਔਗੁਣ ਤਿਆਗ ਉੱਚਾ ਉਠ ਜਾਵੇ।
ਲਗਾਤਾਰ ਜੋ ਔਗੁਣ ਤਿਆਗੇ,
ਗੌਰਬ ਉਸਦਾ ਵਧਦਾ ਜਾਵੇ।

ਜੋ ਅੰਦਰੋਂ ਉੱਚਾ ਉੱਠ ਜਾਂਦਾ ਹੈ
ਬਾਹਰੀ ਜਿੱਤਾਂ ਉਹ ਪਾ ਜਾਵੇ।
ਕਾਂਟ ਛਾਂਟ ਜੋ ਕਰਦਾ ਰਹਿੰਦਾ,
ਆਪਣਾ ਆਪਾ ਉਹ ਚਮਕਾਵੇ।
*********





ਸੁਧ ਬੁਧ ਤੇ ਸੁਭਾਅ ਬੰਦੇ ਦਾ

ਸੁਧ ਬੁਧ ਤੇ ਸੁਭਾਅ ਬੰਦੇ ਦਾ,
ਕੀੜੀ ਟੋਰ ਬਦਲਦੇ ਜਾਣ।
ਅਗਿਆਨ ਹਨੇਰਾ ਮਿਟ ਰਿਹਾ ਹੈ,
ਵਿਗਿਆਨ ਕਰੇ ਐਲਾਨ।

ਵਹਿਮੀਂ ਭਰਮੀਂ ਤੇ ਅੰਧਵਿਸ਼ਵਾਸ਼ੀ,
ਵਾਟ ਦਾ ਰੋੜਾ ਬਣ ਜਾਂਦੇ ਨੇ।
ਹਰੇ ਭਰੇ ਪੱਤੇ ਨਾ ਤੱਕਣ,
ਜਾਨਣ ਤਣਾ ਮਹਾਨ।

ਤੀਖਣ ਬੁਧੀ ਤੇ ਅਨੁਭਵੀ ਬੰਦੇ,
ਗੱਲ ਅਗੇਰੀ ਕਹਿ ਜਾਂਦੇ ਨੇ।
ਪਰ ਸਾਰੇ ਬੋਲ ਉਹਨਾਂ ਦੇ,
ਨਾ ਮੇਚ ਸਮੇਂ ਦੇ ਆਂਦੇ ਨੇ।

ਫੜ ਬਹਿੰਦੇ ਨੇ ਕੱਟੜਵਾਦੀ,
ਜੋ ਰਹਿਬਰ ਸਾਡੇ ਕਹਿ ਜਾਂਦੇ ਨੇ।
ਸਮਾਂ ਸੋਚ ਬਦਲਦਾ ਜਾਵੇ,
ਇਹ ਗੱਲ ਮਨੋਂ ਭੁਲਾਉਂਦੇ ਨੇ।

ਸਾਹਿਬ ਸਾਡਾ ਨੀਤ ਨਵਾਂ ਹੈ,
ਉਹਦੇ ਬਦਲੇ ਨੈਣ ਪੁਰਾਣ।
ਹੁਣ ਜੰਨਤ ਵਿਚ ਨਾ ਵਾਸਾ ਉਹਦਾ,
ਆ ਗਿਆ ਵਿਚ ਜਹਾਨ।

ਵੇਦ ਕਤੇਬ ਗਰੰਥ ਬਦਲ ਗਏ,
ਸਾਡਾ ਬਦਲ ਗਿਆ ਭਗਵਾਨ।
ਸਾਡੀ ਰਹਿਣੀ ਬਹਿਣੀ ਕਹਿਣੀ ਬਦਲ ਗਈ,
ਸਾਡਾ ਬਦਲ ਗਿਆ ਜਹਾਨ।

ਕਿੰਨੇ ਬਦਲੇ ਜਾਮੇਂ ਜਿੰਦ ਨੇ,
ਕਿੰਨੀ ਬਦਲ ਗਈ ਨੁਹਾਰ।
ਸਾਗਰਾਂ ਵਿਚ ਜੰਮੀ ਪਲੀ ਜੋ,
ਬਣ ਗਈ ਅਸਮਾਨੀ ਡਾਰ।

ਪੁਲਾੜ ਜੋ ਖਾਲਮ ਖਾਲੀ ਦਿਸੇ,
ਗ੍ਰਹਿਆਂ ਦੇ ਵਿਚਕਾਰ।
ਘੁੰਮਦੇ ਫਿਰਦੇ ਸ਼ਹਿਰ ਬਣਨਗੇ,
ਬਣੇ ਇੱਕ ਅਸਮਾਨੀ ਸੰਸਾਰ।

ਅਜਿਹੀ ਤਬਦੀਲੀ ਆਵੇਗੀ,
ਇਹ ਦੁਨੀਆਂ ਭੁਲ ਜਾਵੇਗੀ।
ਕਰਮ ਬਦਲਣਗੇ ਧਰਮ ਬਦਲਣਗੇ,
ਬਦਲ ਜਾਵੇਗੀ ਕੁਲ ਨੁਹਾਰ।

ਆਪਣੀ ਕੱਟੜ ਸੋਚ ਬਦਲਾ ਕੇ,
ਅੱਗੇ ਕਦਮ ਵਧਾ ਲੈ ਯਾਰ।
ਅੱਜ ਸਾਂਝਾ ਧਰਮ ਹੈ ਸੱਚ ਦਾ,
ਸਭਨਾਂ ਨੂੰ ਕਰ ਪਿਆਰ।
*********












ਜੇਕਰ ਸ਼ਾਂਤ ਚਿੱਤ ਹੋ ਜਾਈਏ

ਜੇਕਰ ਸ਼ਾਂਤ ਚਿੱਤ ਹੋ ਜਾਈਏ,
ਘੁੰਮਣਘੇਰੀ ਮਨੋਂ ਭੁਲਾਈਏ।
ਜੋ ਪਲ ਪਲ ਤਰੰਗਾਂ ਮਨ ਵਿਚ ਉੱਠਣ,
ਹਿਲਜੁੱਲ ਉਹਨਾਂ ਦੀ ਮਿਟਾਈਏ।
ਬਣੇ ਗੌਰਬ ਭਰਿਆ ਆਪਾ ਸਾਡਾ,
ਕਦੀ ਨਾ ਫਿਰ ਘਬਰਾਈਏ।

ਜੇ ਚੇਤਨਤਾ ਵਿਚ ਤਰੰਗਾਂ ਉੱਠਣ,
ਮਨ ਸਾਡਾ ਡਿਕਡੋਲੇ ਖਾਵੇ।
ਅਚੇਤ ਮਨ ਵਿਚ ਵੱਜਣ ਛੱਲਾਂ,
ਜਿੰਦ ਸਾਡੀ ਬਦਲਾਵੇ।
ਕਈ ਵਾਰੀ ਐਸਾ ਵੀ ਹੁੰਦਾ,
ਕਿ ਸਾਡਾ ਆਪਾ ਵੀ ਸ਼ਰਮਾਵੇ।

ਜੇਕਰ ਫਿਰ ਵੀ ਧਿਆਨ ਲਗਾਈਏ,
ਚੀਨੀਏ ਆਪਾ ਅਬਗੁਣ ਮਿਟਾਈਏ।
ਜੇਕਰ ਔਗੁਣ ਪਰੇ ਹਟਾਈਏ,
ਨਾ ਮਨ ਡੋਲੇ ਨਾ ਜਿੰਦ ਡੁਲਾਈਏ।
ਮਨ ਕਰਮ ਬਚਨ ਵਿਚਾਰ ਹੋਵਣ ਇੱਕਸਾਰ,
ਉਥਲ ਪੁਥਲ ਮੁੱਕ ਜਾਵੇ ਫਿਰ ਸੋਝੀ ਪਾਈਏ।

ਪਰ ਇਹ ਜੀਵਨ ਜੱਗ ਵਿਚ ਸਾਡਾ,
ਨਿਰਾ ਹੀ ਨਿੱਜ ਲਈ ਨਹੀਂ ਪਿਆਰੇ।
ਧਾਰਾ ਜੀਵਨ ਦੀ ਲਗਾਤਾਰ ਚੱਲੇ,
ਉਪਜਾਉਂਦੀ ਜਾਵੇ ਵੱਖ ਵੱਖ ਨਜ਼ਾਰੇ।
ਵਿਰਾਟ ਰੂਪ ਸਾਡਾ ਸਭ ਦਾ ਇੱਕ ਹੈ,
ਅਸੀਂ ਸਰਬ-ਵਿਆਪੀ ਦੇ ਕਣ ਸਾਰੇ।



ਵਿਦਿਆ, ਗਿਆਨ ਵਿਗਿਆਨ ਬਿਨ,
ਗਹਿਰੇ ਅੰਤਰ ਧਿਆਨ ਬਿਨ
ਸਾਨੂੰ ਵੱਖ ਵੱਖ ਦਿਸਦੇ ਨੇ ਸਾਰੇ,
ਲਹਿਰ ਜੀਵਨ ਦੀ ਇੱਕੋ ਚੱਲੇ,
ਰੱਬੀ ਖੇਤਰ ਦੇਵੇ ਹੁਲਾਰੇ,
ਜੋ ਜਗਤ ਵਿਚ ਫੈਲਿਆ ਸਾਰੇ।
*********

























ਪਰਮ ਸੱਤਾ ਦਾ ਰੱਬੀ ਖੇਤਰ

ਪਰਮ ਸੱਤਾ ਦਾ ਰੱਬੀ ਖੇਤਰ,
ਫੈਲਿਆ ਜੱਗ ਵਿਚ ਸਾਰੇ ਇੱਕ ਸਾਰ।
ਉਹ ਆਪਣੀ ਹੋਂਦ ਨੂੰ ਆਪੇ ਜਾਣੇ,
ਜਿਸ ਕਾਰਨ ਉਪਜਿਆ ਸਭ ਸੰਸਾਰ।

ਕੁਲ ਬੁੱਧ ਸੁਧ ਕੁੱਲ ਜਮ੍ਹਾਂ,
ਕੁਲ ਮਨਫੀ ਦੀ ਕਾਰ ਹੈ।
ਕੁਲ ਨੇਕੀ ਕੁਲ ਬਦੀ ਕੁਲ ਖਿੱਚ,
ਕੁਲ ਧੱਕ ਦਾ ਭੰਡਾਰ ਹੈ।

ਪਰਮ ਸੱਤਾ ਅਣਜਾਣ ਨਹੀਂ ਹੈ,
ਪਰਮ ਸੱਤਾ ਬੇਜਾਨ ਨਹੀਂ ਹੈ।
ਸਾਡਾ ਤਰਕ ਹੀ ਹੈ ਅਧੂਰਾ,
ਸਾਨੂੰ ਪੂਰਾ ਗਿਆਨ ਨਹੀਂ ਹੈ।

ਹਰ ਇੱਕ ਤੱਤ ਵਿਚ ਹੈ ਜ਼ਿੰਦਗਾਨੀ,
ਹੈ ਵੱਖ ਬਣਤਰ ਤੇ ਵੱਖ ਕਹਾਣੀ।
ਭਿੰਨ ਭਿੰਨ ਤੱਤ ਮਿਲ ਵਿਉਂਤ ਬਣਾਉਂਦੇ,
ਵੱਖ ਵੱਖ ਰੰਗ ਜਿੰਦ ਦੇ ਦਿਖਾਉਂਦੇ।

ਬੁੱਧ ਸੁਧ ਸਾਡੀ ਗਿਆਨ ਵਿਗਿਆਨ,
ਅਜੇ ਅਧੂਰੇ ਤੇ ਬਰਾਏ ਨਾਮ।
ਪੂਰੇ ਨੂੰ ਕਿਵੇਂ ਕਰੀਏ ਬਿਆਨ,
ਜਾਣੀਏ ਪੁਰਾ ਜੇ ਪੂਰਾ ਗਿਆਨ।

ਅਜੇ ਤਾਂ ਅਸੀਂ ਮਸਾਂ ਟੁਰੇ ਹਾਂ,
ਮੰਜ਼ਲ ਦਾ ਕੋਈ ਨਹੀਂ ਨਿਸ਼ਾਨ।
ਅਜੇ ਵਿਗਿਆਨ ਅਧੂਰਾ ਸਾਡਾ,
ਅਜੇ ਆਦਮ ਬੱਚਾ ਬਹੁਤ ਅਣਜਾਣ।
*********
ਵਿਰਾਟ ਹੁਕਮ ਹਰ ਸ਼ੈਅ ਤੇ ਲਾਗੂ

ਵਿਰਾਟ ਹੁਕਮ ਹਰ ਸ਼ੈਅ ਤੇ ਲਾਗੂ,
ਕੋਈ ਵੀ ਇਸ ਨੂੰ ਰੋਕ ਨਾ ਪਾਵੇ।
ਇੱਕੋ ਆਪਾ ਸਾਰੇ ਜਗਤ ਦਾ,
ਭਿੰਨ ਭਿੰਨ ਵਸਤਰ ਪਾਈਂ ਜਾਵੇ।

ਗਲਾਫ ਮਾਇਆ ਦੇ ਰੰਗ ਬਰੰਗੇ,
ਸਮੇਂ ਅਨੁਸਾਰ ਆਪਾ ਹੰਢਾਵੇ।
ਚਲੋ ਚਾਲ ਜਿੰਦ ਚਲਦੀ ਜਾਂਦੀ,
ਵਿਕਾਸ ਨਾਚ ਨਿੱਤ ਹੁੰਦਾ ਜਾਵੇ।

ਵਿਕਾਸ ਨਾਚ 'ਚੋਂ ਉਪਜਿਆ ਬੰਦਾ,
ਬੁੱਧ ਸੁਧ ਸੋਚ ਦੁੜਾਵੇ।
ਕੀ ਚੰਗਾ ਤੇ ਕੀ ਹੈ ਮੰਦਾ,
ਸਰਬ-ਵਿਆਪੀ ਮਾਪ ਦਰਸਾਵੇ।

ਜੋ ਕੀਤਿਆਂ ਦੁੱਖ ਵਧ ਜਾਵੇ,
ਉਹ ਮੰਦਾ ਤੇ ਪਾਪ ਬਣ ਜਾਵੇ।
ਜਿਸ ਕੀਤਿਆਂ ਸੁੱਖ ਵਧ ਜਾਵੇ,
ਉਹ ਚੰਗਾ ਤੇ ਪੁੰਨ ਅਖਵਾਵੇ।

ਜਾਗਰੂਕ ਜੇ ਆਪਾ ਹੋਵੇ,
ਕੋਈ ਕਰੇ ਮੰਦਾ ਤਾਂ ਉਹ ਪਛਤਾਵੇ।
ਸਰਬ-ਵਿਆਪੀ ਆਪੇ ਅੱਗੇ,
ਰੋਵੇ ਪਿੱਟੇ ਤੇ ਗਿੜਗਿੜਾਵੇ।

ਕਦੀ ਨਾ ਕਿਸੇ ਨੂੰ ਮੁਆਫੀ ਮਿਲਦੀ,
ਕਰਮਾਂ ਦਾ ਫਲ ਹਰ ਕੋਈ ਖਾਵੇ।
ਘੋਰ ਪਾਪ ਕੋਈ ਐਸਾ ਹੋ ਜਾਵੇ।
ਕਿ ਬੰਦਾ ਸਾਰੀ ਉਮਰ ਪਛਤਾਵੇ,
ਪਛਤਾਵਾ ਹੀ ਫਲ ਬਣ ਜਾਵੇ। 

ਕੁਲ ਚੰਦ ਧਰਤੀਆਂ ਸੂਰਜ ਤੇ ਤਾਰੇ,
ਬੱਦਲ ਬਨਸਪਤੀ ਅਤੇ ਮੌਸਮ ਸਾਰੇ।
ਅਟੱਲ ਹੁਕਮ ਦੇ ਸਾਰੇ ਨਜ਼ਾਰੇ,
ਕੋਈ ਹੁਕਮੀਂ ਵੀ ਹੁਕਮ ਤੋਂ ਬਾਹਰ ਨਾ ਪਿਆਰੇ।

ਇੱਕ ਕਿਰਨ ਚਾਨਣ ਦੀ ਹਨੇਰਾਂ ਨੂੰ ਪਾੜੇ,
ਇੱਕ ਕਿਣਕਾ ਅੱਗ ਦਾ ਢੇਰਾਂ ਨੂੰ ਸਾੜੇ।
ਜੋ ਰਹੇ ਸਦਾ ਸੰਗ ਪਰਮ ਸੱਤਾ ਦੇ,
ਉਹ ਕਦੀ ਨਾ ਹਾਰੇ ਤੇ ਸਭ ਨੂੰ ਪਿਆਰੇ।

ਈਸਾ ਮੂਸਾ ਮੁਹੰਮਦ ਨਾਨਕ ਸਾਰੇ ਦੇ ਸਾਰੇ,
ਤ੍ਰਿਣ ਘਾਹ ਦੀ ਤਿੱਖੇ ਕੰਡੇ ਪੱਤੇ ਤੇ ਫੁੱਲ ਪਿਆਰੇ।
ਸਾਗਰ ਦੀਆਂ ਲਹਿਰਾਂ ਥਲਾਂ ਦੀਆਂ ਕਹਿਰਾਂ,
ਸਭ ਰੂਪ ਰੱਬ ਦੇ- ਯਾ ਅਲਾਹ ਨਿਗਾਹ ਦੇਹ।
*********
















ਨੇਕੀ ਦੀ ਕੋਈ ਕਦਰ ਨਾ ਕਰਦਾ
ਨੇਕੀ ਦੀ ਕੋਈ ਕਦਰ ਨਾ ਕਰਦਾ,
ਜੇਕਰ ਬਦੀ ਨਾ ਹੁੰਦੀ।
ਕੌਣ ਕਦਰ ਆਨੰਦ ਦੀ ਕਰਦਾ,
ਜੇ ਜੱਗ ਵਿਚ ਦੁੱਖ ਨਾ ਹੁੰਦੇ ਆਮ।

ਵਿਪ੍ਰੀਤ ਗੁਣੀ ਹੈ ਜੱਗ ਸਾਡਾ,
ਬਦੀ ਨੇਕੀ ਸੰਗ ਸਮਾਈ।
ਔਹਰ ਮਾਜ਼ਦਾ ਨਾਮ ਨੇਕੀ ਦਾ,
ਐਹਿਰਮਾਨ ਕੁਲ ਬਦੀ ਹੈ ਭਾਈ।

ਜੰਗ ਬਦੀ ਤੇ ਨੇਕੀ ਦੀ,
ਮੁਢ ਕਦੀਮੋਂ ਹੁੰਦੀ ਆਈ।
ਇੱਕੋ ਇਸ ਜੰਗ ਦੇ ਕਾਰਨ,
ਪੈਦਾ ਹੁੰਦੀ ਆਈ ਅਛਾਈ।

ਨੇਕੀ ਦਾ ਮੁੱਲ ਬਦੀ ਵਧਾਵੇ,
ਬਦੀ ਦੇ ਸੰਗ ਨੇਕੀ ਟਕਰਾਵੇ।
ਵਿਪ੍ਰੀਤ ਗੁਣੀ ਜੇ ਜੱਗ ਨਾ ਹੋਵੇ,
ਜੀਵਨ ਦੀ ਖਿੱਚ ਰਹੇ ਨਾ ਕਾਈ।

ਜੋ ਸੁੱਖਾਂ ਭਰੇ ਭੰਡਾਰਾਂ ਵਿਚ ਰਹਿੰਦੇ,
ਸਵਰਗਾਂ ਦੀ ਇੱਛਾ ਹੋਵੇ ਨਾ ਕਾਈ।
ਚਾਹ ਨਾ ਉਹਨਾਂ ਨੂੰ ਹੂਰਾਂ ਦੀ ਹੁੰਦੀ,
ਜਿਨ ਰੰਗ ਰਲੀਆਂ ਵਿਚ ਜਿੰਦ ਲੰਘਾਈ।

ਜਿੰਦ ਭਰ ਕੀਤੀ ਜਿਹੜੀ ਆਸ,
ਜੇ ਮਰਨ ਕਿਨਾਰੇ ਪੂਰੀ ਹੋਈ।
ਪੂਰੀ ਹੋਈ ਜੇਹੀ ਨਾ ਹੋਈ,
ਜੇ ਮਰਨ ਵਿਚ ਨਾ ਦੇਰੀ ਕੋਈ। 
*********
ਭਲੇ ਪੁਰਸ਼ ਚਾਹੇ ਲੱਖਾਂ ਹੋਵਣ

ਭਲੇ ਪੁਰਸ਼ ਚਾਹੇ ਲੱਖਾਂ ਹੋਵਣ,
ਕਿਧਰੇ ਨਾ ਕੋਈ ਆਫਤ ਆਵੇ।
ਬਦ-ਪੁਰਸ਼ਾਂ ਦੀ ਇੱਕੋ ਢਾਣੀ,
ਸਾਰੇ ਜੱਗ ਵਿਚ ਅਤਿ ਮਚਾਵੇ।

ਫਕਰ ਸਦਾ ਬੇਫਿਕਰੇ ਹੁੰਦੇ,
ਵਕਰ ਡਰੇ ਤੇ ਨਾ ਡਰਾਵੇ।
ਤਪ ਤੇਜ ਜੋ ਜੱਗ ਵਿਚ ਲੋਚਣ,
ਜੱਗ ਰਾਸ ਨਾ ਉਹਨਾਂ ਨੂੰ ਆਵੇ।

ਧਰਮੀ ਬੰਦਾ ਸਦਾ ਹੀ ਚੰਗਾ,
ਉਹ ਸਭ ਦੇ ਦੁੱਖ ਵੰਡਾਵੇ।
ਕੱਟੜ ਪੰਥੀ ਧਰਮੀ ਨਹੀਂ ਹੁੰਦਾ,
ਉਹ ਜੱਗ ਵਿਚ ਭੜਥੂ ਪਾਵੇ।

ਈਰਖਾਲੂ ਜੇਹਾ ਵੈਰੀ ਨਾ ਕੋਈ,
ਕਰੇ ਈਰਖਾ ਮਾਰ ਮੁਕਾਵੇ।
ਕਿਸਮਤ ਚੰਗੀ ਜੇ ਬਚ ਜਾਈਏ,
ਜਿੰਦ ਭਰ ਸਾਨੂੰ ਉਹ ਸਤਾਵੇ।

ਜਿਸ ਕਿਸੇ ਦੇ ਮਿੱਤਰ ਚੰਗੇ,
ਉਹ ਨਾ ਜੱਗ ਵਿਚ ਹਾਰ ਕੇ ਜਾਵੇ।
ਪਰ ਮੂਰਖ ਮਿੱਤਰ ਨਾਲੋਂ ਚੰਗਾ,
ਸਿਆਣਾ ਵੈਰੀ ਜੋ ਵੈਰ ਕਮਾਵੇ।
*********





ਧਰਮਾਂ ਵਾਲਿਓ ਰਹਿਮ ਕਰੋ ਤੁਸੀਂ ਆਪਣਾ ਧਰਮ ਪੁਗਾਓ

ਧਰਮਾਂ ਵਾਲਿਓ ਰਹਿਮ ਕਰੋ ਤੁਸੀਂ ਆਪਣਾ ਧਰਮ ਪੁਗਾਓ,
ਨਿੱਕ ਮੁਨੱਕੇ ਬੱਚਿਆਂ ਦੇ ਸਿਰ ਧਰਮ ਦਾ ਬੋਝ ਨਾ ਪਾਓ।
ਤੁਸੀਂ ਹਿੰਦੂ ਸਿੱਖ ਈਸਾਈ ਬਣੋ, ਜਾਂ ਮੁਸਲਮਾਨ ਬਣ ਜਾਓ,
ਪਰ ਬੱਚੇ ਇਨਸਾਨ ਦੇ ਨਾ ਉਹਨਾਂ ਨੂੰ ਕੁਝ ਬਣਾਓ।

ਵਿਕਾਸ ਨਾਚ ਦੇ ਕਾਰਨੇ ਜਿੰਦ ਜਾਮਾਂ ਪਾਇਆ ਇਨਸਾਨ ਦਾ,
ਤਾਂ ਜੋ ਦਰਦੇ ਦਿਲ ਦੇ ਗੁਣ ਜੀਵਨ ਵਿਚ ਆਉਣ।
ਭੇਦ ਗੈਬ ਦੇ ਲਭ ਕੇ ਅੱਗੇ ਵਧਦੇ ਜਾਣ,
ਬਹੁ-ਮੰਜ਼ਲੇ ਆਸਮਾਨ ਵਿਚ ਪਤੰਗਾਂ ਵਾਂਙੂੰ ਭਾਉਣ।

ਤੁਸੀਂ ਸੁਧ ਬੁੱਧ ਬੱਚੇ ਦੀ ਮਾਰਦੇ ਤੁਹਾਨੂੰ ਚੰਗਾ ਆਖੇ ਕੌਣ,
ਆਪਣੇ ਆਪਣੇ ਧਰਮਾਂ ਦਾ ਤੁਸੀਂ ਨਿੱਤ ਗਾਉਂਦੇ ਹੋ ਗਾਉਣ।
ਜੋ ਨਿੱਕ ਮੁਨੱਕੇ ਬੱਚਿਆਂ ਨੂੰ ਆਤਮ ਬੰਬ ਬਣਾਉਣ,
ਅਧਰਮੀ ਤੁਹਾਡੇ ਧਰਮ ਨੇ ਪਰ ਧਰਮ ਦਾ ਰੌਲਾ ਪਾਉਣ।

ਉਸ ਅਲਾਹ ਦੇ ਵਾਸਤੇ ਜਿਹਨੂੰ ਸਾਰੇ ਸੀਸ ਝੁਕਾਉਣ,
ਪੂਜਾ ਪਾਠ ਨਮਾਜ਼ਾਂ ਪੜ੍ਹਦੇ ਜਿਸ ਵੱਲ ਹੱਥ ਉਠਾਉਣ।
ਸ਼ਰਾਬਾਂ ਪਰੀਆਂ ਖੁਸ਼ਬੂਆਂ ਵਾਲਾ ਬਹਿਸ਼ਤ ਜਿਹੜੇ ਨਿੱਤ ਚਾਹੁਣ,
ਫਰਿਆਦ ਕਰਾਂ ਮੈਂ ਉਹਨਾਂ ਨੂੰ ਕਿ ਬੱਚੇ ਨਾ ਮਰਵਾਉਣ।

ਅਤਿਵਾਦੀ ਜਹਾਦੀ ਹੱਦ ਟੱਪੇ ਜਹਾਦੀਆਂ ਲਈ ਅਲਾਹ ਐਸੀ ਅੱਗ ਮਚਾਵੇ,
ਜਿਥੇ ਸੜ ਸੜ ਜਾਵਣ ਹੱਡੀਆਂ ਗੁਨਾਹਗਾਰ ਚੈਨ ਨਾ ਪਾਵੇ।
ਉਸ ਅਲਾਹ ਦੇ ਵਾਸਤੇ ਮੈਂ ਵੀਰਾ ਕਰਾਂ ਫਰਿਆਦ,
ਜੰਗ ਨੇਕੀ ਦੀ ਲੜ ਲੈ ਕਰਕੇ ਉਸਨੂੰ ਯਾਦ।

ਅਸੀਂ ਨਹੀਂ ਕਹਿੰਦੇ ਲੜ ਨਾ ਤੂੰ ਆਪਣੇ ਹੱਕਾਂ ਲਈ ਯਾਰ,
ਇਹ ਵੈਰੀ ਨਾ ਗੁੱਝਾ ਵੀਰਨਾ ਜੋ ਲੁਟ ਦਾ ਕਰੇ ਪਾਸਾਰ।
ਇਹ ਢਾਣੀ ਸਰਮਾਏਦਾਰਾਂ ਦੀ ਮੱਤ ਆਮ ਲੋਕਾਂ ਨੂੰ ਮਾਰ,
ਕਰ ਸਕੇਂ ਕਰਾਂਤੀ ਕਰ ਲੈ, ਲੈ ਲੋਕਾਂ ਦੀ ਸਾਰ।

ਹੱਥਠੋਕਾ ਹਥਿਆਰ ਨਾ ਬਣ ਯਾਰਾ ਗੁਨਾਹਗਾਰ ਨਾ ਬਣ,
ਫੁੱਲ ਬਣ ਖੁਸ਼ਬੂਦਾਰ ਬਣ ਨਿਰਾ ਹੀ ਤੂੰ ਖਾਰ ਨਾ ਬਣ।
ਬਣ ਸਕਦੈਂ ਹੈ ਬਣ ਕੇ ਦਿਖਾ ਕਰਾਂਤੀਕਾਰੀ ਜੱਗ ਦਾ,
ਸੜ ਰਿਹਾ ਹੈ ਸਾਰੇ ਪਾਸੀਂ ਅੱਜ ਜੱਗ ਉਸ ਰੱਬ ਦਾ।

ਆਮ ਆਦਮੀ ਰੁਲਦਾ ਫਿਰਦਾ ਥਾਂ ਥਾਂ ਰੋਟੀ ਲੱਭਦਾ,
ਸੜਕਾਂ ਕਿਨਾਰੇ ਪੁਲਾਂ ਦੇ ਥੱਲੇ ਪੁਤ ਰੁਲਦਾ ਹੈ ਰੱਬ ਦਾ।
ਜੇ ਤੂੰ ਗਾਜ਼ੀ ਉਸ ਖੁਦਾ ਦਾ, ਭਲਾ ਲੋਚਦਾ ਸਭ ਦਾ,
ਦੱਸ ਭਲਾ ਖਾਂ ਤੂੰ ਕਿਵੇਂ ਫਿਰ ਮਾਰੇ ਟੱਬਰ ਰੱਬ ਦਾ।

ਆਪਣੀ ਸੌੜੀ ਸੋਚ ਛੱਡ ਦੇ ਸਾਰੇ ਮੰਨ ਲੈ ਬੱਚੇ ਰੱਬ ਦੇ,
ਸਭਨਾਂ ਲਈ ਸਰਬੱਤ ਭਲੇ ਦੀ ਕੋਈ ਕਰ ਲੈ ਵੀਰਾ ਕਾਰ।
ਬਦਲ ਦੇਹ ਉਲਾਰੂ ਸਿਸਟਮ ਜੇ ਕਰੇਂ ਕਰਾਂਤੀ ਯਾਰ,
ਵਿਦਿਆ ਗਿਆਨ ਵਿਗਿਆਨ ਦਾ ਕਰ ਵੀਰਾ ਸਾਰੇ ਪਾਸਾਰ।
*********
















ਕਾਲਸ ਤੇਰੇ ਮੱਥੇ ਲੱਗੀ

ਕਾਲਸ ਤੇਰੇ ਮੱਥੇ ਲੱਗੀ,
ਦੂਰੋਂ ਨਜ਼ਰੀਂ ਆਵੇ।
ਰੱਬ ਦਾਤਾ ਫਿਟਕਾਰੇ ਤੈਨੂੰ,
ਜੱਗ ਵੀ ਫਿਟਕਾਰੇ।

ਨਾ ਰੱਬ ਤੇਰਾ ਨਾ ਜੱਗ ਤੇਰਾ,
ਕੌਣ ਹੈ ਤੇਰਾ ਪਿਆਰੇ।
ਮੰਗੀ ਢੋਈ ਮਿਲੇ ਨਾ ਤੈਨੂੰ,
ਉਹ ਦੁਨੀਆਂ ਦੇ ਹਤਿਆਰੇ।

ਉਚੱੇ ਬੁਰਜ ਜੇ ਕੋਈ ਢਾਵੇ,
ਮਿਹਨਤ ਬੰਦੇ ਦੀ ਅਜਾਈਂ ਜਾਵੇ,
ਪਰ ਬੰਦਾ ਜਦ ਬੰਦੇ ਨੂੰ ਮਾਰੇ,
ਮਹਾਂ-ਕਾਲ ਨਾ ਬਖਸ਼ੇ ਪਿਆਰੇ,

ਮਹਾਂ-ਕਾਲ ਦੀ ਉਚਤਮ ਉਤਪਤੀ,
ਪਦਾਰਥ ਤੱਤ ਦੀ ਉਚਤਮ ਗਤੀ,
ਹੈ ਨਸਲ ਬੰਦੇ ਦੀ ਪਿਆਰੇ,
ਮਹਾਂ ਪਾਪ ਤੂੰ ਨਾ ਕਮਾ ਰੇ।

ਦੱਸ ਭਲਾ ਕਿਉਂ ਅਤਿ ਮਚਾਵੇਂ,
ਕੁਰਆਨ ਪੜ੍ਹੇਂ ਕੀ ਸਿੱਖਿਆ ਪਾਵੇਂ।
ਹੱਦੋਂ ਵੱਧ ਫਸਾਦੀ ਬਣ ਕੇ,
ਅਲਾਹ ਨੂੰ ਕੀ ਮੂੰਹ ਦਖਾਵੇਂ।

ਜੇ ਚਾਹੇਂ ਦੁਨੀਆਂ ਦਾ ਕਲਿਆਣ,
ਪੜ੍ਹ ਵਿਦਿਆ ਸਿੱਖ ਗਿਆਨ ਵਿਗਿਆਨ।
ਬਣ ਕੇ ਭਿਖਸ਼ੂ ਪਿੰਡ ਪਿੰਡ ਜਾਹ,
ਕਰ ਜਾਗਰੂਕ ਰੁਲਦੇ ਇਨਸਾਨ।

ਨਵੀਆਂ ਆਇਤਾਂ ਅਲਾਹ ਭੇਜੇ,
ਸਮੇਂ ਸਮੇਂ ਅਨੁਸਾਰ।
ਅਜੋਕੀਆਂ ਆਇਤਾਂ ਰੱਬ ਦੀਆਂ,
ਜਿ ਜੱਗ ਹੋਵੇ ਇੱਕਸਾਰ।

ਕੁਲੀ ਗੁਲੀ ਜੁਲੀ ਸਭ ਨੂੰ,
ਸਭਨਾਂ ਦੇ ਸਾਂਝੇ ਸਾਰੇ ਭੰਡਾਰ,
ਦੁਨੀਆਂ ਦੇ ਸਭ ਦੇਸ਼ ਸਾਂਝੇ,
ਇਸ ਪਾਰ ਤੋਂ ਉਸ ਪਾਰ।

ਅਮਨ ਸ਼ਾਂਤੀ ਜੱਗ ਵਿਚ ਆਵੇ,
ਹੋਵਣ ਕਿਧਰੇ ਨਾ ਹਥਿਆਰ।
ਸੱਚ ਜਿੱਤੇ ਕੁਫਰ ਹਾਰੇ,
ਨਫਰਤ ਘਟੇ ਵਧੇ ਪਿਆਰ।

ਕੋਈ ਉਲਾਰੂ ਸਿਸਟਮ ਨਾ ਹੋਵੇ,
ਹੋਵਣ ਸਾਰੇ ਹੀ ਇੱਕ ਸਾਰ।
ਸਾਂਝੀਵਾਲਤਾ ਜੱਗ ਵਿਚ ਆਵੇ,
ਬਣ ਜਾਵੇ ਦੁਨੀਆਂ ਇੱਕ ਪਰਿਵਾਰ।

ਅਸੀਂ ਤਾਂ ਸੁਪਨੇ ਨਿੱਤ ਲੈਂਦੇ ਹਾਂ,
ਸੁਪਨੇ ਨਾ ਦਿੰਦੇ ਕੋਈ ਕਰਾਰ।
ਸੋਚ ਬੰਦੇ ਦੀ ਬਦਲ ਦੇਈਏ ਜੇ,
ਬਦਲ ਜਾਵੇ ਸਾਡਾ ਸੰਸਾਰ।
*********







ਬਿਨ ਮਾਇਆ ਦੇ ਜਗਤ ਨਹੀਂ ਹੈ
ਬਿਨ ਮਾਇਆ ਦੇ ਜਗਤ ਨਹੀਂ ਹੈ,
ਬ੍ਰਹਮ ਜੀ ਮਾਇਆ ਦੇ ਹੀ ਜਾਏ।
ਬ੍ਰਹਮ ਬੀਜ ਮੁਢ ਮਾਇਆ ਦਾ,
ਜੋ ਸਾਰਾ ਜਗਤ ਉਪਾਏ।

ਵਿਪ੍ਰੀਤ ਵਿਰੋਧੀ ਗੁਣ ਮਾਇਆ ਦੇ,
ਰੱਬੀ ਗੁਣ ਸਾਰੇ ਸੁਖ ਵਰਸਾਏ।
ਸ਼ੈਤਾਨੀ ਗੁਣ ਵੀ ਹੈ ਮਾਇਆ ਦਾ,
ਜੋ ਉਪਜੇ ਉਸਨੂੰ ਮਿਟਾਏ।

ਵਿਪ੍ਰੀਤ ਵਿਰੋਧੀ ਗੁਣ ਅਤਿ ਜ਼ਰੂਰੀ,
ਕਾਰ ਜਗਤ ਦੀ ਚਲਦੀ ਜਾਏ।
ਬਿਨ ਬਦੀ ਨੇਕੀ ਨਾ ਭਾਏ,
ਬਿਨ ਦੁੱਖ ਸੁੱਖ ਕਿਸਨੂੰ ਭਾਏ।

ਮਾਇਆ ਨਾਗਣੀ ਕਿਉਂ ਕੋਈ ਆਖੇ,
ਅਸੀਂ ਆਪ ਮਾਇਆ ਦੇ ਜਾਏ।
ਸਰਵ-ਵਿਆਪੀ ਸੰਪੂਰਨ ਸੱਤਾ ਹੀ,
ਆਪੋਂ ਮਾਇਆ ਦਾ ਰੂਪ ਧਰਾਏ।

ਧਰਮ ਸਾਰੇ ਨੇਕੀ ਨੂੰ ਲੱਭਦੇ,
ਭੰਡਣ ਇਸਤਰੀ ਨੂੰ ਨਹੀਂ ਫਬਦੇ।
ਗੁਰ ਪੀਰ ਪੈਗੰਬਰ ਜੋ ਵੀ ਆਏ,
ਸਾਰੇ ਦੇ ਸਾਰੇ ਇਸਤਰੀ ਦੇ ਜਾਏ।

ਜਮ੍ਹਾਂ ਤੇ ਮਨਫੀ ਬਿਨ ਨਹੀਂ ਕਾਮ,
ਅੰਦਰੋਂ ਇੱਕ ਨੇ ਬਾਹਰੋਂ ਦੋ ਨਾਮ।
ਇਨ ਕਾਰਨ ਹੀ ਹੈ ਜੱਗ ਸਾਡਾ,
ਇਨ ਕਾਰਨ ਹੀ ਰੱਬ ਹੈ ਸਾਡਾ,
ਇਨ ਕਾਰਨ ਸ਼ੈਤਾਨ ਹੈ ਡਾਹਢਾ। *********
ਅਗਿਆਨਤਾ ਕਾਰਨ ਮੁੱਢ ਤੋਂ ਹੀ ਬੰਦਾ

ਅਗਿਆਨਤਾ ਕਾਰਨ ਮੁੱਢ ਤੋਂ ਹੀ ਬੰਦਾ,
ਵੱਖ ਵੱਖ ਸੋਚ ਦੁੜਾਉਂਦਾ ਆਇਆ।
ਕਦੀ ਪੱਥਰ ਪੂਜ ਬਣ ਗਿਆ,
ਕਦੀ ਦੇਵੀ ਦੇਵ ਮਨਾਉਂਦਾ ਆਇਆ।

ਆਖਰ ਕਲਪਣਾ ਰੱਬ ਦੀ ਕੀਤੀ,
ਕਿ ਉਸਨੇ ਜੱਗ ਬਣਾਇਆ।
ਕੋਈ ਆਖੇ ਰੱਬ ਆਖਿਆ 'ਹੋ ਜਾਹ',
ਕੋਈ ਆਖੇ ਉਸ ਬਹਿ ਬਣਾਇਆ।

ਹੋਰ ਬਹੁਤ ਕੁਝ ਆਖਿਆ ਸਭ ਨੇ,
ਪਰ ਸੱਚ ਕਿਸੇ ਦੇ ਹੱਥ ਨਾ ਆਇਆ।
ਪਰ ਮੁਹੰਮਦ ਜੀ ਨੇ 'ਹੋ ਜਾਹ' ਦੱਸ ਕੇ,
ਵਿਦਿਆਨਕ 'ਬਿਗ ਬੈਂਗ' ਫੁਰਮਾਇਆ।

ਪਰ ਇਨ ਸਾਰੇ ਪੀਰਾਂ ਪੈਗੰਬਰਾਂ,
ਵਿਕਾਸ ਨਾਚ ਨੂੰ ਮਨੋਂ ਭੁਲਾਇਆ।
ਨਾ ਕੋਈ ਅਲਾਹ ਅਸਾਮਨੀ ਬੈਠਾ,
ਨਾ ਕੋਈ ਰਾਮ ਮੰਦਰਾਂ ਵਿਚ ਆਇਆ।

ਵਾਹਿਗੁਰੂ ਅਸੀਂ ਜਿਸਨੂੰ ਕਹਿੰਦੇ,
ਸਾਡੇ ਹਿਰਦੇ ਵਿਚ ਸਮਾਇਆ।
ਜਾਂ ਫਿਰ ਸਤਿਗੁਰੂ ਆਖੀਏ ਉਸਨੂੰ,
ਜਿਸ ਸੱਚਾ ਫੁਰਮਾਨ ਸੁਣਾਇਆ।

ਸਦਜੀਵੀ ਅਬਨਾਸ਼ੀ ਵਿਚੋਂ,
ਸਾਡਾ ਆਪਾ ਬਣ ਕੇ ਆਇਆ।
ਸਰਬ-ਵਿਆਪੀ ਆਪੇ ਦਾ,
ਇੱਕ ਅੰਸ਼ ਸਾਡੇ ਵਿਚ ਆਇਆ।

ਇਹ ਨਿਰਲੇਪ ਪੰਜਾਂ ਤੋਂ ਰਹਿੰਦਾ,
ਪਰਮ ਸੱਤਾ ਦਾ ਜਾਇਆ।
ਪਰਮ ਸੱਤਾ ਤੇ ਮਾਇਆ ਦੇ ਵਿਚ,
ਸਾਨੂੰ ਅੰਤਰ ਨਜ਼ਰ ਨਾ ਆਇਆ।

ਮਾਇਆ ਦੇ ਵਿਚ ਪੰਜ ਗੁਣ ਅਬਗੁਣ,
ਸੰਜੋਗ ਵਿਜੋਗ ਨੇ ਜੱਗ ਬਣਾਇਆ।
ਪਰ ਮਾਇਆ ਵਿਚ ਰੂਪ ਪੰਜਾਂ ਦਾ,
ਨਿਰਾਕਾਰ ਨਿਰਅੰਜਣ ਪਾਇਆ।

ਇੱਕੋ ਆਪਾ ਸਾਰੇ ਜਗਤ ਦਾ,
ਜਿਉਂ ਸਾਗਰ ਵਿਚ ਨੀਰ ਸਮਾਇਆ।
ਕਣ ਕਣ ਅਧੀਨ ਹੈ ਇਸ ਆਪੇ ਦੇ,
ਵਿਰਾਟ ਹੁਕਮ ਜਿਸ ਆਪ ਚਲਾਇਆ।

ਜੇ ਜ਼ੱਜ ਆਪੇ ਦਾ ਸਾਡੇ ਅੰਦਰ,
ਜਾਗਰੂਕ ਹੋ ਜਾਵੇ।
ਸਰਬ-ਵਿਆਪੀ ਆਪੇ ਸੰਗ ਮਿਲ ਕੇ,
ਆਨੰਦ ਅਵਸਥਾ ਵਿਚ ਲੈ ਜਾਵੇ।

ਅਤਿ ਜ਼ਰੂਰੀ ਹੈ ਸਾਡੇ ਲਈ,
ਕਿ ਸੋਝੀ ਸਾਨੂੰ ਆਵੇ।
ਗੈਬੀ ਭੇਦ ਬੁਝਦੇ ਜਾਈਏ,
ਅਗਿਆਨ ਹਨੇਰਾ ਮਿਟਦਾ ਜਾਵੇ।
*********







ਮੇਰੇ ਦੇਸ਼ ਦੀ ਧਰਤੀ ਸੱਜਣਾ

ਮੇਰੇ ਦੇਸ਼ ਦੀ ਧਰਤੀ ਸੱਜਣਾ,
ਕਰਦੀ ਹੈ ਪੁਕਾਰ।
ਰੁਲਦੇ ਫਿਰਦੇ ਨੇ ਏਥੇ,
ਸਾਰੇ ਹੀ ਨਰ ਨਾਰ।

ਨਿੱਜੀ ਮਸਲਿਆਂ ਦੇ ਵਿਚ ਰੁਝੇ,
ਭੁਲ ਗਏ ਦਿਲੀ ਪਿਆਰ।
ਪਤਝੜ ਏਥੇ ਸਦਾ ਹੀ ਰਹਿੰਦੀ,
ਚਾਹੇ ਮੁੜ ਮੁੜ ਆਏ ਬਹਾਰ।

ਜੱਟ ਖੱਤਰੀ ਬ੍ਰਾਮਣ ਰੋਂਦੇ,
ਰੋਂਦੇ ਮਹਜ਼ਬੀ ਅਤੇ ਲੁਹਾਰ।
ਕਾਰੀਗਰ ਤਰਖਾਣ ਵੀ ਰੋਂਦੇ,
ਏਥੇ ਰੋਂਦੇ ਫਿਰਨ ਚੁਮਾਰ।

ਕਮੀਨ ਕਾਮੇ ਵੀ ਏਥੇ ਰੋਂਦੇ,
ਏਥੇ ਰੋਂਦੇ ਨੇ ਜੋ ਚੁੱਕਣ ਭਾਰ,
ਰੋਂਦੇ ਨੇ ਸੁਨਿਆਰੇ ਵੀ ਏਥੇ,
ਏਥੇ ਰੋਵਣ ਵੀ ਠੁਠਆਰ।

ਵੇਹਲੀ ਫਿਰੇ ਜਵਾਨੀ ਏਥੇ,
ਏਥੇ ਮਿਲਦਾ ਨਹੀਂ ਰੋਜ਼ਗਾਰ।
ਅਫੀਮਾਂ ਸ਼ਰਾਬਾਂ ਭੁੱਕੀਆਂ ਦੇ,
ਏਥੇ ਭਰੇ ਪਏ ਭੰਡਾਰ।

ਆਈ ਆਜ਼ਾਦੀ ਸਾਡੇ ਦੇਸ਼ ਦੀ,
ਉਡ ਪੁਡ ਗਈ ਬਹਾਰ।
ਆਰਥਿਕ ਆਜ਼ਾਦੀ ਅਜੇ ਨਾ ਆਈ,
ਆਮ ਆਦਮੀ ਅਤਿ ਬੇਜ਼ਾਰ।

ਏਥੇ ਮੰਦਰ ਮਸਜਿਦ ਤੇ ਗੁਰਦੁਆਰੇ,
ਮਲਕ ਭਾਗੋਆਂ ਨੇ ਮੱਲੇ ਸਾਰੇ।
ਭਾਈ ਲਾਲੋ ਝੱਟ ਕਿਥੇ ਗੁਜਾਰਨ,
ਹੁੰਦੇ ਨਿੱਤ ਖੁਆਰ।

ਸਾਡਾ ਰਾਜ ਨਹੀਂ ਲੋਕਾਂ ਦਾ ਰਾਜ,
ਏਥੇ ਕੁਲੀਨ ਕੁਲਾਂ ਨੂੰ ਮੌਜ ਬਹਾਰ।
ਰੱਤਾ ਫੱਤਾ ਬਾਦੀ ਮਾਘੀ,
ਕਰਦੇ ਨਹੀਂ ਵਿਚਾਰ।

ਸਾਡੇ ਪੜ੍ਹੇ ਲਿਖੇ ਅਨਪੜ੍ਹ ਹੋ ਗਏ,
ਸਿਰ ਸੁੱਟ ਕੇ ਦਿੰਦੇ ਦਿਨ ਗੁਜ਼ਾਰ।
ਰੁਲਦੇ ਫਿਰਦੇ ਚੁਗਿਰਦੇ ਲੋਕ,
ਮਾਰਨ ਨਾ ਕਦੀ ਉਹ ਲਲਕਾਰ।

ਸਾਡੀ ਕੌਮੀ ਦੌਲਤ ਲੁਟੀ ਜਾਂਦੀ,
ਲੱਟ ਲੈਂਦੇ ਮਾਇਆ ਧਾਰ।
ਦੋ ਪ੍ਰਸੈਂਟ ਗਰੀਬਾਂ ਦੇ ਹਿੱਸੇ,
ਦੱਸੋ ਕੀ ਕਰਨ ਉਹ ਯਾਰ।

ਆਰਥਿਕ ਸੋਮੇ ਸਾਡੇ ਲੁੱਟੇ ਜਾਂਦੇ,
ਲੋਕ ਰਾਜ ਦਾ ਚੜ੍ਹਿਆ ਬੁਖਾਰ
ਕੁਲੀਨ ਕੁਲਾਂ ਦੀ ਹੈ ਸਰਕਾਰ।
ਕੌਣ ਪੁੱਛੇ ਇਹਨਾਂ ਨੂੰ ਯਾਰ।

ਪੂੰਜੀਵਾਦੀ ਨਿਜ਼ਾਮ ਹੈ ਸਾਡਾ,
ਲੁਟ ਰਹੇ ਨੇ ਸਰਮਾਏਦਾਰ।
ਮਨਮੋਹਨ ਜੇਹੇ ਏਥੇ ਕੀ ਕਰਨਗੇ,
ਫਿਰੇ ਚੁਗਿਰਦੇ ਲੋਟੂਆਂ ਦੀ ਡਾਰ।



ਰਾਜਿਆਂ ਦਾ ਰਾਜ ਖੋਹ ਕੇ,
ਬਣ ਗਏ ਰਾਜੇ ਵੱਡੇ ਸਰਦਾਰ।
ਲੋਕਾਂ ਲਈ ਦੁਖਦਾਇਕ ਬਣ ਗਏ,
ਲੁੱਟ ਮਚਾਈ ਸ਼ਰੇ ਬਜ਼ਾਰ।

ਇਹ ਲੋਕਾਂ ਦਾ ਰਾਜ ਨਹੀਂ ਹੈ,
ਲੋਕਾਂ ਦੇ ਸਿਰ ਤਾਜ ਨਹੀਂ ਹੈ।
ਪਰਜਾਤੰਤਰ ਰਾਜ ਬਿਨ
ਹੋ ਰਹੇ ਨੇ ਲੋਕ ਖੁਆਰ।

ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ,
ਉਗਲੇ ਹੀਰੇ ਮੋਤੀ,
ਕਿਧਰ ਜਾਂਦੇ ਹੀਰੇ ਮੋਤੀ,
ਲੋਕਾਂ ਦੇ ਗਲ ਪਏ ਲੰਗਾਰ।

ਸਕੂਲੀਂ ਰੁਲਦੇ ਬੱਚੇ ਸਾਰੇ,
ਲੁਟਦੇ ਨੇ ਏਥੇ ਵਿਦਿਅਕ ਅਦਾਰੇ।
ਜਾਓ ਪਿੰਡਾਂ ਵਿਚ ਤੱਕੋ ਨਜ਼ਾਰੇ,
ਅੰਨ੍ਹੀਂ ਬੋਲੀ ਹੈ ਸਰਕਾਰ।

ਪਿੰਡਾਂ ਵਿਚ ਪੰਚਾਇਤੀ ਰਾਜ,
ਸਰਦਾਰਾਂ ਦੇ ਸਿਰ ਧਰਦਾ ਤਾਜ।
ਗੁਣਾਂ ਨੂੰ ਏਥੇ ਕੋਈ ਨ ਪੁੱਛੇ,
ਬਣਦੇ ਸਰਪੰਚ ਪਿੰਡਾਂ ਦੇ ਸਰਦਾਰ।

ਹੇ ਮੇਰੇ ਅਲਾਹ ਹੇ ਮੇਰੇ ਮੌਲਾ,
ਹੇ ਮੇਰੇ ਰਾਮ ਹੇ ਮੇਰੇ ਕਰਤਾਰ।
ਰੋਮ ਰੋਮ ਮੇਰੀ ਧਰਤੀ ਦਾ ਰੋਵੇ,
ਕਰਦੀ ਫਿਰੇ ਪੁਕਾਰ।



ਜੇ ਸੱਜਣਾ ਕੁਝ ਕਰ ਨਹੀਂ ਸਕਦਾ,
ਕਿਸ ਲਈ ਤੂੰ ਕਰਤਾਰ।
ਅਜੇ ਸਮਾਂ ਹੈ ਸੱਜਣ ਮੇਰੇ,
ਤੂੰ ਬਦਲ ਸਮੇਂ ਦੀ ਧਾਰ।

ਨਹੀਂ ਤਾਂ ਲੋਕੀਂ ਉੱਠ ਖੜ੍ਹੋਨਗੇ,
ਹੱਥ ਵਿਚ ਫੜ ਤਲਵਾਰ।
ਹਥਿਆਰਬੰਦ ਕਰਾਂਤੀ ਜੇ ਆਵੇ,
ਮਰ ਮਿਟ ਜਾਏ ਪਿਆਰ।

*********





















ਮੀਨ ਸਾਗਰ ਦੇ ਗੁਣ ਗਾਵੇ

ਮੀਨ ਸਾਗਰ ਦੇ ਗੁਣ ਗਾਵੇ,
ਗਾ ਨਾ ਸਕੇ ਚੁਪ ਹੋ ਜਾਵੇ।
ਸਰਬ-ਵਿਆਪੀ ਦੀ ਥਾਹ ਕਿਵੇਂ ਕੋਈ ਪਾਵੇ,
ਕਿਵੇਂ ਕੋਈ ਜ਼ੁਜ ਕੁਲ ਨੂੰ ਬੁਝ ਪਾਵੇ।

ਭਲਾ ਜੇ ਕਿਧਰੇ ਭੋਰਾ ਭਰ,
ਗਿਆਨ ਕੁਲ ਦਾ ਹੋ ਜਾਵੇ।
ਆਪਣੇ ਆਪੇ ਨੂੰ ਉਹ ਭੁੱਲੇ,
ਕੁਝ ਵੀ ਦੱਸ ਨਾ ਪਾਵੇ।

ਭਿੰਨ ਭਿੰਨ ਸਿਫਤਾਂ ਗਾ ਰਹੇ ਨੇ,
ਗਾਵਣ ਵਾਲੇ।
ਕੁਝ ਕਹਿ ਨਾ ਸਕਦੇ,
ਦੱਸ ਨਹੀਂ ਸਕਦੇ ਕੋਈ ਕਿਧਰ ਜਾਵੇ।

ਇਸ ਧਰਤੀ ਵਿੱਚ ਦੱਬੇ ਪਏ ਨੇ,
ਵੱਡੇ ਵੱਡੇ ਇਨਸਾਨ।
ਜਾਂ ਫਿਰ ਫੂਕੇ ਗਏ ਨੇ ਉਹ,
ਲਿਜਾ ਕੇ ਵਿਚ ਮਸਾਣ।

ਇਕਨਾਂ ਦੀ ਦੇਹ ਧਰਤੀ ਖਾ ਗਈ,
ਇਕਨਾਂ ਦੀ ਰਾਖ ਉਡ ਉਡਾ ਗਈ।
ਕਿਧਰ ਗਿਆ ਰੋਬ੍ਹ ਦਾਬ ਤੇ ਸ਼ਾਨ,
ਜੋ ਬੰਦੇ ਸਨ ਮਹਾਨ।

ਇਸ ਤੋਂ ਪਹਿਲਾਂ ਕਿ ਟੁਰ ਜਾਈਏ,
ਚੰਗਾ ਹੋਵੇ ਕੰਮ ਕਿਸੇ ਦੇ ਆਈਏ।
ਜਾਂ ਦੇਸ਼ ਕੌਮ ਲਈ ਮਰ ਮਿਟ ਜਾਈਏ,
ਜੱਗ ਵਿਚ ਰਹੇ ਨਿਸ਼ਾਨ।
*********
ਨਸ਼ਟ ਕਰੀਏ ਜੇਕਰ ਸਮਾਂ

ਨਸ਼ਟ ਕਰੀਏ ਜੇਕਰ ਸਮਾਂ,
ਜੀਵਨ ਨਸ਼ਟ ਹੋ ਜਾਵੇ।
ਜੀਵਨ ਵਿਚ ਕੁਝ ਐਸਾ ਕਰੀਏ,
ਕੁੜ ਕੁਫਰ ਨੂੰ ਜੋ ਮਿਟਾਵੇ।

ਜੋ ਡਰਦਾ ਹੈ ਸਾਡੇ ਕੋਲੋਂ,
ਉਸ ਤੋਂ ਸਦਾ ਹੀ ਡਰੀਏ,
ਸੁਣੀਏ ਸਭ ਦੀ ਕਰੀਏ ਮਨ ਦੀ,
ਜੋ ਅੰਤਰ ਆਤਮਾ ਆਖੇ ਕਰੀਏ।

ਜੇ ਕਮਜ਼ੋਰ ਨੂੰ ਕਸ਼ਟ ਦੇਵੇ ਬਲਵਾਨ,
ਯਾਦ ਰੱਖੇ ਸਮੇਂ ਦਾ ਫੁਰਮਾਨ।
ਹੇਠਲਾ ਉੱਪਰ ਹੋ ਜਾਂਦਾ ਹੈ,
ਕਮਜ਼ੋਰ ਹੋ ਜਾਂਦਾ ਹੈ ਬਲਵਾਨ।

ਜ਼ੋਰਾਵਰ ਅਜ਼ਮਾ ਕੇ ਦੇਖੇ,
ਜ਼ੋਰ ਧੋਖਾ ਦੇ ਜਾਵੇ।
ਸਮੇਂ ਦੀ ਪਤਝੜ, ਬੰਦੇ ਦੀ,
ਸ਼ਕਤੀ ਝਾੜਦੀ ਜਾਵੇ।

ਹੋ ਕੇ ਨਿਮਰ ਜੋ ਚੱਲਦਾ ਹੈ,
ਉਹ ਬਹੁਤ ਉੱਚਾ ਉੱਠ ਜਾਵੇ।
ਧੌਣ ਅਕੜਾ ਕੇ ਜੋ ਚੱਲਦਾ ਹੈ,
ਉਹ ਆਪਣੀ ਧੌਣ ਭਨਾਵੇ।

ਅਸੀਂ ਸਾਰੇ ਦੁਨੀਆਂ ਦੇ ਵਾਸੀ,
ਸਭਨਾਂ ਸੰਗ ਪਿਆਰ ਵਧਾਈਏ।
ਟੇਢ ਦੇਈਏ ਪਰ ਡਰੀਏ ਨਾ,
ਕਦੀ ਨਾ ਜ਼ੋਰ ਅਜ਼ਮਾਈਏ।
*********
ਵਗਦਾ ਖਾਲ ਭੋਰਾ ਭਰ ਮੋਰੀ

ਵਗਦਾ ਖਾਲ ਭੋਰਾ ਭਰ ਮੋਰੀ,
ਬੱਚਾ ਬੰਦ ਕਰ ਆਵੇ।
ਨਹਿਰ ਟੁੱਟੇ ਪਾਣੀ ਜ਼ੋਰੀਂ ਵਗੇ,
ਸਾਰਾ ਪਿੰਡ ਬਹੁੜੀਆਂ ਪਾਵੇ।

ਮਨ ਵਿਚ ਉੱਠੇ ਬੁਰਾ ਖਿਆਲ,
ਕਰ ਵਿਚਾਰ ਦਬਾਇਆ ਜਾਵੇ।
ਬਣ ਕੁਕਰਮੀ ਕਰਮ ਕਮਾਈਏ,
ਜਿੰਦ ਦੁੱਖਾਂ ਵਿਚ ਫਸ ਜਾਵੇ।

ਉੱਠੇ ਬਦੀ ਮਨ ਸਮਝਾਈਏ,
ਨਹੀਂ ਤਾਂ ਸਿਰ ਚੜ੍ਹ ਜਾਵੇ।
ਫੈਲੇ ਬੁਰਾਈ ਜੇਕਰ ਸਾਰੇ,
ਫਿਰ ਉਸ ਤੋਂ ਕੌਣ ਬਚਾਵੇ।

ਕੋਈ ਕੌਮ ਨਾ ਤਰਕ ਤਿਆਗੇ,
ਤਰਕ ਬਿਨਾ ਕੁਰਾਹੇ ਪੈ ਜਾਵੇ।
ਕੌਮ ਕਰੇ ਜੋ ਅੰਧ-ਵਿਸ਼ਵਾਸ਼ੀ,
ਦੁਨੀਆਂ ਵਿਚ ਪਿੱਛੇ ਰਹਿ ਜਾਵੇ।

ਆਰਥਿਕ ਸੋਮੇ ਜੇਕਰ ਨਾ ਸਾਂਝੇ,
ਆਰਥਿਕ ਪਾੜਾ ਵਧਦਾ ਜਾਵੇ।
ਸਰਮਾਏਦਾਰੀ ਨਿਜ਼ਾਮ ਦੇ ਅੰਦਰ,
ਆਮ ਆਦਮੀ ਦੁੱਖ ਉਠਾਵੇ।

ਕਾਬਲੀਅਤ ਅੱਗੇ ਆ ਨਹੀਂ ਸਕਦੀ,
ਕੁਲ ਤੇ ਦੌਲਤ ਅੱਗੇ ਆਵੇ।
ਕੁਲੀਨ ਕੁਲੀ ਇਸ ਰਾਜ ਦੇ ਅੰਦਰ,
ਅਮੀਰੀ ਗਰੀਬੀ ਵਧਦੀ ਜਾਵੇ।

ਸਰਮਾਏਦਾਰੀ ਦੀ ਇਸ ਗੱਡੀ ਨੂੰ,
ਜੇ ਲੀਹ ਤੋਂ ਨਹੀਂ ਉਤਾਰਾਂਗੇ।
ਇਸ ਭੈੜ ਤੇ ਇਸ ਬੱਦੀ ਨੂੰ,
ਜੇ ਝੱਬਦੇ ਨਹੀਂ ਮਾਰਾਂਗੇ।

ਲੋਕਾਂ ਦਾ ਹੜ੍ਹ ਵਗ ਉਠੇਗਾ,
ਫਿਰ ਕਿਸ ਨੂੰ ਪੁਕਾਰਾਂਗੇ।
ਭੁੱਖੇ ਮਰਦੇ ਲੋਕ, ਕੀ ਨਾ ਕਰਦੇ,
ਇੱਕ ਦੂਜੇ ਨੂੰ ਮਾਰਾਂਗੇ।

ਫਿਰ ਦੇਸ਼ ਦੇ ਕੋਨੇ ਕੋਨੇ ਚੋਂ,
ਉਠੇਗੀ ਇੱਕ ਆਵਾਜ਼।
ਲੋਕ ਰਾਜ ਵਿਚ ਰਹਿ ਨਹੀਂ ਸਕਦਾ,
ਕੁਲੀਨ ਕੁਲਾਂ ਦੇ ਸਿਰ 'ਤੇ ਤਾਜ।
*********

















ਹਰ ਇੱਕ ਸ਼ੈਅ ਇਸ ਦੁਨੀਆਂ ਦੀ

ਹਰ ਇੱਕ ਸ਼ੈਅ ਇਸ ਦੁਨੀਆਂ ਦੀ,
ਆਪਣੀ ਥਾਂ ਵਡੇਰੀ ਹੈ।
ਚਾਹੇ ਸੋਨੇ ਦੀ ਡਲੀ ਹੋਵੇ,
ਚਾਹੇ ਖਾਕ ਦੀ ਢੇਰੀ ਹੈ।

ਪਰ ਸਭ ਤੋਂ ਵੱਡੀ ਖੁਸ਼ੀ ਹੈ ਤੇਰੀ,
ਜਿਸ ਤੇ ਨਿਰਭਰ ਖੁਸ਼ੀ ਹੈ ਜੱਗ ਦੀ।
ਤੇਰੇ ਵੱਲ ਤੱਕੇ ਦੁਨੀਆਂ ਰੱਬ ਦੀ,
ਕਿਉਂ ਵਿਗਾੜੇਂ ਖੁਸ਼ੀ ਤੂੰ ਸਭ ਦੀ।

ਤੇਰੀ ਹੋਂਦ ਦਾ ਸੁੱਖ ਜਿੰਨਿਆਂ ਨੂੰ,
ਤੇਰੀ ਖੁਸ਼ੀ ਦਾ ਸੁੱਖ ਓਨਿਆਂ ਨੂੰ।
ਭੈਣਾਂ ਨੂੰ ਭਰਾਵਾਂ ਨੂੰ ਮਾਪਿਆਂ ਨੂੰ,
ਮਿੱਤਰਾਂ ਮੇਲੀਆਂ ਤਾਇਆਂ ਚਾਚਿਆਂ ਨੂੰ।

ਗਲੀ ਮੁਹੱਲਿਆਂ ਤੇ ਸਾਰੇ ਰਿਸ਼ਤੇਦਾਰਾਂ ਨੂੰ,
ਤੇਰੀ ਹੋਂਦ ਤੇ ਮਾਣ ਹੈ ਯਾਰਾਂ ਨੂੰ।
ਤੂੰ ਸਭਨਾਂ ਦੀ ਸ਼ਕਤੀ ਹੈਂ,
ਆਪਣਾ ਆਪ ਪਹਿਚਾਣ।

ਸੋਚ ਜ਼ਰਾ ਜਿਸ ਦਿਨ ਤੂੰ ਜੰਮਿਆਂ,
ਉਹ ਕਿੰਨੀ ਚੰਗੀ ਘੜੀ ਸੀ।
ਸਭਨਾਂ ਨੂੰ ਖੁਸ਼ੀ ਬੜੀ ਸੀ,
ਖੁਸ਼ੀਆਂ ਦੀ ਲੱਗੀ ਝੜੀ ਸੀ।

ਅੱਜ ਤੂੰ ਅਤਿਵਾਦੀ ਤੇ ਅਤਿ ਫਸਾਦੀ ਹੈਂ,
ਤੂੰ ਤਾਂ ਹੁਣ ਤੱਕ ਡੋਲ੍ਹਿਆ ਹੈ ਖੂਨ ਬੜਾ।
ਸ਼ਾਇਦ ਤੈਨੂੰ ਮਾਣ ਹੈ ਕਿ ਬਹੁਤ ਕਾਫਰ ਮਾਰ ਦਿੱਤੇ,
ਸ਼ਾਇਦ ਤੈਨੂੰ ਮਾਣ ਹੈ ਕਿ ਬਹੁਤ ਘਰ ਉਜਾੜ ਦਿੱਤੇ।

ਉਜਾੜ ਕੇ ਬਾਗ ਦਿਲਾਂ ਦੇ ਤੂੰ ਉਜਾੜਾ ਪਾ ਰਿਹਾ,
ਰਾਹ ਕਰਾਂਤੀ ਦਾ ਛੱਡ ਕੇ ਤੂੰ ਅਤਿਵਾਦ ਫੈਲਾ ਰਿਹਾ।
ਤੂੰ ਏਨਾ ਫਸਾਦੀ ਬਣ ਗਿਆ ਕਿ ਮੁਹੰਮਦ ਵੀ ਸ਼ਰਮਾ ਰਿਹਾ,
ਹੱਡ ਤੋੜਵੀਂ ਅੱਗ ਤੇਰੇ ਲਈ ਅਲਾਹ ਆਪ ਮਚਾ ਰਿਹਾ।

ਓਏ ਭੁਲੜ ਵੀਰਾ ਸੋਚ ਜ਼ਰਾ ਤੂੰ ਕਿੰਨਾ ਕਹਿਰ ਕਮਾ ਰਿਹਾ,
ਹਰ ਬੰਦਾ ਦੁੱਖ ਮਨਾ ਰਿਹਾ, ਹਰ ਮੁਸਲਿਮ ਸ਼ਰਮਾ ਰਿਹਾ।
ਰੁਲਦੇ ਫਿਰਦੇ ਆਮ ਆਦਮੀ ਤੂੰ ਕਿਸ ਦਾ ਦੁੱਖ ਵੰਡਾ ਰਿਹਾ,
ਭੈਣਾਂ ਭਾਬੀਆਂ ਧੀਆਂ ਲਈ ਤੂੰ ਇਲਮ ਨੂੰ ਜਿੰਦਰੇ ਲਾ ਰਿਹਾ।
*********






















ਅਣਜਾਣੇ ਰਾਹੀਂ ਟੁਰਦੇ ਜਾਈਏ

ਅਣਜਾਣੇ ਰਾਹੀਂ ਟੁਰਦੇ ਜਾਈਏ,
ਬਿਨ ਸੂਝ ਬੂਝ ਬਿਨ ਬੁੱਧ।
ਅਗਲੀ ਘੜੀ ਸਾਡੀ ਕਿਵੇਂ ਬੀਤਣੀ,
ਸਾਨੂੰ ਇਸਦੀ ਕੋਈ ਨਾ ਸ਼ੁਧ।

ਆਕਾਲ ਕਾਲ ਦੇ ਅਸੀਂ ਖਿਡਾਉਣੇ,
ਖੇਡ ਸਾਡੀ ਕਿ ਕਰਮ ਕਮਾਉਣੇ।
ਮਨ ਕਰਮ ਬਚਨ ਵਿਚਾਰ ਸਾਡੇ,
ਸਾਡੀ ਜੈਸੀ ਹੋਵੇ ਬੁੱਧ।

ਕੁਝ ਕੁ ਸਿੱਖੀਏ ਮਾਪਿਆਂ ਕੋਲੋਂ,
ਚੁਗਿਰਦੇ ਤੋਂ ਸਿੱਖੀਏ ਕੁਝ।
ਭਾਗ ਚੰਗੇ ਉਹਨਾਂ ਦੇ ਹੁੰਦੇ,
ਰੱਬ ਦੇਵੇ ਜਿਨ੍ਹਾਂ ਨੂੰ ਬੁੱਧ।

ਜੀਵਨ ਸਾਡਾ ਕੈਸਾ ਬਣਿਆ,
ਸੁਤੇ ਸਿਧ ਹੀ ਤਾਣਾ ਤਣਿਆ।
ਕਈਆਂ ਨੂੰ ਮਾਣ ਅਕਲ ਦਾ
ਪਰ ਸਕੇ ਨਾ ਕੁਝ ਵੀ ਬੁਝ।

ਚਾਰ ਚੁਫੇਰੇ ਚਾਨਣ ਸਾਡੇ,
ਪਰ ਜੀਵਨ ਵਿਚ ਹਨੇਰ।
ਖੋਲ੍ਹ ਦੇਵੇ ਕਪਾਟ ਜੋ ਸਾਡੇ,
ਕਦ ਆਵੇ ਉਹ ਸਵੇਰ?
*********





ਕਿੰਨੇ ਹੀ ਸਾਡੇ ਸੰਗ ਸੰਗ ਟੁਰਦੇ

ਕਿੰਨੇ ਹੀ ਸਾਡੇ ਸੰਗ ਸੰਗ ਟੁਰਦੇ,
ਕਈ ਸਾਨੂੰ ਛੱਡ ਜਾਂਦੇ।
ਮਾਰੀਏ ਝਾਤੀ ਆਪਣੇ ਅੰਦਰ,
ਕਿ ਕਿਉਂ ਕਈ ਸਾਨੂੰ ਛੱਡ ਕੇ ਜਾਂਦੇ।

ਜੇਕਰ ਸਾਨੂੰ ਛੱਡ ਜਾਵੇ ਕੋਈ,
ਕਿ ਅਸ਼ੀਂ ਉਸਦੇ ਰਾਸ ਨਹੀਂ ਆਏ।
ਅਸੀਂ ਆਪਣੇ ਔਗੁਣ ਦੂਰ ਕਰੀਏ,
ਜਿਨ ਕਾਰਨ ਅਸੀਂ ਨਾ ਉਸਨੂੰ ਨੂੰ ਭਾਏ।

ਪੈਰ ਪੈਰ 'ਤੇ ਆਪਣੇ ਔਗੁਣ,
ਜੋ ਵੀ ਦੂਰ ਭਜਾਂਦੇ ਨੇ।
ਆਪਣੇ ਆਪੇ ਦਾ ਗੌਰਬ,
ਉਹ ਦੂਣਾ ਤੀਣਾ ਵਧਾਂਦੇ ਨੇ।

ਜੋ ਕੱਲ ਨਾਲੋਂ ਅੱਜ ਚੰਗੇ ਬਣਦੇ,
ਅੱਜ ਨਾਲੋਂ ਕੱਲ੍ਹ ਚੰਗੇ।
ਦੌੜ ਲਾਉਂਦੇ ਜੋ ਆਪੇ ਦੇ ਸੰਗ,
ਉਹ ਟੀਸੀ 'ਤੇ ਪੁੱਜ ਜਾਂਦੇ ਨੇ।

ਕਰੀਏ ਨਾ ਪਰਵਾਹ ਕਦੀ ਵੀ,
ਜੇ ਉਹ ਸਾਨੂੰ ਛੱਡ ਜਾਂਦੇ ਨੇ।
ਜੋ ਬਹੁਤੀ ਵਾਰੀ ਗਰਜ਼ਾਂ ਲੈ ਕੇ,
ਚੱਲ ਸਾਡੇ ਵੱਲ ਆਂਦੇ ਨੇ।
*********





ਬਿਖੜੇ ਪੈਂਡੇ ਤਹਿ ਕਰਨੇ ਪੈਂਦੇ

ਬਿਖੜੇ ਪੈਂਡੇ ਤਹਿ ਕਰਨੇ ਪੈਂਦੇ,
ਤੇ ਭੰਨੀਏ ਵਾੜਾਂ ਸਾਰੀਆਂ।
ਮੰਜ਼ਲਾਂ ਤੇ ਪੁਜਦੇ ਉਹ ਰਾਹੀ,
ਜਿੰਨ ਹਿੰਮਤਾਂ ਨਾ ਹਾਰੀਆਂ।

ਜੋ ਸਿੱਖਿਆ ਮਿਲੀ ਅਤੇ ਅਸਾਂ ਨੇ ਸਿੱਖਿਆ,
ਉਹ ਸੇਧਾਂ ਨੇ ਸਾਰੀਆਂ।
ਸ਼ਰਧਾ ਵੀ ਰੱਖੀਏ ਕਿੰਤੂ ਵੀ ਕਰੀਏ,
ਨਿਰੀ ਸ਼ਰਧਾ ਨੇ ਕੌਮਾਂ ਮਾਰੀਆਂ।

ਮਸਜਿਦ ਮੰਦਰ ਤੇ ਗੁਰਦੁਆਰੇ,
ਸਾਨੂੰ ਲੱਗਣ ਪਿਆਰੇ ਸਾਰੇ ਦੇ ਸਾਰੇ।
ਇਹ ਤਵਾਰੀਖ ਦੇ ਪੰਨੇ ਨੇ ਸਾਰੇ,
ਇਹਨਾਂ ਗੁੰਝਲਾਂ ਵੀ ਪਾਈਆਂ ਭਾਰੀਆਂ।

ਕਈਆਂ ਨੂੰ ਇਹਨਾਂ ਨੇ ਜ਼ਹਿਰਾਂ ਪਿਆਈਆਂ,
ਕਈਆਂ ਦੀਆਂ ਪੁੱਠੀਆਂ ਖੱਲਾਂ ਲੁਹਾਈਏ।
ਕਈਆਂ ਦੇ ਬੰਦ ਬੰਦ ਕਟਵਾਏ,
ਕਿੰਨੇ ਹੀ ਸਾੜੇ ਗਏ ਮਾਵਾਂ ਦੇ ਜਾਏ।

ਇਹ ਧਰਮ ਅਸਥਾਨ ਤੇ ਡੇਰਿਆਂ ਦੀ ਕਾਂਗ,
ਅੰਧ-ਵਿਸ਼ਵਾਸ਼ੀ ਦੇ ਬਣ ਗਏ ਅਖਾੜੇ।
ਸਾਨੂੰ ਕੁਲੀ ਗੁਲੀ ਜੁਲੀ ਦੇ ਸੰਸੇ,
ਏਥੇ ਵੇਹਲੜ ਖਾਂਦੇ ਸਾਰੇ ਦੇ ਸਾਰੇ।
*********





ਆਇਆ ਬੁਢਾਪਾ ਗਈ ਜਵਾਨੀ

ਆਇਆ ਬੁਢਾਪਾ ਗਈ ਜਵਾਨੀ,
ਸਮਾਂ ਕਦੀ ਨਾ ਮੁੜ ਕੇ ਆਵੇ।
ਗਈ ਜਵਾਨੀ ਆਇਆ ਬੁਢਾਪਾ,
ਬੁਢਾਪਾ ਸਦਾ ਲਈ ਸਤਾਵੇ।

ਕਰੇ ਬੁਢਾਪਾ ਲੱਖ ਕੋਸ਼ਿਸ਼ਾਂ,
ਜਵਾਨੀ ਦੇ ਮੇਚ ਨਾ ਆਵੇ।
ਮੱਲ਼ੇ ਬੁੱਢਾ ਖੁਸ਼ਬੂ ਤੇ ਮਲੇ ਮਿਟੀ ਜਵਾਨ,
ਜਵਾਨੀ ਬੁਢੇ ਦੇ ਨੇੜੇ ਨਾ ਜਾਵੇ।

ਹਾਣ ਨੂੰ ਹਾਣ ਪਿਆਰਾ ਹੁੰਦਾ,
ਮਿੱਟੀ ਭਰੀ ਜਵਾਨੀ ਚੰਗੀ।
ਖੁਸ਼ਬੂ ਬੁੱਢੇ ਦੀ ਖਿੱਚ ਨਾ ਪਾਵੇ,
ਨਾ ਹੀ ਦੌਲਤ ਉਸਦੀ ਭਾਵੇ।

ਜੇ ਜਿੰਦ ਪਿਆਰੀ ਬੁਢੇ ਨੂੰ,
ਜਵਾਨੀ ਨਾਲ ਨਾ ਖੇਡ ਰਚਾਵੇ।
ਜਵਾਨ ਵਿਆਹੇ ਜੇਕਰ ਬੁਢੀ,
ਮੁੜ ਮੁੜ ਕੇ ਵਿਆਹ ਕਰਵਾਵੇ।

ਗੱਲ ਮੰਨੇ ਜਵਾਨੀ ਬੁਢਾਪੇ ਦੀ,
ਠੁੱਡੇ ਕਦੀ ਨਾ ਖਾਵੇ।
ਬੁਢਾਪਾ ਜਵਾਨੀ ਦੀ ਸੁਣੇ ਜੇ,
ਸਮੇਂ ਸਿਰ ਏਥੋਂ ਚਲਿਆ ਜਾਵੇ।

ਪੁੱਤ ਬੁਢੇ ਦਾ ਕਰੇ ਅਰਦਾਸਾਂ,
ਕਿ ਬੁੱਢਾ ਜੱਗ ਤੋਂ ਜਾਵੇ।
ਪਰ ਬੁੱਢਾ ਪਿਓ ਨਿੱਤ ਖੈਰ ਮਨਾਵੇ,
ਕਿ ਪੁੱਤਰ ਜਿੰਦ ਹੰਢਾਵੇ।

ਗਰਜ਼ਾਂ ਭਰੇ ਨੇ ਰਿਸ਼ਤੇ ਸਾਡੇ,
ਕੌਣ ਬੁਢੇ ਦਾ ਬੋਝ ਉਠਾਵੇ।
ਉਧਰ ਬੁੱਢਾ ਨਿੱਤ ਲੋਚਦਾ,
ਕਿ ਪੁੱਤਰ ਸੇਵ ਕਮਾਵੇ।

ਬੁਢਾਪੇ ਨੇ ਤਾਂ ਆ ਹੀ ਜਾਣਾ,
ਜਵਾਨੀ ਖੈਰ ਮਨਾਵੇ।
ਜਵਾਨੀ ਭਲਾ ਜੇ ਆਪਣਾ ਲੋਚੇ,
ਤਾਂ ਬੁਢੇ ਦੀ ਸੇਵ ਕਮਾਵੇ।

ਜੋ ਅੱਜ ਜਵਾਨ ਕੱਲ੍ਹ ਨੂੰ ਬੁਢਾ,
ਮਾਰੇ ਠੁੱਡਾ ਠੇਡੇ ਖਾਵੇ।
ਵਾਰੀ ਆਪਣੀ ਨਾ ਭੁਲਾਵੇ,
ਮਾਂ ਬਾਪ ਦੀ ਸੇਵ ਕਮਾਵੇ।
*********

















ਇੱਕ ਝੂਠ ਨਿਰਾ ਹੀ ਝੂਠ ਹੁੰਦਾ, ਜੋ ਕੁਰਾਹੇ ਪਾਵੇ

ਇੱਕ ਝੂਠ ਨਿਰਾ ਹੀ ਝੂਠ ਹੁੰਦਾ, ਜੋ ਕੁਰਾਹੇ ਪਾਵੇ,
ਇੱਕ ਝੂਠ ਵਧਿਆ ਸੱਚ ਤੋਂ।
ਜੋ ਫਸਾਦ ਮਿਟਾਵੇ,
ਇੱਕ ਸੱਚ ਬੁਰਾ ਹੈ ਝੂਠ ਤੋਂ,
ਮੰਦ ਭਾਵਨਾ ਨਾਲ, ਜੋ ਬੋਲਿਆ ਜਾਵੇ।

ਬਿਨ ਕੀਤਿਆਂ ਘਰ ਬਹਿ ਜਾਈਏ,
ਪਰ ਭੈੜੀ ਕਾਰ ਨਾ ਕੋਈ ਕਮਾਈਏ।
ਜੋ ਕਰੀਏ ਭਲੇ ਲਈ ਕਰੀਏ,
ਆਪਣਾ ਜਨਮ ਸਫਲਾ ਕਰ ਜਾਈਏ।

ਸਿਆਣਾ ਬੰਦਾ ਨਿਰਬਲ ਹੋ ਜਾਵੇ,
ਫਿਰ ਵੀ ਸਿੱਧੇ ਰਾਹ ਪਾਵੇ।
ਜੇ ਹੋਵੇ ਮੂਰਖ ਸ਼ਕਤੀਸ਼ਾਲੀ,
ਦੁਨੀਆਂ ਦੇ ਵਿਚ ਦੁੱਖ ਵਧਾਵੇ।

ਬੁਰਾਈ ਕਿਧਰੇ ਜੇ ਉਤਪੰਨ ਹੋਵੇ,
ਉਸ ਨੂੰ ਜੜੋਂ ਪੁੱਟ ਵਗਾਹਈਏ।
ਗੱਲ ਚੰਗੇਰੀ ਜੋ ਕਰੇ,
ਉਸਦੀ ਗੱਲ ਪੁਗਾਈਏ।

ਚੰਗਾ ਮੰਦਾ ਇਸ ਦੁਨੀਆਂ ਵਿਚ,
ਹੁੰਦਾ ਰਹਿੰਦਾ ਭਾਈ।
ਮੰਦਾ ਕਰੀਏ ਜੱਗ ਸਤਾਈਏ,
ਕਰੀਏ ਚੰਗਾ ਸੁੱਖ ਦੇ ਜਾਈਏ।
*********




ਅਸੀਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ
ਅਸੀਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ 
ਅਤੇ ਗੁਰੂਆਂ ਦੀ ਰਟ ਲਾਈ ਹੈ।
ਉਹਨਾਂ ਪਿਆਰ ਮੁਹੱਬਤ ਦੀ ਸੇਧ ਜੋ ਦਿੱਤੀ,
ਅਸੀਂ ਖਾਕੂ ਵਾਂਙ ਉਡਾਈ ਹੈ।

ਲੁੱਟ ਲੁੱਟ ਖਾ ਲਈ ਦੌਲਤ ਸਾਡੀ,
ਸਰਮਾਏਦਾਰੀ ਨਿਜ਼ਾਮ ਨੇ।
ਕੁਲੀ ਗੁਲੀ ਜੁਲੀ ਦੇ ਮਸਲੇ,
ਆਮ ਲੋਕਾਂ ਲਈ ਆਮ ਨੇ।

ਕਾਣੀ ਵੰਡ ਸਭ ਕਾਸੇ ਦੀ,
ਏਥੇ ਸਭ ਕੁਝ ਹੀ ਉਲਾਰ ਹੈ।
ਵਿਹਲੜ ਜਵਾਨੀ ਰੁਲਦੀ ਫਿਰਦੀ,
ਸਾਰਾ ਸਿਸਟਮ ਹੀ ਬੀਮਾਰ ਹੈ।

ਹਰ ਬੱਚਾ ਹੀ ਬੁੱਧੀਮਾਨ ਹੈ,
ਜੰਮਦਾ ਹੀ ਇਨਸਾਨ ਹੈ।
ਪਰ ਕੋਈ ਕਿਉਂ ਆਖੇ ਇਹ ਹਿੰਦੂ ਹੈ,
ਸਿੱਖ ਹੈ ਇਸਾਈ ਹੈ ਮੁਸਲਮਾਨ ਹੈ।

ਇਨਸਾਨੀ ਹੱਕ ਨਾ ਯਾਦ ਕਿਸੇ ਨੂੰ,
ਕੋਈ ਕਰੇ ਕੀ ਫਰਿਆਦ ਕਿਸੇ ਨੂੰ।
ਏਥੇ ਬੰਦਾ ਬੰਦਾ ਹੀ ਨਾਹੀ,
ਕਾਫ਼ਰ ਹੈ ਜਾਂ ਦੀਨਦਾਰ ਹੈ

ਏਥੇ ਹਿੰਦੂ ਸਿੱਖ ਈਸਾਈ ਯਹੂਦੀ,
ਜੈਨੀ, ਬੋਧੀ ਤੇ ਮੁਸਲਾਮਨ।
ਕਿਥੋਂ ਲਿਆਈਏ ਜੱਗ 'ਚੋਂ ਲੱਭ ਕੇ,
ਹੋਵੇ ਜੋ ਇਨਸਾਨ।
*********
ਅਣਜਾਣਪੁਣੇ ਵਿਚ ਭਟਕਿਆ ਬੰਦਾ

ਅਣਜਾਣਪੁਣੇ ਵਿਚ ਭਟਕਿਆ ਬੰਦਾ,
ਮੁੜ ਮੰਜ਼ਲ ਵੱਲ ਆ ਜਾਂਦਾ ਹੈ।
ਪਰ ਸੁਗੜ ਸਿਆਣਾ ਬਣੇ ਕੁਰਾਹੀਆ,
ਉਹ ਜਿੰਦ ਭਰ ਲਈ ਭਰਮਾ ਜਾਂਦਾ ਹੈ।

ਬੇਸਮਝੇ ਨੂੰ ਸਮਝ ਕੋਈ ਦੇਵੇ,
ਉਹ ਸਿੱਧੇ ਰਾਹੇ ਪੈ ਜਾਂਦਾ ਹੈ।
ਜੇ ਅਕਲਮੰਦ ਨੂੰ ਕੋਈ ਸਮਝਾਵੇ,
ਉਹ ਗੁੱਸੇ ਵਿਚ ਆ ਜਾਂਦਾ ਹੈ।

ਜਦ ਸਾਡੇ ਹੀ ਗੁਣ ਅਬਗੁਣ ਬਣਦੇ,
ਅਕਲ ਤੇ ਪਰਦਾ ਪੈ ਜਾਂਦਾ ਹੈ।
ਕੋਈ ਇਕ ਅਬਗੁਣ ਸਾਡਾ, ਸਾਨੂੰ,
ਤਬਾਹੀ ਦੇ ਕੰਢੇ ਲੈ ਜਾਂਦਾ ਹੈ।

ਤੇਰੀ ਦੌਲਤ ਤੇ ਨਿਗਾਹ ਕਿਸੇ ਦੀ
ਜਦ ਕੋਈ ਵਲੇਟਾ ਪਾਉਂਦੀ ਹੈ।
ਆਪਣੀ ਸੁੱਚੀ ਜਵਾਨੀ ਦੇ,
ਉਹ ਗੀਤ ਤੇਰੇ ਕੋਲ ਗਾਉਂਦੀ ਹੈ।

ਸਾਂਭ ਕੇ ਰੱਖ ਬੁਢਾਪਾ ਆਪਣਾ,
ਜੋ ਅਜੇ ਤੂੰ ਸਾਰਾ ਤੱਕਿਆ ਨਾ।
ਕੀ ਜ਼ਰ ਜ਼ੋਰੋ ਜ਼ਮੀਨ ਤੋਂ ਲੈਣਾ,
ਕੀ ਅਜੇ ਵੀ ਤੂੰ ਅਕਿਆ ਨਾ।
*********





ਜਿਉਂ ਜਿਉਂ ਸਮਾਂ ਬੀਤਦਾ ਜਾਵੇ

ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਸਾਡਾ ਅਨੁਭਵ ਸਾਨੂੰ ਸਿਖਾ ਜਾਂਦਾ ਹੈ।
ਪਰ ਜੇਕਰ ਸੋਚ ਨਾ ਸਾਡੀ ਬਦਲੇ,
ਬੁਢਾਪਾ ਛੇਤੀ ਆ ਜਾਂਦਾ ਹੈ।

ਜੇਕਰ ਮਿਸ਼ਨ ਕੋਈ ਸਾਡੀ ਜਿੰਦ ਦਾ,
ਅਜੇ ਅਧੂਰਾ ਰਹਿ ਜਾਂਦਾ ਹੈ।
ਜਾਵੇ ਜਵਾਨੀ ਆਵੇ ਬੁਢਾਪਾ,
ਪਰ ਜੋਸ਼ ਪੂਰਾ ਹੀ ਰਹਿ ਜਾਂਦਾ ਹੈ।

ਮਿਸ਼ਨ ਦੀ ਲਗਨ ਗਰਮਾਉਂਦੀ ਸਾਨੂੰ,
ਕੋਈ ਔਖ ਨਾ ਕਦੀ ਡਰਾਉਂਦੀ ਸਾਨੂੰ।
ਡਿਕਡੋਲੇ ਖਾਈਏ ਗਿਰਦੇ ਜਾਈਏ,
ਪਰ ਮਿਸ਼ਨ ਅਧੂਰਾ ਛੱਡ ਕੇ ਨਾ ਜਾਈਏ।
*********
















ਘਾਟ ਵੱਡੀ ਧੀ ਪੁੱਤਾਂ ਦੀ ਕਿ ਆਖੀ ਨਾ ਮੰਨਣ ਬਾਤ

ਘਾਟ ਵੱਡੀ ਧੀ ਪੁੱਤਾਂ ਦੀ ਕਿ ਆਖੀ ਨਾ ਮੰਨਣ ਬਾਤ,
ਪ੍ਰਤਿਭਾ ਦੀ ਕਮੀ ਹੈ ਕਰਨ ਤਜਰਬੇ ਆਪ।
ਅਨੁਭਵ ਮਾਂ ਬਾਪ ਦਾ ਨਾ ਲੱਗੇ ਉਹਨਾਂ ਨੂੰ ਸਾਫ,
ਭਟਕਦੇ ਫਿਰਨ ਜੀਵਨ ਵਿਚ ਪਰ ਮੰਨਣ ਨਾ ਕੋਈ ਬਾਤ।

ਪਿਤਾ ਗਿਆ ਪਿਤਾਮਾ ਗਿਆ ਟੁਰਦਾ ਗਿਆ ਜਹਾਨ,
ਢੇਰ ਇਕੱਠੇ ਕਰਨ ਦਾ ਮੁੱਕਦਾ ਨਹੀਂ ਰੁਝਾਨ।
ਪੰਜ ਅਬਗੁਣਾਂ ਦਾ ਪੋਟਲਾ ਕੀ ਕਰੇ ਇਨਸਾਨ,
ਸਰਬ-ਵਿਆਪੀ ਸਤਿ ਦਾ ਹੋ ਨਾ ਸਕੇ ਗਿਆਨ।

ਡਰਦੇ ਫਿਰੀਏ ਮੌਤ ਤੋਂ ਮੁਕਾ ਜ਼ਿੰਦਗੀ ਦੀ ਆਸ,
ਬੁਢੜੇ ਸੌ ਸੌ ਸਾਲ ਦੇ ਜਿਊਣ ਲਈ ਕਰਨ ਅਰਦਾਸ।
ਸਰਬੱਤ ਭਲੇ ਲਈ ਜੀਵਿਆ ਜੀਵਨ ਆਵੇ ਰਾਸ,
ਫਿਰ ਕੋਈ ਪਰਵਾਹ ਨਾ ਮੌਤ ਦੀ, ਚਾਹੇ ਆ ਜਾਵੇ ਪਰਭਾਤ।

ਘਾਲ ਖਾਈਏ ਕੁਝ ਹੱਥੋਂ ਦੇਈਏ, ਦਇਆ ਦਾਨ ਪਰਵਾਨ,
ਰਾਮ ਰਹੀਮ ਮੌਲਾ ਕਰੀਮ ਪਰਮ ਸੱਤਾ ਦੇ ਨਾਮ।
ਸਦਜੀਵੀ ਅਬਨਾਸ਼ੀ ਹੈ ਉਹ ਸਰਵ-ਵਿਆਪੀ ਧਾਮ,
ਕੋਈ ਨਾ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ।

ਰੱਬੀ ਰਾਹ, ਰਾਹ ਨੇਕੀ ਦਾ ਕਿਉਂ ਰਾਹ ਕਰੀਏ ਬਦਨਾਮ।
ਕਲਪਤ ਰੱਬ ਨੇ ਪਾ ਦਿੱਤਾ ਦੁਨੀਆਂ ਵਿਚ ਘਸਮਾਣ।
ਬਦੀ ਦਾ ਰਾਹ ਜੋ ਅਪਣਾਵੇ ਬਣ ਜਾਵੇ ਸ਼ੈਤਾਨ,
ਜੋ ਬਣੇ ਫਸਾਦੀ ਜੱਗ ਵਿਚ ਉਹਨੂੰ ਰੱਬ ਦੀ ਨਹੀਂ ਪਹਿਚਾਣ।
*********





ਹਾਕਮ ਵੱਡਾ ਬਲਵਾਨ ਨਾਲੋਂ

ਹਾਕਮ ਵੱਡਾ ਵਿਦਵਾਨ ਨਾਲੋਂ,
ਉਹ ਆਪਣਾ ਹੁਕਮ ਚਲਾਵੇ।
ਪਰ ਇੱਕ ਦਿਨ ਐਸਾ ਆਵਸੀ,
ਕਿ ਢਹਿ ਢੇਰੀ ਹੋ ਜਾਵੇ।

ਵਿਦਵਾਨ ਵੱਡਾ ਹਾਕਮ ਨਾਲੋਂ,
ਕਿ ਜਿਥੇ ਜਾਵੇ ਇੱਜਤ ਪਾਵੇ।
ਵਿਦਿਆ ਉਸਦੇ ਸੰਗ ਸੰਗ ਰਹਿੰਦੀ,
ਉਹ ਇੱਕ ਤੋਂ ਦੋ ਬਣ ਜਾਵੇ।

ਹਾਕਮ ਹਓਮੈਂ ਦੇ ਵਿਚ ਆਵੇ,
ਕਦੀ ਕਿਸੇ ਦੇ ਕੰਮ ਆ ਜਾਵੇ।
ਕਦੀ ਕਿਸੇ ਨੂੰ ਬਹੁਤ ਸਤਾਵੇ,
ਵਿਦਵਾਨ ਸਦਾ ਹੀ ਸੁੱਖ ਪੁਚਾਵੇ।
*********















ਦਇਆ ਦਰਵੇਸ ਤੇ ਕਰੀਏ

ਦਇਆ ਦਰਵੇਸ ਤੇ ਕਰੀਏ,
ਦੁੱੱਖ ਕੀੜੀ ਨੂੰ ਦੇਣ ਤੋਂ ਡਰੀਏ।
ਸਖਤ ਹੁਕਮ ਨਾ ਨੌਕਰ ਨੂੰ ਕਰੀਏ,
ਸਮੇਂ ਦੀ ਕਰੋਪੀ ਤੋਂ ਡਰੀਏ।

ਨੈਣ ਪੁਰਾਣ ਜੇ ਸਾਬਤ ਸਾਡੇ,
ਹਿੰਮਤ ਕਰਕੇ ਕਮਾਉਂਦੇ ਜਾਈਏ।
ਟੱਬਰ ਪਾਲੀਏ ਆਪੋਂ ਵੀ ਖਾਈਏ,
ਲੋੜਵੰਦਾਂ ਦੇ ਕੰਮ ਆ ਜਾਈਏ।

ਆਪਣਾ ਭਾਰ ਨਾ ਲੱਦੀਏ ਕਿਸੇ 'ਤੇ,
ਆਪਣਾ ਤਾਣ ਵਧਾਉਂਦੇ ਜਾਈਏ।
ਭਾਰ ਕਿਸੇ ਦਾ ਚੁੱਕ ਸਕੀਏ ਜੇ,
ਉਸਦਾ ਬੋਝ ਘਟਾਉਂੇ ਜਾਈਏ।
*********















ਤੋਲ ਨਹੀਂ ਸਕਦੀ ਤਕੜੀ

ਤੋਲ ਨਹੀਂ ਸਕਦੀ ਤਕੜੀ,
ਆਪਣਾ ਭਾਰ।
ਬੁਝ ਨਹੀਂ ਸਕਦਾ ਬੰਦਾ,
ਆਪਣੇ ਗੁਣ ਔਗੁਣ ਸਾਰੇ।

ਬੇਖਬਰ ਨਾ ਰਹੀਏ ਕਦੀ ਵੀ,
ਆਪਣੇ ਆਪ ਤੋਂ ਪਿਆਰੇ।
ਸੰਝ ਸਵੇਰੇ ਚੀਨੀਏ ਆਪਾ,
ਗੁਣ ਔਗੁਣ ਪਰਖੀਏ ਸਾਰੇ।

ਜੇਕਰ ਕਰੇ ਕੋਈ ਅਲੋਚਨਾ ਸਾਡੀ,
ਉਸ ਨੂੰ ਸਦ-ਨਮਸ਼ਕਾਰੇ।
ਕਰਨ ਆਲੋਚਨਾ ਜੇ ਲੋਕ ਸਾਡੀ,
ਸਮਝੀਏ ਔਗੁਣ ਸਾਡੇ ਵਿਚ ਭਾਰੇ।

ਆਲੋਚਨਾ ਦੂਰ ਕਰੇ ਸਾਡਾ ਕੂੜ,
ਜਾਈਏ ਫਿਰ ਸਤਿਕਾਰੇ।
ਬਦੀ ਨੇੜੇ ਕਦੀ ਆਉਣ ਨਾ ਦੇਈਏ,
ਸਤਿਅਮ ਸ਼ਿਵਮ ਸੁੰਦਰਮ ਹਮਾਰੇ।

ਬਦੀ ਤੇ ਨੇਕੀ ਸਾਡੇ ਆਪੇ ਦੇ ਪਲੜੇ,
ਹੁੰਦੇ ਜਾਂਦੇ ਹਲਕੇ ਤੇ ਭਾਰੇ।
ਜੇ ਬਦੀ ਦਾ ਪਾਸਾ ਖਾਲੀ ਹੋ ਜਾਵੇ,
ਨਿਰਾ ਸੱਚ ਫਿਰ ਝਲਕਾਂ ਮਾਰੇ।
*********





ਸੇਂਟ ਫਰਾਂਸਿਸ ਬੰਦਾ ਕਮਾਲ ਦਾ

ਸੇਂਟ ਫਰਾਂਸਿਸ ਬੰਦਾ ਕਮਾਲ ਦਾ,
ਗਿਰਜ਼ੇ ਘਰ ਜਾ ਕੇ ਸੀ ਰੱਬ ਨੂੰ ਭਾਲਦਾ।
ਆਵਾਜ਼ ਆਈ ਪ੍ਰੇਮੀਆ ਗਿਰਜ਼ਾ ਮੇਰਾ ਢਠ ਗਿਆ,
ਕਰ ਪਰਬੰਧ ਪਿਆਰਿਆ ਕਰ ਸਕੇਂਗਾ ਜੇ ਡਟ ਗਿਆ।

ਘਰ ਆਇਆ ਇੱਕ ਸਾਧੂ ਨੂੰ ਧੰਨ ਕੀਤਾ ਕੁਝ ਦਾਨ,
ਬਾਪ ਨੇ ਉਹ ਸਾਧ ਪਕੜ ਕੇ ਵਸੂਲ ਕਰ ਲਏ ਦਾਮ।
ਸਾਰੇ ਆਸੀਸੀ ਪਿੰਡ ਵਿਚ ਉਹਦਾ ਬਾਪ ਹੋਇਆ ਬਦਨਾਮ,
ਫਰਾਂਸਿਸ ਇਹ ਕੁਝ ਜ਼ਰ ਨਾ ਸਕਿਆ ਆ ਕੀਤੀ ਪਰਨਾਮ।

ਕੱਪੜੇ ਲਾਹੇ ਜੁੱਤੀ ਲਾਹੀ ਮੋੜਿਆ ਸਭ ਸਮਾਨ,
ਕੰਬਲੀ ਦੀ ਬੁੱਕਲ ਮਾਰ ਕੇ ਨੰਗੇ ਪੈਰੀਂ ਟੁਰ ਪਿਆ।
ਚੋਰਾਂ ਨੇ ਰਾਹ ਵਿਚ ਕੀਤਾ  ਉਸਨੂੰ ਬਹੁਤ ਹੈਰਾਨ,
ਪਰ ਯਾਦ ਸੀ ਉਸਨੂੰ ਅਲਾਹ ਦਾ ਐਲਾਨ।

ਚਰਚ ਬਣਾਇਆ ਉਸਨੇ ਪੂਰਾ ਕੀਤਾ ਪੈਗਾਮ,
ਬਾਹਰਵੀਂ ਤੇ ਤੇਹਰਵੀਂ ਸਦੀ ਦਾ ਇਹ ਸੰਤ ਬੜਾ ਮਹਾਨ।
ਅਸੀਸੀ ਪਿੰਡ ਉਸਦਾ ਵਧ ਗਈ ਉਸਦੀ ਸ਼ਾਨ,
ਕਰਨ ਯਾਤਰਾ ਜਾ ਕੇ ਲੋਕ ਲੈਂਦੇ ਉਸਦਾ ਨਾਮ।
*********









ਰੋਜ਼ਾ ਲਕਸ਼ਮਬਰਗ ਤੋਂ ਗੋਦ ਲਿਆ ਗਿਆ ਗੀਤ
''ਸ਼ਹਿਨਸ਼ਾਹ ਵਿਲੀਅਮ ਨੂੰ ਸੁਨੇਹਾ'' ਜੰਗ ਦੇ ਖਿਲਾਫ

ਹੇ ਪੱਛਮ ਦੇਸ਼ ਦੇ ਵਾਸੀਓ,
ਮਹਾਂ ਬਲੀ ਰਾਜ ਧੀਰਾਜ।
ਆਵੋ ਸ਼ਹਿਰ ਵਾਰਸਾ ਅੰਦਰ,
ਮੈਂ ਵੀ ਤੁਹਾਨੂੰ ਦੇਖਾਂ ਆਜ।

ਨਾ ਮੈਂ ਤੁਹਾਡੀ ਵੜਾਂ ਕਚਹਿਰੀ,
ਨਾ ਚਾਹਾਂ ਕੁਝ ਤੁਹਾਥੋਂ ਮਾਨ।
ਨਾ ਮੇਰੇ ਕੁਝ ਮਨ ਨੂੰ ਪੋਂਹਦੇ,
ਸ਼ਾਹੀ ਫੌਜਾਂ ਤੇ ਸਾਜ ਸਮਾਨ।

ਬਿਸਮਾਰਕ ਜੋ ਮੁੱਖ ਮੰਤਰੀ,
ਤੁਸੀਂ ਬਣਾਇਆ ਮਹਾਂ ਮਸ਼ੀਰ।
ਉਸਦੇ ਕੌਤਕ ਕਾਰੇ ਤੱਕ ਕੇ,
ਮੇਰੇ ਮਨ ਨਾ ਬੱਝਦੀ ਧੀਰ।

ਉਸਨੂੰ ਆਖੋ ਸ਼ਹਿਨਸ਼ਾਹ ਵਿਲੀਅਮ,
ਯੁੱਧ ਜੰਗ ਤੇ ਹਾਹਾਕਾਰ।
ਬੰਦ ਕਰੇ ਦੁਨੀਆਂ ਦੇ ਉੱਤੋਂ,
ਇੰਝ ਕਰੋ ਕੁਝ ਪਰਉਪਕਾਰ।
*********
(ਜਦੋਂ ਰੋਜ਼ਾ ਨੂੰ ਵਾਰਸਾ ਦੇ ਬੰਦੀਖਾਨੇ ਵਿਚ ਕੈਦ ਕਰ ਦਿੱਤਾ ਗਿਆ। ਉਸਨੇ ਭੁੱਖ ਹੜਤਾਲ ਕਰ ਦਿੱਤੀ। ਪੰਜ ਛੇ ਦਿਨਾਂ ਪਿੱਛੋਂ ਉਸਦਾ ਭਰਾ ਉਸਨੂੰ ਜੇਲ੍ਹਖਾਨੇ ਵਿਚ ਮਿਲਣ ਗਿਆ। ਦਸਤੂਰ ਮੁਤਾਬਕ ਰੋਜ਼ਾ ਨੂੰ ਪਿੰਜਰੇ ਵਿਚ ਪਾ ਕੇ ਕਿਲੇ ਅੰਦਰੋਂ ਚੌਕ ਵਿਚ ਲਿਆਂਦਾ ਗਿਆ। ਉਹ ਭੁੱਖ ਦੇ ਕਾਰਨ ਏਨੀ ਕਮਜ਼ੋਰ ਹੋ ਗਈ ਸੀ ਕਿ ਉਸ ਲਈ ਪਿੰਜਰੇ ਵਿਚ ਖੜ੍ਹਾ ਹੋਣਾ ਅਸੰਭਵ ਸੀ। ਰੋਜ਼ਾ ਇਹ ਨਹੀਂ ਚਾਹੁੰਦੀ ਸੀ ਕਿ ਉਸਦਾ ਭਰਾ ਉਸਦੀ ਇਸ ਕਮਜ਼ੋਰੀ ਨੂੰ ਦੇਖੇ। ਰੋਜ਼ਾ ਨੇ ਬੜੇ ਹੌਸਲੇ ਨਾਲ ਪਿੰਜਰੇ ਦੀਆਂ ਸਲਾਖਾਂ ਨੂੰ ਘੁੱਟ ਕੇ ਫੜ ਲਿਆ ਤੇ ਹੱਸ ਕੇ ਆਪਣੇ ਭਰਾ ਨੂੰ ਆਖਿਆ, ''ਕਿਉਂ ਵੀਰ ਤੈਨੂੰ ਉਹ ਦਿਨ ਯਾਦ ਨਹੀਂ ਆਉਂਦੇ ਜਦੋਂ ਅਸੀਂ ਚਿੜੀਆ ਘਰ ਜਾਇਆ ਕਰਦੇ ਸਾਂ- ਉਦੋਂ ਜਾਨਵਰ ਮੇਰੇ ਵਾਂਗ ਪਿੰਜਰੇ ਵਿਚ ਬੰਦ ਹੁੰਦੇ ਸਨ।'' ਇਤਨੇ ਹੌਸਲੇ ਵਾਲੀ ਤੇ ਧੀਰਜ ਵਾਲੀ ਰੋਜ਼ਾ ਲਕਸ਼ਮਬਰਗ ਸੀ।
ਮਾਲ ਖਜ਼ਾਨੇ ਭਰੇ ਪਏ ਨੇ

ਮਾਲ ਖਜ਼ਾਨੇ ਭਰੇ ਪਏ ਨੇ,
ਅਕਲ ਨਾ ਨੇੜੇ ਤੇੜੇ।
ਭੁੱਖਿਆਂ ਭੁੱਖ ਨਾ ਉੱਤਰੇ,
ਰੱਜ ਨਾ ਜਾਨਣ ਜਿਹੜੇ।

ਵਰ੍ਹਿਆਂ ਬੱਧੀ ਜੀਵਣਾ,
ਬੇਅਕਲਾਂ ਦੇ ਵੇਹੜੇ।
ਭੋਰਾ ਭਰ ਜੇ ਨਹੀਂ ਸਿਆਣਪ,
ਉਮਰਾਂ ਦੇ ਕੀ ਝੇੜੇ।

ਭਾਈਚਾਰੇ ਵਿਚ ਸਾਂਝ ਵਧਾਈਏ,
ਹਰ ਕਿਸੇ ਦੇ ਕੰਮ ਆ ਜਾਈਏ।
ਆਵੇ ਸੰਕਟ ਨਾ ਘਬਰਾਈਏ,
ਤੁਹਾਡੇ ਸਭ ਲੱਗਣਗੇ ਨੇੜੇ।

ਮਾੜੇ ਦਿਨੀਂ ਕੰਮ ਮਿੱਤਰਾਂ ਦੇ ਆਈਏ,
ਸ਼ਾਨ ਸਾਡੀ ਵÎਧ ਜਾਵੇ।
ਰੱਜੇ ਪੁੱਜੇ ਮਿੱਤਰ ਦੇ ਘਰ,
ਹਰ ਕੋਈ ਖਬਰਾਂ ਲੈਣ ਆਵੇ।

ਲੋੜਵੰਦ ਚਾਹੇ ਔਗੁਣ ਹਾਰਾ,
ਲੋੜਵੰਦ ਚਾਹੇ ਹੋਵੇ ਨਿਕਾਰਾ।
ਲੋੜ ਉਸਦੀ ਪੂਰੀਏ,
ਫਿਰ ਆਪੋਂ ਕਦੀ ਨਾ ਝੁਰੀਏ।

ਖਜ਼ਾਨਿਆਂ ਵਾਲੇ ਮਰ ਜਾਂਦੇ ਨੇ,
ਪਰ ਜਿਊਂਦੇ ਰਹਿਣ ਗਰੀਬ।
ਨੇਕ ਬੰਦੇ ਜਦ ਨੇਕੀ ਕਰਦੇ,
ਬਣ ਜਾਂਦੇ ਅਮੀਰ।
*********
ਕੁਝ ਅਜਿਹੇ ਮਸਲੇ ਪੈ ਜਾਂਦੇ ਨੇ

ਕੁਝ ਅਜਿਹੇ ਮਸਲੇ ਪੈ ਜਾਂਦੇ ਨੇ,
ਕਿ ਜਿੰਦ ਸਾਡੀ ਘਬਰਾ ਜਾਵੇ।
ਵੱਟੀਏ ਟੇਢ ਇਹਨਾਂ ਦੇ ਕੋਲੋਂ,
ਕਿ ਮੁਸ਼ਕਲ ਦੂਰ ਦੀ ਲੰਘ ਜਾਵੇ।

ਜਿਵੇਂ ਖਤਰਾ ਆਵੇ ਸ਼ੁਤਰਮੁਰਗ ਨੂੰ,
ਸਿਰ ਰੇਤ ਵਿਚ ਛਪਾ ਲੈਂਦਾ ਹੈ।
ਉਸਨੂੰ ਲੱਗੇ ਬਾਹਰ ਕੁਝ ਨਾ,
ਜਦੋਂ ਆਪੋਂ ਉਹ ਕੁਝ ਤੱਕ ਨਾ ਪਾਵੇ।

ਅਸੀਂ ਵੀ ਧੋਖਾ ਆਪੇ ਖਾਈਏ,
ਆਈ ਮੁਸ਼ਕਲ ਤੋਂ ਲੜ ਛੁਡਾਈਏ।
ਅਚੇਤ ਮਨ ਵਿਚ ਉੱਠੇ ਮਸਲੇ,
ਸੁਚੇਤ ਮਨ ਉਹਨਾਂ ਨੂੰ ਭੁਲਾਵੇ।

ਜੀਵਨ ਭਰ ਦੇ ਔਖੇ ਮਸਲੇ,
ਅਚੇਤ ਮਨ ਜੋ ਰੱਖੇ ਦਬਾ ਕੇ।
ਅਗਾਓਂ ਚਿੰਤਾ ਨਾ ਲਗੇ ਸਾਨੂੰ,
ਇਸ ਲਈ ਸਾਨੂੰ ਰੱਖੇ ਬਚਾ ਕੇ।

ਕਰੇ ਕੁਦਰਤ ਬਹੁਤ ਹਮਦਰਦੀ,
ਕਿ ਕੁੱਲ੍ਹ ਨੂੰ ਅੱਜ ਜ਼ਾਹਰ ਨਹੀਂ ਕਰਦੀ,
ਮਸਲੇ ਅੱਜ ਦੇ ਹੀ ਬਥੇਰੇ,
ਕੱਲ੍ਹ ਦਾ ਮਸਲਾ ਅੱਜ ਕਿਉਂ ਘੇਰੇ।
*********





ਮਾਂ ਬੱਚੇ ਦੇ ਜਨਮ ਸਮੇਂ

ਮਾਂ ਬੱਚੇ ਦੇ ਜਨਮ ਸਮੇਂ,
ਸੌਂ ਨਹੀਂ ਸਕਦੀ ਜਾਗਦੀ ਰਹਿੰਦੀ।
ਵਾਪਰੇ ਘਟਨਾ ਨਿੱਕ ਮੁਨੱਕੀ,
ਬ੍ਰਹਿਮੰਡ ਜਾਗੇ ਸਾਰਾ।

ਕੁਝ ਵੀ ਕਦੀ ਛਿਪ ਨਹੀਂ ਸਕਦਾ,
ਕੁਝ ਵੀ ਜਾਂਦਾ ਨਹੀਂ ਛੁਪਾਇਆ।
ਜਗਤ ਸਦਾ ਹੀ ਜਾਗਦਾ ਰਹਿੰਦਾ,
ਥਾਂ ਥਾਂ ਲੈਂਪ ਇਸਨੇ ਲਟਕਾਇਆ।

ਮਜ਼ਾਲ ਹੈ ਹੋਵੇ ਹਨੇਰਾ ਕਿਧਰੇ,
ਹਨੇਰੇ 'ਚੋਂ ਆਪਾ ਚਲਦਾ ਆਇਆ।
ਟਿਮਟਿਮਾਵੇ ਚਾਨਣ ਇਸਦਾ,
ਹਨੇਰੇ ਨੂੰ ਇਸਨੇ ਦੂਰ ਭਜਾਇਆ।

ਕੁਝ ਵੀ ਵਾਪਰੇ ਕਿਧਰੇ ਵਾਪਰੇ,
ਉਸਦਾ ਸਬੰਧ ਸਭ ਦੇ ਨਾਲ 
ਕੋਈ ਵੀ ਘਟਨਾ ਨਹੀਂ ਹੈ ਬਾਹਰੀ,
ਹਰ ਘਠਨਾ ਸੰਗ ਸਾਡੀ ਹਿੱਸੇਦਾਰੀ।

ਕਦੀ ਕਦਾਈਂ ਪਾਰਗਾਮੀ ਘਟਨਾ ਵਾਪਰ ਜਾਵੇ,
ਅਨੁਭਵ ਤੋਂ ਪਰੇ ਸੂਝ ਤੇ ਪਰੇ ਹੋ ਜਾਵੇ ਕਾਮਲ।
ਪਰ ਉਸਦਾ ਵੀ ਸਬੰਧ ਹੁੰਦਾ ਸਾਡੇ ਇਸ ਜਗਤ ਦੇ ਨਾਲ,
ਬ੍ਰਹਿਮੰਡ ਸਾਡਾ ਇੱਕ ਜਾਲ ਹੈ ਸਭ ਕੁੱਝ ਨਾਲੋ ਨਾਲ।
***********





ਸੱਚਾ ਮਿੱਤਰ ਵੱਧ ਭਰਾ ਤੋਂ

ਸੱਚਾ ਮਿੱਤਰ ਵੱਧ ਭਰਾ ਤੋਂ,
ਰੱਖਿਆ ਉਸਦੀ ਸਦਾ ਹੀ ਕਰੀਏ।
ਡੁੱਲ੍ਹੇ ਜਿਥੇ ਪਸੀਨਾ ਉਸਦਾ,
ਖੂਨ ਡੋਲ੍ਹਣ ਤੋਂ ਕਦੀ ਨਾ ਡਰੀਏ।

ਕਦੀ ਨਾ ਉਸਨੂੰ ਮਿੱਤਰ ਜਾਣੀਏ,
ਜੋ ਮੂੰਹ ਤੇ ਮਿੱਠੀਆਂ ਗੱਲਾਂ ਕਰਦਾ।
ਪਿੱਠ ਪਿੱਛੇ ਜੋ ਕਰੇ ਬੁਰਾਈ।
ਰਹੀਏ ਉਸ ਤੋਂ ਸਦਾ ਜੁਦਾ।

ਪਰਖੇ ਜਾਂਦੇ ਮਿੱਤਰ ਸਾਰੇ,
ਬਦਲ ਜਾਂਦੇ ਜਦ ਦਿਨ ਹਮਾਰੇ।
ਬੁਰੇ ਦਿਨਾਂ ਵਿਚ ਛੱਡ ਜਾਂਦੇ ਨੇ,
ਚੰਗੇ ਦਿਨੀਂ ਘੇਰਾ ਪਾਂਦੇ ਨੇ।

ਜਿਸ ਦੇ ਮਿੱਤਰ ਚੰਗੇ ਹੋਵਣ,
ਉਹ ਚੰਗਾ ਬਣ ਜਾਵੇ।
ਮਿੱਤਰਾਂ ਦਾ ਪਰਭਾਵ ਸਾਡੇ 'ਤੇ,
ਮਲੋ ਜ਼ੋਰੀ ਪੈ ਜਾਵੇ।

ਚੰਗਾ ਮਿੱਤਰ ਸੁੱਖ ਦਿੰਦਾ ਹੈ,
ਬੁਰਾ ਦੁਖੀ ਕਰ ਜਾਵੇ।
ਭੀੜ ਪਈ ਤੇ ਦੇਵੇ ਸਹਾਰਾ,
ਉਹ ਮਿੱਤਰ ਅਖਵਾਵੇ।

ਸੁੰਦਰ ਲੜਕੀ ਦੀ ਮਿੱਤਰਤਾ,
ਜੇ ਭਾਗੀਂ ਮਿਲ ਜਾਵੇ।
ਮਿੱਤਰ ਹੀ ਉਸਨੂੰ ਜਾਣੀਏ,
ਕੋਈ ਹੋਰ ਸਬੰਧ ਨਾ ਪਾਵੇ।

ਕੋਈ ਸਵਾਰਥ ਮਨ ਵਿਚ ਰੱਖ ਕੇ,
ਕਦੀ ਨਾ ਕਿਸੇ ਨੂੰ ਮਿੱਤਰ ਬਣਾਈਏ।
ਐਸੀ ਮਿੱਤਰਤਾ ਕਾਇਮ ਨਹੀਂ ਰਹਿੰਦੀ,
ਮੁੜ ਜਿੰਦ ਭਰ ਪਛਤਾਈਏ।
***********



























ਚੁੱਕਿਆਂ ਉੱਗਲ 'ਤੇ ਪਹਾੜ

ਚੁੱਕਿਆਂ ਉੱਗਲ 'ਤੇ ਪਹਾੜ,
ਕ੍ਰਿਸ਼ਨ ਗੋਵਰਧਨ ਧਾਰੀ ਬਣਿਆ।
ਪਰ ਤ੍ਰਿਆ ਜਾਲ ਵਿਚ ਫਸਿਆ,
ਫਿਰੇ ਕ੍ਰਿਸ਼ਨ ਮੁਰਾਰੀ ਬਣਿਆ।

ਸ਼ਕਤੀਸ਼ਾਲੀ ਭਗਵਾਨ ਤੋਂ,
ਕੁਲ ਦਾ ਬੋਝ ਉਠਾਵਣ ਵਾਲੀ।
ਆਨੰਦ ਦੀ ਪੀਂਘ ਚੜ੍ਹਾਵਣ ਵਾਲੀ,
ਬਣੇ ਕੁਲੱਛਣੀ ਫਿਰ ਕੋਈ ਨਾ ਬਾਲੀ।

ਜੇ ਔਰਤ ਨੂੰ ਪਿਆਰ ਕਰੇ ਨਾ,
ਜਾਂ ਔਰਤ ਦਾ ਪਿਆਰ ਮਿਲੇ ਨਾ।
ਜੇਕਰ ਮਿਸ਼ਨ ਨਾ ਕਿਸੇ ਦਾ ਕੋਈ,
ਬਿਨ ਔਰਤ ਉਹਦੀ ਗੱਤ ਨਾ ਹੋਈ।

ਰੂਪ ਕਰੂਪ ਨਾ ਦੇਖੀਏ,
ਵੰਸ ਉਹਦੀ ਪਛਾਣੀਏ,
ਖਾਨਦਾਨ ਜੇ ਚੰਗਾ ਉਹਦਾ,
ਉਹਦੇ ਗੁਣ ਔਗੁਣ ਨਾ ਜਾਣੀਏ।

ਬਲਦ ਲਾਣੇ ਦਾ ਚੰਗਾ ਹੁੰਦਾ,
ਔਰਤ ਘਰਾਣੇ ਦੀ ਗਹਿਣਾ।
ਨਹੀਂ ਘਰਾਣਾ ਚੰਗਾ ਜਿਸਦਾ,
ਉਸ ਔਰਤ ਤੋਂ ਕੀ ਲੈਣਾ।
*********





ਕੀਤੇ ਦਾ ਫਲ ਨਾ ਲੋਚੀਏ

ਕੀਤੇ ਦਾ ਫਲ ਨਾ ਲੋਚੀਏ,
ਕਈ ਵਾਰੀ ਕੁਝ ਕਰਨਾ ਪੈਂਦਾ।
ਫਲ ਨਾ ਜਿਸ ਦਾ ਪਾਈਏ,
ਪਰ ਆਪਣਾ ਫਰਜ਼ ਪੁਗਾਈਏ।

ਫਰਜ਼ ਨਾ ਜੇਕਰ ਕੋਈ ਪੁਗਾਵੇ,
ਜੱਗ ਵਿਚ ਔਖ ਵਧਾਵੇ।
ਅੱਜ ਅਸ਼ੀਂ ਕਿਸੇ ਲਈ ਕਰੀਏ,
ਕੱਲ੍ਹ ਸਾਡੇ ਲਈ ਕੋਈ ਹੋਰ ਕਰ ਜਾਵੇ।

ਇੱਕ ਦੂਜੇ ਲਈ ਅਸੀਂ ਬਣੇ ਹਾਂ,
ਕੁਝ ੁਕ ਨੂੰ ਅਸੀਂ ਜਾਣੀਏ,
ਬਾਕੀ ਸਭ ਅਣਜਾਣ,
ਅਣਜਾਣੇ ਲਈ ਵੀ ਕਰੀਏ,
ਆਪਣਾ ਫਰਜ਼ ਪਛਾਣ।
*********














ਨਾ ਕਿਧਰੇ ਕੋਈ ਦੇਵਤਾ

ਨਾ ਕਿਧਰੇ ਕੋਈ ਦੇਵਤਾ, 
ਨਾ ਕਿਧਰੇ ਕੋਈ ਸ਼ੈਤਾਨ ਹੈ।
ਇਨਸਾਨ ਹੀ ਹੈ ਦੇਵਤਾ,
ਇਨਸਾਨ ਹੀ ਸ਼ੈਤਾਨ ਹੈ।

ਨਾ ਕਿਧਰੇ ਕੋਈ ਰੱਬ ਹੈ,
ਨਾ ਕਿਧਰੇ ਕੋਈ ਭਗਵਾਨ।
ਪਰਮ ਸੱਤਾ ਹੀ ਰੱਬ ਹੈ,
ਅਤੇ ਅਲਾਹ ਵਾਹਿਗੁਰੂ ਰਾਮ ਹੈ।

ਨੇਕੀ ਬਦੀ ਦੇ ਰੂਪ ਨੇ,
ਵੱਖ ਵੱਖ ਵਿਚ ਜਹਾਨ।
ਵਿਪ੍ਰੀਤ ਵਿਰੋਧੀ ਗੁਣਾਂ ਦੀ,
ਬਣੀ ਮਾਇਆ ਨੂੰ ਜਾਣ।

ਸਾਰੇ ਹੀ ਪੁੱਤ ਆਦਮ ਦੇ,
ਕਿਉਂ ਜੱਗ ਵਿਚ ਪਿਆ ਘਸਮਾਨ।
ਜਿਊਣ ਅਤੇ ਜਿਊਣ ਦੇਣ ਦੀ,
ਕਿਉਂ ਨੀਤੀ ਨਾ ਅਪਣਾਉਣ।

ਭੁਲ ਕੇ ਅਸਲਾ ਆਪਣਾ,
ਬਣੇ ਨਾ ਕੋਈ ਇਨਸਾਨ।
ਯਹੂਦੀ ਈਸਾਈ ਸਿੱਖ ਨੇ,
ਕੋਈ ਹਿੰਦੂ ਮੁਸਲਮਾਨ।

ਕੈਸਾ ਲੋੜੀਂਏ ਜੱਗ ਨੂੰ,
ਹੋਵੇ ਕੈਸਾ ਇਹ ਅਸਥਾਨ।
ਨਰਕ ਹੋਵੇ ਜਾਂ ਜੰਨਤ ਹੋਵੇ,
ਹੋਵੇ, ਜੈਸਾ ਲੋਚੇ ਇਨਸਾਨ।

ਹੋਵੇ ਜੈਸੀ ਸਾਡੀ ਲੋਚਨਾ,
ਵੈਸਾ ਬਣੇ ਜਹਾਨ।
ਮੌਤ ਦਾ ਮੀਂਹ ਵਰਸਾਉਣ ਲਈ,
ਬੰਬ ਬਣਾਏ ਜਾਣ।

ਅਮਨ ਅਮਾਨ ਜੱਗ ਵਿਚ,
ਜੇ ਲੋਚੇ ਇਨਸਾਨ।
ਸਾਰੀ ਦੁਨੀਆਂ ਇੱਕ ਜਾਣੀਏ,
ਦੇਸ ਨਾ ਕੋਈ ਮਹਾਨ।

ਸਿਆਸੀ ਸਮਾਜੀ ਆਰਥਿਕ ਵਿਤਕਰਾ,
ਦੂਰ ਕਰੇ ਇਨਸਾਨ।
ਪਰਮ ਸੱਤਾ ਹੀ ਰੱਬ ਹੈ,
ਅਲਾਹ ਵਾਹਿਗੁਰੂ ਰਾਮ।
*********


















ਹੇ ਸਦਜੀਵੀ ਹੇ ਅਬਿਨਾਸ਼ੀ

ਹੇ ਸਦਜੀਵੀ ਹੇ ਅਬਿਨਾਸ਼ੀ,
ਪਰਮ ਸੱਤਾ ਹੇ ਸਰਬ-ਵਿਆਪੀ।
ਮੇਰਾ ਆਪਾ ਰੌਸ਼ਨ ਹੋ ਜਾਵੇ,
ਮੇਰੀ ਕਾਇਆ ਨੂੰ ਸਾਂਭੇ ਤੇ ਹੰਢਾਵੇ।

ਇਹ ਬੁਝਾਰਤ ਜੋ ਤੂੰ ਪਾਈ,
ਬੁਝ ਬੁਝ ਅੱਗੇ ਟੁਰਦਾ ਜਾਵੇ।
ਇਹ ਦਾਇਰਾ ਜੋ ਤੂੰ ਬਣਾਇਆ,
ਇਸ ਦਾਇਰੇ 'ਤੇ ਰਿੜ੍ਹਦਾ ਜਾਵੇ।

ਅਟੱਲ ਹੁਕਮ ਸਿਰ ਮੱਥੇ ਮੰਨੇ,
ਕਦੀ ਨਾ ਦੁੱਖ ਸੁੱੱਖ ਇਹ ਮਨਾਵੇ।
ਟੱਪ ਜਾਵੇ ਸਾਰੇ ਟੋਏ ਟਿੱਬੇ,
ਅਟਕਾਰ ਨਾ ਇਸਨੂੰ ਕੋਈ ਪਾਵੇ।

ਹੇ ਸਦਜੀਵੀ ਜੇ ਅਬਨਾਸ਼ੀ,
ਜਿੰਦ ਮੇਰੀ ਤੇਰੀ ਹੋ ਜਾਵੇ।
ਦੂਈ ਦਵੈਸ਼ ਮਿਟ ਜਾਵੇ, ਸਾਰੀ,
ਰੂਪ ਤੇਰਾ ਹੀ ਨਜ਼ਰੀਂ ਆਵੇ।

ਛੱਡ ਟੁਰਾਂ ਜਦ ਤੇਰੇ ਜੱਗ ਨੂੰ,
ਕੋਈ ਪਛਤਾਵਾ ਨਾਲ ਨਾ ਜਾਵੇ।
ਧੋ ਦੇਵੀਂ ਸਾਡੇ ਦਾਗ ਸਾਰੇ,
ਆਪਾ ਸਾਡਾ ਸ਼ੁਧ ਹੋ ਜਾਵੇ।
*********

No comments:

Post a Comment