Friday, 30 March 2012

ਸੰਝ ਸਵੇਰੇ ਤੋਲ



ਸੰਝ ਸਵੇਰੇ ਤੋਲ






ਬੰਤਾ ਸਿੰਘ ਘੁਡਾਣੀ





ਨਵ-ਪ੍ਰਕਾਸ਼ਨ
67-ਪਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027



ਸਭ ਹਕ ਰਾਖਵੇਂ ਹਨ।




ਸੰਝ ਸਵੇਰੇ ਤੋਲ




ਬੰਤਾ ਸਿੰਘ ਘੁਡਾਣੀ



ਪ੍ਰਕਾਸ਼ਕ

Rajbir Singh Boparai
2235, Forest Hills Lane
Saint Josph
Michigan 49085 (U.S.A.)
Mobile- 001-12693694792



ਕੀਮਤ
100/-

ਮਿਲਣ ਦਾ ਪਤਾ:
ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ
67-ਪ੍ਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027
ਫੋਨ- 9914430572

ਮੁਖ ਬੰਦ
ਅਸੀਂ ਆਮ ਲੋਕ ਜਿਹਨਾਂ ਦਾ ਰੋਟੀ ਪਾਣੀ ਚਲਦਾ ਰਹਿੰਦਾ ਹੈ ਅਤੇ ਸੋਚ ਵਿਚਾਰ ਕਰਨ ਦੇ ਯੋਗ ਹੁੰਦੇ ਹਾਂ ਆਪਣੀਆਂ ਉਲਝਣਾ ਅਤੇ ਦੁਖਾਂ ਦੇ ਅਸਲ ਕਾਰਨਾਂ ਬਾਰੇ ਸੋਚਣ ਦੀ ਬਜਾਏ ਸਾਰੀ ਗਲ ਕਿਸਮਤ ਅਤੇ ਰਬ ਦੀ ਕਰਨੀ ਤੇ ਸੁਟ ਦਿੰਦੇ ਹਾਂ। ਗਰੀਬ ਅਤੇ ਗਰੀਬ ਲੋਕਾਂ ਨੂੰ ਤਾਂ ਕੁੱਲੀ, ਗੁੱਲੀ, ਜੁੱਲੀ, ਦੇ ਦੌੜ ਵਿਚ ਸਿਰ ਖੁਰਕਣ ਦਾ ਵੀ ਵਹਿਲ ਨਹੀਂ ਹੁੰਦਾ। ਹੱਡ ਭੰਨਵੀਂ ਮਿਹਨਤ ਕਰਨ ਪਿਛੋਂ ਸਾਰੇ ਦਿਨ ਦੇ ਥੱਕੇ ਹਾਰੇ ਮਸਾਂ ਮੰਜੇ ਤੇ ਆ ਕੇ ਗਿਰ ਜਾਂਦੇ ਨੇ ਜਾਂ ਇਕ ਅੱਧੀਆ ਪੀ ਕੇ ਆਪਣੀ ਥਕਾਵਟ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਰੁੱਖੀ ਮਿੱਸੀ ਖਾ ਕੇ ਘਰ ਵਾਲੀ ਨਾਲ ਥੋੜਾ ਬਹੁਤਾ ਦਿਲ ਪਰਚਾਵਾ ਕਰਕੇ ਸੌਂ ਜਾਂਦੇ ਹਨ। ਸਵੇਰੇ ਸੂਰਜ ਚੜ੍ਹਦੇ ਹੀ ਕਮਾਈ ਕਰਨ ਚਲੇ ਜਾਂਦੇ ਹਨ। ਇਸ ਤਰ੍ਹਾਂ ਉਹਨਾਂ ਦੀ ਅਤੇ ਉਹਨਾਂ ਦੇ ਜਵਾਨ ਹੋ ਚੁੱਕੇ ਬੱਚਿਆਂ ਦੀ ਜਿੰਦਗੀ ਬੀਤ ਜਾਂਦੀ ਹੈ। ਪਰ ਕਦੀ ਇਹ ਸੋਚਣ ਦੀ ਵਿਹਲ ਹੀ ਨਹੀਂ ਮਿਲਦੀ ਕਿ ਅਸੀਂ ਗਰੀਬ ਅਤੇ ਉਹ ਅਮੀਰ ਕਿਉਂ ਨੇ? ਅਸੀਂ ਕਮੀਂ ਉਹ ਮਾਲਕ ਕਿਉਂ ਨੇ? ਜੇ ਮੱਧ ਵਰਗੀ ਅਤੇ ਗਰੀਬ ਲੋਕ ਨਹੀਂ ਸੋਚਦੇ ਜਾਂ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਤਾਂ ਅਮੀਰ ਲਖਾਂ ਪਤੀ, ਕਰੋੜਾਂ ਪਤੀ, ਅਰਬਾਂ ਅਤੇ ਖਰਬਾਂ ਪਤੀ ਜਿਹਨਾਂ ਨੂੰ ਆਪਣੀਆਂ ਰੰਗ ਰਲੀਆਂ ਤੋਂ ਹੀ ਵਿਹਲ ਨਹੀਂ, ਕੋਈ ਦੁੱਖ ਤਕਲੀਫ ਨਹੀਂ, ਭਲਾ ਸਮਾਜੀ, ਸਿਆਸੀ ਅਤੇ ਆਰਥਿਕ ਵਿਤਕਰਿਆਂ ਬਾਰੇ ਆਮ ਆਦਮੀ ਅਤੇ ਗਰੀਬਾਂ ਦੇ ਦੁਖਾਂ ਬਾਰੇ ਕਿਉਂ ਸੋਚਣਗੇ? 
ਦਾਸ ਨੇ ਕੋਸ਼ਿਸ਼ ਕੀਤੀ ਹੈ ਹਰ ਕਿਸੇ ਨੂੰ ਸੋਚਣ ਲਈ ਉਕਸਾਉਣ ਦੀ ਅਤੇ ਸਰਬਤ ਭਲੇ ਦੇ ਰਾਹ ਤੇ ਪਾਉਣ ਲਈ ਤਾਂ ਜੋ ਸਾਰੇ ਵਿਤਕਰੇ ਸ਼ਾਂਤ ਮਈ ਢੰਗ ਨਾਲ ਦੂਰ ਹੋ ਜਾਣ। ਕਿਉਂਕਿ ਕ੍ਰਾਂਤੀਆਂ ਨਾਲ ਸਿਵਾਏ ਅਫਰਾ-ਤਫਰੀ ਦੇ ਕੁਝ ਨਹੀਂ ਬਣਦਾ ਜੇ ਨਵ-ਜਾਗਰਣ, ਲੋਕ ਜਾਗਰਣ ਨਾ ਹੋਵੇ। ਲੋਕ ਦਰਦੀਆਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਗਰੀਬਾਂ, ਗਿਰਿਆਂ ਪਿਆਂ ਨੂੰ ਸਮਝਾਉਣ ਕਿ ਸਾਡੇ ਦੁਨੀਆਵੀ ਦੁੱਖਾਂ ਦਾ ਕਾਰਨ ਕੀ ਹੈ? ਕੋਠੇ ਚੜ੍ਹਕੇ ਜਦ ਵੇਖਦੇ ਹਾਂ, ਘਰ-ਘਰ ਏਹੋ ਅੱਗ ਕਿਉਂ ਦਿਸਦੀ ਹੈ? ਦੁੱਖ ਸਵਾਇਆ ਜੱਗ ਕਿਉਂ ਹੈ?
ਪਰਮ ਸੱਤਾ ਆਪਣੇ ਬੱਚਿਆਂ ਨੂੰ ਦੁੱਖਾਂ ਵਿੱਚ ਨਹੀਂ ਪਾ ਸਕਦੀ। ਇਨਸਾਨ ਦੀ ਆਪਣੀ ਸ਼ੈਤਾਨੀ ਸੋਚ ਨੇ ਇਨਸਾਨ ਨੂੰ ਦੁੱਖਾਂ ਵਿੱਚ ਪਾਇਆ ਹੈ। ਸਾਨੂੰ ਇਸ ਵਰਤਾਰੇ ਤੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਸੰਝ ਸਵੇਰੇ ਤੋਲਣਾ ਚਾਹੀਦਾ ਹੈ ਤਾਂ ਕਿ ਸਿਆਸੀ, ਸਮਾਜੀ ਅਤੇ ਆਰਥਿਕ ਉਲਾਰੂ ਸਿਸਟਮ ਸਮ-ਤੋਲ ਕਿਵੇਂ ਕੀਤੇ ਜਾਣ ਅਤੇ ਸਾਡੀ ਦੁਨੀਆਂ, ਸਾਡੇ ਲੋਕ, ਸਾਡੇ ਬੱਚੇ, ਬੱਚੀਆਂ ਸੁਖੀ ਹੋ ਜਾਣ। 
ਆਸ ਕਰਦਾ ਹੋਇਆ ਕਿ ਹਰ ਵਰਗ ਦੇ ਲੋਕ ਮੇਰੀ ਬੇਨਤੀ ਨੂੰ ਪਰਵਾਨ ਕਰਨਗੇ। 

  ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ
ਫੋਨ- 991443057
ਅਸਾਂ ਤਾਂ ਡੱਗਾ ਲਾਇਆ ਹੈ

ਅਸੀਂ ਜੀਵਨ ਦੇ ਸਹੀ ਅਰਥ ਭੁੱਲ ਕੇ ਕੁਰਾਹੇ ਪਏ ਹੋਏ ਹਾਂ। ਜਾਂ ਤਾਂ ਅਸੀਂ ਰਾਮ ਰਾਮ, ਅਲਾਹ ਅਲਾਹ, ਵਾਹਿਗੁਰੂ ਵਾਹਿਗੁਰੂ, ਹਰੀ ਓਮ, ਵਗੈਰਾ ਵਗੈਰਾ ਹੀ ਜਪੀ ਜਾਂਦੇ ਹਾਂ ਅਤੇ ਹੋਰ ਕਈ ਕਿਸਮ ਦੀ ਅੰਧ-ਵਿਸ਼ਵਾਸ਼ੀ ਅਤੇ ਅਗਿਆਨਤਾ ਵਿਚ ਫਸ ਕੇ ਪਾਖੰਡੀ ਸਾਧਾਂ-ਸੰਤਾਂ ਡੇਰੇਦਾਰਾਂ ਨੂੰ ਜਿੰਨਾ ਕੁ ਸਾਡੇ ਕੋਲ ਹੁੰਦਾ ਹੈ, ਹੱਡ ਪਸੀਨੇ ਦੀ ਕਮਾਈ ਲੁਟਾਉਂਦੇ ਹਾਂ, ਹੋਰ ਕਿਸੇ ਅਤਿ ਮਜਬੂਰੀ ਵਿੱਚ ਵਿਦਿਆ ਪ੍ਰਾਪਤੀ ਕਰਨ ਦੀ ਲੜਾਈ ਵਿੱਚ ਰੁੱਝੇ ਦੀ ਮੱਦਦ ਤਾਂ ਕੀ ਕਰਨੀ ਹੈ ਜਾਂ ਕਰ ਸਕਣੀ ਹੈ, ਆਪਣੇ ਹੀ ਬੱਚਿਆਂ ਨੂੰ ਰਵਾਇਤੀ ਪੜ੍ਹਾਈ ਵੀ ਨਹੀਂ ਕਰਵਾਉਂਦੇ ਜਾਂ ਕਰਵਾ ਨਹੀਂ ਸਕਦੇ ਅਤੇ ਇਹ ਕਹਿਕੇ ਬੈਠ ਜਾਂਦੇ ਹਾਂ ਕਿ 'ਸਾਡੀ ਕਿਸਮਤ'। ਪਰ ਕਿਸਮਤ ਦਾ ਅਰਥ ਵੀ ਨਹੀਂ ਜਾਣਦੇ। ਜੇ ਜਾਣਦੇ ਹਾਂ ਤਾਂ ਸਿਰਫ ਏਨਾ ਹੀ ਜਾਣਦੇ ਹਾਂ ਕਿ ਸਭ ਲਿਖਤਕਾਰ ਹੈ, ਘੱਟ ਵੱਧ ਰਿਜ਼ਕ ਰੱਬ ਹੀ ਦਿੰਦਾ ਹੈ, ਕਰੇ ਕਰਾਵੇ ਆਪੇ ਆਪ। ਪਰ ਭੁੱਲ ਜਾਂਦੇ ਹਾਂ ਕਿ ਆਪਣੀਆਂ ਸਾਰੀਆਂ ਮੁਸੀਬਤਾਂ, ਔਖਾਂ-ਸੌਖਾਂ, ਊਚ-ਨੀਚ, ਅਮੀਰੀ-ਗਰੀਬੀ, ਸਮਾਜੀ ਸਿਆਸੀ ਅਤੇ ਆਰਥਿਕ ਨਿਜ਼ਾਮਾਂ ਦੇ ਉਲਾਰਪਣੇ ਦਾ ਜੁੰਮੇਵਾਰ ਆਪ ਇਨਸਾਨ ਹੈ। ਇਹ ਸਭ ਕੁੱਝ ਦੂਰ ਹੋ ਸਕਦਾ ਹੈ, ਜੇ ਇਨਸਾਨ ਨੂੰ ਸਰਬਤ ਭਲੇ ਦੀ ਸੋਝੀ ਆ ਜਾਵੇ। ਪਰ ਇਸ ਨੂੰ ਸੋਝੀ ਇਹ ਆਈ ਹੈ ਕਿ ਲੁੱਟ ਲੁੱਟ ਕੇ ਘਰ ਭਰ ਲਓ। ਲੱਖਾਂਪਤੀ, ਕਰੋੜਾਂਪਤੀ, ਅਰਬਾਂਪਤੀ ਅਤੇ ਫਿਰ ਖਰਬਾਂਪਤੀ ਬਣ ਜਾਓ ਅਤੇ ਧੰਨ ਦੌਲਤ ਵਾਲਿਆਂ ਦੀ ਦੁਨੀਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਆ ਜਾਓ ਅਤੇ ਪੈਸੇ ਦੇ ਜ਼ੋਰ ਨਾਲ, ਲੋਕਾਂ ਨੂੰ ਬੁਧੂ ਬਣਾ ਕੇ, ਵੋਟਾਂ ਲੈ ਕੇ ਰਾਜਨੇਤਾ ਬਣ ਜਾਓ, ਖਾਨਦਾਨੀ ਰਾਜ ਕਾਇਮ ਕਰੋ ਅਤੇ ਫੇਰ ਰੱਜ ਕੇ ਲੁੱਟੋ, ਪਰ ਲੋਕਾਂ ਨੂੰ ਵਹਿਮੀ, ਭਰਮੀ ਅਤੇ ਅੰਧਵਿਸ਼ਵਾਸ਼ੀ ਰੱਖੋ। ਅਸਾਂ ਆਪਣਾ ਢੋਲ ਵਜਾਇਆ, ਡੱਗਾ ਵੀ ਖੂਬ ਲਾਇਆ ਹੈ ਕਿ ਲੋਕਾਂ ਨੂੰ ਸੋਝੀ ਆ ਜਾਵੇ ਤਾਂ ਜੋ ਸਾਰੇ ਰਲ ਮਿਲ ਕੇ ਆਪਣੇ ਸਿਆਸੀ, ਸਮਾਜੀ ਤੇ ਆਰਥਿਕ ਦੁੱਖ ਦੂਰ ਕਰ ਲੈਣ। 
ਬੰਤਾ ਸਿੰਘ ਘੁਡਾਣੀ
ਸਤੰਬਰ, 2011





ਸਮਰਪਤ

ਚਾਨਣ ਦੇ ਵਣਜ਼ਾਰਿਆਂ ਨੂੰ
















......ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ

ਕਿਤਾਬ 'ਪੀੜ ਵਿਛੋੜਾ' ਸ਼ਾਇਦ ਸਮੇਂ ਦੀ ਧੂੜ ਵਿੱਚ ਹੀ ਗੁਆਚੀ ਪਈ ਰਹਿੰਦੀ ਜੇ ਕਿਧਰੇ 'ਨਾਜ਼ਰ' ਘੁਡਾਣੀ ਦਾ ਮੇਲ 34 ਸਾਲਾਂ ਪਿੱਛੋਂ ਨਾ ਹੋ ਗਿਆ ਹੁੰਦਾ। ਮੈਂ ਬਹੁਤ ਸਾਲਾਂ ਤੋਂ ਨਾਜ਼ਰ ਨੂੰ ਮਿਲਣ ਵਾਸਤੇ ਸੁਨੇਹੇ ਦਿੰਦਾ ਰਿਹਾ- ਪਰ ਮੇਰਾ ਕੋਈ ਵੀ ਸੁਨੇਹਾ ਨਾਜ਼ਰ ਨੂੰ ਨਾ ਮਿਲਿਆ। ਮੈਂ ਬਹੁਤ ਚਾਹੁੰਦਾ ਹੋਇਆ ਵੀ ਉਸਨੂੰ ਮਿਲ ਨਾ ਸਕਿਆ। ਉਸਦੇ ਪਿਤਾ ਨਿਧਾਨ ਸਿੰਘ ਦੀ ਮਾਰਫਤ ਦਿੱਤਾ ਸੁਨੇਹਾ ਵੀ ਉਸਨੂੰ ਨਾ ਪੁੱਜਿਆ। ਆਖਰ ਇੱਕ ਦਿਨ ਮੇਰਾ ਪਿਆਰਾ ਨਾਜ਼ਰ ਮੇਰੇ ਨਾਲੋਂ ਕਿਤੇ ਵੱਖ ਖਿਆਲਾਂ ਵਾਲਾ ਅਤੇ ਵੱਖਰੀ ਸ਼ਕਲ ਵਾਲਾ ਨਾਜ਼ਰ ਆ ਹੀ ਗਿਆ। ਮੈਨੂੰ ਯਾਦ ਨਹੀਂ ਮੈਂ ਉਸਨੂੰ ਇੱਕ ਅਣਜਾਣ ਵਿਅਕਤੀ ਸਮਝ ਕੇ ਕਿਵੇਂ ਸੰਬੋਧਨ ਕੀਤਾ, ਉਹ ਝੱਟ ਹੀ ਬੋਲ ਪਿਆ ਚਾਚਾ ਜੀ ਮੈਂ ਤਾਂ ਤੁਹਾਡਾ ਭਤੀਜਾ ਨਾਜ਼ਰ ਹਾਂ। ਮੈਨੂੰ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਯਾਰੋ! ਮੇਰੇ ਸ਼ਹੀਦ ਹੋ ਚੁੱਕੇ ਵੀਰ ਨਿਧਾਨ ਸਿੰਘ ਘੁਡਾਣੀ ਦਾ ਬੇਟਾ ਨਾਜ਼ਰ ਮਸਾਂ ਹੀ ਮਿਲਿਆ ਹੈ। ਉਸਨੂੰ ਮੈਂ ਆਪਣੇ ਦੁਨੀਆਵੀ ਘੋਲਾਂ ਦੀ ਰੂਪ ਰੇਖਾ ਦੇ ਮੱਤਭੇਦਾਂ ਦੇ ਬਾਵਜੁਦ ਬਹੁਤ ਪਿਆਰਦਾ ਹਾਂ, ਕਿਉਂਕਿ ਮਿਸ਼ਨ ਤਾਂ ਸਾਡਾ ਦੋਵਾਂ ਦਾ ਹੀ ਇੱਕੋ ਜਿਹਾ ਪਰ ਰਾਹ ਵੱਖ ਵੱਖ ਨੇ। 
ਇੱਕ ਹੋਰ ਅਨੋਖੀ ਗੱਲ ਜੋ ਸਾਡੀ 34 ਸਾਲਾਂ ਪਿੱਛੋਂ ਮਿਲਣੀ ਦਾ ਕਾਰਨ ਬਣੀ। ਇੱਕ ਦਿਨ ਸ਼ਾਮ ਨੂੰ ਮੇਰੇ ਪਿੰਡ ਘੁਡਾਣੀ ਤੋਂ ਫੋਨ ਆਇਆ, ਨਾਜ਼ਰ ਦੇ ਚਾਚੇ ਦੇ ਪੁੱਤਰ ਦਾ, ਜਿਸਨੂੰ ਮੈਂ ਬਿਲਕੁਲ ਨਹੀਂ ਸੀ ਜਾਣਦਾ। ਉਹ ਬੋਲਿਆ, ਮੈਂ ਘੁਡਾਣੀ ਤੋਂ ਬੋਲ ਰਿਹਾ ਹਾਂ- ਇੱਕ ਕੰਮ ਹੈ ਉਸ ਤੋਂ ਅੱਗੇ ਆਪਣੇ ਜਾਣਕਾਰੀ ਦੇਣ ਹੀ ਲੱਗਿਆ। ਮੈਂ ਆਖਿਆ ਯਾਰਾ ਤੂੰ ਆਪਣੇ ਬਾਰੇ ਕੁਝ ਨਾ ਦੱਸ। ਏਨਾ ਹੀ ਬਹੁਤ ਹੈ ਕਿ ਤੂੰ ਮੇਰੇ ਪਿੰਡ ਦਾ  ਹੈਂ, ਬੱਸ ਕੰਮ ਦੱਸ। ਉਹ ਕਹਿਣ ਲੱਗਿਆ, ਇੱਕ ਮੇਰੀ ਭਤੀਜੀ ਹੈ ਉਸ ਵਾਸਤੇ ਪਟਿਆਲੇ ਰਹਿਣ ਦਾ ਕੋਈ ਠੀਕ ਇੰਤਜ਼ਾਮ ਕਰਨਾ ਹੈ। ਮੈਂ ਆਖਿਆ ਬੇਟਾ ਤੂੰ ਕਹਿ ਦਿੱਤਾ ਇੰਤਜ਼ਾਮ ਹੋ ਗਿਆ। ਕੱਲ੍ਹ ਨੂੰ ਮੇਰੇ ਕੋਲ ਭੇਜ ਦੇਵੀਂ। ਅੱਛਾ ਹੁਣ ਤੂੰ ਆਪਣੇ ਬਾਰੇ ਦੱਸ ਯਾਰ। ਕਹਿਣ ਲੱਗਿਆ ਮੈਂ ਹਰਮਿੰਦਰ ਹਾਂ, ਰਹਿ ਚੁੱਕੇ ਸਰਪੰਚ ਭਜਨ ਸਿੰਘ ਦਾ ਭਤੀਜਾ। ਮੈਂ ਆਖਿਆ ਬੱਸ ਕਰ ਯਾਰ ਤੂੰ ਤਾਂ ਸਾਡਾ ਆਪਣਾ ਪੁੱਤਰ, ਇੱਕ ਕੰਮ ਕਰ ਮੈਨੂੰ ਨਾਜ਼ਰ ਮਿਲਾ ਦੇ। ਸੋ ਇਸ ਤਰ੍ਹਾਂ ਮਿਲਿਆ ਨਾਜ਼ਰ, ਜਿਸਦੀ ਬੇਟੀ ਅਮਨ ਦੇ ਸਬੰਧ ਵਿੱਚ ਹਰਮਿੰਦਰ ਨੇ ਫੂਨ ਕੀਤਾ ਸੀ। ਬੇਸ਼ੱਕ ਨਾਜ਼ਰ ਸਾਡੇ ਪਿੰਡ ਘੁਡਾਣੀ ਦਾ ਹੈ। ਪਰ ਪਿੰਡ ਨੇ ਉਸ ਨੂੰ ਜਨਤਾ ਨੂੰ ਅਰਪਨ ਕਰ ਦਿੱਤਾ ਹੈ। ਇਹ ਹੁਣ ਉਸਦੀ ਮਰਜੀ ਹੈ ਕਿ ਕਿਸ ਰਾਹ ਚੱਲ ਕੇ ਲੋਕ ਸੇਵਾ ਕਰਨੀ ਹੈ। ਪਰ ਮੇਰੀ ਨਿੱਜੀ ਸੇਵਾ ਤਾਂ ਉਸਨੇ ਬਹੁਤ ਕਰ ਦਿੱਤੀ। 
ਜਦੋਂ ਨਾਜ਼ਰ ਨੂੰ ਪਤਾ ਲੱਗਿਆ ਕਿ ਕਿ ਮੈਂ ਲਿਖਦਾ ਵੀ ਹਾਂ ਅਤੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਅਤੇ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਖਤਮ ਹੋ ਚੁੱਕੀਆਂ ਹਨ ਤਾਂ ਉਸਨੇ ਇਹਨਾਂ ਨੂੰ ਛਪਵਾਉਣ ਯੋਗ ਬਣਾਉਣ ਦੀ ਸਾਰੀ ਜੁੰਮੇਵਾਰੀ ਲੈ ਲਈ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਕਿਤਾਬਾਂ ਦੀਆਂ ਦੂਜੀਆਂ ਐਡੀਸ਼ਨਾਂ ਛਪਣ ਲਈ ਤਿਆਰ ਹੋ ਗਈਆਂ। ਮੇਰੀਆਂ ਪੰਜੇ ਕਿਤਾਬਾਂ ਉਸਦੀ ਮਿਹਨਤ ਅਤੇ ਹਿੰਮਤ ਸਦਕਾ ਛਪ ਰਹੀਆਂ ਹਨ। ਨਾਜ਼ਰ ਤੋਂ ਬਿਨਾ ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ। ਇਹ ਸਭ ਨਾਜ਼ਰ ਦੀ ਮਿਹਨਤ ਦਾ ਨਤੀਜਾ ਹੈ, ਨਾਜ਼ਰ ਦਾ ਵਿਸ਼ਵਾਸ਼ ਹੈ ਕਿ ਹਰ ਵੇਲੇ ਕੋਈ ਨਾ ਕੋਈ ਲੋਕ ਸੇਵਾ ਦਾ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਤਹਿ ਦਿਲੋਂ ਨਾਜ਼ਰ ਦਾ ਧੰਨਵਾਦੀ ਹਾਂ। 
ਬੰਤਾ ਸਿੰਘ ਘੁਡਾਣੀ,
67, ਪ੍ਰਕਾਸ਼ ਕਲੋਨੀ
ਬਾੜੇਵਾਲ ਆਵਾਣਾ
ਡਾਕ. ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ








ਬੰਤਾ ਸਿੰਘ ਘੁਡਾਣੀ
ਬੰਤਾ ਸਿੰਘ ਜੀ ਘੁਡਾਣੀ ਕਲਾਂ ਨਾਲ ਮੇਰਾ ਤਾਜ਼ਾ ਵਾਹ ਕੋਈ ਮੌਕਾ-ਮੇਲ ਹੀ ਸਮਝੋ। ਇਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਜਦੋਂ ਮਿਲੇ ਤਾਂ ਇਉਂ ਲੱਗਿਆ ਕਿ ਅਸੀਂ 30-35 ਸਾਲ ਪਹਿਲਾਂ ਹੁਣ ਵਾਂਗ ਕਿਉਂ ਨਾ ਮਿਲ ਸਕੇ। ਇਹਨਾਂ ਦਾ ਭਤੀਜਾ ਰਾਜਬੀਰ ਮੇਰਾ ਹਮ-ਜਮਾਤੀ ਰਿਹਾ ਹੈ। ਇੱਕ ਹਮਜਮਾਤੀ ਹੀ ਨਹੀਂ ਕਾਲਜ ਦੇ ਸਮਿਆਂ ਵਿੱਚ ਜਦੋਂ ਵੀ ਅਸੀਂ ਜਬਰ-ਜ਼ੁਲਮ, ਵਧੀਕੀਆਂ, ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਰਾਜਬੀਰ ਆਪਣੀ ਭੈਣ ਕਮਲਜੀਤ ਨਾਲ ਸਾਡੇ ਉਸ ਕਾਫ਼ਲੇ 'ਚ ਮੁਹਰਲੀਆਂ ਕਤਾਰਾਂ ਵਿੱਚ ਖੜ੍ਹਦਾ ਰਿਹਾ। 1975 ਵਿੱਚ ਕਾਲਜ 'ਚ ਪੜ੍ਹਦੇ ਸਮੇਂ ਐਮਰਜੈਂਸੀ ਦਾ ਵਿਰੋਧ ਕਰਦੇ ਸਾਡੇ ਵਾਰੰਟ ਨਿਕਲੇ ਤਾਂ ਬਲਵੰਤ ਘੁਡਾਣੀ ਅਤੇ ਮੇਰੇ ਨਾਲ ਰਾਜਬੀਰ ਨੂੰ ਵੀ ਗੁਪਤਵਾਸ ਜੀਵਨ ਦੇ ਦਿਨ ਗੁਜਾਰਨੇ ਪਏ। ਇਹਨਾਂ ਦੇ ਘਰੇ ਸਾਡਾ ਆਉਣ-ਜਾਣ ਸਵੇਰ-ਸ਼ਾਮ ਹੁੰਦਾ ਸੀ। ਸਕੂਲ ਦੀ ਗਰਾਊਂਡ ਵਿੱਚ ਖੇਡਣ ਜਾਣਾ ਜਾਂ ਕਿਸੇ ਰੈਲੀ-ਮੁਜਾਹਰੇ ਵਿੱਚ ਜਾਣਾ, ਰਾਜਬੀਰ ਦੇ ਨਾਲ ਉਸਦੇ ਛੋਟੇ ਭਰਾ ਜੱਸਾ ਤੇ ਬੰਬੀ ਸ਼ਾਮਲ ਹੁੰਦੇ ਰਹੇ। ਚਾਚਾ ਜੀ ਕੋਲ ਪਹਿਲੀ ਵਾਰ ਮੈਂ ਅੰਮ੍ਰਿਤਸਰ ਉਦੋਂ ਗਿਆ ਸੀ ਜਦੋਂ ਅਸੀਂ 1976 ਦੇ ਫਰਵਰੀ ਦੇ ਮਹੀਨੇ 'ਚ ਆਪਣੇ ਪਿੰਡ ਨਾਟਕ ਕਰਵਾਉਣ ਲਈ ਗੁਰਸ਼ਰਨ ਸਿੰਘ ਦੀ ਟੀਮ ਬੁੱਕ ਕਰਵਾਉਣੀ ਸੀ। ਉਦੋਂ ਸਾਡੀ ਖਾਸ ਜਾਣ-ਪਛਾਣ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਮੈਂ ਲੋਕਾਂ ਦੀ ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਅਤੇ ਸੁਰਖ਼ ਰੇਖਾ ਪੇਪਰ ਕੱਢਣ ਲੱਗੇ ਤਾਂ ਇਹਨਾਂ ਨੇ ਮੈਨੂੰ ਮਿਲਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਸਮਿਆਂ 'ਚ ਸਾਡਾ ਤਾਲਮੇਲ ਨਹੀਂ ਸੀ ਹੋ ਸਕਿਆ। 
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ। 
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ। 
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ। 
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ। 
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। 
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। 
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਿਸੇ ਸਾਹਿਤਕ ਲਿਖਤ ਵਾਂਗ ਨਹੀਂ ਲੈ ਰਿਹਾ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ  ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ। 
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)







ਤੱਤਕਰਾ

          ਕੀ                                              ਕਿੱਥੇ
ਭੁਲਾਈਏ ਨਾ ਪੂਰਨਤਾ ਜੀਵਨ ਦੀ  17-19
ਅਨੰਤ ਆਕਾਰ ਪਰਮ ਸੱਤਾ ਦਾ  20
ਜੇਕਰ ਜਾਣੀਏ ਗੈਰ ਕਿਸੇ ਨੂੰ  21
ਪਰਮ ਸੱਤਾ ਦਾ ਇਹ ਬਗੀਚਾ  22-23
ਇੱਕ ਨੁਕੀਲੀ ਧਾਰਾ ਵਿਚੋਂ  24-25
ਬਦਲਣਹਾਰ ਹੈ ਜੱਗ ਸਾਡਾ  26-27
ਰੱਬ ਦੇ ਝਗੜੇ ਜੱਗ ਦੇ ਝਗੜੇ  28-29
ਅਮੀਰੀ ਗਰੀਬੀ ਫੈਲੀ ਜੱਗ ਵਿੱਚ  30-31
ਇਹ ਰਾਜ ਨਹੀਂ ਲੋਕ ਰਾਜ  32-33
ਮੰਗਤਾ ਮੰਗਦਾ ਜਾ ਰਿਹਾ ਹੈ  34
ਸਰਮਾਏਦਾਰੀ ਇਨਕਲਾਬ ਆਇਆ  35-36
ਸਰਮਾਏਦਾਰੀ ਨਜਾਮ ਅੰਦਰ  37-40
ਕੋਈ ਫੌਜੀ ਜਾਂ ਸਿਪਾਹੀ  41-42
ਕਰਨ ਇਕਠੀ ਜੋ ਦੌਲਤ ਸਾਰੀ  44-45
ਨਿੱਜ ਦੀ ਸੋਝੀ ਜਿਸਨੂੰ ਆਵੇ  46-47
ਅਸੀਂ ਐਸਾ ਸਿਸਟਮ ਅਪਣਾਇਆ ਹੈ  48-51
ਜੇਕਰ ਆਪਣੇ ਹੀ ਘੁਰਨੇ ਵਿੱਚ  52
ਜੇ ਦਰਦ ਵੰਡਾਈਏ ਲੋਕਾਂ ਦਾ  53
ਬਹੁਤ ਉਸਾਰੇ ਮਸਜਿਦ ਮੰਦਰ  54-55
ਰੱਬ ਨਾ ਕਿਧਰੇ ਛਿਪਿਆ ਬੈਠਾ  56
ਪ੍ਰੇਮ ਭਾਵਨਾ, ਮਿੱਤਰ ਭਾਵਨਾ  57
ਤਰਕਵਾਦੀ ਇਨਕਲਾਬੀ ਤੇ ਇਨਕਾਰੀ  58-59
ਮਿਸ਼ਨ ਜਿੰਦ ਦਾ ਨਹੀਂ ਰੱਬ ਨੂੰ ਲੱਭਣਾ  60
ਬੰਦਾ ਦੌਲਤ ਮੰਦ ਬੇਸ਼ੱਕ ਹੋ ਜਾਵੇ  61
ਜੀਵ ਆਤਮਾਂ ਦੁਖਾਂ ਨੇ ਘੇਰੀ  62-63
ਜੇ ਸਰਵ-ਵਿਆਪੀ ਸੰਗ ਬਣ ਆਵੇ  64
ਵਿਦਿਆ ਗਿਆਨ ਵਿਗਿਆਨ ਬਿਨ  65-66
ਸਾਡੀ ਸਿਆਸਤ ਵਿੱਚ ਭ੍ਰਿਸ਼ਟਾਚਾਰ ਹੈ  67-68
ਨਿੱਜ ਤੇ ਨਿੱਜੀ ਸ਼ਾਨ ਨੂੰ  69-70
ਸਿਥਿੱਥ ਕੁਲਾਂ ਦੇ ਮਕੜ ਜਾਲ ਨੇ  71-74
ਉਹ ਧਰਮ, ਧਰਮ ਨਹੀਂ ਹੁੰਦਾ  75-76
ਰੱਬ ਨਾ ਵਿਅਕਤੀ ਨਾ ਕੋਈ ਹਸਤੀ  77
ਕੁਲਾਂ ਵਾਲੇ ਤੇ ਦੌਲਤ ਵਾਲੇ  78-79
ਬੰਦਾ ਲੜਦਾ ਮਰਦਾ ਆਇਆ  80-81
ਸ਼ੁਭ ਕਰਮ ਅਤੇ ਸਤਿ ਕਰਮ  82
ਵੇਹਲ ਵਿਹੂਣੇ ਬੇਸ਼ਕ ਹੋਈਏ  83
ਪੂਰਨ ਨੇਕੀ ਪੂਰਨ ਸੁੰਦਰਤਾ  84-85
ਕਬਜੇ ਦੀ ਚਾਹ ਦੁੱਖ ਦੇਣੀ ਹੈ  86-87
ਕੁਲੀਨ ਕੁਲਾਂ ਨੇ ਮਕੜ ਜਾਲ  88
ਰੱਬ ਰੱਬ ਕਹਿਕੇ ਜੱਗ ਭੁਲਾਈਏ  89
ਬਾਜੀ ਹਾਰ ਕੇ ਵੀਰਨੋ ਨਹੀਂ ਜਾਣਾ  90-93
ਵਾਹ ਬਈ ਵਾਹ ਸਾਡੀ ਸਰਕਾਰ  94
ਦੁਨੀਆਂ ਦੇ ਵਿੱਚ ਬਹੁਤ ਨੇ ਕਲੀਆਂ  95-96
ਤੁਸੀਂ ਕਿਸ ਨੂੰ ਮਾਰਨ ਚੱਲੇ ਹੋ  97
ਕਿਉਂ ਇਨਕਲਾਬੀ ਜੂਝਦੇ  98-99
ਨੇਕੀ ਬਦੀ ਦੀ ਲੜਾਈ  100-101
ਉੱਠਣ ਇਛਾਵਾਂ ਸੰਤੁਲਣ ਵਿਗੜਦਾ  102-103
ਚਰਖਾ ਕਾਲ ਦਾ ਚਲਦਾ ਰਹਿੰਦਾ  104-106
ਬੇਰਹਿਮ ਬੇਕਿਰਕ ਹੈ ਕੁਦਰਤ  107-108
ਇਕੋ ਮਾਂ ਪਿਉ ਦੇ ਜਾਏ  109-111
ਲਗੀ ਪਿਆਸ ਪਪੀਹੇ ਨੂੰ   112-113
ਟਰੰਟੋ ਵਿਚ ਠਾਰਦੀ ਠੰਡ ਲੋਕਾਂ ਲਈ ਆਜ਼ਾਬ ਸੀ  114-115
ਆਪਣੀ ਗਰਜ਼ ਸਭ ਨੂੰ ਪਿਆਰੀ  116
ਸੱਚ ਦਾ ਚਾਨਣ ਚਾਰ ਚੁਫੇਰੇ  117
ਆਓ ਵਿਹੜੇ ਮੁਹਲੇ ਮਾਜਰੀਆਂ ਮਾੜੀਆਂ ਦੀ ਸਾਰ ਲਈਏ  118-119
ਧਰਮ ਸਾਡੇ ਸਾਨੂੰ ਨਾ ਦਿੰਦੇ ਰੱਬ ਦੀ ਕੋਈ ਸਾਰ  120
ਆਕਾਲ ਅਨੰਤ ਅਸੀਮ ਹੈ  121-122
ਆਪਣੇ ਲਈ ਅਸੀਂ ਨਹੀਂ ਜਿਉਂਦੇ  123
ਪਰਮ ਸੱਤਾ ਵਿਪ੍ਰੀਤ ਗੁਣੀ ਹੈ  124-125
ਅਲਾਹ ਵਾਹਿਗੁਰੂ ਰਾਮ  126-127
ਇਹ ਹੱਕ  ਸਾਡਾ ਉਹ ਹੱਕ ਸਾਡਾ  128-129
ਸਾਂਝ ਦਿਲਾਂ ਦੀ ਸੁੱਖ ਦਿੰਦੀ ਹੈ  130-131
ਨਿਜ਼ੀ ਸੁਖਾਂ ਨੂੰ ਤਿਆਗੀਏ  132
ਵਹਿੰਦਾ ਦਰਿਆ ਸਾਗਰ ਵਿਚ ਜਾਵੇ  133-134
ਉਸਰ ਰਿਹੇ ਨੇ ਥਾਂ ਥਾਂ ਪੂਜਾ ਅਸਥਾਨ  135
ਸਰਮਾਏਦਾਰੀ ਇਨਕਲਾਬ ਆਇਆ  136
ਤਰਕਵਾਦੀ, ਇਨਕਲਾਬੀ ਤੇ ਇਨਕਾਰੀ  137, 138, 139, 140
ਕੱਲਰ ਕੇਰੀ ਧਰਤੀ ਹੋਵੇ  141
ਵਿਦਿਆ ਗਿਆਨ ਵਿਗਿਆਨ  142-143
ਸੂਬ੍ਹਾ ਸਵੇਰੇ ਉਠ ਬਹਿ ਜਾਈਏ  144-145
ਅਸੀਂ ਨਿਰੇ ਹੀ ਬੇਵਸ ਹੋ ਕੇ ਆਏ  146-147
ਚੰਗਾ ਆਚਰਣ ਦੌਲਤ ਸਾਡੀ  148
ਹੇ ਪਰਮ ਸੱਤਾ ਦੇਹ ਸਾਨੂੰ ਸੱਤਾ  149
ਬਿਨ ਮੱਕਸਦ ਦੇ ਜਿੰਦ ਜਿਉਣਾ  150
ਰੇ ਮਨ ਮਤ ਸਾਹਾਂ ਨੂੰ ਰੋਲ  151
ਰੱਜ ਨਾ ਕੋਈ ਜੀਵਿਆ ਹੋ ਹੋ ਗਿਆ ਜਹਾਨ   152-153
ਘਰ ਬਹਿ ਕੇ ਹੀ ਸੱਚੇ ਰਹਿਣਾ ਨਹੀਂ ਸੁਚਿਆਰਤਾ  154-155
ਗੁਰੂ ਆਪਣੇ ਸ਼ਿਸ਼ ਨੂੰ ਜੋ ਵੀ ਪੜ੍ਹਾਵੇ  156
ਆਪਣੀ ਚਤੁਰਾਈ ਜੇਕਰ ਨਾ ਛੱਡੀਏ  157
ਚਲੋ ਚਾਲ ਜੱਗ ਚਲਦਾ ਜਾਵੇ  158
ਨਾਜ਼ਰਾ ਗਲ ਸੁਣ ਜਾਹ ਸਾਡੀ  159-160
ਨਿਰਾਸ਼ਾ ਵਿਚ ਅਸੀ ਨਹੀਉਂ ਮਰਨਾ  161-162
ਲਏ ਨਾ ਹੋਵਣ ਸੁਪਨੇ ਜਿਸਨੇ  163-164
ਬੁੱਧ ਨੇ ਸੁੰਦਰ ਨਾਰੀ ਤਿਆਗੀ  165
ਪਤਾ ਨਹੀਂ ਤੁਸੀਂ ਕਿਵੇਂ ਯਾਰੋ  166
ਹੇ ਸਦਜੀਵੀ ਸਰਵ-ਵਿਆਪੀ  167




ਭੁਲਾਈਏ ਨਾ ਪੂਰਨਤਾ ਜੀਵਨ ਦੀ

ਭੁਲਾਈਏ ਨਾ ਪੂਰਨਤਾ ਜੀਵਨ ਦੀ,
ਭੁੱਲੀਏ ਨਾ ਕਦੀ ਅਨੰਤ ਖੁਦਾਈ।
ਰੱਬ ਨਾ ਕੋਈ ਵਿਅਕਤੀ ਹੈ,
ਸਦ-ਜੀਵੀ ਅਬਨਾਸ਼ੀ ਸਰਵ-ਵਿਆਪੀ,
ਪਰਮ ਸੱਤਾ ਹੈ ਭਾਈ।

ਜੇ ਬੰਦਾ ਨਿਰਾ ਹੀ ਬੰਦਾ ਬਣਸੀ,
ਨਿਰੀ ਮਨੁੱਖਤਾ ਦੇਵੇ ਦਿਖਾਈ।
ਬ੍ਰਹਿਮੰਡੀ ਆਪੇ ਨੂੰ ਉਹ ਭੁੱਲ ਜਾਵੇ,
ਵਿਧਾਤੇ ਸੰਗ ਫਿਰ ਕਰੇ ਲੜਾਈ।

ਬੰਦਾ ਆਪਣੇ ਜੋਗਾ ਭੀ ਨਾਹੀਂ,
ਭੁਲ ਜਾਵੇ ਜੇ ਇਹ ਖੁਦਾਈ।
ਇਨਸਾਨੀਅਤ ਦੀ ਹਓਮੇਂ ਵਿਚ ਆ ਕੇ,
ਨੱਚੇ ਟੱਪੇ ਤੇ ਗਿਰ ਜਾਈ।

ਭੋਲੇਪਣ ਨੂੰ ਇਹ ਭੁੱਲ ਜਾਵੇ,
ਗੁੰਝਲਾਂ ਵਿਚ ਕਰੇ ਸਿੰਙ ਫਸਾਈ।
ਸ਼ਰਮ ਵਿਚ ਇਹ ਮੂੰਹ ਲਟਕਾਵੇ,
ਭੁੱਲ ਸਰਵ-ਵਿਆਪੀ ਆਪਾ ਭਾਈ।

ਦੌਲਤਮੰਦ ਬੇਸ਼ੱਕ ਹੋ ਜਾਵੇ,
ਕਰਕੇ ਭਾਰੀ ਲੁੱਟ ਲੁਟਾਈ।
ਲੋੜਵੰਦਾਂ ਨੂੰ ਕੁਝ ਨਾ ਦੇਵੇ,
ਪਰ ਕਰਦਾ ਫਿਰੇ ਇਹ ਖੂਬ ਖਿੰਡਾਈ।

ਕਰਦੇ ਜਾਵੇ ਮਨ ਪਰਚਾਵੇ,
ਨਸ਼ੇ ਪੱਤੇ ਇਹ ਰੱਜ ਕੇ ਖਾਵੇ
ਰੰਗਰਲੀਆਂ ਇਹ ਖੂਬ ਮਨਾਵੇ
ਇਹ ਸੋਚ ਕਰੇ ਨਾ ਕਾਈ।
ਭੁੱਖ ਬੰਦੇ ਦੀ ਵਧਦੀ ਜਾਵੇ,
ਬੇਲੋੜੀਆਂ ਹੱਦਾਂ ਟੱਪਦਾ ਜਾਵੇ।
ਜੀਵਨ ਇਸਦਾ ਅੱਕੇ ਥਕੇ ਤੇ ਮਚੇ,
ਬਣ ਨੀਰੂ ਇਹ ਬੀਨ ਵਜਾਵੇ। (ਨੀਰੂ= ਅਗਨੀ ਦੇ ਭੰਬੂਕਿਆਂ ਵਿਚ ਬੀਨ ਵਜਾਵੇ।)

ਨਿੱਤ ਰੋਵੇ ਆਪਣੇ ਰੋਣੇ ਧੋਣੇ,
ਮੌਲਕਤਾ ਨੂੰ ਲੱਭਦਾ ਜਾਵੇ।
ਨਿਰੇ ਸੱਚ ਨੂੰ ਇਹ ਭੁਲਾਵੇ,
ਹੋ ਨਿਰਾਸ਼ਾ ਪਛਤਾਵੇ ਤੇ ਸ਼ਰਮਾਵੇ।

ਲਾਟੂ ਵਾਂਗ ਨਿੱਜੀ ਚੱਕਰ ਕੱਟੇ,
ਸਰਵ-ਵਿਆਪੀ ਨੂੰ ਭੁਲਾਵੇ।
ਹਰ ਕੋਈ ਇਸ ਨੂੰ ਗੈਰ ਲੱਗੇ,
ਆਪਣਿਆਂ ਨੂੰ ਹੀ ਅੱਗੇ ਲਿਆਵੇ।

ਸਰਬੱਤ ਭਲੇ ਦੀ ਕਾਰ ਕੀ ਕਰਨੀ,
ਨਿੱਜ ਭਲੇ ਨੂੰ ਭੀ ਭੁਲ ਜਾਵੇ।
ਉਪਜਾਊ ਸ਼ਕਤੀ ਇਸਦੀ ਮੁੱਕੇ,
ਆਰਾਂ ਲਾ ਲਾ ਕੰਮ ਚਲਾਵੇ।

ਅੰਤਰ ਆਤਮਾ ਦੀ ਸੁਣੇ ਨਾ,
ਢੇਰਾਂ ਦੇ ਢੇਰ ਲਗਾਈ ਜਾਵੇ।
ਢੇਰਾਂ ਨੂੰ ਜਾਣੇ ਵਡਿੱਤਣ ਆਪਣੀ,
ਭੁੱਖੀ ਆਤਮਾ ਵੱਢ ਵੱਢ ਖਾਵੇ।

ਬੇਚੈਨੀ ਜੀਵਨ ਵਿੱਚ ਆਵੇ,
ਹੋਰਾਂ ਦਾ ਭੀ ਚੈਨ ਗੁਆਵੇ।
ਸੁਰਤ ਨਾ ਇਸਦੀ ਰਹੇ ਟਿਕਾਣੇ,
ਆਖਰ ਦੁੱਖਾਂ ਵਿਚ ਘਿਰ ਜਾਵੇ।



ਦੁੱਖਾਂ ਦੀ ਦਾਰੂ ਫਿਰੇ ਲੱਭਦਾ
ਅੰਤਰ ਆਤਮਾ ਵੱਢ ਵੱਢ ਖਾਵੇ
ਮੁੜ ਇਸ ਨੂੰ ਸੋਝੀ ਨਾ ਆਵੇ
ਰੋਂਦਾ ਤੇ ਰੁਲਦਾ ਇਥੋਂ ਟੁਰ ਜਾਵੇ।
*********



























ਅਨੰਤ ਆਕਾਰ ਪਰਮ ਸੱਤਾ ਦਾ
ਅਨੰਤ ਆਕਾਰ ਪਰਮ ਸੱਤਾ ਦਾ,
ਲਘੂ ਆਪੇ ਵਿਚ ਆ ਨਹੀਂ ਸਕਦਾ।
ਸਾਰਾ ਹੀ ਸਾਗਰ ਇੱਕ ਤੁਪਕੇ ਵਿੱਚ,
ਕਦੀ ਭੀ ਰਚ ਰਚਾ ਨਹੀਂ ਸਕਦਾ।

ਲਘੁ ਆਪੇ ਤੋਂ ਬਾਹਰ ਆ ਕੇ,
ਆਪਣੀ ਮੈਂ ਨੂੰ ਛੱਡ ਛੁਡਾ ਕੇ।
ਪਰਮ ਆਪੇ ਸੰਗ ਮਿਲ ਸਕਦੇ ਹਾਂ,
ਫੁੱਲ ਨਿਆਂਈ ਖਿਲ ਸਕਦੇ ਹਾਂ।

ਕਾਮ ਕਰੋਧ ਲੋਭ ਮੋਹ ਹੰਕਾਰ,
ਪੰਜੇ ਗੁਣ ਗੁਣਕਾਰੀ ਯਾਰ।
ਜਦੋਂ ਪੰਜੇ ਅਬਗੁਣ ਬਣ ਜਾਂਦੇ,
ਵੰਡ ਦਿੰਦੇ ਸਾਰਾ ਸੰਸਾਰ।

ਮੈਂ ਮੇਰੀ ਨੇ ਪਾਇਆ ਭੁਲੇਖਾ,
ਲੱਗੇ ਨਾ ਕੋਈ ਵੀ ਇੱਕ ਸਾਰ।
ਅੰਦਰੋਂ ਸਾਰੇ ਇੱਕ ਨੇ ਯਾਰੋ,
ਵੱਖ ਵੱਖ ਰੂਪ ਨੇ ਵਿਚ ਸੰਸਾਰ।

ਦੂਈ ਦਵੈਸ਼ ਨੂੰ ਕਿਵੇਂ ਮਿਟਾਈਏ,
ਗਿਆਨ ਬਿਨਾ ਅੰਨ੍ਹਾਂ ਸੰਸਾਰ।
ਵਿਦਿਆ ਗਿਆਨ ਵਿਗਿਆਨ ਸਿਖਾਵੇ,
ਕਿ ਸਰਬਤ ਭਲੇ ਦੀ ਕਰੀਏ ਕਾਰ।
*********






ਜੇਕਰ ਜਾਣੀਏ ਗੈਰ ਕਿਸੇ ਨੂੰ

ਜੇਕਰ ਜਾਣੀਏ ਗੈਰ ਕਿਸੇ ਨੂੰ,
ਮੂਰਖਤਾ ਹੈ ਭਾਰੀ।
ਅਸਵਾਰ ਇੱਕੋ ਸਵਾਰੀ ਵੱਖਰੀ,
ਚਾਹੇ ਹੋਵੇ ਕੋਈ ਨਰ ਨਾਰੀ।

ਸਭਨਾਂ ਦੇ ਵਿਚ ਇੱਕੋ ਬਿਰਾਜੇ,
ਹੋਰ ਨਾ ਕਿਧਰੇ ਕੋਈ ਮੁਦਾਰੀ।
ਇੱਕੋ ਧਾਤ ਤੋਂ ਬਣੇ ਨੇ ਸਾਰੇ,
ਹੈ ਇੱਕੋ ਹੀ ਫੁਲਵਾੜੀ।

ਸਿੱਧੀ ਸਾਦੀ ਸਾਦ ਮੁਰਾਦੀ,
ਗੱਲ ਅਸਾਂ ਨੇ ਕਿਉਂ ਵਿਸਾਰੀ।
ਦੂਈ ਦਵੈਸ਼ ਨੂੰ ਜੇ ਮਿਟਾਈਏ,
ਜਿੰਦ ਹੋਵੇ ਸੁਖੀ ਹਮਾਰੀ।

ਵਿਪਪ੍ਰੀਤ ਵਿਰੋਧੀ ਗੁਣਾਂ ਨੇ ਰਲ ਕੇ,
ਹੈ ਕਾਰ ਚਲਾਈ ਸਾਰੀ।
ਆਤਮ ਅਤੇ ਪਦਾਰਥ ਤੰਤ ਵਿੱਚ,
ਕੋਈ ਫਰਕ ਨਾ ਕਿਧਰੇ ਭਾਰੀ।

ਕਿਧਰੇ ਵੀ ਕੋਈ ਕਮੀ ਨਹੀਂ ਹੈ,
ਹਰ ਇੱਕ ਸ਼ੈ ਖੂਬ ਘੜੀ ਹੈ।
ਕਿਧਰੋਂ ਵੀ ਕੁਝ ਹੋਰ ਨਾ ਆਵੇ,
ਪਰਮ ਸੱਤਾ ਨੇ ਲਾਈ ਝੜੀ ਹੈ। 
*********





ਪਰਮ ਸੱਤਾ ਦਾ ਇਹ ਬਗੀਚਾ

ਪਰਮ ਸੱਤਾ ਦਾ ਇਹ ਬਗੀਚਾ,
ਬਿਨ ਮੰਤਵ ਦੇ ਨਾਹੀਂ।
ਚਾਹੇ ਉਗਣ ਸੇਬ ਸੁਨਹਿਰੀ,
ਚਾਹੇ ਉਗਦੀ ਹੋਵੇ ਕਾਹੀਂ।

ਪਰਮ ਸੱਤਾ ਨੂੰ ਬੁਝ ਨਾ ਸਕੀਏ,
ਥੋੜ੍ਹੀ ਜਿੰਨੀ ਹੈ ਬੁੱਧ ਹਮਾਰੀ।
ਓਹਦੀ ਕੀਤੀ ਨਹੀਂ ਪਛਾਣ ਕਿਸੇ ਨੇ,
ਧਰਮਾਂ ਨੂੰ ਆਈ ਸੂਝ ਨਾ ਸਾਰੀ।

ਕੋਈ ਕਰਨ ਬਹਾਨਾ ਬੁੱਝਣ ਦਾ,
ਬਹਿਣ ਗੱਦੀ ਤੇ ਢੌਂਗ ਰਚਾ ਕੇ।
ਪਰ ਨਾਨਕ ਨੇ ਸੱਚ ਆਖਿਆ,
ਅਨੰਤ ਬੇਅੰਤ ਅਨੰਤ ਫੁਰਮਾਕੇ।

ਅਣਜਾਣਪੁਣੇ ਵਿਚ ਜਿੰਦ ਲੰਘਾਈਏ,
ਪਰਮ ਸੱਤਾ ਨੂੰ ਸੀਸ ਝੁਕਾ ਕੇ।
ਰੰਚਕ ਮਾਤਰ ਭੇਦ ਨਾ ਪਾਈਏ,
ਕਿਉਂ ਆਖੀਏ ਕੁੱਝ, ਪਾਖੰਡ ਰਚਾ ਕੇ।

ਇਹ ਜੋ ਰੱਬ ਰੱਬ ਕਰਦੇ ਫਿਰਦੇ,
ਖਾ ਖਾ ਟਕਰਾਂ ਪਿੱਛੇ ਮੁੜਦੇ।
ਜਾਂ ਫਿਰ ਗੀਤ ਇਹ ਗਾਈ ਜਾਂਦੇ,
ਬਿਨ ਬੁੱਝਿਆਂ ਹੀ ਸੀਸ ਝੁਕਾ ਕੇ।

ਬੇਨਾਮੇ  ਦਾ ਨਾਉਂ ਰੱਖਦੇ ਨੇ,
ਚੀਕ ਚਿੰਘਾੜਾ ਜੱਗ ਵਿਚ ਪਾ ਕੇ।
ਨਿਰੇ ਸੱਚ ਦੀਆਂ ਬਾਤਾਂ ਪਾਉਂਦੇ,
ਕੂੜ ਕੁਫਰ ਦੇ ਕਿੱਸੇ ਸੁਣਾ ਕੇ।

ਪਰਮ ਸੱਤਾ ਨੂੰ ਉਹ ਪਛਾਣੇ,
ਰਹੇ ਸਦਾ ਜੋ ਉਸਦੇ ਭਾਣੇ।
ਬੋਲ ਬੋਲ ਕੇ ਦੱਸ ਨਾ ਸਕੀਏ,
ਬੋਲੀਏ ਬੋਲ ਬਚ ਬਚਾ ਕੇ।
*********



























ਇੱਕ ਨੁਕੀਲੀ ਧਾਰਾ ਵਿਚੋਂ

ਇੱਕ ਨੁਕੀਲੀ ਧਾਰਾ ਵਿਚੋਂ,
ਉਪਜਿਆ ਹੈ ਇਹ ਜੱਗ ਸਾਰਾ।
ਇਹ ਨਿਰੀ ਕਲਪਣਾ ਸਾਡੀ,
ਕਿ ਕਿਵੇਂ ਉਪਜਿਆ ਇਹ ਨਜ਼ਾਰਾ।

ਸੂਰਜ ਤਾਰੇ ਸਿਤਾਰੇ ਉਪਜੇ,
ਇੱਕ ਉਪਜੀ ਜੀਵਨ ਧਾਰਾ।
ਮਹਾਂ ਕਾਲ ਦਾ ਇਹ ਕ੍ਰਿਸ਼ਮਾ,
ਅਟਲ ਹੁਕਮ ਦਾ ਇਹ ਨਜ਼ਾਰਾ।

ਜੋ ਹੋਇਆ ਇੰਜ ਹੋਣਾ ਹੀ ਸੀ,
ਹੋਣ ਬਿਨਾ ਕੋਈ ਨਹੀਂ ਸੀ ਚਾਰਾ।
ਚਾਹੇ ਕਿਵੇਂ ਵੀ ਹੋਇਆ ਹੋਵੇ,
ਹੈ ਪਰਮ ਸੱਤਾ ਦਾ ਇਹ ਨਜ਼ਾਰਾ।

ਕਰ ਕਲਪਣਾ ਕਹਿ ਗਏ ਸਾਰੇ,
ਕਿ ਰੱਬ ਜੀ ਨੇ ਰਚਿਆ ਹੈ ਇਹ ਸਾਰਾ।
ਵਿਗਿਆਨ ਹੀ ਘੁੰਡੀ ਖੋਲ੍ਹ ਸਕੇਗਾ,
ਕਿ ਕਿਵੇਂ ਪ੍ਰਗਟਿਆ ਇਹ ਨਜ਼ਾਰਾ।

ਅਟਕਲ ਪੱਚੂ ਸੋਚ ਦੁੜਾਈਏ,
ਸੋਚ ਅੰਦਰ ਨਾ ਆਵੇ ਸਾਰਾ।
ਕਾਨੂੰਨੇ ਕੁਦਰਤ ਲਾਗੂ ਜੱਗ ਵਿਚ,
ਪਰ ਕਦੀ ਕਦਾਈ ਵੱਖ ਲੱਗੇ ਨਜ਼ਾਰਾ।

ਕਈ ਵਾਰੀ ਕੁਝ ਐਸਾ ਹੁੰਦਾ,
ਕਿ ਪਰੇ ਸੋਚ ਤੋਂ ਸਾਰੇ ਦਾ ਸਾਰਾ।
ਕਾਨੂੰਨੇ ਕੁਦਰਤ ਤੋਂ ਵੱਖ ਦਿਸੇ,
ਐਸਾ ਅਨੁਭਵ ਹੈ ਹਮਾਰਾ।

ਕਦੀ ਕਦਾਈਂ ਐਸਾ ਹੋ ਜਾਵੇ,
ਆਇਆ ਹੋਵੇ ਜਿਵੇਂ ਕੋਈ ਹਲਕਾਰਾ।
ਪਰਮ ਸੱਤਾ ਆਪੋਂ ਰੱਬ ਬਣਕੇ,
ਕੀਤਾ ਹੋਵੇ ਜਿਵੇਂ ਕੋਈ ਚਾਰਾ।

ਤਰਕ ਅਧੂਰਾ ਅਜੇ ਹੈ ਸਾਡਾ,
ਵਿਗਿਆਨ ਅਧੂਰਾ ਸਾਰੇ ਦਾ ਸਾਰਾ।
ਸੱਭ ਕੁਝ ਅਜੇ ਅਸੀਂ ਬੁਝ ਨਹੀਂ ਸਕਦੇ,
ਅਟੱਲ ਹੁਕਮ ਤੋਂ ਕੁਝ ਨਹੀਂ ਬਾਹਰਾ।

ਵਾਂਙ ਗਲੋਟੇ ਦੇ ਉੱਧੜ ਰਿਹਾ ਹੈ,
ਪਰਮ ਸੱਤਾ ਦਾ, ਨਿੱਤ ਨਵਾਂ ਨਜ਼ਾਰਾ।
ਸੁੱਧ ਬੁੱਧ ਅਜੇ ਅਧੂਰੀ ਸਾਡੀ,
ਕਹਿ ਨਾ ਸਕੀਏ ਪੂਰਾ ਤੇ ਸਾਰੇ ਦਾ ਸਾਰਾ।
*********

















ਬਦਲਣਹਾਰ ਹੈ ਜੱਗ ਸਾਡਾ


ਬਦਲਣਹਾਰ ਹੈ ਜੱਗ ਸਾਡਾ,
ਜੋ ਬਦਲ ਜਾਵੇ ਉਹ ਨਹੀਂ ਹਮਾਰਾ।
ਇੱਕੋ ਇੱਕ ਪਰਮ ਸੱਤਾ ਹੈ,
ਅਲਾਹ ਵਾਹਿਗੁਰੂ ਰਾਮ ਹਮਾਰਾ।

ਪਰਮ ਸੱਤਾ ਹੀ ਸਦਜੀਵੀ ਹੈ,
ਪਰਮ ਸੱਤਾ ਹੈ ਸਰਵ-ਵਿਆਪੀ।
ਪਰਮ ਸੱਤਾ ਸੰਗ ਰਿਸ਼ਤਾ ਸਾਡਾ,
ਕੋਈ ਰਿਸ਼ਤਾ ਨਹੀਂ ਕਿਸੇ ਸੰਗ ਬਾਕੀ।

ਭਿੰਨ ਭਿੰਨ ਸਰੀਰ, ਜਗਤ ਵਿੱਚ ਆਏ,
ਇੱਕੋ ਆਪੇ ਦਾ ਹੈ ਨਜ਼ਾਰਾ।
ਹਓਮੈਂ ਕਾਰਨ ਦੂਈ ਦਵੈਸ਼ ਹੈ,
ਜੱਗ ਇੱਕੋ ਹੈ ਸਾਰੇ ਦਾ ਸਾਰਾ।

ਇਹ ਸਰੀਰ ਜੋ ਮੈਂ ਬਣਿਆ ਹੈ,
ਹਓਮੈਂ ਕਾਰਨ ਇਹ ਤਣਿਆ ਹੈ।
ਸੱਤਾ ਇਸਦੀ ਪਰਮ-ਸਤ ਹੈ,
ਬਿਨ ਸੱਤਾ ਦੇ ਇਹ ਮਰਿਆ ਹੈ। 

ਚਾਰ ਚੁਫੇਰੇ ਪਰਮ ਸਤ ਹੈ,
ਹੋਣਾ ਉਸਦਾ ਉਸਦੇ ਹੱਥ ਹੈ।
ਹਰ ਕਾਇਆ ਵਿਚ ਬਿਰਾਜਮਾਨ ਹੈ,
ਹਰ ਇੱਕ ਸ਼ੈਅ ਵਿਚ ਇੱਕ ਸਮਾਨ ਹੈ।

ਪਰਮ ਸਤ 'ਚੋਂ ਉਪਜੀ ਮਾਇਆ,
ਜਿਸ ਨੇ ਸਾਰਾ ਜਗਤ ਬਣਾਇਆ।
ਹਰ ਇੱਕ ਸ਼ੈਅ ਦੀ ਬ੍ਰਹਿਮੰਡੀ ਸ਼ਾਨ ਹੈ,
ਸਾਰਾ ਬ੍ਰਹਿਮੰ ਇੱਕੋ ਜਾਨ ਹੈ।

ਇੱਕੋ ਮਾਲਾ ਦੇ ਮਣਕੇ ਸਾਰੇ,
ਗੰਢ ਅਸੀਂ ਹਾਂ ਇੱਕੋ ਜਾਲ ਦੀ।
ਕੁਝ ਵੀ ਏਥੇ ਵੱਖ ਨਹੀਂ ਹੈ,
ਹਓਮੈਂ ਸਾਡੀ ਭਰਮ ਪਾਲਦੀ। 
*********



























ਰੱਬ ਦੇ ਝਗੜੇ ਜੱਗ ਦੇ ਝਗੜੇ

ਰੱਬ ਦੇ ਝਗੜੇ ਜੱਗ ਦੇ ਝਗੜੇ,
ਮੁੱਕਣ ਨਾ ਸਾਡੇ ਜੱਗ ਵਿਚਕਾਰ।
ਰੱਬ ਦੇ ਝਗੜੇ ਧਰਮਾਂ ਨੇ ਪਾਏ,
ਜੱਗ ਵਾਲੇ ਉਲਝਾਏ ਨੇ ਯਾਰ।

ਕਿਧਰੇ ਵੀ ਕੋਈ ਐਸਾ ਰੱਬ ਨਾ,
ਲਾਇਆ ਹੋਵੇ ਜਿਸ ਨੇ ਦਰਬਾਰ।
ਰੱਬ ਤਾਂ ਪਰਮ ਸੱਤਾ ਹੈ ਜੱਗ ਦੀ,
ਸਦ-ਜੀਵੀ ਅਬਨਾਸ਼ੀ ਸਾਰੇ ਇੱਕਸਾਰ।

ਅਣਹੋਂਦ ਸੰਗ ਹੈ ਹੋਂਦ ਸਮਾਈ,
ਵਿਪ੍ਰੀਤ ਗੁਣਾਂ ਦਾ ਹੈ ਭੰਡਾਰ।
ਵਿਪ੍ਰੀਤ ਗੁਣੀ ਨਿਹੋਂਦ 'ਚੋਂ ਹੀ
ਉੁਪਜਿਆ ਹੈ ਸਾਰਾ ਸੰਸਾਰ।

ਸਾਡਾ ਤਰਕ ਹੈ ਅਜੇ ਅਧੂਰਾ,
ਅਧੂਰੀ ਹੈ ਸਾਡੀ ਸੋਚ ਵਿਚਾਰ।
ਨਿੱਤ ਨਵਾਂ ਸੱਚ ਲੱਭਦੇ ਜਾਈਏ,
ਵਧਦਾ ਜਾਵੇ ਸੱਚ-ਭੰਡਾਰ।

ਰੱਬ ਨਾ ਕਿਸੇ ਨੂੰ ਪਾਏ ਕੁਰਾਹੇ,
ਰੱਬ ਤਾਂ ਲੈਂਦਾ ਸੱਭ ਦੀ ਸਾਰ।
ਮੋਮਨ ਤੇ ਕਾਫਰ ਇੱਕ ਬਰਾਬਰ,
ਸਾਰਾ ਹੀ ਜੱਗ ਰੱਬੀ ਦਰਬਾਰ।

ਸਦਾ ਹੀ ਕਿੰਤੂ ਕਰਦੇ ਜਾਈਏ,
ਵਿਦਿਆ ਗਿਆਨ ਵਿਗਿਆਨ ਫੈਲਾਈਏ,
ਬਣ ਕੇ ਭਿਖਸ਼ੂ ਘਰ ਘਰ ਜਾਈਏ,
ਵਹਿਮ ਭਰਮ ਅੰਧਕਾਰ ਮਿਟਾਈਏ।

ਸੁਧ ਬੁਧ ਤੇ ਗਿਆਨ ਵਿਗਿਆਨ,
ਅਜੇ ਅਧੂਰੇ ਤੇ ਬਰਾਏ ਨਾਮ।
ਪੂਰਨਤਾ ਕਿਵੇਂ ਕਰੀਏ ਬਿਆਨ,
ਜਾਣੀਏ ਪੂਰਾ ਜੇ ਪੂਰਾ ਗਿਆਨ।

ਅਜੇ ਤਾਂ ਅਸੀਂ ਮਸਾਂ ਟੁਰੇ ਹਾਂ,
ਮੰਜ਼ਲ ਦਾ ਕੋਈ ਨਹੀਂ ਨਿਸ਼ਾਨ।
ਅਗਿਆਨਤਾ ਅਤੇ ਅੰਧ-ਵਿਸ਼ਵਾਸ਼ੀ,
ਫੈਲੀ ਹੈ ਸਾਰੇ ਵਿੱਚ ਜਹਾਨ।

ਸਰਮਾਏਦਾਰੀ ਨਿਜ਼ਾਮ ਨੇ ਯਾਰੋ,
ਬਦਲ ਦਿੱਤੇ ਰਾਜਸੀ ਨਿਜ਼ਾਮ।
ਪਰ ਕੌਮਾਂ ਦੀ ਬੇਪਤੀ ਦਾ,
ਸੰਗ ਸੰਗ ਆਇਆ ਹੈ ਪੈਗ਼ਾਮ।
*********

















ਅਮੀਰੀ ਗਰੀਬੀ ਫੈਲੀ ਜੱਗ ਵਿਚ

ਅਮੀਰੀ ਗਰੀਬੀ ਫੈਲੀ ਜੱਗ ਵਿਚ,
ਲੋਕ ਰਾਜ ਹੋਇਆ ਬਦਨਾਮ।
ਵੋਟ ਰਾਜ ਇਹ ਲੋਕ ਰਾਜ ਨਹੀਂ,
ਕੁਲਾਂ ਤੇ ਦੌਲਤ ਦਾ ਨਿਜ਼ਾਮ।

ਜੇਕਰ ਬੰਦੇ ਨੂੰ ਸੋਝੀ ਆਵੇ,
ਵਿਤਕਰੇ ਕਦੀ ਵੀ ਸਹਿ ਨਾ ਪਾਵੇ।
ਇਨਕਲਾਬੀ ਘੋਲ ਵਿਚ ਜੁਟ ਜਾਵੇ,
ਸਾਂਝੀਵਾਲਤਾ ਜੱਗ ਵਿਚ ਲਿਆਵੇ।

ਸਰਮਾਏਦਾਰੀ ਦਾ ਦਮ ਘੁਟ ਜਾਵੇ,
ਖਾਨਦਾਨਾਂ ਦੀ ਲੁੱਟ ਮੁੱਕ ਜਾਵੇ।
ਪਰਜਾਤੰਤਰ ਜੱਗ ਵਿਚ ਆਵੇ,
ਸ਼ਾਨ ਬੰਦੇ ਦੀ ਵਧਦੀ ਜਾਵੇ।

ਸਿਆਸੀ ਸਮਾਜੀ ਆਰਥਿਕ ਵਿਤਕਰੇ,
ਹੋ ਗਏ ਜੱਗ ਵਿਚ ਆਮ।
ਰੁਲਦਾ ਫਿਰਦਾ ਆਮ ਆਦਮੀ,
ਲੋਕ ਰਾਜ ਹੋਇਆ ਬਦਨਾਮ।

ਅਸਲ ਵਿਚ ਇਹ ਲੋਕ ਰਾਜ ਨਾ,
ਲੋਕਾਂ ਦੀ ਕਿਧਰੇ ਕੋਈ ਆਵਾਜ਼ ਨਾ।
ਲੋਕ ਭਲੇ ਦੀ ਗੱਲ ਨਾ ਕੋਈ,
ਜਨਤਾ ਦੀ ਜਿੰਦਗੀ ਦੁੱਭਰ ਹੋਈ।

ਕਸੂਰ ਭੀ ਇਹਦਾ ਸਿਰ ਜਨਤਾ ਦੇ,
ਜਨਤਾ ਕਿਉਂ ਨਾ ਹੋਵੇ ਨਰੋਈ।
ਅਗਿਆਨੀ, ਅੰਧ-ਵਿਸ਼ਵਾਸ਼ੀ ਜਨਤਾ,
ਹੋਵੇ ਕਿਵੇਂ ਨਰੋਈ।

ਬਿਨ ਵਿਦਿਆ ਗਿਆਨ ਵਿਗਿਆਨ ਦੇ
ਜਨਤਾ ਨੂੰ ਲੱਗੇ ਨਾ ਸੋਝੀ ਕੋਈ।
ਰੁਲਦੇ ਬੱਚੇ ਬੁੱਢੇ ਜਵਾਨ,
ਖਾਨਦਾਨਾਂ ਦੀ ਚਾਂਦੀ ਹੋਈ।

ਬਹੁਤੀ ਜਨਤਾ ਕਿਉਂ ਆਮ ਹੈ,
ਆਰਥਿਕਤਾ ਦੀ ਪਈ ਲਗਾਮ ਹੈ।
ਸਾਰੇ ਢਾਂਚੇ ਸਾਡੇ ਉਲਾਰੂ,
ਨਿੱਜ ਦੀਆਂ ਦੌੜਾਂ ਜੱਗ ਵਿਚ ਭਾਰੂ।

ਨਾਜ਼ਰ ਉੱਠੇ ਨਾਜ਼ਰਾਂ ਨੂੰ ਜਗਾਵੇ,
ਘਰ ਘਰ ਜਾ ਕੇ ਢੋਲ ਵਜਾਵੇ।
ਉੱਠੇ ਜਨਤਾ ਢਾਂਚੇ ਬਦਲਾਵੇ,
ਅੱਗੇ-ਵਧੂ ਇਨਕਲਾਬ ਲੈ ਆਵੇ।

ਕਿਤੇ ਨਾਜ਼ਰ ਭੁਲੇਖਾ ਖਾ ਨਾ ਜਾਣ,
ਤਲਵਾਰ ਚੰਗੀ ਸਦਾ ਵਿੱਚ ਮਿਆਨ।
ਅੱਗੇ ਵਧੂ ਇਨਕਲਾਬ ਆ ਜਾਵੇ,
ਜੇ ਲੋਕਾਂ ਦਾ ਸਿਲਾਬ ਆ ਜਾਵੇ।

ਬੌਂਦਲੇ ਲੋਟੂ ਜੇ ਪਾਉਣ ਘਸਮਾਨ,
ਉਸ ਵੇਲੇ ਕੱਢੀਏ ਮਿਆਨੋਂ ਕਿਰਪਾਨ।
ਸਾਰੇ ਹੀਲੇ ਜਦ ਮੁਕ ਜਾਵਣ,
ਤਾਂ ਚੁੱਕੀਏ ਕਿਰਪਾਨ।
*********







ਇਹ ਵੋਟ ਰਾਜ ਨਹੀਂ ਲੋਕ ਰਾਜ


ਇਹ ਵੋਟ ਰਾਜ ਨਹੀਂ ਲੋਕ ਰਾਜ,
ਕੁਲੀਨ ਕੁਲਾਂ ਦੇ ਸਿਰ ਤਾਜ।
ਪੁੱਛੇ ਨਾ ਕੋਈ ਲੋਕਾਂ ਨੂੰ,
ਲੋਕਾਂ ਦੀ ਕੋਈ ਨਹੀਂ ਆਵਾਜ਼।

ਹਥਿਆਰਬੰਦ ਕਰਾਂਤੀ ਲਿਆਈਏ,
ਫੌਜੀ ਤੇ ਪੁਲਸੀਏ ਪੁੱਤ ਲੋਕਾਂ ਦੇ।
ਕੀ ਉਹਨਾਂ ਨੂੰ ਮਾਰ ਮੁਕਾਈਏ,
ਜਾਂ ਉਹਨਾਂ ਹੱਥੋਂ ਆਪੋਂ ਮਰ ਜਾਈਏ।

ਹੁਣ ਨਾ ਤਾਕਤ ਨਿਕਲਦੀ,
ਦੋ ਨਾਲੀ ਬੰਦੂਕ 'ਚੋਂ।
ਹੁਣ ਤਾਂ ਤਾਕਤ ਨਿਕਲਦੀ,
ਵੋਟਾਂ ਦੇ ਸੰਦੂਕ 'ਚੋਂ।

ਸੂਝ ਲੋਕਾਂ ਦੀ ਬਦਲਾਈਏ,
ਕਰਾਂਤੀ ਆਪਣੇ ਆਪ ਆ ਜਾਵੇ।
ਅੰਦਰੋਂ ਬਾਹਰੋਂ ਇੱਕ ਹੋ ਜਾਈਏ,
ਤਾਂ ਕੋਈ ਕਰਾਂਤੀ ਠਹਿਰ ਪਾਵੇ।

ਬਿਨਾ ਵਿਦਿਆ ਗਿਆਨ ਵਿਗਿਆਨ ਦੇ,
ਸੋਚ ਲੋਕਾਂ ਦੀ ਬਦਲਾਈ ਨਾ ਜਾਵੇ।
ਬਦਲੇ ਜੋ ਸੋਚ ਲੋਕਾਂ ਦੀ,
ਤਾਂ ਕਰਾਂਤੀ ਝਟ ਆ ਜਾਵੇ।

ਯਾਰੋ ਕਰੋ ਕੁਝ ਸੋਚ ਵਿਚਾਰ,
ਤੱਕੋ ਜ਼ਮਾਨੇ ਦੀ ਰਫਤਾਰ।
ਲੋਕਾਂ ਦਾ ਕਿਉਂ ਹੋਵੇ ਸੰਘਾਰ,
ਰੂਪ ਰੇਖਾ ਕਰਾਂਤੀ ਦੀ ਬਦਲੋ ਯਾਰ।

ਸਾਡਾ ਤਾਂ ਇਹ ਨਿੱਜੀ ਵਿਚਾਰ,
ਬਦਲ ਨਾ ਸਕੀਏ ਕੁਝ ਵੀ,
ਜੇ ਚੁੱਕੀਏ ਹਥਿਆਰ,
ਬਦਲੇ ਨਾ ਜੇ ਲੋਕਾਂ ਦੀ ਸੂਝ ਬੂਝ ਤੇ ਵਿਚਾਰ।
*********



























ਮੰਗਤਾ ਮੰਗਦਾ ਜਾ ਰਿਹਾ ਹੈ
ਮੰਗਤਾ ਮੰਗਦਾ ਜਾ ਰਿਹਾ ਹੈ,
ਘਰ ਘਰ ਅਲਖ ਜਗਾ ਰਿਹਾ ਹੈ।
ਸਰਮਾਏਦਾਰੀ ਨਿਜ਼ਾਮ ਦੇ,
ਮੂੰਹ 'ਤੇ ਥੱਪੜ ਲਗਾ ਰਿਹਾ ਹੈ।

ਕਿਉਂ ਕੋਈ ਮੰਗੇ ਵਿਚ ਜਹਾਨ,
ਸਾਰੇ ਬੰਦੇ ਇੱਕ ਸਮਾਨ।
ਸਰਮਾਏਦਾਰੀ ਨਿਜ਼ਾਮ ਸਾਡਾ,
ਅਮੀਰ ਗਰੀਬ ਬਣਾ ਰਿਹਾ ਹੈ।

ਐਸਾ ਆਰਿਥਕ ਪ੍ਰਬੰਧ ਚਲਾਵੇ,
ਲੋਟੂ ਲਾਣਾ ਲੁਟਦਾ ਜਾਵੇ।
ਚਤਰ ਬੰਦਾ ਤੇ ਧੱਕੜ ਬੰਦਾ,
ਹੱਕ ਹੋਰਾਂ ਦੇ ਖਾ ਰਿਹਾ ਹੈ।

ਬੁੱਚੇ ਬੁੱਢੇ ਰੁਲਦੇ ਫਿਰਦੇ,
ਰੁਲਦੇ ਫਿਰਦੇ ਨੌਜੁਆਨ।
ਇਸ ਵਿਚ ਰੱਬ ਦੀ ਰਜ਼ਾ ਨਾ ਕੋਈ,
ਸਰਮਾਏਦਾਰੀ ਸਿਸਟਮ ਕਰੇ ਹੈਰਾਨ।

ਸਰਮਾਏਦਾਰੀ ਨਿਜ਼ਾਮ ਨੇ ਜਕੜਿਆ,
ਹਰ ਇੱਕ ਬੰਦਾ ਖਾਸ ਔਰ ਆਮ।
ਮੁਹੱਲਿਆਂ ਵਿਹੜਿਆਂ ਮਾਜਰੀਆਂ ਵਿਚ,
ਬੇਕਾਰ ਬੰਦੇ! ਪਰ ਨਹੀਂ ਆਰਾਮ।

ਕੋਈ ਨਾਨਕ ਨੂੰ ਹਾਕਾਂ ਮਾਰੇ,
ਕੋਈ ਈਸਾ ਨੂੰ ਖੜ੍ਹਾ ਪੁਕਾਰੇ।
ਕੋਈ ਮੁਹੰਮਦ ਦੇ ਲਾਵੇ ਨਾਅਰੇ,
ਪਰ ਵੱਧ ਨਾ ਸਕੀ ਬੰਦੇ ਦੀ ਸ਼ਾਨ।
*********
ਸਰਮਾਏਦਾਰੀ ਇਨਕਲਾਬ ਆਇਆ

ਸਰਮਾਏਦਾਰੀ ਇਨਕਲਾਬ ਆਇਆ,
ਭਿੰਨ ਭਿੰਨ ਕੁਰੀਤੀਆਂ ਸੰਗ ਲਿਆਇਆ।
ਲੋਕ ਰਾਜ ਦਾ ਢੋਲ ਵਜਾ ਕੇ,
ਜਨਮ ਤੇ ਦੌਲਤ ਅਗੱੇ ਲਿਆਇਆ।

ਆਮ ਜਨਤਾ ਨੂੰ ਕੋਈ ਨਾ ਪੁੱਛੇ,
ਅਮੀਰ ਗਰੀਬ ਸਾਰਾ ਜੱਗ ਬਣਾਇਆ।
ਸਿੱਥਥ ਟੋਲਾ ਇੱਕ ਹੋਂਦ 'ਚ ਆਇਆ,
ਲੋਕਾਂ ਨੂੰ ਰੱਬ ਦੇ ਲੜ ਲਾਇਆ।

ਵਿਦਿਆ ਗਿਆਨ ਵਿਗਿਆਨ ਵਿਹੂਣੀ,
ਜਨਤਾ ਡੇਰਿਆਂ ਦੇ ਵਿਚ ਜਾਵੇ।
ਕਿਸਮਤ ਕਿਸਮਤ ਫਿਰੇ ਕੂਕਦੀ,
ਅੰਧਵਿਸ਼ਵਾਸ਼ੀ ਘਰ ਲੈ ਆਵੇ।

ਜੇ ਕੋਈ ਭੋਰਾ ਅਕਲ ਦੁੜਾਵੇ,
ਕਰਾਂਤੀਕਾਰੀ ਉਹ ਬਣ ਜਾਵੇ।
ਇੱਕ ਇਕੱਲਾ ਕੀ ਕਰੇਗਾ,
ਲੜ ਭਿੜ ਕੇ ਆਪਣੀ ਜਿੰਦ ਲੰਘਾਵੇ।

ਇਹ ਵੋਟ ਰਾਜ ਨਾ ਲੋਕ ਰਾਜ ਹੈ,
ਅਸਲੋਂ ਤਾਂ ਇਹ ਖੋਟ ਰਾਜ ਹੈ।
ਲੋਕਾਂ ਦੀ ਆਵਾਜ਼ ਸੁਣੇ ਨਾ,
ਧੰਨ ਦੌਲਤ ਕੁਲਾਂ ਨੂੰ ਅੱਗੇ ਲਿਆਵੇ।

ਤੱਕ ਕੇ ਕਾਰੇ ਲੋਕ ਰਾਜ ਦੇ,
ਕਰਾਂਤੀਕਾਰੀ ਵਿਉਂਤ ਬਣਾਵੇ।
ਕਿ ਕੁਝ ਐਸਾ ਕੀਤਾ ਜਾਵੇ,
ਤਾਂ ਜੋ ਪਰਜਾਤੰਤਰ ਆਵੇ।

ਵਿਸ਼ਵੀਕਰਨ ਹੋ ਰਿਹਾ ਹੈ,
ਸਰਮਾਏਦਾਰੀ ਜਿੰਨੇ ਪੈਰ ਫੈਲਾਵੇ,
ਓਨੀ ਹੀ ਇਹ ਸੁੰਗੜਦੀ ਜਾਵੇ,
ਸਾਰੀ ਦੁਨੀਆਂ ਦਾ ਮਜ਼ਦੂਰ,
ਫਿਰ ਇੱਕ ਹੋ ਜਾਵੇ।
*********


























ਸਰਮਾਏਦਾਰੀ ਨਿਜ਼ਾਮ ਅੰਦਰ
ਸਰਮਾਏਦਾਰੀ ਨਿਜ਼ਾਮ ਅੰਦਰ
ਕਾਬਲੀਅਤ ਅੱਗੇ ਆ ਨਹੀਂ ਸਕਦੀ,
ਗਰੀਬ ਹੁੰਦੇ ਨੇ ਬੇ-ਆਵਾਜ਼।
ਵਿਦਿਆ ਗਿਆਨ ਵਿਗਿਆਨ ਵਿਹੂਣੇ,
ਬਦਲ ਨਹੀਂ ਸਕਦੇ ਆਪਣੇ ਭਾਗ।

ਦੋਫਾੜ ਲੋਕਾਂ ਨੂੰ ਕਰਨ ਲਈ,
ਵੋਟਾਂ ਦਾ ਢਕਵੰਜ ਰਚਾਇਆ।
ਕਰਾਂਤੀ ਦਾ ਰਾਹ ਰੋਕਿਆ,
ਲੋਕਾਂ ਨੂੰ ਕੁਰਾਹੇ ਪਾਇਆ।

ਲੋਕਾਂ ਦਾ ਰਾਜ ਹੁੰਦਾ ਹੈ,
ਸਰਵ ਸੰਮਤੀ ਦਾ ਰਾਜ।
ਲਿਆਕਤ ਜਿੱਥੇ ਅੱਗੇ ਆਉਂਦੀ,
ਸਿਆਣਪ ਦੇ ਸਿਰ ਹੁੰਦਾ ਤਾਜ।

ਸਿਆਸੀ ਅਤੇ ਆਰਥਿਕ ਢਾਂਚੇ,
ਬਦਲਣੇ ਪੈਂਦੇ ਨੇ ਇੱਕੋ ਵਾਰ।
ਸਰਮਾਏਦਾਰਾਂ ਨੂੰ ਕਿੰਤੂ ਇਸ 'ਤੇ,
ਖਾਨਦਾਨ ਕਰਦੇ ਇਤਰਾਜ਼।

ਰੁਲਦੀ ਜਨਤਾ ਝੱਲ ਨਹੀਂ ਸਕਦੀ,
ਸਰਮਾਏਦਾਰੀ ਦਾ ਆਜ਼ਾਬ।
ਲੋਕ ਦਰਦੀ ਜਦ ਅੱਗੇ ਆਉਂਦੇ,
ਬਣ ਜਾਂਦੀ ਜਨਤਕ ਆਵਾਜ਼।

ਕਮਿਊਨਿਸਟ ਮਾਰਕਸਿਸਟ ਨਕਸਲਵਾਦੀ,
ਫਿਰਨ ਵਜਾਉਂਦੇ ਆਪਣੇ ਸਾਜ।
ਕਾਂਗਰਸ ਬਿਰਲੇ ਟਾਟਿਆਂ ਦੀ,
ਬੀ.ਜੇ.ਪੀ. ਮੱਧ-ਵਰਗ ਆਵਾਜ਼।

ਅਕਾਲੀ ਪਾਰਟੀ ਮਲਕ ਭਾਗੋਆਂ ਦੀ,
ਭਾਈ ਲਾਲੋ ਨੇ ਬੇ-ਆਵਾਜ਼।
ਬੀ.ਐਸ.ਪੀ. ਦੀ ਮਹਾਂਰਾਣੀ ਦੇ
ਸਮਝ ਨਾ ਆਉਂਦੇ ਹਿਸਾਬ ਕਿਤਾਬ।

ਚਮਾਰ ਚਮਾਰ ਨਿੱਤ ਕੂਕਦੀ,
ਕਿਧਰ ਜਾਣ ਜੋ ਨਹੀਂ ਚਮਾਰ।
ਸਾਂਭ ਲੈ ਬੀਬੀ ਵਾਗ ਡੋਰ ਤੂੰ,
ਕਰਾਂਤੀ ਦਾ ਨਾ ਕਰ ਸੰਘਾਰ।

ਬਿਨ ਕਰਾਂਤੀ ਦੇ ਕੁਝ ਨਹੀਂ ਹੋਣਾ,
ਪਿਸ ਜਾਣਗੇ ਲੋਕ ਵਾਰ-ਮ-ਵਾਰ।
ਹਰਾਵਲ ਦਸਤੇ ਜੇ ਉੱਠਣਗੇ,
ਸਾਰੇ ਜਾਣਗੇ ਹੀ ਬੇਕਾਰ।

ਗੱਲ ਲੈਨਿਨ, ਗਾਂਧੀ ਮਾਓਵਾਦੀ ਦੀ ਜੋੜੋ,
ਮਾਰਕਸਿਜ਼ਮ ਦਾ ਵੀ ਕਰੋ ਵਿਚਾਰ।
ਕੋਈ ਇੱਕ ਨਵੀਂ ਕਰਾਂਤੀ ਲਿਆਈਏ।
ਬਿਨਾ ਖੂਨ ਖਰਾਬੇ ਬਿਨ ਹਥਿਆਰ।

ਸੰਘਾਰ ਨਾ ਹੋਵੇ ਲੋਕਾਂ ਦਾ,
ਸਿੱਥਥ ਸਮਾਜ ਛੱਡੇ ਅਧਿਕਾਰ।
ਐਸਾ ਨਾ ਹੋਵੇ ਕਿ ਕਿਧਰੇ,
ਖੂਨ ਦੀ ਵਗ ਪਵੇ ਫੁਆਰ।

ਸਰਮਾਏਦਾਰੀ ਜਮਹੂਰੀਅਤ ਸਾਡੀ,
ਨਿਰੀ ਹੀ ਹੈ ਬੇਕਾਰ।
ਚੋਣਾਂ ਵਿੱਚ ਜਿੱਤ ਜਾਂਦੇ ਨੇ,
ਦੌਲਤਮੰਦ ਧਨੀ ਸਰਦਾਰ,


ਜਾਂ ਫਿਰ ਚੋਣਾਂ ਜਿੱਤਦੇ ਨੇ,
ਮਿੱਲਾਂ ਦੇ ਮਾਲਕ, ਕਾਰਖਾਨੇਦਾਰ।
ਜਾਂ ਕਿਸੇ ਮਾਫੀਆ ਦੇ ਸਰਗਣਾ
ਤੇ ਲੱਠਮਾਰ- ਇਸਨੂੰ ਆਖੀਏ ਲੋਕ ਰਾਜ।

ਯਾਰੋ ਇਹ ਲੋਕ ਰਾਜ ਨਹੀਂ,
ਲੋਕਾਂ ਦੇ ਸਿਰ ਤਾਜ ਨਹੀਂ।
ਜਨਮ ਤੇ ਦੌਲਤ ਅੱਗੇ ਆ ਜਾਂਦੇ,
ਕੋਈ ਲੋਕਾਂ ਦੀ ਆਵਾਜ਼ ਨਹੀਂ। 

ਸਰਮਾਏਦਾਰੀ ਜਮਹੂਰੀਅਤ,
ਸਾਡੇ ਮੱਥੇ 'ਤੇ ਦਾਗ਼।
ਰੁਲਦੇ ਫਿਰਦੇ ਨੇ ਲੋਕ ਸਾਡੇ,
ਬਦਲ ਨਹੀਂ ਸਕਦੇ ਆਪਣੇ ਭਾਗ।

ਭਿੰਨ ਭਿੰਨ ਨਿਜ਼ਾਮ ਦੁਨੀਆਂ ਦੇ,
ਸੁਖ ਭੀ ਲਿਆਏ ਦੁੱਖ ਭੀ ਲਿਆਏ।
ਸਮੇਂ ਅਨੁਸਾਰ ਬੰਦੇ ਨੇ,
ਨਵੇਂ ਲਿਆਂਦੇ ਪੁਰਾਣੇ ਬਦਲਾਏ।

ਸਰਮਾਏਦਾਰੀ ਜਮਹੂਰੀਅਤ ਆਈ,
ਦੇਸ਼ਾਂ ਨੂੰ ਆਜ਼ਾਦ ਕਰਵਾਇਆ।
ਕੌਮਾਂ ਨੂੰ ਸਾਹ ਦਵਾਇਆ,
ਸਮੇਂ ਨਾਲ ਗਲ਼ ਫੰਧਾ ਪਾਇਆ।

ਇੱਕ ਪਾਸੇ ਦੌਲਤ ਦੇ ਭੰਡਾਰ,
ਆਮ ਲੋਕਾਂ ਗਲ਼ ਪਏ ਲੰਗਾਰ।
ਇਹ ਕਾਨੂੰਨੀ ਲੁੱਟ ਮਚਾਈ,
ਇਹ ਤਾਂ ਅਪਰਾਧ ਹੈ ਮੇਰੇ ਭਾਈ।



ਸਰਮਾਏਦਾਰੀ ਜਮਹੂਰੀਅਤ ਕਰ ਨਹੀਂ ਸਕਦੀ
ਆਮ ਲੋਕਾਂ ਦਾ ਕਲਿਆਣ।
ਮੇਰੇ ਦੇਸ਼ ਦੇ ਰਹਿਬਰੋ ਮੇਰੇ ਦੇਸ਼ ਦੇ ਨੀਤੀਵਾਨੋ
ਜੁੰਮੇਵਾਰੀ ਤੁਹਾਡੀ ਹੈ ਕਿ ਰੁਲੇ ਨਾ ਜਨਤਾ ਆਮ।
*********



























ਕੋਈ ਫੌਜੀ ਜਾਂ ਸਿਪਾਹੀ

ਕੋਈ ਫੌਜੀ ਜਾਂ ਸਿਪਾਹੀ,
ਆਪਣੇ ਲੋਕਾਂ ਨੂੰ ਨਾ ਮਾਰੇ।
ਸਿਪਾਹੀ ਤੇ ਫੌਜੀ ਪੁੱਤ ਲੋਕਾਂ ਦੇ,
ਜੋ ਕਰਦੇ ਫਿਰਦੇ ਨੇ ਮੁਜਾਹਰੇ।

ਕਿਉਂ ਲੋਕ ਸੜਕਾਂ 'ਤੇ ਆਉਂਦੇ,
ਕਿਉਂ ਲਾਉਂਦੇ ਨੇ ਨਾਅਰੇ।
ਸੌ ਵਿਚੋਂ ਪੰਜਾਂ ਨੇ ਯਾਰੋ,
ਸਾਂਭ ਲਏ ਨੇ ਤਖਤ ਹਜ਼ਾਰੇ।

ਜੇ ਰੋਟੀ ਕੱਪੜਾ ਨਹੀਂ ਮਕਾਨ,
ਆ ਜਾਂਦੇ ਲੋਕ ਵਿਚ ਮੈਦਾਨ।
ਫੌਜੀ ਤੇ ਸਿਪਾਹੀ ਲੋਕਾਂ ਦੇ ਜਾਏ,
ਲੋਕ ਹੀ ਉਹਨਾਂ ਨੇ ਮਾਰ ਮੁਕਾਏ।

ਫੌਜੀ ਸਿਪਾਹੀ ਤੇ ਲਿਤਾੜੇ ਲੋਕ,
ਸਾਰੇ ਹੀ ਇੱਕ ਨੇ ਨਹੀਂ ਦੋ ਥੋਕ,
ਕਿਉਂ ਇੱਕ ਦੂਜੇ ਸੰਗ ਕਰਨ ਲੜਾਈ,
ਹਾਕਮਾਂ ਨੇ ਗਰੀਬਾਂ ਦੀ ਮੱਤ ਭੁਲਾਈ।

ਪੁਲੀਸ ਫੌਜ ਤੇ ਲੋਕ ਸਾਰੇ,
ਹੋ ਜਾਂਦੇ ਇਕੱਠੇ ਜੇ ਵੈਰੀ ਲਲਕਾਰੇ।
ਜੇ ਪੁਲਸ ਤੇ ਫੌਜ ਲੋਕਾਂ ਨੂੰ ਮਾਰੇ,
ਹਾਹਾਕਾਰ ਮੱਚ ਜਾਵੇ ਸਾਰੇ।

ਪੁਲਸ ਤੇ ਫੌਜ ਦੀ ਇਹ ਸਿਖਲਾਈ,
ਹਾਕਮ ਜੁੰਡੀ ਨੇ ਕਰਵਾਈ।
ਫੌਜ ਦੇਸ਼ ਦੀ ਰੱਖਿਆ ਕਰਦੀ,
ਪੁਲੀਸ ਰੋਕੇ ਗੁੰਡਾਗਰਦੀ।

ਜੇ ਉੱਠਣ ਲੋਕ ਮਾਰਨ ਲਲਕਾਰੇ,
ਇਹ ਨਹੀਂ ਗੁੰਡਾਗਰਦੀ ਪਿਆਰੇ।
ਜੇ ਮਿਲੇ ਨਾ ਰੋਟੀ ਕੱਪੜਾ ਮਕਾਨ,
ਭੁੱਖੇ ਮਰਦੇ ਲੋਕ ਕਿੱਧਰ ਨੂੰ ਜਾਣ।

ਕਿਉਂ ਨਹੀਂ ਰੋਟੀ ਕੱਪੜਾ ਮਕਾਨ,
ਕੌਣ ਰੋਲਦਾ ਲੋਕਾਂ ਦੀ ਸ਼ਾਨ।
ਸੌ 'ਚੋਂ ਪੰਜ ਲੁਟੇਰੇ ਭਾਈ,
ਲੁਟੀ ਗਈ ਜਨਤਾ ਦੁੱਖਾਂ ਮੂੰਹ ਆਈ।

ਛਿਪੀ ਰਹੇ ਐਸੀ ਗੁੰਡਾਗਰਦੀ,
ਪੁਲੀਸ ਇਹਨਾਂ ਦੀ ਰੱਖਿਆ ਕਰਦੀ।
ਆਵਾਜ਼ ਲੋਕਾਂ ਦੀ ਜੇਕਰ ਮਰਦੀ,
ਫਿਰ ਪਰਜਾਤੰਤਰ ਪਰਜਾਤੰਤਰ ਦੁਨੀਆਂ ਕਰਦੀ।
*********

















ਕਰਨ ਇਕੱਠੀ ਜੋ ਦੌਲਤ ਸਾਰੀ
ਕਰਨ ਇਕੱਠੀ ਜੋ ਦੌਲਤ ਸਾਰੀ,
ਭਰਨ ਗੁਦਾਮ ਅਤੇ ਅਟਾਰੀ।
ਸਾਂਭਣ ਬਿਜ਼ਨਿਸ ਸਾਰੀ ਦੀ ਸਾਰੀ,
ਖਰੀਦਣ ਸਾਧਨ ਸਾਰੇ ਪਰਚਾਰੀ।

ਪੂੰਜੀਵਾਦੀ ਨਿਜ਼ਾਮ ਸਾਡਾ,
ਲੁੱਟ ਮਚਾਵੇ ਐਸੀ ਭਾਰੀ।
ਖਾਲੀ ਹੋਵੇ ਜੇਬ ਜਨਤਾ ਦੀ,
ਜਨਤਾ ਫਿਰੇ ਮਾਰੀ ਮਾਰੀ।

ਪੂੰਜੀਵਾਦ ਹੱਦ ਬੰਨੇ ਤੋੜੇ,
ਕੌਮੀ ਦੌਲਤ ਲੁੱਟ ਲੈਂਦੇ ''ਥੋੜ੍ਹੇ''।
ਭੁੱਖੇ ਮਰਦੇ ਮੁਹੱਲੇ ਤੇ ਵਿਹੜੇ,
ਮਾੜੀਆਂ ਨੂੰ ਫਿਰ ਪੁੱਛਣ ਕਿਹੜੇ?

ਢੇਰ ਲਗਾਵਣ ਪੁੱਟ ਮਿੱਟੀ ਸਾਰੀ,
ਸਮਾਂ ਕੁਲਾਂ ਦਾ ਤੇ ਦੌਲਤ ਦਾ,
ਬੀਤ ਜਾਣਾ ਜਾਏ ਬਾਜ਼ੀ ਹਾਰੀ।
ਆਮ ਲੋਕਾਂ ਦੀ ਆ ਜਾਣੀ ਵਾਰੀ।

ਮਾਓਵਾਦੀ ਤੇ ਨਕਸਲਬਾੜੀ,
ਸਭ ਲੋਕਾਂ ਦੇ ਹਿਤਕਾਰੀ।
ਇਹ ਗੱਲ ਵੱਖਰੀ ਕਿ ਸੋਚ ਉਹਨਾਂ ਦੀ,
ਕਰਦੀ ਮਾਰੋ ਮਾਰੀ।

ਉਹਨਾਂ ਦਾ ਮੰਨਣਾ ਕੋਈ ਰਾਜ ਨਾ ਦੇਵੇ
ਜੋ ਲੇਵੇ ਨਿੱਜ ਬਲ ਸੇ ਲੇਵੇ।
ਪਰ ਭੁੱਲ ਉਹਨਾਂ ਦੀ ਸਾਰੀ ਦੀ ਸਾਰੀ,
ਹੁੰਦਾ ਸੀ ਉਦੋਂ ਇੱਕ ਮਦਾਰੀ।

ਇੱਕ ਪੁਰਖੀ ਰਾਜ ਦਾ ਇਹ ਸਿਧਾਂਤ,
ਥੋੜ੍ਹੇ ਖਹਿੜੇ ਹੁਣ ਫਿੱਟ ਨਾ ਆਵੇ।
ਲੋਕ ਰਾਜ ਵਿਚ ਪੂੰਜੀਵਾਦ,
ਲੜ ਮਰ ਕੇ ਨਾ ਬਦਲਿਆ ਜਾਵੇ।

ਪੁਨਰਜਾਗਰਣ, ਫਰਾਂਸੀਸੀ ਅਤੇ ਰੂਸੀ ਇਨਕਲਾਬ,
ਸਾਨੂੰ ਇਹ ਸਿਖਾਉਂਦੇ,
ਬਿਨ ਵਿਦਿਆ ਗਿਆਨ ਵਿਗਿਆਨ ਦੇ,
ਸਿਥੱਥ ਵਰਗ ਨਾ ਲੋਕ ਉਲਟਾਉਂਦੇ।

ਜੇਕਰ ਉਹ ਉਲਟਾ ਦਿੰਦੇ ਨੇ,
ਭੀੜਾਂ ਦੀ ਇੱਕ ਧਾੜ ਬਣਾ ਕੇ,
ਅੰਦਰੋਂ ਬਾਹਰੋਂ ਇੱਕ ਨਾ ਹੋਵਣ,
ਬਹਿ ਜਾਂਦੇ ਨੇ ਉਹ ਪਛਤਾ ਕੇ।

ਆਓ ਆਪਾਂ ਤਬਦੀਲੀ ਲਿਆਈਏ,
ਗਰੀਬਾਂ ਤੋਂ ਗਰੀਬ ਨਾ ਮਰਵਾਈਏ।
ਫੌਜੀ ਤੇ ਪੁਲਸੀਏ ਪੁੱਤ ਲੋਕਾਂ ਦੇ,
ਲਿਆਈਏ ਤਬਦੀਲੀ ਸੂਝ ਵਧਾ ਕੇ।

ਇਹ ਵੋਟ ਰਾਜ ਜੋ ਖੋਟ ਰਾਜ ਹੈ,
ਜਨਮ ਤੇ ਦੌਲਤ ਅੱਗੇ ਲਿਆਵੇ।
ਕਾਬਲੀਅਤ ਆਪਾਂ ਅੱਗੇ ਲਿਆਈਏ,
ਆਮ ਲੋਕਾਂ ਦੀ ਸੂਝ ਵਧਾ ਕੇ।

ਬਣ ਭਿਖਸ਼ੂ ਆਪਾਂ ਘਰ ਘਰ ਜਾਈਏ,
ਸਾਂਝ ਦਿਲਾਂ ਦੀ ਲੋਕਾਂ ਸੰਗ ਪਾਈਏ।
ਵਿਦਿਆ ਗਿਆਨ ਵਿਗਿਆਨ ਦਾ,
ਘਰ ਘਰ ਢੋਲ ਵਜਾਈਏ।

ਨਿੱਜ ਕਰਨੀ ਵਿਚ ਕਿਉਂ ਫਸੇ ਹਾਂ,
ਨਿੱਜੀ ਸੁੱਖਾਂ ਲਈ ਦੌੜ ਲਗਾ ਕੇ।
ਕੋਈ ਅਮੀਰ ਕੋਈ ਗਰੀਬ ਹੈ,
ਸਰਵ ਸਾਂਝ ਨੂੰ ਮਨੋਂ ਭੁਲਾ ਕੇ।


ਬਦਲ ਦੇਈਏ ਉਲਾਰੂ ਢਾਂਚੇ,
ਵਿਦਿਆ ਗਿਆਨ ਵਿਗਿਆਨ ਵਧਾ ਕੇ।
ਇੱਕ ਸਭਨਾਂ ਲਈ ਸਾਰੇ ਇੱਕ ਲਈ,
ਸਰਵ ਸਾਂਝ ਦੀ ਕਾਰ ਕਮਾ ਕੇ।

ਉਚ ਨੀਚ ਨਾ ਰਹਿਣ ਦੇਈਏ,
ਆਰਥਿਕ ਢਾਂਚਾ ਇੱਕਸਾਰ ਬਣਾ ਕੇ।
ਕਰੀਏ ਆਰਥਿਕ ਸੋਮੇ ਸਾਂਝੇ,
ਪੂੰਜੀਵਾਦ ਨੂੰ ਪਰੇ ਹਟਾ ਕੇ।

ਖਾਨਦਾਨਾਂ ਦਾ ਰਾਜ ਨਾ ਹੋਵੇ,
ਦੌਲਤਮੰਦਾਂ ਸਿਰ ਤਾਜ ਨਾ ਹੋਵੇ।
ਸਾਂਝੀਵਾਲਤਾ ਦੇਸ਼ ਵਿੱਚ ਆਵੇ,
ਕਾਬਲੀਅਤ ਦੇ ਸਿਰ ਤਾਜ ਪਹਿਨਾ ਕੇ।

ਇੱਕ ਮਹਾਂਵਿਦਿਆਲਾ ਹਰ ਜ਼ੋਨ ਲਈ,
ਪੜ੍ਹਾਈਏ ਬੱਚੇ ਇੱਕ ਥਾਂ ਬੈਠਾ ਕੇ।
ਲੱਗਣ ਸਾਰੇ ਧੀ ਪੁੱਤ ਸਭ ਨੂੰ,
ਦੂਈ ਦਵੈਸ਼ ਨੂੰ ਮਨੋਂ ਭੁਲਾ ਕੇ।

ਉੱਤਮਤਾ ਬੰਦੇ ਵਿਚ ਆਵੇ,
ਸਰਬ ਸਾਂਝ ਦੇ ਗੁਣ ਅਪਣਾ ਕੇ।
ਵਿੱਤ ਮੁਤਾਬਕ ਹਰ ਕੋਈ ਕਮਾਵੇ,
ਵੰਡ ਖਾਈਏ ਬਿਨ ਵੰਡੀਆਂ ਪਾ ਕੇ।

ਸਾਰੇ ਦੁੱਖਾਂ ਦੀ ਦਾਰੂ ਇੱਕੋ,
ਸਾਰੇ ਹੱਕ ਤੇ ਫਰਜ਼ ਅਪਣਾ ਕੇ।
ਭੁਲ ਜਾਈਏ ਧਰਮਾਂ ਦੇ ਝਗੜੇ,
ਇੱਕ ਦੂਜੇ ਸੰਗ ਪਿਆਰ ਵਧਾ ਕੇ।
*********


ਨਿੱਜ ਦੀ ਸੋਝੀ ਜਿਸ ਨੂੰ ਆ ਜਾਵੇ
ਨਿੱਜ ਦੀ ਸੋਝੀ ਜਿਸ ਨੂੰ ਆ ਜਾਵੇ,
ਦੁਨੀਆਂ ਸੰਗ ਰਿਸ਼ਤਾ ਬੁਝ ਪਾਵੇ।
ਫਿਰ ਵੱਖ ਨਾ ਕੋਈ ਨਜ਼ਰੀ ਆਵੇ,
ਹਰ ਸ਼ੈਅ ਵਿਚ ਆਪਾ ਦਿਸ ਆਵੇ।

ਵੱਖ ਨਾ ਸਾਡੇ ਤੋਂ ਦੁਨੀਆਂ ਸਾਡੀ,
ਜੱਗ ਵਿੱਚ ਆਪੇ ਦਾ ਪਾਸਾਰ।
ਇੱਕ ਤੋਂ ਅਨੇਕ ਬਣੇ ਹਾਂ,
ਵਧਦੇ ਹੀ ਜਾਈਏ ਲਗਾਤਾਰ।

ਵੱਖ ਸਰੀਰ ਹਰ ਇੱਕ ਸ਼ੈਅ ਦਾ,
ਅੰਦਰੋਂ ਸਾਰੇ ਇੱਕ ਨੇ ਯਾਰ।
ਦੂਈ ਦਵੈਸ਼ ਨਿਰਾ ਭੁਲੇਖਾ,
ਆਕਾਰਣ ਹੀ ਬਣ ਜਾਂਦੀ ਭਾਰ।

ਪਰਮ ਆਨੰਦ ਪਰਮ ਸੱਤਾ ਦਾ,
ਜੋ ਸਵਰਗਾਂ ਦਾ ਸੀ ਭੰਡਾਰ।
ਖਬਰੇ ਕਿਵੇਂ ਤੇ ਕਿਉਂ ਟੁਟਿਆ,
ਮਚ ਗਈ ਸਾਰੇ ਹਾਹਾਕਾਰ।

ਜੱਗ ਤਮਾਸ਼ਾ ਕਲੇਸ਼ਾਂ ਦਾ ਘਰ,
ਸੁਖੀ ਨਾ ਕੋਈ ਜਾਈਏ ਜਿਸ ਦਰ।
ਪੁੰਜ ਗੁਣ ਅਬਗੁਣ ਸੰਗ ਸੰਗ ਆ ਗਏ,
ਜੱਗ ਨੂੰ ਦੁੱਖਾਂ ਦਾ ਘਰ ਬਣਾ ਗਏ।

ਕਾਮ ਕਰੋਧ ਲੋਭ ਮੋਹ ਹਓਮੈਂ,
ਪਾਉਂਦੇ ਵਿਗਾੜ ਜੱਗ ਵਿਚਕਾਰ।
ਰਾਜੇ ਰਾਣੇ ਅਤੇ ਪੂੰਜੀਵਾਦੀ,
ਇਹਨਾਂ ਦੀ ਹੀ ਪੈਦਾਵਾਰ।

ਬੁਝ ਲਈਏ ਜੇ ਅਸਲ ਭੇਦ ਨੂੰ,
ਮਿਥਿਆ ਜਾਪੇ ਸਭ ਸੰਸਾਰ।
ਸਾਰੀ ਭਜ ਨੱਠ ਛੱਡ ਬਹਿ ਜਾਈਏ,
ਪਰਮ ਸਤਾ ਦਾ ਆਵੇ ਵਿਚਾਰ।
*********



























ਅਸੀਂ ਐਸਾ ਸਿਸਟਮ ਅਪਣਾਇਆ ਹੈ

ਅਸੀਂ ਐਸਾ ਸਿਸਟਮ ਅਪਣਾਇਆ ਹੈ,
ਇਕਨਾਂ ਦੇ ਹੱਥ ਆਰਥਿਕ ਸੋਮੇ,
ਇਕਨਾਂ ਨੂੰ ਤਰਸਾਇਆ ਹੈ,
ਬੰਦਾ ਜੱਗ ਵਿਚ ਰੁਲਾਇਆ ਹੈ।

ਆਮ ਜਨਤਾ ਬੇ-ਆਵਾਜ਼ ਹੈ,
ਕੁਝ ਕੁ ਕੁਲਾਂ ਦੇ ਹੱਥ ਰਾਜ ਹੈ।
ਸਾਡਾ ਵੋਟ ਰਾਜ ਤਾਂ ਖੋਟ ਰਾਜ ਹੈ,
ਜਨਮ ਤੇ ਦੌਲਤ ਦੇ ਸਿਰ ਤਾਜ ਹੈ।

ਨਿੱਜੀ ਸੁੱਖ ਤੇ ਨਿੱਜੀ ਸ਼ਾਨ ਨੂੰ,
ਅਸੀਂ ਆਪਣਾ ਮਿਸ਼ਨ ਬਣਾਇਆ ਹੈ।
ਬਿੱਦ ਬਿੱਦ ਕੇ ਅਸੀਂ ਅੱਗੇ ਲੰਘੀਏ,
ਹਰ ਕਿਸੇ ਨੇ ਤਾਣ ਲਗਾਇਆ ਹੈ।

ਭੱਜ ਨੱਠ ਵਿਚ ਪਈ ਜ਼ਿੰਦਗੀ,
ਮਨ ਦਾ ਚੈਨ ਗਵਾਇਆ ਹੈ।
ਖੋਹ-ਖਿੰਝ ਵਿਚ ਪੈ ਗਿਆ ਬੰਦਾ,
ਲੱਗੇ ਆਪਣਾ ਜੋ ਪਰਾਇਆ ਹੈ।

ਜੱਗ ਪੈਸਾ ਪੈਸਾ ਕਰਦਾ ਹੈ,
ਲੁੱਟਦਾ ਹੈ ਨਾ ਡਰਦਾ ਹੈ।
ਪਰ ਇਸ ਮੱਕੜ ਜਾਲ ਵਿਚ,
ਹਰ ਕੋਈ ਦੁਖੜੇ ਭਰਦਾ ਹੈ।

ਫਿਰ ਧਰਮਾਂ ਦਾ ਲੜ ਫੜਦਾ ਹੈ,
ਨਾਮ ਦੀ ਦਾਰੂ ਕਰਦਾ ਹੈ।
ਬਦਲੇ ਨਾ ਤਕਦੀਰ ਆਪਣੀ,
ਇਨਕਲਾਬ ਤੋਂ ਡਰਦਾ ਹੈ।

ਚਲੋ ਚਾਲ ਜਿੰਦ ਨੂੰ ਚਲਾਵੇ,
ਬੰਦਾ ਆਪਣੀ ਸ਼ਾਨ ਭੁਲਾਵੇ।
ਵਿਦਿਆ ਗਿਆਨ ਵਿਗਿਆਨ ਬਿਨਾ,
ਰਿੜ੍ਹ ਰਿੜ੍ਹ ਕੇ ਜਿੰਦ ਲੰਘਾਵੇ।

ਇਹ ਮਸਲੇ ਜੋ ਇਨਸਾਨ ਦੇ,
ਕੁੱਲੀ ਗੁੱਲੀ ਜੁੱਲੀ ਮਕਾਨ ਦੇ,
ਨਹੀਂ ਭਗਤੀ ਦੇ ਨਾਮ ਦੇ,
ਇਹ ਮਸਲੇ ਨਹੀਂ ਭਗਵਾਨ ਦੇ।

ਨਾਮ ਜਪੀਏ ਮਸਤੀ ਚੜ੍ਹ ਜਾਵੇ,
ਨਾਮ ਖੁਮਾਰੀ ਜੱਗ ਭੁਲਾਵੇ।
ਜੇਕਰ ਬੰਦਾ ਤਿਆਗੇ ਦੁਨੀਆਂ,
ਭੁਲੀਏ ਨਾਨਕ ਦਾ ਫੁਰਮਾਨ।

ਨਾਮ ਜਪਣਾ ਕਿਰਤ ਧਰਮ ਦੀ,
ਵੰਡ ਛਕਣਾ ਜੱਗ ਵਿਚ ਵਸਣਾ।
ਰੁਲਦਾ ਰਹੇ ਨਾ ਆਮ ਆਦਮੀ,
ਕਰਦੇ ਜਾਈਏ ਸਮਾਜੀ ਕਲਿਆਣ।

ਦੀਨਦਾਰ ਅਸੀਂ ਬੇਸ਼ੱਕ ਹੋਈਏ,
ਪਰ ਜੱਗ ਨੂੰ ਮਨੋ ਭੁਲਾਈਏ ਨਾ।
ਰੁਲਦੇ ਰਹਿਣਗੇ ਆਮ ਆਦਮੀ,
ਜੇ ਆਰਥਿਕਤਾ ਬਦਲਾਈਏ ਨਾ।

ਜਿੰਨੇ ਪੀਰ ਪੈਗੰਬਰ ਆਏ,
ਸਭ ਨੇ ਗੀਤ ਰੱਬ ਦੇ ਗਾਏ।
ਨੇਕੀ ਬਦੀ ਦੀਆਂ ਕੀਤੀਆਂ ਗੱਲਾਂ,
ਲੋਕ ਰੱਬ ਦੇ ਚਰਨੀ ਲਾਏ।



ਮਸਲੇ ਜੱਗ ਦੇ ਨਹੀਂ ਰੱਬ ਦੇ,
ਕੋਈ ਕਿਵੇਂ ਦੁੱਖਾਂ ਨੂੰ ਪਰੇ ਹਟਾਏ।
ਕਿਉਂ ਨਾ ਜਾਣੀਏ ਕਿ ਰੱਬ ਨਾ ਭੇਜੇ,
ਦੁੱਖ ਅਸਾਂ ਜੋ ਜੱਗ ਵਿਚ ਪਾਏ।

ਜੱਗ ਕੁਰਾਹੇ ਪੈ ਗਿਆ ਯਾਰੋ,
ਰੱਬ ਨੂੰ ਫੜ ਕੇ ਬਹਿ ਗਿਆ ਯਾਰੋ।
ਸਿਆਸੀ ਸਮਾਜੀ ਆਰਥਿਕ ਮਸਲੇ,
ਕੋਈ ਰੱਬ ਨਾ ਆ ਕੇ ਹੱਲ ਕਰਾਏ।

ਵਿਦਿਆ ਗਿਆਨ ਵਿਗਿਆਨ ਬਿਨ,
ਸੂਝ ਲੋਕਾਂ ਦੀ ਕੌਣ ਵਧਾਏ।
ਸੂਝ ਲੋਕਾਂ ਨੂੰ ਜੇ ਨਾ ਆਏ,
ਫਿਰ ਪਰਜਾਤੰਤਰ ਕੌਣ ਲਿਆਏ।

ਕਰਾਂਤੀਕਾਰੀ ਅਸੀਂ ਬੇਸ਼ੱਕ ਹੋਈਏ,
ਪਰ ਸੂਝ ਬਿਨਾ ਇਨਕਲਾਬ ਨਾ ਆਏ।
ਕਰਾਂਤੀਕਾਰੀ ਦਾ ਫਰਜ਼ ਇੱਕੋ ਹੈ,
ਕਿ ਲੋਕਾਂ ਦੀ ਸੂਝ ਵਧਾਏ।

ਪੁਰਾਣੀਆਂ ਲੀਹਾਂ ਛੱਡ ਦੇ ਵੀਰਾ,
ਐਵੇਂ ਖੰਡਾ ਨਾ ਖੜਕਾ।
ਲੱਗੇ ਲੋਕਾਂ ਨੂੰ ਲੋਕ ਰਾਜ ਹੈ,
ਲੋਕਾਂ ਦੇ ਸੰਗ ਮੱਥਾ ਨਾ ਲਾ।

ਸਿਸਟਮ ਜੱਗ ਵਿਚ ਬਦਲਦੇ ਆਏ,
ਪੂੰਜੀਵਾਦ ਸਮਾਜ ਬਦਲੇ।
ਸਰਮਾਏਦਾਰੀ ਨਿਜ਼ਾਮ ਬਦਲੇ,
ਵਿਕਾਸ ਨਾਚ ਬਦਲਾਉਂਦਾ ਜਾਏ।



ਬਣ ਜਾ ਭਿਖਸ਼ੂ ਮੇਰੇ ਯਾਰਾ,
ਜਗਾ ਦੇ ਸਾਰਾ ਭਾਈਚਾਰਾ।
ਕੋਈ ਕੁਲੀਨ ਕੁਲਾਂ ਨੂੰ ਵੋਟ ਨਾ ਪਾਏ,
ਜਨਮ ਤੇ ਦੌਲਤ ਅੱਗੇ ਨਾ ਆਏ।

ਜੰਗ ਦੀਆਂ ਜਿੱਤਾਂ ਨਾਲੋਂ ਵੀਰਾ,
ਅਮਨ ਦੀਆਂ ਜਿੱਤਾਂ ਲੈ ਕੇ ਆ।
ਕਿਸਮਤ ਕਿਸਮਤ ਲੋਕ ਕੂਕਦੇ,
ਨਾਜ਼ਰਾ ਉਹਨਾਂ ਨੂੰ ਸਮਝਾ।

ਬਾਹਰੀ ਤਬਦੀਲੀ ਟਿਕ ਨਹੀਂ ਸਕਦੀ,
ਜੇ ਅੰਦਰੂਨੀ ਤਬਦੀਲੀ ਨਾ ਆਵੇ।
ਅਸਲ ਇਨਕਲਾਬ ਤਾਂ ਆਉਂਦਾ ਹੈ,
ਜੇ ਨਵ-ਜਾਗਰਣ ਹੋ ਜਾਵੇ।
*********

















ਜੇਕਰ ਆਪਣੇ ਹੀ ਘੁਰਨੇ ਵਿਚ
ਜੇਕਰ ਆਪਣੇ ਹੀ ਘੁਰਨੇ ਵਿਚ,
ਸਭ ਕੁਝ ਚੁੱਕ ਕੇ ਲੈ ਜਾਈਏ।
ਮੈਂ ਮੈਂ ਕਰਕੇ ਨਿੱਜ ਬਾਰੇ ਹੀ,
ਜੇਕਰ ਸੋਚ ਦੌੜਾਈਏ।

ਜੱਗ ਵਿਚ ਚੈਨ ਕਿਵੇਂ ਫਿਰ ਆਵੇ,
ਜੇ ਸਾਂਝ ਦਿਲਾਂ ਦੀ ਨਾ ਪਾਈਏ।
ਅਸੀਂ ਤਾਂ ਨਿਰਭਰ ਸਾਰੇ ਜੱਗ 'ਤੇ,
ਬਿਨ ਜੱਗ ਦੇ ਕਿੱਧਰ ਜਾਈਏ।

ਕੁੱਝ ਵੀ ਕਰੀਏ ਜੱਗ ਵਿਚਕਾਰ,
ਸਭਨਾਂ ਸੰਗ ਸਾਡਾ ਸਰੋਕਾਰ।
ਕਿਉਂ ਨਾ ਫਿਰ ਅਸੀਂ ਜਾਣੀਏ,
ਕਿ ਸਾਰਾ ਜੱਗ ਸਾਂਝਾ ਪਰਿਵਾਰ।

ਸਿਉਂਕ ਕੀੜੀ ਤੇ ਚਮਗਾਦੜ,
ਕਰਨ ਵਿਸ਼ਵਾਸ਼ ਤੇ ਕਰਦੇ ਆਦਰ,
ਪਰ ਬੰਦੇ ਖੁਦਗਰਜ ਨੇ ਯਾਰ,
ਭਟਕਣ ਸਾਰੇ ਵਿਚ ਸੰਸਾਰ।

ਮੈਂ ਮੇਰੀ ਨੂੰ ਛੱਡ ਦੇ ਵੀਰਾ,
ਦੂਈ-ਦਵੈਸ਼ ਨੂੰ ਮਨੋ ਵਿਸਾਰ।
ਅਸੀਂ ਸਾਰੇ ਇੱਕ ਦੂਜੇ ਲਈ ਹਾਂ,
ਸਾਰਾ ਹੀ ਜੱਗ ਰੱਬੀ ਦਰਬਾਰ।
***********





ਜੇ ਦਰਦ ਵੰਡਾਈਏ ਲੋਕਾਂ ਦਾ

ਜੇ ਦਰਦ ਵੰਡਾਈਏ ਲੋਕਾਂ ਦਾ,
ਗੱਲ ਨਵੀਂ ਪੁਰਾਣੀ ਕੋਈ ਨਾ ਯਾਰ।
ਪੀੜ ਕਹਾਣੀ ਲੋਕਾਂ ਦੀ,
ਇੱਕੋ ਜੇਹੀ ਹੈ ਵਿਚ ਸੰਸਾਰ।

ਸਿੱਧੀ ਸਾਦੀ ਗੱਲ ਕਹਿੰਦੇ ਸੀ,
ਪੁਰਾਣੇ ਜ਼ਮਾਨੀਂ ਲੋਕਾਂ ਦੇ ਯਾਰ।
ਹੁਣ ਗੱਲ ਖਿੰਡਾ ਕੇ ਕਹਿੰਦੇ ਨੇ,
ਸਿਰਖੰਡੀ ਸ਼ਬਦਾਂ ਦੀ ਮਾਰ।

ਹਓਮੈਂ ਹੈਂਕੜ ਜ਼ੋਰਾਵਰਾਂ ਦੀ,
ਲੋਕਾਂ ਦਾ ਲਹੂ ਦਿੰਦੀ ਠਾਰ।
ਲਿਖਣ ਵਾਲੇ ਜਿਹਨਾਂ ਲਈ ਲਿਖਦੇ,
ਉਹ ਹੀ ਫੜ ਕੇ ਦਿੰਦੇ ਮਾਰ।

ਲੋਕਾਂ ਦੇ ਵੈਰੀ ਗਰੀਬਾਂ ਨੂੰ,
ਪਾ ਦਿੰਦੇ ਵਰਦੀ ਲਾ ਦਿੰਦੇ ਸਟਾਰ।
ਚਮਕ ਸਟਾਰਾਂ ਦੀ ਚੁੰਧਿਆਉਂਦੀ,
ਬਣਾ ਦਿੰਦੀ ਹੈ ਪਹਿਰੇਦਾਰ।

ਅੰਤਰ ਆਤਮਾ ਲੋਕ ਆਤਮਾ,
ਮਨ ਤੁਹਾਡੇ ਵਿਚ ਉੱਗੇ ਖਾਰ।
ਚਾਰ ਦਮੜੇ ਇੱਕ ਵਰਦੀ ਮਿਲਦੀ,
ਆਪਣਿਆਂ ਨੂੰ ਨਾ ਭੁੱਲੋ ਯਾਰ।
*********





ਬਹੁਤ ਉਸਾਰੇ ਮਸਜਿਦ ਮੰਦਰ

ਬਹੁਤ ਉਸਾਰੇ ਮਸਜਿਦ ਮੰਦਰ,
ਬਹੁਤ ਉਸਾਰੇ ਨੇ ਗੁਰਦੁਆਰੇ।
ਪਰ ਨਾ ਤੱਕਿਆ ਰੱਬ ਨੂੰ ਕਿਧਰੇ,
ਫਿਰਦੇ ਲੋਕ ਨੇ ਮਾਰੇ ਮਾਰੇ।

ਸਰਵ ਵਿਆਪੀ ਸਭਨੀਂ ਥਾਈਂ,
ਗੁਰ ਪੀਰ ਪੈਗੰਬਰ ਕਹਿ ਗਏ ਸਾਰੇ।
ਅੰਦਰ ਬਾਹਰ ਵਸ ਰਿਹਾ ਇੱਕੋ,
ਕਰੀਏ ਉਸਨੂੰ ਸਦ ਨਮਸ਼ਕਾਰੇ।

ਗੁਰ ਪੀਰ ਪੈਗੰਬਰ ਪਿਆਰਾਂ ਵਾਲੇ,
ਪਰ ਪਰੋਕਾਰ ਹੰਕਾਰਾਂ ਵਾਲੇ।
ਇੱਕ ਦੂਜੇ ਦਾ ਗਲ਼ ਵੱਢਦੇ ਨੇ,
ਫੂਕ ਦਿੰਦੇ ਵਸਦੇ ਘਰ ਸਾਰੇ।

ਕਲਪਤ ਰਾਹ ਰੱਬ ਜੀ ਵਾਲੇ,
ਪਾ ਰਹੇ ਨੇ ਬਹੁਤ ਪੁਆੜੇ।
ਸਾਡੇ ਦੁੱਖਾਂ ਦੀ ਦਾਰੂ ਇੱਕੋ,
ਕਿ ਉਲਾਰੂ ਢਾਂਚੇ ਬਦਲੀਏ ਸਾਰੇ।

ਨਿੱਜੀ ਸਬੰਧ ਪਰਮ ਸੱਤਾ ਸੰਗ,
ਕੋਈ ਨਾ ਕਿਸੇ ਦੀ ਮੱਤ ਮਾਰੇ।
ਉਨ੍ਹਾਂ ਰੱਬੀ ਰਾਹਾਂ ਦੀ ਲੋੜ ਨਾ ਸਾਨੂੰ,
ਜਿਹਨਾਂ 'ਚ ਰਾਹੀ ਜਾਵਣ ਮਾਰੇ।

ਅਸੀਂ ਸਾਰੇ ਦੁਨੀਆਂ ਦੇ ਵਾਸੀ,
ਕਿਉਂ ਕੋਈ ਦੁਨੀਆਂ ਨੂੰ ਵਿਗਾੜੇ।
ਜੀਵੀਏ ਅਤੇ ਜਿਉਣ ਦੇਈਏ,
ਕਿਉਂ ਕੋਈ ਕਿਸੇ ਨੂੰ ਲਲਕਾਰੇ।

ਰੱਬੀ ਰਾਹ ਐਹਿਰਮਾਨ ਨੇ ਮੱਲੇ, (ਐਹਿਰਮਾਨ=ਸ਼ੈਤਾਨ, ਬਦੀ)
ਔਹਰਮਾਜ਼ਦਾ ਖੜ੍ਹਾ ਪੁਕਾਰੇ। (ਔਹਰ ਮਾਜ਼ਦਾ=ਰੱਬ ਜੀ, ਨੇਕੀ)
ਇਨ ਰਾਹੀਂ, ਖੰਜ਼ਰ ਤ੍ਰਿਸ਼ੂਲ ਤਲਵਾਰ,
ਮਿਲੇ ਪਿਆਰ ਨਾ ਕਿਧਰੇ ਪਿਆਰੇ।
*********



























ਰੱਬ ਨਾ ਕਿਧਰੇ ਛਿਪਿਆ ਬੈਠਾ
ਰੱਬ ਨਾ ਕਿਧਰੇ ਛਿਪਿਆ ਬੈਠਾ,
ਵਸਦਾ ਨਹੀਂ ਕਿਸੇ ਠਾਕਰ ਦੁਆਰੇ।
ਜਿਵੇਂ ਸਾਗਰ ਸੰਗ ਮੀਨ ਦੇ ਰਹਿੰਦਾ,
ਰੱਬ ਭੀ ਰਹਿੰਦਾ ਸੰਗ ਹਮਾਰੇ।

ਮੁਣਸ਼ੀ ਮੁਸ਼ਦੀ ਨਾ ਕੋਈ ਉਸਦਾ,
ਨਾ ਕੋਈ ਮੁੱਲਾਂ ਭਾਈ ਪੁਜਾਰੀ।
ਇੱਕੋ ਅਟੱਲ ਹੁਕਮ ਹੈ ਉਸਦਾ,
ਅਧੀਨ ਚੱਲੇ ਦੁਨੀਆਂ ਸਾਰੀ।

ਕਹਿਣੀ ਕਰਨੀ ਸੋਚਣੀ ਸਾਡੀ,
ਹੋ ਜਾਵੇ ਅੰਕਿਤ ਨਾਲੋ ਨਾਲ।
ਦਿਲ ਸਾਡੇ ਵਿਚ ਜੋ ਕੁਝ ਆਵੇ,
ਅਸੀਂ ਜੋ ਵੀ ਕਰੀਏ ਘਾਲੇ ਮਾਲੇ।

ਕਰੇਂ ਕੁਕਰਮ ਜੋ ਤੂੰ ਵੀਰਾ,
ਹੋਵਣਗੇ ਦੁੱਖ ਦੇਵਣ ਵਾਲੇ।
ਅੰਤਰ ਆਤਮਾ ਰਹੇ ਕੋਸਦੀ,
ਫਿਰ ਮਿਲਦੇ ਸੁੱਖ ਨਾ ਕਦੀ ਵੀ ਭਾਲੇ।

ਰਾਹ ਨੇਕੀ ਦੇ ਪੈ ਜਾਹ ਵੀਰਾ,
ਛੱਡ ਦੇਹ ਸਾਰੇ ਘਾਲੇ ਮਾਲੇ।
ਦੁਨੀਆਂ ਵਿਚ ਨਾ ਦੁੱਖ ਵਧਾ,
ਦੁੱਖੀ ਬਹੁਤ ਨੇ ਦੁਨੀਆਂ ਵਾਲੇ।
***********





ਪ੍ਰੇਮ ਭਾਵਨਾ ਮਿੱਤਰ ਭਾਵਨਾ

ਪ੍ਰੇਮ ਭਾਵਨਾ ਮਿੱਤਰ ਭਾਵਨਾ,
ਹੋਵੇ ਸਭਨਾਂ ਲਈ ਇੱਕਸਾਰ।
ਮਿਲੇ ਪ੍ਰੇਮ ਹਰ ਕਿਸੇ ਨੂੰ,
ਵਿਚ ਸਾਰੇ ਸੰਸਾਰ।

ਕਰੇ ਘਿਰਣਾ ਜੇ ਕੋਈ ਅਸਾਨੂੰ
ਕਰੀਏ ਉਸਨੂੰ ਭੀ ਪਿਆਰ।
ਜਿਸ ਕਾਰਨ ਘਿਰਣਾ ਕੋਈ ਕਰੇ,
ਕਰੀਏ ਉਸ 'ਤੇ ਭੀ ਵਿਚਾਰ।

ਜੇ ਕਰੇ ਈਰਖਾ ਕੋਈ ਸੰਗ ਅਸਾਡੇ,
ਖਾਈਏ ਨਾ ਕਦੀ ਉਸ 'ਤੇ ਖਾਰ।
ਪਰ ਕਟਾਰ ਨਾਲੋਂ ਵੀ ਖਤਰਨਾਕ ਉਹ,
ਰਹੀਏ ਸਦਾ ਉਸ ਤੋਂ ਹੁਸ਼ਿਆਰ।

ਜੇਕਰ ਨਿੰਦਕ ਕੋਈ ਸਾਡਾ,
ਕਰੀਏ ਉਸਦਾ ਭੀ ਸਤਿਕਾਰ।
ਮਿੱਤਰ ਉਸ ਨੂੰ ਜਾਣੀਏ,
ਜੋ ਸਾਡੇ ਔਗੁਣ ਰਿਹਾ ਚਿਤਾਰ।

ਕਰੇ ਪਿਆਰ ਜੇ ਕੋਈ ਅਸਾਂ ਨੂੰ,
ਕਰੀਏ ਉਸ ਨੂੰ ਰੱਜ ਪਿਆਰ।
ਸਿਦਕਦਿਲੀ ਸਦਾ ਸੀਨੇ ਰੱਖੀਏ,
ਕਿ ਵਧੇ ਫੁੱਲੇ ਜੱਗ ਵਿਚ ਪਿਆਰ।
*********





ਤਰਕਵਾਦੀ, ਇਨਕਲਾਬੀ ਤੇ ਇਨਕਾਰੀ
ਤਰਕਵਾਦੀ, ਇਨਕਲਾਬੀ ਤੇ ਇਨਕਾਰੀ,
ਜਦ ਰੱਬ ਜੀ ਦੇ ਘਰ ਆਉਂਦੇ ਨੇ।
ਛੱਡ ਸਿੰਘਾਸ਼ਣ ਰੱਬ ਜੀ ਆਪਣਾ,
ਗਲੇ ਉਹਨਾਂ ਨੂੰ ਲਾਉਂਦੇ ਨੇ।

ਰੱਬੀ ਰਾਜ ਧਰਤ 'ਤੇ ਆਵੇ,
ਇਹ ਆਪਣਾ ਜ਼ੋਰ ਲਗਾਉਂਦੇ ਨੇ।
ਪਰ ਬਦੀ ਦੀ ਤਾਕਤ ਬਹੁਤੀ,
ਆਪਣੀ ਜ਼ਿੰਦ ਗੁਆਉਂਦੇ ਨੇ।

ਕੀ ਹੋਇਆ ਜੇ ਆਖ ਦੇਣ ਇਹ,
ਕਿ ਕਿਧਰੇ ਨਹੀਂ ਖੁਦਾਇਆ।
ਪਰ ਨੇਕੀ ਲਈ ਕਰ ਕੁਰਬਾਨੀ
ਬਦੀ ਨੂੰ ਦੂਰ ਭਜਾਉਂਦੇ ਨੇ।

ਬਦੀ ਸੰਗ ਜਦ ਮੱੱਥਾ ਲਾਉਂਦੇ,
ਰੱਤੀ ਨਾ ਘਬਰਾਉਂਦੇ ਨੇ।
ਕਿੰਨੀ ਵਾਰੀਂ ਸ਼ੈਤਾਨ ਨੂੰ,
ਕੋਹਾਂ ਦੂਰ ਭਜਾਉਂਦੇ ਨੇ।

ਡਟੇ ਰਹਿਣ ਇਹ ਹੱਕ ਸੱਚ ਉੱਤੇ
ਰੱਬੀ ਰਾਹ ਅਪਣਾਉਂਦੇ ਨੇ,
ਰੱਬ ਰੱਬ ਇਹ ਕਦੀ ਨਾ ਕਰਦੇ,
ਰੱਬੀ ਹੁਕਮ ਵਜਾਉਂਦੇ ਨੇ।

ਖਾਲਕ ਖਲਕ, ਖਲਕ ਮੇਂ ਖਾਲਕ,
ਇਹ ਸਭ ਨੂੰ ਸਮਝਾਉਂਦੇ ਨੇ।
ਖਲਕਤ ਖੁਸ਼ੀਆਂ ਮਾਣੇ ਸਾਰੀ,
ਇਹ ਆਪਣੀ ਜ਼ਿੰਦ ਲਗਾਉਂਦੇ ਨੇ।

ਪਰ ਮੁਲਾਣੇ ਤੇ ਪੁਜਾਰੀ,
ਜੋ ਗੀਤ ਰੱਬ ਦੇ ਗਾਉਂਦੇ ਨੇ।
ਹਿੰਦੂ ਮੁਸਲਿਮ ਸਿੱਖ ਈਸਾਈਆਂ ਨੂੰ,
ਆਪਸ ਵਿਚ ਲੜਾਉਂਦੇ ਨੇ।

ਇਹ ਸਾਰੇ ਪੈਰੋਕਾਰ ਉਹਨਾਂ ਦੇ,
ਜੋ ਵੰਡ ਕੇ ਗਏ ਪਿਆਰ।
ਪਿਆਰ ਉਹਨਾਂ ਦਾ ਧਰਮ ਸੀ,
ਜਾਣੇ ਕੁੱਲ ਸੰਸਾਰ।

ਇਹ ਬਣੇ ਵਿਚੋਲੇ ਰੱਬ ਦੇ,
ਰੱਬ ਜੀ ਨੂੰ ਨਾ ਭਾਉਂਦੇ ਨੇ।
ਰੱਬ ਜੀ ਤਾਂ ਆਪਣਾ ਰਿਸ਼ਤਾ,
ਸਿੱਧਾ ਸਰਲ ਬਣਾਉਂਦੇਨੇ।

ਜੋਤ ਨੇਕੀ ਦੀ ਸਾਡੇ ਹਿਰਦੇ,
ਰੱਬ ਜੀ ਆਪ ਜਗਾਉਂਦੇ ਨੇ।
ਜੋ ਪਿੱਛੇ ਲੱਗਣ ਸ਼ੈਤਾਨ ਦੇ,
ਉਹ ਜਗਦੀ ਜੋਤ ਬੁਝਾਉਂਦੇ ਨੇ।
*********












ਮਿਸ਼ਨ ਜਿੰਦ ਦਾ ਨਹੀਂ ਰੱਬ ਨੂੰ ਲਭਣਾ

ਮਿਸ਼ਨ ਜਿੰਦ ਦਾ ਨਹੀਂ ਰੱਬ ਨੂੰ ਲਭਣਾ,
ਰੱਬ ਕਾਰਨ ਜਿੰਦ ਟੁਰਦੀ ਜਾਏ।
ਰੱਬੀ ਕਿਣਕਾ ਮੂਲ ਜਗਤ ਦਾ,
ਸਦਾ ਹੀ ਸਾਡੇ ਸੰਗ ਸਮਾਏ।

ਰੱਬੀ ਕਿਣਕਾ ਕਿਉਂ ਤੇ ਕਿਥੋਂ ਹੈ,
ਬੱਸ ਇਹ ਹੈ ਜੈਸਾ ਜਿਵੇਂ ਵੀ ਹੈ।
ਜਿਉਂ ਜਿਉਂ ਬੁੱਧ ਵਧੇ ਬੰਦੇ ਦੀ,
ਰੱਬੀ ਕਣ ਦੇ ਦਰਸ਼ਨ ਪਾਏ।

ਬਹੁ-ਪਰਤੀ ਜੀਵ ਹੈ ਬੰਦਾ,
ਨਵੀਂ ਪਰਤ ਕੋਈ ਹੋਰ ਆ ਜਾਏ।
ਪਾਰਗਾਮੀ ਨਵ-ਜੀਵ ਬਣੇਗਾ,
ਮਨੁੱਖੀ ਜਾਮਾ ਭੀ ਬਦਲਾਏ।

ਲਗਾਤਾਰ ਇਹ ਚੱਲੇ ਸਿਲਸਿਲਾ,
ਬੁੱਧ ਵਧੇ ਸੂਝ ਵਧ ਜਾਏ।
ਫੜ ਬੈਠੇ ਅਸੀਂ ਹੱਲ ਦਾ ਮੁੰਨਾ,
ਜੀਵ ਨਵਾਂ ਨਿੱਤ ਸਿਆੜ ਬਣਾਏ।

ਚਾਲ ਜ਼ਮਾਨੇ ਦੀ ਬਦਲ ਗਈ ਹੈ,
ਮਹਾਂਕਾਲ ਨਿੱਤ ਡੰਕ ਬਜਾਏ।
ਕੱਲ੍ਹ ਨਾਲੋਂ ਅੱਜ ਬਦਲ ਗਿਆ ਹੈ,
ਨਵੀਂ ਸੋਝੀ ਨਿੱਤ ਆਉਂਦੀ ਜਾਏ।
*********




ਬੰਦਾ ਦੌਲਤਮੰਦ ਬੇਸ਼ੱਕ ਹੋ ਜਾਵੇ

ਬੰਦਾ ਦੌਲਤਮੰਦ ਬੇਸ਼ੱਕ ਹੋ ਜਾਵੇ,
ਕਰ ਇਕੱੱਠੀ ਪਾਪਾਂ ਸੰਗ ਭਾਈ।
ਕਦੀ ਕਿਸੇ ਨੂੰ ਕੁਝ ਨਾ ਦੇਵੇ,
ਕਰਦਾ ਫਿਰੇ ਇਹ ਖੂਬ ਖਿੰਡਾਈ।

ਸ਼ਰਾਬੀ, ਕਬਾਬੀ, ਐਬੀ ਬਣਦਾ,
ਬੇਲੋੜੀਆਂ ਹੱਦਾਂ ਟੱਪਦਾ ਜਾਵੇ।
ਜੀਵਨ ਇਸਦਾ ਅੱਕੇ ਥੱਕੇ ਤੇ ਮੱਚੇ,
ਅਗਨੀ ਦੇ ਭੰਬੂਕਿਆਂ ਵਿਚ ਬੀਨ ਵਜਾਵੇ।

ਨਿੱਤ ਰੋਵੇ ਆਪਣੇ ਰੋਣੇ ਧੋਣੇ,
ਮੌਲਿਕਤਾ ਨੂੰ ਫਿਰੇ ਲੱਭਦਾ।
ਨਿਰੇ ਸੱਚ ਨੂੰ ਪਰ ਭੁਲ ਜਾਵੇ,
ਬੰਦ ਦਰਵਾਜ਼ੀਂ ਬੈਠ ਕੇ ਪਛਤਾਵੇ ਤੇ ਸ਼ਰਮਾਵੇ।

ਆਪਣੇ ਨਿੱਜੀ ਚੁਗਿਰਦੇ ਘੁੰਮੇ,
ਸਰਬ ਸਾਂਝ ਨੂੰ ਇਹ ਭੁਲਾਵੇ।
ਹਰ ਕੋਈ ਇਸ ਨੂੰ ਗੈਰ ਲੱਗੇ,
ਆਪਣਿਆਂ ਨੂੰ ਹੀ ਅੱਗੇ ਲਿਆਵੇ।

ਸਰਬੱਤ ਭਲੇ ਦੀ ਕਾਰ ਕੀ ਕਰਨੀ,
ਨਿੱਜੀ ਭਲੇ ਨੂੰ ਭੀ ਭੁਲ ਜਾਵੇ।
ਉਪਜਾਊ ਸ਼ਕਤੀ ਇਸਦੀ ਮੁੱਕੇ,
ਆਰਾਂ ਲਾ ਲਾ ਕੰਮ ਚਲਾਵੇ।

ਅੰਤਰ ਆਤਮਾ ਭੀ ਗੁਆਚੇ,
ਢੇਰਾਂ ਦੇ ਢੇਰ ਲਗਾਈ ਜਾਵੇ।
ਢੇਰਾਂ ਨੂੰ ਜਾਣੇ ਵਡਿੱਤਣ ਆਪਣੀ,
ਭੁੱਖੀ ਆਤਮਾ ਵੱਢ ਵੱਢ ਖਾਵੇ।
*********
ਜੀਵ-ਆਤਮਾ ਦੁੱਖਾਂ ਨੇ ਘੇਰੀ

ਜੀਵ-ਆਤਮਾ ਦੁੱਖਾਂ ਨੇ ਘੇਰੀ,
ਜਦੋਂ ਦਾ ਇਸ ਨੇ ਜਨਮ ਧਰਾਇਆ।
ਮੱਚਦੀਆਂ ਅੱਗਾਂ ਲੰਘ ਕੇ ਆਈ,
ਪਰ ਸਫਰ ਨਾ ਅਜੇ ਮੁਕਾਇਆ।

ਅਜੋਕਾ ਮਾਣਸ ਜਾਮਾ ਇਸਨੇ,
ਢੇਰ ਸਮੇਂ ਦੇ ਪਿੱਛੋਂ ਪਾਇਆ।
ਜਿਉਂ ਜਿਉਂ ਅੱਗੇ ਟੁਰਦੀ ਜਾਵੇ,
ਨੇਕੀ ਨੂੰ ਇਸਨੇ ਅਪਣਾਇਆ।

ਪਰ ਕਈ ਵਾਰੀ ਸਾਨੂੰ ਐਸਾ ਲੱਗੇ,
ਕਿ ਵਧੀ ਬਦੀ ਨੇਕੀ ਸੁੰਗੜਾਈ।
ਜੋ ਲੱਗੇ ਜਿਵੇਂ ਮਰਜ਼ੀ ਲੱਗੇ,
ਆਖਰ ਜਿੱਤ ਨੇਕੀ ਨੇ ਪਾਈ।

ਮਾਣਸ ਜਾਮੇ ਵਿਚ ਸੋਝੀ ਆਈ,
ਖੁਸ਼ੀ ਗਮੀ ਤੇ ਚੰਗੇ ਮੰਦੇ ਦਾ।
ਭੁਲੇਖਾ ਇਸਨੇ ਖਾਇਆ,
ਸੋਝੀ ਨਾ ਬਦਲੇ ਸੁੱਖ ਨਾ ਪਾਇਆ।

ਜਨਮਾਂ ਜਨਮਾਂਤਰਾਂ ਤੱਕ ਦੁੱਖ ਰਹਿਣਾ,
ਪੂਰਨਤਾ ਦਾ ਮਿਲੇ ਨਾ ਗਹਿਣਾ।
ਮਾਇਆ ਨੇ ਜੱਗ ਨਹੀਂ ਰਜ਼ਾਇਆ,
ਜੱਗ ਮੰਗੇ ਬਹੁਤਾ ਤੇ ਸਵਾਇਆ।

ਪਰ ਸਾਂਝੀਵਾਲਤਾ ਜੇ ਆ ਜਾਵੇ,
ਹਰ ਕੋਈ ਆਪਣਾ ਫਰਜ਼ ਪੁਗਾਵੇ।
ਲੋੜ ਮੁਤਾਬਿਕ ਘਰ ਲੈ ਜਾਵੇ,
ਥੋੜ੍ਹ ਕਦੀ ਨਾ ਆਵੇ।

ਬਿਨ ਸੋਝੀ ਮੁਕਤੀ ਨਾ ਪਾਈਏ,
ਦੁੱਖ ਸੁੱਖ ਸਮ ਕਰ ਨਾ ਹੰਢਾਈਏ।
ਪੰਜ ਗੁਣ ਅਬਗੁਣ ਬਣਜਾਂਦੇ ਨੇ,
ਜੇਕਰ ਮਨ ਪਿੱਛੇ ਲੱਗ ਜਾਈਏ।

ਕਰੀਏ ਨਾ ਤਿਆਗ ਕਰੀਏ ਵੈਰਾਗ,
ਸੰਤੁਲਨ ਵਿਚ ਸਦਾ ਜਿੰਦ ਲੰਘਾਈਏ।
ਦੈਵੀ ਗੁਣ ਜੇਕਰ ਅਪਣਾਈਏ,
ਜਨਮ ਸਫਲਾ ਅਸੀਂ ਕਰਕੇ ਜਾਈਏ।
*********






















ਜੇ ਸਰਵ ਵਿਆਪੀ ਸੰਗ ਬਣ ਆਵੇ
ਜੇ ਸਰਵ ਵਿਆਪੀ ਸੰਗ ਬਣ ਆਵੇ,
ਹਰ ਸ਼ੈਅ ਲੋੜੀਂਦੀ ਆਪੇ ਮਿਲ ਜਾਵੇ।
ਆਪ ਮੁਹਾਰੀ ਲਹਿਰ ਇੱਕ ਚੱਲੇ,
ਸਾਡੇ ਹਾਲਾਤ ਜੋ ਬਦਲਾਵੇ।

ਬਣ ਵਿਗਿਆਨੀ ਜਾਂ ਗਿਆਨੀ,
ਗੈਬੀ ਭੇਦ ਬੰਦਾ ਬੁੱਝਦਾ ਜਾਵੇ।
ਸਾਡਾ ਆਪਾ ਜੋ ਇੱਕ ਥਾਈਂ ਹੈ,
ਸਰਵ ਵਿਆਪੀ ਦਾ ਕਣ ਬਣ ਜਾਵੇ।

ਦੂਰ ਨੇੜੇ ਇਸ ਧਰਤੀ ਉੱਤੇ,
ਹਰ ਥਾਂ ਜਾ ਕੇ ਅਲਖ ਜਗਾਵੇ।
ਹੋਵੇ ਅਚੰਭਾ ਫਿਰ ਸਭ ਨੂੰ,
ਜੋ ਯਾਦ ਕਰੇ ਉਥੇ ਪੁੱਜ ਜਾਵੇ।

ਆਚਰਣ ਬੰਦੇ ਦਾ ਉੱਚਾ ਹੋ ਜਾਵੇ,
ਘੜਾ ਇਛਾਵਾਂ ਦਾ ਭਰ ਜਾਵੇ।
ਬੇਗਰਜ਼ੀ ਦਾ ਗੁਣ ਅਪਣਾਈਏ,
ਸਰਬੱਤ ਭਲੇ ਦੀ ਕਾਰ ਕਮਾਈਏ।

ਪਰ ਨਿੱਜੀ ਉੱਚਤਾ ਕੀ ਕਰੇਗੀ,
ਜੇ ਜਨਤਾ ਸਾਡੀ ਦੁੱਖ ਹੰਢਾਵੇ।
ਬੰਦਾ ਤਾਂ ਉਹ ਬੰਦਾ ਹੈ,
ਜੋ ਜਨਤਾ ਲਈ ਸੁੱਖ ਉਪਜਾਵੇ।
*********





ਵਿਦਿਆ ਗਿਆਨ ਵਿਗਿਆਨ ਬਿਨ
ਵਿਦਿਆ ਗਿਆਨ ਵਿਗਿਆਨ ਬਿਨ,
ਇਨਸਾਨੀਅਤ ਦੀ ਸ਼ਾਨ ਬਿਨ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਨਿਰੇ ਉਲਾਰੂ ਤੇ ਬੇ-ਲਗਾਮ।

ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿਚ,
ਫਿਰਦੇ ਨੇ ਲੋਕੀ ਬੇਰੁਜ਼ਗਾਰ।
ਕੀ! ਪੰਜਾਹ ਸਾਲਾ ਟੀਚਾ ਉਡੀਕਣ?
ਰੁਲਦੇ ਲੋਕ, ਜੋ ਅਤਿ ਬੇਜ਼ਾਰ।

ਗਰੀਬੀ ਰੱਬ ਦੀ ਦੇਣ ਨਹੀਂ ਹੈ,
ਨਾਹੀਂ ਕੋਈ ਰੱਬੀ ਸੁਗਾਤ।
ਆਰਥਿਕ ਸੋਮਿਆਂ ਦੀ ਕਾਣੀ ਵੰਡ ਨੇ,
ਬਣਾ ਦਿੱਤੀ ਰਾਤ, ਸਾਡੀ ਪ੍ਰਭਾਤ।

ਨਕਸਲਵਾਦੀ, ਮਾਓਵਾਦੀ ਵੀਰੋ,
ਕਰੀਏ ਜ਼ਰਾ ਕੁ ਯੁੱਧ ਬਹਿ ਰਾਮ।
ਮਿਲ ਬਹਿ ਕੇ ਜ਼ਰਾ ਕੁ ਸੋਚੀਏ,
ਕਰੀਏ ਨਾ ਨਿੱਤ ਲਹੂ ਲੁਹਾਣ।

ਤੁਸੀਂ ਕਿਸ ਨੂੰ ਮਾਰਦੇ ਕੌਣ ਮਰਦਾ ਹੈ,
ਪੁੱਤ ਗਰੀਬਾਂ ਦੇ ਦੋਵੇਂ ਪਾਸੀਂ।
ਹੋ ਰਹੇ ਕੁਰਬਾਨ, ਸਾਰੇ ਇੱਕ ਜਾਨ।
ਆਪਣਿਆਂ ਨੂੰ ਆਪਣੇ ਹੀ ਮਾਰ ਮੁਕਾਉਣ।

ਜਿਹਨਾਂ ਨੇ ਕੁਰਸੀਆਂ ਮੱਲੀਆਂ,
ਉਹਨਾਂ ਨੂੰ ਬਹੁਤ ਤੱਸਲੀਆਂ।
ਕਿ 'ਗਰੀਬ ਗਰੀਬਾਂ ਸੰਗ ਲੜਦੇ ਨੇ',
ਨਿੱਤ ਮਾਰਦੇ ਮਰਦੇ ਨੇ।

ਬਣ ਜਾਓ ਯਾਰੋ ਭਿਖਸ਼ੁ ਸਾਰੇ,
ਘਰ ਘਰ ਜਾ ਕੇ ਦਿਓ ਗਿਆਨ।
ਅੱਧਪੜ੍ਹ, ਅਨਪੜ੍ਹ ਜਨਤਾ ਸਾਡੀ,
ਲੜ ਲੜ ਕੇ ਨਾ ਕਰੀਏ ਘਾਣ।

ਆਓ ਵਿਦਿਆ ਦਾ ਪਰਵਾਹ ਚਲਾਈਏ,
ਇਨਸਾਨੀਅਤ ਦੀ ਸ਼ਾਨ ਚਮਕਾਈਏ।
ਉਲਾਰੂ ਸਿਸਟਮ ਬਦਲ ਜਾਣਗੇ,
ਜੇ ਲੋਕਾਂ ਦੀ ਸੂਝ ਵਧਾਈਏ।

ਦੋਨਾਲੀ 'ਚੋਂ ਸ਼ਕਤੀ ਨਿਕਲੇ,
ਇੱਕ ਪੁਰਖੀ ਰਾਜ ਦਾ ਐਲਾਨ।
ਹੁਣ ਹੱਥ ਹੈ ਸ਼ਕਤੀ ਲੋਕਾਂ ਦੇ,
ਬਦਲੋ ਸੂਝ ਤੇ ਗਿਆਨ।

ਸਰਮਾਏਦਾਰੀ ਨਿਜ਼ਾਮ ਦਾ ਖਾਸਾ,
ਇਸ ਵਿਚ ਇਸਦੀ ਮੌਤ ਦਾ ਵਾਸਾ।
ਆਪਣੀ ਮੌਤ ਇਹ ਆਪ ਮਰੇਗਾ,
ਸਮੇਂ ਅੱਗੇ ਭਲਾ ਕਿਵੇਂ ਤਣੇਗਾ।

ਵਿਦਿਆ ਗਿਆਨ ਵਿਗਿਆਨ ਆਏਗਾ,
ਸਭ ਪੰਝੀ ਸਾਲਾਂ 'ਚ ਬਦਲ ਜਾਏਗਾ।
ਸਰਮਾਏਦਾਰੀ ਨਿਜ਼ਾਮ ਢਹਿ ਢੇਰੀ ਹੋ ਜਾਏਗਾ,
ਫਿਰ ਪਰਜਾਤੰਤਰ ਆਏਗਾ।
**********







ਸਾਡੀ ਸਿਆਸਤ ਵਿਚ ਭ੍ਰਿਸ਼ਟਾਚਾਰ ਹੈ
ਸਾਡੀ ਸਿਆਸਤ ਵਿਚ ਭ੍ਰਿਸ਼ਟਾਚਾਰ ਹੈ,
ਇਹ ਵੋਟ ਰਾਜ ਤਾਂ ਖੋਟ ਰਾਜ ਹੈ।
ਖਾਨਦਾਨਾਂ ਦੇ ਸਿਰ ਤਾਜ ਹੈ,
ਜਨਤਾ ਅਜੇ ਬੇਆਵਾਜ਼ ਹੈ।

ਧਰਮਾਂ ਦੇ ਰੌਲੇ ਗੌਲੇ ਨੇ,
ਜੱਗ ਨੂੰ ਕੁਰਾਹੇ ਪਾਇਆ ਹੈ।
ਹਰ ਧਰਮ ਰੱਬ ਦਾ ਰਾਹੀ ਹੈ,
ਪਰ ਰਾਹੀਆਂ ਨੂੰ ਉਲਝਾਇਆ ਹੈ। 

ਪੂਜਾ ਪਾਠ ਨਿਮਾਜ਼ ਕਿਧਰੇ,
ਵੱਜ ਰਹੇ ਨੇ ਸਾਜ ਕਿਧਰੇ।
ਬੇਨਾਮੇ ਦੇ ਨਾਮ ਨੂੰ,
ਸਦੀਆਂ ਤੋਂ ਜਪਾਇਆ ਹੈ।

ਸਾਡਾ ਸਤਿਆ ਪਿਆ ਹੈ ਸੰਸਾਰ,
ਕੁਝ ਕੁ ਲੁਟਾਂ ਲੁਟਦੇ ਨੇ ਯਾਰ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਨੂੰ,
ਦੁੱਖਾਂ ਦੇ ਮੂੰਹ ਪਾਇਆ ਹੈ।

ਨਿਰਦੱਈਪੁਣਾ ਪੰਜ ਕੁ ਪਰਸੈਂਟ ਦਾ,
ਲੋਕਾਂ ਨੂੰ ਸਮਝ ਨਾ ਆਇਆ ਹੈ।
ਵਿਦਿਆ ਗਿਆਨ ਵਿਗਿਆਨ ਬਿਨਾ,
ਲੋਕਾਂ ਨੇ ਧੋਖਾ ਖਾਇਆ ਹੈ।

ਮਸਾਂ ਹੀ ਡੰਗ ਟਪਾਉਣ ਜੋਗਾ,
ਲੋਕਾਂ ਦੀ ਝੋਲੀ ਪਾਇਆ ਹੈ,
ਬਾਕੀ ਕੌਮ ਦੀ ਦੌਲਤ ਨੂੰ,
ਸਰਮਾਏਦਾਰਾਂ ਨੇ ਖਾਇਆ ਹੈ।

ਕਿਉਂ ਜਨਤਾ ਨੂੰ ਸੋਝੀ ਨਾ ਆਵੇ,
ਚੁੱਪ ਰਹਿ ਕੇ ਕਿਉਂ ਧੱਕੇ ਖਾਵੇ।
ਬਿਨ ਵਿਦਿਆ ਗਿਆਨ ਵਿਗਿਆਨ ਦੇ,
ਜਨਤਾ ਨੂੰ ਸੋਝੀ ਨਾ ਆਵੇ।
*********



























ਨਿੱਜ ਤੇ ਨਿੱਜੀ ਸ਼ਾਨ ਨੂੰ

ਨਿੱਜ ਤੇ ਨਿੱਜੀ ਸ਼ਾਨ ਨੂੰ,
ਅਸੀਂ ਆਪਣਾ ਮਿਸ਼ਨ ਬਣਾਇਆ ਹੈ।
ਰੁਲਦੇ ਫਿਰਦੇ ਲੋਕਾਂ ਨੂੰ,
ਅਸਾਂ ਨੇ ਮਨੋਂ ਭੁਲਾਇਆ ਹੈ। 

ਜਿਥੇ ਲੋਕਾਂ ਦੀਆਂ ਭੀੜਾਂ ਜੁੜੀਆਂ,
ਉਥੇ ਲੋਕਾਂ ਦੀਆਂ ਪੀੜਾਂ ਜੁੜੀਆਂ।
ਸੁਣੀ ਨਾ ਕਿਸੇ ਨੇ ਲੋਕਾਂ ਦੀ,
ਗਰੀਨ ਹੰਟ ਦਾ ਰਾਹ ਅਪਣਾਇਆ ਹੈ।

ਮੇਰੇ ਦੇਸ਼ ਦੇ ਲੋਕੋ ਜਾਗੋ,
ਉਲਝੀ ਤਾਣੀ ਨੂੰ ਸੁਲਝਾਓ।
ਗਰੀਬਾਂ ਦੇ ਹੱਥੋਂ ਗਰੀਬਾਂ ਨੂੰ,
ਮਤ ਉਜਾੜੋ ਮਤ ਮਰਵਾਓ।

ਮਿਲ ਬਹਿ ਕੇ ਸੋਚ ਵਿਚਾਰ ਕਰੀਏ,
ਕਿਉਂ ਫਿਰਦੇ ਨੇ ਲੋਕੀ ਮਾਰੇ ਮਾਰੇ।
ਲੋਕਾਂ ਦੀ ਸ਼ਾਨ ਵਧਾਈਏ।
ਨਕਸਲਬਾੜੀ ਤੇ ਮਾਓਵਾਦੀ ਧੀ ਪੁੱਤ ਹਮਾਰੇ।

ਨਾ ਹੀ ਇਹ ਸਿਰ ਫਿਰੇ
ਨਾ ਹੀ ਮੱਤ ਮਾਰੇ ਨੇ।
ਇਹ ਲੋਕਾਂ ਦੇ ਦਰਦੀ ਸਾਰੇ,
ਇਹ ਭੀ ਸਾਰੇ ਹਮਾਰੇ ਨੇ।

ਜੋ ਵੋਟ ਰਾਜ ਵਿੱਚ ਪਿਆ ਵਿਗਾੜ,
ਕਰ ਲਈਏ ਇਸ ਵਿੱਚ ਸੁਧਾਰ।
ਧੰਨ ਦੌਲਤ ਦੇ ਜ਼ੋਰ ਨਾਲ,
ਕੋਈ ਨਾ ਜਿੱਤੇ ਯਾਰ।

ਅਮੀਰੀ ਗਰੀਬੀ ਦਾ ਪਾੜਾ ਮੁਕਾਈਏ,
ਕੌਮੀ ਦੌਲਤ ਨਾ ਲੁਟਾਈਏ।
ਵਿਦਿਆ, ਗਿਆਨ, ਵਿਗਿਆਨ ਵਧਾਈਏ,
ਰੁਲਦੀ ਜਨਤਾ ਨੂੰ ਰਾਹੇ ਪਾਈਏ।
*********



























ਸਿੱਥਥ ਕੁਲਾਂ ਦੇ ਮੱਕੜ ਜਾਲ ਨੇ

ਸਿੱਥਥ ਕੁਲਾਂ ਦੇ ਮੱਕੜ ਜਾਲ ਨੇ,
ਰੱਬ ਨੂੰ ਗੁੰਝਲਦਾਰ ਬਣਾਇਆ।
ਗੁੰਝਲਾਂ ਰੱਬ ਦੀਆਂ ਕੌਣ ਖੋਲ੍ਹੇ,
ਮੁਸ਼ਕਾਂ ਬੰਨ੍ਹ ਬੈਠਾਇਆ।

ਮਲਕ ਭਾਗੋਆਂ ਨੇ ਲੁੱਟ ਮਚਾਈ,
ਭਾਈ ਲਾਲੋਆਂ ਨੂੰ ਤਰਸਾਇਆ।
ਕਿਸਮਤ ਦਾ ਢੰਡੋਰਾ ਪਿੱਟ ਕੇ,
ਕਲਪਤ ਰੱਬ ਜੀ ਦੇ ਗਲ਼ ਪਾਇਆ।

ਆਰਥਿਕ ਸੋਮੇ ਸਾਰੇ ਸਾਂਭ ਕੇ,
ਰੱਬ ਦੀ ਬਖਸ਼ਿਸ਼ ਕਹਿ ਸੁਣਾਇਆ।
ਨੰਗ ਧੜੰਗੇ ਢਿੱਡੋਂ ਭੁੱਖੇ, 
ਲੋਕਾਂ ਨੂੰ ਟੁੱਕ ਬੋਚ ਬਣਾਇਆ।

ਯਾਰੋ ਇਨਸਾਨੀ ਸ਼ਾਨ ਨੂੰ,
ਕਿਉਂ ਮਿੱਟੀ ਵਿਚ ਮਿਲਾਉਂਦੇ ਹੋ।
ਗਰੀਬਾਂ ਦੇ ਧੀ ਪੁੱਤਾਂ ਨੂੰ
ਕਿਉਂ ਵਿਦਿਆ ਨਹੀਂ ਪੜ੍ਹਾਉਂਦੇ ਹੋ।

ਆਰਥਿਕ ਸੋਮੇ ਸਭ ਦੇ ਸਾਂਝੇ,
ਕਿਉਂ ਨਾ ਅਸੀਂ ਬਣਾਈਏ।
ਸਰਮਾਏਦਾਰੀ ਦੀ ਜਮਹੁਰੀਅਤ,
ਕਿਉਂ ਨਾ ਪਰੇ ਹਟਾਈਏ।
*********





ਆਪਣੇ ਹੱਕ ਕੋਈ ਮੰਗ ਨਾ ਸਕੇ
ਆਪਣੇ ਹੱਕ ਕੋਈ ਮੰਗ ਨਾ ਸਕੇ,
ਅਸਾਂ ਸਿਸਟਮ ਐਸਾ ਬਣਾਇਆ ਹੈ।
ਰੱਬ ਜੀ ਦਾ ਭਾਣਾ ਮੰਨਣ ਦਾ,
ਲੋਕਾਂ ਨੂੰ ਸਬਕ ਪੜ੍ਹਾਇਆ ਹੈ।

ਲੋਕਾਂ ਦਾ ਜੋ ਹਿੱਤ ਕਰਦੇ ਸਨ,
ਲੋਕਾਂ ਲਈ ਜੋ ਲੜਦੇ ਮਰਦੇ ਸਨ।
ਉਹ ਲੜੇ ਭਿੜੇ ਦੋਫਾੜ ਹੋ ਗਏ,
ਸਿਆਸੀ ਆਜ਼ਾਦੀ ਦਾ ਸ਼ਿਕਾਰ ਹੋ ਗਏ।

ਸਥਾਨੀ ਘੋਲਾਂ ਵਿਚ ਲੋਕਾਂ ਨੂੰ ਪਾ ਕੇ,
ਆਪ ਕੁਰਾਹੀਏ ਕੁਰਾਹ ਬਣਾ ਕੇ।
ਰੁਲਦੇ ਫਿਰਦੇ ਲੋਕਾਂ ਤੋਂ ਬਾਂਹ ਛੁਡਾ ਕੇ,
ਕਿਧਰੇ ਹੀ ਫਰਾਰ ਹੋ ਗਏ। 

ਆਪੋਂ ਸੋਧਵਾਦ ਅਪਣਾਇਆ,
ਪਿਛਲਖੋੜੀ ਰਾਹ ਬਣਾਇਆ।
ਰੁਲਦੇ ਫਿਰਦੇ ਲੋਕ ਸਾਡੇ,
ਬੇਸਹਾਰਾ ਦੇ ਬੇਜ਼ਾਰ ਹੋ ਗਏ। 

ਜਿੰਮੀਦਾਰਾਂ ਕਾਰਖਾਨੇਦਾਰਾਂ ਨੇ,
ਦੌਲਤ ਦੇ ਲਾ ਲਏ ਭੰਡਾਰ।
ਕੰਮੀ ਕਿਰਤੀ ਜੱਟ ਮਜ਼ਦੂਰ,
ਸਾਰੇ ਤਾਰੋ ਤਾਰ ਹੋ ਗਏ। 

ਲੋਕ ਦਰਦੀ ਹੋਏ ਨਿਮੋਝੂਣੇ,
ਕੁਝ ਕੁ ਸੁਜਾਖੇ ਕੁਝ ਅੰਨ੍ਹੇ ਕਾਣੇ।
ਸਮਾਂ ਬਦਲਿਆ ਬਦਲੀ ਦੁਨੀਆਂ,
ਟੁਰਦੇ ਨੇ ਉਹ ਰਾਹ ਪੁਰਾਣੇ।

ਇਸ ਨਾਲੋਂ ਤੇ ਕਿਤੇ ਚੰਗਾ ਸੀ,
ਕਿ ਉਹ ਆਪਣਾ ਢੋਲ ਵਜਾਉਂਦੇ ਰਹਿੰਦੇ।
ਵੇਹੜਿਆਂ ਮੁਹੱਲਿਆਂ ਮਾਜਰੀਆਂ ਨੂੰ,
ਗਹਿਰੀ ਨੀਂਦੋਂ ਜਗਾਉਂਦੇ ਰਹਿੰਦੇ।

ਵਿਦਿਆ, ਗਿਆਨ, ਵਿਗਿਆਨ ਨਹੀਂ ਹੈ,
ਰੋਟੀ ਕੱਪੜਾ ਮਕਾਨ ਨਹੀਂ ਹੈ।
ਆਮ ਬੰਦੇ ਦੀ ਸ਼ਾਨ ਨਹੀਂ ਹੈ,
ਪਰ ਲੋਕਾਂ ਨੂੰ ਗਿਆਨ ਨਹੀਂ ਹੈ।

ਲੋਟੂ ਲਾਣੇ ਅੱਗੇ ਆਏ,
ਗਰੀਬ ਕਿਸਾਨਾਂ ਦੇ ਬਹਾਨੇ।
ਅਨੁਦਾਨ ਖਾਏ ਰੱਜ ਨਾ ਆਏ,
ਹੁਣ ਨੱਥ ਇਹਨਾਂ ਨੂੰ ਕੌਣ ਪਾਏ।

ਨੱਥ ਇਹਨਾਂ ਨੂੰ ਉਹ ਪਾਏ,
ਜੋ ਲੋਕਾਂ ਦਾ ਪੁੱਤ ਬਣ ਜਾਏ।
ਸੁੱਤੀ ਜਨਤਾ ਨੂੰ ਜਗਾਏ,
ਜੋ ਨਾਜ਼ਰ ਬਣ ਜਾਏ।

ਬਾਹਰੀ ਤਬਦੀਲੀ ਦੇ ਨਾਲੋ ਨਾਲ,
ਅੰਦਰਮੁਖੀ ਤਬਦੀਲੀ ਲਿਆਵੇ।
ਕੋਈ ਕਰਾਂਤੀ ਟਿਕ ਨਹੀਂ ਸਕਦੀ,
ਜੇ ਸੂਝ ਲੋਕਾਂ ਦੀ ਬਦਲ ਨਾ ਪਾਵੇ।

ਯਾਰੋ ਪੱਕੀਆਂ ਨੀਂਹਾਂ ਉੱਤੇ,
ਇਨਕਲਾਬ ਉਸਾਰੇ ਜਾਂਦੇ ਨੇ।
ਨਹੀਂ ਤਾਂ ਢਹਿ ਢੇਰੀ ਹੋ ਜਾਂਦੇ,
ਜਿਵੇਂ ਆਏ ਇਨਕਲਾਬ ਹੋ ਗਏ ਸਾਰੇ। 



ਸਰਮਾਏਦਾਰੀ ਇਨਕਲਾਬ ਆਇਆ,
ਵਿਪ੍ਰੀਤ ਵਿਰੋਧੀ ਲੱਛਣ ਲਿਆਇਆ।
ਰੂਸ ਵਿਚ ਇਨਕਲਾਬ ਆਇਆ।
ਉਸ ਨੇ ਵੀ ਰੰਗ ਬਦਲਾਇਆ।

ਸਰਮਾਏਦਾਰੀ ਦੀ ਜਮਹੂਰੀਅਤ,
ਸੀ ਕੌਮਵਾਦ ਦੀ ਝੰਡਾਬਰਦਾਰ।
ਪਿਛਾਂਹਖਿੱਚੁ ਸ਼ਕਤੀ ਬਣ ਗਈ,
ਉਲਟ ਪੁਲਟ ਹੋਇਆ ਸੰਸਾਰ।

ਆਜ਼ਾਦ ਕਰਵਾਉਣ ਕੌਮਾਂ ਨੂੰ ਚਲੀ,
ਬਣ ਗਈ ਬੇਪਤੀ ਦਾ ਕਾਜ਼।
ਇੱਕ ਲਾਹਣਤ ਜੇ ਗਲੋਂ ਲਹਿੰਦੀ ਹੈ,
ਦੂਜੀ ਲਿਆਵੇ, ਆਪਣੇ ਸਾਜ।

ਪੂਰਬ ਵਿਚ ਇੱਕ ਚਮਕੇ ਤਾਰਾ,
ਰਾਹ ਲੋਕਾਂ ਦਾ ਰੁਸ਼ਨਾਏ ਸਾਰਾ।
ਪਰ ਸਮੇਂ ਨੇ ਕਰਨਾ ਅਜੇ ਨਿਤਾਰਾ,
ਬਚ ਬਚ ਕੇ ਚੱਲੀਂ ਯਾਰਾ।
ਬਦਲ ਨਾ ਦੇਵੀਂ ਲੋਕ ਧਾਰਾ।
*********











ਉਹ ਧਰਮ, ਧਰਮ ਨਹੀਂ ਹੁੰਦਾ
ਉਹ ਧਰਮ, ਧਰਮ ਨਹੀਂ ਹੁੰਦਾ,
ਜੋ ਸਿਆਸੀ ਸਮਾਜੀ ਪਾੜੇ ਵਧਾਵੇ।
ਜੋ ਧਨੀ ਲੋਕਾਂ ਨੂੰ ਅੱਗੇ ਲਿਆਵੇ,
ਗਰੀਬਾਂ ਨੂੰ ਜੋ ਸਬਰ ਸਿਖਾਵੇ।

ਜੋ ਦਾਰੂ ਨਾਮ ਜਪਣ ਦੀ ਦੱਸੇ,
ਅਤੇ ਆਰਥਿਕਤਾ ਨੂੰ ਨਾ ਦਰਸਾਵੇ।
ਧਨੀਆਂ ਦੇ ਪੂੜੇ ਲਹੂ ਭਰੇ,
ਬਾਬਾ ਨਾਨਕ ਫੁਰਮਾਵੇ।

ਧਰਮ ਉੂਚ ਨੀਚ ਨਾ ਮੰਨੇ,
ਇੱਕ ਪੰਗਤ ਵਿਚ ਬੈਠਣ ਸਾਰੇ।
ਜਾਤ ਪਾਤ ਦੇ ਵਿਤਕਰੇ ਭੰਨੇ,
ਭੰਨ ਗਏ ਜਿਵੇਂ ਗੋਬਿੰਦ ਪਿਆਰੇ।

ਲੋਟੂਆਂ ਉੱਤੇ ਨਾ ਰਹਿਮਤ ਰੱਬ ਦੀ,
ਗਰੀਬਾਂ ਨੂੰ ਉਹ ਨਾ ਦੁਰਕਾਰੇ।
ਅਮੀਰੀ ਗਰੀਬੀ ਊਚ ਨੀਚ,
ਇਹ ਸਾਰੇ ਬੰਦੇ ਦੇ ਕਾਰੇ।

ਜਾਗ! ਮਨੁੱਖਾ ਕਰੀਏ ਹੀਲੇ,
ਪੁੱਤ ਰੱਬ ਨੂੰ ਸਾਰੇ ਪਿਆਰੇ।
ਜੇ ਕਿਧਰੇ ਕੋਈ ਰੱਬ ਹੈ ਵੀਰਾ,
ਸਾਰੇ ਹੀ ਉਸਦੇ ਰਾਜ ਦੁਲਾਰੇ।

ਵੱਧ ਘੱਟ ਰਿਜਕ ਰੱਬ ਨਹੀਂ ਦਿੰਦਾ,
ਨਿੱਜੀ ਆਰਥਿਕਤਾ ਦੇ ਇਹ ਕਾਰੇ।
ਸਾਡੀ ਆਰਥਿਕ ਵਿਵਸਥਾ ਨਿਰੀ ਉਲਾਰੂ,
ਸਰਮਾਏਦਾਰੀ ਸਿਸਟਮ ਨੇ ਮਾਰੇ।

ਨਾ ਕੋਈ ਕੁਲ ਉੱਚੀ ਹੈ ਏਥੇ,
ਨਾ ਕੋਈ ਕੁਲ ਨੀਵੀਂ ਹੈ ਪਿਆਰੇ।
ਕਾਣੀ ਵੰਡ ਆਰਥਿਕਤਾ ਦੀ,
ਪਾ ਰਹੀ ਹੈ ਸਾਰੇ ਪੁਆੜੇ।

ਬਦਲ ਦੇਈਏ ਉਲਾਰੂ ਢਾਂਚਾ,
ਬਦਲ ਦੇਈਏ ਹੁਣ ਸਿਸਟਮ ਸਾਰੇ।
ਕਿਉਂ ਕੋਈ ਆਪਣੇ ਕਰਮਾਂ ਨੂੰ ਰੋਵੇ,
ਕਿਉਂ ਕੋਈ ਲੁਟੇ ਅਤੇ ਲਤਾੜੇ।

ਨੰਗ ਧੜੰਗੇ ਭੁੱਖੇ ਲੋਕ,
ਲਾ ਰਹੇ ਨੇ ਜੰਗਲਾਂ ਵਿਚ ਨਾਅਰੇ।
ਗਰੀਨ ਹੰਟ ਦੀਆਂ ਗੱਲਾਂ ਛੱਡੋ,
ਲੋਕ ਸਾਨੂੰ ਸਾਡੇ ਸਾਰੇ ਪਿਆਰੇ।

ਮਿਲ ਬਹਿਕੇ ਗੱਲ ਸੁਣੋ ਉਹਨਾਂ ਦੀ,
ਉਹ ਨਹੀਂ ਬਿਗਾਨੇ, ਆਪਣੇ ਨੇ ਸਾਰੇ।
ਢਾਂਚਾ ਜ਼ਰਜ਼ਰਾ ਲੋਕ ਰਾਜ ਦਾ,
ਰੁਲਦੇ ਫਿਰਦੇ ਨੇ ਲੋਕ ਵਿਚਾਰੇ।

ਕਰੋ ਨਾ ਮਜਬੂਰ ਲੋਕਾਂ ਨੂੰ,
ਕਿ ਫਿਰਨ ਨਾ ਜੰਗਲੀ ਮਾਰੇ ਮਾਰੇ।
ਬਹਾਦਰੀ ਨਾ ਇਸ ਵਿਚ ਉਹਨਾਂ ਦੀ ਕੋਈ,
ਕਿ ਗਰੀਬ ਪੁਲਸੀਏ ਉਹਨਾਂ ਨੇ ਮਾਰੇ।

ਜ਼ੋਰਾਵਰੀ ਨਾ ਪੁਗੇ ਕਿਸੇ ਦੀ,
ਕਰੇ ਕਰਮ ਨਾ ਕੋਈ ਮਾੜੇ।
ਬੇਚੈਨ ਨਾ ਲੋਕਾਂ ਨੂੰ ਕਰੀਏ,
ਰਲ ਮਿਲ ਬਹਿ ਕੇ ਕਰੀਏ ਚਾਰੇ।
*********


ਰੱਬ ਨਾ ਵਿਅਕਤੀ ਨਾ ਕੋਈ ਹਸਤੀ

ਰੱਬ ਨਾ ਵਿਅਕਤੀ ਨਾ ਕੋਈ ਹਸਤੀ,
ਰੱਬ ਤਾਂ ਸਰਵ-ਵਿਆਪੀ ਖੇਤਰ।
ਜਿਸ ਵਿਚ ਸਭ ਕੁੱਝ ਹੁੰਦਾ ਜਾਵੇ,
ਕੋਈ ਰੱਬਤਾ ਨੂੰ ਛੱਡ ਕਿਧਰ ਜਾਵੇ।

ਵਿਦਿਆ ਗਿਆਨ ਵਿਗਿਆਨ ਨਹੀਂ,
ਰੋਟੀ ਕੱਪੜਾ ਮਕਾਨ ਨਹੀਂ
ਕਿਧਰੇ ਵੀ ਬੰਦੇ ਦੀ ਸ਼ਾਨ ਨਹੀਂ
ਰੱਬ ਜੀ ਦੇ ਕਿਉਂ ਲਾਈਏ ਲਾਰੇ।

ਸਰਮਾਏਦਾਰੀ ਦਾ ਇਨਕਲਾਬ,
ਗੁਆ ਚੁੱਕਿਆ ਹੈ ਆਪਣੀ ਆਬ।
ਪਿਛਾਂਹਖਿੱਚੂ ਹਾਬੜੀ ਸਰਮਾਏਦਾਰੀ,
ਲੁਟ ਰਹੀ ਹੈ ਸਭ ਦੇ ਭਾਗ।

ਕੁਲਾਂ ਤੇ ਦੌਲਤ ਦਾ ਅੱਜ ਰਾਜ,
ਲੋਟੂ ਲਾਣੇ  ਦੇ ਸਿਰ ਤਾਜ।
ਆਮ ਆਦਮੀ ਹੈ ਮੁਹਤਾਜ,
ਇਨਕਲਾਬ ਬਿਨਾ ਕੋਈ ਨਹੀਂ ਇਲਾਜ।

ਪਰ ਇਨਕਲਾਬ ਕੋਣ ਲਿਆਵੇ,
ਜੋ ਹਥਿਆਰ ਚੁੱਕੇ ਤੇ ਮਾਰ ਮੁਕਾਵੇ।
ਅੱਜ ਇਨਕਲਾਬ ਉਹ ਲਿਆਵੇ,
ਬਣ ਭਿਖਸ਼ੂ ਜੋ ਘਰ ਘਰ ਜਾਵੇ।
ਵਿਦਿਆ ਗਿਆਨ ਵਿਗਿਆਨ ਫੈਲਾਵੇ
*********




ਕੁਲਾਂ ਵਾਲੇ ਤੇ ਦੌਲਤ ਵਾਲੇ
ਕੁਲਾਂ ਵਾਲੇ ਤੇ ਦੌਲਤ ਵਾਲੇ,
ਬਣ ਲੋਕ ਨੁਮਾਇੰਦੇ ਅੱਗੇ ਆਏ।
ਕਾਬਲੀਅਤ ਨੂੰ ਏਥੇ ਕੋਈ ਨਾ ਪੁੱਛੇ,
ਚੋਣਾਂ ਮਾਇਆਧਾਰੀ ਜਿੱਤ ਜਾਏ।

ਫਿਰਨ ਰੁਲਦੇ ਜਿਨ੍ਹਾਂ ਦੇ ਪੁੱਤਰ ਧੀ,
ਉਹਨਾਂ ਲਈ ਭਲਾ ਜ਼ਿੰਦਗੀ ਕੀ?
ਦੌਲਤਮੰਦ ਵੋਟਾਂ ਲੈ ਜਾਂਦੇ,
ਫਿਰ ਲੋਕਾਂ ਵੱਲ ਪਿੱਠ ਘੁਮਾਂਦੇ।

ਕੀ ਕਦੀ ਕਿਸੇ ਨੇ ਸੋਚਿਆ ਹੈ,
ਜਿੰਦ ਕਿਵੇਂ ਲੰਘਾਉਂਦੇ ਮਜ਼ਦੂਰ ਕਿਸਾਨ।
ਬਾਲਮੀਕੀ ਰਵੀਦਾਸੀਏ, ਰਾਮਦਾਸੀਏ,
ਜੱਟ ਸੈਂਸੀ ਢੌਸੀ ਕਿਧਰ ਨੂੰ ਜਾਣ।

ਰੁਲਦੇ ਫਿਰਦੇ ਲੋਕਾਂ ਦੀ ਜੇ ਕੋਈ ਬਣੇ ਆਵਾਜ਼,
ਮਾਰੇ ਜਾਂਦੇ ਲੋਕਾਂ ਦਾ ਜੇ ਕੋਈ ਦਰਦ ਵੰਡਾਏ।
ਸਮੇਂ ਦਾ ਬਾਬਰ ਉਸਨੂੰ ਚੱਕੀ ਪੀਸਣ ਲਾਏ,
ਯਾਰੋ ਸਾਨੂੰ ਦਸ ਦਿਓ ਕੋਈ ਕਿਧਰ ਨੂੰ ਜਾਏ।

ਕੱਟੜਵਾਦੀ ਲੋਕਾਂ ਨੇ ਧਰਮ ਸਾਡੇ ਬਦਲਾਏ,
ਪੀਰ ਪੈਗ਼ੰਬਰ ਗੁਰੂ ਤੇ ਰਹਿਬਰ।
ਜੇਕਰ ਕੋਈ ਮੁੜ ਆਏ,
ਇਹਨਾਂ ਕੱਟੜਪੰਥੀਆਂ ਨੂੰ ਮੂੰਹ ਨਾ ਲਾਏ।

ਭਲਾ ਕਿਵੇਂ ਉਹ ਜਰ ਸਕਦੇ ਨੇ,
ਕਿ ਬੰਦਾ ਦੁੱਖਾਂ ਮੂੰਹ ਆਏ।
ਉਹ ਬਦਲ ਦੇਣਗੇ ਸਿਸਟਮ ਸਾਰੇ,
ਜੋ ਕਾਣੀ ਵੰਡ ਨੇ ਉਪਜਾਏ।

ਅੱਕ ਥੱਕ ਕੇ ਉੱਠਣਗੇ ਹੀ,
ਜੋ ਦੁੱਖਾਂ ਮੂੰਹ ਆਏ।
ਲੋਕ ਰਾਜ ਤਾਂ ਉਸਨੂੰ ਕਹਿੰਦੇ,
ਜੋ ਲੋਕਾਂ ਦੇ ਦਰਦ ਵੰਡਾਏ।

ਅਜੇ ਸਮਾਂ ਹੈ ਸੰਭਲ ਜਾਈਏ,
ਲੋਕਾਂ ਦੇ ਦੁੱਖ ਦਰਦ ਵੰਡਾਈਏ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਸਾਰੇ ਹੀ ਸਮਤੋਲ ਬਣਾਈਏ।
***********






















ਬੰਦਾ ਲੜਦਾ ਮਰਦਾ ਆਇਆ,
ਕਰ ਦੈਂ ਦੈਂ ਜ਼ੁਲਮ ਕਰਦਾ ਆਇਆ।
ਕਾਮ ਕਰੋਧ ਲੋਭ ਮੋਹ ਹਓਮੈਂ ਕਾਰਨ,
ਲੜਦਾ ਆਇਆ ਤੇ ਮਰਦਾ ਆਇਆ।

ਰਹਿਣ ਨਾ ਸਿੱਖਿਆ ਬੰਦਾ ਰਲਕੇ,
ਬਣ ਜਾਵੇ ਓਪਰਾ ਥਾਂ ਥਾਂ ਤਣਕੇ।
ਇੱਕ ਦੂਜੇ ਤੇ ਕਰੇ ਚੜ੍ਹਾਈਆਂ,
ਹੋ ਜਾਵਣ ਫਿਰ ਸ਼ੁਰੂ ਲੜਾਈਆਂ।

ਅਰਥ ਵਿਗਿਆਨ ਦੀ ਵਾਰੀ ਆਈ,
ਇਸ ਆਪਣੀ ਥਿਊਰੀ ਕੱਢ ਦਿਖਾਈ।
ਸਰਮਾਏਦਾਰੀ ਇਨਕਲਾਬ ਆਇਆ,
ਸਿਆਸੀ ਆਜ਼ਾਦੀ ਦੇਸ਼ਾਂ ਵਿਚ ਲਿਆਇਆ,
ਆਰਥਿਕਤਾ ਤੇ ਕਾਠੀ ਪਾਈ।

ਹੁਣ ਸਰਮਾਏਦਾਰੀ ਨਿਜ਼ਾਮ ਦੇ,
ਨਿੱਤ ਸੁਣਦੇ ਹਾਂ ਕਾਰੇ।
ਗੰਜਾਂ ਦੇ ਗੰਜ ਜੋੜੀ ਜਾਂਦੇ,
ਸਰਮਾਏਦਾਰਾਂ ਦੇ ਵਾਰੇ ਨਿਆਰੇ।

ਲੋਕਾਂ ਨੂੰ ਕੁਰਾਹੇ ਪਾਇਆ,
ਲੋਕ ਰਾਜ ਦਾ ਲਾਰਾ ਲਾਇਆ।
ਆਮ ਆਦਮੀ ਨੂੰ ਕੋਈ ਨਾ ਪੁੱਛੇ,
ਧਨ ਦੌਲਤ ਕੁਲਾਂ ਨੂੰ ਅੱਗੇ ਲਿਆਇਆ।

ਬੇਪਤੀ ਲੋਕਾਂ ਦੀ ਤੇ ਦੇਸ਼ਾਂ ਦੀ,
ਸਰਮਾਏਦਾਰੀ ਨਿੱਤ ਕਰਾਵੇ।
ਆਮ ਆਦਮੀ ਰੁਲਦਾ ਫਿਰਦਾ,
ਜਨਤਾ ਕਿਧਰ ਨੂੰ ਜਾਵੇ?

ਥਾਂ ਥਾਂ ਕਰਨ ਲੋਕੀ ਸੰਗਰਾਮ,
ਮਿਲੇ ਰੋਟੀ ਕੱਪੜਾ ਤੇ ਮਕਾਨ।
ਮਿਲੇ ਵਿਦਿਆ ਗਿਆਨ ਵਿਗਿਆਨ,
ਐਸਾ ਆ ਜਾਵੇ ਕੋਈ ਨਿਜ਼ਾਮ।

ਮਲਕ ਭਾਗੋਆਂ ਨੇ ਅਤਿ ਮਚਾਈ,
ਕਰਦੇ ਨੇ ਇਹ ਖੂਬ ਲੁਟਾਈ।
ਲਾਲੋ ਮਜਬੂਰ ਮਜ਼ਦੂਰੀ ਕਰਦੇ,
ਮਿਲੇ ਨਾ ਰੋਟੀ ਭੁੱਖੇ ਮਰਦੇ।

ਖਾਨਦਾਨਾਂ ਨੇ ਰਾਜ ਸਾਂਭੇ,
ਕਰ ਦਿੱਤੇ ਲੋਕ ਸਾਰੇ ਲਾਂਭੇ।
ਅਸੀਂ ਆਜ਼ਾਦੀ ਲੈ ਕੇ ਆਏ,
ਕਿ ਰਾਜ ਲੋਕਾਂ ਦੀ ਸੇਵਾ ਕਮਾਏ।
**********

















ਸ਼ੁਭ ਕਰਮ ਅਤੇ ਸਤਿ ਕਰਮ
ਸ਼ੁਭ ਕਰਮ ਅਤੇ ਸਤਿ ਕਰਮ,
ਸੱਭ ਤੋਂ ਉਚੇਰਾ ਧਰਮ ਹੈ ਯਾਰ।
ਪੈਰੋਕਾਰ ਬਾਦਬਾਨਾਂ ਨੂੰ ਧੂੰਹਦੇ,
ਸੰਗ ਈਸਾ ਸੀ ਰੱਬੀ ਯਾਰ।

ਮਾਇਆ ਧਾਰੀ ਕੰਮੀਆਂ ਨੂੰ ਭੁੱਲੇ,
ਭੁੱਲਿਆ ਉਹਨਾਂ ਨੂੰ ਹੈ ਕਰਤਾਰ।
ਸੰਗ ਦਿਲ ਹਿਰਦੇ ਸੁੱਤੀ ਆਤਮਾ,
ਕਦੀ ਨਾ ਕਰਦੇ ਸੋਚ ਵਿਚਾਰ।

ਸਮਾਜੀ ਵਿਤਕਰੇ ਆਰਥਿਕ ਪਾੜੇ,
ਇਹ ਸਾਰੇ ਦੇ ਸਾਰੇ, ਬੰਦੇ ਦੇ ਕਾਰੇ।
ਜੋ ਮਿਹਨਤ ਕਰਦੇ ਉਹ ਭੁੱਖੇ ਮਰਦੇ,
ਵੇਹਲੜ ਕਰਦੇ ਮੌਜ ਬਹਾਰ।

ਜੀਵਨ ਪਵਿੱਤਰ ਅਸਾਂ ਨੇ ਪਾਇਆ,
ਕਰ ਕੁਕਰਮ ਅਸੀਂ ਕੀਤਾ ਖੁਆਰ।
ਜੋ ਕਿਰਤ ਧਰਮ ਦੀ ਕਰਦਾ ਜਾਵੇ,
ਮਿਲੇ ਆਰਾਮ ਨਾ ਵਿਚ ਸੰਸਾਰ।

ਗਿਆਨਾਂ ਸਿਰ ਗਿਆਨ ਇੱਕੋ ਗਿਆਨ,
ਕਿ ਮਿਲੇ ਸਭ ਨੂੰ ਇੱਕੋ ਸਾਰ।
ਵਿੱਤ ਮੁਤਾਬਕ ਫਰਜ਼ ਪੁਗਾਈਏ,
ਲੋੜ ਮੁਤਾਬਕ ਘਰ ਲੈ ਜਾਈਏ,
ਸੁਖੀ ਵਸਣ ਸਾਰੇ ਪਰਿਵਾਰ।
**********




ਵੇਹਲ ਵਿਹੂਣੇ ਬੇਸ਼ੱਕ ਹੋਈਏ

ਵੇਹਲ ਵਿਹੂਣੇ ਬੇਸ਼ੱਕ ਹੋਈਏ,
ਪਰ ਕਰੀਏ ਨਾ ਕਦੀ ਕੋਈ ਤਕਰਾਰ।
ਕੀੜੀ ਟੋਰ ਹੀ ਬੇਸ਼ੱਕ ਟੁਰੀਏ,
ਪਰ ਟੁਰਦੇ ਜਾਈਏ ਮੇਰੇ ਯਾਰ।

ਸਾਹ ਲੈਣ ਦੀ ਵੇਹਲ ਨਾ ਹੋਵੇ,
ਫਿਰ ਵੀ ਵੇਹਲ ਕੱਢ ਲਈਏ ਯਾਰ।
ਇੱਕ ਛਿਣ ਇੱਕ ਪਲ ਅਵੱਸ਼ ਸੋਚੀਏ,
ਕਿ ਇੱਕੋ ਲਹਿਰ ਹੈ ਇਹ ਸੰਸਾਰ।

ਸਭਨਾਂ ਦਾ ਹੈ ਅਸਲਾ ਇੱਕੋ,
ਕਦੀ ਹੇਠ ਕਦੀ ਉਪਰ ਯਾਰ।
ਸਿੱਧੀ ਆਵੇ ਵਲ ਖਾਂਦੀ ਜਾਵੇ,
ਹਿਲੇ ਨਾ ਪਾਣੀ ਜਾਵੇ ਉਸ ਪਾਰ।

ਚੰਗਾ ਵਿਵਹਾਰ ਚੰਗੇ ਵਿਚਾਰ,
ਤਾਂ ਚੱਲੇ ਚੰਗਾ ਸੰਸਾਰ।
ਕਦੀ ਵਿਤਕਰਾ ਕੋਈ ਕਰੀਏ ਨਾ,
ਅਰਥ ਵਿਵਸਥਾ ਹੋਵੇ ਇੱਕ ਸਾਰ।

ਮਿਲੇ ਕੰਮ ਵੇਹਲ ਭੀ ਮਿਲੇ,
ਮਿਲੇ ਸਭਨਾਂ ਨੂੰ ਇੱਕੋ ਸਾਰ।
ਦੁੱਖ ਦਲਿੱਦਰ ਮੁੱਕ ਜਾਵਣ ਸਾਰੇ,
ਸਵਰਗ ਬਣੇ ਸੰਸਾਰ।
**********





ਪੂਰਨ ਨੇਕੀ ਪੂਰਨ ਸੁੰਦਰਤਾ
ਪੂਰਨ ਨੇਕੀ ਪੂਰਨ ਸੁੰਦਰਤਾ,
ਨਿਰਦੋਸ਼ੀ ਤੇ ਭੋਲਾ ਭਾਲਾ।
ਨਾ ਕੋਈ ਉਹ ਚਤਰਾਈ ਜਾਣੇ,
ਆਪੋਂ ਬੱਚਾ ਬੱਚਿਆ ਵਾਲਾ।
ਅਟੱਲ ਹੁਕਮ ਨੂੰ ਉਹ ਮੰਨੇ,
ਕਰੇ ਕਰਮ ਜੋ ਕਰਮਾਂ ਵਾਲਾ।
ਕਰਮਾਂ ਦਾ ਫਲ ਦਿੰਦਾ ਜਾਵੇ,
ਰੱਬ ਜੀ ਅਨੋਖਾ ਤੇ ਨਿਰਾਲਾ।

ਸਦਾ ਕਰਦਾ ਸਿਮਰਨ ਉਸਦਾ,
ਜਿਧਰ ਜਾਵੇ ਕਰੇ ਉਜਾਲਾ।
ਧਾਰ ਤੇਗ ਦੀ ਜਨਮ ਉਸਦਾ,
ਭੱਜਣ ਬਦੀਆਂ ਲੱਗੇ ਪਾਲਾ।
ਲਿਸ਼ਕ ਓਸਦੀ ਬਿਜਲੀ ਵਰਗੀ,
ਹੱਥ ਵਿਚ ਬੇਸ਼ੱਕ ਉਸਦੇ ਮਾਲਾ।
ਜਾਗਰੂਕ ਉਹ ਸਦਾ ਹੀ ਰਹਿੰਦਾ,
ਕਦੀ ਨਾ ਕਰਦਾ ਘਾਲਾਮਾਲਾ।

ਐਸਾ ਸਿੱਖ ਹੈ ਜੋ ਗੁਰੂ ਦਾ,
ਸਤਿਗੁਰ ਉਹਦਾ ਹੈ ਰਖਵਾਲਾ।
ਕਰਦਾ ਰਾਖੀ ਨਿਰੇ ਸੱਚ ਦੀ,
ਸੱਚ ਲਈ ਮਰ ਜਾਵਣ ਵਾਲਾ।
ਬੰਦ ਬੰਦ ਕੱਟਵਾ ਲੈਂਦਾ ਹੈ,
ਦੇਗ ਉਬਾਲੇ ਖਾ ਲੈਂਦਾ ਹੈ,
ਚਰਖੜੀਆਂ 'ਤੇ ਚੜ੍ਹ ਜਾਂਦਾ ਹੈ
ਹੱਕ ਸੱਚ ਲਈ ਮਰ ਜਾਂਦਾ ਹੈ।

ਸਰਵ-ਵਿਆਪੀ ਨੂੰ ਮੰਨੇ,
ਬੁਧ ਜੀ ਤੋਂ ਵੀ ਅੱਗੇ ਜਾਵੇ।
ਬੁਧ ਓਸਦੇ ਹਿਰਦੇ ਵਸਦਾ,
ਸਾਰੇ ਹੀਲੇ ਜੇ ਮੁੱਕ ਜਾਵਣ।
ਲੜੇ ਮਰੇ ਤੇ ਖੰਡਾ ਖੜਕਾਵੇ,
ਬੁਧ ਜੇਹਾ ਉਹ ਚੈਨ ਲਿਆਵੇ।
ਐਸਾ ਸਿੱਖ ਗੁਰੂ ਦਾ ਹੋਵੇ,
ਮਨਮੁੱਖ ਤੋਂ ਗੁਰਮੁਖ ਬਣ ਜਾਵੇ।

ਰੱਬ ਨੂੰ ਜਾਣੇ ਰੱਬਤਾ ਪਛਾਣੇ,
ਸੁਰਤ ਓਸਦੀ ਰਹੇ ਟਿਕਾਣੇ।
ਮਨ ਓਸਦਾ ਭਰਿਆ ਭਰਿਆ,
ਰੂਹ ਓਸਦੀ ਰੌਸ਼ਨ ਹੋਵੇ।
ਹਿੰਦੂ ਮੁਸਲਿਮ ਤੇ ਬੋਧੀ ਉਹ,
ਸਭਨਾਂ ਸੰਗ ਮਿਲ ਉਹ ਖਲੋਵੇ,
ਸਦੀਵੀਂ ਗੀਤ ਉਹ ਗਾਵੇ,
ਰੱਬ ਜੀ ਸੰਗ ਇੱਕ ਹੋ ਜਾਵੇ।

ਬਣ ਗੁਰਮੁਖ ਮੁਖ ਗੁਰੂ ਦਾ ਹੋਵੇ,
ਨਿਰੀ ਸਿਆਸੀ ਆਰਥਿਕਤਾ ਦਾ, 
ਉਹ ਮੁਦੱਈ ਨਾ ਹੋਵੇ,
ਸਮਾਜੀ ਸਾਂਝੀਵਾਲਤਾ ਲਿਆਵੇ,
ਰੱਜੀ ਰੂਹ ਉਸਦੇ ਵਿਚ ਪਾਵੇ,
ਕੋਈ ਨਾ ਹੱਕ ਕਿਸੇ ਦਾ ਖਾਵੇ,
ਧਰਮ ਦੀ ਉਹ ਕਿਰਤ ਕਮਾਵੇ,
ਵੰਡ ਛਕੇ ਤੇ ਨਾਮ ਜਪਾਵੇ,
ਸਰਬੱਤ ਭਲੇ ਦੀ ਕਾਰ ਕਮਾਵੇ।
**********








ਕਬਜ਼ੇ ਦੀ ਚਾਹ ਦੁੱਖ ਦੇਣੀ ਹੈ
ਕਬਜ਼ੇ ਦੀ ਚਾਹ ਦੁੱਖ ਦੇਣੀ ਹੈ,
ਸਾਂਝਾਂ ਵਿਚ ਜਿੰਦ ਬਹੁਤ ਸੋਹਣੀ ਹੈ।
ਇੱਕ ਇਕੱਲਾ ਕੁਝ ਕਰ ਨਹੀਂ ਸਕਦਾ,
ਨਿੱਜੀ ਦਸ਼ੌਂਟੇ ਜਰ ਨਹੀਂ ਸਕਦਾ।

ਹਰ ਕਿਸੇ ਦੀਆਂ ਢੇਰ ਇਛਾਵਾਂ,
ਲੱਗਣ ਟੱਕਰਾਂ ਸੰਗ ਭਰਾਵਾਂ।
ਕਿਉਂ ਨਾ ਸਾਂਝੀਵਾਲਤਾ ਲਿਆਈਏ,
ਇੱਕ ਦੂਜੇ ਸੰਗ ਕਿਉਂ ਟਕਰਾਈਏ।

ਇਹ ਜੱਗ ਵਿਸ਼ਾਲ ਟੱਬਰ ਆਦਮ ਦਾ,
ਹਰ ਕਿਸੇ ਦਾ ਰੋਲ ਹੈ, ਇੱਕ ਖਾਦਮ ਦਾ।
ਰਲ ਮਿਲ ਸਾਰੇ ਰਹਿ ਸਕਦੇ ਹਾਂ,
ਇੱਕ ਪੰਗਤ ਵਿਚ ਬਹਿ ਸਕਦੇ ਹਾਂ।

ਅਸੀਂ ਨਵੇਂ ਨਵੇਂ ਸਿਸਟਮ ਅਜ਼ਮਾਏ,
ਸਰਮਾਏਦਾਰੀ ਇਨਕਲਾਬ ਲੈ ਆਏ।
ਗੁਣ ਔਗੁਣ ਜੇ ਵਾਚੀਏ ਇਸਦੇ,
ਗੁਣ ਥੋੜ੍ਹੇ ਔਗੁਣ ਬਹੁਤੇ ਆਏ।

ਹੁਣ ਇਹ ਸਿਸਟਮ ਸਾਡੇ 'ਤੇ ਭਾਰੂ,
ਲੱਭਦੇ ਫਿਰੀਏ ਨਿੱਤ ਕੋਈ ਦਾਰੂ।
ਧਰਮਾਂ ਦੀ ਦਾਰੂ ਰਾਸ ਨਾ ਆਏ,
ਮਿਲੇ ਨਾ ਚੈਨ ਬਿਨ ਸਿਸਟਮ ਬਦਲਾਏ।

ਅੱਖ ਮੱਛਲੀ ਦੀ ਘੁੰਮਦੀ ਜਾਏ,
ਕੋਈ ਅਰਜਨ ਆਵੇ ਨਿਸ਼ਾਨਾ ਲਾਏ।
ਗਧੀ ਗੇੜ ਸਾਰੇ ਹੀ ਪਾਏ,
ਪਰ ਕਈਆਂ ਨੇ ਹੱਥ ਤੀਰ ਉਠਾਏ।

ਸਮਾਜੀ ਵਿਤਕਰੇ ਆਰਥਿਕ ਪਾੜੇ,
ਸਰਮਾਏਦਾਰੀ ਨਿਜ਼ਾਮ ਵਧਾਉਂਦਾ ਜਾਏ।
ਲਿਤਾੜੇ ਲੋਕਾਂ ਨੂੰ ਟੁੱਕਬੋਚ ਬਣਾਏ,
ਬੰਦੇ ਦੀ ਸ਼ਾਨ ਘਟਾਉਂਦਾ ਜਾਏ।

ਤੰਗ ਆਮਦ ਬਜੰਗ ਆਮਦ,
ਲੋਕਾਂ ਨੂੰ ਸਮਾਂ ਜਗਾਉਂਦਾ ਜਾਏ।
ਹੜ੍ਹ ਲੋਕਾਂ ਦਾ ਜੇ ਵਗ ਤੁਰਿਆ,
ਫਿਰ ਹੜ੍ਹ ਨਾ ਥੰਮ੍ਹਿਆ ਜਾਏ।

ਨਾ ਗਰੀਬਾਂ ਦਾ ਦੇਸ਼ ਕੋਈ ਹੁੰਦਾ,
ਨਾ ਕੋਈ ਧਰਮ ਸਹਾਰਾ ਦਿੰਦਾ।
ਮਹਾਂ ਕਾਲ ਨੇ ਰਾਹ ਬਦਲਾਏ,
ਸੱਚ ਸੁੱਚ ਤੇ ਕਾਬਲੀਅਤ ਦੇ,
ਆਖਰ ਨੂੰ ਬੰਦਾ ਅੱਗੇ ਲਿਆਏ।
*********
















ਕੁਲੀਨ ਕੁਲਾਂ ਨੇ ਮੱਕੜ ਜਾਲ
ਕੁਲੀਨ ਕੁਲਾਂ ਨੇ ਮੱਕੜ ਜਾਲ,
ਗੁੰਝਲਦਾਰ ਬਣਾਇਆ ਹੈ।
ਲੋਕ ਰਾਜ ਦਾ ਢਕਵੰਜ ਰਚਾ ਕੇ,
ਲੋਕਾਂ ਨੂੰ ਭਰਮਾਇਆ ਹੈ।

ਕੁਲੀਨ ਕੁਲਾਂ ਦੇ ਗਿਣਵੇਂ ਟੱਬਰ,
ਵਾਰੀ ਵਾਰੀ ਰਾਜ ਚਲਾਉਂਦੇ।
ਕੁਝ ਕਰਨ ਨਾ ਜਨਤਾ ਦਾ,
ਲੋਕਾਂ ਨੂੰ ਬੁੱਧੂ ਉਹ ਬਣਾਉਂਦੇ।

ਕਰਾਂਤੀ ਦਾ ਰਾਹ ਰੋਕ ਦਿੱਤਾ ਹੈ,
ਵੋਟ ਰਾਜ ਦਾ ਪਾਖੰਡ ਰਚਾ ਕੇ।
ਸੂਝ ਬਿਨਾ ਲੋਕ ਦੇਸ਼ ਦੇ,
ਹੋਵਣ ਚੌੜੇ ਵੋਟਾਂ ਪਾ ਕੇ।

ਕਾਬਲੀਅਤ ਨੂੰ ਕੋਈ ਨਾ ਪੁੱਛੇ,
ਧੰਨ ਦੌਲਤ ਜਨਮ ਅੱਗੇ ਆ ਜਾਵੇ।
ਗਜ਼ਬ ਸਾਈਂ ਦਾ ਦੇਖੋ ਕੈਸਾ,
ਜਨਤਾ ਵੋਟ ਲੋਟੂਆਂ ਨੂੰ ਪਾਵੇ।

ਸਰਮਾਏਦਾਰਾਂ ਦੀ ਬਣ ਜਾਂਦੀ ਚਾਂਦੀ,
ਪੈਂਦੇ ਉਹਨਾਂ ਨੂੰ ਸੋਨੇ ਦੇ ਹਾਰ।
ਲੁਟੀ ਜਾਂਦੀ ਭੋਲੀ ਜਨਤਾ,
ਕਰੇ ਕਿਸ ਨੂੰ ਉਹ ਪੁਕਾਰ।

ਲੋਕਾਂ ਦੇ ਦਰਦਮੰਦਾਂ ਨੂੰ,
ਪੈ ਗਈ ਕੁਰਸੀਆਂ ਦੀ ਮਾਰ।
ਸਿਸਟਮ ਨਾ ਬਦਲਾਇਆ ਜਾਵੇ,
ਜੇ ਬਣ ਜਾਈਏ ਆਪੋਂ ਹਿੱਸੇਦਾਰ। 
ਰੱਬ ਰੱਬ ਕਰਕੇ ਜੱਗ ਭੁਲਾਈਏ

ਰੱਬ ਰੱਬ ਕਰਕੇ ਜੱਗ ਭੁਲਾਈਏ,
ਨਾ ਰੱਬ ਪਾਈਏ ਨਾ ਜੱਗ ਪਾਈਏ।
ਕਾਦਰ ਕੁਦਰਤ ਇੱਕ ਜਾਣੀਏ,
ਰੱਬ ਤੇ ਜੱਗ ਦਾ ਭੇਦ ਮਿਟਾਈਏ।

ਤੜਪ ਰੱਬ ਦੀ ਜੇ ਸਾਡੇ ਸੀਨੇ,
ਤਾਂ ਜੱਗ ਵਿਚ ਨੇਕੀ ਕਰਦੇ ਜਾਈਏ।
ਕੋਈ ਨਾ ਲੁਟੇ ਭਰੇ ਭੰਡਾਰ,
ਰਲ ਮਿਲ ਸਾਰੇ ਵੰਡ ਕੇ ਖਾਈਏ।

ਮਲਕ ਭਾਗੋ ਨਹੀਂ ਰੱਬ ਦੇ ਜਾਏ,
ਭਾਈ ਲਾਲੋ ਨਾ ਰੱਬ ਠੁਕਰਾਏ।
ਅਮੀਰੀ ਗਰੀਬੀ ਊਚ ਨੀਚ,
ਸਭ ਵਿਤਕਰੇ ਬੰਦੇ ਨੇ ਪਾਏ।

ਮਾਣਸ ਜਾਤ ਸਾਡੀ ਸਭ ਦੀ ਜਾਤ,
ਜ਼ਿੰਦਗੀ ਨੂੰ ਇਹ ਮਿਲੀ ਸੁਗਾਤ।
ਤਾਂ ਜੋ ਬ੍ਰਹਿਮੰਡਾਂ ਵਿਚ ਜਾਏ,
ਗੈਬੀ ਭੇਦਾਂ ਦੀ ਥਾਹ ਪਾਏ।

ਸ਼ਾਨ ਬੰਦੇ ਦੀ ਆਨ ਬੰਦੇ ਦੀ,
ਕੋਈ ਨਾ ਕਦੀ ਭੀ ਮਨੋ ਭੁਲਾਏ।
ਸਮ-ਦ੍ਰਿਸ਼ਟੀ ਸਭਨਾਂ ਲਈ ਹੋਵੇ,
ਅਸੀਂ ਸਾਰੇ ਹਾਂ ਆਦਮ ਦੇ ਜਾਏ।

ਦੁੱਖ ਸੁੱਖ ਸਾਡਾ ਸਭ ਦਾ ਸਾਂਝਾ,
ਨਿੱਜ ਕਰਨੀ ਭੀ ਸਾਂਝੀ ਬਣ ਜਾਏ।
ਹਰ ਕੋਈ ਕਰੇ ਵਿਤ ਮੁਤਾਬਕ,
ਲੋੜ ਮੁਤਾਬਕ ਘਰ ਲੈ ਆਏ। ***********

ਬਾਜੀ ਹਾਰ ਕੇ ਵੀਰਨੋ ਨਹੀਂ ਜਾਣਾ

ਬਾਜੀ ਹਾਰ ਕੇ ਵੀਰਨੋ ਨਹੀਂ ਜਾਣਾ,
ਤੁਹਾਡੇ ਵਿਚ ਵੀ ਅਕਲਾਂ ਸਾਰੀਆਂ ਨੇ।
ਕੀ ਹੋਇਆ ਜੇ ਪੱਲੇ ਨਹੀਂ ਪੈਸਾ,
ਤੁਹਾਡੇ ਵਿਚ ਵੀ ਹਿੰਮਤਾਂ ਭਾਰੀਆਂ ਨੇ।
ਭੁੱਖ ਕਦੀ ਨਾ ਏਕਾ ਹੋਣ ਦਿੰਦੀ,
ਤੁਸੀਂ ਏਕੇ ਦੀਆਂ ਮੱਲਾਂ ਮਾਰੀਆਂ ਨੇ।

ਦਿਲੀ ਸਾਂਝ ਪਾ ਕੇ ਸਾਂਝੇ ਕੰਮ ਕਰੀਏ,
ਬਿਨਾ ਸਾਂਝ ਦੇ ਨਹੀਂ ਪਿਆਰ ਹੁੰਦੇ।
ਕੁਲੀਨ ਕੁਲਾਂ ਨੇ ਤੁਹਾਨੂੰ ਪੁੱਛਣਾ ਨਹੀਂ,
ਲੋਟੁ ਕਦੀ ਨਾ ਕਿਸੇ ਦੇ ਯਾਰ ਹੁੰਦੇ।
ਹੱਕ ਸੱਚ ਦੀ ਗੱਲ ਨਾ ਕਦੀ ਕਰਦੇ,
ਮਿਹਨਤਕਸ਼ਾਂ ਲਈ ਤਿੱਖੇ ਖਾਰ ਹੁੰਦੇ।

ਢੇਰ ਸਮੇਂ ਤੋਂ ਫਿਰਦੇ ਲੋਕ ਰੁਲਦੇ,
ਕਿਉਂ ਨਾ ਉਹਨਾਂ ਦੇ ਤੁਸੀਂ ਗ਼ਮਖਾਰ ਹੁੰਦੇ।
ਵਿਦਿਆ ਗਿਆਨ ਵਿਗਿਆਨ ਖੁਬ ਸਿੱਖੋ,
ਕਿਉਂ ਨਾ ਲੋਟੂਆਂ ਸੰਗ ਦੋ ਚਾਰ ਹੁੰਦੇ।
ਪੁੱਤ ਆਦਮ ਦਾ ਕਰਨ ਤੇ ਜਦੋਂ ਆਵੇ,
ਰਾਹ ਨਾ ਰੋਕਦੇ ਸਾਗਰ ਪਹਾੜ ਹੁੰਦੇ।

ਬਿਨ ਝਿਜਕ ਦੇ ਹਰ ਇੱਕ ਕੰਮ ਕਰੀਏ,
ਕੰਮ ਸਾਰੇ ਹੀ ਇੱਕਸਾਰ ਹੁੰਦੇ।
ਛੋਟਾ ਵੱਡਾ ਨਾ ਜੱਗ ਵਿਚ ਕੋਈ ਹੁੰਦਾ,
ਬੰਦੇ ਰੱਬ ਦੇ ਸਾਰੇ ਇੱਕਸਾਰ ਹੁੰਦੇ।
ਹਰ ਸ਼ੈਅ ਵਡੇਰੀ ਆਪਣੀ ਥਾਂ,
ਕੰਮ ਆ ਜਾਵੇ ਬੇੜੇ ਪਾਰ ਹੁੰਦੇ।

ਘਟੀਆ ਵਧੀਆ ਨਾ ਕੋਈ ਹੋਵੇ ਬੰਦਾ,
ਘਟੀਆ ਵਧੀਆ ਤਾਂ ਸੋਚ ਵਿਚਾਰ ਹੁੰਦੇ।
ਕਲਾ ਜਿਸਦੀ ਵਧੀਆ ਉਹ ਵਧੀਆ,
ਓਹੀ ਵਧੀਆ ਜਾਣੋ ਫਨਕਾਰ ਹੁੰਦੇ।
ਗੀਤ ਜਿਸ ਦੇ ਸਾਨੂੰ ਟੁੰਮ ਜਾਵਣ,
ਵਧੀਆ ਉਹ ਹੀ ਗੀਤਕਾਰ ਹੁੰਦੇ।

ਪੁੱਤ ਗਰੀਬਾਂ ਦੇ ਬਣਦੇ ਸਿਪਾਹੀ ਫੌਜੀ,
ਸਰਮਾਏਦਾਰਾਂ ਦੇ ਉਹ ਪਹਿਰੇਦਾਰ ਹੁੰਦੇ।
ਕੁਲੀਨ ਕੁਲਾਂ ਦੇ ਬਣਦੇ ਹੱਥਠੋਕੇ,
ਲੋਕ ਉਹਨਾਂ ਦੇ ਹੱਥੋਂ ਖੁਆਰ ਹੁੰਦੇ।
ਭਲਾ ਕੋਈ ਕਿਸੇ ਨੂੰ ਕੀ ਆਖੇ,
ਗਰੀਬ ਗਰੀਬਾਂ ਦੇ ਕਦੀ ਨਾ ਯਾਰ ਹੁੰਦੇ।

ਦੁੱਖ ਦੁਖੀਆਂ ਦੇ ਦੂਰ ਕਿਵੇਂ ਕਰੀਏ,
ਸੂਝ ਬਿਨਾ ਨਾ ਬੇੜੇ ਪਾਰ ਹੁੰਦੇ।
ਸਰਮਾਏਦਾਰੀ ਨਿਜ਼ਾਮ ਜੇ ਨਾ ਹੁੰਦਾ,
ਕੌਮੀ ਦੌਲਤ ਦੇ ਭਰੇ ਭੰਡਾਰ ਹੁੰਦੇ।
ਸਮਾਜਵਾਦ ਜੇ ਜੱਗ ਵਿਚ ਆ ਜਾਵੇ,
ਲੋਕ ਫਿਰ ਨਾ ਕਦੀ ਖੁਆਰ ਹੁੰਦੇ।

ਲੋਕ ਰਾਜ ਤਾਂ ਰਾਜ ਲੁਟੇਰਿਆਂ ਦਾ,
ਵੋਟਾਂ ਨਾਲ ਨਾ ਬੇੜੇ ਪਾਰ ਹੁੰਦੇ।
ਰਾਹ ਰੋਕ ਦਿੱਤੇ ਹੁਣ ਕਰਾਂਤੀਆਂ ਦੇ,
ਬਿਨ ਕਰਾਂਤੀ ਦੇ ਲੋਕ ਬੇਜਾਰ ਹੁੰਦੇ।
ਉਡੀਕੇ ਕੌਣ ਤਬਦੀਲੀ ਨੂੰ ਸਦੀਆਂ ਤੱਕ,
ਸਾਡੇ ਕੋਲੋਂ ਨਾ ਕਰ ਇੰਤਜ਼ਾਰ ਹੁੰਦੇ। 

ਸਾਡੇ ਵਾਂਗ ਹੀ ਨਾਜ਼ਰ ਬੇਸਬਰਾ,
ਸੁਰਖ਼ ਰੇਖਾ ਦੇ ਪੰਨੇ ਚਾਰ ਹੁੰਦੇ।
ਕੌਣ ਸਮਝੇ ਕਮਲਿਆ ਗੱਲ ਤੇਰੀ,
ਪੰਨੇ ਉਹਨਾਂ ਦੇ ਬੇਸ਼ੁਮਾਰ ਹੁੰਦੇ।
ਸੱਚ ਝੂਠ ਨੂੰ ਕੋਣ ਨਿਤਾਰ ਸਕਦੈ,
ਕੂੜ ਕੁਫਰ ਦੇ ਭਰੇ ਅਖਬਾਰ ਹੁੰਦੇ।

ਕੌਮੀ ਦੌਲਤ ਦਾ ਸੱਤਰ ਪਰਸੈਂਟ ਖਾ ਕੇ,
ਕੁਲੀਨ ਕੁਲਾਂ ਦੇ ਲੋਕ ਸਰਦਾਰ ਹੁੰਦੇ।
ਦੋ ਪਰਸੈਂਟ ਗਰੀਬਾਂ ਦੇ ਹਿੱਸੇ ਆਵੇ,
ਜਗਤਾ ਭਗਤਾ ਤਾਹੀਉਂ ਖੁਆਰ ਹੁੰਦੇ।
ਰੋਟੀ ਕੱਪੜਾ ਮਕਾਨ ਫਿਰਨ ਲੱਭਦੇ,
ਲਿਤਾੜੇ ਲੋਕ ਸਦਾ ਕਰਜ਼ਦਾਰ ਹੁੰਦੇ।

ਕਲਪਤ ਰੱਬ ਦੇ ਲੋਕਾਂ ਨੂੰ ਲਾਉਣ ਲਾਰੇ,
ਖਬਰਾਂ ਰੱਬ ਦੀਆਂ ਇਹਨਾਂ ਨੂੰ ਸਾਰੀਆਂ ਨੇ।
ਮੁੱਲਾਂ ਪਾਦਰੀ ਭਾਈਆਂ ਨੇ ਰਲ ਮਿਲ ਕੇ,
ਭੋਲੇ ਲੋਕਾਂ ਦੀਆਂ ਮੱਤਾਂ ਮਾਰੀਆਂ ਨੇ।
ਰੱਬ ਜੱਗ ਹੈ ਜੱਗ ਹੀ ਰੱਬ ਯਾਰੋ,
ਰੱਬੀ ਕਿਣਕੇ ਨੇ ਕੀਤੀਆਂ ਉਸਾਰੀਆਂ ਨੇ।

ਰੁਲਦੇ ਫਿਰਨ ਬੱਚੇ ਬਿਨਾ ਵਿਦਿਆ ਦੇ,
ਮਾਸਟਰ ਜੀ ਨੇ ਲਾਈਆਂ ਉਡਾਰੀਆਂ ਨੇ। 
ਚਰਚ ਗੁਰਦੁਆਰੇ ਸਾਰੇ ਮਸਜ਼ਿਦ ਮੰਦਰ,
ਕੁਲੀਨ ਕੁਲਾਂ ਨੂੰ ਦੇਣ ਸਰਦਾਰੀਆਂ ਨੇ।
ਮਲਕ ਭਾਗੋਆਂ ਦੀ ਜੈ ਜੈ ਕਾਰ ਹੁੰਦੀ,
ਭਾਈ ਲਾਲੋਆਂ ਨੂੰ ਸੇਵਾਦਾਰੀਆਂ ਨੇ।

ਚੱਲ ਨਾਜ਼ਰਾ ਕਰਾਂਤੀ ਦੀ ਗੱਲ ਕਰੀਏ,
ਸਾਨੂੰ ਤੇਰੇ 'ਤੇ ਆਸਾਂ ਭਾਰੀਆਂ ਨੇ।
ਯਾਰਾ ਭਿਖਸ਼ੁ ਬਣ ਘਰ ਘਰ ਘੁੰਮ ਜਾ,
ਦੇ ਅਕਲਾਂ ਜੋ ਨਿਆਰੀਆਂ ਨੇ।
ਸੱਚੀ ਗੱਲ ਕਹੀਏ ਸਾਨੂੰ ਪਤਾ ਕੁਝ ਨਾ,
ਕਿਸ ਰਾਹ ਦੀਆਂ ਇਹ ਸਵਾਰੀਆਂ ਨੇ।

ਇਸ ਉਮਰੇ ਬੀਮਾਰੀਆਂ ਨੇ ਘੁੰਢ ਮੋੜੇ,
ਤੇਗਾਂ ਸਾਰੀਆਂ ਲੱਗਦੀਆਂ ਭਾਰੀਆਂ ਨੇ।
ਜ਼ੋਰ ਮਾਰਿਆ ਸਮਾਂ ਨਾ ਤੇਜ ਟੁਰਦਾ,
ਧੂੜਾਂ ਰਾਹਾਂ ਦੀਆਂ ਅਸਾਂ ਸਹਾਰੀਆਂ ਨੇ।
ਬਿਨ ਕਰਾਂਤੀ ਦੇ ਬਦਲੇ ਨਾ ਕਦੀ ਸਿਸਟਮ,
ਹਰ ਸਿਸਟਮ ਨੇ ਮਾਰਾਂ ਮਾਰੀਆਂ ਨੇ।

ਵਿਦਿਆ ਗਿਆਨ ਵਿਗਿਆਨ ਬਿਨ ਸੂਝ ਨਾਹੀ,
ਬਿਨਾ ਸੂਝ ਦੇ ਦੌੜਾਂ ਹਾਰੀਆਂ ਨੇ। 
ਜਨਤਕ ਘੋਲਾਂ 'ਚੋਂ ਕੁਝ ਕੁ ਸਿੱਖ ਜਾਂਦੇ,
ਹਰਾਵਲ ਦਸਤਿਆਂ ਦੀਆਂ ਡਾਰਾਂ ਮਾਰੀਆਂ ਨੇ।
ਬਿਨਾ ਲੋਕਾਂ ਦੇ ਕਰਾਂਤੀ ਨਹੀਂ ਆਉਂਦੀ,
ਸੂਝਾਂ ਲੋਕਾਂ ਨੂੰ ਅਜੇ ਨਾ ਸਾਰੀਆਂ ਨੇ।

ਦੋਨਾਲੀ ਬੰਦੂਕ ਦੀ ਕੀ ਗੱਲ ਏਥੇ
ਕਿਉਂ ਅਕਲਾਂ ਸਾਡੀਆਂ ਹਾਰੀਆਂ ਨੇ।
ਸੂਝ ਲੋਕਾਂ ਨੂੰ ਦਿਓ ਘਰ ਘਰ ਜਾ ਕੇ,
ਬਿਨਾ ਸੂਝ ਦੇ ਮੱਲਾਂ ਨਾ ਮਾਰੀਆਂ ਨੇ।
ਸਿਸਟਮ ਬਦਲਦੇ ਜੇ ਲੋਕਾਂ ਨੂੰ ਸੂਝ ਆਵੇ,
ਮਰਨ ਮਾਰਨ ਦੀਆਂ ਗੱਲਾਂ ਮਾੜੀਆਂ ਨੇ।
*********










ਵਾਹ ਬਈ ਵਾਹ ਸਾਡੀ ਸਰਕਾਰ

ਵਾਹ ਬਈ ਵਾਹ ਸਾਡੀ ਸਰਕਾਰ,
ਲੁੱਟ ਦਾ ਕੀਤਾ ਗਰਮ ਬਾਜ਼ਾਰ।
ਲੁੱਟਾਂ ਲੁੱਟਣ ਸਰਮਾਏਦਾਰ,
ਆਮ ਲੋਕਾਂ ਨੂੰ ਪੈ ਗਈ ਮਾਰ।

ਪਾਲੋ ਘਰਾਂ 'ਚ ਕਾਰ ਕਮਾਵੇ,
ਨਸੀਬੋ ਹੱਟੀਆਂ ਸੁੰਭਰਨ ਜਾਵੇ।
ਇੱਕ ਨਹੀਂ ਜਾਵਣ ਕਈ ਹਜ਼ਾਰ,
ਭਾੜਾ ਵਧਿਆ ਪੈ ਗਈ ਮਾਰ।

ਬੈਠ ਫੈਸਲਾ ਕੀਤਾ ਦੋ ਨੇ,
ਕਾਰਖਾਨੇਦਾਰ ਬਚਾਏ ਇੱਕ ਨੇ,
ਦੂਜੇ ਨੇ ਬਚਾਏ ਜਿੰਮੀਦਾਰ
ਮੱਧ ਵਰਗ ਸਿਰ ਪਾਇਆ ਭਾਰ,
ਲੁੱਟ ਲਏ ਚੂਹੜੇ ਅਤੇ ਚਮਾਰ।

ਸਰਮਾਏਦਾਰਾਂ ਨੇ ਹੱਲ ਲਭਿਆ,
ਜਨਤਾ ਉਪਰ ਟੈਕਸ ਲਗਾਇਆ।
ਰੱਜ ਰੱਜ ਕੇ ਮਨਮਾਨੀ ਕੀਤੀ,
ਗਰੀਬ ਲੋਕਾਂ ਨੂੰ ਬਹੁਤ ਸਤਾਇਆ।

ਪਾਲੋ ਰੋਵੇ ਨਸੀਬੋ ਪਿੱਟੇ,
ਪਿੱਟਣ ਸਾਰੀਆਂ ਕੰਮੀਂ ਨਾਰਾਂ।
ਬੱਸਾਂ ਦਾ ਕਿਰਾਇਆ ਡੇਢਾ,
ਘਰ ਕੀ ਲਿਆਵਣ ਕਰਕੇ ਕਾਰਾਂ।

ਜਿੰਮੀਦਾਰਾਂ ਕੋਲ ਵੱਡੀਆਂ ਕਾਰਾਂ,
ਕਾਰਖਾਨੇਦਾਰਾਂ ਕੋਲ ਕਾਰਾਂ ਦੀਆਂ ਡਾਰਾਂ।
ਗਰੀਬ ਲੋਕਾਂ ਨੂੰ ਪੈ ਗਈਆਂ ਮਾਰਾਂ,
ਵਾਹ ਬਈ ਵਾਹ ਖਾਨਦਾਨੀ ਸਰਕਾਰਾਂ।   *********
ਦੁਨੀਆਂ ਦੇ ਵਿਚ ਬਹੁਤ ਨੇ ਕਲੀਆਂ

ਦੁਨੀਆਂ ਦੇ ਵਿਚ ਬਹੁਤ ਨੇ ਕਲੀਆਂ,
ਦੁਨੀਆਂ ਦੇ ਵਿਚ ਫੁੱਲ ਬਥੇਰੇ।
ਕਿਉਂ ਭਲਾ ਕਲੀ ਕੋਈ ਰੋਵੇ,
ਕਿਉਂ ਕੋਈ ਫੁੱਲ ਹੰਝੂ ਕੇਰੇ।

ਕਲੀ ਦੀ ਵਾਸ਼ਨਾ ਫੁੱਲਾਂ ਨੂੰ ਖਿੱਚੇ,
ਮਹਿਕ ਫੁੱਲਾਂ ਦੀ ਕਲੀ ਪਰੇਰੇ।
ਕਲੀਆਂ ਤੇ ਫੁੱਲ ਰਲ ਮਿਲ ਬਹਿੰਦੇ,
ਇਸ ਨੂੰ ਪਿਆਰ ਮੁਹੱਬਤ ਕਹਿੰਦੇ।

ਮੁੰਡੇ ਕੁੜੀਆਂ ਪਿਆਰ ਜੇ ਪਾਉਂਦੇ,
ਇੱਜ਼ਤ ਦੀ ਖਾਤਰ ਮਾਰ ਮੁਕਾਉਂਦੇ।
ਜੋ ਪੁੱਗ ਨਾ ਸਕੇ ਬੇਸ਼ੱਕ ਸਮਝਾਓ,
ਪਰ ਕਦੀ ਨਾ ਕਿਸੇ ਨੂੰ ਮਾਰ ਮੁਕਾਓ।

ਥੋੜ੍ਹ ਚਿਰਾ ਹੈ ਜੀਵਨ ਸਾਡਾ,
ਫੁੱਲਾਂ ਵਾਂਗ ਛੇਤੀ ਟੁਰ ਜਾਈਏ।
ਕਿਉਂ ਮਾਰੀਏ ਅਸੀਂ ਕਿਸੇ ਨੂੰ,
ਇੱਕ ਦੂਜੇ ਸੰਗ ਪਿਆਰ ਵਧਾਈਏ।

ਪਿਆਰਾਂ ਵਿਚ ਹੀ ਹੈ ਜ਼ਿੰਦਗੀ,
ਘਿਰਣਾ ਵਿਚ ਨਿਰਾ ਹੀ ਸਾੜਾ।
ਪ੍ਰੇਮ ਪਿਆਰ ਹੈ ਸਭ ਤੋਂ ਚੰਗਾ,
ਸੁਖੀ ਵਸੇ ਫਿਰ ਜੱਗ ਹਮਾਰਾ।
ਰੋਕ ਰੱਖੇ ਚਟਾਨ ਭਾਫ ਨੂੰ

ਰੋਕ ਰੱਖੇ ਚਟਾਨ ਭਾਫ ਨੂੰ,
ਭਾਫ ਆਪਣਾ ਜ਼ੋਰ ਲਗਾਉਂਦੀ ਜਾਵੇ।
ਇੱਕ ਦਿਨ ਆਵੇ ਚਟਾਨ ਫਟ ਜਾਵੇ,
ਭਾਫ ਮੁਕਤ ਹੋ ਜਾਵੇ।

ਲਗਾਤਾਰ ਜੋ ਕੋਸ਼ਿਸ਼ ਕਰਦਾ,
ਫਿਰ ਭਲਾ ਉਹ ਕੀ ਨਹੀਂ ਕਰਦਾ,
ਤਾਕਤ ਨਾਲੋਂ ਇਰਾਦਾ ਤਕੜਾ,
ਇੱਕ ਦਿਨ ਆਵੇ ਇਰਾਦਾ ਜਿੱਤ ਜਾਵੇ।

ਸਮਾਂ ਸਥਾਨ ਹਾਲਾਤ ਦੱਬ ਦਿੰਦੇ,
ਕਈ ਵਾਰੀ ਸਾਡੇ ਇਰਾਦੇ।
ਪਰ ਹਾਰ ਤਾਂ ਬੱਸ ਉਹ ਹੀ ਮੰਨਦੇ,
ਜੋ ਹੁੰਦੇ ਬੇਮੁਰਾਦੇ।
*********





















ਤੁਸੀਂ ਕਿਸ ਨੂੰ ਮਾਰਨ ਚੱਲੇ ਹੋ

ਤੁਸੀਂ ਕਿਸ ਨੂੰ ਮਾਰਨ ਚੱਲੇ ਹੋ,
ਕਹਿ ਮਾਓਵਾਦੀ ਜਾਂ ਨਕਸਲਬਾੜੀ।
ਇਹ ਆਪਣੇ ਹੀ ਲੋਕ ਨੇ,
ਸਾਡੇ ਦੇਸ਼ ਦੀ ਫੁਲਵਾੜੀ।

ਭੁੱਖਣ ਭਾਣੇ ਨੰਗ ਧੜੰਗੇ,
ਸਾਡੇ ਵੋਟ ਰਾਜ ਨੇ ਡੰਗੇ।
ਭੁੱਖ ਦਾ ਦੁੱਖ ਕੋਈ ਦੂਰ ਕਰੇ ਨਾ,
ਖਾਨਦਾਨੀ ਨੁਮਾਇੰਦੇ ਸਾਡੇ ਬੇਢੰਗੇ।

ਉਹ ਮੰਗਣ ਰੋਟੀ ਇਹ ਦੇਵਣ ਗੋਲੀ,
ਸਾਡੇ ਦੇਸ਼ ਦੀ ਜਨਤਾ ਏਨੀ ਭੋਲੀ।
ਯਾਰੋ! ਮੱਤ ਖੇਲੋ ਖ਼ੂਨ ਦੀ ਹੋਲੀ,
ਬੋਲੋ ਇਹਨਾਂ ਸੰਗ ਪਿਆਰ ਦੀ ਬੋਲੀ।

ਵਿਦਿਆ ਗਿਆਨ ਵਿਗਿਆਨ ਨਹੀਂ ਹੈ,
ਰੋਟੀ ਕੱਪੜਾ ਮਕਾਨ ਨਹੀਂ ਹੈ।
ਫਿਰਨ ਕਲਪਦੇ ਬੱਚੇ ਬੁੱਢੇ ਤੇ ਜਵਾਨ,
ਕੀ ਇਹਨਾਂ ਲਈ ਕੋਈ ਅਸਥਾਨ ਨਹੀਂ ਹੈ।

ਹੋਵੇ ਮਜ਼ਦੂਰ ਜਾਂ ਹੋਵੇ ਕਿਸਾਨ,
ਹੋਵੇ ਉਹਨਾਂ ਦੀ ਪੂਰੀ ਸ਼ਾਨ।
ਹਰ ਕੋਈ ਆਪਣੀ ਥਾਂ ਵਡੇਰਾ,
ਹੋਵੇ ਨਾ ਘਟੀਆ ਕੋਈ ਇਨਸਾਨ।
*********




ਕਿਉਂ ਇਨਕਲਾਬੀ ਜੂਝਦੇ

ਕਿਉਂ ਇਨਕਲਾਬੀ ਜੂਝਦੇ,
ਕਿਉਂ ਥਾਂ ਥਾਂ ਚੜ੍ਹੇ ਬੁਖਾਰ।
ਫਿਰ ਰਹੇ ਨੇ ਲੋਕ ਸਾਡੇ,
ਭੁੱਖਣ ਭਾਣੇ ਪਾਈਂ ਲੰਗਾਰ।

ਵਿਦਿਆ ਗਿਆਨ ਵਿਗਿਆਨ ਇਹਨਾਂ ਨੂੰ,
ਰੋਟੀ ਕੱਪੜਾ ਮਕਾਨ ਇਹਨਾਂ ਨੂੰ।
ਇਨਸਾਨੀਅਤ ਦੀ ਸ਼ਾਨ ਇਹਨਾਂ ਨੂੰ,
ਸਭਨਾਂ ਨੂੰ ਮਿਲੇ ਰੋਜ਼ਗਾਰ।

ਸਿਆਸੀ ਸਮਾਜੀ ਆਰਥਿਕ ਢਾਂਚੇ,
ਬਦਲ ਦਿਓ ਕਰੋ ਇੱਕਸਾਰ।
ਦੌਲਤ ਜਨਮ ਦੀ ਪੁੱਛ ਨਾ ਹੋਵੇ,
ਕਾਬਲੀਅਤ ਦੇ ਗਲ ਪਵੇ ਸ਼ਿੰਗਾਰ।

ਸਰਮਾਏਦਾਰੀ ਨਿਜ਼ਾਮ ਨੇ
ਖੋਹ ਲਈ ਸਾਡੀ ਮੌਜ ਬਹਾਰ।
ਹਰ ਕੋਈ ਏਥੇ ਚੁੱਕੀਂ ਫਿਰਦਾ,
ਬੇਲੋੜਾ ਤੇ ਵਾਧੂ ਭਾਰ।

ਗਰੀਬਾਂ ਦੀਆਂ ਧੀਆਂ ਦੇ ਵਿਆਹ,
ਕਰ ਜਾਂਦੇ ਕਨੇਡੀਅਨ ਸਰਦਾਰ।
ਪਰ ਕਦੀ ਨਾ ਕਿਸੇ ਨੇ ਸੋਚਿਆ,
ਕਿ ਕਿਉਂ ਗਰੀਬ  ਨੇ ਲੋਕ ਯਾਰ।

ਦਰਦਮੰਦ ਕਨੇਡੀਅਨ ਸਰਦਾਰ,
ਸੁਣ ਲੈਣ ਜੇ ਮੇਰੀ ਪੁਕਾਰ।
ਗਰੀਬਾਂ ਦੇ ਬੱਚੇ ਬੱਚੀਆਂ ਨੂੰ,
ਦੇਣ ਵਿਦਿਆ ਦਾ ਭੰਡਾਰ।

ਹਰ ਇੱਕ ਬੱਚੇ ਬੱਚੀ ਨੂੰ
ਤਕਨੀਕੀ ਵਿਦਿਆ ਸਿਖਾਈ ਜਾਵੇ।
ਖਲੋ ਜਾਵਣ ਸੱਭ ਪੈਰਾਂ ਉੱਤੇ,
ਐਸੀ ਕਾਰ ਕਮਾਈ ਜਾਵੇ।

ਐਸਾ ਕਰੇ ਜੇ ਕੋਈ ਸਰਦਾਰ
ਕਰ ਵਾਹਵਾ ਦੀ ਭੁੱਖ ਦਰਕਨਾਰ।
ਉਸਦੇ ਗੱਲ ਵਿੱਚ ਪਾਈਏ ਹਾਰ,
ਆਖੀਏ ਉਹਨੂੰ ''ਸਰਦਾਰਾਂ ਦਾ ਸਰਦਾਰ''।

ਆਰਥਿਕ ਸੋਮਿਆਂ ਦੀ ਕਾਣੀ ਵੰਡ ਨੇ,
ਸਮਾਜੀ ਵਿਤਕਰੇ ਪਾਏ ਨੇ ਯਾਰ।
ਆਰਥਿਕ ਸੋਮੇ ਸਾਰੇ ਕੌਮੀ ਹੋਵਣ,
ਫਿਰ ਹੋਵਣ ਲੋਕ ਸਾਰੇ ਇੱਕਸਾਰ।

ਪਰ ਜੇ ਆਪਣੀ ਜਨਤਾ ਨੂੰ,
ਰੱਖੀਏ ਅਸੀਂ ਬੀਮਾਰ।
ਗਰੀਬੀ ਦੀ ਬੀਮਾਰੀ,
ਸਭ ਨੂੰ ਕਰੇ ਖੁਆਰ।

ਜੰਗਲ ਦੀ ਤਾਂ ਗੱਲ ਕੀ ਕਹਿਣੀ,
ਮੁਹੱਲਿਆਂ ਵੇਹੜਿਆਂ ਮਾਜਰੀਆਂ 'ਚੋਂ
ਫਿਰ ਉੱਠੇਗੀ ਇੱਕ ਆਵਾਜ਼,
ਬਦਲ ਜਾਣਗੇ ਸਿਸਟਮ ਸਾਰੇ,
ਬਦਲ ਜਾਣਗੇ ਸਾਜ।

ਭੁੱਖੇ ਮਰਦੇ ਲੋਕ ਭਲਾ
ਦੱਸੋ ਕੀ ਨਾ ਕਰਦੇ।
ਮਰਦੇ ਮਾਰਦੇ ਲੜਦੇ ਮਰਦੇ,
ਆ ਜਾਵੇ ਫਿਰ ਮਹਾਂ ਆਜ਼ਾਬ।
*********

ਨੇਕੀ ਬਦੀ ਦੀ ਲੜਾਈ
ਨੇਕੀ ਬਦੀ ਦੀ ਲੜਾਈ,
ਮੁੱਢ ਕਦੀਮੋਂ ਚੱਲਦੀ ਆਈ।
ਹੁੰਦੀ ਜਾਣੀ ਇਹ ਲੜਾਈ,
ਇਹ ਜ਼ਿੰਦਗੀ ਦੀ ਵਡਿਆਈ।

ਕਦੀ ਨਾਨਕ ਨੇ ਫੇਰੀ ਪਾਉਣੀ,
ਜੱਗ ਲਈ ਗਾਡੀ ਰਾਹ ਬਣਾਉਣੀ।
ਕਦੀ ਤੇਗ ਨੇ ਸੀਸ ਲਗਾਉਣਾ,
ਗੋਬਿੰਦ ਨੇ ਇੱਕ ਪੰਥ ਚਲਾਉਣਾ।

ਕਈ ਕੁਰੂਕਸ਼ੇਤਰ ਬਣਨੇ,
ਕ੍ਰਿਸ਼ਨ ਨੇ ਗੀਤਾ ਆ ਸੁਣਾਉਣੀ।
ਦਿਲ ਢਾਹੁੰਦੇ ਅਰਜਨ ਨੂੰ ਉਠਾਉਣਾ,
ਹੱਕ ਸੱਚ ਲਈ ਜੰਗ ਮਚਾਉਣੀ।

ਕਦੀ ਮੁਹੰਮਦ ਨੇ ਉੱਠ ਖਲੌਣਾ,
ਉੱਜਡ ਕੌਮ ਨੂੰ ਮੱਤ ਸਿਖਾਉਣੀ।
ਪੁੱਥਰ ਪੂਜਾਂ ਨੂੰ ਰਾਹੇ ਪਾਉਣਾ,
ਚੰਗੀ ਜੀਵਨ ਜਾਂਚ ਸਿਖਾਉਣੀ।

ਆਇਤ ਨਵੀਂ ਕੋਈ ਨਿੱਤ ਉਤਰਨੀ,
ਦੁਨੀਆਂ ਵਿਚ ਨੇਕੀ ਚਮਕਾਉਣੀ।
ਆਖਰ ਚੁੱਕ ਤਲਵਾਰ ਹੱਥ ਵਿਚ,
ਨੇਕੀ ਦੀ ਜਿੱਤ ਕਰ ਦਿਖਾਉਣੀ।

ਸੁਕਰਾਤ ਨੇ ਜ਼ਹਿਰਾਂ ਪੀ ਜਾਣਾ,
ਪਰ ਸੱਚ ਵੱਲੋਂ ਨਾ ਪਿੱਠ ਘੁਮਾਉਣੀ।
ਕਈ ਭਗਤ ਸਿੰਘ ਏਥੇ ਆਉਣੇ।
ਕਈ ਨਾਜ਼ਰਾਂ ਨੇ ਜਿੰਦ ਲਗਾਉਣੀ।

ਚਤਰਾਂ ਨੇ ਚਤਰਾਈ ਕਰਨੀ,
ਆਪਣੀ ਲੁੱਟ ਮਚਾਉਣੀ।
ਬੰਦੇ ਦੀ ਹਰ ਪੀੜ੍ਹੀ ਨੇ,
ਦੁਨੀਆਂ ਨਵੀਂ ਬਣਾਉਣੀ।

ਸਮਾਂ ਬੀਤਿਆ ਬੀਤਦਾ ਆਇਆ,
ਸਿਸਟਮ ਬੰਦਾ ਬਦਲਾਉਂਦਾ ਆਇਆ।
ਰਜਵਾੜਾਸ਼ਾਹੀ ਬਾਦਸ਼ਾਹੀ ਬਦਲੀ,
ਸਰਮਾਏਦਾਰੀ ਇਨਕਲਾਬ ਆਇਆ।

ਵੋਟ ਰਾਜ ਦਾ ਡੰਕਾ ਵਜਾਇਆ,
ਲੋਕਾਂ ਨੂੰ ਦੋਫਾੜ ਬਣਾਇਆ।
ਖਾਨਦਾਨਾਂ ਨੂੰ ਅੱਗੇ ਲਿਆਇਆ,
ਆਮ ਆਦਮੀ ਫਿਰੇ ਘਬਰਾਇਆ।

ਉਠਣਗੇ ਕਿਧਰੋਂ ਸ਼ੇਰ ਦੂਲੇ,
ਜਿਹਨਾਂ ਨੂੰ ਸਾਰਾ ਜੱਗ ਕਬੂਲੇ।
ਜਨਮ ਤੇ ਦੌਲਤ ਦੀ ਕਹਾਣੀ,
ਆਖਰ ਦੁਨੀਆਂ 'ਚੋਂ ਮੁੱਕ ਜਾਣੀ।

ਆਵੇਗਾ ਕੋਈ ਐਸਾ ਰਾਜ,
ਲੋਕ ਹੋਣਗੇ ਇੱਕ ਆਵਾਜ਼।
ਕਾਬਲੀਅਤ ਅੱਗੇ ਆ ਜਾਏਗੀ,
ਦੁਨੀਆਂ ਚੰਗੇਰੀ ਹੋ ਜਾਏਗੀ।
*********







ਉੱਠਣ ਇਛਾਵਾਂ ਸੰਤੁਲਨ ਵਿਗੜਦਾ

ਉੱਠਣ ਇਛਾਵਾਂ ਸੰਤੁਲਨ ਵਿਗੜਦਾ,
ਇੱਕਸਾਰ ਨਾ ਰਹਿੰਦੇ ਸਾਡੇ ਵਿਚਾਰ।
ਹਰ ਇੱਛਾ ਸਾਡੇ ਆਤਮ ਬਲ ਨੂੰ,
ਕਰੇ ਕਮਜ਼ੋਰ ਡੁੱਬ ਜਾਈਏ ਯਾਰ।

ਕਾਮਨਾਵਾਂ ਦਾ ਚੱਲਦਾ ਜਾਵੇ,
ਇੱਕ ਸਿਲਸਿਲਾ ਜੱਗ ਵਿਚਕਾਰ।
ਹੋਈਏ ਮੁਕਤ ਕਾਮਨਾਵਾਂ ਤੋਂ,
ਜੇਕਰ ਕਰੀਏ ਸੋਚ ਵਿਚਾਰ।

ਡੋਬਦੀਆਂ ਜਾਵਣ ਦਬਦੀਆਂ ਜਾਵਣ,
ਕਾਮਨਾਵਾਂ ਸਾਨੂੰ ਵਾਰ-ਮ-ਵਾਰ।
ਇੱਕੋ ਕਾਮਨਾ ਕਿਉਂ ਨਾ ਕਰੀਏ,
ਕਿ ਸਾਰਾ ਜੱਗ ਬਣੇ ਪਰਿਵਾਰ।

ਹੱਥ ਕਾਰ ਕਮਾਉਂਦੇ ਕਮਾ ਖੁਆਉਂਦੇ,
ਹੱਥ ਆਪੋਂ ਸਾਡੇ ਮੂੰਹ ਵਿਚ ਪਾਉਂਦੇ।
ਜੇ ਹਰ ਅੰਗ ਸਾਡਾ ਸਾਥ ਨਾ ਦੇਵੇ,
ਹੱਥ ਸਾਡੇ ਕਿਵੇਂ ਫਿਰ ਕਾਰ ਕਮਾਉਂਦੇ।

ਰਲ ਮਿਲ ਬੱਤੀ ਤੇ ਤੇਲ ਮਚਦੇ,
ਪਰਕਾਸ਼ ਸਭਨਾਂ ਨੂੰ ਦਿੰਦੇ ਜਾਂਦੇ,.
ਇੱਕ ਸਭਨਾਂ ਲਈ ਸਾਰੇ ਇੱਕ ਲਈ,
ਸਭੇ ਸਾਂਝੀਵਾਲ ਸਦਾਉਂਦੇ।

ਕਰੀਏ ਕੁਰਬਾਨ ਆਪਣਾ ਆਪਾ,
ਜੇ ਸਰਵ ਵਿਆਪਕ ਸੁੱਖ ਆ ਜਾਏ।
ਸਾਰਾ ਸਮਾਜ ਉੱਠ ਖਲੋਵੇ,
ਜੇਕਰ ਇੱਕ ਨੂੰ ਭੀੜ ਪੈ ਜਾਏ।

ਆਤਮ ਨਿਰਭਰਤਾ ਅਤੇ ਆਤਮ ਵਿਸ਼ਵਾਸ਼,
ਜੇਕਰ ਸਾਡੇ ਵਿਚ ਆ ਜਾਵੇ।
ਕੋਈ ਕਿਸੇ ਨੂੰ ਕਦੀ ਨਾ ਲੁੱਟੇ,
ਹਰ ਕੋਈ ਆਪਣਾ ਆਪਣਾ ਖਾਵੇ।
*********



























ਚਰਖਾ ਕਾਲ ਦਾ ਚੱਲਦਾ ਰਹਿੰਦਾ
ਚਰਖਾ ਕਾਲ ਦਾ ਚੱਲਦਾ ਰਹਿੰਦਾ,
ਹੱਥ ਕਾਲ ਦੇ ਰੋਕੇ ਕੌਣ?
ਖਾਲੀ ਕਦੀ ਕਾਲ ਨਹੀਂ ਬਹਿੰਦਾ,
ਕਰੇ ਨਵਾਂ ਪਰ ਸਹਿੰਦਾ ਸਹਿੰਦਾ।

ਇੱਕ ਚੱਕਰ ਤੋਂ ਦੂਜਾ ਚੱਕਰ,
ਨਵੀਂ ਕੋਈ ਬਣਤ ਬਣਾਉਂਦਾ ਜਾਵੇ।
ਦੇਸ਼ ਭਗਤ ਜਾਂ ਕੋਈ ਇਨਕਲਾਬੀ,
ਸਮੇਂ ਤੋਂ ਪਹਿਲਾਂ ਛਲਾਂਗ ਲਗਾਵੇ।

ਹੁਕਮ ਕਾਲ ਦਾ ਕੋਈ ਕੋਈ ਬੁਝੇ,
ਉਹ ਬੁਝੇ ਜੋ ਸੋਝੀ ਪਾਵੇ।
ਬਾਣੀ ਕਾਲ ਦੀ ਜੋ ਬੁੱਝ ਜਾਵੇ,
ਉਹ ਕਰੇ ਕਰਮ ਜੋ ਕਾਲ ਨੂੰ ਭਾਵੇ।

ਕਾਲ ਦਾ ਚੱਕਰ ਜੋ ਅਟਕਾਵੇ,
ਕਾਲ ਉਸ ਨੂੰ ਮਾਰ ਮੁਕਾਵੇ।
ਸਮੇਂ ਨਾਲ ਜੋ ਚੱਲਣਾ ਸਿੱਖੇ,
ਘੋਲ ਤਿੱਖੇ ਉਹ ਜਿੱਤ ਕੇ ਜਾਵੇ।

ਚਾਲੋ ਚਾਲ, ਚਾਲ ਕਾਲ ਦੀ,
ਇਨਕਲਾਬੀ ਨੂੰ ਨਾ ਭਾਵੇ,
ਕਾਲ ਗੁਰੂ ਸੀ ਟੱਪਣਾ,
ਚੇਲਾ ਹੱਦਾਂ ਹੀ ਟੱਪ ਜਾਵੇ।

ਅੱਜ ਨਾ ਤਾਕਤ ਨਿਕਲਦੀ,
ਦੁਨਾਲੀ ਬੰਦੂਕ 'ਚੋਂ।
ਅੱਜ ਤਾਂ ਤਾਕਤ ਨਿਕਲਦੀ,
ਗਿਆਨ ਭਰੇ ਸੰਦੂਕ 'ਚੋਂ।

ਸਮੇਂ ਮੈਂ ਤੈਨੂੰ ਆਖਦਾ,
ਤੂੰ ਸਭਨਾਂ ਦਾ ਸੁਲਤਾਨ।
ਰਾਹ ਦੱਸੀਂ ਸਾਡੇ ਨਾਜ਼ਰ ਨੂੰ,
ਦੇਈ ਨਿਰੇ ਸੱਚ ਦਾ ਗਿਆਨ।

ਅਗਲੇ ਕਦਮਾਂ ਤੋਂ ਅਗਲੇਰ,
ਸਾਡਾ ਨਾਜ਼ਰ ਕਰੇ ਐਲਾਨ।
ਪਰ ਕਦਮ ਅਗਲੇਰੇ ਉਸਦੇ,
ਦੋ ਕਦਮ ਪਿੱਛੇ ਨੂੰ ਜਾਣ।

ਕਈ ਹਰਾਵਲ ਦਸਤਿਆਂ,
ਕੀਤੇ ਬਹੁਤ ਐਲਾਨ,।
ਪਰ ਅੱਜ ਉਹ ਦਸਤੇ ਕਿਥੇ ਨੇ?
ਜਾ ਸੁੱਤੇ ਜ਼ੀਰਾਣ।

ਵਿਦਿਆ ਗਿਆਨ ਵਿਗਿਆਨ ਬਿਨ,
ਸੂਝ ਲੋਕਾਂ ਨੂੰ ਆਵੇ ਨਾ।
ਬਿਨ ਸੂਝ ਦੇ ਕੋਈ ਇਨਕਲਾਬ,
ਕਦੀ ਵੀ ਟਿਕ ਪਾਵੇ ਨਾ।

ਕਿਧਰ ਗਿਆ ਰੂਸੀ ਇਨਕਲਾਬ,
ਹੋ ਗਿਆ ਹੈ ਤਾਰੋ ਤਾਰ।
ਫਰਾਂਸ ਵਿਚ ਆਇਆ ਇਨਕਲਾਬ,
ਕਿਧਰ ਚਲਿਆ ਗਿਆ ਯਾਰ।

ਅਜੇ ਸਮਾਂ ਹੈ ਭਤੀਜਿਆ,
ਡੰਡ ਬੈਠਕਾਂ ਕੱਢ।
ਸੂਝ ਲੋਕਾਂ ਨੂੰ ਦਿੰਦਾ ਜਾਹ,
ਫਿਰ ਜਿੰਨੇ ਮਰਜੀ ਇਨਕਲਾਬ ਲਿਆ।

ਜਿਸ ਸਿਸਟਮ ਦਾ ਤੂੰ ਵਿਰੋਧੀ,
ਅਸੀਂ ਉਸ ਸਿਸਟਮ ਦੇ ਵੈਰੀ ਹਾਂ।
ਪਰ ਉਸ ਸਿਸਟਮ ਦੇ ਰਾਖੇ ਕੌਣ?
ਸਾਡੇ ਆਪਣੇ ਹੀ ਜਵਾਨ,
ਜੋ ਗਰੀਬਾਂ ਦੀ ਸੰਤਾਨ।

ਬਿਨ ਵਿਦਿਆ ਗਿਆਨ ਵਿਗਿਆਨ ਦੇ,
ਸੂਝ ਨਾ ਆਵੇ ਵੀਰ,
ਸੂਝ ਬਿਨਾ ਬਦਲ ਨਹੀਂ ਸਕਦੀ,
ਲੋਕਾਂ ਦੀ ਤਕਦੀਰ।

*********























ਬੇਰਹਿਮ ਬੇਕਿਰਕ ਹੈ ਕੁਦਰਤ


ਬੇਰਹਿਮ ਬੇਕਿਰਕ ਹੈ ਕੁਦਰਤ,
ਖ਼ੂਨ ਖਰਾਬਾ ਕਰਦੀ ਆਈ।
ਇੱਕ ਜੀਵ ਨੂੰ ਦੂਜਾ ਖਾਵੇ,
ਜਿੰਦ ਦਸ਼ੌਂਟੇ ਭਰਦੀ ਆਈ।

ਮਹਾਂਕਾਲ ਦੀ ਵਡੀ ਮਹਿਮਾ,
ਜੀਵਨ ਦਾ ਰੰਗ ਰੂਪ ਵਟਾਇਆ।
ਸਮੇਂ ਸਮੇਂ ਜਾਮਾ ਬਦਲਾਇਆ,
ਆਖਰ ਮਾਣਸ ਜਾਮਾ ਪਾਇਆ।

ਬੇਕਿਰਕੀ ਬੇਰਹਿਮੀ ਛੱਡੀ,
ਦਰਦੇ ਦਿਲ, ਦਿਲ ਵਿਚ ਪਾਇਆ।
ਨੇਕੀ ਬਦੀ ਦਾ ਮੁਜਮਾਂ,
ਦੋ ਮੂੰਹਾਂ ਰੱਬ ਬਣ ਆਇਆ।

ਰੱਬ ਹੀ ਕਰਦਾ ਚੰਗਾ ਮੰਦਾ,
ਬੰਦਾ ਭੀ ਕਰਦਾ ਚੰਗਾ ਮੰਦਾ।
ਪਰ ਲੋਚਦਾ ਸਦਾ ਹੀ ਬੰਦਾ,
ਕਿ ਮਿਟ ਜਾਵੇ ਦੁਨੀਆਂ 'ਚੋਂ ਮੰਦਾ।

ਵਿਪ੍ਰੀਤ ਗੁਣੀ ਹੈ ਰੱਬ ਸਾਡਾ,
ਅੰਤਰਵਿਰੋਧ ਦਿਲਾਂ ਵਿਚ ਪਾਉਂਦਾ।
ਔਹਰ ਮਾਜ਼ਦਾ (ਨੇਕੀ) ਅਹਿਰਮਾਨ (ਬਦੀ) ਸੰਗ,
ਸਦਾ ਹੀ ਘੁਲਦਾ ਆਉਂਦਾ।

ਬੰਦੇ ਦੇ ਬਲਿਹਾਰੇ ਜਾਈਏ,
ਬੰਦਾ ਸਦਾ ਹੀ ਨੇਕੀ ਚਾਹੁੰਦਾ।
ਪਰ ਨੇਕੀ ਬਦੀ ਦਾ ਮੁਜਸਮਾਂ,
ਬੰਦਾ ਪਹਿਲਾਂ ਹੀ ਬਣਕੇ ਆਉਂਦਾ।

ਵਿਪ੍ਰੀਤ ਗੁਣੀ ਸੰਸਾਰ ਹੈ ਸਾਡਾ,
ਨਿਰੀ ਹੀ ਨੇਕੀ ਚਾਹੁੰਦਾ।
ਮਹਾਂ ਕਾਲ ਨੇ ਉਪਜਾਇਆ,
ਨੇਕੀ ਬਦੀ ਦਾ ਭੇੜ ਪਵਾਇਆ।

ਬਿਨ ਘੜਮੱਸ ਦੇ ਜੱਗ ਨਹੀਂ ਹੈ,
ਇੱਕ ਮੂੰਹਾਂ ਕੋਈ ਰੱਬ ਨਹੀਂ ਹੈ।
ਇਹ ਤਾਂ ਬਦਕਿਸਮਤੀ ਸਾਡੀ,
ਨਿਰਾ ਹੀ ਨੇਕ ਜੱਗ ਨਹੀਂ ਹੈ। 
*********






















ਇੱਕੋ ਮਾਂ ਪਿਓ ਦੇ ਜਾਏ

ਇੱਕੋ ਮਾਂ ਪਿਓ ਦੇ ਜਾਏ,
ਸਨ ਰਹਿੰਦੇ ਨਾਲ ਪਿਆਰ।
ਲੋੜ ਅਨੁਸਾਰ ਕੰਮ ਵੰਡੇ,
ਕਰਕੇ ਸੋਚ ਵਿਚਾਰ।

ਵਰਨ ਵੰਡ ਫਿਰ ਹੋ ਗਈ,
ਬ੍ਰਾਮਣ ਖਤਰੀ ਵੈਸ਼ ਤੇ ਸ਼ੂਦਰ।
ਵੈਸ਼ ਤੇ ਸ਼ੂਦਰ ਵੰਡੇ ਗਏ,
ਤਾਂ ਜੋ ਚਲੇ ਸਾਰੀ ਕਾਰ।

ਊਚ ਨੀਚ ਨਹੀਂ ਸੀ ਕਿਧਰੇ,
ਸਾਰੇ ਸਨ ਇੱਕਸਾਰ।
ਵਰਨ ਵੰਡ ਨਹੀਂ ਸੀ ਪੱਕੀ,
ਸੀ ਇਕੱ ਦੂਜੇ ਦੇ ਯਾਰ।

ਕਸਿਆ ਸ਼ਿਕੰਜਾ ਮਨੂੰ ਨੇ,
ਰਖਿਆ ਸਭ ਦਾ ਮਿਆਰ।
ਆਪੋ ਆਪਣੇ ਵਰਨ ਵਿਚ,
ਸਾਰੇ ਕਰਦੇ ਜਾਵਣ ਕਾਰ।

ਪਹਿਲਾਂ ਕਰਮ ਵੰਡ ਸੀ,
ਫਿਰ ਬਣਿਆ ਜਨਮ ਅਧਾਰ।
ਮੋਹਰ ਪੱਕੀ ਫਿਰ ਲੱਗ ਗਈ,
ਘਟ ਗਿਆ ਆਪਸੀ ਪਿਆਰ।

ਵੰਡ ਵੈਸ਼ਾਂ ਤੇ ਸ਼ੂਦਰਾਂ ਦੀ,
ਹੋ ਗਈ ਅੱਗੇ ਯਾਰ।
ਅੰਦਰਖਾਤੇ ਕਰਮ ਵੰਡ,
ਹੋ ਗਈ ਇੱਕ ਤਿਆਰ।

ਬਣੇ ਬਾਣੀਏ ਜੱਟ ਵਪਾਰੀ,
ਤਰਖਾਣ ਅਤੇ ਲੁਹਾਰ।
ਨਾਈ ਛੀਂਬੇ ਝੀਵਰ ਬਣ ਗਏ,
ਬਣ ਗਏ ਚੂਹੜੇ ਚਮਾਰ।

ਇੱਜ਼ਤ ਦੇ ਜੋ ਹੱਕਦਾਰ ਸਨ,
ਪੈ ਗਈ ਉਹਨਾਂ ਨੂੰ ਮਾਰ।
ਸਾਂਭੇ ਔਖੇ ਕੰਮ ਜਿਹਨਾਂ ਨੇ,
ਉਹ ਦਿੱਤੇ ਗਏ ਲਿਤਾੜ।

ਬਣਿਆ ਬ੍ਰਾਹਮਣ ਸਿਰ ਰੱਬ ਦਾ,
ਖਤਰੀ ਲਈ ਭੁਜਾਵਾਂ ਤਿਆਰ।
ਵੈਸ਼ ਬਣ ਗਏ ਧੜ ਰੱਬ ਦੀ,
ਪੈਰ ਬਣ ਗਏ ਸ਼ੂਦਰ ਯਾਰ।

ਸੀ ਅਜੇ ਨਹੀਂ ਕੁਝ ਵਿਗੜਿਆ,
ਸਭ ਇੱਕ ਸਰੀਰ ਇੱਕ ਸਾਰ।
ਚਤਰ ਬ੍ਰਾਹਮਣ ਨੇ ਹੌਲੀ ਹੌਲੀ,
ਦਿੱਤਾ ਸਭ ਨੂੰ ਪਾੜ।

ਛਡਿਆ ਗੋਲਾ ਛੂਤ-ਛਾਤ ਦਾ,
ਸਮਾਜ ਦਿੱਤਾ ਜਿਸ ਸਾੜ।
ਆਰਥਿਕ ਅਨਿਆਂ ਸ਼ੁਰੂ ਹੋ ਗਿਆ,
ਸ਼ੂਦਰਾਂ ਨੂੰ ਪੈ ਗਈ ਮਾਰ।

ਜੱਟਾਂ ਨੂੰ ਲੁਟੇ ਬਾਣੀਆ,
ਹੋਇਆ ਸ਼ੁਰੂ ਸੰਘਾਰ।
ਆਰਥਿਕ ਸੋਮਿਆਂ 'ਤੇ ਕਬਜ਼ਾ 
ਕੀਤਾ ਰਾਜੇ ਰਾਣਿਆਂ ਤੇ ਸਰਦਾਰ।



ਅੱਜ ਤਾਈਂ ਰੁਲਦੇ ਜੱਟ ਨੇ,
ਤੇ ਰੁਲਦੇ ਫਿਰਦੇ ਚੂਹੜੇ ਚਮਾਰ।
ਬਦਲ ਬਦਲ ਕੇ ਨਾਮ ਇਹਨਾਂ ਦੇ,
ਉੱਚਾ ਚੁੱਕਦੇ ਮਿਆਰ।

ਅੱਜ ਰਾਜੇ ਸਾਡੇ ਦੇਸ਼ ਦੇ,
ਬਣ ਗਏ ਉਚ ਕੁਲੀਏ ਸਰਦਾਰ।
ਸਾਰੇ ਟੈਕਸ ਗਰੀਬਾਂ 'ਤੇ ਲੱਗਦੇ,
ਇੰਝ ਚੁਕਦੇ ਨੇ ਆਰਥਿਕ ਮਿਆਰ।

ਸਾਂਭੀ ਜਾਂਦੇ ਸਾਰੇ ਆਰਥਿਕ ਸੋਮੇ,
ਕਰਨ ਭਾਰੀ ਲੁੱਟ ਮਾਰ।
ਬੋਲਣ ਕਿਵੇਂ ਲੋਕ ਹੁਣ,
ਇਹ ਲੋਕਾਂ ਦੀ ਸਰਕਾਰ।
********** 

















ਲੱਗੀ ਪਿਆਸ ਪਪੀਹੇ ਨੂੰ

ਲੱਗੀ ਪਿਆਸ ਪਪੀਹੇ ਨੂੰ,
ਮੁੜ ਮੁੜ ਮਾਂ ਨੂੰ ਪੁੱਛੇ।
ਕੀ ਛੱਪੜ ਦਾ ਪਾਣੀ ਪੀ ਆਵਾਂ?
ਜੇ ਤੂੰ ਨਾ ਹੋਵੇਂ ਗੁੱਸੇ।

ਮਾਂ ਬੋਲੀ ਪੁੱਤ ਪ੍ਰੰਪਰਾ ਹੈ,
ਕਿ ਪਪੀਹੇ ਪਾਣੀ ਮੀਂਹ ਦਾ ਪੀਂਦੇ।
ਪਰ ਜੇ ਬਹੁਤ ਪਿਆਸ ਲੱਗੀ ਹੈ,
ਜਾਹ ਗੰਗਾ ਦਾ ਪਾਣੀ ਪੀ ਆ।

ਛੱਪੜ ਦਾ ਪਾਣੀ, ਖੂਹ ਦਾ ਪਾਣੀ,
ਸਾਡੀ ਕੌਮ ਕਦੀ ਨਾ ਪੀਂਦੀ।
ਕਰੀਏ ਅਸੀਂ ਉਡੀਕ ਮੀਂਹ ਦੀ,
ਰੱਬੀ ਰਹਿਮਤ ਉਪਰ ਜੀਂਦੀ।

ਪਰ ਤੂੰ ਛੋਟਾ ਬੱਚਾ ਹੈਂ,
ਤੈਨੂੰ ਖੁੱਲ੍ਹ ਮੈਂ ਏਨੀ ਕੁ ਦਿੰਦੀ।
ਪਾਣੀ ਗੰਗਾ ਦਾ ਪੀ ਸਕਦਾ ਹੈਂ,
ਫਿਰ ਮੈਂ ਤੈਨੂੰ ਕੁਝ ਨਾ ਕਹਿੰਦੀ।

ਮਾਰ ਉਡਾਰੀ ਪਪੀਹਾ ਉੜਿਆ,
ਰਾਹ ਵਿਚ ਹਨੇਰਾ ਪੈ ਗਿਆ।
ਇੱਕ ਪਿੱਪਲ ਦੇ ਬਿਰਖ ਤੇ,
ਰਾਤ ਕੱਟਣ ਲਈ ਬਹਿ ਗਿਆ।

ਜਿਸ ਦੇ ਥੱਲੇ ਇੱਕ ਬੁਢਾ ਪਿਆ ਸੀ,
ਭੁੱਖ ਨੇ ਜਿਸਨੂੰ ਸੀ ਸਤਾਇਆ।
ਪੱਕ ਗਈਆਂ ਸਨ ਉਸਦੀਆਂ ਅੱਖਾਂ,
ਪਰ ਅਜੇ ਪੁੱਤ ਨਾ ਉਸਦਾ ਮੁੜ ਕੇ ਆਇਆ।

ਏਨੇ ਨੂੰ ਉਹਦਾ ਪੁੱਤ ਆ ਗਿਆ,
ਬਾਪ ਦੇ ਪੈਂਦੀ ਆ ਬਹਿ ਗਿਆ।
ਆਖਿਆ ਉਸ ਨੇ ਮੈਨੂੰ ਬਟੂਆ ਲੱਭਿਆ,
ਇੱਕ ਸੇਠ ਆਇਆ, ਉਹ ਲੈ ਗਿਆ।

ਦੇਣਾ ਚਾਹਿਆ ਉਸਨੇ,
ਇੱਕ ਸੌ ਰੁਪਿਆ ਇਨਾਮ।
ਮੈਂ ਆਖਿਆ ''ਈਮਾਨਦਾਰੀ ਦੇ ਬਦਲੇ
ਅਸੀਂ ਲੈਂਦੇ ਨਹੀਂ ਇਨਾਮ।''

ਸਾਡੀ ਕੌਮ ਦਾ ਐਲਾਨ,
ਈਮਾਨਦਾਰੀ ਹੈ ਸਾਡਾ ਗਹਿਣਾ,
ਇਸਦਾ ਅਸੀਂ ਮੁੱਲ ਨਹੀਂ ਲੈਣਾ,
ਇਹ ਫਰਜ਼ ਬੰਦੇ ਦਾ ਆਮ।

ਸੁਣ, ਪਪੀਹੇ ਨੂੰ ਖਿਆਲ ਆਇਆ,
ਮੈਂ ਅਸੂਲ ਕੌਮ ਦਾ ਤੋੜ ਕੇ ਆਇਆ।
ਵਾਪਸ ਮਾਂ ਕੋਲ ਮੁੜ ਆਇਆ,
ਰੱਜ ਕੇ ਪੀਤਾ ਪਾਣੀ ਰੱਬ ਨੇ ਮੀਂਹ ਵਰਸਾਇਆ।

ਅਸੂਲ ਨਾ ਤੋੜੀਏ ਕੌਮ ਦੇ,
ਸਾਡੀ ਇੱਜ਼ਤ ਦਾ ਸਵਾਲ।
ਬੇਅਸੂਲੀ ਕੌਮ ਦਾ,
ਆ ਜਾਂਦਾ ਹੈ ਝੱਟ ਜ਼ਵਾਲ।
*********







ਟਰੰਟੋ ਵਿਚ ਠਾਰਦੀ ਠੰਡ ਲੋਕਾਂ ਲਈ ਆਜ਼ਾਬ ਸੀ

ਟਰੰਟੋ ਵਿਚ ਠਾਰਦੀ ਠੰਡ ਲੋਕਾਂ ਲਈ ਆਜ਼ਾਬ ਸੀ,
ਠੰਡ ਵਿਚ ਠਰਦੀ ਮੁਟਿਆਰ ਆਈ ਜਿਸਦਾ ਬਹੁਤ ਸ਼ਬਾਬ ਸੀ।
ਆਖਿਆ ਉਸ ਪੰਜਾਬੀ ਸਿੱਖ ਨੂੰ, ''ਹੈ ਲੋਹੜੇ ਦੀ ਠੰਡ ਪੈ ਰਹੀ,
ਕਾਂਬਾ ਮੈਨੂੰ ਲੱਗਿਆ, ''ਮੈਂ ਕਿਧਰੇ ਕੰਮ ਜਾ ਰਹੀ।''
ਸਿੱਖ ਬੋਲਿਆ, ''ਮੈਂ ਤੇਰੀ ਸੇਵਾ ਕਮਾ ਸਕਦਾ ਹਾਂ,
ਕੌਫੀ ਤੈਨੂੰ ਪਿਆ ਸਕਦਾ, ਜੋ ਚਾਹੇ ਖਲਾ ਸਕਦਾ ਹਾਂ।''
ਮੁਟਿਆਰ ਬੋਲੀ, ''ਇਸ ਨਾਲੋਂ ਚੰਗਾ ਹੋਰ ਕੀ,
ਘਬਰਾ ਰਿਹਾ ਹੈ ਮੇਰਾ ਜੀ।''
ਏਨਾ ਸੁਣ ਕੇ ਸਿੱਖ ਸਰਦਾਰ ਕਰਨ ਲਈ ਪਰਉਪਕਾਰ,
ਉਹਨੂੰ ਡੋਨਦ ਸ਼ਾਪ 'ਤੇ ਲੈ ਗਿਆ, ਕੌਫੀ ਪਿਆਉਣ,
ਬਹਿ ਗਿਆ।
ਦੋ ਕੱਪ ਕੌਫੀ ਦੇ ਉਸਨੇ ਪੀਤੇ, ਪਰ ਬੁੱਲ੍ਹ ਰਹੇ ਨਾ ਸੀਤੇ।
ਬੋਲੀ ਫਿਰ ਮੁਟਿਆਰ, ''ਤੂੰ ਮੈਨੂੰ ਖੁਸ਼ ਕੀਤਾ ਹੈ,
ਮੈਂ ਤੈਨੂੰ ਖੁਸ਼ ਕਰਨਾ ਚਾਹੁੰਦੀ ਹਾਂ, ਤੂੰ ਮੇਰੇ ਨਾਲ ਘਰ ਚੱਲ
ਮੈਂ ਤੈਨੂੰ ਮੌਜ ਕਰਵਾਵਾਂਗੀ।''
ਇਹ ਸੁਣ ਸਿੱਖ ਬੋਲਿਆ, ਤੂੰ ਮੇਰਾ ਮਨ ਮੋਹ ਲਿਆ,
ਪਰ ''ਮੇਰੇ ਮੁੰਹ 'ਤੇ ਦਾਹੜੀ ਹੈ ਸਿਰ 'ਤੇ ਪਗੜੀ ਸਿੱਖ ਕੌਮ ਦੀ,
ਮੈਨੂੰ ਕੌਮ ਦੀ ਇੱਜ਼ਤ ਪਿਆਰੀ ਹੈ।''
ਦਾਹੜੀ ਮੈਂ ਕਟਵਾ ਨਹੀਂ ਸਕਦਾ, ਪਗੜੀ ਭੀ ਲਾਹ ਨਹੀਂ ਸਕਦਾ,
ਮੈਂ ਤੇਰੇ ਨਾਲ ਜਾ ਨਹੀਂ ਸਕਦਾ, ਤੈਨੂੰ ਮਿੱਧ ਮੱਧਾ ਨਹੀਂ ਸਕਦਾ।
ਤੂੰ ਸਤਾਈਆਂ ਸਾਲਾਂ ਦੀ ਮੈਂ ਸਤਵੰਜਾ ਸਾਲ ਦਾ,
ਮੈਂ ਕੌਮ ਨੂੰ ਕਲੰਕ ਲਗਵਾ ਨਹੀਂ ਸਕਦਾ।
ਜੋਗਾ ਸਿੰਘ ਨੂੰ ਭਲਾ ਨਹੀਂ ਸਕਦਾ, ਗੁਰੂ ਨੂੰ ਪਿੱਠ ਦਿਖਾ ਨਹੀਂ ਸਕਦਾ।''
ਉਹ ਸਾਰੀ ਦੀ ਸਾਰੀ ਝੁਕ ਗਈ ਬੋਸਾ ਲੈਂਦੀ ਲੈਂਦੀ ਰੁਕ ਗਈ।
ਬੋਲੀ! ਮੈਂ ਖੁਦ ਬੜੀ ਹੈਰਾਨ ਹਾਂ ਥੋੜੀ ਜੇਹੀ ਪ੍ਰੇਸ਼ਾਨ ਹਾਂ
ਕਿ ਮੈਂ ਸਤਾਈ ਸਾਲ ਦੀ ਤੂੰ ਸਤਵੰਜਾ ਸਾਲ ਦਾ,
ਮੇਰਾ ਖੁਸ਼ੀਆਂ ਭਰਿਆ ਦਿਲ ਕਿਉਂ ਤੈਨੂੰ ਹੈ ਭਾਲਦਾ''
ਸਿੱਖ ਬੋਲਿਆ, ''ਤੇਰਾ ਬਹੁਤ ਧੰਨਵਾਦ! ਰੱਬ ਰੱਖੇ ਤੈਨੂੰ ਆਬਾਦ।''
ਅੱਜ ਉਹ ਪੰਜਾਹ ਸਾਲ ਦੀ ਸਿੱਖ ਅੱਸੀਵੇਂ ਸਾਲ ਦਾ,
ਕਰਦਾ ਹੈ ਅਰਦਾਸ ਸਿੱਖ ਰਹਿਮਤ ਰੱਬ ਦੀ ਭਾਲਦਾ।
ਆਪਣੇ ਭਾਈਚਾਰੇ ਨੂੰ ਬੇਨਤੀ ਇੱਕ ਗੁਜ਼ਾਰਦਾ,
ਰਹਿਬਰ ਤਾਂ ਜੋ ਵੀ ਆਏ ਸਿੱਖ ਸਭਨਾਂ ਨੂੰ ਸਤਿਕਾਰਦਾ।
ਈਸਾ ਮੁਹੰਮਦ ਨਾਨਕ ਨੂੰ ਉਹ ਸਭ ਤੋਂ ਵੱਧ ਸਤਿਕਾਰਦਾ,
ਬੁੱਧ ਮਹਾਂਵੀਰ ਜ਼ੌਰਾਸ਼ਟਰ ਨੂੰ ਉਹ ਦਿਲੋਂ ਹੀ ਪਿਆਰਦਾ।
ਪਰ ਯਾਰੋ ਗੋਬਿੰਦ ਸਿੰਘ ਸੀ ਪਰਮ ਮਨੁੱਖ ਸੰਸਾਰ ਦਾ,
ਬਦਲ ਦਿੱਤੀ ਬੰਦੇ ਦੀ ਸ਼ਾਨ ਮਾਤ ਪਿਤਾ ਪੁੱਤਰ ਵਾਰਦਾ।
ਕਹਿਣੀ ਕਰਨੀ ਰਹਿਣੀ ਬਹਿਣੀ ਸੀ ਸਭ ਕੁੱਝ ਉਚਾ ਸਰਕਾਰ ਦਾ,
ਕੇਸ ਦਾਹੜੀ ਨਿਸ਼ਾਨੀ ਉਸਦੀ ਉਹ ਸਿਖਾ ਕਿਉਂ ਉਤਾਰਦਾ।
*********























ਆਪਣੀ ਗਰਜ਼ ਸਭ ਨੂੰ ਪਿਆਰੀ

ਆਪਣੀ ਗਰਜ਼ ਸਭ ਨੂੰ ਪਿਆਰੀ,
ਬੇਗਰਜ਼ੀ ਕੌਣ ਕਰੇ?
ਦੁਰਲੱਭ ਬੇਗਰਜ਼ੀ ਜੱਗ ਵਿਚ,
ਮਸਾਂ ਹੀ ਕੋਈ ਕੋਈ ਕਰੇ।

ਬਿਨ ਦਾਮ ਦੇ ਰਿਸ਼ਤੇ,
ਕੋਈ ਕੋਈ ਪੂਰੇ।
ਪਿਆਰਾਂ ਭਰੇ ਰਿਸ਼ਤੇ,
ਨਿਭਾਉਂਦੇ ਸੂਰੇ।

ਸਰਮਾਏਦਾਰੀ ਨਿਜ਼ਾਮ ਵਿਚ,
ਰਿਸ਼ਤੇ ਲੈਣ ਦੇਣ ਦੇ।
ਲੈਣਾ ਪੈਂਦਾ ਦੇਣਾ ਚਾਹੀਦਾ,
ਬਿਨ ਦੇਣ ਲੈਣ ਰਿਸ਼ਤੇ ਨਾ ਪੂਰੇ।

ਪਿਆਰਾਂ ਭਰੀ ਸਵੇਰ,
ਅਜੇ ਆਈ ਨਾ।
ਸਾਂਝੀਵਾਲਤਾ ਦੂਰ,
ਦੇਵੇ ਦਿਖਾਈ ਨਾ।

ਕਦੋਂ ਯੁੱਗ ਉਹ ਆਵੇ?
ਜਾਣੇ ਕੋਈ ਨਾ।
ਬੰਦੇ ਨੂੰ ਐਸੀ ਸੋਝੀ,
ਅਜੇ ਹੋਈ ਨਾ। 
*********





ਸੱਚ ਦਾ ਚਾਨਣ ਚਾਰ ਚੁਫੇਰੇ

ਸੱਚ ਦਾ ਚਾਨਣ ਚਾਰ ਚੁਫੇਰੇ,
ਕੂੜ ਕੁਫਰ ਲੱਖ ਕਰੇ ਹਨੇਰੇ।
ਪਰ ਪੰਜਾਂ 'ਚੋਂ ਉਪਜੀ ਇੱਛਾ,
ਦੈਵੀ ਦ੍ਰਿਸ਼ਟੀ ਸਭ ਦੀ ਫੇਰੇ।

ਇੱਛਾ ਸਾਡੀ ਸਾਨੂੰ ਪਾਵੇ ਕੁਰਾਹੇ,
ਬੁੱਝ ਜਾਵੇ ਚਾਨਣ ਜੋ ਚੁਫੇਰੇ।
ਕਦੀ ਵੀ ਕੁਝ ਹੱਥ ਨਾ ਆਵੇ,
ਪਿਆਰ ਬਿਨਾ ਬਾਕੀ ਸਭ ਝੇੜੇ।

ਪੰਜਾਂ ਕਾਰਨ ਉਪਜੀ ਇੱਛਾ,
ਲੈ ਪੰਜਾਂ ਨੂੰ ਫਿਰੇ ਚੁਫੇਰੇ।
ਘੇਰ ਲੈਣ ਇਹ ਦੈਂਤ ਜਿਸਨੂੰ,
ਚੈਨ ਕਦੀ ਫਿਰ ਆਵੇ ਨਾ ਨੇੜੇ।

ਕਰ ਇੱਛਾ ਕਦੀ ਕੁਝ ਨਾ ਮੰਗੀਏ,
ਬਿਨ ਮੰਗਿਆਂ ਮੋਤੀ ਬਥੇਰੇ।
ਪਰਮ ਸੱਤਾ ਉਹਨੂੰ, ਆਪੇ ਦੇਵੇ,
ਜੋ ਕਦੀ ਕਿਵਾੜ ਨਾ ਆਪਣੇ ਭੇੜੇ।
*********










ਆਓ ਵਿਹੜੇ ਮੁਹੱਲੇ ਮਾਜਰੀਆਂ, ਮਾੜੀਆਂ ਦੀ ਸਾਰ ਲਈਏ

ਆਓ ਵਿਹੜੇ ਮੁਹੱਲੇ ਮਾਜਰੀਆਂ, ਮਾੜੀਆਂ ਦੀ ਸਾਰ ਲਈਏ,
ਜੋ ਕਰਨਾ ਅਸੀਂ ਆਪੇ ਕਰਨਾ, ਕੁਲੀਨ ਕਲਾਂ ਨੂੰ ਕੀ ਕਹੀਏ।
ਟੁੱਕੜਬੋਚ ਬਣਾਉਂਦੇ ਨੇ ਇਹ ਲੋਕਾਂ ਨੂੰ ਭਰਮਾਉਂਦੇ ਨੇ ਇਹ,
ਵੋਟ ਰਾਜ ਨੂੰ ਖੋਟ ਰਾਜ ਧੰਨ ਦੇ ਜ਼ੋਰ ਬਣਾਉਂਦੇ ਨੇ ਇਹ।

ਮੁਹੱਲਿਆਂ ਵਿਚ ਵਸਦੇ ਲੋਕ ਅਜੇ ਵੀ ਅਨਪੜ੍ਹ ਜਾਂ ਅੱਧਪੜ੍ਹ ਨੇ,
ਬਣੇ ਨਸ਼ੱਈ ਤੇ ਕਰਜ਼ੱਈ ਨਾਮ ਮਾਤਰ ਦੇ ਜਿੰਮੀਦਾਰ ਨੇ।
ਅੱਧੋਂ ਵੱਧ ਕਿਸਾਨ ਬਣੇ ਨੇ ਅੱਧ-ਵਟਾਈ ਦੇ ਹੱਕਦਾਰ ਨੇ,
ਜਾਂ ਪਹਿਲਾਂ ਜਬਤੀ ਭਰਦੇ ਨੇ ਫਿਰ ਖੇਤਾਂ ਵਿਚ ਵੜਦੇ ਨੇ।

ਮਸਾਂ ਹੀ ਝਟ ਲੰਘਾਉਂਦੇ ਨੇ ਚਾਵਤ ਲੈ ਲੈ ਖਾਂਦੇ ਨੇ,
ਕਰਜ਼ਾ ਸਿਰ 'ਤੇ ਚੜ੍ਹ ਜਾਂਦਾ ਹੈ, ਮੁੜ ਜ਼ਹਿਰਾਂ ਖਾ ਖਾ ਮਰਦੇ ਨੇ।
ਅੱਧਪੜ੍ਹ ਬੱਚੇ ਇਹਨਾਂ ਦੇ ਕੁਝ ਵੀ ਨਾ ਕਰਦੇ ਕਮਾਉਂਦੇ ਨੇ,
ਬਣ ਕੁਲੀਨ ਕੁਲੀ ਆਗੂਆਂ ਦੇ ਮੋਹਰੇ ਜ਼ੋਰਦੀ ਨਾਅਰੇ ਲਾਉਂਦੇ ਨੇ।

'ਅਸੀਂ ਬਈ ਜੱਟ ਹੁੰਦੇ ਹਾਂ' ਕਹਿ ਮਰਦੇ ਜਾਂ ਮਰਵਾਂਦੇ ਨੇ,
ਤਿੰਨ ਵਿਘੇ ਜ਼ਮੀਨ ਇਹਨਾਂ ਨਾ ਰੋਟੀ ਵੀ ਰੱਜ ਨਾ ਖਾਂਦੇ ਨੇ,
ਪਰ ਮਜ਼ਦੂਰੀ ਕਰਨ ਤੋਂ ਇਹ ਬਹੁਤ ਸ਼ਰਮਾਂਦੇ ਨੇ।
ਜ਼ਮੀਨ ਵੇਚ ਕੇ ਏਜੰਟਾਂ ਨੂੰ ਦਿੰਦੇ, ਮਜ਼ਦੂਰੀ ਕਰਨ ਲਈ ਜਾਂਦੇ ਨੇ,
ਕਈ ਰਾਹਾਂ ਵਿਚ ਹੀ ਡੁੱਬ ਜਾਂਦੇ ਨੇ ਕਈ ਜੇਲ੍ਹ ਦੀ ਹਵਾ ਖਾਂਦੇ ਨੇ।

ਵਿਹੜੇ ਮਾੜੀਆਂ ਮਾਜ਼ਰੀਆਂ ਵਾਲੇ ਕੰਮੀ ਕੰਮਾਂ 'ਤੇ ਜਾਂਦੇ ਨੇ,
ਜਾਂ ਤਾਂ ਕਿਧਰੇ ਕੰਮ ਨਹੀਂ ਮਿਲਦਾ ਜਾਂ ਅੱਧ ਮਜ਼ਦੂਰੀ ਪਾਂਦੇ ਨੇ।
ਘਰ ਨੂੰ ਮੁੜਦੇ ਇੱਕ ਅਧੀਆ ਜਾਂ ਬੋਤਲ ਲੈ ਕੇ ਆਂਦੇ ਨੇ,
ਘਰਾਂ 'ਚ ਖੌਰੂ ਪਾਂਦੇ ਨੇ ਤੇ ਬੱਚਿਆਂ ਨੂੰ ਡਰਾਂਦੇ ਨੇ।

ਘਰੀਂ ਇਹਨਾਂ ਦੇ ਭੰਗ ਭੁੱਜਦੀ ਹੈ ਬਸ ਰੁਖੀ ਮਿਸੀ ਖਾਂਦੇ ਨੇ,
ਸਬਕ ਇਹਨਾਂ ਨੂੰ ਮਿਲਦੇ ਨੇ ''ਰੁੱਖੀ ਮਿਸੀ ਖਾ ਕੇ ਠੰਡਾ ਪਾਣੀ ਪੀ
ਨਾ ਦੇਖ ਪਰਾਈ ਚੌਪੜੀ ਨਾ ਤਰਸਾਂਈਂ ਜੀ'',
ਮਲਕ ਭਾਗੋਆਂ ਨੇ ਪਾ ਦਿੱਤੀ ਇਹਨਾਂ ਲਈ ਅਨੋਖੀ ਲੀਹ।

ਟੁਰਦੇ ਜਾਣ ਇਹ ਲੀਹੇ ਲੀਹੇ ਇਹਨਾਂ ਵਿਚ ਰਹੇ ਨਾ ਹੀਏ,
ਅਗੇ ਵਧੂ ਹਥੌੜੇ ਵਾਲੇ ਹੋ ਗਏ ਕੁਰਸੀਆਂ ਲਈ ਕਾਹਲੇ।
ਦਾਤੀ ਹਥੌੜਾ ਹੋ ਗਿਆ ਹੌਲਾ ਕਣਕ ਨਾ ਵੱਢੇ ਲੋਹਾ ਨਾ ਕੁਟੇ,
ਥੱਕ ਟੁੱਟ ਕੇ ਲੋਕ ਸੁੱਤੇ ਨਕਸਲਬਾੜੀ ਮਾਓਵਾਦੀ ਢੋਲ ਵਜਾਵੇ।

ਲੋਕ ਕੁੰਭਕਰਨ ਦੀ ਨੀਂਦ ਸੁੱਤੇ, ਢੋਲਾਂ ਨਾਲ ਜਗਾਏ ਨਾ ਜਾਣ,
ਵਿਦਿਆ ਗਿਆਨ ਵਿਗਿਆਨ ਬਿਨਾ ਇਹ ਨਾ ਹੁਣ ਉਠਾਏ ਜਾਣ।
ਅੱਧ ਸੁੱਤਿਆਂ ਨੂੰ ਜਗਾ ਸਕਦੇ ਹੋ ਆਕਾਰਨ ਹੀ ਮਰਵਾ ਸਕਦੇ ਹੋ,
ਯਾਰੋ ਕੁਝ ਤਾਂ ਸੋਚ ਕਰੋ ਕਿ ਇਹਨਾਂ ਨੂੰ ਕਿਵੇਂ ਜਗਾ ਸਕਦੇ ਹੋ? 
*********





















ਧਰਮ ਸਾਡੇ ਸਾਨੂੰ ਨਾ ਦਿੰਦੇ ਰੱਬ ਦੀ ਕੋਈ ਸਾਰ

ਧਰਮ ਸਾਡੇ ਸਾਨੂੰ ਨਾ ਦਿੰਦੇ ਰੱਬ ਦੀ ਕੋਈ ਸਾਰ,
ਇਨਸਾਨੀਅਤ ਨੂੰ ਮਾਰ ਮੁਕਾਇਆ ਧਰਮ ਬਣੇ ਨੇ ਖਾਰ।
ਰੱਬੀ ਰਾਹ ਤਾਂ ਰਾਹ ਪ੍ਰੇਮ ਦਾ ਦਿਲਾਂ ਵਿਚ ਭਰੇ ਪਿਆਰ,
ਵਿਚੋਲਗਿਰੀ ਨਾ ਰੱਬ ਨੂੰ ਭਾਵੇ ਸਿੱਧੇ ਦੇਵੇ ਦੀਦਾਰ।

ਰੱਬ ਨਾ ਕਿਧਰੇ ਅਸਮਾਨੀ ਵਸਦਾ ਨਾ ਸੱਚ-ਖੰਡਾਂ ਦਾ ਯਾਰ,
ਰੱਬ ਤਾਂ ਹਰ ਇੱਕ ਸ਼ੈਅ ਵਿਚ ਵਸਦਾ ਹੋਵੇ ਖਿਜਾਂ ਚਾਹੇ ਬਹਾਰ।
ਰੱਬ ਤਾਂ ਯਾਰੋ ਪਰਮ ਸੱਤਾ ਹੈ ਨਿੱਤ ਧਾਰੇ ਰੂਪ ਹਜ਼ਾਰ,
ਧਰਮ ਨਾ ਸਾਡੇ ਰੱਬ ਨੂੰ ਬੁਝਦੇ, ਜਿਨ੍ਹਾਂ ਵੰਡ ਦਿੱਤਾ ਹੈ ਸੰਸਾਰ।

ਕੁਰਲਾਹਟ ਮੱਚੀ ਜੱਗ ਵਿਚ ਹੋ ਗਏ ਦਿਲ ਦੋਫਾੜ,
ਢੇਰ ਸਾਲਾਂ ਤੋਂ ਲੱਗਦੇ ਰਹੇ, ਲਾਸ਼ਾਂ ਦੇ ਅੰਬਾਰ।
ਹਿੰਦੂ ਮੁਸਲਿਮ ਸਿੱਖ ਈਸਾਈ ਸਭ ਹੁੰਦੇ ਰਹੇ ਖੁਆਰ,
ਸਭ ਨੂੰ ਸਭ ਦਾ ਦੀਨ ਮੁਬਾਰਕ ਕਰੇ ਨਾ ਕੋਈ ਵਿਚਾਰ।

ਵੰਡਿਆ ਗਿਆ ਦੇਸ਼ ਸਾਡਾ ਪੈ ਗਈ ਧਰਮਾਂ ਦੀ ਮਾਰ,
ਲੜਦੇ ਭਿੜਦੇ ਰਹੇ ਨੇ ਸਾਰੇ ਭੁਲਾ ਕੇ ਦਿਲੀ ਪਿਆਰ।
ਅਜੇ ਤੱਕ ਨਹੀਂ ਉੱਤਰਿਆ ਧਰਮਾਂ ਦਾ ਬੁਖਾਰ,
ਕਿਧਰੇ ਸਿੱਖਾਂ ਨੂੰ ਮਾਰਿਆ ਕਿਤੇ ਮੁਸਲਿਮ ਦਿਤੇ ਸਾੜ।

'ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ' ਦਿੱਤਾ ਅਸੀਂ ਵਿਸਾਰ,
ਹੱਦੋਂ ਵੱਧ ਫਸਾਦੀ ਬਣਕੇ ਮਾਸੂਮਾਂ ਨੂੰ ਰਹੇ ਨੇ ਮਾਰ।
ਨਾ ਹੀ ਮੁਹੰਮਦ ਉਹਨਾਂ ਦਾ ਨਾ ਰੱਬ ਉਹਨਾਂ ਦਾ ਯਾਰ,
ਕਦੀ ਲਵੇ ਨਾ ਸਾਰ ਉਹਨਾਂ ਦੀ ਮਦੀਨੇ ਦੀ ਸਰਕਾਰ।
*********





ਆਕਾਲ ਅਨੰਤ ਅਸੀਮ ਹੈ

ਆਕਾਲ ਕਾਲ ਅਨੰਤ ਅਸੀਮ,
ਆਕਾਲ ਕਾਲ ਵਿੱਚ ਆ ਜਾਂਦਾ ਹੈ।
ਇੱਕ ਮਾਇਆਵੀ ਕਿਣਕਾ ਬਣ ਜਾਂਦਾ ਹੈ,
ਜਗਤ ਹੋਂਦ ਵਿੱਚ ਆ ਜਾਂਦਾ ਹੈ। 

ਚੰਦ ਸੂਰਜ ਤਾਰੇ ਸਿਤਾਰੇ ਸਾਰੇ,
ਪ੍ਰਿਥਵੀ ਤੇ ਉਹਦੇ ਰਾਜ ਦੁਲਾਰੇ।
ਕੀੜੀ ਪਹਾੜ ਸਾਗਰ ਤੇ ਅਸਮਾਨ,
ਸਾਰੇ ਸੀਮਤ ਅਸੀਮ ਨਾ ਜਾਣ।

ਅਨੰਤ 'ਚੋਂ ਆਏ ਸਭ ਅੰਤਾਂ ਵਾਲੇ,
ਬੇਚੈਨ ਸਾਰੇ ਦੇ ਸਾਰੇ।
ਆਨੰਦ ਅਵਸਥਾ ਕਿਵੇਂ ਕੋਈ ਪਾਵੇ,
ਸੀਮਤ ਅਸੀਮਤ ਜਦ ਬਣ ਜਾਵੇ।

ਕੁਲ ਕਾਇਨਾਤ ਭਜਦੀ ਜਾਵੇ,
ਪਲ ਭਰ ਲਈ ਭੀ ਠਹਿਰ ਨਾ ਪਾਵੇ।
ਕੋਈ ਜਿੰਨਾ ਮਰਜ਼ੀ ਜ਼ੋਰ ਲਗਾਵੇ,
ਸੀਮਤ ਅਸੀਮ ਹੋ ਨਾ ਪਾਵੇ।

ਕੈਦ ਸਰੀਰੀਂ ਕਲਪੇ ਆਪਾ,
ਮੁੱਕੇ ਕਿਵੇਂ ਇਹ ਛੜੀ ਸਿਆਪਾ।
ਇਹ ਤਾਂ ਇੱਕ ਮਜਬੂਤ ਜਾਲ ਹੈ,
ਇਸ ਵਿਚੋਂ ਨਿਕਲਣਾ ਅਤਿ ਮੁਹਾਲ ਹੈ।

ਸ਼ਮਸ਼ੀ ਨਿਜ਼ਾਮ ਸਾਰੇ ਦੇ ਸਾਰੇ,
ਕਰਦੇ ਕਾਰਜ਼ ਹੁਕਮ ਸਹਾਰੇ।
ਪਸ਼ੂ ਪੰਛੀ ਕੀੜੇ ਮਕੌੜੇ,
ਕਰਦੇ ਕਾਰਜ ਫਿਰਦੇ ਦੌੜੇ।

ਸਾਰੇ ਇਨਸਾਨ ਖਾਸ ਜਾਂ ਆਮ,
ਸਾਰੇ ਦੇ ਸਾਰੇ ਲੱਗੇ ਆਹਰੇ।
ਸਭਨਾਂ ਦੇ ਸਾਰੇ ਕਾਰਜਾਂ ਦਾ ਪਰਿਨਾਮ,
ਬ੍ਰਹਿਮੰੰਡੀ ਕਾਰਜ ਬਣ ਜਾਵੇ।

ਬ੍ਰਹਿਮੰਡ ਸਾਡਾ ਫਿਰੇ ਕਲਪਦਾ,
ਆਪਣੀ ਸੀਮਾ ਨਾ ਇਸ ਨੂੰ ਭਾਵੇ।
ਅਸੀਮ ਅਨੰਤਤਾ ਦੇ ਲੈਂਦਾ ਸੁਪਨੇ,
ਕਿਲੀ ਸੰਗ ਬੰਨ੍ਹਿਆ ਲੜ ਕਿਵੇਂ ਛੁਡਾਵੇ।

ਅਸੀਮ ਨੂੰ ਇਹ ਲੱਭਦਾ ਫਿਰਦਾ,
ਏਸੇ ਲਈ ਇਸਨੇ ਜਿੰੰਦ ਉਪਾਈ।
ਭਿੰਨ ਭਿੰਨ ਜਾਮੇ ਜਿੰਦ ਦੇ ਗਲ ਪਾਏ,
ਵੱਧ ਤੋਂ ਵੱਧ ਉਹਦੀ ਬੁੱਧ ਵਧਾਈ।
*********

















ਆਪਣੇ ਲਈ ਅਸੀਂ ਨਹੀਂ ਜਿਉਂਦੇ

ਅਸੀਂ ਆਪਣੇ ਲਈ ਹੀ ਨਹੀਂ ਜਿਉਂਦੇ,
ਤੁਸੀਂ ਆਪਣੇ ਲਈ ਨਹੀਂ ਜਿਉਂਦੇ।
ਹਰ ਇੱਕ ਸ਼ੈਅ ਦੂਜੀ ਲਈ ਹੈ,
ਬ੍ਰਹਿਮੰਡ ਸਾਡਾ ਸਭਨਾਂ ਲਈ ਹੈ।

ਸਮਝ ਨਾ ਆਵੇ ਇਹ ਕਹਾਣੀ,
ਏਸੇ ਲਈ ਹੁੰਦੀ ਰਹਿੰਦੀ ਹਾਨੀ।
ਸਮਝੀਏ ਅਸੀਂ ਹਾਂ ਨਿਰੇ ਸੰਸਾਰੀ,
ਭੁਲ ਜਾਈਏ ਕਿ ਭੀ ਹਾਂ ਹੋਂਦ ਨੂਰਾਨੀ।

ਅਸੀਂ ਪਰਮ ਸੱਤਾ ਨੂੰ ਪਿੱਠ ਦਿਖਾਈਏ,
ਹੁਕਮ ਅਦੂਲੀ ਕਰਦੇ ਜਾਈਏ।
ਬਿਨ-ਆਗਿਆ ਫਲ ਤੋੜ ਕੇ ਖਾਈਏ,
ਫਿਰ ਧਰਤੀ ਤੇ ਪਟਕਾਏ ਜਾਈਏ।

ਮੁੜ ਮੁੜ ਕੇ ਅਸਮਾਨੀ ਚੜ੍ਹੀਏ,
ਤਾਂ ਜੋ ਭੋਰਾ ਭਰ ਚਾਨਣ ਦਾ ਫੜੀਏ।
ਹੱਕ ਬਰਾਬਰ ਰੱਬ ਤੋਂ ਮੰਗੀਏ,
ਫਰਜ਼ ਨਾ ਆਪਣੇ ਅਸੀਂ ਪੁਗਾਈਏ।

ਭੋਰਾ ਭਰ ਚਾਨਣ ਹੱਥ ਜੇ ਆਵੇ,
ਖਿੱਚ ਧਰਤ ਦੀ ਫਿਰ ਵਧ ਜਾਵੇ।
ਕਾਮ ਕਰੋਧ ਲੋਭ ਮੋਹ ਹਓਮੈਂ,
ਸਾਡੇ ਪੈਰੀਂ ਸੰਗਲ ਪਾਵੇ।

ਇਹ ਸੰਗਲ ਕੌਣ ਤੁੜਾਵੇ,
ਜੋ ਜੀਵਨ ਵਿਚ ਸ਼ੁਧਤਾ ਲਿਆਵੇ।
*********


ਪਰਮ ਸੱਤਾ ਵਿਪ੍ਰੀਤ ਗੁਣੀ ਹੈ

ਪਰਮ ਸਤਾ ਵਿਪ੍ਰੀਤ ਗੁਣੀ ਹੈ,
ਵਿਪ੍ਰੀਤ ਸਿਫਤੀ ਕਣਾਂ ਵਿਚ,
ਜਮ੍ਹਾਂ ਤੇ ਮਨਫੀ ਕਿਥੋਂ ਆਵੇ?
(ਇੱਕੋ ਗੁਣ ਦੋ ਰੂਪ ਧਰਾਵੇ।)

ਕੀ ਮੰਤਵ ਹੈ ਇਸ ਤਾਣੇ ਦਾ,
ਇਹ ਤਾਣਾ, ਬਾਣਾ ਉਪਜਾਵੇ।
ਜੇਕਰ ਇੱਕ ਤਮਾਸ਼ਾ ਹੈ ਇਹ,
ਕੀ ਇਹ ਖੁਦ ਰੌਂਅ ਜਾਂ ਕੋਈ ਚਲਾਵੇ।

ਜੇਕਰ ਕਿਧਰੇ ਰੱਬ ਕੋਈ ਹੁੰਦਾ,
ਜੋ ਸਾਰੀ ਖੇਡ ਚਲਾਵੇ।
ਫਿਰ ਕਿਉਂ ਲੰਮੀ ਚਾਲ ਚੱਲਦਾ,
ਵਿਕਾਸ ਨਾਚ ਫਿਰ ਕਿਉਂ ਰਚਾਵੇ।

ਵਿਗਸਾਓ ਕਾਰਨ ਹੀ ਸਭ ਕੁਝ ਹੋਵੇ,
ਜੇ ਕਿਧਰੇ ਕੋਈ ਕਰਤਾ ਹੈ, ਇੰਜ ਕਿਉਂ ਕਰਾਵੇ।
ਕਰਨ ਕਾਰਣ ਜੇ ਆਪ ਬਣੇ ਉਹ,.
ਉਹ ਆਪੋਂ ਫਿਰ ਕਿੱਥੋਂ ਆਵੇ?

ਜਿਸਦਾ ਗਿਆਨ ਨਹੀਂ ਹੈ ਸਾਨੂੰ,
ਅਸੀਂ ਆਖੀਏ ਰੱਬ ਕਰਾਵੇ।
ਜੈਸੀ ਸੋਚ ਸਾਡੀ ਆਪਣੀ ਹੋਵੇ,
ਵੈਸਾ ਹੀ ਸਾਨੂੰ ਨਜ਼ਰੀ ਆਵੇ।

ਪਰ ਕੁਝ ਕੁ ਐਸਾ ਹੁੰਦਾ ਰਹਿੰਦਾ,
ਕਿ ਕਿਵੇਂ ਹੋਇਆ ਸਮਝ ਨਾ ਆਵੇ।
ਵਿਚਾਰ ਸ਼ਕਤੀ ਅਤੇ ਵਿਵੇਕ,
ਨਾ ਹੀ ਕਲਪਣਾ ਸਾਨੂੰ ਸੁਝਾਵੇ।

ਰੱਬ ਸਬੱਬੀਂ ਜਾਂ ਸੰਜੋਗੀ,
ਕੁਝ ਵੀ ਹੁੰਦਾ ਨਜ਼ਰ ਨਾ ਆਵੇ।
ਸਿੱਧਾ ਅਤੇ ਸਪਸ਼ਟ ਦਿਸਦਾ ਹੈ,
ਕਿ ਕੋਈ ਗੈਬੀ ਹੱਥ ਕਰਾਵੇ।

ਅਨੋਖੀਆਂ ਘਟਨਾਵਾਂ ਵਾਪਰਦੀਆਂ ਜਾਣ,
ਕਿਧਰੇ ਕੋਈ ਕਾਰਨ ਨਜ਼ਰ ਨਾ ਆਵੇ।
'ਰੱਬ ਸਬੱਬੀਂ ਹੋ ਗਿਆ' ਕਹਿਣ ਦੀ,
ਕੋਈ ਵੀ ਤੁਕ ਨਜ਼ਰ ਨਾ ਆਵੇ।

ਅਸੀਂ ਇਨਕਾਰੀ ਅਤੇ ਪੈਰੋਕਾਰੀ,
ਭੋਰਾ ਭਰ ਸਮਝ ਨਾ ਪਾਈਏ।
ਰੱਬ ਸਬੱਬੀਂ ਹੋਇਆ ਨਾ ਲੱਗੇ,
ਪਰਮ ਸੱਤਾ ਅੱਗੇ ਸੀਸ ਝੁਕਾਈਏ।
*********

















ਅਲਾਹ ਵਾਹਿਗੁਰੂ ਰਾਮ

ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।
ਜੋ ਜੀ ਚਾਹੇ ਕੋਈ ਆਖੀ ਜਾਵੇ,
ਪਰ ਪਾਵੇ ਨਾ ਘਸਮਾਨ।

ਮੰਦਰੀ ਜਾਈਏ ਮਸਜ਼ਿਦੀਂ ਜਾਈਏ,
ਜਾਈਏ ਚਰਚ ਜਾਂ ਗੁਰੂ-ਦੁਆਰੇ।
ਕਿਉਂ ਨਾ ਸਾਰੇ ਇੱਕ ਥਾਂ ਜਾਈਏ,
ਹੋਵਣ ਜੁੜਵੇਂ ਸਾਰੇ ਦੇ ਸਾਰੇ।

ਵਿਰਾਟ ਹੁਕਮ ਜੱਗ ਵਿਚ ਚੱਲੇ,
ਉਸਨੂੰ ਕਦੀ ਨਾ ਕੋਈ ਉਥੱਲੇ।
ਵਿਰਾਟ ਹੁਕਮ ਆਪੋਂ ਹੋਂਦ 'ਚ ਆਇਆ?
ਅਟੱਲ ਹੁਕਮ ਦੀ ਬੱਲੇ ਬੱਲੇ।

ਪਰਮ ਸੱਤਾ ਹੀ ਮੁੱਢ ਜੱਗ ਦਾ,
ਪਰਮ ਸੱਤਾ 'ਚੋਂ ਸਭ ਕੁਝ ਆਇਆ।
ਪਰਮ ਸੱਤਾ ਹੀ ਹੈ ਰੱਬ ਸਾਡਾ,
ਪਰਮ ਸੱਤਾ ਹੀ ਹੈ ਖੁਦਾਇਆ।

ਕਣ ਕਣ ਅੰਦਰ ਪਰਮ ਸੱਤਾ ਹੈ,
ਕਣ ਕਣ ਅੰਦਰ ਰੱਬ ਸਮਾਇਆ।
ਯਾਰੋ ਤਰਕ ਅਧੂਰਾ ਸਾਡਾ,
ਸਾਨੂੰ ਸਭ ਕੁਝ ਪੂਰਾ ਸਮਝ ਨਾ ਆਇਆ।

ਸਾਡੇ ਅੰਦਰ ਬੈਠਾ ਸਾਡਾ ਸਤਿਗੁਰ,
ਸਾਨੂੰ ਆਪਣੇ ਹੁਕਮ ਸੁਣਾਉਂਦਾ ਆਇਆ।
ਇੱਕ ਰੱਬੀ ਕਿਣਕਾ ਹਿਰਦੇ ਸਾਡੇ,
ਸਾਨੂੰ ਸਦਾ ਹੀ ਸੱਚ ਦਰਸਾਉਂਦਾ ਆਇਆ।

ਪੰਜ ਅਬਗੁਣ ਸਦਾ ਸੰਗ ਸਾਡੇ,
ਬੰਦਾ ਕੁਰਾਹੀਂ ਪੈਂਦਾ ਆਇਆ।
ਸੰਤੁਲਨ ਵਿਚ ਜੇ ਰੱਖੀਏ ਆਪਾ,
ਰੱਬ ਨੇਕੀ ਦੇ ਰਾਹ ਪਾਉਂਦਾ ਆਇਆ।

ਦੁੱਖਾਂ ਦੀ ਦਾਰੂ ਰੱਬ ਤੋਂ ਮੰਗੇ,
ਦੁੱਖ ਆਪਣੇ ਨਿੱਤ ਵਧਾਉਂਦਾ ਆਇਆ।
ਸਿਆਸੀ ਸਮਾਜੀ ਅਰਥ ਵਿਵਸਥਾ,
ਬੰਦਾ ਦੁੱਖਾਂ ਭਰੀ ਬਣਾਉਂਦਾ ਆਇਆ।

ਜਦ ਪੰਡ ਦੁੱਖਾਂ ਦੀ ਚੁੱਕ ਨਾ ਹੋਵੇ,
ਸਿਰ ਉਤੋਂ ਪੰਡਾਂ ਲਾਹੁੰਦਾ ਆਇਆ।
ਛੱਡ ਪੁਰਾਣੀਆਂ ਰਾਹਾਂ ਨੂੰ,
ਨਵੀਆਂ ਲੀਹਾਂ ਜੱਗ ਪਾਉਂਦਾ ਆਇਆ।
**********

















ਇਹ ਹੱਕ ਸਾਡਾ ਉਹ ਹੱਕ ਸਾਡਾ

ਇਹ ਹੱਕ ਸਾਡਾ ਉਹ ਹੱਕ ਸਾਡਾ,
ਅਸੀਂ ਕਹਿਕੇ ਨਿੱਤ ਸੁਣਾਉਂਦੇ ਹਾਂ।
ਸਮੇਂ ਦੀ ਸਰਕਾਰ ਨੂੰ ਸਮੇਂ ਦੇ ਸਮਾਜ ਨੂੰ,
ਅਸੀਂ ਆਪਣਾ ਹੱਕ ਜਤਲਾਉਂਦੇ ਹਾਂ।

ਪਰ ਆਪਣੇ ਫਰਜ਼ ਸਮਾਜ ਪ੍ਰਤੀ,
ਦੇਸ਼ ਪ੍ਰਤੀ ਦੁਨੀਆਂ ਪ੍ਰਤੀ ਭੁਲਾਉਂਦੇ ਹਾਂ।
ਜੇਕਰ ਆਪਣੇ ਫਰਜ਼ ਪੁਗਾਈਏ,
ਫਿਰ ਆਪਣੇ ਹੱਕ ਭੀ ਪਾਉਂਦੇ ਹਾਂ। 

ਜੇਕਰ ਗਹਿਰਾ ਸੋਚੀਏ,
ਸਮਾਜ ਤੋਂ ਦੇਸ਼ ਤੋਂ ਦੁਨੀਆਂ ਤੋਂ,
ਕੁਦਰਤ ਤੋਂ ਬ੍ਰਹਿਮੰਡ ਤੋਂ,
ਅਸੀਂ ਆਪਣੇ ਲਈ ਸਭ ਕੁਝ ਪਾਉਂਦੇ ਹਾਂ। 

ਜੇਕਰ ਸਭ ਕੁਝ ਲੈਂਦੇ ਜਾਈਏ,
ਕੁਝ ਨਾ ਕਿਸੇ ਦੇ ਪੱਲੇ ਪਾਈਏ।
ਅਫਰਾਤਫਰੀ ਜੱਗ ਵਿਚ ਫੈਲੇ,
ਅਸੀਂ ਸਿਸਟਮ ਸਾਰਾ ਹਿਲਾਉਂਦੇ ਹਾਂ।

ਸਭਨਾਂ ਪ੍ਰਤੀ ਫਰਜ਼ ਹੈ ਸਾਡਾ,
ਅਸੀਂ ਭੁੱਲੜ ਇਹ ਭੁਲਾਉਂਦੇ ਹਾਂ।
ਹੋਵੇ ਕੀੜੀ ਜਾਂ ਹੋਵੇ ਪਹਾੜ,
ਸਭਨਾਂ ਵੱਲ ਪਿੱਠ ਘੁਮਾਉਂਦੇ ਹਾਂ।

ਚੰਦ ਸੂਰਜ ਤਾਰੇ ਸਿਤਾਰੇ ਸਾਰੇ,
ਸਾਡੇ ਲਈ ਫਰਜ਼ ਪੁਗਾਉਂਦੇ ਨੇ।
ਪਸ਼ੂ ਪੰਛੀ ਬਿਰਖ ਬਨਸਪਤੀ,
ਸਭ ਸਾਡੇ ਕੰਮ ਆਉਂਦੇ ਨੇ।


ਸਾਰਾ ਇਨਸਾਨੀ ਭਾਈਚਾਰਾ ਹਮਾਰਾ,
ਅਸੀਂ ਆਪੋਂ ਵਿਤਕਰੇ ਪਾਉਂਦੇ ਹਾਂ।
ਸਿਆਸੀ ਸਮਾਜੀ ਆਰਥਿਕ ਨਿਜ਼ਾਮ,
ਅਸੀਂ ਉਲਾਰੂ ਆਪ ਬਣਾਉਂਦੇ ਹਾਂ।
*********


























ਸਾਂਝ ਦਿਲਾਂ ਦੀ ਸੁੱਖ ਦਿੰਦੀ ਹੈ

ਸਾਂਝ ਦਿਲਾਂ ਦੀ ਸੁੱਖ ਦਿੰਦੀ ਹੈ,
ਪਿਆਰ ਦਿਲਾਂ ਦਾ ਦੇਵੇ ਖੇੜਾ।
ਬਿਨ ਦਿਲੀ ਸਾਂਝ ਦੇ ਰਿਸ਼ਤਾ ਨਾ ਕੋਈ,
ਹੋਵੇ ਵੀ ਐਸਾ ਰਿਸ਼ਤਾ ਕਿਹੜਾ।

ਵਿਆਹ ਬੰਧਨ ਵਿਚ ਜੋ ਬੱਝ ਜਾਂਦੇ,
ਬਿਨ ਪਿਆਰ ਦੇ ਰੋਂਦੇ ਕੁਰਲਾਂਦੇ।
'ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ'
ਸਮਾਜੀ ਤੇ ਆਰਥਿਕ ਤੰਗੀ ਸਭ ਨੂੰ ਘੇਰੇ।

ਬੱਚੇ ਬੰਧਨ ਬਣ ਜਾਂਦੇ ਨੇ,
ਸਮਾਜੀ ਤਾਣੇ ਤਣ ਜਾਂਦੇ ਨੇ।
ਹਰ ਕੋਈ ਦੁੱਖ ਹੰਢਾਉਂਦਾ ਰਹਿੰਦਾ,
ਸਿਰ ਸੁੱਟ ਕੇ ਜਿੰਦ ਲੰਘਾਉਂਦਾ ਰਹਿੰਦਾ।

ਕਿਉਂ ਨਾ ਨਵੀਂ ਸੋਚ ਦੁੜਾਈਏ,
ਮਿੱਤਰਤਾ ਦਾ ਰਾਹ ਅਪਣਾਈਏ।
ਸਾਰੇ ਬੱਚੇ ਹੋਣ ਕੌਮ ਦੇ ਬੱਚੇ,
ਅਨੋਖਾ ਇੱਕ ਪ੍ਰਬੰਧ ਚਲਾਈਏ।

ਵਿਸ਼ਾਲ ਘਰਾਂ ਵਿਚ ਬੱਚੇ ਪਾਲੀਏ,
ਮਾਵਾਂ ਨਰਸਾਂ ਡਾਕਟਰ ਰੱਖੀਏ,
ਪਾਲੀਏ ਸੰਭਾਲੀਏ ਤੇ ਸਿਖਾਈਏ,
ਟੁੱਟਣ ਜੋੜੀਆਂ ਬਣਨ ਜੋੜੀਆਂ
ਕਿਉਂ ਬੱਚਿਆਂ ਦੀ ਜਿੰਦ ਸੁਕਣੀ ਪਾਈਏ।

ਐਸਾ ਸਿਸਟਮ ਜੇ ਆ ਜਾਵੇ,
ਇਸਤਰੀ ਪੁਰਸ਼ ਪਿਆਰ ਹੰਢਾਵੇ।
ਕੋਈ ਨਾ ਕਿਸੇ ਸੰਗ ਬੱਝਿਆ ਜਾਵੇ,
ਪਿਆਰਾਂ ਸੰਗ ਸਾਰੀ ਜਿੰਦ ਲੰਘਾਵੇ।

ਨਰੜਾਂ ਦਾ ਨਰਕ ਭੀ ਮੁੱਕ ਜਾਵੇ,
ਕੋਈ ਜਿੰਨਾ ਮਰਜ਼ੀ ਉੱਚਾ ਉੱਠੇ।
ਜੋ ਮਰਜ਼ੀ ਆਪਣਾ ਮਿਸ਼ਨ ਬਣਾਵੇ,
ਫਿਰ ਕੌਣ ਅੜਿੱਕੇ ਪਾਵੇ।

ਹੱਸਣ ਨੱਚਣ ਟੱਪਣ ਬੱਚੇ,
ਰਹਿਣ ਗ੍ਰਿਸਤੀ ਦੀਆਂ ਉਲਝਣਾਂ ਤੋਂ ਬਚੇ।
ਕੋਈ ਧੰਨ ਦੌਲਤ ਦੀ ਗੱਲ ਨਾ ਸੋਚੇ,
ਵਿਦਿਆ ਗਿਆਨ ਵਿਗਿਆਨ ਵਧਾਵੇ।

ਕੌਮ ਸਾਡੀ ਸਿਖਰਾਂ ਤੇ ਪੁੱਜੇ,
ਕੌਮੀ ਦੌਲਤ ਦਾ ਢੇਰ ਲੱਗ ਜਾਵੇ।
ਇੱਕ ਅਨੋਖੀ ਸਾਂਝ ਬਣ ਜਾਵੇ,
ਕਦੀ ਨਾ ਕੋਈ ਸੰਤਾਪ ਹੰਢਾਵੇ।

ਸਿਆਸੀ ਸਮਾਜੀ ਸਿਸਟਮ ਬਦਲੇ,
ਆਰਥਿਕਤਾ ਇੱਕਸਾਰ ਹੋ ਜਾਵੇ।
ਇਹ ਕੋਈ ਖਿਆਲੀ ਪਲੌ ਨਾ ਯਾਰੋ,
ਲੋੜ ਮੁਤਾਬਿਕ ਸਭ ਕੁਝ ਹੋ ਜਾਵੇ।

*********










ਨਿੱਜੀ ਸੁੱਖਾਂ ਨੂੰ ਤਿਆਗੀਏ

ਨਿੱਜੀ ਸੁੱਖਾਂ ਨੂੰ ਤਿਆਗੀਏ,
ਸੁੱਖ ਸਭਨਾਂ ਲਈ ਉਪਜਾਈਏ।
ਆਪਣਾ ਸੁੱੱਖ ਹੋਰਾਂ ਲਈ ਦੁੱਖ,
ਭੁਲ ਨਾ ਕਦੀ ਬਣਾਈਏ।

ਹੱਕ ਨਾ ਕਿਸੇ ਦਾ ਮਾਰੀਏ,
ਧਰਮ ਦੀ ਕਿਰਤ ਕਮਾਈਏ।
ਲੁੱਟਾਂ ਲੁੱਟ ਨਾ ਜੋੜੀਏ,
ਨਾ ਵੇਹਲੇ ਬਹਿ ਕੇ ਖਾਈਏ।

ਵਿਦਿਆ ਗਿਆਨ ਵਿਗਿਆਨ ਦਾ,
ਪਰਵਾਹ ਚਲਾਈਏ।
ਸੂਝ ਸਮਝ ਤੇ ਅਨੁਭਵ ਆਪਣਾ,
ਸਰਬੱਤ ਭਲੇ ਲਈ ਲਾਈਏ।

ਮਿਸ਼ਨ ਆਪਣੀ ਜਿੰਦ ਦਾ,
ਹੋਰ ਜਾਨਣ ਦੀ ਚਾਹ ਬਣਾਈਏ।
ਪਰ ਨਿੱਜੀ ਸੁੱਖਾਂ ਲਈ ਕਿਸੇ ਦੇ,
ਕਦੀ ਨਾ ਦੁੱਖ ਵਧਾਈਏ।

ਜੂਝਦੇ ਜਾਈਏ ਜੀਵਨ ਵਿਚ,
ਦੁੱਖਾਂ ਤੋਂ ਕਦੀ ਨਾ ਘਬਰਾਈਏ।
ਪਰ ਕੁਝ ਕੁ ਹਿੱਸਾ ਜੀਵਨ ਦਾ
ਲੋਕ ਭਲੇ ਲਈ ਲਾਈਏ।
*********





ਵਹਿੰਦਾ ਦਰਿਆ ਸਾਗਰ ਵਿਚ ਜਾਵੇ

ਵਹਿੰਦਾ ਦਰਿਆ ਸਾਗਰ ਵਿਚ ਜਾਵੇ,
ਪਰ ਜੇ ਕਿਧਰੇ ਰੋਕ ਪੈ ਜਾਵੇ।
ਜਾਂ ਹੱਦੋ ਵੱਧ ਪਾਣੀ ਆ ਜਾਵੇ,
ਟੱਪੇ ਕਿਨਾਰੇ ਤਬਾਹੀ ਮਚਾਵੇ।

ਜੇ ਕੋਈ ਸਿਸਟਮ ਦੁੱਖ ਵਧਾਵੇ,
ਲੋਕਾਂ ਦਾ ਸਾਹ ਘੁਟਦਾ ਜਾਵੇ।
ਲੋਕਾਂ ਦੇ ਰੋਹ ਨੂੰ ਜਗਾਵੇ,
ਜਨਤਕ ਸ਼ਕਤੀ ਸਿਸਟਮ ਬਦਲਾਵੇ।

ਜੇ ਚਲੋ ਚਾਲ ਜੱਗ ਚੱਲਦਾ ਜਾਵੇ,
ਸਮੇਂ ਅਨੁਸਾਰ ਬਦਲਦਾ ਜਾਵੇ।
ਵਿਦਿਆ ਗਿਆਨ ਵਿਗਿਆਨ ਵਧਾਵੇ,
ਹਰ ਕਿਸੇ ਨੂੰ ਸੂਝ ਆ ਜਾਵੇ।

ਸਿਆਸੀ ਸਮਾਜੀ ਅਰਥ ਵਿਵਸਥਾ,
ਕਿਧਰੇ ਨਾ ਕੋਈ ਅੜਿੱਕਾ ਪਾਵੇ।
ਜਨਮ ਤੇ ਦੌਲਤ ਦਾ ਕਿੱਸਾ ਮੁੱਕੇ,
ਯੋਗਤਾ ਅੱਗੇ ਆ ਜਾਵੇ।

ਸਰਬੱਤ ਭਲੇ ਦਾ ਰਾਜ ਹੋ ਜਾਵੇ,
ਮੁੱਕੇ ਲੁੱਟ ਹੱਕ ਮਿਲ ਜਾਵੇ।
ਇਨਸਾਨੀਅਤ ਦੀ ਸ਼ਾਨ ਵਧ ਜਾਵੇ,
ਵੋਟ ਰਾਜ, ਪਰਜਾਤੰਤਰ ਬਣ ਜਾਵੇ।

ਐਸਾ ਜੇਕਰ ਹੋ ਨਾ ਪਾਵੇ,
ਸਿੱਥਥ ਵਰਗ ਹੀ ਪੈਂਖੜ ਪਾਵੇ।
ਲੋਕਾਂ ਦੇ ਹੱਕ ਮਾਰ ਮੁਕਾਵੇ,
ਲੋਟੂ ਲਾਣਾ ਲੁੱਟਦਾ ਜਾਵੇ।

ਤਾਂ ਫਿਰ ਜਨਤਾ ਖੰਡਾ ਖੜਕਾਵੇ,
ਸਿਸਟਮ ਸਾਰੇ ਸਮਤੋਲ ਬਣਾਵੇ।
ਮਿਲੇ ਰੋਟੀ ਕੱਪੜਾ ਅਤੇ ਮਕਾਨ ,
ਐਸਾ ਇਨਕਲਾਬ ਜੱਗ ਵਿਚ ਆਵੇ।
*********



























ਉਸਰ ਰਹੇ ਨੇ ਥਾਂ ਥਾਂ ਪੂਜਾ ਅਸਥਾਨ

ਉਸਰ ਰਹੇ ਨੇ ਥਾਂ ਥਾਂ ਪੂਜਾ ਅਸਥਾਨ,
ਪਰ ਮੰਗੇ ਨਾ ਕਿਸੇ ਤੋਂ ਪੂਜਾ ਭਗਵਾਨ।
ਸਰਵ ਵਿਆਪੀ ਸ਼ਕਤੀ ਦੇ ਸਾਰੇ ਅਸਥਾਨ,
ਸਭੈ ਧਰਤੀਆਂ  ਸਭੈ ਸੂਰਜ ਤਾਰੇ ਉਸਦੇ ਜਾਣ।

ਪੂਜਾ ਦੀ ਕੋਈ ਲੋੜ ਨਾ ਉਸ ਨੂੰ, ਨਾ ਮੰਗੇ ਆਜਾਨ,
ਮੂਰਖ ਬੰਦਾ ਲੱਭਦਾ ਥਾਂ ਥਾਂ ਨਿੱਤ ਨਵੇਂ ਭਗਵਾਨ।
ਸਾਧ ਸੰਤ ਉਠਾਉਂਦੇ ਫਾਇਦਾ ਡੇਰੇਦਾਰ ਵਧਾਉਂਦੇ ਸ਼ਾਨ,
ਭੋਲੀ ਭਾਲੀ ਜਨਤਾ ਨੂੰ ਨਿੱਤ ਮੂਰਖ ਇਹ ਬਣਾਉਣ।

ਰੱਬ ਨਾ ਵਿਅਕਤੀ ਰੱਬ ਨਾ ਹਸਤੀ ਰੱਬ ਤਾਂ ਸਰਵ ਵਿਆਪੀ ਖੇਤਰ,
ਜਿਸ ਵਿਚ ਸਭ ਕੁਝ ਹੁੰਦਾ ਜਾਵੇ ਨਿੱਤ ਨਵੇਂ ਰੂਪ ਉਪਜਾਵੇ।
ਹਰ ਸ਼ੈਅ ਹਰ ਜੀਵ ਪਸਾਰਾ ਰੱਬ ਦਾ ਹੋਰ ਕਿਧਰੋਂ ਕੁਝ ਨਾ ਆਵੇ,
ਰੱਬੀ ਕਿਣਕਾ ਹਰ ਇੱਕ ਸ਼ੈਅ ਵਿਚ ਹਰ ਕੋਈ ਪਿਆਰ ਵਧਾਵੇ।

ਰੱਬੀ ਧਰਮ ਨਿਰਾ ਸਤਿ ਹੈ ਹਰ ਕੋਈ ਦੈਵੀ ਗੁਣ ਅਪਣਾਵੇ।
ਧਰਮ ਇੱਕੋ ਹੈ ਸਭ ਦਾ, ਵਿਤਕਰੇ ਹਰ ਕੋਈ ਮਨੋ ਮਿਟਾਵੇ।
ਰੱਬ ਜੱਗ ਹੈ ਜੱਗ ਰੱਬ ਹੈ ਹਰ ਕੋਈ ਸਾਂਝੀਵਾਲ ਸਦਾਵੇ,
ਊਚ ਨੀਚ ਜਾਤ ਪਾਤ ਅਮੀਰੀ ਗਰੀਬੀ ਨਜ਼ਰ ਨਾ ਆਵੇ।

ਹਿੰਦੂ ਮੁਸਲਿਮ ਸਿੱਖ ਈਸਾਈ ਯਹੂਦੀ ਜੈਨੀ ਬੋਧੀ ਭਾਈ,
ਬਾਬਾ ਆਦਮ ਦੇ ਸਭ ਬੱਚੇ ਕਿਧਰੇ ਨਾ ਹੋਵੇ ਕੋਈ ਲੜਾਈ।
ਸੱਚ ਜਿੱਤੇ ਝੂਠ ਹਾਰੇ ਪਿਆਰ ਵਧੇ ਨਫਰਤ ਘਟੇ ਇਹ ਮੱਤ ਅਸਾਂ ਨੇ ਪਾਈ,
ਅਲਾਹ ਵਾਹਿਗੁਰੂ ਰਾਮ ਸਭ ਪਰਮ ਸੱਤਾ ਦੇ ਨਾਮ ਨੇ ਭਾਈ।
*********





ਸਰਮਾਏਦਾਰੀ ਇਨਕਲਾਬ ਆਇਆ

ਸਰਮਾਏਦਾਰੀ ਇਨਕਲਾਬ ਆਇਆ,
ਬਹੁਤ ਨਿਆਮਤਾਂ ਨਾਲ ਲਿਆਇਆ।
ਪਰ ਭਰ ਲਏ ਇਸਨੇ ਬਹੁਤ ਖਜ਼ਾਨੇ,
ਭਾਈ ਲਾਲੋਆਂ ਦਾ ਹੱਕ ਗਵਾਇਆ।

ਮੁਕਾਬਲੇਬਾਜ਼ੀ ਅਤੇ ਹੇਰਾਫੇਰੀ,
ਲੁੱਟ ਲੁੱਟੇ ਹਰ ਕੋਈ, ਲਾਵੇ ਨਾ ਦੇਰੀ।
ਚੱਕਰਵਿਊ ਵਿਚ ਅਸੀਂ ਫਸੇ ਹਾਂ,
ਬਹੁਭਾਂਤੀ ਦੁੱਖਾਂ ਵਿਚ ਗ੍ਰਸੇ ਹਾਂ।

ਰੋਜ਼ਗਾਰ ਦੀ ਥੁੜ੍ਹ ਬੜੀ ਹੈ,
ਚਾਰੇ ਪਾਸੇ ਭੁੱਖਮਰੀ ਹੈ।
ਬੱਚੇ ਬੁੱਢੇ ਤੇ ਜਵਾਨ,
ਰੁਲਦੇ ਫਿਰਦੇ ਵਿਚ ਜਹਾਨ।

ਖੋਹ ਖਿੰਝ ਤੇ ਚੋਰੀ-ਚਕਾਰੀ,
ਥਾਂ ਥਾਂ ਫਿਰਦੇ ਨੇ ਭਿਖਾਰੀ।
ਦਰਦਮੰਦ ਸੱਟ ਸਹਿਣ ਕਰਾਰੀ,
ਉਚ ਕੁਲੀਏ ਕਰਦੇ ਸਰਦਾਰੀ।

ਵਿਹਾਅ ਹੈ ਚੁੱਕੀ ਸਮਾਂ ਸਰਮਾਏਦਾਰੀ,
ਦੁੱਖਾਂ ਦੀ ਭਰ ਗਈ ਪਟਾਰੀ।
ਹੁਣ ਫਿਰਦੀ ਜਨਤਾ ਮਾਰੀ ਮਾਰੀ,
ਪਰਜਾਤੰਤਰ ਦੀ ਆ ਗਈ ਵਾਰੀ।
*******




ਤਰਕਵਾਦੀ, ਇਨਕਲਾਬੀ ਤੇ ਇਨਕਾਰੀ

ਤਰਕਵਾਦੀ, ਇਨਕਲਾਬੀ ਤੇ ਇਨਕਾਰੀ,
ਜੋ ਰੱਬ ਨੂੰ ਪਿੱਠ ਦਿਖਾਉਂਦੇ।
ਨੇਕੀ ਬਦੀ ਦੀ ਜੰਗ ਵਿਚ,
ਉਹ ਨੇਕੀ ਨੂੰ ਅਪਣਾਉਂਦੇ।

ਕਾਬੂ ਨਾ ਆਵੇ ਰੱਬ ਤੋਂ,
ਸ਼ੈਤਾਨ ਜੋ ਛੁਪਿਆ ਜੱਗ ਵਿਚ ਭਾਈ।
ਇਹ ਉੱਠਣ ਜੱਗ ਵਿਚ ਸੂਰਮੇ,
ਨੱਥ ਸ਼ੈਤਾਨ ਨੂੰ ਇਹਨਾਂ ਨੇ ਪਾਈ।

ਸ਼ੈਤਾਨ ਭੀ ਘੱਟ ਨਾ ਗੁਜ਼ਾਰੇ,
ਭੋਲੀ ਜਨਤਾ ਨੂੰ ਪਿੱਛੇ ਲਾਵੇ।
ਛੁਡਵਾ ਲੈਂਦੀ ਉਹ ਬਾਰਵਰਾ ਨੂੰ,
ਈਸਾ ਨੂੰ ਸਲੀਵ ਚੜ੍ਹਾਵੇ।

ਮੁਹੰਮਦ ਨੂੰ ਇੱਟਾਂ ਮਰਵਾਈਆਂ,
ਨਾਨਕ ਨੂੰ ਅਖਵਾਇਆ ਸੁਦਾਈ।
ਨੀਚੋਂ ਊਚ ਬਣਾਇਆ ਜਿਸ ਨੇ,
ਮਲੱਖ ਗੋਬਿੰਦ ਤੇ ਚੜ੍ਹ ਆਈ।

ਈਸਾ ਮੁਹੰਮਦ ਨਾਨਕ ਗੋਬਿੰਦ,
ਸਨ ਨੇਕੀ ਦੇ ਝੰਡਾਬਰਦਾਰ।
ਪਰ ਸ਼ੈਤਾਨੀ ਸ਼ਕਤੀ ਨੇ,
ਕੀਤਾ ਇਹਨਾਂ ਨੂੰ ਖੁਆਰ।

ਰੱਬ ਤੇ ਸ਼ੈਤਾਨ ਦਾ,
ਹੈ ਇਕੋ ਘਰ ਬਾਰ।
ਦੋਵੇਂ ਦਿਲਾਂ ਵਿਚ ਵਸਦੇ,
ਕਰਦੇ ਨੇ ਤਕਰਾਰ।

ਇੱਕ ਪਾਸੇ ਨੇਕੀ ਡਟੀ ਹੈ,
ਇੱਕ ਪਾਸੇ ਡਟਿਆ ਹੈ ਸ਼ੈਤਾਨ।
ਨੇਕੀ ਤੇ ਬਦੀ ਦਾ ਜੱਗ ਵਿਚ,
ਮਚਿਆ ਹੈ ਘਮਸਾਣ।

ਕਈ ਵਾਰੀ ਇਹ ਕਹਿ ਦਿੰਦੇ ਨੇ, (ਇਹ= ਤਰਕਵਾਦੀ, ਇਨਕਲਾਬੀ, ਇਨਕਾਰੀ)
ਕਿ ਕਿਧਰੇ ਨਹੀਂ ਖੁਦਾਇਆ।
ਕਿ ਰੱਬੀ ਰਾਜ ਧਰਤ 'ਤੇ ਆਵੇ,
ਹੈ ਉਹਨਾਂ ਨੇ ਜ਼ੋਰ ਲਗਾਇਆ।

ਬਦੀ ਦੇ ਸੰਗ ਮੱਥਾ ਲਾ ਕੇ,
ਆਪਣਾ ਆਪ ਮੁਕਾਇਆ।
ਕਿੰਨੀ ਵਾਰੀ ਸ਼ੈਤਾਨ ਉਹਨਾਂ ਨੇ,
ਕੋਹਾਂ ਦੂਰ ਭਜਾਇਆ।

ਡਟੇ ਰਹਿਣ ਉਹ ਹੱਕ ਸੱਚ 'ਤੇ,
ਝੰਡਾ ਨੇਕੀ ਦਾ ਉਠਾ ਕੇ।
ਰੱਬ ਰੱਬ ਕਦੀ ਨਾ ਉਹ ਕਰਦੇ,
ਪਰ ਰੱਬੀ, ਹੁਕਮ ਵਜਾਇਆ।

ਖਾਲਕ ਖਲਕ, ਖਲਕ ਮੇਂ ਖਾਲਕ,
ਉਹਨਾਂ ਲਈ ਹੈ ਖਲਕ ਖੁਦਾਇਆ।
ਸੁਖੀ ਵਸੇ ਸਾਰੀ ਖਲਕਤ,
ਆਪਣਾ ਸਾਰਾ ਤਾਣ ਲਗਾਇਆ।

ਲਿਸਟ ਪਿਆਰਿਆਂ ਦੀ ਪੜ੍ਹ ਕੇ,
ਰੱਬ ਜੀ ਨੇ ਫਰਮਾਇਆ।
ਅਬੂ ਬਿਨ ਆਦਮ ਸਭ ਤੋਂ ਉੱਤੇ, (ਜਨਤਾ ਦਾ ਸੇਵਾਦਾਰ)
ਉਸਨੂੰ ਕਿਉਂ ਭੁਲਾਇਆ।



ਜਨਤਾ ਦੇ ਸੇਵਾਦਾਰਾਂ ਨੂੰ,
ਰੱਬ ਜੀ ਕੋਲ ਬੈਠਾਉਂਦੇ।
ਚੁੰਮਦੇ ਨੇ ਮੱਥਾ ਇਹਨਾਂ ਦਾ,
ਸਜੇ ਹੱਥ ਨਾਲ ਚਿੱਠੀ ਫੜਾਉਂਦੇ। (ਇਸਲਾਮ ਮੁਤਾਬਕ)

ਮੁੱਲਾਂ ਪਾਦਰੀ ਅਤੇ ਡੇਰੇਦਾਰ,
ਜਨਤਾ ਨੂੰ ਕੁਰਾਹੇ ਪਾਉਂਦੇ।
ਹੱਡ ਤੋੜਵੀਂ ਅੱਗ ਉਹਨਾਂ ਲਈ, (ਇਸਲਾਮ ਮੁਤਾਬਕ)
ਰੱਬ ਜੀ ਆਪ ਮਚਾਉਂਦੇ।

ਤਰਕਵਾਦੀ, ਇਨਕਲਾਬੀ ਤੇ ਇਨਕਾਰੀ,
ਕਿਉਂ ਨਾ ਜਨਤਾ ਨੂੰ ਸਮਝਾਉਂਦੇ।
ਵਿਦਿਆ ਗਿਆਨ ਵਿਗਿਆਨ ਦਾ,
ਕਿਉਂ ਨਾ ਪਰਵਾਹ ਚਲਾਉਂਦੇ।

ਇਨਕਲਾਬੀ ਕਾਹਲੇ ਬੌਹਤੇ ਨੇ,
ਕਿ ਪੂੰਜੀਵਾਦੀ ਸਿਸਟਮ ਬਦਲਾਈਏ।
ਪਰ ਸਮੇਂ ਤੋਂ ਪਹਿਲਾਂ ਜੇ ਕਰਨਾ ਚਾਹੀਏ,
ਮੁੜ ਪਿੱਛੋਂ ਪਛਤਾਈਏ।

ਰੋੜਾਂ ਵਾਲੇ ਖੇਤ ਅੰਦਰ,
ਕਪਾਹ ਨਾ ਕਦੀ ਉਗਾਈਏ।
ਪਹਿਲਾਂ ਰੋੜੇ ਸਾਰੇ ਚੁਗੀਏ,
ਫਿਰ ਖੇਤ ਨੂੰ ਵਾਹੀਏ।

ਜੇਕਰ ਐਸਾ ਕਰੀਏ ਨਾ,
ਚੌਊ ਸਾਡੇ ਟੁੱਟ ਜਾਂਦੇ।
ਹਲ ਨੂੰ ਜੋੜੇ ਵੈਹਿੜਕੇ,
ਵਿਤੋਂ ਵੱਧ ਜੋਰ ਲਗਾਂਦੇ।



ਔੜ ਜਦੋਂ ਲੱਗੀ ਹੋਵੇ,
ਪਾਣੀ ਗਹਿਰੇ ਉੱਤਰ ਜਾਂਦੇ।
ਵੋਟਾਂ ਨੇ ਭਰਮਾਏ ਲੋਕੀਂ,
ਆਸ ਲਾ ਕੇ ਬਹਿ ਜਾਂਦੇ।

ਹੋਵਣ ਐਸੇ ਜਦੋਂ ਹਾਲਾਤ,
ਇਨਕਲਾਬ ਨਾ ਆਂਦੇ।
ਧੱਕੇ ਧੌਲੇ ਲੋਕੀਂ ਖਾਂਦੇ,
ਜਿੰਦ ਭਰ ਦੁੱਖ ਹੰਢਾਂਦੇ।
*********






















ਕੱਲਰ ਕੇਰੀ ਧਰਤੀ ਹੋਵੇ

ਕੱਲਰ ਕੇਰੀ ਧਰਤੀ ਹੋਵੇ,
ਉਸ ਵਿਚ ਐਵੇਂ ਬੀਜ ਨਾ ਪਾਈਏ।
ਕਰੀਏ ਦੂਰ ਕੱਲਰ ਧਰਤ ਦਾ,
ਤਾਂ ਕਿਧਰੇ ਕੋਈ ਫਸਲ ਉਗਾਈਏ।

ਸਿਸਟਮ ਜੇ ਬਦਲਾਉਣਾ ਚਾਹੀਏ,
ਤਾਂ ਲੋਕਾਂ ਦੀ ਸੂਝ ਵਧਾਈਏ।
ਬਾਹਰੀ ਤਬਦੀਲੀ ਟਿਕ ਨਹੀਂ ਸਕਦੀ,
ਜੇ ਅੰਦਰਮੁਖੀ ਤਬਦੀਲੀ ਨਾ ਲਿਆਈਏ।

ਭੀੜ ਲੋਕਾਂ ਦੀ ਜਿੰਨੀ ਮਰਜ਼ੀ ਹੋਵੇ,
ਅਕਲਮੰਦਾਂ ਬਿਨ ਕੁਝ ਨਾ ਪਾਈਏ।
ਵਹਿਮ, ਭਰਮ ਤੇ ਅੰਧ-ਵਿਸ਼ਵਾਸ਼ੀ,
ਵਿਗਿਆਨ ਦੇ ਦੀਪਕ ਸੰਗ ਮਿਟਾਈਏ।

ਰੁਲਦਾ ਫਿਰੇ ਆਮ ਆਦਮੀ,
ਫਿਰ ਕਿਵੇਂ ਦੇਸ਼ ਦੇ ਗੁਣ ਗਾਈਏ।
ਮੇਰੇ ਦੇਸ਼ ਦੇ ਨੀਤੀਵਾਨੋ,
ਤੁਸੀਂ ਪਏ ਕੁਰਾਹੀਂ ਅਸੀਂ ਕਿਧਰ ਜਾਈਏ।

ਪੂੰਜੀਵਾਦੀ ਨਿਜ਼ਾਮ ਦੇ ਬਣ ਗਏ ਅਸੀਂ ਗੁਲਾਮ,
ਕੌਮੀ ਦੌਲਤ ਲੁਟੀ ਜਾਂਦੀ, ਰੁਲੇ ਆਦਮੀ ਆਮ।
ਜੇ ਸੂਝ ਨਾ ਬਦਲੇ ਬੰਦੇ ਦੀ ਬੰਦਾ ਰਹੇ ਗੁਲਾਮ,
ਮੱਛੀ ਘੁੰਮਦੀ ਜਾ ਰਹੀ, ਟੁੱਟੇ ਤੀਰ ਕਮਾਨ।
*********





ਵਿਦਿਆ ਗਿਆਨ ਵਿਗਿਆਨ

ਵਿਦਿਆ ਗਿਆਨ ਵਿਗਿਆਨ,
ਸਾਡੀ ਸੋਚ ਬਦਲਾਵੇ।
ਸੁਝ ਸਮਝ ਸਾਡੀ ਜੇਕਰ ਬਦਲੇ,
ਸਿਆਸੀ ਸਿਸਟਮ ਨੂੰ ਬਦਲਾਵੇ।

ਜਾਗੇ ਬੰਦਾ ਰੋਕੇ ਕੌਣ,
ਤੇਜ ਕਦਮ ਫਿਰ ਪੁੱਟਦਾ ਜਾਵੇ।
ਸਿੱਥਥ ਵਰਗ ਜੇ ਅੜਿੱਕੇ ਪਾਵੇ।
ਉੱਠੇ ਜਵਾਨੀ ਖੰਡਾ ਖੜਕਾਵੇ।

ਸਮਾਜ ਸਥਿਰ ਕਦੀ ਨਹੀਂ ਰਹਿੰਦਾ,
ਚਲੋ ਚਾਲ ਇਹ ਟੁਰਦਾ ਜਾਵੇ।
ਤਬਦੀਲੀ ਸਦਾ ਹੀ ਆਉਂਦੀ ਰਹਿੰਦੀ,
ਕੋਈ ਭੀ ਸ਼ਕਤੀ ਰੋਕ ਨਾ ਪਾਵੇ।

ਅਫੀਮ ਧਰਮ ਦੀ ਕਦੀ ਨਾ ਖਾਈਏ,
ਖਲਕਤ ਵਿਚ ਵੰਡੀਆਂ ਨਾ ਪਾਈਏ।
ਖਾਲਕ ਖਲਕ, ਖਲਕ ਮੇਂ ਖਾਲਕ,
ਸਰਬੱਤ ਭਲੇ ਦੀ ਕਾਰ ਕਮਾਈਏ।

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਪਿਆਰ ਦਾ ਅੰਮ੍ਰਿਤ ਸਦਾ ਪਿਆਈਏ।
ਰੂਹਾਨੀਅਤ ਸਾਡੀ ਉੱਚੀ ਹੋਵੇ,
ਪਰਮ ਸੱਤਾ ਅੱਗੇ ਸੀਸ ਝੁਕਾਈਏ।

ਅੰਨ੍ਹੇਵਾਹ ਕਦੀ ਕੁਝ ਨਾ ਕਰੀਏ,
ਬਿਨ ਸੋਚੇ ਕਿਰਪਾਨ ਨਾ ਫੜੀਏ।
ਅਣਜਾਣੇ ਜਨੇਊ ਨਾ ਪਾਈਏ,
ਸੋਚ ਸਮਝ ਕੇ ਸੁੰਨਤ ਕਰਵਾਈਏ।
(ਐਵੇਂ ਨਾ ਕੁਝ ਕਰਦੇ ਜਾਈਏ)

ਕਿੰਤੂ ਦੀ ਕਸਵੱਟੀ ਉੱਤੇ,
ਆਪਣੀ ਸੋਚ ਪਰਖਦੇ ਜਾਈਏ।
ਜੇ ਕੋਈ ਵੀ ਖਿਆਲ ਕੁਰਾਹੇ ਪਾਵੇ,
ਉਸਨੂੰ ਝੱਟ ਬਦਲਾਈਏ।

ਸੋਚ ਉਡਾਰੀ ਨੂੰ ਪੈਂਖੜ ਨਾ ਪਾਈਏ,
ਅੰਧ-ਵਿਸ਼ਵਾਸ਼ੀ ਦੂਰ ਭਜਾਈਏ।
ਜਿੰਨੇ ਉੱਚੇ ਅਸੀਂ ਉਡਦੇ ਜਾਈਏ,
ਅਸਮਾਨ ਓਨਾ ਹੀ ਖੁੱਲ੍ਹਾ ਪਾਈਏ।

ਸਮੇਂ ਅਨੁਸਾਰ ਆਇਤਾਂ ਆਈਆਂ,
ਸਮੇਂ ਅਨੁਸਾਰ ਸ਼ਬਦ ਗੁਰ ਗਾਏ।
ਸਦਾ ਅਜੋਕੀ ਸੋਚ ਤੇ ਚੱਲੀਏ,
ਪਲ ਪਲ ਸੂਝ ਬਦਲਦੀ ਜਾਏ।

ਵਿਗਿਆਨ, ਅਜੋਕਾ ਆਇਤ ਰੱਬ ਦੀ,
ਕਿਉਂ ਕੋਈ ਇਸਨੂੰ ਠੁਕਰਾਏ।
ਸਮੇਂ ਅਨੁਸਾਰ ਮੁਹੰਮਦ ਜੀ ਚੱਲੇ,
ਸਮੇਂ ਅਨੁਸਾਰ ਹੀ ਨਾਨਕ ਜੀ ਆਏ।

ਸਮਾਂ ਬਦਲਿਆਂ ਸੋਚ ਬਦਲ ਗਈ,
ਨਿੱਤ ਨਵੀਂ ਆਇਤ ਉਤਰਦੀ ਆਏ।
ਅਤਿ ਅਲਪਤ ਰੂਪ ਪਰਮ ਸੱਤਾ ਦਾ,
ਕੋਈ ਕਰੇ ਸਲਾਮ ਜਾਂ ਫਤਿਹ ਬੁਲਾਏ।

ਰਲ ਮਿਲ ਸਾਰੇ ਜੱਗ ਵਿਚ ਰਹੀਏ,
ਅਸੀਂ ਸਾਰੇ ਮਾਂ ਹਵਾ ਦੇ ਜਾਏ।
ਹਿੰਦੂ ਮੁਸਲਿਮ ਸਿੱਖ ਈਸਾਈ,
ਇਨਸਾਨੀਅਤ ਕੋਈ ਨਾ ਕਦੀ ਭੁਲਾਏ।
*******


ਸੁਬ੍ਹਾ ਸਵੇਰੇ ਉੱਠ ਬਹਿ ਜਾਈਏ

ਸੁਬ੍ਹਾ ਸਵੇਰੇ ਉੱਠ ਬਹਿ ਜਾਈਏ,
ਚਾਰ ਚੁਫੇਰੇ ਸੀਸ ਝੁਕਾਈਏ।
ਧੰਨਵਾਦ ਕੀਰਏ ਕਾਇਨਾਤ ਦਾ,
ਜਿਸ ਦੇ ਸੰਗ ਅਸੀਂ ਜੱਗ ਹੰਢਾਈਏ।

ਕਰੀਏ ਯਾਦ ਪਰਮ ਸੱਤਾ ਨੂੰ,
ਅਲਾਹ ਰਾਮ ਵਾਹਿਗੁਰੂ ਧਿਆਈਏ।
ਇਹ ਸਾਰੇ ਨਾਮ ਨੇ ਪਰਮ ਸੱਤਾ ਦੇ,
ਪਰਮ ਸੱਤਾ ਦੇ ਸਦਕੇ ਜਾਈਏ।

ਕਰ ਕਲਪਣਾ ਜੇਕਰ ਸੁਣੀਏ,
ਚੰਦ ਸੂਰਜ ਤਾਰੇ ਗੀਤ ਸੁਣਾਂਦੇ।
ਚਹਿਚਹਾਉਂਦੇ ਪੰਛੀ ਤੱਕੀਏ,
ਪਰਮ ਸੱਤਾ ਦੇ ਗੀਤ ਗਾਉਂਦੇ।

ਖਿੜੇ ਫੁੱਲਾਂ ਨੂੰ ਤੱਕਦੇ ਜਾਈਏ,
ਖੇੜਾ ਦੇ ਕੇ ਮੁਰਝਾ ਜਾਂਦੇ।
ਦਿੰਦੇ ਸੁਨੇਹਾ ਮਹਾਂਕਾਲ ਦਾ,
ਕਿ ਇੱਕ ਆਉਂਦੇ ਇੱਕ ਏਥੋਂ ਜਾਂਦੇ।

ਆਦਮ ਬੱਚੇ ਰੋਂਦੇ ਆਏ,
ਰੋਂਦੇ ਹੀ ਸਾਰੀ ਜਿੰਦ ਹੰਢਾਉਂਦੇ,
ਜਿੰਦ ਕੋਈ ਜੱਗ ਵਿਚ ਕਿਵੇਂ ਗੁਜ਼ਾਰੇ।
ਪੰਜ ਅਬਗੁਣ ਸਾਨੂੰ ਵੱਢ ਵੱਢ ਖਾਂਦੇ।

ਏਥੇ ਹੀ ਬੱਸ ਨਹੀਂ ਪਿਆਰੇ,
ਸਿਸਟਮ ਉਲਾਰੂ ਸਾਡੇ ਸਾਰੇ।
ਕੁਲੀ ਗੁਲੀ ਜੁਲੀ ਦੇ ਮਸਲੇ,
ਦੁੱਖ ਦੇਣੇ ਸਾਰੇ ਦੇ ਸਾਰੇ।

ਇਹ ਮਹਿਫਲ ਮਹਾਂਕਾਲ ਸਜਾਈ,
ਨੇਕੀ ਸੰਗ ਉਸ ਰੱਖੀ ਬੁਰਾਈ।
ਤਾਂ ਜੋ ਘੜਮੱਸ ਪੈਂਦੀ ਜਾਵੇ,
ਵਿਰੋਧ ਵਧੇ ਜਿੰਦ ਨਿੱਖਰਦੀ ਜਾਵੇ। 
*********



























ਅਸੀਂ ਨਿਰੇ ਹੀ ਬੇਵਸ ਹੋ ਕੇ ਆਏ

ਅਸੀਂ ਨਿਰੇ ਹੀ ਬੇਵਸ ਹੋ ਕੇ ਆਏ,
ਪੰਜ ਗੁਣ ਅਬਗੁਣ ਸੰਗ ਲਿਆਏ।
ਸਮਾਂ ਭੀ ਆਪਣੇ ਸੰਗ ਲਿਆਈਏ,
ਮੁੱਕੇ ਸਮਾਂ ਅਸੀਂ ਟੁਰ ਜਾਈਏ।

ਕਿਉਂ ਆਏ ਕਿਸ ਕਾਰਨ ਆਏ,
ਜਿੰਦ ਬੀਤੇ ਅਸੀਂ ਬੁਝ ਨਾ ਪਾਈਏ।
ਮਿਸ਼ਨ ਜਿੰਦ ਦਾ ਇਕੋ ਲੱਗਦੈ,
ਕਿ ਖੇਡ ਖੇਡਦੇ ਜਾਈਏ।

ਅਜ਼ਲਾਂ ਤੋਂ ਚਲੀ ਜ਼ਿੰਦਗੀ,
ਭਿੰਨ ਭਿੰਨ ਜਾਮੇ ਪਾ ਕੇ।
ਮਿਸ਼ਨ ਜਿੰਦ ਦਾ ਅੱਗੇ ਟੁਰਨਾ,
ਨਵੇਂ ਜਾਮੇ ਗਲ ਪਾ ਕੇ।

ਹਰ ਜਾਮੇ ਵਿਚ ਸੂਝ ਵਧਾਈ,
ਨਿੱਕੀ ਜਿੰਨੀ ਬੁੱਧ ਵਧਾ ਕੇ।
ਮਾਣਸ ਜਾਮਾ ਜਦੋਂ ਦਾ ਪਾਇਆ,
ਟੁਰਦੀ ਹੈ ਅਕੜਾ ਕੇ।

ਇਸ ਧਰਤੀ ਤੋਂ ਅੱਗੇ ਜਾਣਾ,
ਜਾ ਕੇ ਇੱਕ ਜੱਗ ਹੋਰ ਵਸਾਉਣਾ।
ਬਦਲ ਜਾਵੇਗਾ ਮਾਣਸ ਜਾਮਾ,
ਕਿਸੇ ਹੋਰ ਧਰਤ ਤੇ ਜਾ ਕੇ।

ਜਦ ਰੌਲਾ ਰੱਪਾ ਉਥੇ ਵਧ ਜਾਵੇ,
ਜਿੰਦ ਉਸ ਤੋਂ ਅੱਗੇ ਉਡਾਰੀ ਲਾਵੇ।
ਨਵੀਂ ਧਰਤ ਕੋਈ ਵਸਾਵੇ,
ਸਾਂਝੀਵਾਲਤਾ ਜੇ ਅਪਣਾਵੇ।

ਇੱਕ ਤੋਂ ਦੋ ਗਿਆਰਾਂ ਬਣਦੇ,
ਗਿਆਰਾਂ ਤੋਂ ਲੱਖਾਂ ਹਜ਼ਾਰਾਂ।
ਇੱਕ ਜਾਨ ਕੁਝ ਕਰ ਨਹੀਂ ਸਕਦੀ,
ਰਲ ਮਿਲ ਜਿੱਤ ਜਾਈਏ ਸਭ ਹਾਰਾਂ।

ਨਿੱਜ ਲਈ ਜੇਕਰ ਅਸੀਂ ਜੀਵੀਏ, 
ਅਸੀਂ ਆਪਣੀ ਜਿੰਦ ਨੂੰ ਨਰਕ ਬਣਾਈਏ।
ਜੇ ਬੋਹੜ ਦੀ ਜੜ੍ਹ ਫੜ ਬਹਿ ਜਾਈਏ,
ਅੰਧ-ਵਿਸ਼ਵਾਸ਼ੀ ਜੱਗ ਵਿਚ ਵਧਾਈਏ।

'ਅੱਜ' ਨੂੰ ਜਾਣੀਏ ਦਿਨ ਆਖਰੀ,
ਬਣ ਕੇ ਲਾੜੇ ਜਿੰਦ ਲੰਘਾਈਏ।
ਜੱਗ ਵਿਚ ਕੋਈ ਵੀ ਗੈਰ ਨਹੀਂ ਹੈ,
ਸਾਂਝੀਵਾਲਤਾ ਕਿਉਂ ਨਾ ਅਪਣਾਈਏ।
***********

















ਚੰਗਾ ਆਚਰਣ ਦੌਲਤ ਸਾਡੀ

ਚੰਗਾ ਆਚਰਣ ਦੌਲਤ ਸਾਡੀ,
ਹੀਰਾ ਭੀ ਇਸਦਾ ਮੁੱਲ ਨਾ ਪਾਵੇ।
ਔਖੀਆਂ ਘਾਟੀਆਂ ਲੰਘ ਸਕਦੇ ਹਾਂ,
ਆਚਰਣ ਸਾਡਾ ਸਾਨੂੰ ਪਾਰ ਲਗਾਵੇ।

ਆਚਰਣਹੀਨ ਜੇਕਰ ਹੋ ਜਾਈਏ,
ਕਦੀ ਨਾ ਚੰਗੀ ਕਾਰ ਕਮਾਈਏ।
ਤੇਜ ਸਾਡਾ ਸਾਰਾ ਘੱਟ ਜਾਵੇ,
ਅਕਸ ਸਾਡਾ ਮੈਲਾ ਹੋ ਜਾਵੇ।

ਪ੍ਰਸਿੱਧੀ ਪ੍ਰਸੰਸਾ ਤੇ ਵਡਿਆਈ,
ਮਿੱਟੀ ਵਿਚ ਮਿਲ ਜਾਵੇ।
ਕਰਮ ਧਰਮ ਤੇ ਸਚਾਈ,
ਸਾਡੇ ਨੇੜੇ ਨਾ ਆਵੇ।

ਧੰਨ ਦੌਲਤ ਹੌਸਲਾ ਉਡ ਪੁਡ ਜਾਵੇ,
ਪਵਿੱਤਰਤਾ ਤੇ ਦਇਆ ਸਾਨੂੰ ਛੱਡ ਜਾਵੇ।
ਜੇਕਰ ਹੱਥੋਂ ਚਰਿੱਤਰ ਜਾਵੇ,
ਫਿਰ ਕੁਝ ਵੀ ਸਾਡੇ ਹੱਥ ਨਾ ਆਵੇ।
***********










ਹੇ ਪਰਮ ਸੱਤਾ ਦੇਹ ਸਾਨੂੰ ਸੱਤਾ
ਹੇ ਪਰਮ ਸੱਤਾ ਦੇਹ ਸਾਨੂੰ ਸੱਤਾ,
ਕਿ ਦੁੱਖ ਸੁੱਖ ਸਹਿਜੇ ਹੀ ਝੱਲ ਜਾਈਏ।
ਖਾਲਕ ਖਲਕ, ਖਲਕ ਮੇਂ ਖਾਲਕ,
ਰੱਬ ਜੀ ਨੂੰ ਹਰ ਸ਼ੈਅ ਵਿਚ ਪਾਈਏ।

ਹੇ ਪਰਮ ਸੱਤਾ ਦੇਹ ਸ਼ਕਤੀ ਸਾਨੂੰ,
ਕਿ ਕੂੜ ਕੁਫ਼ਰ ਦਾ ਕਰੀਏ ਸੰਘਾਰ।
ਸ਼ਕਤੀਸ਼ਾਲੀ ਅੱਗੇ ਨਾ ਝੁਕੀਏ,
ਚਾਹੇ ਲਸ਼ਕਰ ਹੋਵਣ ਹਜ਼ਾਰ।

ਤੇਰੀ ਰਜ਼ਾ ਸਿਰ ਮੱਥੇ ਮੰਨੀਏ,
ਸਾਡੇ ਸਾਰੇ ਹੀ ਕੰਮ ਸਾਰ।
ਤੇਰੇ ਬਿਨਾ ਅਸੀਂ ਮਿੱਟੀ ਬਰਾਬਰ,
ਸਾਡਾ ਬਣ ਕੇ ਰਹੀ ਤੂੰ ਯਾਰ।

ਸ਼ਾਂਤ ਚਿੱਤ ਸਾਨੂੰ ਸਦਾ ਹੀ ਰੱਖੀਂ,
ਚੜ੍ਹੇ ਨਾ ਹਓਮੈਂ ਦਾ ਬੁਖਾਰ।
ਰੱਖੀਏ ਵਿਸ਼ਵਾਸ਼ ਤੇਰੇ ਉੱਤੇ,
ਤੂੰ ਵੱਡੀ ਸਰਕਾਰ।

ਹਰ ਇੱਕ ਸ਼ੈਅ ਦੀ ਸੱਤਾ ਤੂੰ ਹੈਂ,
ਹਰ ਇੱਕ ਸ਼ੈਅ ਦੀ ਤੂੰ ਆਧਾਰ।
ਆਜ਼ਾਦ ਰੱਖੀਂ ਤੂੰ ਸਾਡੀ ਆਤਮਾ,
ਫਸ ਕੇ ਨਾ ਬਹੀਏ ਵਿਚ ਸੰਸਾਰ।
*********





ਬਿਨ ਮਕਸਦ ਦੇ ਜਿੰਦ ਜਿਉਣਾ

ਬਿਨ ਮਕਸਦ ਦੇ ਜਿੰਦ ਜਿਉਣਾ,
ਬੱਸ ਸਾਹ ਖਿੱਚਦੇ ਜਾਣਾ।
ਖਾਣ ਲਈ ਹੀ ਜਿੰਦ ਜਿਉਣੀ,
ਜਿਉਣ ਲਈ ਨਹੀਂ ਖਾਣਾ।

ਮਕਸਦ ਫੁੱਲ ਦਾ ਸੁੰਦਰਤਾ ਵੰਡਣੀ,
ਖੁਸ਼ਬੋ ਵੰਡਦੇ ਜਾਣਾ।
ਬੰਦਾ ਬੰਦੇ ਨੂੰ ਪਿਆਰੇ,
ਪਿਆਰ ਵੰਡਦੇ ਜਾਣਾ।

ਤਿਤਲੀ ਫੁੱਲਾਂ ਦੇ ਸੁਨੇਹੇ,
ਮੁਫਤ ਵਿਚ ਲੈ ਜਾਂਦੀ।
ਪਕੜਨ ਬੱਚੇ ਖੇਡਣ ਦੇ ਲਈ,
ਆਪਣਾ ਆਪ ਗੁਆਂਦੀ।

ਅਸਲ ਵਿਚ ਹਰ ਬੰਦਾ ਏਥੇ,
ਜਿੰਦ ਜਿਉਣ ਲਈ ਆਵੇ।
ਹੋਰਾਂ ਸੰਗ ਰਲ ਮਿਲ ਕੇ ਰਹਿਣਾ,
ਫਰਜ਼ ਉਹਦਾ ਬਣ ਜਾਵੇ।

ਕਈ ਵਾਰੀ ਅਵਸਰ ਐਸਾ ਆਉਂਦਾ,
ਕਿ ਸਮਾਜ ਲਈ ਮਰ ਜਾਵੇ।
ਕਰੇ ਕੁਰਬਾਨ ਆਪਣਾ ਆਪਾ,
ਸਰਬੱਤ ਭਲੇ ਦੀ ਕਾਰ ਕਮਾਵੇ।

ਬਿਨ ਮਕਸਦ ਦੇ ਕੀ ਜੀਉਣਾ,
ਐਵੇਂ ਜਿੰਦ ਲੰਘਾਈਏ।
ਮਕਸਦ ਸਾਡੇ ਜੀਵਨ ਦਾ,
ਜੱਗ ਸੋਹਣਾ ਛੱਡ ਕੇ ਜਾਈਏ।
*********
ਰੇ ਮਨ ਮਤ ਸਾਹਾਂ ਨੂੰ ਰੋਲ

ਰੇ ਮਨ ਮਤ ਸਾਹਾਂ ਨੂੰ ਰੋਲ,
ਸੁਣਦਾ ਜਾਹ ਅੰਦਰਲੇ ਬੋਲ।
ਲੋੜੀਂਦੀਆਂ ਵਸਤਾਂ ਤੋਂ ਵੱਧ ਲੈਣਾ,
ਨਹੀਂ ਚੰਗਾ ਮੰਨ ਸਾਡਾ ਕਹਿਣਾ।

ਕਰੇਂ ਚਿੰਤਾ ਕਿ ਸੰਪਤੀ ਵਧ ਜਾਵੇ,
ਹਰ ਕੋਈ ਆ ਕੇ ਸੀਸ ਝੁਕਾਵੇ।
ਭੱਜੇ ਫਿਰੀਏ ਕਿ ਅੱਗੇ ਵਧ ਜਾਈਏ,
ਨਿੱਜੀ ਦੌੜਾਂ ਦੀ ਰਟ ਲਗਾਈਏ।

ਤਮ੍ਹਾਂ ਕਾਰਨ ਇਹ ਭੱਜ ਨੱਠ ਸਾਰੀ,
ਜਾਵੇ ਬੇਅਰਥ ਸਾਰੀ ਦੀ ਸਾਰੀ।
ਧੰਨ ਦੌਲਤ ਦੇ ਢੇਰ ਲਗਾ ਕੇ,
ਟੁਰ ਜਾਈਏ ਯਾਰ ਘੁੰਮ ਘੁੰਮਾ ਕੇ।

ਲੋੜੀਂਦੀ ਭੱਜ ਨੱਠ ਬੁਰੀ ਨਹੀਂ ਹੈ,
ਬਿਨ ਭੱਜ ਨੱਠ ਦੇ ਜਿੰਦ ਟੁਰੀ ਨਹੀਂ ਹੈ।
ਪਰ ਹੋਵੇ ਨਾ ਪਛਤਾਵਾਂ ਸਾਨੂੰ ਜਾਂਦੀ ਵਾਰੀ,
ਬੰਦਾ ਤਾਂ ਉਹ ਬੰਦਾ ਹੈ ਜਿਸ ਨੇ ਜਿੰਦ ਸੰਵਾਰੀ।

ਵਿਤੋਂ ਵੱਧ ਭੱਜ ਨੱਠ, ਪਛਤਾਵਾ ਉਪਜਾਵੇ,
ਕੋਈ ਕੀ ਕਰੇ ਜਦ ਪਟਾਰੀ ਡੁੱਲ੍ਹ ਜਾਵੇ।
ਲੋੜ ਜੋਗਾ ਪਟਾਰੀ ਵਿਚ ਪਾਈਏ,
ਬਾਕੀ ਸਾਰਾ ਵੰਡਦੇ ਜਾਈਏ।
*********





ਰੱਜ ਨਾ ਕੋਈ ਜੀਵਿਆ ਹੋ ਹੋ ਗਿਆ ਜਹਾਨ

ਰੱਜ ਨਾ ਕੋਈ ਜੀਵਿਆ ਹੋ ਹੋ ਗਿਆ ਜਹਾਨ,
ਯਯਾਤੀ ਜੀਵਿਆ ਸੌ ਸਾਲ ਹੋ ਵਿਸ਼ਿਆ ਵਿਚ ਗਲਤਾਨ।
ਪਾਵੇ ਵਾਸਤੇ ਮੌਤ ਦੇ ਕਿ ਬਖਸ਼ੇ ਉਸਦੀ ਜਾਨ,
'ਸੌ ਸਾਲ ਹੋਰ ਜਿਉਣ ਦੇਹ ਕੱਢ ਲਵੀਂ ਫਿਰ ਜਾਨ।'

ਮੌਤ ਬੋਲੀ ਕਿਵੇਂ ਖਾਲੀ ਮੁੜਸਾਂ ਕੀ ਆਖਾਂ ਜਾ ਭਗਵਾਨ,
'ਕਰਾਂ ਜੇਕਰ ਹੁਕਮ ਅਦੂਲੀ ਕੱਢ ਲਵੇਗਾ ਮੇਰੀ ਜਾਨ।
ਕੀ ਕੋਈ ਇੱਕ ਪੁੱਤਰ ਤੇਰਾ, ਤੇਰੇ ਬਦਲੇ ਦੇਵੇਗਾ ਜਾਨ',
ਵੱਡਾ ਕੋਈ ਨਾ ਮੰਨਿਆ, ਛੋਟਾ ਆਖੇ ਮੈਂ ਹੋਵਾਂ ਕੁਰਬਾਨ।

ਮੌਤ ਬੋਲੀ ਓਏ ਨੌਜਵਾਨਾਂ ਤੂੰ ਕਿਉਂ ਦਿੰਦੈ ਜਾਨ,
ਯਯਾਤੀ ਦਾ ਪੁੱਤ ਬੋਲਿਆ ਸੁਣ ਮੌਤੇ ਲਾ ਧਿਆਨ।
ਜੇ ਸੱਤਰੇ ਪੰਝਤਰੇ ਵੀਰ ਮੇਰੇ ਤੇ ਸੌ ਸਾਲ ਦਾ ਬਾਪ,
ਤ੍ਰਿਪਤ ਨਾ ਹੋਏ ਜਿਉਂ ਕੇ ਫਿਰ ਤ੍ਰਿਪਤੀ ਦੀ ਕੀ ਆਸ।

ਅਨੁਭਵ ਇਹਨਾਂਦਾ ਦੱਸਦਾ ਕਿ ਤ੍ਰਿਪਤ ਨਾ ਹੋਏ ਜਹਾਨ,
ਵੱਧ ਤੋਂ ਵੱਧ ਜਿਉਣ ਦੇ ਮਨ ਵਿਚ ਭਰੇ ਅਰਮਾਨ।
ਫਿਰ ਧਿਰਗ ਹੈ ਐਸਾ ਜੀਵਣਾ ਕੱਢ ਲੈ ਮੇਰੀ ਜਾਨ,
ਮੇਰੇ ਮਰਨ ਤੋਂ ਸਿੱਖੇਗਾ, ਕੁਝ ਤਾਂ ਕੋਈ ਇਨਸਾਨ।

ਮੁੜ ਗਈ ਖਾਲੀ ਮੌਤ ਫਿਰ ਕੱਢੀ ਨਾ ਕਿਸੇ ਦੀ ਜਾਨ,
ਸੌ ਸਾਲਾਂ ਪਿੱਛੋਂ ਆਉਂਦੀ ਰਹੀ ਮੌਤ ਵਾਰਮ ਵਾਰ।
ਖਾਲੀ ਹੱਥ ਮੁੜਦੀ ਰਹੀ ਯਯਾਤੀ ਨਾ ਹੋਇਆ ਤਿਆਰ,
ਆਖਰ ਯਯਾਤੀ ਮਾਰਿਆ ਜਦ ਬੀਤੇ ਸਾਲ ਹਜ਼ਾਰ।

ਯਯਾਤੀ ਦੇ ਜੀਵਨ ਵਾਂਙ ਹੀ ਜੀਵਨ ਬੀਤੇ ਬੇਕਾਰ,
ਰੱਜ ਨਾ ਕੋਈ ਜੀਵਿਆ  ਮਿੱਠਾ ਲਗੇ ਸੰਸਾਰ।
ਜੀਵਨ ਹਰ ਇੱਕ ਜੀਵ ਦਾ ਦੁੱਖਾਂ ਦਾ ਭੰਡਾਰ,
ਮਰਨ ਨਾ ਲੋਚੇ ਕੋਈ ਵੀ ਦੁੱਖ ਝੱਲਦਾ ਜਾਏ ਹਜ਼ਾਰ।

ਕਿਉਂ ਕੋਈ ਜਿਉਣਾ ਲੋਚਦਾ ਜਦ ਹੋ ਜਾਵੇ ਬੇਕਾਰ,
ਜੀਵਨ ਤਾਂ ਛੋਟਾ ਹੀ ਚੰਗਾ ਜੇ ਕਰ ਜਾਈਏ ਕੋਈ ਵੱਡੀ ਕਾਰ।
ਜੋ ਆਪਣਾ ਫਰਜ਼ ਪੁਗਾਵੇ ਬੰਦਾ ਲੰਘ ਜਾਂਦਾ ਉਹ ਪਾਰ,
ਬਿਨ ਕਰਮ ਕਰੇ ਕੀ ਜੀਵਣਾ ਮਰ ਮਰ ਗਿਆ ਸੰਸਾਰ।
*********



























ਘਰ ਬਹਿ ਕੇ ਹੀ ਸੱਚੇ ਰਹਿਣਾ ਨਹੀਂ ਸੁਚਿਆਰਤਾ

ਘਰ ਬਹਿ ਕੇ ਹੀ ਸੱਚੇ ਰਹਿਣਾ ਨਹੀਂ ਸੁਚਿਆਰਤਾ,
ਜੋ ਹੁੰਦਾ ਸਚਿਆਰ ਉਹ ਜੱਗ ਨੂੰ ਤਾਰਦਾ।
ਹਸੂੰ ਹਸੂੰ ਕਰਦਾ ਜੱਗ ਵਿਚ ਵਿਚਰਦਾ,
ਚਿੰਤਾਵਾਂ ਦਾ ਹੜ੍ਹ ਨਾ ਉਸਨੂੰ ਮਾਰਦਾ।

ਇਹ ਭੌਤਿਕ ਸਰੀਰ ਜੱਗ ਵਿਚ ਵਿਚਰਦਾ,
ਆਪੋਂ ਜੋਤ ਸਰੂਪ ਉਸਦਾ ਅੰਦਰਲਾ।
ਚੱਲਣ ਬਾਹਰ ਤੂਫਾਨ ਜ਼ਰਾ ਨਾ ਵਿਲਕਦਾ,
ਸਦਾ ਹੀ ਚੇਤਨ ਰਹਿੰਦਾ ਉਹ ਨਾ ਤਿਲਕਦਾ।

ਕਰਦੇ ਫਿਰੀਏ ਨਾ ਜੱਗ ਵਿਚ ਸੁਖਾਂ ਦੀ ਭਾਲ,
ਲੜ ਸੱਚ ਦਾ ਫੜ ਕੇ ਰੱਖੇ, ਬੇਸ਼ੱਕ ਅਤਿ ਮੁਹਾਲ।
ਤ੍ਰਿਸ਼ਨਾਵਾਂ ਪਿੱਛੇ ਦੌੜ ਨਾ ਲਾਵੇ,
ਕੂੜ ਕਵਾੜ ਜੱਗ ਦਾ ਛੱਡ ਜਾਵੇ।

ਸੱਚੀ ਜੀਵਨ ਜੁਗਤ ਸਦਾ ਓਸਦੀ,
ਨਿਰੀ ਸਿਧਾਂਤਕ ਗੱਲ ਉਹ ਨਾ ਸੋਚਦਾ।
ਢਾਲੇ ਜੀਵਨ ਵਿਚ ਸੱਚ, ਸੱਚ ਦਾ ਸਾਰ ਉਹ
ਮਲਕ ਭਾਗੋਆਂ ਤੋਂ ਦੂਰ ਲਾਲੋਆਂ ਦਾ ਯਾਰ ਉਹ।

ਹੋ ਜਾਵੇ ਕੁਰਬਾਨ ਸਭ ਦੇ ਭਲੇ ਲਈ,
ਜਿਵੇਂ ਹੋਇਆ ਸੁੱਖ-ਨਿਧਾਨ ਪਿੰਡ ਘੁਡਾਣੀ ਦਾ।
ਕਰਤਾਰ ਸਰਾਭਾ ਭਗਤ ਸਿੰਘ ਦੇ ਗਏ ਆਪਣੀ ਜਾਨ,
ਹੋ ਗਏ ਕੁਰਬਾਨ ਆਪਣੇ ਦੇਸ਼ ਲਈ।

ਬੰਨ੍ਹ ਕੇ ਪਿੰਡ ਬੈਠਾਇਆ ਸਮੇਂ ਦੇ ਰਾਜੇ ਨੇ,
ਪੈ ਗਈ ਔੜ ਭਾਰੀ ਢਾਲ ਨਾ ਦੇ ਸਕਿਆ।
ਪਿੰਡ ਦੇ ਦੋ ਸਾਧ ਅੱਗੇ ਆ ਗਏ
ਉਹ ਜਿਊਂਦੇ ਗਏ ਦਬਾਏ ਹੁਕਮ ਰਾਜੇ ਦਾ।
ਗੀਤ ਉਹਨਾਂ ਨੇ ਗਾਏ ਮਰਦੇ ਦਮ ਤੱਕ।

ਅੱਜ ਧਰਤੀ ਉਹ ਮਹਾਨ ਪਿੰਡ ਘੁਡਾਣੀ ਦੀ
ਪੂਜੇ ਪਿੰਡ ਸਾਰਾ ਉਹਨਾਂ ਸਮਾਧਾਂ ਨੂੰ
ਕੋਈ ਮੂਰਖ ਭੁਲਾਵੇ ਕੌੜੀਆਂ ਯਾਦਾਂ ਨੂੰ,
ਕਿਉਂ ਨਾ ਪਿੰਡ ਪੂਜੇ ਉਹਨਾਂ ਸਾਧਾਂ ਨੂੰ।

*********

























ਗੁਰੂ ਆਪਣੇ ਸ਼ਿਸ਼ ਨੂੰ ਜੋ ਵੀ ਪੜ੍ਹਾਵੇ

ਗੁਰੂ ਆਪਣੇ ਸ਼ਿਸ਼ ਨੂੰ ਜੋ ਵੀ ਪੜ੍ਹਾਵੇ,
ਕਿਤੇ ਵੱਧ ਉਸ ਤੋਂ ਉਹ ਚਾਹਵੇ।
ਕਦੀ ਕਦਾਈਂ ਕ੍ਰਿਪਾ ਉਸਦੀ ਬਣ ਜਾਂਦੀ ਕਠੋਰ,
ਆਖੇ ਆਪਣੇ ਸ਼ਿਸ਼ ਨੂੰ ਬਣ ਹੋਰ ਚੰਗੇਰਾ ਹੋਰ।

ਬੁੱਧੀਮਾਨ ਤੇ ਮਿਹਨਤੀ ਸ਼ਿਸ਼ ਹੋਰ ਜ਼ੋਰ ਲਗਾਉਂਦਾ ਹੈ,
ਪਰ ਗੁਰੂ ਜਾਣ ਬੁੱਝ ਕੇ ਮੁੱਲ ਘੱਟ ਉਸਦਾ ਪਾਉਂਦਾ ਹੈ।
ਸਿਸ਼ ਹੋਰ ਚੰਗੇਰਾ ਹੋਰ ਚੰਗੇਰਾ ਬਣ ਦਿਖਾਉਂਦਾ ਹੈ,
ਕਮਾਲ ਤੋਂ ਭੀ ਹੋਰ ਕਮਾਲ ਗੁਰੂ ਸ਼ਿਸ਼ ਤੋਂ ਚਾਹੁੰਦਾ ਹੈ।

ਕਦੀ ਭੀ ਨਾ ਸੋਚੀਏ ਕਿ ਕਮਾਲ ਕਰ ਗਏ ਹਾਂ,
ਜਿੰਨਾ ਚਿਰ ਗੁਰੂ ਸਾਡਾ ਨਾਂਹ ਨਾਂਹ ਫੁਰਮਾਉਂਦਾ ਹੈ।
ਕਿਤੇ ਵੱਧ ਮਾਤ-ਪਿਤਾ ਤੋਂ ਅਧਿਆਪਕ ਸਾਡਾ,
ਸਾਨੂੰ ਉਚਾ ਉਠਾਉਂਦਾ ਹੈ ਸਾਡਾ ਭਲਾ ਚਾਹੁੰਦਾ ਹੈ। 

ਮਾਂ ਬਾਪ ਨੂੰ ਚਾਹ ਹੁੰਦੀ ਪੁੱਤ ਰੋਜ਼ਗਾਰ ਕਮਾਵੇ,
ਅਧਿਆਪਕ ਨੂੰ ਚਾਹ ਹੁੰਦੀ ਸ਼ਿਸ਼ ਟੀਸੀ 'ਤੇ ਪੁੱਜ ਜਾਵੇ।
ਜਦੋਂ ਕਦੀ ਅਧਿਆਪਕ ਮਿਲੇ ਸਾਨੂੰ ਕਹਿ ਸੁਣਾਏਗਾ,
ਅਜੇ ਕਮੀ ਹੈ ਅਜੇ ਕਮੀ ਹੈ ਸਾਨੂੰ ਰਾਹ ਦਿਖਾਏਗਾ।

ਕਰਦੇ ਜਾਈਏ ਜੇ ਕਮਾਲ ਆਖੇ ਹੋਰ ਕਮਾਲ ਕਰੋ,
ਚਿਤਰ ਚੰਗੇਰਾ ਬਣਾ ਲੈ ਜਾਈਏ ਉਸਨੂੰ ਭੀ ਠੁਕਰਾਏਗਾ।
ਤਰਸ ਖਾਵੇਗਾ ਸ਼ਿਸ਼ ਦੇ ਉੱਤੇ ਪਰ ਕਠੋਰਤਾ ਦਿਖਾਏਗਾ।
ਆਸ ਰੱਖੇ ਸਦਾ ਸ਼ਿਸ਼ ਦੇ ਕੋਲੋਂ ਕਿ ਹੋਰ ਚੰਗੇਰਾ ਬਣ ਜਾਏਗਾ।

ਐਸਾ ਹਿਰਦਾ ਹੈ ਗੁਰੂ ਦਾ ਉਹ ਬੇਗਰਜ਼ ਬੇਨਿਆਜ਼ ਹੈ,
ਸ਼ਿਸ਼ ਉਸਦੀ ਬੀਣਾ ਹੈ ਉਸਦੇ ਹੱਥ ਦਾ ਸਾਜ ਹੈ।
ਸ਼ਿਸ਼ ਜਿਸ ਦੇ ਹੋਣ ਰੁਲਦੇ ਉਹ ਨਿਰਲੱਜ ਉਸਤਾਦ ਹੈ,
ਆਪੋਂ ਉਹ ਪੜ੍ਹਾਵੇ ਨਾ ਆਖੇ ਪਛੜਿਆ ਸਮਾਜ ਹੈ। 
*********
ਆਪਣੀ ਚਤੁਰਾਈ ਜੇਕਰ ਨਾ ਛੱਡੀਏ

ਆਪਣੀ ਚਤੁਰਾਈ ਜੇਕਰ ਨਾ ਛੱਡੀਏ,
ਸਮਰਪਤ ਕਰੀਏ ਨਾ ਜੇਕਰ ਆਪਾ।
ਅਸੀਂ ਸ਼ਾਂਤ ਚਿੱਤ ਕਦੀ ਹੋ ਨਹੀਂ ਸਕਦੇ,
ਕਿਸੇ ਸਿਧਾਂਤ ਤੇ ਕਦੀ ਖਲੋ ਨਹੀਂ ਸਕਦੇ।

ਪਰਖ ਬੰਦੇ ਦੀ ਹੋ ਜਾਂਦੀ ਹੈ,
ਕਿ ਕਿੰਨਾ ਕੁ ਕਰ ਸਕਦਾ ਹੈ ਤਿਆਗ।
ਚਰਿੱਤਰ ਕਰਮ ਤੇ ਗੁਣ ਉਸਦੇ,
ਬਣਦੇ ਨੇ ਉਸਦੀ ਉੱਚਤਾ ਦਾ ਭਾਗ।

ਰਗੜੀਏ ਕੁੱਟੀਏ ਗਰਮਾਈਏ ਸੋਨਾ,
ਕੁੱਟੀਏ ਤਾਂ ਸ਼ੁੱਧਤਾ ਜਾਣੀਏ।
ਤੱਕੀਏ ਕਰਮ ਕੀ ਕਰਦਾ ਬੰਦਾ,
ਉਹਦੀ ਸੋਚ ਤੇ ਕਹਿਣੀ ਪਛਾਣੀਏ।

ਪਰਖ ਬਿਨਾ ਮੁੱਲ ਬੰਦੇ ਦਾ,
ਅਸੀਂ ਸਹੀ ਸਹੀ ਨਾ ਜਾਣੀਏ।
ਆਵਣ ਔਕੜਾਂ ਤਾਂ ਪਰਖਿਆ ਜਾਵੇ,
ਫਿਰ ਉਸਦਾ ਮੁੱਲ ਪਛਾਣੀਏ।

ਬਿਨ ਵਿਦਿਆ ਗਿਆਨ ਨਹੀਂ,
ਪਰ ਗਿਆਨ ਨਾ ਪੂਰਾ ਅਨੁਭਵ ਬਿਨ।
ਜਿੰਦ ਜੀਵੀਏ ਤਾਂ ਕੁਝ ਜਾਣੀਏ,
ਕਰਤ ਵਿਦਿਆ ਤੋਂ ਗਿਆਨ ਵਖਾਣੀਏ।
*********




ਚਲੋ ਚਾਲ ਜੱਗ ਚਲਦਾ ਜਾਵੇ
ਚਲੋ ਚਾਲ ਜੱਗ ਚਲਦਾ ਜਾਵੇ,
ਜੇ ਪਾਵੇ ਨਾ ਕੋਈ ਰੋਕ।
ਪਰ ਕਦੀ ਕਰਾਂਤੀ ਨਾ ਰੁਕੇ,
ਲੱਖ ਪਾਵੇ ਜੇ ਕੋਈ ਰੋਕ।

ਸਿੱਥਥ ਵਰਗ ਹੈ ਉਪਜਦਾ,
ਲੈ ਚਤਰਾਂ ਦੀ ਸੋਚ।
ਵਹਿਣ ਜਿੰਦ ਦਾ ਰੋਕਦਾ,
ਲੈ ਲੋਕਾਂ ਦੀ ਵੋਟ।

ਸਿਸਟਮ ਉਲਾਰੂ ਬਣਦੇ ਭਾਰੂ,
ਦੁੱਖਾਂ ਮੂੰਹ ਆਉਂਦੇ ਲੋਕ।
ਉੱਠੇ ਜਵਾਨੀ ਦੇਸ਼ ਦੀ,
ਲੈ ਵੱਖਰੀ ਇੱਕ ਸੋਚ।

ਬਣ ਜਾਵਣ ਭਿਖਸ਼ੂ ਘੁੰਮਣ ਥਾਂ ਥਾਂ,
ਲੈ ਕਰਾਂਤੀਕਾਰੀ ਸੋਚ।
ਭਰਦੇ ਫਿਰਦੇ ਦਿਲਾਂ ਵਿਚ,
ਇੱਕ ਨਿਰਾਲਾ ਜੋਸ਼।

ਅਵੱਸ਼ ਕਰਾਂਤੀ ਆ ਜਾਂਦੀ ਹੈ,
ਇੱਕ ਨਵੀਂ ਰਾਹ ਦਿਖਾ ਜਾਂਦੀ ਹੈ।
ਖੜ੍ਹਾ ਪਾਣੀ ਵਗ ਟੁਰਦਾ ਹੈ,
ਬਦਲ ਜਾਂਦੀ ਹੈ ਸੋਚ।
*********





ਨਾਜ਼ਰਾ ਗੱਲ ਸੁਣ ਜਾਹ ਸਾਡੀ

ਨਾਜ਼ਰਾ ਗੱਲ ਸੁਣ ਜਾਹ ਸਾਡੀ,
ਸਿਧਾਂਤ ਤੇਰੇ ਕੀ ਕਰਨਗੇ ਯਾਰ।
ਸਰਮਾਏਦਾਰੀ ਨੇ ਖਰੀਦ ਰੱਖੇ ਨੇ,
ਅਰਬਾਂ ਖਰਬਾਂ ਦੇ ਹਥਿਆਰ।

ਨਿੱਕੜੀ ਜੇਹੀ ਤੇਰੀ ਸੁਰਖ਼ ਰੇਖਾ,
ਉਹਨਾਂ ਕੋਲ ਢੇਰਾਂ ਅਖਬਾਰ।
ਬਣ ਭਿਖਸ਼ੂ ਤੂੰ ਥਾਂ ਥਾਂ ਘੁੰਮੇ,
ਸੁਣੇ ਨਾ ਤੇਰਾ ਕੋਈ ਪਰਚਾਰ।

ਤੂੰ ਚੁੱਪ ਚੁਪੀਤਾ ਉਹ ਬੋਲਣ ਬਹੁਤਾ,
ਬੋਲ ਉਹਨਾਂ ਦੇ ਵਿਚ ਬਾਜ਼ਾਰ।
ਮੰਨਦਾਂ ਯਾਰਾ ਤੇਰੇ ਬੋਲਾਂ ਦਾ,
ਬੇਸ਼ੱਕ! ਥੋੜ੍ਹੇ ਲੱਖਾਂ, ਮਣ ਭਾਰ।

ਲੱਗਦੈ ਤੂੰ ਹਾਮੀ ਪਰਜਾਤੰਤਰ ਦਾ,
ਜੋ ਆਇਆ ਨਾ ਕਿਧਰੇ ਵਿਚ ਸੰਸਾਰ
ਤੂੰ ਉੱਚੀਆਂ ਥਾਵਾਂ 'ਤੇ ਬੀੜੇਂ ਤੋਪਾਂ,
ਖੜ੍ਹੀ ਵਾਯੂ ਸੈਨਾ ਤਿਆਰ ਬਰ ਤਿਆਰ।

ਹਥਿਆਰਾਂ ਦੀ ਜੰਗ ਲੜੀ ਨਾ ਯਾਰਾ,
ਮਰਨ ਗਰੀਬੜੇ ਤੇਰੇ ਯਾਰ।
ਬਣ ਭਿਖਸ਼ੂ ਤੂੰ ਥਾਂ ਥਾਂ ਘੁੰਮ ਜਾਹ,
ਸੁੱਤੇ ਲੋਕ ਜਾਗਣ ਇੱਕ ਵਾਰ।

ਅਰਧ ਫੌਜੀ ਤੇ ਪੁਲਸੀਏ ਪੁੱਤ ਗਰੀਬਾਂ ਦੇ,
ਗਰੀਬ ਗਰੀਬਾਂ ਸੰਗ ਲੜਦੇ ਯਾਰ।
ਲਿਆਵੀਂ ਨਾ ਪੁੱਤਰਾ ਐਸਾ ਸੰਘਾਰ,
ਤੇਰੀ ਜੰਗ ਜਾਗਰਤਾ ਦੀ, ਵਰਤੀਂ ਨਾ ਹਥਿਆਰ।

ਲੋਕ ਜਗਾਏ ਗਾਂਧੀ ਨੇ ਬਿਰਲੇ ਟਾਟੇ ਸਭ ਯਾਰ,
ਬੇਸ਼ਕੱ ਜੰਗ ਨਾ ਲੋਕਾਂ ਦੀ ਸੀ ਲੋਕ ਬਣਾਏ ਸਨ ਹਥਿਆਰ।
ਉਹ ਤਾਂ ਜੰਗ ਸਰਮਾਏਦਾਰੀ ਦੀ ਹੋਇਆ ਦੇਸ਼ ਆਜ਼ਾਦ,
ਆਮ ਆਦਮੀ ਅਜੇ ਵਿਲਕਦਾ ਜੋ ਬਣਿਆ ਸੀ ਔਜ਼ਾਰ।

ਪਹਿਲਾ ਕਦਮ ਲੋਕਾਂ ਦੀ ਜੰਗ ਦਾ ਗਾਂਧੀ ਨੇ ਪੁੱਟਿਆ ਸੀ ਯਾਰ,
ਇੱਕ ਮੰਜ਼ਲ ਉਹ ਤਹਿ ਕਰ ਗਿਆ, ਦੂਜੀ ਤੇਰੇ ਲਈ ਤਿਆਰ।
ਉਸਦੀ ਮੰਜ਼ਲ ਬਹੁਤ ਸੌਖੀ ਸੀ ਤੇਰੀ ਮੰਜ਼ਲ ਔਖੀ ਯਾਰ,
ਬਾਹਰਲਿਆਂ ਸੰਗ ਲੜਨਾ ਸੌਖਾ ਆਪਣਿਆਂ ਦਾ ਕੌਣ ਕਰੇ ਸੰਘਾਰ।

ਜੰਗ ਬਾਹਰਲੀ ਜਿੱਤੀ ਅਸਾਂ ਨੇ ਮੇਰੇ ਵੀਰਾ ਬਿਨ ਹਥਿਆਰ,
ਜੰਗ ਅੰਦਰਲੀ ਜੇਕਰ ਜਿੱਤਣੀ ਬਣ ਜਾਹ ਭਿਖਸ਼ੂ ਕਰ ਪਰਚਾਰ।
ਵਿਦਿਆ ਗਿਆਨ ਵਿਗਿਆਨ ਦੇਹ, ਕਰਦੇ ਲੋਕਾਂ ਨੂੰ ਹੁਸ਼ਿਆਰ,
ਲੋਕ ਜਾਗਣਗੇ ਜਿੱਤ ਜਾਣਗੇ ਲੋਕਾਂ ਦੇ ਵੀ ਯਾਰ।
*********

















ਨਿਰਾਸ਼ਾ ਵਿਚ ਅਸੀਂ ਨਹੀਉਂ ਮਰਨਾ

ਨਿਰਾਸ਼ਾ ਵਿਚ ਅਸੀਂ ਨਹੀਉਂ ਮਰਨਾ,
ਅਸੀਂ ਲੜਦਿਆਂ ਜਿੰਦ ਲੰਘਾਈ।
ਹੱਕ ਸੱਚ ਦੀਆਂ ਜਿੱਤੀਆਂ ਜਿੱਤਾਂ,
ਮੱਦਦਗਾਰ ਸੀ ਸਾਰੀ ਖੁਦਾਈ।

ਅਸੀਂ ਭੋਰਾ ਭੋਰਾ ਮਾਣਿਆ ਜਿੰਦ ਦਾ,
ਦੁੱਖ ਸੁੱਖ ਸਮਕਰ ਜਾਣੇ ਭਾਈ।
ਪਿਸਤੌਲਾਂ ਬੰਦੂਕਾਂ ਅਤੇ ਜ਼ਹਿਰਾਂ ਦੀ,
ਪਰਵਾਹ ਨਾ ਕੀਤੀ ਕਾਈ।

ਲੜਦੇ ਗਏ ਅਸੀਂ ਉਥੋਂ ਤੱਕ,
ਜਿੱਥੋਂ ਤੱਕ ਸੰਗ ਸਚਾਈ।
ਜੰਮਣਾ ਤੇ ਮਰਨਾ ਦੋ ਘਟਨਾਵਾਂ,
ਅਸੀਂ ਪੁਸ਼ਾਕ ਬਦਲੀਏ ਭਾਈ।

ਹਰ ਕੋਈ ਅਦੁੱਤੀ ਸੁਨੇਹਾ ਲਿਆਵੇ,
ਸਾਡੀ ਦੁਨੀਆਂ ਬੁਝ ਨਾ ਪਾਈ।
ਖੁਦਾਈ ਸੱਚ ਨੂੰ ਉਹ ਨਾ ਬੁੱਝੇ,
ਕੂੜ ਕੁਫਰ ਸੰਗ ਯਾਰੀ ਲਾਈ।

ਹਰ ਕੋਈ ਕੁਝ ਸਿਖਾਵੇ ਸਾਨੂੰ,
ਪਰ ਆਪਾਂ ਨਾ ਸਿੱਖੀਏ ਭਾਈ।
ਕਈ ਵਾਰੀਂ ਸਾਨੂੰ ਜੋ ਦਿਸਦਾ ਹੈ,
ਉਹਦੇ ਪਿੱਛੇ ਹੋਰ ਸਚਾਈ।

ਮਰਨਾ ਅੰਤ ਨਹੀਂ ਆਪੇ ਦਾ,
ਇਹ ਤਾਂ ਸਰੀਰਾਂ ਨੇ ਉਮਰ ਹੰਢਾਈ।
ਥਿਰ ਨਹੀਂ ਏਥੇ ਰੂਪ ਕੋਈ ਵੀ,
ਏਥੇ ਹੁੰਦੀ ਰਹਿੰਦੀ ਹੈ ਆਵਾਜਾਈ।

ਇਹ ਜੱਗ ਮਹਾਂ-ਵਿਦਿਆਲਾ ਸਾਡਾ,
ਹੁੰਦੀ ਜਾਵੇ ਨਿੱਤ ਸਿਖਲਾਈ।
ਰੰਚਕ ਮਾਤਰ ਬਦਲਦੇ ਜਾਈਏ,
ਅਗਲੀ ਪੀੜ੍ਹੀ ਅਗੇ ਵਧਾਈਏ।

ਸਰਵ-ਸਾਂਝ ਜੇ ਨਜ਼ਰੀਂ ਆਵੇ,
ਤੀਜੀ ਅੱਖ ਖੁੱਲ੍ਹ ਜਾਵੇ ਭਾਈ।
ਹਜ਼ਾਰਾਂ ਕੋਹਾਂ ਤੇ ਜੋ ਵਾਪਰੇ,
ਸਾਨੂੰ ਦੇ ਜਾਵੇ ਐਨ ਦਿਖਾਈ।

ਜਿੰਦ ਤੁਹਾਡੀ ਜੇ ਮੌਤ ਮੂੰਹ ਆਵੇ,
ਗੈਬੀ ਸ਼ਕਤੀ ਆ ਬਚਾਵੇ।
ਪਦਾਰਥਵਾਦੀ ਤੇ ਤਰਕਵਾਦੀ, 
ਐਸੀਆਂ ਘਟਨਾਵਾਂ ਬੁਝ ਨਾ ਪਾਵੇ।

ਲਾਈਏ ਧਿਆਨ ਕਰੀਏ ਪਛਾਣ,
ਦਿਸੇ ਰੱਬ (ਨੇਕੀ) ਦਿਸੇ ਸ਼ੈਤਾਨ (ਬਦੀ)
ਛੱਡੀਏ ਸ਼ੈਤਾਨ ਅਪਣਾਈਏ ਰਾਮ,
ਹੋ ਜਾਵੇ ਸੁਧਾਈ ਮਿਲੇ ਉਚਤਾਈ।

ਨਿੱਜੀ ਸੁਧਾਈ ਮੁਬਾਰਕ ਸਾਨੂੰ,
ਪਰ ਜੱਗ ਵੱਲ ਪਿੱਠ ਘੁਮਾ ਨਹੀਂ ਸਕਦੇ।
ਸਿਆਸੀ ਸਮਾਜੀ ਆਰਥਿਕ ਨਿਜ਼ਾਮ,
ਉਲਾਰੂ ਛੱਡ ਕੇ ਜਾ ਨਹੀਂ ਸਕਦੇ।

ਸਰਬੱਤ ਭਲੇ ਲਈ ਲੜਨਾ ਮਰਨਾ,
ਸਰਬੱਤ ਭਲੇ ਲਈ ਸੰਗਰਾਮ ਕਰਨਾ।
ਅਸੀਂ ਆਪਣਾ ਫਰਜ਼ ਭੁਲਾ ਨਹੀਂ ਸਕਦੇ,
ਇਸ ਵੱਲ ਪਿੱਠ ਘੁਮਾ ਨਹੀਂ ਸਕਦੇ।

ਜਿੰਦ ਸਾਡੀ ਹੈ ਸਭ ਦੀ ਸਾਂਝੀ,
ਨਿਰੀ ਹੀ ਨਿੱਜੀ ਬਣਾ ਨਹੀਂ ਸਕਦੇ।
ਬਹੁਤ ਲਿਆ ਹੈ ਅਸ਼ੀਂ ਜੱਗ ਤੋਂ,
ਬਿਨ ਰਿਣ ਚੁਕਾਇਆਂ ਅਸੀਂ ਜਾ ਨਹੀਂ ਸਕਦੇ।
*********

ਲਏ ਨਾ ਹੋਵਣ ਸੁਪਨੇ ਜਿਸਨੇ

ਲਏ ਨਾ ਹੋਵਣ ਸੁਪਨੇ ਜਿਸਨੇ,
ਉਹ ਬੰਦਾ ਵੀ ਕਾਹਦਾ ਬੰਦਾ।
ਸਿਰ ਸੁੱਟ ਕੇ ਉਹ ਟੁਰਦਾ ਜਾਂਦਾ,
ਕਰਦਾ ਜਾਂਦਾ ਇੱਕੋ ਹੀ ਧੰਦਾ।

ਬਹਿ ਜਾਂਦਾ ਉਹ ਸੋਫੇ ਉੱਤੇ,
ਜਾਂ ਮੰਜੀ ਡਾਹ ਲੈਂਦਾ।
ਜੇ ਟੈਲੀਵੀਜ਼ਨ ਨਾ ਦੇਖਣ ਲੱਗੇ,
ਤਾਂ ਮਾਰ ਘੁਰਾੜੇ ਸੌਂਦਾ।

ਪਰ ਜੋ ਸੁਪਨੇ ਲੈਂਦਾ ਰਹਿੰਦਾ,
ਕੋਈ ਕਲਪਨਾ ਕਰਦਾ ਰਹਿੰਦਾ।
ਉਹ ਕਦੀ ਨਾ ਟਿਕ ਕੇ ਬਹਿੰਦਾ,
ਅੱਗੇ ਪੈਰ ਧਰੇਂਦਾ।

ਜੇਕਰ ਆਜ਼ਾਦੀ ਦਾ ਸੁਪਨਾ,
ਕਰਮਚੰਦ ਗਾਂਧੀ ਨਾ ਲੈਂਦਾ।
ਲੈ ਸੁਪਨਾ ਆਜ਼ਾਦੀ ਦਾ,
ਜੇ ਭਗਤ ਸਿੰਘ ਫਾਂਸੀ ਨਾ ਚੜ੍ਹਦਾ।

ਲੱਖਾਂ ਲੋਕ ਜੇ ਸੁਪਨੇ ਨਾ ਲੈਂਦੇ,
ਰੁੱਖੀ ਮਿੱਸੀ ਖਾ ਕੇ ਬਹਿੰਦੇ।
ਕਰਦੇ ਨਾ ਕੁਰਬਾਨੀ ਜੇਕਰ,
ਦੇਸ਼ ਆਜ਼ਾਦ ਫਿਰ ਕਦੀ ਨਾ ਹੁੰਦਾ।

ਸੁਪਨੇ ਹੀ ਸੁਲਤਾਨ ਨੇ ਸਾਡੇ,
ਸੁਪਨੇ ਹੀ ਜਿੰਦ ਜਾਨ ਨੇ ਸਾਡੇ।
ਨਾਜ਼ਰਾ! ਤੂੰ ਸੁਪਨੇ ਲੈਂਦਾ ਜਾਹ,
ਕੁਝ ਕਹਿੰਦਾ ਜਾ ਕੁਝ ਕਰਦਾ ਜਾਹ।

ਸਿਆਸੀ ਆਜ਼ਾਦੀ ਮਿਲ ਗਈ ਸਾਨੂੰ,
ਅਜੇ ਆਰਥਿਕ ਆਜ਼ਾਦੀ ਦੂਰ ਹੈ।
ਰੁਲਦੇ ਫਿਰਦੇ ਨੇ ਸਾਡੇ ਲੋਕ,
ਉਹਨਾਂ ਲਈ ਕੁਝ ਕਰਦਾ ਜਾਹ।

ਪਰ ਇੱਕ ਗੱਲ ਚੇਤੇ ਰੱਖੀਂ ਯਾਰ,
ਕਦੀ ਜੋਸ਼ ਵਿੱਚ ਆਵੀਂ ਨਾ।
ਜੋਸ਼ ਹੋਸ਼ ਗਵਾ ਦਿੰਦਾ ਹੈ,
ਜੰਗਲਾਂ ਦੇ ਰਾਹ ਪੈ ਜਾਵੀਂ ਨਾ।

ਅਸੀਂ ਤਾਂ ਉਹਨਾਂ ਰਾਹਾਂ 'ਤੇ ਟੁਰਨਾ
ਜਾ ਰਾਹ ਭਰ ਜਾਂਦੇ ਲੋਕਾਂ ਦੇ
ਤੱਕ ਦਹਿਲ ਜਾਂਦੇ ਨੇ ਲੋਟੂ ਲਾਣੇ।
ਕੁਝ ਰਹੇ ਨਾ ਹੱਥ ਵਸ ਜੋਕਾਂ ਦੇ।

**********
















ਬੁੱਧ ਨੇ ਸੁੰਦਰ ਨਾਰੀ ਤਿਆਗੀ

ਬੁੱਧ ਨੇ ਸੁੰਦਰ ਨਾਰੀ ਤਿਆਗੀ,
ਨਿੱਕ ਮੁਨੱਕਾ ਤਿਆਗਿਆ ਲਾਲ।
ਤੂੰ ਭੀ ਸੁੰਦਰ ਘਰਵਾਲੀ ਤਿਆਗੀ,
ਬਾਲੜੀ ਧੀ ਭੀ ਤਿਆਗੀ ਨਾਲੋ ਨਾਲ।

ਬੁੱਧ ਸੀ ਪੁੱਤ ਰਾਜੇ ਦਾ,
ਤੂੰ ਪੁੱਤ ਹੈ ਬੇ-ਮੁਥਾਜੇ ਦਾ।
ਤੂੰ ਜੰਗ ਜਿੱਤ ਕੇ ਜਾਣੀ ਹੈ,
ਬੇਸ਼ੱਕ ਪੁੱਤ ਨਹੀਂ ਕਿਸੇ ਰਾਜੇ ਦਾ।

ਪਰ ਯਾਰਾ ਜ਼ਰਾ ਕੁ ਰਾਹ ਬਦਲਾ,
ਸਾਰੇ ਨਾਜ਼ਰਾਂ ਨੂੰ ਸਮਝਾ।
ਪਹਿਲਾਂ ਸੂਝ ਦਿਓ ਲੋਕਾਂ ਨੂੰ,
ਫਿਰ ਚਾਹੇ ਖੰਡਾ ਖੜਕਾ।

ਇਸ ਤੋਂ ਪੁਹਿਲਾਂ ਕਿ ਸੁਹਾਗਾ ਫੇਰੇਂ,
ਖੇਤ ਸਾਰੇ ਚੰਗੀ ਤਰ੍ਹਾਂ ਵਾਹ।
ਬਿਨ ਵਿਦਿਆ, ਗਿਆਨ, ਵਿਗਿਆਨ ਦੇ,
ਤੂੰ ਸਕੇਂ ਨਾ ਲੋਕਾਂ ਨੂੰ ਜਗਾ,
ਜਾਹ ਮੇਰੇ ਪੁੱਤਾ ਸਾਰੇ ਨਾਜ਼ਰਾਂ ਨੂੰ ਸਮਝਾ।
*********









ਪਤਾ ਨਹੀਂ ਤੁਸੀਂ ਕਿਵੇਂ ਯਾਰੋ

ਪਤਾ ਨਹੀਂ ਤੁਸੀਂ ਕਿਵੇਂ ਯਾਰੋ,
ਕਰਦੇ ਹੋ ਤਾਕਤ ਦਾ ਗੁਮਾਨ।
ਛਿਨ ਭਰ ਲਈ ਅਸੀਂ ਕੀਤਾ ਸੀ,
ਪਰ ਅੱਜ ਤੱਕ ਹਾਂ ਪਰੇਸ਼ਾਨ।

ਸਾਨੂੰ ਗੁੱਸਾ ਮਿੱਤਰ 'ਤੇ ਆ ਗਿਆ,
ਸਾਡਾ ਆਪਾ ਛਟ-ਪਟਾ ਗਿਆ।
ਵੀਹ ਸਾਲਾਂ ਦੀ ਉਮਰ ਸੀ ਸਾਡੀ,
ਧਮਕਾਇਆ ਉਸਨੂੰ ਕਰਕੇ ਗੁਮਾਨ।

ਉਹਦਾ ਬੇਸ਼ੱਕ ਬੱਜਰ ਕਸੂਰ ਸੀ,
ਸਾਡਾ ਗੱਸਾ ਭੀ ਮਜਬੂਰ ਸੀ।
ਸਾਨੂੰ ਅਜੇ ਨਾ ਬਹੁਤਾ ਸਹੂਰ ਸੀ,
ਐਵੇਂ ਹੀ ਹੋ ਗਿਆ ਸਾਨੂੰ ਗੁਮਾਨ।

ਅਸੀਂ ਉਦੋਂ ਭੀ ਸ਼ਰਮਸ਼ਾਰ ਸੀ,
ਅਸੀਂ ਅੱਜ ਭੀ ਸ਼ਰਮਸ਼ਾਰ ਹਾਂ।
ਟੁਰ ਗਿਆ ਉਹ ਮਿੱਤਰ ਸਾਡਾ,
ਉਹਦੇ ਜਾਣ ਪਿੱਛੋਂ ਬੇਜ਼ਾਰ ਹਾਂ।

ਅੱਜ ਇਕਆਸੀਵੇਂ ਸਾਲ ਨੂੰ,
ਸਾਲ ਵੀਹਵਾਂ ਸ਼ਰਮਾਉਂਦਾ ਹੈ।
ਪਰ ਬੋਲ ਜੋ ਬੋਲਿਆ ਜਾਵੇ,
ਮੁੜ ਵਾਪਸ ਨਾ ਆਉਂਦਾ ਹੈ।

ਭੁਲ ਕਦੀ ਨਾ ਬੋਲਣਾ,
ਕੋਈ ਅਵੈੜਾ ਬੋਲ।
ਆਪਣੇ ਆਪ ਨੂੰ ਤੱਕੜੀ ਵਿਚ,
ਸੰਝ ਸਵੇਰੇ ਤੋਲ।
*********
ਹੇ ਸਦ-ਜੀਵੀ ਸਰਵ-ਵਿਆਪੀ

ਹੇ ਸਦ-ਜੀਵੀ ਸਰਵ-ਵਿਆਪੀ,
ਅਗਿਆਨ ਹਨੇਰਾ ਦੂਰ ਕਰੀਂ।
ਬਣ ਕੇ ਰਵਾਂ ਮੈਂ ਮੁਸਲਿਮ ਤੇਰਾ, (ਮੁਸਲਿਮ=ਆਗਿਆਕਾਰ)
ਬੁੱਧ ਮੇਰੀ ਵਿੱਚ ਨੂਰ ਭਰੀਂ।

ਰਹਿਮਤ ਕਰੀਂ ਹੇ ਮੇਰੇ ਦਾਤਾ,
ਰੂਹ ਮੇਰੀ ਪੁਰ ਨੂਰ ਕਰੀਂ।
ਕਣ ਕਣ ਸਜਨਾ ਮੇਰੀ ਜਿੰਦ ਦਾ,
ਨਿਰਾ ਹੀ ਪੁਰ ਸਰੂਰ ਕਰੀਂ।

ਅਥਾਹ ਸ਼ਕਤੀ ਤੂੰ ਦੇਵੀਂ ਮੈਨੂੰ,
ਕਮਜ਼ੋਰੀ ਮੇਰੀ ਦੂਰ ਕਰੀਂ।
ਟਪਦਾ ਨਚਦਾ ਫਿਰਾਂ ਮੈਂ ਜੱਗ ਵਿੱਚ,
ਗੈਬੀ ਸ਼ਕਤੀ ਤੂੰ ਭਰੀਂ।

ਵਾਂਙ ਦਰਿਆਵਾਂ ਟੁਰਦਾ ਜਾਵਾਂ,
ਪਰ ਖੜਦੁੰਮ ਨਾ ਕਦੀ ਮਚਾਵਾਂ।
ਰਾਹ ਵਿੱਚ ਆਵੇ ਕੋਈ ਰੁਕਾਵਟ,
ਸਜਨਾਂ ਤੂੰਹੀਉਂ ਦੂਰ ਕਰੀਂ।

ਕਮੀ ਕਿਧਰੇ ਜੇ ਕੋਈ ਆਵੇ,
ਜੇਕਰ ਮਨ ਢਿੱਲਾ ਪੈ ਜਾਵੇ।
ਕਾਮ ਕਰੋਧ ਲੋਭ ਮੋਹ ਹਓਮੈਂ,
ਸਜਨਾ ਆਪੋਂ ਦੂਰ ਕਰੀਂ।

ਕੂੜ ਕੁਫ਼ਰ ਕਦੀ ਨੇੜੇ ਨਾ ਆਵੇ,
ਨਾ ਕੋਈ ਐਬ ਮਨ ਵਿੱਚ ਆਵੇ।
ਦੇਵੀਂ ਪਹਿਰਾ ਆਪੋਂ ਸਜਨਾ,
ਹਿੰਮਤ ਮੇਰੇ ਵਿੱਚ ਭਰੀਂ। 

ਕਦੀ ਨਾ ਧੋਖਾ ਦੇਵਾਂ ਕਿਸੇ ਨੂੰ,
ਨਾ ਧੋਖਾ ਕਿਸੇ ਤੋਂ ਖਾਵਾਂ।
ਦੌਲਤ ਸਿਹਤ ਅਕਲ ਤੂੰ ਦੇਵੀਂ,
ਨਾ ਕਿਸੇ ਤੋਂ ਮੰਗਣ ਜਾਵਾਂ।

ਸਿਦਕਦਿਲੀ ਸੱਚ ਹੋਵੇ ਪੱਲੇ,
ਅੰਦਰੋਂ ਬਾਹਰੋਂ ਇੱਕ ਹੋ ਜਾਵਾਂ।
ਮਨ ਹੋਰ ਮੁਖ ਹੋਰ ਨਾ ਹੋਵਾਂ,
ਨਾ ਕੋਈ ਸੱਜਨਾ ਪਾਪ ਕਮਾਵਾਂ।

ਸਜਨਾ ਸੱਚਾ ਰਾਹ ਦਖਾਵੀਂ,
ਦਰਸ ਤੇਰੇ ਮੈਂ ਪਾਵਾਂ।
ਹਰ ਸ਼ੈਅ ਵਿੱਚ ਮੈਂ ਤੱਕਾਂ ਤੈਨੂੰ,
ਦੂਈ ਦਵੈਸ਼ ਮੈਂ ਮਨੋਂ ਮਿਟਾਵਾਂ।

ਪਲ ਪਲ ਰੱਖਾਂ ਯਾਦ ਮੈਂ ਤੈਨੂੰ,
ਤੇਰਾ ਸ਼ੁਕਰ ਮਨਾਵਾਂ।
ਤੱਕਾਂ ਨਾ ਮੈਂ ਸੰਗ ਕਿਸੇ ਦਾ,
ਸੰਗ ਤੇਰੇ ਟੁਰਦਾ ਜਾਵਾਂ।

ਬੇਰਹਿਮ ਦਿਲ ਮੇਰਾ ਨਾ ਹੋਵੇ,
ਸਭ ਦਾ ਦਰਦ ਵੰਡਾਵਾਂ।
ਦੇਵੀਂ ਸਜਨਾ ਸ਼ਕਤੀ ਮੈਨੂੰ,
ਮਜ਼ਲੂਮਾਂ ਦੇ ਸੰਗ ਖੜ੍ਹ ਮੈਂ ਜਾਵਾਂ।
*********

No comments:

Post a Comment