Saturday, 31 March 2012

ਪੀੜ ਵਿਛੋੜਾ







ਪੀੜ ਵਿਛੋੜਾ



ਬੰਤਾ ਸਿੰਘ ਘੁਡਾਣੀ




ਨਵ-ਪ੍ਰਕਾਸ਼ਨ
67-ਪਰਕਾਸ਼ ਕਲੋਨੀ
ਬਾੜੇਵਾਲ ਆਵਾਨਾ
ਲੁਧਿਆਣਾ-142027

P55R V9388OR1
(1 3ollection of poems)
S. 2anta Singh 7hudani



ਪਹਿਲੀ ਵਾਰ : ਅਪ੍ਰੈਲ 2002
ਕਾਪੀ : 500

0  ਬੰਤਾ ਸਿੰਘ ਘੁਡਾਣੀ



ਮੁੱਲ 5 ਪੌਂਡ, 7 ਡਾਲਰ, 120 ਰੁਪਏ

ਪ੍ਰਕਾਸ਼ਕ : ਸ਼੍ਰੀਮਤੀ ਗੁਰਕ੍ਰਿਪਾਲ ਕੌਰ (ਐਮ.ਏ.ਬੀ ਐੱਡ)









ਸਮਰਪਿਤ


ਸੁਰਗਵਾਸੀ ਮਾਤਾ ਬਿਸ਼ਨ ਕੌਰ ਨੂੰ,
ਜਿਹਨਾਂ ਦੀ ਯਾਦ ਨੇ ਮੇਰੇ ਪਾਸੋਂ ਇਹ ਉੱਦਮ ਕਰਵਾਇਆ।

-ਬੰਤਾ ਸਿੰਘ ਘੁਡਾਣੀ





ਮੈਂ ਤੇ ਮੇਰਾ ਪੀੜ ਵਿਛੋੜਾ

ਮਾਂ-ਪਿਆਰ ਵਿੱਚ ਗੜੁੱਚ ਹੋਏ ਕਿਸੇ ਵਿਅਕਤੀ ਦੇ ਦਿਲ ਦੀ ਹੂਕ ਕਿੰਨੀ ਅਟੱਲ ਸਚਾਈ ਸਹਿਤ ਇਹ ਪੰਕਤੀ ਬਣ ਆਪ ਮੁਹਾਰੇ ਨਿਕਲੀ ਹੋਈ ਹੈ:
''ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ।''
ਮਾਵਾਂ ਪਿਆਰਦੀਆਂ, ਝਿੜਕਦੀਆਂ, ਮਾਰਦੀਆਂ ਅਤੇ ਸੰਵਾਰਦੀਆਂ ਹਨ ਪਰ ਮੇਰੀ ਮਾਂ ਨੇ ਮੈਨੂੰ ਕਦੀ ਝਿੜਕਿਆ ਨਹੀਂ ਸੀ ਅਤੇ ਨਾ ਹੀ ਕਦੀ ਮਾਰਿਆ ਸੀ। ਜਦੋਂ ਕਦੀ ਮੈਂ ਖੇਡਦੇ ਖੇਡਦੇ ਨੇ ਬਾਹਰੋਂ ਆਉਣਾ ਤਾਂ ਉਸਨੇ ਸਦਾ ਇਹੋ ਕਹਿਣਾ 'ਆ ਗਿਆ ਮੇਰਾ ਗੋਪੀ ਚੰਦ'। ਹਾਲਾਂ ਕਿ ਮੈਂ ਆਪਣੀ ਮਾਂ ਦਾ ਤੀਜਾ ਬੱਚਾ ਸਾਂ। ਪਰ ਮੈਨੂੰ ਲੱਗਣਾ ਕਿ ਮੇਰੀ ਮਾਂ ਬੱਸ ਮੇਰੀ ਹੀ ਮਾਂ ਹੈ। ਇੱਕ ਦਿਨ ਮੈਂ ਦੁਪਹਿਰ ਵੇਲੇ ਸਕੂਲੋਂ ਰੋਟੀ ਖਾਣ ਲਈ ਆਇਆ। ਮੈਂ ਵਾਪਸ ਜਾਣ ਲੱਗੇ ਨੇ ਆਖਿਆ, ''ਬੇਬੇ ਪਾਣੀ ਦੇ ਦੇ''। ਪਰ ਸਕੂਲੋਂ ਲੇਟ ਹੋ ਜਾਣ ਦੇ ਡਰੋਂ ਪਾਣੀ ਬਿਨਾ ਪੀਤੇ ਹੀ ਸਕੂਲ ਨੂੰ ਭੱਜ ਗਿਆ। ਸਕੂਲ ਘਰ ਤੋਂ ਕੋਈ ਇੱਕ ਕਿਲੋਮੀਟਰ ਦੇ ਫਾਸਲੇ 'ਤੇ ਸੀ। ਭਲਾ ਬੇਬੇ ਨੂੰ ਕਿੱਥੇ ਚੈਨ। ਘੱਗਰਾ ਪਾਇਆ। ਸਾਰੇ ਪਿੰਡ ਵਿੱਚ ਦੀ ਲੰਘ ਕੇ, ਪਾਣੀ ਦਾ ਗਲਾਸ ਲੈ ਕੇ ਸਕੂਲ ਪੁੱਜ ਗਈ। ਕਲਾਸ ਲੱਗੀ ਹੋਈ ਸੀ। ਬਾਹਰ ਬੁਲਾ ਕੇ ਆਖਿਆ ''ਲੈ ਪੁੱਤ ਪਾਣੀ ਪੀ ਲੈ।'' ਮੈਂ ਗਟ ਗਟ ਪਾਣੀ ਪੀਤਾ, ਵਾਪਸ ਚਲਿਆ ਗਿਆ। ਉਦੋਂ ਮੈਂ ਦੂਜੀ ਜਮਾਤ ਵਿੱਚ ਸੀ। ਮੈਂ ਨਹੀਂ ਸੀ ਜਾਣਦਾ ਕਿ ਮਾਂ ਦਾ ਦਿਲ ਕੀ ਹੁੰਦਾ ਹੈ। 
ਮੈਂ ਛੇਵੀਂ ਜਮਾਤ ਵਿੱਚ ਹੋ ਕੇ ਆਪਣੀ ਪਹਿਲੀ ਕਵਿਤਾ ਆਪਣੇ ਮਿੱਤਰ ਮਹਿੰਦਰ ਸਿੰਘ ਤਾਮਕੋਟੀਏ 'ਤੇ ਲਿਖੀ ਜੋ ਆਪਣੀ ਭੂਆ ਕੋਲ ਰਹਿ ਕੇ ਪੜ੍ਹਦਾ ਸੀ ਅਤੇ ਨਾਲ ਲੱਗਦੀ ਹੀ ਕਵਿਤਾ ''ਇਹ ਦੁਨੀਆਂ ਫ਼ਾਨੀ ਹੈ'' ਸਿਰਲੇਖ ਹੇਠ ਲਿਖੀ ਜੋ ਮੈਂ ਆਪਣੀ ਬੇਬੇ ਨੂੰ ਸੁਣਾਈਆਂ। ਕਵਿਤਾਵਾਂ ਸੁਣ ਕੇ ਬੇਬੇ ਕਹਿਣ ਲੱਗੀ, ''ਪੁੱਤ ਤੂੰ ਲਿਖਿਆ ਕਰ। ਫਿਰ ਵੱਡਾ ਹੋ ਕੇ ਤੂੰ ਕਿਤਾਬ ਛਪਵਾਈਂ। ਤੂੰ ਬਹੁਤ ਸੋਹਣਾ ਲਿਖਿਆ ਹੈ।'' ਇਸ ਤਰ੍ਹਾਂ ਸੰਨ 1943 ਤੋਂ ਸੰਨ 2001 ਤੱਕ ਮੈਂ ਲਿਖਦਾ ਆਇਆ ਹਾਂ। ਪਰ ਆਪਣੀ ਕਵਿਤਾ ਉੱਤੇ ਮੈਨੂੰ ਕਦੀ ਮਾਣ ਜਿਹਾ ਨਹੀਂ ਹੋਇਆ ਕਿਉਂਕਿ ਮੈਂ ਪੰਜਾਬੀ ਪੜ੍ਹੀ ਨਹੀਂ ਸੀ। ਮੇਰੀ ਲਿਖਾਈ ਤੇ ਪੜ੍ਹਾਈ ਸਿਰਫ ਮੇਰੇ ਬੇਬੇ ਦੇ ਕਹਿਣ ਤੇ ਹੀ ਹੋਈ। ਗਰੀਬੀ ਕਾਰਨ ਮਾਂ ਨੇ ਆਪਣੇ ਨੱਕ, ਕੰਨ ਅਤੇ ਹੱਥਾਂ ਦੇ ਗਹਿਣੇ ਵੇਚ ਕੇ ਗਿਆਰਵੀਂ-ਬਾਰ੍ਹ੍ਹਵੀਂ ਵਿੱਚ ਮਹਿੰਦਰਾ ਕਾਲਜ ਪਟਿਆਲੇ ਹੋਸਟਲ ਵਿੱਚ ਪੜ੍ਹਾਇਆ। 
ਪੈਸਿਆਂ ਦੀ ਥੁੜ੍ਹ ਕਾਰਨ ਮੈਂ ਪੂਰੇ ਦੋ ਸਾਲ, 24 ਘੰਟੇ ਵਿੱਚ ਇੱਕ ਡੰਗ ਰੋਟੀ ਖਾਂਦਾ ਰਿਹਾ ਅਤੇ ਦੂਜੇ ਡੰਗ ਦਾ ਇੱਕ ਖਾਣਾ ਮੈਂ ਬਹੁਤ ਵਾਰੀ ਛੱਡਦਾ ਰਿਹਾ ਅਤੇ ਆਪਣੀ ਭੁੱਖ ਹਟਾਉਣ ਲਈ ਛੋਲੇ ਤੇ ਗੁੜ ਖਾਂਦਾ ਰਿਹਾ। ਜੋ ਬਾਪੂ ਨੇ ਮਾਂ ਦੇ ਕੂਕਣ ਦੇ ਬਾਵਜੂਦ, ਕਿ ਪੁੱਤ ਛੋਲੇ ਨਾ ਖਾਈਂ, ਬਿਮਾਰ ਹੋ ਜਾਵੇਗਾ, ਭੁਨਾ ਕੇ ਦੇ ਦਿੱਤੇ ਸਨ। ਆਖਰ ਗੱਲ ਉਹੀ ਹੋਈ ਮੈਨੂੰ ਕਬਜ਼ ਦੀ ਐਸੀ ਬਿਮਾਰੀ ਲੱਗ ਗਈ ਕਿ ਬੱਸ ਨੀਂਦ ਵੀ ਉੱਡ ਗਈ ਅਤੇ ਨਾਲ ਹੀ ਉੱਡ ਗਈ ਪੜ੍ਹਾਈ। ਨਤੀਜਾ ਇਹ ਹੋਇਆ ਕਿ ਮੈਂ ਬਾਰ੍ਹਵੀਂ 'ਚੋਂ ਫੇਲ੍ਹ ਹੋ ਗਿਆ। ਸੰਨ 1950 ਵਿੱਚ ਬੇਬੇ ਬੋਲੀ, ''ਪੁੱਤ ਮੈਂ ਤਾਂ ਤੈਨੂੰ ਐਮ.ਏ.ਐਲ.ਐਲ.ਬੀ. ਕਰਵਾਉਣੀ ਸੀ, ਤੂੰ ਤਾਂ ਇਥੇ ਹੀ ਰਹਿ ਗਿਆ।''
ਮੈਂ ਆਖਿਆ, ''ਬੇਬੇ ਮੈਂ ਐਮ.ਏ., ਐਲ.ਐਲ.ਬੀ. ਜ਼ਰੂਰ ਕਰਾਂਗਾ।''
ਬੱਸ ਫੇਰ ਕੀ ਸੀ, ਵਾਰ ਵਾਰ ਫੇਲ੍ਹ ਹੁੰਦੇ ਹਵਾਉਂਦੇ, ਨੌਕਰੀਆਂ ਕਰਦੇ ਕਰਾਉਂਦੇ ਅਤੇ ਕਬਜ਼ ਦੇ ਸਖਤ ਮਰੀਜ਼ ਹੁੰਦੇ ਹੋਏ ਐਫ.ਐਸ.ਸੀ. 1951 ਵਿੱਚ, ਬੀ.ਏ. 1961 ਵਿੱਚ, ਐਮ.ਏ. 1971 ਵਿੱਚ ਅਤੇ ਐਲ.ਐਲ.ਬੀ. 1974 ਵਿੱਚ ਕਰਕੇ ਬੁੱਢੀ ਬੇਬੇ ਨੂੰ ਜਾ ਦੱਸਿਆ: ''ਬੇਬੇ! ਹੁਣ ਤੇਰਾ ਪੁੱਤ ਐਮ.ਏ., ਐਲ.ਐਲ.ਬੀ. ਹੋ ਗਿਆ ਹੈ।'' ਬੇਬੇ ਖਿੜ ਗਈ, ਜਿਵੇਂ ਕਿਤੇ ਉਸਦੀ ਬਹੁਤ ਵੱਡੀ ਮੁਰਾਦ ਪੂਰੀ ਹੋ ਗਈ ਹੋਵੇ। 
ਬੇਬੇ ਦਾ ਦੂਜਾ ਬਚਨ ਤਾਂ ਪੂਰਾ ਹੋ ਗਿਆ ਪਰ ਪਹਿਲਾ ਬਚਨ ਪੂਰਾ ਹੋਣਾ ਅਜੇ ਬਾਕੀ ਸੀ ਜੋ ਉਸਨੇ ਮੇਰੀ ਪਹਿਲੀ ਅਤੇ ਦੂਜੀ ਕਵਿਤਾ ਸੁਣ ਕੇ ਆਖਿਆ ਸੀ ਕਿ ਪੁੱਤ ਵੱਡਾ ਹੋ ਕੇ ਕਿਤਾਬ ਛਪਾਈਂ।'' ਮਾਂ ਦੀ ਇੱਛਾ ਦੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜਦੇ ਸਨ। ਮੈਂ ਸੋਚ ਰਿਹਾ ਸਾਂ ਕਿ ਵੱਡਾ ਹੋ ਕੇ ਤਾਂ ਕੀ, ਮੈਂ ਤਾਂ ਬੁੱਢਾ ਹੋ ਕੇ ਵੀ ਆਪਣੀ ਪੈਸੇ ਦੀ ਤੰਗੀ ਕਾਰਨ ਕਿਤਾਬ ਨਾ ਛਪਵਾ ਸਕਿਆ ਅਤੇ ਨਾ ਹੀ ਮੈਨੂੰ ਆਪਣੀ ਕਵਿਤਾ ਤੇ ਬਹੁਤਾ ਮਾਣ ਸੀ। ਏਸੇ ਸ਼ਸ਼ੋਪੰਜ ਵਿੱਚ ਸਾਲਾਂ ਦੇ ਸਾਲ ਬੀਤ ਗਏ। ਇੱਕ ਦਿਨ ਅਚਾਨਕ ਮੇਰੇ ਸਭ ਤੋਂ ਛੋਟੇ ਬੇਟੇ ਨਵਪ੍ਰੀਤ ਸਿੰਘ ਜੋ ਪੀ.ਐਚ.ਡੀ. ਕਰ ਰਿਹਾ ਹੈ ਨੇ ਮੇਰੀ ਇੱਕ ਕਵਿਤਾ ਪੜ੍ਹ ਕੇ ਆਖਿਆ: 
''ਪਾਪਾ ਜੀ, ਤੁਹਾਡੀ ਕਵਿਤਾ ਤਾਂ ਬਹੁਤ ਸੋਹਣੀ ਹੈ।''
ਮੈਂ ਆਪਣੀ ਘਰਵਾਲੀ ਨੂੰ ਆਖਿਆ ''ਗੁਰਕ੍ਰਿਪਾਲ ਜੀ! ਮੇਰੀ ਇਹ ਕਵਿਤਾ ਪੜ੍ਹ ਕੇ ਦੱਸੋ ਕਿੰਨੇ ਨੰਬਰ ਦਿਓਗੇ?'' ਉਹਨਾਂ ਨੇ 10 ਵਿੱਚੋਂ 7 ਨੰਬਰ ਦੇ ਦਿੱਤੇ ਸ਼ਾਇਦ ਮੇਰਾ ਮਨ ਰੱਖਣ ਲਈ। ਬੱਸ ਫੇਰ ਕੀ ਸੀ, ਮੈਂ ਜੀਵਨ ਪ੍ਰੀਤ ਨਗਰ, ਲੁਧਿਆਣਾ ਵਿੱਚ ਰਹਿੰਦੇ ਵਿਦਵਾਨ ਲਿਖਾਰੀ ਡਾ. ਗੁਰਦੇਵ ਸਿੰਘ ਪੰਦੋਹਲ ਕੋਲ ਪੁੱਜ ਗਿਆ ਅਤੇ ਜਾ ਉਹਨਾਂ ਦੇ ਗੋਡੀਂ ਹੱਥ ਲਾਇਆ। ਉਹਨਾਂ ਨੇ ਮੈਨੂੰ ਵਰਜਿਆ। ਮੈਂ ਆਖਿਆ, ਗੋਡੀਂ ਹੱਥ ਤੁਹਾਡੇ ਨਹੀਂ, ਤੁਹਾਡੀ ਵਿਦਵਤਾ ਨੂੰ ਲਾਇਆ ਹੈ। ਫੇਰ ਮੈਂ ਬੇਨਤੀ ਕੀਤੀ ਕਿ ਇਹ ਮੇਰੀ ਕਵਿਤਾ ਦੀ ਕਾਪੀ ਹੈ। ਇਸ ਨੂੰ ਪੜ੍ਹ ਕੇ ਆਪਣੀ ਸਹੀ ਸਹੀ ਰਾਇ ਦਿਓ। ਜਦੋਂ ਮੈਂ ਹਫਤੇ ਪਿੱਛੋਂ ਉਹਨਾਂ ਨੂੰ ਜਾ ਕੇ ਪੁੱਛਿਆ ਤਾਂ ਉਹ ਬੋਲੇ:
''ਮੈਂ ਤੁਹਾਡੀਆਂ ਸਾਰੀਆਂ ਕਵਿਤਾਵਾਂ ਪੜ੍ਹੀਆਂ ਹਨ। ਤਿੰਨ ਚਾਰ ਹੋਰ ਵੀਰਾਂ ਨੂੰ ਵੀ ਸੁਣਾਈਆਂ ਹਨ। ਬਹੁਤ ਹੀ ਵਧੀਆ ਹਨ, ਇਹਨਾਂ ਨੂੰ ਜ਼ਰੂਰ ਛਪਵਾਓ।''
ਫਿਰ ਕੀ ਸੀ ਮੇਰਾ ਮਨ ਪੱਕਾ ਬਣ ਗਿਆ ਕਵਿਤਾਵਾਂ ਨੂੰ ਕਿਤਾਬੀ ਰੂਪ ਦੇਣ ਦਾ। ਪਰ ਇਸ ਨੂੰ ਛਪਵਾਉਣ ਲਈ ਪੈਸਿਆਂ ਦੀ ਸੋਚ ਨੇ ਆ ਘੇਰਿਆ। ਇਹ ਵੱਡਾ ਅੜਿੱਕਾ ਸੀ। ਮੈਂ ਅਜੇ ਮਨ ਵਿੱਚ ਇਸ ਬਾਰੇ ਵਿਚਾਰਾਂ ਹੀ ਕਰ ਰਿਹਾ ਸੀ ਕਿ ਸਦਜੀਵੀ, ਅਬਿਨਾਸ਼ੀ ਅਤੇ ਸਰਵ-ਵਿਆਪੀ ਸ਼ਕਤੀ ਜੋ ਹਮੇਸ਼ਾਂ ਹੀ ਮੇਰੇ ਅੰਗ ਸੰਗ ਰਹੀ ਹੈ, ਨੇ ਇਹ ਅੜਚਣ ਵੀ ਪੂਰੀ ਕਰ ਦਿੱਤੀ। ਭੁੱਖੇ ਮਰਦੇ ਨੂੰ ਰੋਟੀਆਂ ਦੇ ਸੁਪਨੇ ਆਏ। ਅਕਾਸ਼ੋਂ ਉੱਤਰੇ ਖਾਣੇ ਸੁਪਨਿਆਂ ਵਿੱਚ ਖਾਧੇ। ਭੁੱਖ ਮਿਟਦੀ ਰਹੀ। ਮੈਨੂੰ ਦੋ ਵਾਰ ਪਾਣੀ ਵਿੱਚ ਡਬੋਇਆ ਗਿਆ। ਟੋਭੇ ਵਿੱਚ, ਤੇ ਨਹਿਰ ਦੀ ਤੇਜ਼ ਧਾਰ ਵਿੱਚ। ਮੈਨੂੰ ਤੈਰਨਾ ਨਾ ਜਾਨਣ ਦੇ ਬਾਵਜੂਦ ਕੋਈ ਗ਼ੈਬੀ ਸ਼ਕਤੀ ਬਚਾਉਂਦੀ ਰਹੀ। ਚਾਰ ਵਾਰੀ ਮੈਨੂੰ ਜ਼ਹਿਰ ਦਿੱਤੀ ਗਈ। ਪਰ ਜਿਸ ਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਇ। ਚਾਰ ਵਾਰੀ ਮੇਰੇ ਉੱਤੇ ਚਾਕੂ ਨਾਲ, ਪਿਸਤੌਲ ਨਾਲ, ਬੰਦੂਕ ਨਾਲ, ਡਾਂਗਾਂ-ਤਲਵਾਰਾਂ ਨਾਲ ਕਾਤਲਾਨਾ ਹਮਲੇ ਕਰਨ ਦੀ ਵਿਉਂਤ ਬਣਾਈ ਗਈ। ਚਾਰ ਵਾਰ ਜ਼ਹਿਰੀਲੇ ਸੱਪਾਂ ਦੇ ਵਾਰਾਂ ਤੋਂ ਬਚਿਆ। ਇੱਕ ਵਾਰੀ ਨਵੀਂ ਬਣੀ ਗਿਰਦੀ ਛੱਤ ਅਤੇ ਇੱਕ ਵਾਰੀ ਦੋ ਝੋਟਿਆਂ ਦੀ ਆਪਸੀ ਟੱਕਰ ਤੋਂ ਬਚਿਆ। ਇੱਕ ਵਾਰ ਸੁਪਰ ਫਾਸਟ ਮੇਰੇ ਸਕੂਟਰ ਦਾ ਇੱਕ ਮਾਮੂਲੀ ਜਿਹਾ ਹਿੱਸਾ ਕੱਟ ਕੇ ਲੈ ਗਈ- ਮੇਰੀ ਸਿੱਧੀ ਟੱਕਰ ਬਚ ਗਈ। ਸਰਵ-ਵਿਆਪੀ ਸ਼ਕਤੀ ਹਮੇਸ਼ਾਂ ਮੇਰੇ ਅੰਗ-ਸੰਗ ਰਹੀ, ਜਿਸ 'ਤੇ ਮੈਨੂੰ ਪੂਰਾ ਤੇ ਅਟੱਲ ਵਿਸ਼ਵਾਸ਼ ਹੈ। 1947 ਤੋਂ 1955 ਦੀ ਨਾਸਤਿਕਤਾ ਦੇ ਬਾਵਜੂਦ ਮੈਨੂੰ ਬਚਾਈ ਰੱਖਿਆ। ਹਰ ਥਾਂ ਜ਼ਿੰਦਗੀ ਦੇ ਹਰ ਮੋੜ 'ਤੇ ਨਾ ਮੰਨੇ ਜਾ ਸਕਣ ਵਾਲੇ ਢੰਗਾਂ ਨਾਲ ਮੈਨੂੰ ਬਚਾਇਆ ਗਿਆ। ਹਰ ਵਾਰੀ ਪਤਾ ਨਹੀਂ ਰੱਬ ਜੀ ਕਿਧਰੋਂ ਆ ਕੇ ਮੇਰਾ ਬੇੜਾ ਪਾਰ ਕਰ ਦਿੰਦੇ ਰਹੇ। ਐਨ ਏਸੇ ਤਰ੍ਹਾਂ ਹੀ ਕਿਤਾਬ ਲਈ ਧਨ ਦਾ ਪ੍ਰਬੰਧ ਵੀ ਆਪ ਹੀ ਹੋ ਗਿਆ। ਸੋ ਮੈਂ ਧੰਨਵਾਦੀ ਹਾਂ ਸਦਜੀਵੀ, ਅਭਿਨਾਸ਼ੀ ਅਤੇ ਸਰਵ-ਵਿਆਪੀ ਸ਼ਕਤੀ ਦਾ ਅਤੇ ਧੰਨਵਾਦੀ ਹਾਂ ਮਹਾਨ ਵਿਦਵਾਨ ਸ਼ਾਇਰ ਡਾ. ਗੁਰਦੇਵ ਸਿੰਘ ਪੰਦੋਹਲ ਅਤੇ ਉਹਨਾਂ ਦੀ ਪਤਨੀ ਬੀਬੀ ਨਸੀਬ ਕੌਰ ਦਾ ਜਿਹਨਾਂ ਦੇ ਦਿੱਤੇ ਉਤਸ਼ਾਹ ਸਦਕਾ ਮੈਂ ਆਪਣੀ ਸਵਰਗਵਾਸੀ ਬੇਬੇ ਮਾਤਾ ਬਿਸ਼ਨ ਕੌਰ ਦਾ ਵਚਨ ਪੂਰਾ ਕਰ ਸਕਿਆ ਹਾਂ। 
ਪੁਸਤਕ ਜੈਸੀ ਵੀ ਹੈ, ਤੁਹਾਡੇ ਹੱਥਾਂ ਵਿੱਚ ਹੈ। ਸਮੇਂ ਸਮੇਂ ਸਿਰ ਉਪਜੇ ਵਿਚਾਰਾਂ ਸਦਕਾ ਉਮਡੇ ਪੀੜ ਵਿਛੋੜਿਆਂ ਦੀ ਲੜੀ ਨੂੰ ਕਾਵਿ-ਲੜੀਆਂ ਵਿੱਚ ਪਰੋ ਕੇ ਪਾਠਕਾਂ ਦੀ ਨਜ਼ਰ ਕੀਤਾ ਹੈ। ਆਸ ਹੈ, ਉਹ ਜ਼ਰੂਰ ਆਨੰਦਤ ਹੋਣਗੇ। 

ਬੰਤਾ ਸਿੰਘ ਘੁਡਾਣੀ
ਪਿੰਡ ਘੁਡਾਣੀ ਕਲਾਂ, ਪੱਤੀ ਹਿੰਦੋ
ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ

ਹਾਲ ਆਬਾਦ-
ਮਕਾਨ ਨੰਬਰ 67, ਪ੍ਰਕਾਸ਼ ਕਲੋਨੀ
ਬਾੜੇਵਾਲ ਆਵਾਣਾ
ਲੁਧਿਆਣਾ









ਪੀੜ ਗ੍ਰੱਸੇ ਬੰਤਾ ਸਿੰਘ ਘੁਡਾਣੀ ਦਾ
ਪੀੜ ਵਿਛੋੜਾ

ਫ਼ਾਰਸੀ ਭਾਸ਼ਾ ਦੀ ਕਹਾਵਤ ਹੈ:
'ਖ਼ੁਦਾ ਪੰਜ ਅੰਗੁਸ਼ਤ ਯਕਸਾਂ ਨ ਕਰਦ'
ਅਰਥਾਤ ਪਰਮਾਤਮਾ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਬਣਾਈਆਂ। ਤਸ਼ਰੀਹ ਇਹ ਹੈ ਕਿ ਸੰਸਾਰ ਵਿੱਚ ਹਰ ਵਿਅਕਤੀ ਵਿਚਾਰਾਂ, ਵਿਹਾਰਾਂ ਅਤੇ ਏਤਬਾਰਾਂ ਵਜੋਂ ਇੱਕ ਦੂਜੇ ਤੋਂ ਭਿੰਨ ਹੈ, ਕੋਈ ਥੋੜ੍ਹਾ ਤੇ ਕੋਈ ਬਹੁਤਾ। ਜੀਵਨ ਦੇ ਹਰ ਖੇਤਰ ਵਿੱਚ ਭਿੰਨਤਾ ਤੇ ਵੱਖਰਤਾ ਬਿਰਾਜਮਾਨ ਹੈ। ਹਰ ਵਿਅਕਤੀ ਆਪਣੀ ਕਲਾ ਅਤੇ ਬਿਗਾਨੀ ਮਾਇਆ ਬਹੁਤੀ ਸਮਝਣ ਹੀ ਬਹੁਤੀ ਸਮਝਣ ਦੇ ਝੱਸ ਵਿੱਚ ਗ਼ਲਤਾਨ ਹੈ। ਇਸ ਪ੍ਰਕਾਰ ਦੀ ਸੋਚ ਨੇ ਸਾਨੂੰ ਨਿਰਣਿਆਂ ਪ੍ਰਤੀ ਪਰਖਹੀਣ ਬਣਾ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਅਸੀਂ ਆਪਣੇ ਸਭਿਆਚਾਰ ਵਿੱਚ ਬਿਗਾਨਿਆਂ ਤੋਂ ਤਾਂ ਕੀ ਆਪਣਿਆਂ ਤੋਂ ਵੀ ਨਿੱਖੜ ਗਏ ਹਾਂ ਤੇ ਆਪਣੇ ਜਣਦਿਆਂ ਦੇ ਉਪਕਾਰ, ਪਿਆਰ ਤੇ ਸਤਿਕਾਰ ਨੂੰ ਤਿਲਾਂਜਲੀ ਦੇ ਬੈਠੇ ਹਾਂ ਅਤੇ ਲਾਲਸਾ ਵੱਸ ਉਹਨਾਂ ਦੀ ਹੋਂਦ ਨੂੰ ਭੁੱਲਦੇ ਜਾ ਰਹੇ ਹਾਂ। ਭਾਵੇਂ ਅਹਿਸਾਸਹੀਣ ਹਾਲਾਤ ਨੇ ਸਾਨੂੰ ਇਹ ਦਿਸ਼ਾ ਦੇਖਣ ਲਈ ਮਜਬੂਰ ਕੀਤਾ ਹੈ ਪਰ ਫੇਰ ਵੀ ਉਪਰੋਕਤ ਕਹਾਵਤ ਟਾਂਵੇਂ ਟਾਵੇਂ ਸੱਜਣ ਪੁਰਸ਼ਾਂ ਉੱਤੇ ਜਲਵਾ ਗਰ ਹੈ। ਭਾਵ ਇਹ ਕਿ ਉਹ ਅਜੇ ਵੀ ਆਪਣੇ ਪੂਰਵਜਾਂ ਪ੍ਰਤੀ ਮਾਨ ਸਤਿਕਾਰ ਵਿੱਚ ਦ੍ਰਿੜ੍ਹ ਹਨ ਜੋ ਕਹਾਣੀਆਂ ਬਾਬਾਣੀਆਂ ਨੂੰ ਹਿਰਦੇ ਵਿੱਚ ਬਿਠਾ ਕੇ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਵਿੱਚ ਮਸ਼ਰੂਫ ਹਨ। ਅਜਿਹੇ ਪੁਰਸ਼ਾਂ ਵਿੱਚੋਂ ਇੱਕ ਹੈ ਬੰਤਾ ਸਿੰਘ ਘੁਡਾਣੀ, ਜਿਸਨੇ 72 ਸਾਲਾਂ ਦੀ ਇੱਕ ਲੰਬੀ ਪੁਰ ਖ਼ਤਰ ਸੜਕ ਉੱਤੇ ਨਿਧੜਕ ਚੱਲ ਕੇ ਆਪਣੀ ਮਾਂ ਦੇ ਕਹੇ ਇੱਛਾ ਭਰਪੂਰ ਵਾਕਾਂ ਨੂੰ ਭਿੰਨ ਭਿੰਨ ਵਿਚਾਰ ਭਰਪੂਰ ਕਾਵਿ ਫੁੱਲਾਂ ਦੇ ਗੁਲਦਸਤੇ 'ਪੀੜ ਵਿਛੋੜਾ' ਰਾਹੀਂ ਅਤੇ ਉੱਚ ਵਿਦਿਆ ਪ੍ਰਾਪਤੀ ਰਾਹੀਂ ਪੂਰਾ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ ਹੈ।
ਬੰਤਾ ਸਿੰਘ ਜਦੋਂ ਇਸ ਪੁਸਤਕ ਦਾ ਖਰੜਾ ਮੇਰੇ ਪਾਸ ਲੈ ਕੇ ਆਇਆ, ਮੈਂ ਮਹਿਸੂਸ ੀਕਤਾ ਕਿ ਉਸਦਾ ਚਿਹਰਾ ਪੁਰਨੂਰ ਸੀ, ਜਿਵੇਂ ਉਹ ਕੋਈ ਬਹੁਤ ਵੱਡੀ ਮੱਲ ਮਾਰ ਕੇ ਆਇਆ ਹੋਵੇ। ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਸਦੇ ਬਚਪਨ ਸਮੇਂ ਸੰਨ 1942 ਵਿੱਚ ਉਸਦੀ ਮਾਂ ਨੇ ਦੋ ਇਛਾਵਾਂ ਪ੍ਰਗਟਾਈਆਂ ਸਨ- ਇੱਕ ਕਾਵਿ ਰਚਨਾ ਕਰਕੇ ਪੁਸਤਕ ਲਿਖਣ ਦੀ ਅਤੇ ਦੂਜੀ ਐਮ.ਏ. ਐਲ.ਐਲ.ਬੀ. ਕਰਕੇ ਵਕੀਲ ਬਣਨ ਦੀ। ਜੋ ਉਸਨੇ ਇਹ ਕਹਿ ਕੇ ਕਿ ''ਮਾਂ ਮੈਂ ਜ਼ਰੂਰ ਪੁਸਤਕ ਲਿਖਾਂਗਾ ਤੇ ਵਕਾਲਤ ਪਾਸ ਕਰਾਂਗਾ'' ਆਪਣੇ ਮਨ ਵਿੱਚ ਵਸਾ ਲਿਆ। ਬੱਸ ਮਾਂ ਦੀਆਂ ਭਾਵਨਾਵਾਂ ਨੂੰ ਮਨ ਵਿੱਚ ਵਸਾ ਕੇ ਬੰਤਾ ਸਿੰਘ ਜ਼ਿੰਦਗੀ ਦੇ ਨਸ਼ੇਬੋ ਫ਼ਰਾਜ਼ ਵਿੱਚੋਂ ਛੁੱਤ ਨਿਕਲ ਜਾਣ ਦੀਆਂ ਰਾਹਵਾਂ ਲੱਭਦਾ ਹੋਇਆ ਆਪਣੇ ਪ੍ਰਣ ਨੂੰ ਪੂਰਾ ਕਰਨ ਵਿੱਚ ਸਫਲ ਹੋ ਗਿਆ। ਉਸਨੇ ਪਹਿਲਾਂ ਐਮ.ਏ.ਐਲ.ਐਲ.ਬੀ. ਕੀਤੀ ਤੇ ਹੁਣ ਵਰ੍ਹਿਆਂ ਦੇ ਕਈ ਦਹਾਕਿਆਂ ਪਿੱਛੋਂ ਹੱਥਲੀ ਪੁਸਤਕ ਲਿਖ ਵਿਖਾਈ। ਭਾਵੇਂ ਅੱਜ ਉਹ ਜਨਣੀਂ ਮੌਜੂਦ ਨਹੀਂ ਹੈ ਪਰ ਉਸਦੀ ਆਤਮਾਂ ਸਵਰਗਾਂ ਵਿਚੋਂ ਜ਼ਰੂਰ ਆਸ਼ੀਰਵਾਦ ਦੇ ਨਾਲ ਨਾਲ ਉਸਦੀ ਹੁਕਮ ਬਰਦਾਰੀ ਦੀ ਦਾਦ ਦੇ ਰਹੀ ਹੋਵੇਗੀ। ਜਿਸ ਨੂੰ ਮਨ ਵਸਾ ਕੇ ਅੱਜ ਉਹ ਗਦ ਗਦ ਹੋਇਆ ਹਾਸੇ ਛਣਕਾ ਰਿਹਾ ਹੈ। ਮੈਂ ਮਾਤਾ ਦੇ ਅਜਿਹੇ ਸਪੁੱਤਰ ਨੂੰ ਮੁਬਾਰਕਵਾਦ ਪੇਸ਼ ਕਰਦਾ ਹਾਂ। ਜਿਵੇਂ ਕਿ ਪਹਿਲਾਂ ਵੀ ਕਿਹਾ ਹੈ ਕਿ ਬੰਤਾ ਸਿੰਘ ਬਿਖੜਿਆਂ ਰਾਹਾਂ ਦੇ ਬਿਖੜੇ ਹਾਲਾਤ ਦੇ ਸਨਮੁੱਖ ਹੋ ਕੇ ਨਿਰੰਤਰ ਗਤੀਸ਼ੀਲ ਰਿਹਾ ਹੈ, ਜਿਸਦਾ ਉਸਨੇ 'ਮੈਂ ਤੇ ਮੇਰਾ ਪੀੜ ਵਿਛੋੜਾ' ਵਿੱਚ ਜ਼ਿਕਰ ਕੀਤਾ ਹੈ। ਉਹ ਜੁੰਮੇਵਾਰੀਆਂ ਦੇ ਭਾਰ ਹੇਠ ਦੱਬਿਆ ਨਹੀਂ ਸਗੋਂ ਨਿਡਰ ਤੇ ਨਿਧੜਕ ਹੋ ਕੇ ਉਹਨਾਂ ਦਾ ਟਾਕਰਾ ਕਰਦਾ ਰਿਹਾ ਹੈ ਜਿਸਦੇ ਫਲਸਰੂਪ ਉਹ ਹਰ ਕਠਿਨਾਈ ਨੂੰ ਖਿੜੇ ਮੱਥੇ ਸਹਿ ਕੇ ਸੁਰਖਰੂ ਹੋਇਆ ਹੈ। 
ਇਸ ਗੱਲ ਵਿੱਚ ਭੋਰਾ ਭਰ ਵੀ ਅੱਤਕਥਨੀ ਨਹੀਂ ਕਿ ਜੇ ਕਿਸੇ ਕਵਿਤਾ ਨੇ ਸਚਾਈ ਦਾ ਪਾਤਰ ਬਣਨਾ ਹੈ ਤਾਂ ਜ਼ਰੂਰੀ ਹੈ ਕਿ ਉਹ ਕਵੀ ਦੇ ਅੰਤਰੀ ਉਭਾਰ ਦਾ ਕਾਗਜ਼ੀ ਆਈਨੇ ਉੱਤੇ ਪ੍ਰਤੀਬਿੰਬ ਹੋਵੇ। ਮੈਂ ਬੰਤਾ ਸਿੰਘ ਦੇ ਵਿਅਕਤਿਤਵ ਅਤੇ ਉਸਦੇ ਅੰਤਰੀ ਪਰਛਾਵੇਂ ਦੇ ਸ਼ਾਬਦਿਕ ਰੂਪ ਨੂੰ ਰੀਝ ਨਾਲ ਦ੍ਰਿਸ਼ਟੀ ਗੋਚਰ ਕੀਤਾ ਹੈ, ਮੈਂ ਉਸਦੇ ਅੱਖਰ ਅੱਖਰ ਵਿੱਚ ਬੀਤੇ ਅਤੇ ਦੌਰੇ ਹਾਜ਼ਰਾ ਦੇ ਬੀਤ ਰਹੇ ਤਾਸਰਾਤ ਦੀ ਸੱਚੀ ਤਸਵੀਰ ਝਲਕਦੀ ਨਜ਼ਰ ਆਈ ਹੈ, ਜੋ ਉਸਦੇ ਬੀਤੇ 72 ਸਾਲਾਂ ਦੀ ਝਲਕ ਹੈ। 
ਬੰਤਾ ਸਿੰਘ ਨੇ ਆਪਣੇ ਹੁਣ ਤੱਕ ਦੇ ਜੀਵਨ ਸਫਰ ਵਿੱਚ ਜੋ ਵੇਖਿਆ, ਮਹਿਸੂਸਿਆ ਤੇ ਹੰਢਾਇਆ, ਸਾਰਾ ਆਪਣੀਆਂ ਰਚਨਾਵਾਂ ਵਿੱਚ ਸਮੋ ਦਿੱਤਾ ਹੈ। ਉਹ ਆਪਣੇ ਅਸਲੇ ਨਾਲੋਂ ਟੁੱਟਿਆ ਮਹਿਸੂਸ ਕਰਕੇ ਪ੍ਰਭੂ ਨੂੰ ਆਪਣੇ ਨਾਲ ਜੋੜਨ ਦੀ ਅਰਦਾਸ ਕਰਦਾ ਹੈ। ਕਿਉਂਕਿ ਉਸਦੀ ਯਾਦ ਹੀ ਪੰਜਾਂ ਦੇ ਪੰਜਿਓਂ ਨਜਾਤ ਦੇ ਸਕਦੀ ਹੈ ਅਤੇ ਮਾਇਆ ਵਿੱਚ ਗ੍ਰਸਤ ਹੋਏ ਨੂੰ ਛੁਡਾ ਸਕਦੀ ਹੈ। ਕੇਵਲ ਪਰਮਾਤਮਾ ਹੀ ਸੰਪੂਰਨ ਹੈ ਅਤੇ ਇਸ ਭਵ-ਸਾਗਰ ਨੂੰ ਤੈਰਨ ਦਾ ਬਲ ਬਖਸ਼ਦਾ ਹੈ, ਉਹ ਹਰ ਜਗਾਹ ਮੌਜੂਦ ਹੈ, ਜੋ ਦਿਸਦਾ ਨਹੀਂ। ਉਸਨੂੰ ਪਛਾਨਣ ਦੀ ਲੋੜ ਹੈ। ਮਾਨਵ ਲਾਲਸਾ ਵੱਸ ਭਟਕਦਾ ਫਿਰ ਰਿਹਾ ਹੈ। ਕੇਵਲ ਰੱਬੀ ਰਾਹ ਦੇ ਬੰਦੇ ਹੀ ਚਾਨਣ ਦੇ ਕੇ ਭਟਕਣ ਤੋਂ ਰਹਿਤ ਕਰ ਸਕਦੇ ਹਨ। ਨਾਲ ਹੀ 'ਮੈਂ' 'ਤੂੰ' ਦਾ ਭੇਦ ਮਿਟਾ ਕੇ ਇੱਕ ਹੋਣ ਦੀ ਅਰਜ਼ੋਈ ਕੀਤੀ ਹੈ। ਨੇਕੀ, ਬਦੀ, ਜਮ੍ਹਾਂ, ਨਫ਼ੀ, ਜ਼ਰਬ, ਤਕਸੀਮ ਸਭ ਉਸਦੀ ਖੇਡ ਹੈ। ਹਊਮੈਂ ਨਾਲ ਵਿਕਾਰ ਜਾਗਦੇ ਹਨ, ਜੋ ਕਸ਼ਟ ਉਤਪਨ ਕਰਦੇ ਹਨ। ਸਾਰਾ ਸੰਸਾਰ ਇੱਕ ਨੂਰ ਦੀ ਉਪਜ ਹੈ ਜੇ ਬੰਦਾ ਇਸਦਾ ਮੁਤਲਾਸ਼ੀ ਹੋ ਜਾਵੇ ਤਾਂ ਅਮਨ ਅਤੇ ਸ਼ਾਂਤੀ ਸਥਿਰ ਹੋ ਜਾਵੇ। ਅਸੀਂ ਸੱਤ ਸੰਗ ਤੋਂ ਵਾਂਝੇ ਹਾਂ। ਇਸ ਪਾਸੇ ਸਾਡੀ ਬਿਰਤੀ ਨਾ ਹੋਣ ਕਰਕੇ ਦੁੱਖਾਂ ਵਿੱਚ ਗਲਤਾਨ ਹਾਂ। ਕਾਦਰ, ਕੁਦਰਤ ਦੇ ਪਸਾਰੇ ਨਾਲ ਜਲ਼ਵਾ ਫੈਲਾ ਰਿਹਾ ਹੈ, ਜਿਸ ਤੋਂ ਗਿਆਨ ਮਿਲਦਾ ਹੈ ਕਿ ਅਮਲਾਂ ਨਾਲ ਨਬੇੜੇ ਹੋਣੇ ਨੇ, ਜਾਤਾਂ ਪਾਤਾਂ ਕਿਸੇ ਨੇ ਨਹੀਂ ਪੁੱਛਣੀਆਂ ਕਿਉਂਕਿ ਜਾਤ ਪਾਤ ਕੁਦਰਤ ਦੀ ਪੂੰਜੀ ਨਹੀਂ ਹੈ। ਅਸੀਂ ਸਾਰੀ ਉਮਰ ਮੇਰ ਤੇਰ ਵਿੱਚ ਫਸ ਕੇ ਗੁਜ਼ਾਰ ਦਿੰਦੇ ਹਾਂ। ਘਾਲ ਖਾਣ ਵਾਲਾ ਵਿਅਕਤੀ ਹੀ ਅਸਲ ਰਾਹ ਨੂੰ ਪਛਾਣ ਸਕਦਾ ਹੈ ਕਿਉਂਕਿ ਆਪ ਗਵਾ ਕੇ ਸ਼ਹੁ ਪ੍ਰਾਪਤ ਕੀਤਾ ਜਾ ਸਕਦਾ ਹੈ, ਚਤੁਰਾਈਆਂ ਨਾਲ ਨਹੀਂ। ਪੰਜ ਵਕਾਰ ਬੁਰੇ ਜ਼ਰੂਰ ਹਨ ਪਰ ਸੰਸਾਰ ਦੀ ਹੋਂਦ ਇਹਨਾਂ ਦੇ ਸਹਾਰੇ ਹੀ ਹੈ। ਗੱਲ ਇਹਨਾਂ ਪੰਜਾਂ ਉੱਤੇ ਨਿਯੰਤਰਣ ਦੀ ਹੈ। ਇਨਸਾਨ ਕੁਝ ਸਮੇਂ ਲਈ ਸੰਸਾਰ ਵਿੱਚ ਆਉਂਦਾ ਹੈ ਤੇ ਆਪਣਾ ਕਾਰਜ ਕਰਕੇ ਪਰਤ ਜਾਂਦਾ ਹੈ। ਚਾਹੇ ਤਾਂ ਉਹ ਇਸਨੂੰ ਸੁਰਗ ਬਣਾ ਲਵੇ ਚਾਹੇ ਨਰਕ ਦਾ ਰੂਪ ਦੇ ਲਵੇ। ਸਾਰਾ ਸੰਸਾਰ ਕਾਮ ਵਾਸ਼ਨਾ ਦੀ ਹੀ ਉਪਜ ਹੈ। ਰਿਸ਼ਤੇ ਨਾਤੇ ਸਭ ਇਸਦੀ ਹੀ ਹੋਂਦ ਹਨ ਜੋ ਖਤਮ ਹੁੰਦੇ ਰਹਿੰਦੇ ਹਨ ਪਰ ਨੇਕੀ ਉੱਤਮ ਹੈ, ਜੋ ਨਾਲ ਨਿਭਦੀ ਹੈ। ਇਸ ਹੱਥ ਦਾ ਕੀਤਾ ਦੂਜੇ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਇਹ ਕੁਦਰਤ ਦਾ ਨੇਮ ਹੈ। ਸਦਾ ਆਪਣੇ ਆਪ ਨੂੰ ਪਛਾਨਣ ਦੀ ਤਾਕੀਦ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਰੀਆਂ ਸੁਰਤੀਆਂ ਇਕਾਗਰ ਹੋ ਜਾਣ। ਉਸ ਨੂੰ ਸਭ ਸਵਾਦ ਪ੍ਰਾਪਤ ਹੋ ਜਾਂਦੇ ਹਨ, ਜੋ ਚਿੱਤ ਨੂੰ ਠਿਕਾਣੇ ਰੱਖਦਾ ਹੈ। ਜਦੋਂ ਏਕ ਪਿਤਾ ਏਕਸ ਕੇ ਹਮ ਬਾਰਕ ਹਾਂ ਤਾਂ ਜਾਤਾਂ ਪਾਤਾਂ ਵਿੱਚ ਫਸ ਕੇ ਕੌਮਾਂ ਦੀ ਵੰਡ ਵਿੱਚ ਕਿਉਂ ਫਸੇ ਹਾਂ। ਜਦੋਂ ਦੂਈ ਦਵੈਤ ਤੋਂ ਬਰੀ ਹੋ ਜਾਈਏ ਤਾਂ ਸਾਰਾ ਸੰਸਾਰ ਆਪਣਾ ਲੱਗਦਾ ਹੈ। ਰੱਬ ਕੋਈ ਗੁੰਝਲਦਾਰ ਬੁਝਾਰਤ ਨਹੀਂ। ਉਹ ਪਰਤੱਖ ਦਿਸਦਾ ਹੈ ਜੇ ਦੇਖਣ ਵਾਲੀ ਅੱਖ ਹੋਵੇ। ਆਪਾ ਭੁਲਾ ਕੇ ਬੰਦਾ ਰੁਲ਼ ਜਾਂਦਾ ਹੈ। ਦਿਆ ਹੀ ਧਰਮ ਦਾ ਮੂਲ ਤੇ ਅਭਿਮਾਨ ਪਾਪ ਦੀ ਜੜ੍ਹ ਹੈ। ਸਾਇੰਸ ਦੇ ਯੁੱਗ ਵਿੱਚ ਪਿਆਰ ਦੀਆਂ ਕੀਮਤਾਂ ਉੁੱਕ ਹੀ ਬਦਲ ਗਈਆਂ ਹਨ। ਇਸਦੇ ਪਰੋਖ ਰੂਪ ਵਿੱਚ ਕੁਦਰਤ ਜਲਵਾ ਗਰ ਹੈ। ਜੋ ਹਰ ਲੋੜੀਂਦੀ ਵਸਤੂ ਮੁਹੱਈਆ ਕਰ ਰਹੀ ਹੈ। ਇਸ ਸਭ ਕੁੱਝ ਭੇਦ ਕੋਈ ਪੁੱਜਿਆ ਹੋਇਆ ਵਿਅਕਤੀ ਹੀ ਪਾ ਸਕਦਾ ਹੈ। ਜੋ ਸਮੇਂ ਦੇ ਥਪੇੜੇ ਖਾ ਜੋ ਸੱਚ ਦੀ ਪਛਾਣ ਕਰ ਲੈਂਦਾ ਹੈ, ਉਹ ਮੁਸ਼ਕਲਾਂ ਨੂੰ ਖਿੜੇ ਮੱਥੇ ਸਹਿ ਲੈਂਦਾ ਹੈ, ਕਦੀ ਹਾਰਦਾ ਨਹੀਂ। ਪਿਆਰ ਪਰਮਾਤਮਾ ਦਾ ਰੂਪ ਹੈ ਜੋ ਹਰ ਸ਼ੈਅ ਨੂੰ ਅਪਣੱਤ ਬਖਸ਼ਦਾ ਹੈ। ਲਗਨ ਰਹਿਤ ਇਨਸਾਨ ਗਰੀਬੀ ਦੀ ਚੱਕੀ ਪੀਸਦਾ ਰਹਿੰਦਾ ਹੈ। ਆਪਣਾ ਭੇਦ ਪਾਉਣ ਤੋਂ ਵੀ ਅਸਮੱਰਥ ਰਹਿੰਦਾ ਹੈ। ਇਹ ਆਦਮ ਦਾ ਬੱਚਾ ਹੋ ਕੇ ਵੀ ਅਕਲਾਂ ਦਾ ਕੱਚਾ ਹੈ। ਮੇਰ ਤੇਰ ਦੀ ਰੱਟ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿੰਦਾ ਹੈ। ਸਾਰੇ ਧਰਮਾਂ ਦਾ ਨਿਚੋੜ ਨੇਕ ਇਨਸਾਨ ਬਣਨਾ ਹੈ। ਜਿਸ ਤੋਂ ਮੀਲੋਂ ਦੂਰ ਰਹਿ ਕੇ ਪਰਤ ਜਾਂਦਾ ਹੈ। ਦੁਨੀਆਂ 'ਚ ਡਰਾਕਲ ਹੋਇਆ ਇਨਸਾਨ ਭਟਕਣ ਤੋਂ ਬਿਨਾ ਹੋਰ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦਾ। ਸਿਰਫ ਨਿਰਾਸ਼ਤਾ ਹੀ ਉਸਦੇ ਪੱਲੇ ਪੈਂਦੀ ਹੈ। ਕੁਦਰਤ ਦਾ ਪਸਾਰਾ ਸਭ ਦੇ ਲਈ ਬਰਾਬਰ ਹੈ ਜਿਸ ਵਿੱਚ ਕੋਈ ਵਿਤਕਰਾ ਨਹੀਂ ਅਤੇ ਨਾ ਹੀ ਕੋਈ ਭਿੰਨ ਭੇਦ ਹੈ:
ਕੱਪ ਹੋਵੇ ਜਾਂ ਕੌਲੀ ਹੋਵੇ,
ਕੌਲਾ ਹੋਵੇ ਜਾਂ ਹੋਵੇ ਗਲਾਸ।
ਛੰਨਾ ਹੋਵੇ ਜਾਂ ਲੋਟਾ ਹੋਵੇ, 
ਜਾਂ ਫਿਰ ਹੱਥ ਬੁੱਕ ਛੋਟਾ ਹੋਵੇ।
ਗੱਲ ਤਾਂ ਸਾਰੀ ਪਾਣੀ ਦੀ ਹੈ, 
ਪਾਣੀ ਬਿਨਾ ਨਾ ਬੁਝੇ ਪਿਆਸ। 
ਜਲ ਰੂਪ ਨਾ ਤੱਕੇ ਭਾਂਡੇ ਦਾ,
ਨਾ ਤੱਕੇ ਪੀਵਨ ਵਾਲੇ ਦਾ।
ਜੋ ਜਿੰਨਾ ਚਾਹੇ ਪੀ ਜਾਵੇ,
ਸ਼ੌਂਕ ਹੈ ਪੀਵਨ ਵਾਲੇ ਦਾ।
ਕਦੀ ਨਾ ਕਰੇ ਵਿਤਕਰਾ ਪਾਣੀ,
ਗੋਰੇ ਦਾ ਨਾ ਕਾਲੇ ਦਾ।
ਜਿੰਨੀ ਪਿਆਸ ਉਸ ਨੂੰ ਲੱਗੀ,
ਓਨਾ ਹੀ ਪੀ ਜਾਵੇ।
ਜੀਵ ਜੰਤੂ, ਬਨਸਪਤੀ ਦੀ,
ਪਾਣੀ ਪਿਆਸ ਬੁਝਾਵੇ।
ਰੱਖੇ ਫਰਕ ਨਾ ਰੱਤੀ ਮਾਤਰ,
ਹਰ ਜੱਗ ਵਾਸੀ ਉਸਨੂੰ ਭਾਵੇ।
ਕੁਰਬਾਨੀ ਕਦੇ ਅਜਾਈਂ ਨਹੀਂ ਜਾਂਦੀ। ਰਹਿੰਦੀ ਦੁਨੀਆਂ ਤੱਕ ਡਲ੍ਹਕਦੀ ਰਹਿੰਦੀ ਹੈ। ਚਿੰਤਾ ਦੁਨੀਆਵੀ ਪਦਾਰਥਾਂ ਦੀ ਜਕੜ ਤੋਂ ਪੈਦਾ ਹੁੰਦੀ ਹੈ ਜੋ ਹਰ ਬਿਮਾਰੀ ਦੀ ਜੜ੍ਹ ਹੈ ਇਸ ਲਈ ਸੰਗ੍ਰਿਹ ਬਿਰਤੀ ਨੂੰ ਤਿਆਗਣਾ ਹੀ ਖੇੜੇ ਦੀ ਪਰਾਪਤੀ ਦਾ ਸਾਧਨ ਹੈ। ਇਹ ਪ੍ਰਕਿਰਤੀ ਦੀ ਗੋਦ 'ਚੋਂ ਹੀ ਹਾਸਿਲ ਹੁੰਦਾ ਹੈ:
ਹਵਾ ਸਭਨਾ ਨੂੰ ਜਾ ਲੱਗੇ,
ਚੰਗੇ, ਮੰਦੇ, ਕਾਲੇ, ਬੱਗੇ,
ਸਰਬੱਤ ਭਲੇ ਦੀ ਲਗਨ ਜੇ ਲੱਗੇ,
ਉਹ ਤਰ ਜਾਵੇ ਵਿੱਚ ਸੰਸਾਰ।
ਅੱਜ ਮਨ ਹੋਰ ਤੇ ਮੁੱਖ ਹੋਰ ਨਾਲ ਨੱਕੋ ਨੱਕ ਭਰੇ ਵਿਅਕਤੀ ਦੂਜਿਆਂ ਦਾ ਹੱਕ ਮਾਰਨ 'ਤੇ ਤੁਲੇ ਹੋਏ ਹਨ, ਜੋ ਬੰਦੇ ਨਾ ਰਹਿ ਕੇ ਢੋਰ ਡੰਗਰਾਂ ਦਾ ਰੂਪ ਧਾਰਨ ਕਰ ਗਏ ਹਨ। 
ਮਨ ਹੋਰ ਮੁੱਖ ਹੋਰ ਨੇ ਬੰਦੇ,
ਬਾਹਰੋਂ ਸੱਜਨ ਦਿਲੋਂ ਚੋਰ ਨੇ ਬੰਦੇ।
.............
ਹੱਕ ਮਾਰਦੇ ਕਰਦੇ ਧੱਕਾ,
ਲੱਗਦੇ ਨਿਰੇ ਹੀ ਢੋਰ ਨੇ ਬੰਦੇ।
ਮੈਂ ਬੰਤਾ ਸਿੰਘ ਦੀਆਂ ਕਵਿਤਾਵਾਂ ਵਿੱਚੋਂ ਕਾਵਿ-ਵੰਨਗੀਆਂ ਉਪਰੋਕਤ ਵਿਸ਼ਿਆਂ ਦੀ ਪਰੋੜ੍ਹਤਾ ਲਈ ਦੇਣ ਤੋਂ ਗੁਰੇਜ਼ ਕੀਤਾ ਹੈ। ਮੈਂ ਸਮਝਦਾ ਹਾਂ ਕਿ ਜਦੋਂ ਸੂਝਵਾਨ ਪਾਠਕ ਪੁਸਤਕ ਪੜ੍ਹਨਗੇ ਤਾਂ ਸਾਰੇ ਵਿਸ਼ਿਆਂ ਦੇ ਮਫ਼ਹੂਮ ਉਹਨਾਂ ਦੇ ਸਨਮੁੱਖ ਹੋ ਜਾਣਗੇ ਤੇ ਪਾਠਕ ਆਪ ਹੀ ਉਸਦੀ ਕਾਵਿ-ਕਲਾ ਦਾ ਨਿਰਣਾ ਕਰ ਲੈਣਗੇ ਕਿ ਇਹ ਕਿਸ ਪਾਏ ਦੀ ਰਚਨਾ ਹੈ। ਮੇਰੇ ਖਿਆਲ ਵਿੱਚ ਸਾਰੀ ਕਾਵਿ-ਪਟਾਰੀ ਗੁਰਬਾਣੀ ਆਧਾਰ ਦੀ ਸੁੰਗਧੀ ਨਾਲ ਭਰਪੂਰ ਹੈ ਜੋ ਮਾਨਵੀ ਜੀਵਨ ਨੂੰ ਨੇਕ ਰਾਹ 'ਤੇ ਚੱਲਣ ਦੀ ਹੱਲਾਸ਼ੇਰੀ ਦੇਂਦੀ ਹੈ। 
ਬੰਤਾ ਸਿੰਘ ਛੋਟੀਆਂ ਵੱਡੀਆਂ 132 ਕਵਿਤਾਵਾਂ ਵਿੱਚ ਸਮੇਂ ਸਮੇਂ ਸਿਰ ਉਗਮੇ ਵਿਕੋਲਿਤਰੇ ਵਿਚਾਰਾਂ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਜਨ ਸਮੂਹ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਹਰ ਕਵਿਤਾ ਚਾਰ ਚਾਰ ਲਾਇਨਾਂ ਦੀਆਂ ਟੁਕੜੀਆਂ ਦੇ ਸਮੂਹ ਨਾਲ ਗੁੰਦੀ ਹੈ, ਜਿਹਨਾਂ ਵਿੱਚ ਕਾਫੀਆ ਰਦੀਫ ਅਤੇ ਸੁੰਦਰ ਢੁਕਵੇਂ ਤੇ ਸਨਸਨੀਖੇਜ਼ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਰਕੇ ਬੇਰੋਕ ਵਹਾਓ ਉਮਡ ਆਇਆ ਹੈ, ਜੋ ਪੜ੍ਹਨ ਵਾਲੇ ਨੂੰ ਆਨੰਦਤ ਕਰਦਾ ਹੈ। 
ਅੰਤ ਵਿੱਚ ਇੱਕ ਹੱਥ ਰੱਸਾ, ਸਿਰੇ 'ਤੇ ਗੰਢ ਦੇ ਅਖਾਣ ਅਨੁਸਾਰ ਬੰਤਾ ਸਿੰਘ ਨੇ ਵਹਿਣ ਪਏ ਉਤਾਰ ਚੜ੍ਹਾ ਦੇ ਜੀਵਨ ਦੀਆਂ ਔਕੜਾਂ ਤੇ ਕਠਿਨਾਈਆਂ ਨਾਲ ਸੰਘਰਸ਼ ਵਿੱਚੋਂ ਸੁਰਖ਼ਰੂ ਹੋਣ ਦੀ ਵਿਥਿਆ ਕਹਿ ਸੁਣਾਈ ਹੈ ਅਤੇ ਜੀਵਨ ਵਿੱਚ ਉਪਜੀਆਂ ਪੀੜਾਂ ਤੋਂ ਵਿਛੋੜਾ ਪ੍ਰਾਪਤ ਕਰਨ ਦਾ ਐਲਾਨਨਾਮਾ ਪੇਸ਼ ਕੀਤਾ ਹੈ। ਮੈਂ ਇਸ ਸੁੰਦਰ ਕਾਵਿ ਸੰਗ੍ਰਹਿ ਨੂੰ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿੱਚ ਇੱਕ ਵਿਲੱਖਣ ਸੌਗਾਤ ਸਮਝਦਾ ਹਾਂ ਤੇ ਲੇਖਕ ਨੂੰ ਦਿਲੀ ਮੁਬਾਰਕਵਾਦ ਪੇਸ਼ ਕਰਦਾ ਹੋਇਆ, ਉਸਦੀ ਦੀਰਘ ਆਯੂ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 
ਡਾ. ਗੁਰਦੇਵ ਸਿੰਘ ਪੰਦੋਹਲ
79-ਜੀਵਨ ਪ੍ਰੀਤ ਨਗਰ
ਫ਼ੀਰੋਜ਼ਪੁਰ ਰੋਡ, ਲੁਧਿਆਣਾ-142027









ਪੀੜ ਵਿਛੋੜਾ

ਕਿਤਾਬ 'ਪੀੜ ਵਿਛੋੜਾ' ਸ਼ਾਇਦ ਸਮੇਂ ਦੀ ਧੂੜ ਵਿੱਚ ਹੀ ਗੁਆਚੀ ਪਈ ਰਹਿੰਦੀ ਜੇ ਕਿਧਰੇ 'ਨਾਜ਼ਰ' ਘੁਡਾਣੀ ਦਾ ਮੇਲ 34 ਸਾਲਾਂ ਪਿੱਛੋਂ ਨਾ ਹੋ ਗਿਆ ਹੁੰਦਾ। ਮੈਂ ਬਹੁਤ ਸਾਲਾਂ ਤੋਂ ਨਾਜ਼ਰ ਨੂੰ ਮਿਲਣ ਵਾਸਤੇ ਸੁਨੇਹੇ ਦਿੰਦਾ ਰਿਹਾ- ਪਰ ਮੇਰਾ ਕੋਈ ਵੀ ਸੁਨੇਹਾ ਨਾਜ਼ਰ ਨੂੰ ਨਾ ਮਿਲਿਆ। ਮੈਂ ਬਹੁਤ ਚਾਹੁੰਦਾ ਹੋਇਆ ਵੀ ਉਸਨੂੰ ਮਿਲ ਨਾ ਸਕਿਆ। ਉਸਦੇ ਪਿਤਾ ਨਿਧਾਨ ਸਿੰਘ ਦੀ ਮਾਰਫਤ ਦਿੱਤਾ ਸੁਨੇਹਾ ਵੀ ਉਸਨੂੰ ਨਾ ਪੁੱਜਿਆ। ਆਖਰ ਇੱਕ ਦਿਨ ਮੇਰਾ ਪਿਆਰਾ ਨਾਜ਼ਰ ਮੇਰੇ ਨਾਲੋਂ ਕਿਤੇ ਵੱਖ ਖਿਆਲਾਂ ਵਾਲਾ ਅਤੇ ਵੱਖਰੀ ਸ਼ਕਲ ਵਾਲਾ ਨਾਜ਼ਰ ਆ ਹੀ ਗਿਆ। ਮੈਨੂੰ ਯਾਦ ਨਹੀਂ ਮੈਂ ਉਸਨੂੰ ਇੱਕ ਅਣਜਾਣ ਵਿਅਕਤੀ ਸਮਝ ਕੇ ਕਿਵੇਂ ਸੰਬੋਧਨ ਕੀਤਾ, ਉਹ ਝੱਟ ਹੀ ਬੋਲ ਪਿਆ ਚਾਚਾ ਜੀ ਮੈਂ ਤਾਂ ਤੁਹਾਡਾ ਭਤੀਜਾ ਨਾਜ਼ਰ ਹਾਂ। ਮੈਨੂੰ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਯਾਰੋ! ਮੇਰੇ ਸ਼ਹੀਦ ਹੋ ਚੁੱਕੇ ਵੀਰ ਨਿਧਾਨ ਸਿੰਘ ਘੁਡਾਣੀ ਦਾ ਬੇਟਾ ਨਾਜ਼ਰ ਮਸਾਂ ਹੀ ਮਿਲਿਆ ਹੈ। ਉਸਨੂੰ ਮੈਂ ਆਪਣੇ ਦੁਨੀਆਵੀ ਘੋਲਾਂ ਦੀ ਰੂਪ ਰੇਖਾ ਦੇ ਮੱਤਭੇਦਾਂ ਦੇ ਬਾਵਜੁਦ ਬਹੁਤ ਪਿਆਰਦਾ ਹਾਂ, ਕਿਉਂਕਿ ਮਿਸ਼ਨ ਤਾਂ ਸਾਡਾ ਦੋਵਾਂ ਦਾ ਹੀ ਇੱਕੋ ਜਿਹਾ ਪਰ ਰਾਹ ਵੱਖ ਵੱਖ ਨੇ। 
ਇੱਕ ਹੋਰ ਅਨੋਖੀ ਗੱਲ ਜੋ ਸਾਡੀ 34 ਸਾਲਾਂ ਪਿੱਛੋਂ ਮਿਲਣੀ ਦਾ ਕਾਰਨ ਬਣੀ। ਇੱਕ ਦਿਨ ਸ਼ਾਮ ਨੂੰ ਮੇਰੇ ਪਿੰਡ ਘੁਡਾਣੀ ਤੋਂ ਫੋਨ ਆਇਆ, ਨਾਜ਼ਰ ਦੇ ਚਾਚੇ ਦੇ ਪੁੱਤਰ ਦਾ, ਜਿਸਨੂੰ ਮੈਂ ਬਿਲਕੁਲ ਨਹੀਂ ਸੀ ਜਾਣਦਾ। ਉਹ ਬੋਲਿਆ, ਮੈਂ ਘੁਡਾਣੀ ਤੋਂ ਬੋਲ ਰਿਹਾ ਹਾਂ- ਇੱਕ ਕੰਮ ਹੈ ਉਸ ਤੋਂ ਅੱਗੇ ਆਪਣੀ ਜਾਣਕਾਰੀ ਦੇਣ ਹੀ ਲੱਗਿਆ। ਮੈਂ ਆਖਿਆ ਯਾਰਾ ਤੂੰ ਆਪਣੇ ਬਾਰੇ ਕੁਝ ਨਾ ਦੱਸ। ਏਨਾ ਹੀ ਬਹੁਤ ਹੈ ਕਿ ਤੂੰ ਮੇਰੇ ਪਿੰਡ ਦਾ  ਹੈਂ, ਬੱਸ ਕੰਮ ਦੱਸ। ਉਹ ਕਹਿਣ ਲੱਗਿਆ, ਇੱਕ ਮੇਰੀ ਭਤੀਜੀ ਹੈ ਉਸ ਵਾਸਤੇ ਪਟਿਆਲੇ ਰਹਿਣ ਦਾ ਕੋਈ ਠੀਕ ਇੰਤਜ਼ਾਮ ਕਰਨਾ ਹੈ। ਮੈਂ ਆਖਿਆ ਬੇਟਾ ਤੂੰ ਕਹਿ ਦਿੱਤਾ ਇੰਤਜ਼ਾਮ ਹੋ ਗਿਆ। ਕੱਲ੍ਹ ਨੂੰ ਮੇਰੇ ਕੋਲ ਭੇਜ ਦੇਵੀਂ। ਅੱਛਾ ਹੁਣ ਤੂੰ ਆਪਣੇ ਬਾਰੇ ਦੱਸ ਯਾਰ। ਕਹਿਣ ਲੱਗਿਆ ਮੈਂ ਹਰਮਿੰਦਰ ਹਾਂ, ਰਹਿ ਚੁੱਕੇ ਸਰਪੰਚ ਭਜਨ ਸਿੰਘ ਦਾ ਭਤੀਜਾ। ਮੈਂ ਆਖਿਆ ਬੱਸ ਕਰ ਯਾਰ ਤੂੰ ਤਾਂ ਸਾਡਾ ਆਪਣਾ ਪੁੱਤਰ, ਇੱਕ ਕੰਮ ਕਰ ਮੈਨੂੰ ਨਾਜ਼ਰ ਮਿਲਾ ਦੇ। ਸੋ ਇਸ ਤਰ੍ਹਾਂ ਮਿਲਿਆ ਨਾਜ਼ਰ, ਜਿਸਦੀ ਬੇਟੀ ਅਮਨ ਦੇ ਸਬੰਧ ਵਿੱਚ ਹਰਮਿੰਦਰ ਨੇ ਫੂਨ ਕੀਤਾ ਸੀ। ਬੇਸ਼ੱਕ ਨਾਜ਼ਰ ਸਾਡੇ ਪਿੰਡ ਘੁਡਾਣੀ ਦਾ ਹੈ। ਪਰ ਪਿੰਡ ਨੇ ਉਸ ਨੂੰ ਜਨਤਾ ਨੂੰ ਅਰਪਨ ਕਰ ਦਿੱਤਾ ਹੈ। ਇਹ ਹੁਣ ਉਸਦੀ ਮਰਜੀ ਹੈ ਕਿ ਕਿਸ ਰਾਹ ਚੱਲ ਕੇ ਲੋਕ ਸੇਵਾ ਕਰਨੀ ਹੈ। ਪਰ ਮੇਰੀ ਨਿੱਜੀ ਸੇਵਾ ਤਾਂ ਉਸਨੇ ਬਹੁਤ ਕਰ ਦਿੱਤੀ। 
ਜਦੋਂ ਨਾਜ਼ਰ ਨੂੰ ਪਤਾ ਲੱਗਿਆ ਕਿ ਕਿ ਮੈਂ ਲਿਖਦਾ ਵੀ ਹਾਂ ਅਤੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਅਤੇ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਖਤਮ ਹੋ ਚੁੱਕੀਆਂ ਹਨ ਤਾਂ ਉਸਨੇ ਇਹਨਾਂ ਨੂੰ ਛਪਵਾਉਣ ਯੋਗ ਬਣਾਉਣ ਦੀ ਸਾਰੀ ਜੁੰਮੇਵਾਰੀ ਲੈ ਲਈ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਕਿਤਾਬਾਂ ਦੀਆਂ ਦੂਜੀਆਂ ਐਡੀਸ਼ਨਾਂ ਛਪਣ ਲਈ ਤਿਆਰ ਹੋ ਗਈਆਂ। ਮੇਰੀਆਂ ਪੰਜੇ ਕਿਤਾਬਾਂ ਉਸਦੀ ਮਿਹਨਤ ਅਤੇ ਹਿੰਮਤ ਸਦਕਾ ਛਪ ਰਹੀਆਂ ਹਨ। ਨਾਜ਼ਰ ਤੋਂ ਬਿਨਾ ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ। ਇਹ ਸਭ ਨਾਜ਼ਰ ਦੀ ਮਿਹਨਤ ਦਾ ਨਤੀਜਾ ਹੈ, ਨਾਜ਼ਰ ਦਾ ਵਿਸ਼ਵਾਸ਼ ਹੈ ਕਿ ਹਰ ਵੇਲੇ ਕੋਈ ਨਾ ਕੋਈ ਲੋਕ ਸੇਵਾ ਦਾ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਤਹਿ ਦਿਲੋਂ ਨਾਜ਼ਰ ਦਾ ਧੰਨਵਾਦੀ ਹਾਂ। 
ਬੰਤਾ ਸਿੰਘ ਘੁਡਾਣੀ,
67, ਪ੍ਰੋਫੈਸਰਜ਼ ਕਲੋਨੀ
ਸਾਹਮਣੇ ਪੰਜਾਬੀ ਯੂਨੀਵਰਸਿਟੀ
ਪਟਿਆਲਾ।










'ਪੀੜ ਵਿਛੋੜਾ' ਬਾਰੇ ਪੰਜਾਬੀ ਟ੍ਰਿਬਿਊਨ 'ਚ ਨਿਰਮਲ ਜਸਵਾਲ ਵੱਲੋਂ ਕੀਤੀ ਸਮੀਖਿਆ
ਹਥਲੀ ਪੁਸਤਕ ਬੰਤਾ ਸਿੰਘ ਘੁਡਾਣੀ ਦੀ 30 ਵਰ੍ਹਿਆਂ ਦੀਆਂ ਸਧਰਾਂ ਦੀ ਕਾਵਿ-ਰਚਨਾ ਹੈ। ਉਸਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ। ਕਵੀ ਦੀ ਦੁਨਿਆਵੀ ਪੀੜ ਰੱਬੀ ਇਛਾਵਾਂ ਦੇ ਰੂਪ ਵਿੱਚ ਸਾਰੀ ਰਚਨਾ 'ਚ ਥਾਂ ਥਾਂ ਖਿਲਰੀ ਪਈ ਹੈ। ਮੈਨੂੰ ਇਸ ਪੁਸਤਕ ਦੀਆਂ ਕਵਿਤਾਵਾਂ ਗੁਰਬਾਣੀ ਸੁਰ ਦੀਆਂ ਲਗਦੀਆਂ ਹਨ ਤੇ ਲਗਦਾ ਹੈ ਜਿਵੇਂ ਕਵੀ ਉਪਦੇਸ਼ ਦੇ ਰਿਹਾ ਹੋਵੇ। 
ਮੈਂ ਜਦੋਂ ਪੁਸਤਕ ਨੂੰ ਫਰੋਲਿਆ ਤਾਂ 15ਵੇਂ ਸਫੇ ਤੋਂ ਪਹਿਲਾਂ ਡਾ. ਪੰਦੋਹਲ ਤੇ ਉਹਨਾਂ ਦੀ ਸੁਪਤਨੀ ਦੀ ਫੋਟੋ ਵੇਖ ਹੈਰਾਨ ਹੋਈ। ਕਵੀ ਨੇ ਸ਼ਰਧਾ ਵਸ ਉਹਨਾਂ ਨੂੰ ਪੁਸਤਕ ਵਿੱਚ ਕੈਦ ਕਰਕੇ ਆਪਣੀ ਪਹਿਚਾਣ ਨੂੰ ਛੁਪਾਉਣ ਦਾ ਯਤਨ ਕੀਤਾ ਹੈ। ਜੇ ਰਚਨਾ ਵਿੱਚ ਦਮ ਹੈ ਤਾਂ ਕਿਸੇ ਨੂੰ ਵੀ ਪਹਿਚਾਣ ਕਰਵਾਉਣ ਲਈ ਕੋਈ ਵੀ ਉਪਰਾਲਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਚੰਗਾ ਹੁੰਦਾ ਜੇ ਲੇਖਕ ਦੀ ਮਾਤਾ ਦੀ ਫੋਟੋ ਹੁੰਦੀ, ਜਿਸ ਕਾਰਨ ਇਹ ਪੁਸਤਕ, ਇਸ ਪੰਜਾਬ ਜਗਤ ਵਿੱਚ ਆਈ ਹੈ। 
ਆਪਣੀ ਪੀੜ ਨੂੰ ਵਿਛੋੜ ਦੇਣ ਲਈ ਕਵੀ ਨੇ 136 ਕਵਿਤਾਵਾਂ ਦੀ ਰਚਨਾ ਕੀਤੀ ਹੈ ਤੇ ਸਾਰੇ ਸੰਸਾਰ ਦੇ ਮੋਹ ਨੂੰ ਤਿਆਗਣ ਲਈ ਪ੍ਰਭੁ ਦਾ ਹੀ ਸਹਾਰਾ ਲਿਆ ਹੈ।
ਹੇ ਸਦਜੀਵੀ! ਹੇ ਅਬਨਾਸ਼ੀ
ਮੈਨੂੰ ਮੇਰੇ ਦਾਤਿਆ ਆਪਣੇ ਰਾਹ 'ਤੇ ਟੋਰ
ਜਾਂਦੀ ਵਾਰੀ ਮੰਗੇ ਨਾ ਮਨ ਜਨਮ ਇੱਕ ਹੋਰ।
ਪ੍ਰਮਾਤਮਾ ਨੂੰ ਸੰਪੂਰਨ ਕਿਹਾ ਤੇ ਮੈਂ ਤੂੰ ਦਾ ਭੇਦ ਰੱਖਿਆ ਹੀ ਨਹੀਂ। ਕੁਦਰਤ ਨੂੰ ਹੀ ਮੁੱਖ ਮੰਨਿਆ ਹੈ। ਆਪਣੇ ਆਪ ਨੂੰ ਸੰਸਾਰ ਵਿੱਚ ਆਉਣ ਲਈ ਸੁੰਨ ਸਮਾਧੀ ਤੋੜੀ ਹੈ।
ਬੁੱਝਣ ਲਈ ਮੈਂ ਆਪਣਾ ਆਪਾ
ਸੁੰਨ ਸਮਾਧੀ ਤੋੜ ਕੇ ਆਇਆ
ਥਾਹ ਆਪੇ ਦੀ ਪਾ ਨਾ ਸਕਿਆ
ਆਦਿ ਕਾਲ ਤੋਂ ਮੈਂ ਭਰਮਾਇਆ (ਪੰਨਾ 25)
ਰਾਗ ਵਿਰਾਗ ਛੱਡ ਉਸ ਪ੍ਰਮਾਤਮਾ ਦੀ ਇੱਛਾ ਹੀ ਕਵੀ ਨੂੰ ਹੈ:
ਹਰ ਪਾਸੇ ਮੈਂ ਤੈਨੂੰ ਵੇਖਾਂ
ਹਰ ਸ਼ੈਅ ਵਿੱਚ ਤੂੰ ਨਜ਼ਰੀਂ ਆਵੇਂ
ਜਾਂ ਹਓਮੈਂ ਜਾਗੀ ਸੁੰਨ 'ਚੋਂ
ਜਾਗੇ ਕਾਮ ਕਰੋਧ (ਪੰਨਾ 33)
ਜਾਂ ਹਮ ਕੌਣ ਤੁਮ ਕੌਣ
ਮਿੱਟੀ ਸੰਗ ਭਰੇ ਅੰਗਿਆਰੇ।
ਜਾਂ ਕੁਦਰਤ ਮੋਤੀ ਗੁੰਦ ਕੇ
ਬਣਾਇਆ ਹੈ ਇੱੱਕ ਜਾਲ।
ਕਿਤੇ ਕਿਤੇ ਲਗਦਾ ਕਵੀ ਨੇ ਮੀਰਾ ਵਾਂਗ ਪ੍ਰਮਾਤਮਾ ਦੇ ਨਾਂ ਦਾ ਜ਼ਹਿਰ ਪੀਤਾ ਹੈ ਤੇ ਉਸ ਦੇ ਅੰਗ-ਸੰਗ ਹੀ ਹੋ ਤੁਰਿਆ ਹੈ ਅਤੇ ਕਿਤੇ ਕਬੀਰ ਵਾਂਗ ਤਾੜਿਆ ਨਹੀਂ ਸਗੋਂ ਪਿਆਰ ਨਾਲ ਸਮਝਾਇਆ ਹੈ।
ਕਰੀਂ ਨਾ ਕੋਈ ਗੁਨਾਹ
ਦੇਵੀਂ ਨਾ ਕਿਸੇ ਨੂੰ ਦੁੱਖ
ਸ਼ਬਦ ਅਵੈੜੇ ਕਦੀਂ ਨਾ ਬੋਲੀ
ਮੰਗੀਂ ਸਭ ਦੀ ਸੁੱਖ
ਕਵੀ ਨੇ ਸਾਰੇ ਸੰਸਾਰੀ ਕਾਰ-ਵਿਹਾਰ ਨੂੰ ਰੱਬ ਦੇ ਹਵਾਲੇ ਕਰ ਦਿੱਤਾ ਹੈ, ਕਵੀ ਦਾ ਆਪਣਾ ਅਨੁਭਵ ਜੀਵਨ ਦੇ ਦੁੱਖਾਂ ਵਿੱਚੋਂ ਨਿਕਲ ਕੇ ਪੱਕਿਆ ਅਨੁਭਵ ਹੈ ਇਸੇ ਲਈ ਬੰਤਾ ਸਿੰਘ ਨੇ ਸਭ ਕੁਝ ਉਸ ਪ੍ਰਾਮਾਤਮਾ ਦੇ ਹਵਾਲੇ ਕਰ ਦਿੱਤਾ ਹੈ ਤੇ ਪੰਜ ਤੱਤਾਂ ਦੀ ਹੋਂਦ ਨੂੰ ਸੰਸਾਰ ਲਈ ਜ਼ਰੂਰੀ ਸਮਝਿਆ ਹੈ। ਜਾਤ-ਪਾਤ, ਨੇਕੀ-ਬਦੀ, ਉੱਤਮ-ਅੱਛਾ ਕੁਝ ਵੀ ਨਹੀਂ, ਜੋ ਹੈ ਸੋ ਤੇਰਾ- ਕਵੀ ਨੇ ਗਰੀਬੀ ਤੋਂ ਤੰਗ ਆ ਕੇ ਆਪਣੀ ਲਗਨ ਨੂੰ ਕਾਇਮ ਰੱਖਿਆ ਹੈ ਤੇ ਪ੍ਰਮਾਤਮਾ ਬਾਰੇ ਕੋਈ ਰਹਸ ਨਹੀਂ ਰੱਖਿਆ।
ਕਵੀ ਦੀ ਕੋਈ ਵੀ ਰਚਨਾ ਲਵੋ- ਸੰਸਾਰ ਤੋਂ ਮੌਤ ਤੋਂ, ਦੁੱਖ ਤੋਂ ਨਾ ਘਬਰਾਉਣ ਲਈ ਕਿਹਾ ਹੈ ਤੇ ਸੰਸਾਰਕ ਜੀਵ ਦੀ ਹੋਂਦ ਖਤਮ ਹੀ ਕਰ ਦਿੱਤੀ ਹੈ। 
ਮਤ ਘਬਰਾਵੀਂ ਮੌਤ ਤੋਂ
ਮੌਤ ਬਿਨਾ ਜਿੰਦ ਮਰ ਮਾਰ ਜਾਵੇ। (ਪੰਨਾ 143)
ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਦੀ ਇੰਤਹਾ ਵੇਖਣ ਵਾਲੀ ਹੈ।
ਦੁੱਖਾਂ ਦੇ ਵਿਚ ਨਿੱਤ ਕਰਲਾਂਦੇ
ਸਾਨੂੰ ਲੈ ਜਾ ਆਪ ਛੁਡਾ ਕੇ।
ਝਲ ਨਾ ਸਕੀਏ ਪੀੜ-ਵਿਛੋੜਾ 
ਅਸੀਂ ਰੁਲੇ ਹਾਂ ਜੱਗ ਵਿੱਚ ਆ ਕੇ।
ਬੰਤਾ ਸਿੰਘ ਦੀ ਕਾਵਿਕ ਸੰਵੇਦਨਾ ਸਾਰੀਆਂ ਕਵਿਤਾਵਾਂ ਵਿਚ ਹੈ ਪਰ ਕਾਵਿ ਰਚਨਾ ਦੀ ਗਹਿਰਾਈ ਇੰਨੀ ਨਹੀਂ ਆਈ, ਜਿੰਨੀ ਗਹਿਰਾਈ ਪ੍ਰਮਾਤਮਾ ਨੂੰ ਲੱਭਣ ਜਾਂ ਉਸਦੇ ਸੰਸਾਰਕ ਰੂਪ ਨੂੰ ਵੇਖਣ ਦੀ ਇੱਛਾ ਵਿੱਚ ਆਈ ਹੈ। ਕਵੀ ਉਸ ਦੇ ਨੂਰ ਨੂੰ ਲਭਦਾ ਹੋਇਆ ਖੁਦ ਗੁਆਚ ਜਾਂਦਾ ਹੈ ਅਤੇ ਉਸਦੇ ਨੂਰ ਬਾਰੇ ਕਵਿਤਾ ਲਿਖੀ ਜਾਂਦਾ ਹੈ। ਭਾਵੇਂ ਕਵਿਤਾ ਦੀ ਤਰੰਗ ਕਿਤੇ ਵੀ ਰੁਕਦੀ ਨਹੀਂ ਤੇ ਲੈਅ, ਸੁਰ-ਤਾਲ ਉਸੇ ਤਰ੍ਹਾਂ ਹੀ 'ਅਨਹਦ' ਸ਼ਬਦ ਨੂੰ ਉਚਾਰਦੇ ਲਗਦੇ ਨੇ ਪ੍ਰੰਤੁ ਆਦਿ ਗ੍ਰੰਥਾਂ ਦੀ ਝਲਕ ਹੀ ਸਾਰੀ ਪੁਸਤਕ ਵਿੱਚ ਉਭਰਦੀ ਹੈ।
ਮਨ ਦੀ ਤ੍ਰਿਪਤੀ ਲਈ ਲਿਖੀ ਇਸ ਤਰ੍ਹਾਂ ਦੀ ਕਵਿਤਾ ਦਾ ਮਨੋਰਥ ਮਨ ਨੂੰ ਭਰਪੁਰਤਾ ਹੀ ਪ੍ਰਦਾਨ ਕਰਦਾ ਹੈ। ਆਪਣੇ ਆਪ ਤੋਂ ਰਤਾ ਕੁ ਹਟ ਕੇ ਕਿਸੇ ਹੋਰ ਲਈ ਜਾਂ ਕਹਿ ਲਓ ਸਮਾਜ ਲਈ ਇਸ ਤਰ੍ਹਾਂ ਦੀ ਕਵਿਤਾ ਦੀ ਕੀ ਸਾਰਥਿਕਤਾ ਹੈ। ਇਹ ਪ੍ਰਸ਼ਨ ਸਾਡੇ ਲਈ ਕਈ ਰੇਖਾਵਾਂ ਖਿੱਚਦਾ ਹੈ ਅਤੇ ਕੀ ਧਾਰਮਿਕ ਕਵਿਤਾ ਦਾ ਕੋਈ ਭਵਿੱਖ ਹੈ? ਇਹ ਵਿਚਾਰ ਜ਼ਰੂਰ ਉੱਠਦਾ ਹੈ।
ਖੈਰ! ਬੰਤਾ ਸਿੰਘ ਘੁਡਾਣੀ ਦੀ ਖਾਹਿਸ਼ ਅਤੇ ਉਸਦੀ ਮਾਤਾ ਦੀ ਇੱਛਾ ਨੂੰ ਸਾਕਾਰ ਰੂਪ ਧਾਰ ਕੇ ਆਈ ਹੋਈ ਇਸ ਪੁਸਤਕ ਦਾ ਸਵਾਗਤ ਹੈ। 











ਪੀੜ ਵਿਛੋੜਾ ਬਾਰੇ ਹਰਭਜਨ ਸਿੰਘ ਬਟਾਲਵੀ ਦੀ ਸਮੀਖਿਆ
ਬੰਤਾ ਸਿੰਘ ਘੁਡਾਣੀ ਲੰਮੀ ਉਪਰ ਵਾਲੇ ਹੰਢੇ ਵਰਤੇ, ਤਜਰਬੇ ਵਾਲੇ ਅਤੇ ਸੰਸਾਰ ਨੂੰ ਹਰ ਪੱਖੋਂ ਵੇਖ ਕੇ ਗੱਲ ਕਰਨ ਵਾਲੇ ਵਿਅਕਤੀ ਹਨ। ਜੀਵਨ ਵਿੱਚ ਬਹੁਤ ਸਾਰੀਆਂ ਔਕੜਾਂ, ਊਣਤਾਈਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦਿੱਾਂ ਉਹਨਾਂ ਨੇ ਇੱਕ ਆਦਰਸ਼ ਨੂੰ ਨਿਭਾਉਣ ਦਾ ਸਫਲ ਯਤਨ ਕੀਤਾ ਹੈ। ਮਿਹਨਤ ਅਤੇ ਲਗਨ ਨਾਲ ਹਰ ਪੱਖੋਂ ਹੀ ਉਹਨਾਂ ਆਪਣੇ ਜੀਵਨ ਨੂੰ ਅੱਗੇ ਹੀ ਅੱਗੇ ਵਧਾਇਆ ਹੈ ਅਤੇ ਮਨਚਾਹੇ ਖੇਤਰਾਂ ਵਿੱਚ ਅਦੁੱਤੀ ਪ੍ਰਾਪਤੀਆਂ ਕੀਤੀਆਂ ਹਨ। ਇਹ ਕਾਵਿ-ਪੁਸਤਕ ਵੀ ਉਹਨਾਂ ਦੀ ਇੱਕ ਇਹੋ ਜਿਹੀ ਹੀ ਪ੍ਰਾਪਤੀ ਹੈ, ਜਿਸ ਉੱਤੇ ਉਹਨਾਂ ਸਮੇਤ ਸਾਨੂੰ ਸਭ ਨੂੰ ਮਾਣ ਹੈ। ਇਸ ਪੁਸਤਕ ਵਿੱਚ ਬਹੁਤ ਕੁਝ ਤਾਂ ਅਜਾਹ ਹੈ ਜੋ ਅਟੱਲ ਸਚਾਈਆਂ ਵਾਂਗ ਜੀਵਨ ਦਾ ਹਿੱਸਾ ਤਾਂ ਹੈ ਹੀ, ਨਾਲ ਹੀ ਸਾਨੂੰ ਕਈ ਕੁਝ ਹੋਰ ਵੀ ਯਾਦ ਕਰਵਾਉਂਦਾ ਹੈ। ਜਿਵੇਂ-
ਕੌਲਾ ਹੋਵੇ ਜਾਂ ਕੌਲੀ ਹੋਵੇ,
ਕੌਲਾ ਹੋਵੇ ਜਾਂ ਹੋਵੇ ਗਲਾਸ।
ਛੰਨਾ ਹੋਵੇ ਜਾਂ ਲੋਟਾ ਹੋਵੇ,
ਜਾਂ ਫਿਰ ਹੱਥ ਬੁੱਕ ਛਟਾ ਹੋਵੇ।
ਗੱਲ ਤਾਂ ਸਾਰੀ ਪਾਣੀ ਦੀ ਹੈ, 
ਪਾਣੀ ਬਿਨਾ ਨਾ ਬੁਝੇ ਪਿਆਸ।
ਕੈਸੀ ਸਚਾਈ ਹੈ ਅਤੇ ਕੈਸੀ ਸੋਚ ਹੈ ਜੋ ਪਾਠਕ ਨੂੰ ਹਲੂਣਦੀ ਹੈ ਅਤੇ ਉਸ ਨੂੰ ਕਈ ਕੁਝ ਯਾਦ ਕਰਵਾਉਂਦੀ ਹੈ। ਇੰਜ ਹੀ ਕੁਦਰਤ ਦੀਆਂ ਮਿਹਰਾਂ ਅਤੇ ਬਿਨਾ ਕਿਸੇ ਭੇਦ-ਭਾਵ ਦੇ ਮਨੁੱਖ ਵਾਸਤੇ ਉਸ ਦੀਆਂ ਦਾਤਾਂ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ-
ਹਵਾ ਸਭਨਾਂ ਨੂੰ ਜਾ ਲੱਗੇ
ਚੰਗੇ, ਮੰਦੇ, ਕਾਲੇ ਬੱਗੇ
ਸਰਬੱਤ ਭਲੇ ਦੀ ਲਗਨ ਜੇ ਲੱਗੇ
ਉਹ ਤਰ ਜਾਵੇ ਵਿੱਚ ਸੰਸਾਰ।
ਕਿਸੇ ਦਾ ਹੱਕ ਮਾਰਨ ਵਾਲੇ ਦੀ ਉਹ ਪਸ਼ੂਆਂ ਨਾਲ ਬਰਾਬਰਤਾ ਕਰਦਾ ਹੋਇਆ ਲਿਖਦਾ ਹੈ-
ਹੱਕ ਮਾਰਦੇ ਕਰਦੇ ਧੱਕਾ
ਲੱਗਦੇ ਨਿਰੇ ਹੀ ਢੋਰ ਨੇ ਬੰਦੇ।
ਉਸਦੀ ਕਵਿਤਾ ਵਿੱਚ ਵੰਨਗੀ ਵੀ ਬਹੁਤ ਹੈ। ਵਿਸ਼ੇ ਪੱਖੋਂ ਅਤੇ ਸਿਨਫ਼ ਪੱਖੋਂ ਬਹੁਤ ਹੀ ਕੁਝ ਉਸਨੇ ਇਸ ਛੋਟੀ ਜਿਹੀ ਪੁਸਤਕ ਵਿੱਚ ਦਿੱਤਾ ਹੈ। ਕਦੇ ਇਹ ਕਿਹਾ ਜਾਂਦਾ ਸੀ ਕਿ ਕਵਿਤਾ ਮਨ-ਪ੍ਰਚਾਵਾ ਵੀ ਕਰਦੀ ਹੈ, ਕੁਝ ਸਿਖਾਉਂਦੀ ਵੀ ਹੈ, ਜਾਣਕਾਰੀ ਦਿੰਦੀ ਹੈ ਅਤੇ ਇਤਿਹਾਸਕ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਵੀ ਪਾਠਕ ਨੂੰ ਸੁਚੇਤ ਕਰਦੀ ਹੈ। ਅੱਜ ਕੱਲ੍ਹ ਇਹ ਸਭ ਗੱਲਾਂ ਆਮ ਤੌਰ 'ਤੇ ਘੱਟ ਹੀ ਮਿਲਦੀਆਂ ਹਨ ਜਾਂ ਕਿਤੇ ਕੋਈ ਇੱਕ ਅੱਧ ਹੀ ਮਿਲਦੀ ਹੈ, ਜਦ ਕਿ ਇਹ ਸਾਰੇ ਗੁਣ ਘੁਡਾਣੀ ਦੀ ਇਸ ਪੁਸਤਕ ਵਿੱਚ ਸ਼ਾਮਲ ਹਨ ਅਤੇ ਹਰ ਕਵਿਤਾ ਇਹਨਾਂ ਵਿੱਚੋਂ ਕਈਆਂ ਗੁਣਾਂ ਨਾਲ ਭਰਪੂਰ ਹੈ। ਘੁਡਾਣੀ ਨੇ ਲੰਮੇ ਤਜਰਬੇ ਦੇ ਨਿਚੋੜ ਕੱਢ ਕੇ ਪਾਠਕਾਂ ਸਾਹਮਣੇ ਰੱਖੇ ਹਨ ਅਤੇ ਇੱਕ ਸੇਧ ਦੇਣ ਦਾ ਯਤਨ ਕੀਤਾ ਹੈ। ਨਾਲ ਹੀ ਕਾਵਿਕ ਗੁਣ ਵੀ ਅੱਖੋਂ ਪਰੋਖੇ ਨਹੀਂ ਹੁੰਦੇ। ਉਹ ਲਿਖਦੇ ਹਨ-
ਹੱਕ ਮਾਰਦੇ ਕਰਦੇ ਧੱਕਾ
ਲੱਗਦੇ ਨਿਰੇ ਢੋਰ ਨੇ ਬੰਦੇ।
ਇਹ ਸੰਗ੍ਰਹਿ ਵਿੱਚ ਕੁੱਲ 132 ਕਵਿਤਾਵਾਂ ਹਨ, ਜੋ ਵੱਖ ਵੱਖ ਵਿਸ਼ਿਆਂ ਉੱਤੇ ਕਾਵਿਕ ਢੰਗ ਨਾਲ ਚਾਨਣਾ ਪਾਉਂਦੀਆਂ ਹਨ। ਕਾਵਿਕ ਆਨੰਦ ਦੇ ਨਾਲ ਨਾਲ ਜੀਵਨ ਜਾਚ ਦੱਸਦੀਆਂ ਅਤੇ ਬੰਦੇ ਦੇ ਅੰਦਰੋਂ ਕੁਝ ਜਗਾਉਾਂਦੀਆਂ ਪ੍ਰਤੀਤ ਹੁੰਦੀਆਂ ਇਹ ਕਵਿਤਾਵਾਂ ਭਾਸ਼ਾ ਪੱਖੋਂ ਬੜੀਆਂ ਹੀ ਸਰਲ ਅਤੇ ਸੌਖੀਆਂ ਹਨ। 
ਡੂੰਘਾ ਚਿੰਤਨ ਅਤਿ ਸੌਖੇ ਸ਼ਬਦਾਂ ਵਿੱਚ ਗੁੰਨ੍ਹ ਕੇ ਪੇਸ਼ ਕਰਨ ਵਿੱਚ ਉਹ ਲਾਜਵਨਾਬ ਹੈ। ਮੈਂ ਤਾਂ ਇਹ ਕਹਾਂਗਾ ਕਿ ਲੰਮੇ ਸਮੇਂ ਦੀ ਘਾਲ ਪਾਠਕਾਂ ਨਾਲ ਸਾਂਝੀ ਕਰਕੇ ਉਸਨੇ ਇੱਕ ਬੜੀ ਵੱਡਾ ਕੰਮ ਵੀ ਕੀਤਾ ਹੈ ਅਤੇ ਅਹਿਸਾਨ ਵੀ। ਪੂੰਜਾਬੀ ਪਾਠਕਾਂ ਨੂੰ ਇਹ ਕਹਿੰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪੁਸਤਕ ਸੱਚਮੁੱਚ ਪੜ੍ਹਨਯੋਗ ਹੈ, ਇਸ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਅੱਜ ਕਿਤੋਂ ਮਿਲਦਾ ਹੀ ਨਹੀਂ ਅਤੇ ਅੱਗੋਂ ਸ਼ਾਇਦ ਹੀ ਮਿਲੇ।


ਪੀੜ ਵਿਛੋੜਾ
(ਕਾਵਿ-ਸੰਗ੍ਰਹਿ)
ਕਵੀ-ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ ਗੁਰਕਿਰਪਾਲ ਕੌਰ ਐਮ.ਏ.ਬੀ.ਐੱਡ
ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ 136 ਦੇ ਲੱਗਭੱਗ ਕਵਿਤਾਵਾਂ ਹਨ, ਜਿਹਨਾਂ ਦਾ ਮੁਲ ਆਦਾਰ ਮੁੱਖ ਤੌਰ 'ਤੇ ਗੁਰਮਤਿ ਵਿਚਾਰਾਧਾਰਾ ਹੈ।
ਦਰਅਸਲ ਗੁਰਮਤਿ ਚਿੰਤਨ ਨੇ ਕਵੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਇਸੇ ਚਿੰਤਨ ਦੇ ਵੱਖ ਵੱਖ ਪਾਸਾਰ ਉਸਦੀ ਕਵਿਤਾ ਵਿੱਚ ਕੇਸ ਨਾ ਕਿਸੇ ਰੂਪ ਵਿੱਚ ਨਜ਼ਰੀਂ ਪੈਂਦੇ ਹਨ। ਵੰਨਗੀ ਦੇਖੋ-
ਧਿਆਨ ਲਗਾ ਕੇ ਦੁਨੀਆਂ ਭੁੱਲਣੀ,
ਫਿਰ ਦੁਨੀਆ ਵਿੱਚ ਕਿਉਂ ਆਏ।
ਜੱਗ ਵਿੱਚ ਰਹਿੰਦਿਆਂ ਗੀਤ ਜੋ ਗਾਵੇ,
ਰੱਬ ਜੀ ਉਸਨੇ ਪਾਏ।
ਪੁਸਤਕ ਦੇ ਨਾਂ ਵਾਲੀ ਅੰਤਿਮ ਕਵਿਤਾ ਵਿੱਚ ਕਵੀ ਦਾ ਕਾਵਿ-ਪ੍ਰਬੋਧ ਸਿੱਖਰਾਂ 'ਤੇ ਪੁੱਜਦਾ ਹੈ। ਭਾਈ ਵੀਰ ਸਿੰਘ ਦੀ ਕਾਵ-ਸ਼ੈਲੀ ਦਾ ਪ੍ਰਭਾਵ ਦਿੰਦੀ ਹੈ ਇਹ ਕਵਿਤਾ ਜਿਸ ਵਿੱਚ ਰੂਹ ਦਾ ਰੱਬ ਨਾਲੋਂ ਵਖਰੇਵਾਂ ਦੁਖਦਾਈ ਦਰਸਾਇਆ ਗਿਆ ਹੈ। ਅੰਤਾਂ ਦੀ ਰਮਜ ਹੈ ਇਸ ਕਵਿਤਾ ਵਿੱਚ ਭਾਵੇਂ ਬਾਕੀ ਕਵਿਤਾਵਾਂ ਵੀ ਆਪਣੀ ਥਾਂ ਅਰਥ ਭਰਪੂਰ ਹਨ। ਅਸਲ ਵਿੱਚ ਕਵੀ ਲਈ 'ਪੀੜ ਵਿਛੋੜਾ' ਅਸਹਿ ਹੈ ਅਤੇ ਉਹ ਗੱਲ ਇਥੇ ਆ ਮੁਕਾਉਂਦਾ ਹੈ-
ਦੁੱਖਾਂ ਦੇ ਵਿੱਚ ਨਿੱਤ ਕੁਰਲਾਂਦੇ,
ਸਾਨੂੰ ਲੈ ਜਾ ਆਪ ਛੁਡਾ ਕੇ।
ਝੱਲ ਨਾ ਸਕੀਏ ਪੀੜ-ਵਿਛੋੜਾ,
ਅਸੀਂ ਰੁਲੇ ਹਾਂ ਜੱਗ ਵਿੱਚ ਆ ਕੇ।
ਪੂਰਨ ਵਿਸ਼ਵਾਸ਼ ਨਾਲ ਕਿਹਾ ਜਾ ਸਕਦਾ ਹੈ ਕਿ ਬੰਤਾ ਸਿੰਘ ਘੁਡਾਣੀ ਦੀ ਪੁਸਤਕ 'ਪੀੜ ਵਿਛੋੜਾ' ਅਧਿਆਤਮਿਕਾ ਪਰਮਾਰਥੀ ਰੰਗ ਦੀ ਹੈ। ਕਵੀ ਅੰਦਰ ਸਮਰੱਥ ਕਵੀ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਇਹ ਪੁਸਤਕ ਪੰਜਾਬ ਕਾਵਿ-ਜਗਤ ਵਿੱਚ ਨਿੱਗਰ ਵਾਧਾ ਹੈ। 
—ਹਰਮੀਤ ਸਿੰਘ ਅਟਵਾਲ



ਇੱਕ ਚਿੱਠੀ
30-8-2002
ਪਿਆਰੇ ਘੁਡਾਣੀ ਸਾਹਿਬ,
ਸਤਿ ਸ੍ਰੀ ਅਕਾਲ!
ਤੁਸੀਂ ਡਾ. ਕੁਲਵਿੰਦਰ ਕੌਰ ਬਰਾੜ ਪਾਸ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿਖੇ ਮੈਨੂੰ ਆਪਣੀ ਪੁਸਤਕ ਇੱਕ ਤੋਹਫੇ ਵਜੋਂ ਦਿੱਤੀ ਸੀ। ਪਹਿਲੀ ਪੁਸਤਕ ਮੰਨ ਕੇ ਮੈਂ ਕੁਝ ਦਿਨ ਪੜ੍ਹ ਨਾ ਸਕਿਆ ਪਰ ਜਦੋਂ ਪੜ੍ਹਨ ਲੱਗ ਪਿਆ ਛੱਡ ਨਾ ਸਕਿਆ। ਬਹੁਤ ਹੀ ਮਿਆਰੀ, ਪਿਆਰੀ ਪੁਸਤਕ ਹੈ, ''ਪੀੜ ਵਿਛੋੜਾ।'' ਅਜਿਹੀ ਪ੍ਰਪੱਕ ਸੋਚ ਦੀ ਕਵਿਤਾ ਬਹੁਤ ਦੇਰ ਬਾਅਦ ਪੜ੍ਹਨ ਨੂੰ ਮਿਲੀ ਹੈ। ਛੋਟੇ ਹੁੰਦਿਆਂ 'ਜਿੰਦਗੀ ਬਿਲਾਸ' ਤੇ 'ਨਸੀਹਤ ਬਿਲਾਸ' ਦੋ ਕਿੱਸੇ ਪੜ੍ਹੇ ਸੀ, ਜਿਹਨਾਂ ਦੀ ਛਾਪ ਅੱਜ ਵੀ ਮਨ 'ਤੇ ਉੱਕਰੀ ਹੋਈ ਹੈ। ਤੁਹਾਡੀ ਪੁਸਤਕ ਨੇ 'ਨਸੀਹਤ ਬਿਲਾਸ' ਅਤੇ 'ਜਿੰਦਗੀ ਬਿਲਾਸ' ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਅੱਜ ਦੀ ਬਹੁਤੀ ਕਵਿਤਾ ਔਰਤ ਦੇ ਦੁਆਲੇ ਘੁੰਮਦੀ ਹੈ ਪਰ ਤੁਹਾਡੀ ਕਵਿਤਾ ਜਿੰਦਗੀ ਦੇ ''ਮੁੱਲਾਂ'' (ਵੈਲਯੂਜ਼) ਦੁਆਲੇ ਹੈ, ਚੰਗੀ ਸੋਹਣੀ ਸਾਫ ਸੁਥਰੀ ਜਿੰਦਗੀ ਜਿਉਣ ਦੀ ਪ੍ਰੇਰਨਾ ਦਿੰਦੀ ਹੈ। ਜਿਸ ਵਿੱਚੋਂ ਅਧਿਆਤਮਿਕ ਰੰਗ ਦੀ ਭਾਅ ਮਾਰਦੀ ਜ਼ਿਆਦਾ ਮਾਰਦੀ ਹੈ। ਆਪਣੇ ਵਡਮੁੱਲੇ ਅਧਿਆਤਮਿਕ ਵਿਰਸੇ ਦੀਆਂ ਤਕੜੀਆਂ ਨੀਹਾਂ ਉੱਤੇ ਤੁਹਾਡੀ ਕਵਿਤਾ ਦੀ ਸ਼ਾਨਦਾਰ ਇਮਾਰਤ ਉੱਸਰੀ ਹੋਈ ਦਿਖਾਈ ਦਿੰਦੀ ਹੈ, ਜਿਸ ਵਿੱਚੋਂ ਉਹ ਸਾਰੇ ਗੁਣ, ਸਿੱਖਿਆਵਾਂ, ਪ੍ਰੇਰਨਾਵਾਂ ਮਿਲਦੀਆਂ ਹਨ ਜੋ ਸਾਡੇ ਰਿਸ਼ੀਆਂ, ਮੁਨੀਆਂ, ਪੀਰਾਂ, ਫਕੀਰਾਂ, ਗੁਰੂਆਂ ਦੀ ਰਚਿਤ ਬਾਣੀ ਵਿੱਚੋਂ ਮਿਲਦੀਆਂ ਹਨ। ਅਜਿਹੀ ਖੂਬਸੂਰਤ ਤੇ ਤੰਦਰੁਸਤ ਵਿਚਾਰਾਂ ਵਾਲੀ ਕਵਿਤਾ ਦੇ ਸਿਰਜਣਹਾਰ ਬੰਤਾ ਸਿੰਘ ਘੁਡਾਣੀ ਨੂੰ ਮੁਬਾਰਕ ਦਿੰਦਿਆਂ ਹੋਰ ਵੀ ਚੰਗੀ ਕਵਿਤਾ ਦੀ ਆਸ ਰੱਖ ਰਿਹਾ ਹਾਂ, ਤੁਹਾਡੀ ਕਲਮ ਤੋਂ।
ਪੜ੍ਹਦਿਆਂ-ਸੁਣਦਿਆਂ ਤੇ ਪਰਿਵਾਰ ਦੇ ਜੀਆਂ ਨੂੰ ਸਤਿ ਸ੍ਰੀ ਅਕਾਲ!
ਆਪ ਦਾ ਸ਼ੁਭਚਿੰਤਕ
ਗੁਰਮੇਲ ਮਡਾਹੜ
ਬੀ-4/91 ਅਸਤਬਾਲ
ਪਟਿਆਲਾ ਗੇਟ, ਸੰਗਰੂਰ-148001
ਫੋਨ- 0167 3232093




ਬੰਤਾ ਸਿੰਘ ਘੁਡਾਣੀ
ਬੰਤਾ ਸਿੰਘ ਜੀ ਘੁਡਾਣੀ ਕਲਾਂ ਨਾਲ ਮੇਰਾ ਤਾਜ਼ਾ ਵਾਹ ਕੋਈ ਮੌਕਾ-ਮੇਲ ਹੀ ਸਮਝੋ। ਇਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਜਦੋਂ ਮਿਲੇ ਤਾਂ ਇਉਂ ਲੱਗਿਆ ਕਿ ਅਸੀਂ 30-35 ਸਾਲ ਪਹਿਲਾਂ ਹੁਣ ਵਾਂਗ ਕਿਉਂ ਨਾ ਮਿਲ ਸਕੇ। ਇਹਨਾਂ ਦਾ ਭਤੀਜਾ ਰਾਜਬੀਰ ਮੇਰਾ ਹਮ-ਜਮਾਤੀ ਰਿਹਾ ਹੈ। ਇੱਕ ਹਮਜਮਾਤੀ ਹੀ ਨਹੀਂ ਕਾਲਜ ਦੇ ਸਮਿਆਂ ਵਿੱਚ ਜਦੋਂ ਵੀ ਅਸੀਂ ਜਬਰ-ਜ਼ੁਲਮ, ਵਧੀਕੀਆਂ, ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਰਾਜਬੀਰ ਆਪਣੀ ਭੈਣ ਕਮਲਜੀਤ ਨਾਲ ਸਾਡੇ ਉਸ ਕਾਫ਼ਲੇ 'ਚ ਮੁਹਰਲੀਆਂ ਕਤਾਰਾਂ ਵਿੱਚ ਖੜ੍ਹਦਾ ਰਿਹਾ। 1975 ਵਿੱਚ ਕਾਲਜ 'ਚ ਪੜ੍ਹਦੇ ਸਮੇਂ ਐਮਰਜੈਂਸੀ ਦਾ ਵਿਰੋਧ ਕਰਦੇ ਸਾਡੇ ਵਾਰੰਟ ਨਿਕਲੇ ਤਾਂ ਬਲਵੰਤ ਘੁਡਾਣੀ ਅਤੇ ਮੇਰੇ ਨਾਲ ਰਾਜਬੀਰ ਨੂੰ ਵੀ ਗੁਪਤਵਾਸ ਜੀਵਨ ਦੇ ਦਿਨ ਗੁਜਾਰਨੇ ਪਏ। ਇਹਨਾਂ ਦੇ ਘਰੇ ਸਾਡਾ ਆਉਣ-ਜਾਣ ਸਵੇਰ-ਸ਼ਾਮ ਹੁੰਦਾ ਸੀ। ਸਕੂਲ ਦੀ ਗਰਾਊਂਡ ਵਿੱਚ ਖੇਡਣ ਜਾਣਾ ਜਾਂ ਕਿਸੇ ਰੈਲੀ-ਮੁਜਾਹਰੇ ਵਿੱਚ ਜਾਣਾ, ਰਾਜਬੀਰ ਦੇ ਨਾਲ ਉਸਦੇ ਛੋਟੇ ਭਰਾ ਜੱਸਾ ਤੇ ਬੰਬੀ ਸ਼ਾਮਲ ਹੁੰਦੇ ਰਹੇ। ਚਾਚਾ ਜੀ ਕੋਲ ਪਹਿਲੀ ਵਾਰ ਮੈਂ ਅੰਮ੍ਰਿਤਸਰ ਉਦੋਂ ਗਿਆ ਸੀ ਜਦੋਂ ਅਸੀਂ 1976 ਦੇ ਫਰਵਰੀ ਦੇ ਮਹੀਨੇ 'ਚ ਆਪਣੇ ਪਿੰਡ ਨਾਟਕ ਕਰਵਾਉਣ ਲਈ ਗੁਰਸ਼ਰਨ ਸਿੰਘ ਦੀ ਟੀਮ ਬੁੱਕ ਕਰਵਾਉਣੀ ਸੀ। ਉਦੋਂ ਸਾਡੀ ਖਾਸ ਜਾਣ-ਪਛਾਣ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਮੈਂ ਲੋਕਾਂ ਦੀ ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਅਤੇ ਸੁਰਖ਼ ਰੇਖਾ ਪੇਪਰ ਕੱਢਣ ਲੱਗੇ ਤਾਂ ਇਹਨਾਂ ਨੇ ਮੈਨੂੰ ਮਿਲਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਸਮਿਆਂ 'ਚ ਸਾਡਾ ਤਾਲਮੇਲ ਨਹੀਂ ਸੀ ਹੋ ਸਕਿਆ। 
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ। 
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ। 
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ। 
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ। 
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। 
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। 
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਾਵਿ-ਮਿਆਰਾਂ ਦੇ ਮੁਤਾਬਕ ਨਹੀਂ ਲਿਆ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ  ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ। 
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)






ਤਤਕਰਾ
ਕੀ                                    ਕਿੱਥੇ
ਅੱਲਮ-ਗੱਲਮ                                1-32
ਹੇ ਸਦਜੀਵੀ ਹੇ ਅਬਿਨਾਸ਼ੀ 33
ਬਖਸ਼ਿਸ਼ ਕਰੋ ਹੇ ਮੇਰੇ ਦਾਤਾ 34
ਜੋ ਦਿਨ ਬੀਤੇ ਤੁੱਧ ਬਿਨ ਸੱਜਨਾ 35
ਜਿੰਦ ਮੈਂ ਜੀਵਾਂ ਡਟ ਕੇ 36
ਮੈਂ ਅਕਾਲ ਕਾਲ ਵਿੱਚ ਆਇਆ 37
ਲੜ ਲਹਿਰਾ ਜੇ ਲਾਇਆ ਸਾਨੂੰ 38
ਪਿੱਪਲ ਜੇਡਾ ਰੂਪ ਹੈ ਤੇਰਾ  39
ਖਿੱਚ ਦੁਨੀਆਂ ਦੀ ਸਾਰੀ ਛੱਡੀ 40
ਅਸੀਂ ਉਹਨਾਂ ਦੇ ਰਾਹੀ ਹਾਂ 41
ਘੜੀਆਂ ਪਲਾਂ ਵਿੱਚ ਵੰਡੇ ਬੇਸ਼ੱਕ 42
ਸਭ ਸਰੀਰਾਂ ਵਿੱਚ ਤੂੰ ਵਸਦਾ 43
ਹਰ ਪਾਸੇ ਮੈਂ ਤੈਨੂੰ ਦੇਖਾਂ  44
ਹਓਮੈਂ ਜਾਗੀ ਸੁੰਨ 'ਚੋਂ  45
ਅਰਬਾਂ ਖਰਬਾਂ ਧਰਤੀਆਂ 46
ਸਰਬ ਸੁੱਖ ਤੇ ਸਭ ਦੀ ਖੁਸ਼ੀ  47
ਹਮ ਕੌਣ ਤੁਮ ਕੌਣ 48
ਕੁਦਰਤ ਮੋਤੀ ਗੁੰਦ ਕੇ  49
ਬੁੱਧੀਮਾਨ ਮਨੁੱਖ ਜਦ ਇਹ ਜਾਣਦਾ 50
ਬਣੀਆਂ ਬੋਝਲ ਤਨ ਦੀਆਂ ਪੰਡਾਂ  51
ਕੈਦ ਵਿੱਚ ਹਾਂ ਜੇਲ੍ਹ ਅਨੋਖੀ  52
ਜੇਕਰ ਘਾਲ ਘਾਲਣੀ ਪਿਆਰੇ  53
ਸਰੀਰ ਸਵਾਰੀ ਜਿੰਦ ਦੀ 54
ਪੰਜ ਗੁਣਾਂ ਸੰਗ ਕਾਰ ਜਗਤ ਦੀ 55
ਜਿੰਦ ਅਸਾਡੀ ਥੋੜ੍ਹ ਚਿਰੀ ਹੈ 56
ਬਿਨਾ ਗੁਆਚੇ ਬਿਨ ਮਰ ਮੁੱਕੇ  57
ਮੇਰੀ ਮਰਜੀ ਹੋ ਨਹੀਂ ਸਕਦੀ 58
ਦੁਨੀਆਂ ਵਿੱਚ ਜੋ ਕੁਝ ਵੀ ਮਿਲਦਾ 59
ਤੱਕੜੀ ਕਿਸੇਨੇ ਹੱਥ ਫੜੀ ਹੈ 60-61
ਜੀਵਨ ਹਰ ਕੋਈ ਲੈ ਸਕਦਾ ਹੈ 62
ਤਾਰ ਤੂੰਬੇ ਦੀ ਜੇ ਕੋਈ ਖਿੱਚੇ 63
ਜਿਉਂ ਤੀਲੀ ਵਿੱਚ ਛਿਪਿਆ ਰਹਿੰਦਾ 64-65
ਰਿਸ਼ਤੇ ਮੰਨਣ ਕਾਮ ਦੇ 66
ਜੀਵਨ ਭਰ ਇੱਕ ਮੰਗ ਤੇਰੇ ਤੋਂ  67
ਰਿਸ਼ਤੇ ਚਾਹੇ ਸਾਰੇ ਟੁੱਟਣ 68-69
ਇੱਕੋ ਥਾਂ ਖਲੋਤਾ ਸਭ ਕੁਝ 70-72
ਆਪੋਂ ਆਪਣਾ ਨਾ ਬਣੇ 73
ਕੋਈ ਰੱਜ ਰੱਜ ਮਾਣੇ ਸਮੇਂ ਨੂੰ 74
ਨਸਲ ਇੱਕੋ ਇਨਸਾਨ ਦੀ  75
ਭਾਗਾਂ ਵਾਲੇ ਉਹ ਬੰਦੇ ਹੁੰਦੇ 76
ਹਰ ਚਮਕਦੀ ਸ਼ੈਅ ਨਾ ਸੋਨਾ 77
ਕਰਮ ਬਿਨਾ ਮੁਕਤੀ ਨਾ ਮਿਲਦੀ 78
ਚਤਰ-ਬੁੱਧੀ ਚਤਰਾਈ ਕਰਦੇ 79
ਰੱਬ ਨਾ ਗੁੰਝਲਦਾਰ ਬੁਝਾਰਤ 80
ਹੁਕਮੀ ਹੁਕਮ ਚਲਾਇਆ 81
ਕਾਮ ਕਰੋਧ ਲੋਭ ਮੋਹ 82
ਹਓਮੇਂ ਮਾਰੇ ਆਤਮਾ 83
ਕੌਣ ਜੰਮਿਆ ਹੈ ਜੱਗ ਅੰਦਰ 84
ਕਿਵੇਂ ਝੱਲਾਂ ਮੈਂ ਛੱਲ ਸਮੇਂ ਦੀ 85
ਖੇਡ ਤਮਾਸ਼ਾ ਜੱਗ ਦਾ  86
ਦਰਦ ਨਹੀਂ ਦਿਆ ਨਹੀਂ 87
ਘਿਰਨਾ ਘੇਰੇ ਮਨਾਂ ਨੂੰ 88
ਕੌਣ ਹੈ ਜਿਸ ਨੂੰ ਚਿੰਤਾ ਨਹੀਂ 89
ਜੇ ਖਿਮਾ ਨਾ ਕਰੀਏ ਕਿਸੇ ਨੂੰ 90
ਕਰੀਏ ਜੇਕਰ ਖਿਮਾ ਕਿਸੇ 'ਤੇ 91
ਬਖਸ਼ਿਸ਼ ਕਰਕੇ ਜੋ ਭੁਲਾਵਣ 92-93
ਰੱਖੋ ਸਦਾ ਯਾਦ ਕਿ ਸਭ ਏਕ ਹੈ 94-95
ਮਿਠਤੁ ਨੀਵੀਂ ਨਿੱਘ ਹਲੀਮੀ 96
ਨਾ ਕਿਰਨ ਦਾ ਵਾਸਾ ਦੂਰ ਹੈ 97
ਤੱਤੀ ਰੇਤ ਜੋ ਪੈਰ ਨਾ ਧਰਦੇ 98
ਪਤਝੜ ਵਿੱਚ ਕੀ ਗੱਲ ਹੈ ਬਹਾਰਾਂ ਦੀ 99
ਨਿਰਮਲ ਸੀਨੇ ਉੱਠੀ ਲਹਿਰ 100
ਇੱਕ ਮਾਲਾ ਦੇ ਮਣਕੇ ਸਾਰੇ 101
ਉਪਜੇ ਗਿਆਨ ਮੈਂ ਵੱਖ ਨਹੀਂ ਹਾਂ 103
ਸਮਾਂ ਖਲੋਤਾ ਤਣ ਕੇ 104
ਥਪੇੜੇ ਖਾ ਖਾ ਸਮੇਂ ਦੇ 105-06
ਪਿਆਰ ਦੀ ਇੱਕ ਚੂਲੀ ਬਦਲੇ 107-08
ਅਤਿ ਗਰੀਬ ਹੁੰਦੇ ਉਹ ਬੰਦੇ 109
ਗੁਣ ਬਦਲੇ ਜੇ ਗੁਣ ਕਰ ਸਕੀਏ 110
ਛੱਡ ਮਨਾਂ ਕਿਸੇ ਇੱਕ ਦਾ ਖਹਿੜਾ 111
ਦਿਸਦਾ ਹੈ ਜੋ ਬੰਦਾ ਚੰਗਾ 112
ਹਰ ਕਿਸੇ ਵਿੱਚ ਔਗੁਣ ਏਥੇ 113
ਆਪੋਂ ਅਸੀਂ ਹਾਂ ਕਾਰਨ ਆਪੇ 114
ਤੂੰ ਤਾਂ ਸਰਬ-ਵਿਆਪੀ ਸਾਗਰ 115
ਇਸ ਜੱਗ ਵਿੱਚ ਜੋ ਕੁਝ ਵੀ ਹੋਵੇ 116
ਵੀਰ ਮੇਰੇ ਗੱਲ ਬੰਨ੍ਹ ਇੱਕ ਪੱਲੇ 117
ਯਾਦ ਰੱਖ ਹੰਕਾਰੀਆ 118
ਲੋਕਾਂ ਸੰਗ ਨਾ ਵੈਰ ਕਮਾਵੀਂ 119
ਸੂਰਜ ਚੜ੍ਹਦਾ ਮਾਰ ਚਟਾਕਾ 120
ਮਾਰੇ ਜ਼ੋਰ ਚੜ੍ਹ ਜਾਵੇ ਉੱਚਾ 121
ਮੈਂ ਕੂੰਜ ਵਿੱਛੜੀ ਡਾਰੋਂ 122
ਸਮਾਂ ਬੀਤਿਆ ਢੇਰ ਸਾਰਾ 123
ਇੱਕੀਵੇਂ ਵਿੱਚ ਜਾਣ ਨਾ ਸਕਿਆ 124
ਪਿਆਰ ਦੀ ਚੜ੍ਹ ਉੱਚੀ ਟੀਸੀ 125
ਦੁਨੀਆਂ ਟੇਢੀ ਮੇਢੀ ਹੈ 126
ਬਾਬਾ ਆਦਮ ਦੇ ਬੱਚੇ 127
ਕੱਪ ਹੋਵੇ ਜਾਂ ਕੌਲੀ ਹੋਵੇ 128
ਮੰਜ਼ਲ ਟੁਰ ਕੇ ਆਪੇ ਆਉਂਦੀ 129
ਗਰਜ਼ਾਂ ਭਰੀ ਨੇੜਤਾ 130
ਜੇਕਰ ਕਿੰਤੂ ਮਨ ਵਿੱਚ ਉੱਠੇ 131
ਹੱਕ ਸੱਚ ਲਈ ਜੋ ਲੜਦੇ ਨੇ 132
ਮੱਥੇ ਧੂੜ ਲੱਗੀ ਰਾਹਾਂ ਦੀ 133
ਜੇਕਰ ਚਾਹੇ ਮਨ ਚਿੰਦੀ ਹੋਵੇ 134
ਜੇਕਰ ਤੁਪਕਾ ਪਾਣੀ 135
ਤੂੰ ਤਾਂ ਉਸਦੇ ਅੰਦਰ ਘੁੰਮੇਂ 136
ਚਾਹੇ ਕੁਦਰਤ ਰੱਬ ਦੀ 137
ਹਵਾ ਸਭਨਾਂ ਨੂੰ ਜਾ ਲੱਗੇ 138-39
ਜਦੋਂ ਕਦੀ ਵੀ ਰੱਬ ਦਾਤੇ ਨੂੰ 140-42
ਮੁਢਲਾ ਇੱਕ ਅਸੂਲ ਰੱਬ ਦਾ 143
ਜੇਕਰ ਮਨ ਸ਼ੱਕੀ ਹੋ ਜਾਵੇ 144
ਜੋ ਚਾਹੋ ਉਸਨੂੰ ਫਰੋਲੋ 145
ਸਤਿਗੁਰ ਚਾਨਣ ਦਿੱਤਾ ਸਾਨੂੰ 146
ਮਨ ਚੋਰ ਚਮਚੋਰ ਹੋ ਗਿਆ  147
ਮੌਤ ਕੋਲੋਂ ਕੋਈ ਕਿਉਂ ਘਬਰਾਵੇ 148
ਇੱਕ ਜੀਵ ਅਨੋਖਾ ਧਰਤੀ ਉੱਤੇ 149
ਪੰਜਾਂ ਕੋਲੋਂ ਅੱਕਿਆ ਥੱਕਿਆ 150
ਇਹ ਮਨ ਮੇਰਾ ਜਦ ਵੀ ਬੋਲੇ 151
ਗੀਤ ਤੇਰੇ ਨਿੱਤ ਗਾਵਾਂ ਸੱਜਨਾ 152
ਤੂੰ ਤਾਂ ਜਾਣੀ ਜਾਣ ਸੱਜਨਾ 153
ਬਣੀਆਂ ਬੋਝਲ ਮਨ ਦੀਆਂ ਪੰਡਾਂ 154
ਕਿਸ ਅੱਗੇ ਅਰਦਾਸ ਕਰਾਂ ਮੈਂ 155
ਕਈ ਵਾਰੀ ਕੁਝ ਵੱਢ ਵੱਢ ਖਾਵੇ 156
ਜਿੰਨਾ ਭੈੜ ਹੈ ਇਸ ਜੱਗ ਅੰਦਰ 157
ਮਨ ਹੋਰ ਮੁੱਖ ਹੋਰ ਨੇ ਬੰਦੇ 158
ਨੰ. 1. ਹਰੀ ਸਿੰਘਾ ਤੇਰੀ ਚਿੱਠੀ ਆਈ 159
ਨੰ. 2. ਹੁਣ ਤਾਂ ਵਾਰੀ ਜਾਣ ਦੀ 159
ਨੰ. 3. ਫਿਰ ਭੀ ਸੱਜਨਾ ਦਰ ਤੇਰੇ ਦਾ 160
ਨੰ. 4. ਮੱਤ ਘਬਰਾਵੀਂ ਮੌਤ ਤੋਂ  160-61
ਨੰ. 5. ਸੱਜਨਾ ਤੇਰੇ ਪੈਂਡੇ ਆਇਆਂ 161-62
ਨਾ ਮੈਂ ਹੱਥ ਨਾ ਪੈਰ ਹਾਂ 162
ਘੁੰਮਦਾ ਫਿਰਾਂ ਮੈਂ ਚਾਰ ਚੁਫੇਰੇ 163
ਮੈਂ ਮੇਰੀ ਸੰਗ ਫਸ ਬੈਠਾ ਮੈਂ 164
ਇੱਕ ਛਿਨ ਭਰ ਮੈਂ ਓਹੀਓ ਨਾਹੀ 165
ਬੀਤੀ ਉਮਰਾ ਸਾਰੀ ਥੋੜ੍ਹੀ ਰਹਿ ਗਈ 166
ਇੱਕੋ ਭਾਂਡੇ ਦੋਵੇਂ ਵਸਣ 167
ਇੱਕ ਇੱਕ ਕਰਕੇ ਬੂੰਦ ਜੁੜੀ ਜਦ 168
ਕੀ ਕਿਸੇ ਨੇ ਜੱਗ ਬਣਾਇਆ ਹੈ 169
ਤੇਰਾ ਮੁੱਢ ਸੰਘਰਸ਼ ਵਿੱਚੋਂ ਹੈ 170
ਇੱਕ ਅਣਖੀ ਜਿੰਦ ਤੂੰ ਦਿੱਤੀ 172
ਥਾਂ ਥਾਂ ਲੱਭਦਾ ਫਿਰੇ 173-74
ਪੀੜ ਵਿਛੋੜਾ 175-76
ਹੇ ਸਦਜੀਵੀ! ਹੇ ਅਬਨਾਸ਼ੀ!

ਹੇ ਸਦਜੀਵੀ, ਹੇ ਅਬਨਾਸ਼ੀ
ਪਰਮ ਸਤਾ, ਹੇ ਸਰਵ-ਵਿਆਪੀ,
ਆਪਣੇ ਅਸਲੇ ਨਾਲੋਂ ਮੈਂ ਟੁਟਿਆ,
ਥਾਂ ਥਾਂ ਘੁਮਿਆ ਥਾਂ ਥਾਂ ਰੁਲਿਆ,
ਸਾਹ ਸਤ ਮੇਰਾ ਮੁਕਿਆ।
ਤੇਰੇ ਚਰਨਾਂ ਵਿਚ ਅਰਜ਼ੋਈ,
ਆਪੇ ਸੰਗ ਤੂੰ ਜੋੜ ਅਸਾਂ ਨੂੰ,
ਟੁਰਾਂ ਜੋ ਪੈਂਡਾ ਰੁਕਿਆ।
ਬੇਸ਼ਕ ਮਿਣਵੇਂ ਨੇ ਸਾਹ ਮੇਰੇ,
ਘਰ ਕੀ ਘਾਟਾ ਸਜਨਾ ਤੇਰੇ,
ਖਿੜਾ ਦੇਹ ਫੁੱਲ, ਜੋ ਸੁਕਿਆ।
ਸਮੇਂ ਦਾ ਧਨ ਜੋ ਸਾਨੂੰ ਮਿਲ਼ਿਆ,
ਸਾਰਾ ਹੀ ਗਿਆ ਲੁਟਿਆ।
ਸਾਡਾ ਤਾਣਾ ਬਾਣਾ ਟੁਟਿਆ,
ਖ਼ਾਲੀ ਹੱਥ ਕਿਵੇਂ ਮੁੜ ਆਵਾਂ,
ਰਹਿਮਤ ਕਰ ਮੇਰੇ ਸਜਨਾ,
ਮੈਂ ਦਰ ਤੇਰੇ ਤੇ ਝੁਕਿਆ।
ਮੈਨੂੰ ਮੇਰੇ ਦਾਤਿਆ ਆਪਣੇ ਰਾਹ ਤੇ ਟੋਰ,
ਜਾਂਦੀ ਵਾਰੀ ਮੰਗੇ ਨਾ ਮਨ ਜਨਮ ਇੱਕ ਹੋਰ। 








ਬਖਸ਼ਿਸ਼ ਕਰੋ ਹੇ ਮੇਰੇ ਦਾਤਾ

ਬਖਸ਼ਿਸ਼ ਕਰੋ ਹੇ ਮੇਰੇਂ ਦਾਤਾ
ਤੇਰੇ ਸੰਗ ਮੇਰੀ ਪ੍ਰੀਤੀ ਲੱਗੇ।
ਕਦੀ ਮੈਂ ਤੇਰੇ ਪਿੱਛੇ ਦੌੜਾਂ
ਕਦੀ ਮੈਂ ਦੌੜਾਂ ਤੇਰੇ ਅੱਗੇ।

ਜਿਥੋਂ ਟੁਰਿਆਂ ਖੜ੍ਹਾਂ ਮੈਂ ਓਥੇ
ਟੁਰ ਟੁਰ ਥੱਕਿਆ ਮੈਨੂੰ ਲੱਗੇ।
ਐਸੀ ਖੇਡ ਰਚਾਈ ਤੂੰ ਦਾਤਾ
ਬਿਨ ਭੱਜਿਆਂ ਹੀ ਹਰ ਕੋਈ ਭੱਜੇ।

ਛਿਨ ਭਰ ਲਈ ਛਲਾਵਾ ਉਪਜੇ
ਹਰ ਥਾਂ ਭਰਿਆ ਭਰਿਆ ਲੱਗੇ।
ਸੱਚ ਝੂਠ ਰਲ਼ ਖੇਡਾਂ ਕਰਦੇ
ਝੂਠਾ ਭਾਂਡਾ ਇੱਕ ਦਿਨ ਭੱਜੇ।













ਜੋ ਦਿਨ  ਬੀਤੇ ਤੁਧ ਬਿਨ ਸਜਨਾ

ਜੋ ਦਿਨ ਬੀਤੇ ਤੁਧ ਬਿਨ ਸਜਨਾ,
ਜੋ ਦਿਨ ਬੀਤੇ ਬਿਨ ਕਰਮ ਕਮਾਏ,
ਮਨ ਸਾਡੇ ਨੂੰ ਚੈਨ ਨਾ ਆਵੇ,
ਉਹ ਦਿਨ ਸਾਡਾ ਨਸ਼ਟ ਹੋ ਜਾਏ।

ਭੋਰਾ ਭਰ ਚਾਨਣ ਦਾ ਕਿਧਰੋਂ,
ਰੱਬ ਸਬੱਬੀ ਜੇ ਮਿਲ਼ ਜਾਏ,
ਰਾਤ ਹਨੇਰੀ ਪਾਵੇ ਨਾ ਫੇਰੀ,
ਉਹ ਦਿਨ ਸਾਡਾ ਜਿੰਦ ਬਣ ਜਾਏ।

ਪੰਜਾਂ ਸੰਗ ਅਸੀਂ ਛਿੰਝ ਪਾਈਏ,
ਮਨ ਸਾਡਾ ਕਾਬੂ ਵਿਚੱ ਆਏ,
ਮੁੱਕ ਜਾਵਣ ਗ਼ਮ ਸਾਡੀ ਜਿੰਦ ਦੇ,
ਖੇੜਾ ਸਾਡੀ ਰੂਹ ਨਿਸ਼ਿਆਏ।

ਬੇਬਸੀ ਤੇ ਡਰ ਹਾਰ ਦਾ,
ਜਿੰਦ ਸਾਡੀ ਨੂੰ ਨਾ ਡੁਲਾਏ,
ਜੇਕਰ ਜੰਗ ਜੀਵਨ ਦੀ ਜਿੱਤੀਏ,
ਹੋਉਮੇਂ ਸਾਨੂੰ ਨਾ ਭਰਮਾਏ।

ਸੰਗਤ ਸੰਗ ਸਾਂਝ ਨਿੱਤ ਕਰੀਏ,
ਆਪਾ ਸਾਡਾ ਨਾ ਕਮਲਾਏ,
ਸਵੈ-ਪੜਚੋਲ ਨਿਤ ਬਹਿ ਕਰੀਏ,
ਮਨ ਦੀ ਮੈਲ਼ ਲੱਥਦੀ ਜਾਏ।
ਦਰ ਸੱਜਨ ਦਾ ਫਿਰ ਦਿਸ ਆਏ।


ਜਿੰਦ ਮੈਂ ਜੀਵਾਂ ਡਟ ਕੇ

ਜਿੰਦ ਮੈਂ ਜੀਵਾਂ ਡਟ ਕੇ
ਸਜਨ ਸੰਗ ਸਮਾਏ।
ਜਿਧਰ ਵੇਖਾਂ ਉਹ ਦਿਸੇ
ਕੋਈ ਹੋਰ ਨਾ ਨਜ਼ਰੀਂ ਆਏ।

ਗੁਨਾਹ ਜੇਕਰ ਹੋ ਜਾਵੇ ਕੋਈ
ਆਪਾ ਚੈਨ ਨਾ ਪਾਏ।
ਮਾਇਆ ਜਾਲ਼ ਫਸਾਵੇ ਸਭ ਨੂੰ
ਕਰ ਕਿਰਪਾ ਆਪ ਛੁਡਾਏ।

ਇਸ ਦੁਨੀਆਂ ਵਿਚ ਕੋਈ ਨਾ ਪੂਰਾ
ਕੀ ਹੋਇਆ ਜੇ ਤੂੰ ਅਧੂਰਾ
ਮਤ ਕੋਸੀਂ ਤੂੰ ਆਪਣਾ ਆਪਾ
ਜੋ ਪੂਰਾ ਹੁੰਦਾ ਜਾਏ। 













ਮੈਂ ਅਕਾਲ ਕਾਲ਼ ਵਿੱਚ ਆਇਆ

ਮੈਂ ਅਕਾਲ ਕਾਲ਼ ਵਿਚ ਆਇਆ
ਮਾਇਆ ਸੰਗ ਮਿਲ ਜਗਤ ਉਪਾਇਆ।
ਸੁੰਨ ਸਮਾਧੀ ਮੇਰੀ ਟੁੱਟੀ,
ਥਾਂ ਥਾਂ ਆਪਣਾ ਆਪ ਖਿੰਡਾਇਆ।

ਲਗੇ ਨਾ ਸੋਝੀ ਆਪਣੇ ਆਪ ਦੀ
ਕਿ ਮੈਂ ਕਿਵੇਂ ਤੇ ਕਿਥੋਂ ਆਇਆ।
ਪਰਮ ਪੁਰਖ ਮੈਂ ਬੇਸ਼ਕ ਹੋਵਾਂ,
ਆਪੇ ਦਾ ਪਰ ਭੇਦ ਨਾ ਪਾਇਆ।

ਬੁਝਣ ਲਈ ਮੈਂ ਆਪਣਾ ਆਪਾ,
ਸੁੰਨ ਸਮਾਧੀ ਤੋੜ ਕੇ ਆਇਆ।
ਥਾਹ ਆਪੇ ਦੀ ਪਾ ਨਾ ਸਕਿਆ
ਆਦਿ ਕਾਲ਼ ਤੋਂ ਮੈਂ ਭਰਮਾਇਆ। 













ਲੜ ਲਹਿਰਾਂ ਦੇ ਲਾਇਆ ਸਜਨਾ

ਲੜ ਲਹਿਰਾਂ ਜੇ ਲਾਇਆ ਸਾਨੂੰ,
ਵੇਖੀਂ ਨਾ ਖਿਸਕਾਈਂ ਵੇ।
ਭਵ-ਸਾਗਰ ਵਿੱਚ ਸੁੱਟ ਕੇ ਸਾਨੂੰ,
ਆਪੇ ਆਪ ਤਰਾਈਂ ਵੇ।

ਤੇਰੀ ਹਿਕੜੀ ਤੇ ਸਾਂ ਸੁੱਤੇ
ਪਤਾ ਨਹੀਂ ਅਸੀਂ ਕਿਉਂ ਭੱਜ ਉੱਠੇ।
ਰੁੱਸ ਨਾ ਜਾਵੀਂ ਮੇਰੇ ਸਜਨਾ,
ਵਿਛੜਿਆਂ ਨੂੰ ਗਲ਼ ਲਾਈਂ ਵੇ।

ਸਜਨਾ ਆ ਕੇ ਬਾਂਹ ਫੜ ਸਾਡੀ,
ਪੀੜ ਵਿਛੋੜੇ ਦੀ ਹੈ ਡਾਢੀ।
ਪੰਜ ਸੰਗਲ ਨੇ ਪੈਰੀਂ ਸਾਡੇ,
ਆ ਕੇ ਆਪ ਛੁਡਾਈ ਵੇ। 













ਪਿੱਪਲ ਜੇਡਾ ਰੂਪ ਹੈ ਤੇਰਾ

ਪਿੱਪਲ ਜੇਡਾ ਰੂਪ ਹੈ ਤੇਰਾ
ਬੀਜ ਜੇਹਾ ਮੈਂ ਹੋਈ।
ਧੁਰ ਅਸਮਾਨੀ ਪੱਤੇ ਤੇਰੇ,
ਵਿੱਚ ਪਤਾਲੀਂ ਸੋਈ।

ਪਰ ਸਜਨਾ ਤੂੰ ਮੈਂ ਵਿੱਚ ਛੁਪਿਆ,
ਜਾਣੇ ਕੋਈ ਕੋਈ।
ਬੀਜ ਵਿਚੋਂ ਹੀ ਪਿੱਪਲ ਹੋਇਆ,
ਪਿੱਪਲੋਂ ਬੀਜ ਹੈ ਹੋਈ। 

ਕੀ ਤੜਫ਼ਣ ਹੈ ਤੇਰੇ ਸੀਨੇ,
ਕਿਉਂ 'ਮੈਂ' ਵਿੱਚ 'ਤੂੰ' ਪਰੋਈ।
ਸੁੰਨ ਸਮਾਧੀ ਕਿਉਂ ਟੁੱਟੀ,
ਵਾਰ ਵਾਰ ਕਿਉਂ ਹੋਈ। 













ਖਿੱਚ ਦੁਨੀਆਂ ਦੀ ਸਾਰੀ ਛੱਡੀ

ਖਿੱਚ ਦੁਨੀਆਂ ਦੀ ਸਾਰੀ ਛੱਡੀ,
ਸਾਨੂੰ ਇੱਕੋ ਧੂਹ ਸਮਾਈ ਵੇ।
ਹਰ ਇੱਕ ਸ਼ੈ ਵਿੱਚ ਇੱਕੋ ਤਕੀਏ,
ਇੱਕ ਲੱਗੇ ਕੁੱਲ ਖ਼ੁਦਾਈ ਵੇ।

ਅੰਦਰਲਾ-ਰੱਜ ਦੇਵੀਂ ਸਜਨਾ,
ਸਾਡੀ ਫਿਰੇ ਨਾ ਜਿੰਦ ਭਰਮਾਈ ਵੇ।
ਸਿਦਕ-ਦਿਲੀ ਅਕੀਦਤ ਦੇਵੀਂ,
ਅਸੀਂ ਕਰੀਏ ਨਾ ਚੁਤਰਾਈ ਵੇ।

ਮਨ ਵਿੱਚ ਮੈਲ਼ ਨਾ ਸਾਡੇ ਆਵੇ,
ਸਾਡੀ ਰੂਹ ਦੀ ਕਰੀਂ ਸਫ਼ਾਈ ਵੇ।
ਕਰ ਸਕੀਏ ਕੁਝ ਦੇ ਸਕੀਏ ਕੁਝ,
ਸਾਡੇ ਅੰਦਰ ਚਿਣਗ ਜਗਾਈਂ ਵੇ।













ਅਸੀਂ ਉਹਨਾਂ ਦੇ ਰਾਹੀਂ ਹਾਂ

ਅਸੀਂ ਉਹਨਾਂ ਦੇ ਰਾਹੀਂ ਹਾਂ,
ਜੋ ਰੱਬੀ ਰਾਹ ਦੇ ਬੰਦੇ ਨੇ।
ਤੇ ਸੰਸਾਰੀ ਚਤਰ-ਬੁੱਧੀ ਜੋ,
ਰੱਬ ਜਾਣੇ ਉਹ ਚੰਗੇ ਨੇ।

ਮੇਲ ਨਾ ਸਾਡਾ ਸੰਗ ਉਹਨਾਂ ਦੇ,
ਚੁਤਰ-ਬੁੱਧੀ ਜੋ ਬੰਦੇ ਨੇ।
ਸਾਨੂੰ ਫੱਤੂ ਫੱਤੇ ਚੰਗੇ,
ਜੋ ਰੱਬੀ ਰੰਗ ਵਿਚ ਰੰਗੇ ਨੇ।

ਅਸੀਂ ਉਹਨਾਂ ਦੇ ਸਦਕੇ ਜਾਈਏ,
ਜੋ ਬੰਦਿਆਂ ਦੇ ਬੰਦੇ ਨੇ।
ਕੰਮ ਉਹਨਾਂ ਦੇ ਜੇ ਆ ਜਾਈਏ,
ਭਾਗ ਅਸਾਡੇ ਚੰਗੇ ਨੇ।













ਘੜੀਆਂ ਪਲਾਂ ਵਿਚ ਵੰਡੋ ਬੇਸ਼ਕ

ਘੜੀਆਂ ਪਲਾਂ ਵਿਚ ਵੰਡੋ ਬੇਸ਼ਕ,
ਕਾਇਆਂ ਆਪਣੀ ਦੇ ਦਿਨ ਚਾਰ।
ਪਰ ਸਮਾਂ ਨਾ ਵੰਡਿਆ ਜਾਵੇ,
ਬੀਤਣ ਚਾਹੇ ਸਾਲ ਹਜ਼ਾਰ।

ਕਾਲ਼ ਅਕਾਲ਼ 'ਚੋਂ ਉਤਪਨ ਹੋਇਆ,
ਚੱਲੇ ਪਈ ਅਨੋਖੀ ਕਾਰ।
ਕਿਧਰੇ ਸੂਰਜ ਮੰਡਲ ਉਪਜੇ,
ਕਿਧਰੇ ਉਪਜੇ ਜੱਗ-ਬਾਜ਼ਾਰ।

ਇਹ ਦੁਨੀਆਂ ਜੋ ਅਸੀਂ ਵੇਖਦੇ,
ਐਸੇ ਕਈ ਨੇ ਜੱਗ ਹਜ਼ਾਰ।
ਟੁੱਟੀ ਸੁੰਨ ਸਮਾਧੀ ਉਹਦੀ,
ਜੰਮਿਆ ਕਾਲ਼ ਹੋਇਆ ਭਰਮਾਰ।

ਹੁੰਦਾ ਆਇਆ ਹੁੰਦਾ ਜਾਵੇ,
ਭਰਦਾ ਜਾਵੇ ਲਖ ਭੰਡਾਰ।
ਟੋਟ ਨਾ ਆਈ ਟੋਟ ਨਾ ਆਵੇ,
ਐਸਾ ਚੱਲਿਆ ਕਾਰੋ-ਬਾਰ।

ਇੱਕ ਸਮੇਟੇ ਇੱਕ ਉਪਾਵੇ,
ਕਰੇ ਕਾਲ਼ ਐਸਾ ਵਾਪਾਰ।
ਕਿਸ ਮੰਜਲ ਵੱਲ ਵੱਧਦਾ ਜਾਵੇ,
ਕਿਵੇਂ ਜਾਣੀਏ ਅਪਰੰਮ ਪਾਰ। 



ਸਭ ਸਰੀਰਾਂ ਵਿੱਚ ਤੂੰ ਵਸਦਾ

ਸਭ ਸਰੀਰਾਂ ਵਿੱਚ ਤੂੰ ਵਸਿਆ,
ਬੇ-ਸਰੀਰਾ ਭੀ ਤੂੰ ਹੈਂ।
ਹੋਂਦ ਤੇਰੀ ਦਾ ਸਾਗਰ ਸਜਨਾ,
ਫੈਲਿਆ ਕੁਲ ਜਹਾਨ।

ਕਣ ਕਣ ਅੰਦਰ ਹੋਂਦ ਹੈ ਤੇਰੀ,
ਤੇਰੇ ਸਦਕੇ ਹੋਂਦ ਹੈ ਮੇਰੀ।
ਬਿਨ ਸਰੀਰੋਂ ਤੂੰ ਹੀ ਤੂੰ ਹੈਂ,
ਸਰੀਰਾਂ ਵਿੱਚ ਤਾਂ ਮੈਂ ਹੀ ਮੈਂ ਹਾਂ।

ਬਿਨ ਸਰੀਰੋਂ ਮੈਂ ਤੂੰ ਹੋ ਜਾਵਾਂ,
ਸਰੀਰ ਹੋਵੇ ਤੂੰ ਮੈਂ ਹੋ ਜਾਵੇ।
ਤੇਰਾ ਮੇਰਾ ਭੇਦ ਨਾ ਕੋਈ,
ਵੱਖ ਵੱਖ ਬੇਸ਼ੱਕ ਨਾਮ।

ਇਹ ਰੱਬਤਾ ਹੈ ਤੇਰੇ ਕਾਰਨ,
ਇਹ ਰੱਬਤਾ ਹੈ ਮੇਰੇ ਕਾਰਨ।
ਮੈਂ ਨਾ ਹੋਵਾਂ ਹੋਵੇ ਨਾ ਰੱਬਤਾ,
ਤੂੰ ਨਾ ਹੋਵੇਂ ਮੈਂ ਨਾ ਹੋਵਾਂ।

ਸਰੀਰ ਮਿਟੇ ਮੈਂ ਤੂੰ ਹੋ ਜਾਵਾਂ,
ਸਰੀਰ ਹੋਵੇ ਤੂੰ ਮੈਂ ਅਖਵਾਵਾਂ।
ਤੇਰੀ ਮੇਰੀ ਹੋਂਦ ਕਿਉਂ ਹੈ,
ਇਹ ਬੁਝਾਰਤ ਬੁਝ ਨਾ ਪਾਵਾਂ।



ਹਰ ਪਾਸੇ ਮੈਂ ਤੈਨੂੰ ਵੇਖਾਂ

ਹਰ ਪਾਸੇ ਮੈਂ ਤੈਨੂੰ ਵੇਖਾਂ,
ਹਰ ਸ਼ੈ ਵਿੱਚ ਤੂੰ ਨਜ਼ਰੀਂ ਆਵੇਂ।
ਕਿਧਰੇ ਤੈਨੂੰ ਰੁਲ਼ਦਾ ਵੇਖਾਂ,
ਕਿਧਰੇ ਵੇਖਾਂ ਹੁਕਮ ਚਲਾਵੇਂ।

ਇਕ ਤੋਂ ਤੂੰ ਅਨੇਕ  ਹੈਂ ਬਣਿਆ,
ਅਨੇਕ ਤੋਂ ਮੁੜ ਇੱਕ ਹੋ ਜਾਵੇਂ।
ਮੁੜ ਤੇਰੀ ਭੀ ਹੋਂਦ ਗੁਆਚੇ,
ਸੁੰਨ ਸਮਾਧੀ ਵਿੱਚ ਸਮਾਵੇਂ।

ਆਨੰਤ ਕਾਲ਼ ਤੋਂ ਬੇਹਿਸ ਹੋਇਆ,
ਮੁੜ ਆਪੇ ਨੂੰ ਫਿਰ ਗਰਮਾਵੇਂ।
ਜੋ ਜੱਗ ਤੇਰੇ ਵਿੱਚ ਗੁਆਚੇ,
ਮੁੜ ਮੁੜ ਸਾਰੇ ਜੱਗ ਰਚਾਵੇਂ।

ਕਦੀ ਤੂੰ ਜਾਗੇਂ ਕਦੀ ਤੂੰ ਸੋਵੇਂ,
ਕਦੀ ਗੁਆਚੇ ਕਦੀ ਤੂੰ ਹੋਵੇਂ।
ਅਟੱਲ ਹੁਕਮ ਦਾ ਤੂੰ ਹੈਂ ਗੋਲਾ,
ਕਦੀ ਤੂੰ ਹਸੇਂ ਕਦੀ ਤੂੰ ਰੋਵੇਂ।

ਸਾਰੀ ਨੇਕੀ ਦਾ ਤੂੰ ਸਾਗਰ,
ਸਾਰੀ ਬਦੀ ਤੂੰ ਕਰੇਂ ਉਜਾਗਰ।
ਮਨਫੀ ਜੋੜ ਜਮਾਂ ਤਕਸੀਮ,
ਅਟੱਲ ਹੁਕਮ ਦੀ ਅਟੱਲ ਸਕੀਮ।



ਹਓਮੇਂ ਜਾਗੀ ਸੁੰਨ 'ਚੋਂ

ਹਓਮੇਂ ਜਾਗੀ ਸੁੰਨ 'ਚੋਂ,
ਜਾਗੇ ਕਾਮ ਕਰੋਧ।
ਪਈਆਂ ਤੰਦਾਂ ਮੋਹ ਦੀਆਂ,
ਉਤਪਨ ਹੋਇਆ ਲੋਭ।

ਕਣ ਕਣ ਖਿੱਚੇ ਕਣ ਨੂੰ,
ਮੁੜ ਮੁੜ ਹੋਣ ਸੰਯੋਗ।
ਖ਼ੁਸ਼ੀਆਂ ਹੋਵਨ ਥੋੜੀਆਂ,
ਵਧਦੇ ਜਾਵਣ ਰੋਗ।

ਕਸ਼ਟਾਂ ਵਿੱਚ ਪਈ ਜ਼ਿੰਦਗੀ,
ਮੁੜ ਮੁੜ ਕਰਦੀ ਭੋਗ।
ਜਿਊਣਾ ਲੋਚੇ ਸਦਾ ਲਈ,
ਖੁਸ਼ੀ ਹੋਵੇ ਜਾਂ ਸੋਗ। 













ਅਰਬਾਂ ਖਰਬਾਂ ਧਰਤੀਆਂ

ਅਰਬਾਂ ਖਰਬਾਂ ਧਰਤੀਆਂ,
ਅਰਬਾਂ ਸੂਰਜ ਚੰਦ।
ਚੱਕਰ ਚੱਲਿਆ ਜੱਗ ਦਾ,
ਟੁਟਿਆ ਜਦੋਂ ਅਨੰਦ।

ਅਗਨੀ ਉਤਪੰਨ ਹੋ ਗਈ,
ਜਦ ਆਪਾ ਹੋਇਆ ਤੰਗ।
ਸਭ ਪਾਸੀਂ ਅੱਗਾਂ ਲੱਗੀਆਂ,
ਜਦ ਹੋਇਆ ਭੰਗ ਆਨੰਦ।

ਅੱਗਾਂ ਵਿੱਚੋਂ ਉਪਜਿਆ,
ਜੀਵਨ ਦਾ ਇੱਕ ਰੰਗ।
ਭੱਜਦੀ ਫਿਰਦੀ ਜ਼ਿੰਦਗੀ,
ਲੱਭਦੀ ਫਿਰੇ ਆਨੰਦ।

ਹੋਵੇ ਆਪਾ ਤੰਗ ਕਿਉਂ,
ਕਿਉਂ ਹੋਵੇ ਭੰਗ ਆਨੰਦ।
ਮਨਫੀ ਜਮ੍ਹਾਂ ਕਿਉਂ ਜੰਨਮਦੇ,
ਕਿਉਂ ਛਿੜ ਜਾਵੇ ਜਿੰਦ ਜੰਗ।

ਬੇਲੋੜਾ ਸਭ ਕੁਝ ਜਾਪਦਾ,
ਥੋੜ੍ਹ-ਚਿਰੇ ਸਭ ਸੰਗ।
ਇਕੱ ਵਿਚੋਂ ਹੀ ਉਪਜਦੇ,
ਭਾਂਤ ਭਾਂਤ ਦੇ ਰੰਗ।



ਸਰਵ-ਸੁੱਖ ਤੇ ਸਭ ਦੀ ਖੁਸ਼ੀ

ਸਰਵ-ਸੁਖ ਤੇ ਸਭ ਦੀ ਖ਼ੁਸ਼ੀ,
ਅਮਨ ਚੈਨ ਜੱਗ ਵਿਚ ਜੇ ਆਵੇ।
ਐਸਾ ਕਰਮ ਕਰੇ ਜੇ ਬੰਦਾ,
ਸਮਝੋ ਜੱਗ ਵਿੱਚ ਪੁੰਨ ਕਮਾਵੇ।

ਸੱਚ ਤਰਾਜ਼ੂ ਤੇ ਜੋ ਤੋਲੇ,
ਸਰਵ-ਵਿਆਪਕ ਮਾਪ ਬਣਾਵੇ।
ਜੋ ਕਰੇ ਤੇ ਜੋ ਉਹ ਬੋਲੇ,
ਸੱਚ-ਕਰਮ ਬਾਣੀ ਬਣ ਜਾਵੇ। 

ਕਾਮ, ਕਰੋਧ, ਲੋਭ, ਮੋਹ, ਹੋਊਮੇਂ,
ਗੈਰ ਕੁਦਰਤੀ ਕਰਮ ਕਮਾਵੇ।
ਐਸੇ ਕਰਮ ਕਰੇ ਜੋ ਬੰਦਾ,
ਸਮਝੋ ਜੱਗ ਵਿਚ ਪਾਪ ਕਮਾਵੇ।

ਸਜ਼ਾ ਪਾਪ ਦੀ ਭੁਗਤੇ ਬੰਦਾ,
ਆਪਾ ਉਸ ਦਾ ਮਰ ਮੁੱਕ ਜਾਵੇ।
ਟੁਰਦੀ ਫਿਰਦੀ ਲਾਸ਼ ਓਸਦੀ,
ਹਰ ਕਿਸੇ ਨੂੰ ਪਈ ਡਰਾਵੇ।

ਔਖਾ ਰਾਹ ਹੈ ਪੁੰਨ ਕਰਮ ਦਾ,
ਪਰ ਜੋ ਸੂਰਾ ਨਾ ਘਬਰਾਵੇ।
ਸੱਚ-ਕਸਵੱਟੀ ਤੇ ਪੂਰਾ ਉਤਰੇ,
ਉਸ ਅੱਗੇ ਸੀਸ ਝੁਕ ਜਾਵੇ।



ਹਮ ਕੌਣ ਤੁਮ ਕੌਣ?

ਹਮ ਕੌਣ ਤੁਮ ਕੌਣ?
ਮਿੱਟੀ ਸੰਗ ਭਰੇ ਅੰਗਿਆਰੇ।
ਕਾਮ, ਕਰੋਧ, ਲੋਭ, ਮੋਹ, ਹੋਊਮੇਂ,
ਰਲ਼ ਮਿਲ਼ ਕੀਤੇ ਇਹਨਾਂ ਨੇ ਕਾਰੇ।

ਸਤਿਸੰਗ ਹੈ ਰੱਬੀ ਰੰਗ,
ਮੇਟੇ ਝੂਠ ਸੱਚ ਨਿਤਾਰੇ।
ਮਨ-ਤਜ ਨਾਮ-ਭਜ,
ਮਿਲ਼ ਜਾਂਦੇ ਨੇ ਫਿਰ ਸੁੱਖ ਸਾਰੇ।

ਖੋਜ ਕਰਕੇ ਜੋ ਲੱਭੇ ਦਰ,
ਤਿਸ ਨੂੰ ਕਰ ਸਦ-ਨਮਸ਼ਕਾਰੇ।
ਖੋਲ੍ਹੇ ਅੱਖ ਚੁਗਿਰਦੇ ਤੱਕੇ,
ਅਰਬਾਂ ਖਰਬਾਂ ਰੂਪ ਤੁਮਾਰੇ।

ਏਧਰ ਭੱਜ ਓਧਰ ਭੱਜ,
ਨਾ ਆਵੇ ਰੱਜ ਤੱਕ ਨਜ਼ਾਰੇ।
ਰਹਿ ਹਜ਼ੂਰ ਚੜ੍ਹੇ ਸਰੂਰ,
ਮਿਟ ਜਾਂਦੇ ਨੇ ਸੰਸੇ ਸਾਰੇ।

ਦਿਸੇ ਅਨੇਕ ਅੰਦਰੋਂ ਏਕ,
ਇੱਕ ਹੀ ਹੈਂ ਤੂੰ, ਤੇ ਚੰਦ ਤਾਰੇ।
ਸਭ ਜੱਗ ਰੂਪ, ਇੱਕੋ ਦਾ ਸੱਜਨਾ
ਇੱਕੋ ਹੈ ਸਭ ਕੁੱਝ ਪਿਆਰੇ। 



ਕੁਦਰਤ ਮੋਤੀ ਗੁੰਦ ਕੇ

ਕੁਦਰਤ ਮੋਤੀ ਗੁੰਦ ਕੇ,
ਬਣਾਇਆ ਹੈ ਇੱਕ ਜਾਲ਼।
ਇੱਕ ਮੋਤੀ ਵਿੱਚੋਂ ਦਿਸਦੇ,
ਸਾਰੇ ਨਾਲ਼ੋ ਨਾਲ਼।

ਪਾਣੀ ਦੇ ਇੱਕ ਤੁਪਕੇ ਵਿੱਚੋਂ,
ਸਾਗਰ ਭੀ ਦਿਸ ਆਵੇ।
ਧੂੜ ਦਾ ਇੱਕੋ ਕਿਣਕਾ,
ਸਾਰਾ ਜਗਤ ਦਖਾਵੇ।

ਕਿਉਂ ਹੋਇਆ ਤੇ ਕਿੱਦਾਂ ਹੋਇਆ,
ਅਜੇ ਭੇਦ ਨਾ ਪਾਇਆ।
ਪਰਮ ਪੁਰਖ ਨੂੰ ਜੋ ਬੁੱਝੇ,
ਕੌਣ ਹੈ ਮਾਂ ਦਾ ਜਾਇਆ?













ਬੁੱਧੀਮਾਨ ਮਨੁੱਖ ਜਦ ਇਹ ਜਾਣਦਾ

ਬੁੱਧੀਮਾਨ ਮਨੁੱਖ ਜਦ ਇਹ ਜਾਣਦਾ,
ਕਿ ਕੁੱਝ ਭੀ ਨਹੀਂ ਸਥਿਰ ਜਿਸਨੂੰ ਮਾਣਦਾ।
ਹਰ ਸ਼ੈ ਦੁੱਖ ਭਰੀ ਲੱਗੇ ਉਸ ਨੂੰ,
ਮੁਕਤੀ ਦਾ ਰਾਹ ਆਖ਼ਰ ਉਹ ਪਛਾਣਦਾ।

ਕਰੇ ਨਾ ਕੁਕਰਮ ਬੁੱਧੀਮਾਨ ਕਦੇ,
ਸੱਚੇ ਸੁੱਚੇ ਕਰਮ ਉਹ ਨਿਤ ਕਮਾਵਾਂਦਾ। 
ਹੋਵੇ ਉਸਨੂੰ ਗਿਆਨ ਧਰੇ ਧਿਆਨ ਜੋ,
ਪਿੱਛੇ ਰਹਿ ਜਾÎਏ ਮੌਤ, ਉਹ ਅੱਗੇ ਜਾਂਵਦਾ।

ਭਵ ਸਾਗਰ ਨੂੰ ਛੱਡ ਕੰਢੇ ਆ ਬਹੇ,
ਛੱਡ ਦੇਵੇ ਇਛਾਵਾਂ ਫਿਕਰ ਮਿਟਾਂਵਦਾਂ।
ਕਰ ਪ੍ਰਾਪਤ ਮੁਕਤੀ ਉਹ ਇਸ ਜੱਗ ਤੋਂ,
ਸ਼ਾਂਤ ਚਿੱਤ ਹੋ ਜਾਵੇ ਸੱਤ ਨੂੰ ਪਾਂਵਦਾ।













ਬਣੀਆਂ ਬੋਝਲ਼ ਤਨ ਦੀਆਂ ਪੰਡਾਂ

ਬਣੀਆਂ ਬੋਝਲ਼ ਤਨ ਦੀਆਂ ਪੰਡਾਂ
ਬਣੀਆਂ ਬੋਝਲ਼ ਮਨ ਦੀਆਂ ਪੰਡਾਂ।
ਤਨ ਦੀਆਂ ਲੋੜਾਂ ਮਨ ਦੀਆਂ ਲੋੜਾਂ,
ਇਹਨਾਂ ਲੋੜਾਂ ਨੂੰ ਕਿਵੇਂ ਮੈਂ ਹੋੜਾਂ।

ਬਣ ਅਗਿਆਨੀ ਬੰਨ੍ਹੀਆਂ ਪੰਡਾਂ,
ਇਛਾਵਾਂ ਦਾ ਬੋਝ ਵਧਾਇਆ।
ਦੁੱਖਾਂ ਨੇ ਆ ਘੇਰਾ ਪਾਇਆ,
ਇਸ ਘੇਰੇ ਨੂੰ ਕਿਵੇਂ ਮੈਂ ਤੋੜਾਂ।

ਰਹਿਣੀ ਬਹਿਣੀ ਕਹਿਣੀ ਕਰਨੀ,
ਜੇਕਰ ਸ਼ੁੱਧ ਹੋ ਜਾਵਣ।
ਆਵੇ ਗਿਆਨ ਮਿਟੇ ਅਭਿਮਾਨ,
ਆਨੰਦ ਸਰੂਪ ਸੰਗ ਆਪਾ ਜੋੜਾਂ।













ਕੈਦ ਵਿੱਚ ਹਾਂ ਜੇਲ੍ਹ ਅਨੋਖੀ

ਕੈਦ ਵਿਚ ਹਾਂ ਜੇਲ੍ਹ ਅਨੋਖੀ,
ਪੰਜ ਰੰਗੀਆਂ ਦੀਵਾਰਾਂ।
ਬੇਸ਼ੱਕ ਕੈਦੀ ਮੈਂ ਜੇਲ੍ਹ ਦਾ,
ਪਰ ਕਣ ਕਣ ਇਸਦਾ ਪਿਆਰਾਂ।

ਮਨ ਦੀਆਂ ਪੰਡਾਂ ਤਨ ਦੀਆਂ ਪੰਡਾਂ,
ਚੁੱਕੀ ਫਿਰਾਂ ਮੈਂ ਵਿੱਚ ਬਜਾਰਾਂ।
ਖਿੰਡ ਪੁੰਡ ਜਾਣੀਆਂ ਸਾਰੀਆਂ ਪੰਡਾਂ,
ਮੈਂ ਸਾਂਭਾਂ ਵਾਂਗ ਗਬਾਰਾਂ।

ਪਰ ਜੇਲ੍ਹ ਵਿੱਚ ਕਿਉਂ ਕੈਦ ਰਹਿ ਕੇ,
ਮੈਂ ਸਾਰੀ ਉਮਰ ਗੁਜ਼ਾਰਾਂ।
ਬੋਝਲ਼ ਪੰਡਾਂ ਸਿਰ ਤੇ ਚੁੱਕੀਂ,
ਕਿਉਂ ਪਲ ਪਲ ਕੂਕਾਂ ਮਾਰਾਂ।

ਖਿੰਡ ਪੁੰਡ ਜਾਵਣ ਇਹ ਪੰਡਾਂ,
ਟੁੱਟ ਫੁੱਟ ਜਾਵਣ ਪੰਜੇ ਕੰਧਾਂ।
ਜੇਕਰ ਇਛਾਵਾਂ ਦੇ ਹੜ੍ਹ ਨੂੰ,
ਮੈਂ ਸਾਗਰ ਵਿੱਚ ਉਤਾਰਾਂ।

ਇੱਛਾਵਾਂ ਦੇ ਮੁਕਿਆਂ,
ਮਿਟ ਜਾਵਣ ਸਭੇ ਦੁੱਖ।
ਮਨ ਮੁੱਕੇ ਤਨ ਨਾ ਦੁੱਖੇ,
ਮਿਲੇ ਸਦੀਵੀਂ ਸੁੱਖ।



ਜੇਕਰ ਘਾਲ਼ ਘਾਲਣੀ ਪਿਆਰੇ

ਜੇਕਰ ਘਾਲ਼ ਘਾਲ਼ਣੀ ਪਿਆਰੇ,
ਮੱਤ ਅੱਜ ਨੂੰ ਕੱਲ੍ਹ 'ਤੇ ਟਾਲ਼।
ਜੋ ਹੋਵੇ ਸੋ ਅੱਜ ਹੀ ਹੋਵੇ,
ਮੱਤ ਕੱਲ੍ਹ ਦਾ ਕਰੀਂ ਖ਼ਿਆਲ।

ਕਦਮ ਪੁੱਟੀਂ ਸੰਭਲ ਕੇ,
ਕੁਰਾਹੇ ਜੇ ਪੈ ਜਾਏਂਗਾ।
ਚੈਨ ਮਿਲ਼ੇ ਨਾ ਜੱਗ ਵਿੱਚ,
ਸੁੱਖ ਨਾ ਕਦੀ ਹੰਢਾਏਂਗਾ।

ਸਿੱਧੇ ਰਾਹ ਤੇ ਟੁਰਦਿਆਂ,
ਮਨ ਨੂੰ ਮਿਲੇ ਆਨੰਦ।
ਕੋਈ ਕੁਰਾਹੇ ਜੇ ਪਵੇ, 
ਅਮਨ ਹੋ ਜਾਵੇ ਭੰਗ।

ਸ਼ੁੱਧ ਸੋਚਣੀ ਤੇ ਕਰਨੀ ਦਾ.
ਜੇਕਰ ਹੋਏ ਨਾ ਸੰਗ।
ਮਿਲੇ ਨਾ ਮੰਜ਼ਲ ਕਦੀ ਭੀ,
ਕੋਈ ਲਾਵੇ ਜ਼ੋਰ ਨਿਸੰਗ।

ਕਰੀਂ ਨਾ ਕੋਈ ਗੁਨਾਹ,
ਦੇਵੀਂ ਨਾ ਕਿਸੇ ਨੂੰ ਦੁੱਖ।
ਸ਼ਬਦ ਅਵੈੜੇ ਕਦੀਂ ਨਾ ਬੋਲੀਂ,
ਮੰਗੀਂ ਸਭ ਦੀ ਸੁੱਖ।



ਸਰੀਰ ਸਵਾਰੀ ਜਿੰਦ ਦੀ

ਸਰੀਰ ਸਵਾਰੀ ਜਿੰਦ ਦੀ,
ਇਸ ਨੂੰ ਫਿਰੇ ਭਜਾਈਂ।
ਛੱਡ ਟੁਰੇ ਜਿੰਦ ਇਸ ਨੂੰ,
ਹੋਵੇ ਛਾਈਂ ਮਾਈਂ।

ਕਰਮ ਕਮਾਵੇ 'ਮੈਂ' ਸਾਰੇ,
ਮੈਂ ਬਿਨ ਕਰਮ ਨਾ ਹੋਏ।
ਕਾਇਆ ਕਰਮ ਕਿਆ ਕਰੇ,
ਮੈਂ ਬਿਨ ਕਾਂਇਆਂ ਮੋਏ।

ਸਰੀਰ ਬਿਨਾ ਕੋਈ ਰੂਪ ਨਾ,
ਨਾ ਮੈਂ ਬਿਨ ਹੋਏ ਸਰੀਰ।
ਗੁਣ ਔਗੁਣ ਸਰੀਰ ਦੇ,
ਕੋਈ ਨਹੀਂ ਮੇਰੇ ਵੀਰ।

ਫੁਰਨਾ ਫੁਰੇ 'ਮੈਂ' ਨੂੰ,
ਮਨ ਵਿਚ 'ਮੈਂ' ਪਰਵੇਸ਼।
ਬਿਨਾ 'ਮੈਂ' ਮਨ ਹੈ ਨਹੀਂ,
'ਮੈਂ' ਦੇ ਹੀ ਸਭ ਵੇਸ਼।

ਜੇ 'ਮੈਂ' ਛੱਡੇ ਮਨ ਨੂੰ,
ਮਨ-ਮੱਤ ਕਦੀ ਨਾ ਆਏ।
'ਮੈਂ' ਧਸੇ ਜੇ ਮਨ ਵਿੱਚ,
ਥਾਂ ਥਾਂ ਚੋਟਾਂ ਖਾਏ। 



ਪੁੰਜ ਗੁਣਾਂ ਸੰਗ ਕਾਰ ਜਗਤ ਦੀ

ਪੰਜ ਗੁਣਾਂ ਸੰਗ ਕਾਰ ਜਗਤ ਦੀ,
ਚਲਦੀ ਜਾਏ ਸੁਖਾਲ਼ੀ।
ਪੰਜੇ ਗੁਣ ਅਵ-ਗੁਣ ਜੇ ਬਣ ਜਾਵਣ,
ਉੱਜੜ ਜਾਏ ਹਰ ਡਾਲੀ।

ਕਾਮ, ਕਰੋਧ, ਲੋਭ, ਮੋਹ, ਅਹੰਕਾਰ,
ਪੰਜੇ ਚਲਾਵਣ ਜੱਗ ਦੀ ਕਾਰ।
ਇਹਨਾਂ ਤੁਲ ਕੋਈ ਗੁਣ ਨਾਹੀਂ,
ਇਹਨਾਂ ਤੁਲ ਕੋਈ ਨਹੀਂ ਅੰਗਾਰ।

ਜਦ ਇਹ ਗੁਣ ਅਵਗੁਣ ਬਣ ਜਾਂਦੇ,
ਜੱਗ ਵਿੱਚ ਥਾਂ ਥਾਂ ਅਤਿ ਮਚਾਂਦੇ।
ਤਾਂਡਵ ਨਾਚ ਨੱਚੇ ਫਿਰ ਦੁਨੀਆਂ,
ਸੋਹਣੇ ਫੁਲ ਖ਼ਾਰ ਬਣ ਜਾਂਦੇ। 

ਨਿੱਘ ਇਹਨਾਂ ਦਾ ਖੇੜਾ ਦੇਵੇ,
ਅੱਗ ਇਹਨਾਂ ਦੀ ਦੇਵੇ ਸਾੜ।
ਕਾਬੂ ਵਿੱਚ ਜੋ ਇਹਨਾਂ ਨੂੰ ਰੱਖੇ,
ਖੁਸ਼ ਰਹਿੰਦਾ ਉਹ ਵਿੱਚ ਸੰਸਾਰ।

ਡਰ ਡਰ ਇਹਨਾਂ ਤੋਂ ਜੰਗਲੀਂ ਜਾਂਦੇ,
ਕੀ ਜਾਨਣ ਉਹ ਇਹਨਾਂ ਦੀ ਸਾਰ।
ਗੁਣਾਂ ਨੂੰ ਅਵਗੁਣ ਆਪ ਬਣਾਉਂਦੇ,
ਵਿਸਾਰ ਦਿੰਦੇ ਜਦ ਉਹ ਕਰਤਾਰ।



ਜਿੰਦ ਆਸਾਡੀ ਥੋੜ੍ਹ ਚਿਰੀ ਹੈ

ਜਿੰਦ ਅਸਾਡੀ ਥੋੜ੍ਹ ਚਿਰੀ ਹੈ,
ਉਹ ਵੀ ਦੁੱਖ ਭਰੀ।
ਹੋਵੇ ਮੁਕਤੀ ਇਸ ਦੁੱਖ ਤੋਂ,
ਜਪ ਇੱਕ ਨਾਮ ਹਰੀ।

ਹਰੀ ਹਰੀ ਕਰੇਂ ਜੇ ਬੰਦੇ,
ਕੁਝ ਨਾ ਸਕੇਂ ਸੰਵਾਰ।
ਜੇਕਰ ਤੇਰੇ ਮਨ ਅੰਦਰ ਹੈ,
ਪੰਜ ਭਾਂਤੀਂ ਵਿਕਾਰ।

ਜੇਕਰ ਸ਼ੁੱਧ ਹੋ ਨਾ ਜਾਵਣ,
ਮਨ, ਕਰਮ, ਬਚਨ, ਵਿਚਾਰ।
ਘੇਰਾ ਨਾ ਟੁੱਟੇ ਦੁੱਖਾਂ ਦਾ,
ਨਰਕ ਬਣੇ ਸੰਸਾਰ।













ਬਿਨ ਗੁਆਚੇ ਬਿਨਾ ਮਰ ਮੁੱਕੇ

ਬਿਨ ਗੁਆਚੇ ਬਿਨਾ ਮਰ ਮੁੱਕੇ,
ਰੱਬ ਜੀ ਨਜ਼ਨ ਨਾ ਆਏ।
ਆਪਣੀ ਮਰਜ਼ੀ ਕਰਨੀ ਛੱਡੋ,
ਕਰੋ ਜੋ ਰੱਬ ਜੀ ਭਾਏ।

ਜੇ ਪਪੀਹਾ ਚੁੱਪ ਨਾ ਹੋਵੇ,
ਚੁੱਪ ਤੁਸੀਂ ਕਿਉਂ ਹੋਏ।
ਗਾਉਂਦੇ ਜਾਵੋ ਗੀਤ ਉਸਦੇ,
ਜੋ ਕਣ ਕਣ ਵਿੱਚ ਸਮੋਏ।

ਧਿਆਨ ਲਗਾ ਕੇ ਦੁਨੀਆਂ ਭੁਲਣੀ,
ਫਿਰ ਦੁਨੀਆਂ ਵਿੱਚ ਕਿਉਂ ਆਏ।
ਜੱਗ ਵਿੱਚ ਰਹਿੰਦਿਆਂ ਗੀਤ ਜੋ ਗਾਵੇ,
ਰੱਬ ਜੀ ਉਸਨੇ ਪਾਏ।













ਮੇਰੀ ਮਰਜ਼ੀ ਹੋ ਨਹੀਂ ਸਕਦੀ

ਮੇਰੀ ਮਰਜ਼ੀ ਹੋ ਨਹੀਂ ਸਕਦੀ,
ਮੈਂ ਤਾਂ ਹਾਂ ਅੰਗ ਓਸਦਾ।
ਕਰੇ ਕਰਾਵੇ ਜਾਂ ਆਪੇ ਹੋਵੇ,
ਮੈਂ ਨਾ ਇਹ ਗੱਲ ਸੋਚਦਾ।

ਜੇਕਰ ਸੋਚਾਂ ਸੋਚ ਨਾ ਸੱਕਾਂ,
ਦਰਸ ਨਾ ਪਾਵਾਂ ਜੇ ਸੋਚਦਾ।
ਸੋਚ ਮੈਨੂੰ ਮੇਰੀ ਉਹ ਵਿਖਾਵੇ,
ਜੋ ਮੈਂ ਵੇਖਣਾ ਲੋਚਦਾ।

ਕਰਾਂ ਸਮਰਪਤ ਉਸਦੇ ਅੱਗੇ,
ਮੈਂ ਦਰਸ਼ਨ ਜਿਸ ਦੇ ਲੋਚਦਾ।
ਮਸਤੀ ਹੀ ਸਭ ਕੁੱਝ ਵਿਖਾਵੇ,
ਕੋਈ ਕੰਮ ਨਾ ਏਥੇ ਹੋਸ਼ ਦਾ। 













ਦੁਨੀਆਂ ਵਿੱਚ ਜੋ ਕੁੱਝ ਵੀ ਮਿਲਦਾ

ਦੁਨੀਆਂ ਵਿਚ ਜੋ ਕੁੱਝ ਵੀ ਮਿਲਦਾ,
ਬਿਨ ਮੰਗਿਆਂ ਹੀ ਮਿਲਦਾ ਜਾਵੇ। 
ਫਲ਼ ਉਸਦੀ ਝੋਲੀ ਵਿੱਚ ਗਿਰਦਾ,
ਉਸਦੇ ਦਰ 'ਤੇ ਜੋ ਖੜ੍ਹ ਜਾਵੇ।

ਬੱਚਾ ਬਾਪ ਤੋਂ ਕੀ ਮੰਗੇ,
ਬਾਪ ਉਸਦੀ ਲੋੜ ਨੂੰ ਜਾਣੇ।
ਉਸ ਬੱਚੇ ਨੂੰ ਬਹੁਤਾ ਮਿਲਦਾ,
ਜੋ ਬਾਪ ਨੂੰ ਬਾਪ ਪਛਾਣੇ।

ਬਿਨ ਲੋੜ ਤੋਂ ਜੇ ਕੋਈ ਮੰਗੇ,
ਜੀਵਨ ਭਰ ਉਹਨੂੰ ਰੱਜ ਨਾ ਆਵੇ।
ਬਿਨ ਭੁੱਖੋਂ ਹੀ ਭੁੱਖਾ ਹੋਵੇ,
ਉਹ ਕਦੀ ਭੀ ਚੈਨ ਨਾ ਪਾਵੇ।

ਅੰਦਰਲਾ ਰੱਜ ਦੇਵੇ ਦਾਤਾ,
ਸਾਰੀ ਭੁੱਖ ਆਪੇ, ਮਿਟ ਜਾਵੇ।
ਜੇਕਰ ਅੰਦਰ ਰੱਜ ਨਾ ਹੋਵੇ,
ਉਸ ਨੂੰ ਕੌਣ ਰਜਾਵੇ।

ਸੱਚ ਵੇਖੇ ਤੇ ਸੱਚ ਸੁਣੇ ਜੇ,
ਤਾਂ ਸੱਚਾ ਦਿਸ ਆਵੇ।
ਰੱਜ ਆਵੇ ਫਿਰ ਅੰਦਰਲਾ,
ਭੁੱਖ ਨਾ ਵੱਢ ਵੱਢ ਖਾਵੇ।



ਤੱਕੜੀ ਕਿਸੇ ਨੇ ਹੱਥ ਫੜੀ ਹੈ

ਤੱਕੜੀ ਕਿਸੇ ਨੇ ਹੱਥ ਫੜੀ ਹੈ,
ਜਾਂ ਕਿਧਰੇ ਹੋਰ ਜੜੀ ਹੈ।
ਉੱਚੇ ਨੀਵੇਂ ਹੁੰਦੇ ਜਾਣ,
ਹੋਣ ਨਾ ਪਲੜੇ ਇੱਕ ਸਮਾਨ।

ਅੰਤ ਮੌਤ ਜਦ ਕਿਸੇ ਨੂੰ ਆਵੇ,
ਲੈਣਾ ਦੇਣਾ ਸੰਗ ਲੈ ਜਾਵੇ।
ਚੰਗਾ ਮੰਦਾ ਛੱਡ ਨਾ ਸੱਕੇ,
ਅਗਲੇ ਜਨਮੀਂ ਕੀਤਾ ਪਾਵੇ।

ਕਰਮਾਂ ਦਾ ਫਲ਼ ਅਵੱਸ਼ ਮਿਲਦਾ ਹੈ,
ਇੱਛਾ ਸੰਗ ਜੋ ਕਰਮ ਕਮਾਵੇ।
ਸੱਚ ਸਿਦਕ ਤੇ ਫ਼ਰਜ਼ਾਂ ਬਦਲੇ,
ਜੋ ਕਰਦਾ ਉਹ ਮੁਕਤੀ ਪਾਵੇ।

ਹੱਕ ਕਿਸੇ ਦਾ ਜੇ ਗੁਆ ਕੇ,
ਚਾਰ ਕਿਆਰੇ ਵੱਧ ਲੈ ਜਾਵੇ।
ਉਸਦਾ ਸਾਰਾ ਖੇਤ ਉੱਜੜੇ,
ਅੰਤ ਕਾਲ ਨੂੰ ਉਹ ਪਛਤਾਵੇ।

ਆਪੇ ਵੱਲ ਜੋ ਪਿੱਠ ਘੁਮਾਵੇ,
ਮੰਦੇ ਕੰਮੀਂ ਜੀਵਨ ਲਾਵੇ।
ਸੁੱਖ ਸ਼ਾਂਤੀ ਕਦੀ ਨਾ ਮਿਲਦੀ,
ਜੀਵਨ ਭਰ ਉਹ ਪਿਆ ਕਲਪਾਵੇ।

ਜਿੰਨਾ ਲੁੱਟ ਕੇ ਘਰ ਕੋਈ ਭਰਦਾ,
ਓਨਾ ਹੀ ਘਰ ਖਾਲੀ ਪਾਵੇ।
ਭੁੱਖਿਆਂ ਭੁੱਖ ਨਾ ਕਦੀ ਉਤਰਦੀ,
ਪੂਰੀਆਂ  ਭਾਰ ਜੇ ਬੰਨ੍ਹ ਲੈ ਜਾਵੇ।

ਮਰ ਜਾਂਦੀ ਹੈ ਮੌਤ ਭੀ,
ਜਿੰਦ ਸਾਡੀ ਦੇ ਨਾਲ।
ਮੁਕਦੀ ਹੈ ਜਦ ਜ਼ਿੰਦ ਆਸਾਡੀ,
ਇੱਛਾ ਦਾ ਕਰ ਤਿਆਗ਼।
























ਜੀਵਨ ਹਰ ਕੋਈ ਲੈ ਸਕਦਾ ਹੈ

ਜੀਵਨ ਹਰ ਕੋਈ ਲੈ ਸਕਦਾ ਹੈ,
ਬਚਾ ਸਕਦਾ ਹੈ ਕੋਈ ਕੋਈ।
ਹੋਰਾਂ ਲਈ ਜੋ ਮਰ ਮੁੱਕ ਜਾਵੇ,
ਜਾਣੋਂ ਜਿਉਂਦਾ ਸੋਈ।

ਜਗਤ ਤਮਾਸ਼ਾ ਪਿਆਰਾ ਲੱਗੇ,
ਪਰ ਚੈਨ ਨਾ ਕਿਧਰੇ ਹੋਈ।
ਦਿਆ ਧਰਮ ਨਿਮਰਤਾ ਹੋਵੇ,
ਸੁਖੀ ਵਸੇ ਹਰ ਕੋਈ।

ਤਰਸ ਅਤੇ ਲੋੜ ਬੰਦੇ ਦੀ,
ਸਾਂਝ ਦਿਲਾਂ ਦੀ ਪਾਵੇ।
ਦਰਦ ਨਾ ਜਾਣੇ ਊਚ ਨੀਚ ਨੂੰ,
ਹਰ ਇੱਕ ਨੂੰ ਗਰਮਾਵੇ।













ਤਾਰ ਤੂੰਬੇ ਦੀ ਜੇ ਕੋਈ ਖਿੱਚੇ

ਤਾਰ ਤੂੰਬੇ ਦੀ ਜੇ ਕੋਈ ਖਿੱਚੇ,
ਹੱਦੋਂ ਵੱਧ ਮੇਰੇ ਭਾਈ।
ਟੁੱਟ ਜਾਂਦੀ ਹੈ ਅੱਧ-ਵਿਚਕਾਰੇ,
ਸੁਰ ਨਾ ਬਣਦੀ ਕਾਈ।

ਪਰ ਜੇ ਢਿੱਲੀ ਤਾਰ ਤੂੰਬੇ ਦੀ,
ਜਾਵੇ ਕਿਵੇਂ ਵਜਾਈ।
ਜੇਕਰ ਤਾਰ ਕਸੀ ਨਾ ਹੋਵੇ,
ਸੁਰ ਨਾ ਬਣੇ ਬਣਾਈ।

ਹੱਦੋਂ ਏਧਰ ਹੱਦੋਂ ਓਧਰ,
ਰਾਸ ਨਾ ਆਵੇ ਕਾਈ।
ਤਾਰ ਟਿਕਾਣੇ ਜੇਕਰ ਰੱਖੀਏ,
ਤਾਂ ਤੂੰਬਾ ਵੱਜਦਾ ਭਾਈ।













ਜਿਉਂ ਤੀਲੀ ਵਿੱਚ ਛਿਪਿਆ ਰਹਿੰਦਾ

ਜਿਉਂ ਤੀਲੀ ਵਿੱਚ ਛਿਪਿਆ ਰਹਿੰਦਾ,
ਚਾਨਣ ਦਾ ਫੁਆਰਾ।
ਤਿਵੇਂ ਬੁੱਧੀ ਵਿੱਚ ਛਿਪਿਆ ਰਹਿੰਦਾ,
ਗਿਆਨ ਜਗਤ ਦਾ ਸਾਰਾ।

ਮਨ ਇੱਛਾਵਾਂ ਦੀ ਹੈ ਗਠੜੀ,
ਰੱਜ ਨਾ ਇਸ ਨੂੰ ਆਵੇ।
ਇੱਕ ਇੱਛਾ ਜੇ ਪੂਰੀ ਹੋਵੇ,
ਦੂਜੀ ਵੱਢ ਵੱਢ ਖਾਵੇ।

ਇੱਛਾਵਾਂ ਦੀ ਪੂਰਤੀ ਵਿਚੋਂ,
ਖੁਸ਼ੀ ਨਾ ਮਿਲੇ ਸਥਾਈ।
ਇੱਛਾਵਾਂ ਨੂੰ ਛੱਡ ਕੇ ਹੀ,
ਹੈ ਮਿਲਦੀ ਖ਼ੁਸ਼ੀ ਸਵਾਈ।

ਇੱਛਾਵਾਂ ਨੂੰ ਛੱਡਣ ਦੇ ਲਈ,
ਚੌਂਹ ਦਾ ਕਰੀਂ ਪਰਿਯੋਗ।
ਕਰਮ ਯੋਗ, ਧਿਆਨ ਯੋਗ,
ਗਿਆਨ ਯੋਗ, ਭਗਤੀ ਯੋਗ।

ਇੱਛਾਵਾਂ 'ਚੋਂ ਉੱਤਪਨ ਹੁੰਦਾ,
ਲਾਲਚ, ਗੁੱਸਾ, ਸ਼ੱਕ ਤੇ ਡਰ।
ਜੇਕਰ ਸ਼ਾਂਤ ਚਿੱਤ ਤੂੰ ਰਹਿਣਾ,
ਇੱਛਾਵਾਂ ਨੂੰ ਦੂਰ ਕਰ।

ਪੂਰਤੀ ਜੇ ਹੋ ਜਾਵੇ,
ਮਨ ਮੁੜ ਮੁੜ ਹੋਰ ਚਾਹਵੇ।
ਪੂਰਤੀ ਜੇ ਨਾ ਹੋਵੇ,
ਗੁੱਸਾ ਅਤੇ ਡਰ ਆਵੇ।
ਮਨ ਜੇ ਤੰਗ ਹੋਵੇ,
ਖੁਸ਼ੀ ਸਾਰੀ ਭੰਗ ਹੋਵੇ।
ਮਿਲਦੀ ਹੈ ਅਸਲ ਖ਼ੁਸ਼ੀ,
ਜੇ ਮਨ ਵਿੱਚ ਰੰਗ ਹੋਵੇ। 

ਤਰਥੱਲ ਭਰਿਆ ਸਾਡਾ ਮਨ,
ਅਪਵਿੱਤਰ ਹੋ ਜਾਂਦਾ ਹੈ।
ਆਤਮਾ ਤੇ ਮਨ ਦਾ,
ਸਾਰਾ ਗੌਰਵ ਖੋ ਜਾਂਦਾ ਹੈ। 

ਜਿਉਂ ਨਿਰਮਲ ਤੇ ਤਾਜ਼ਾ ਨੀਰ,
ਚਮਕਦਾ ਤੇ ਬੇਰੰਗ ਹੁੰਦਾ।
ਪਰ ਮਿੱਟੀ ਘੱਟਾ ਗੰਦ ਮੰਦ,
ਗੰਦਾ ਕਰਕੇ ਰੰਗ ਦਿੰਦਾ।

ਤਿਵੇਂ ਹੀ ਸਾਡਾ ਮਨ,
ਸ਼ਾਂਤ ਸਰੂਪ ਤੇ ਗੌਰਵ ਭਰਿਆ।
ਪਰ ਇੱਛਾਵਾਂ ਦੀ ਤਰਥੱਲ,
ਇਸਦਾ ਰੰਗ ਵਟਾਉਂਦੀ ਅੜਿਆ।

ਬੁੱਧੀ ਫਿਰ ਮਾਲੀਨ ਹੋ ਜਾਵੇ,
ਅਸਲ ਨਕਲ ਦਾ ਭੇਦ ਨਾ ਪਾਵੇ।
ਅੰਦਰਲਾ ਚਾਨਣ ਭੀ ਬੁਝ ਜਾਵੇ,
ਬੰਦਾ ਆਪਣਾ ਆਪ ਗਵਾਵੇ। 




ਰਿਸ਼ਤੇ ਮੰਨਣ ਕਾਮ ਦੇ

ਰਿਸ਼ਤੇ ਮੰਨਣ ਕਾਮ ਦੇ,
ਦੁਨੀਆਂ ਦੇ ਇਨਸਾਨ।
ਜਾਨਣ ਕੀ ਮੁੱਲ ਨੂਰ ਦਾ,
ਜੋ ਤਨਾ ਨੂੰ ਨਿੱਤ ਹੰਢਾਉਣ।

ਕਾਮ ਪੂਰਤੀ ਵਿੱਚ ਹੀ,
ਆਪਣਾ ਆਪ ਗੁਵਾਉਣ।
ਰਿਸ਼ਤੇ ਉਪਜੇ ਕਾਮ 'ਚੋਂ,
ਪਲ ਪਲ ਮਨ ਕਲਪਾਉਣ।

ਅਸਲ ਰਿਸ਼ਤਾ ਹੈ ਕੀ?
ਕਿਵੇਂ ਹੋਏ ਕਲਿਆਣ।
ਰਿਸ਼ਤਾ ਇੱਕੋ ਸਭ ਦਾ,
ਇੱਕੋ ਕੁਲ ਜਹਾਨ।

ਬੂੰਦ ਪਾਣੀ ਦੀ ਆਤਮਾ,
ਸਾਗਰ ਹੈ ਭਗਵਾਨ।
ਭਿੰਨ ਭਿੰਨ ਰੂਪ ਵਟਾਏ ਨੇ,
ਇੱਕੋ ਸ਼ੈ ਨੇ ਜਾਣ।

ਸਰਵ-ਵਿਆਪਕ ਜੋਤ 'ਚੋਂ,
ਜੰਮਿਆਂ ਕੁਲ ਜਹਾਨ।
ਹਰ ਸ਼ੈ ਇੱਕ 'ਚੋਂ ਉਪਜੀ,
ਸਭ ਕੁੱਝ ਇੱਕੋ ਜਾਣ। 



ਜੀਵਨ ਭਰ ਇੱਕ ਮੰਗ ਤੇਰੇ ਤੋਂ

ਜੀਵਨ ਭਰ ਇੱਕ ਮੰਗ ਤੇਰੇ ਤੋਂ
ਤੇਰਾ ਆਪਾ ਮੰਗੇ:
''ਦੁਨੀਆਂ ਅੱਗੇ ਸੱਚਾ ਹੋਸੀਂ,
ਜਾਂ ਝੂਠਾ ਦਿਸ ਆਵੀਂ।
ਭੁੱਲ ਕਦੀ ਭੀ ਮੇਰੇ ਅੱਗੇ,
ਝੂਠਾ ਨਾ ਹੋ ਜਾਵੀਂ।''

ਸਾਰੀਆਂ ਸ਼ਰਮਾਂ ਝੱਲ ਲਵੇਂਗਾ,
ਆਏ ਹੜ੍ਹਾਂ ਨੂੰ ਠੱਲ੍ਹ ਲਵੇਂਗਾ।
ਤੂਫ਼ਾਨਾਂ ਦੇ ਰੁਖ਼ ਮੋੜ ਸਕੇਂਗਾ,
ਸਾਰੇ ਮੋਤੀ ਰੋੜ੍ਹ ਸਕੇਂਗਾ।
ਪਵੇ ਨਾ ਘਾਟਾ ਕੋਈ ਤੈਨੂੰ
ਮੇਰੇ ਸੰਗ ਨਿਭਾਕੇ।

ਕੋਠੀਆਂ ਮੰਡਪ ਮਾੜੀਆਂ,
ਜੋ ਭੀ ਤੂੰ ਉਸਾਰੀਆਂ,
ਦੌਲਤਾਂ ਇਹ ਸਾਰੀਆਂ,
ਹੋਵਨ ਬੇਸ਼ੱਕ ਭਾਰੀਆਂ,
ਕੱਖੋਂ ਹੌਲਾ ਹੋ ਜਾਵੇਂਗਾ,
'ਮੈਂ' ਵੱਲ ਪਿੱਠ ਘੁਮਾਕੇ। 







ਰਿਸ਼ਤੇ ਚਾਹੇ ਸਾਰੇ ਟੁੱਟਣ

ਰਿਸ਼ਤੇ ਚਾਹੇ ਸਾਰੇ ਟੁੱਟਣ,
ਚੁਗਿਰਦੇ ਹੋਵਣ ਝਗੜੇ ਝੇੜੇ।
ਪਰ ਨਾ ਟੁੱਟੀਏ ਨੇਕੀ ਨਾਲੋਂ,
ਟੁੱਟਣ ਬੇਸ਼ੱਕ ਰਿਸ਼ਤੇ ਜਿਹੜੇ।

ਕਰੋ ਕਦੀ ਨਾ ਬਦੀ ਨੂੰ ਅੱਗੇ,
ਜਿੰਦ ਜਾਂਦੀ ਹੈ ਬੇਸ਼ੱਕ ਜਾਵੇ।
ਭਾਵੇਂ ਰਹਿ ਜਾਵੋਂ ਇਕੱਲੇ,
ਸੱਚੇ ਰਾਹ ਨੂੰ ਹੀ ਅਪਣਾਵੋ।

ਅਮਰ ਆਤਮਾਂ ਹੈ ਸਦੀਵੀ,
ਕੌਣ ਜੋ ਇਸ ਨੂੰ ਮਾਰ ਮੁਕਾਵੇ।
ਧਾਰੇ ਰੁਪ ਨਵੇਂ ਹਰ ਪਲ,
ਅੰਤ ਨਾ ਇਸਦਾ ਕੋਈ ਪਾਵੇ।

ਨਾ ਇਹ ਮਰਦੀ ਨਾ ਇਹ ਸੜਦੀ,
ਨਾ ਕਦੀ ਇਹ ਕੱਟੀ ਜਾਵੇ।
ਰੂਪਾਂ ਵਿੱਚ ਅਰੂਪ ਇਹ ਰਹਿੰਦੀ,
ਬੇਸ਼ੱਕ ਭਿੰਨ ਭਿੰਨ ਰੂਪ ਵਟਾਵੇ।

ਨਿੱਤ ਨਵੇਂ ਹੀ ਰੂਪ ਧਾਰ ਕੇ,
ਅਮਰ-ਆਤਮਾ ਖੇਲ੍ਹ ਰਚਾਵੇ।
ਜਮਣੋਂ ਪਹਿਲਾਂ ਮਰਨੋਂ ਪਿੱਛੋਂ,
ਜੀਵਾਂ ਦਾ ਕੋਈ ਦਰਸ ਨਾ ਪਾਵੇ।

ਜੋ ਜੰਮਿਆਂ ਉਸ ਮਰਨਾ ਹੈ,
ਜੋ ਮਰਿਆ ਉਹ ਮੁੜ ਨਾ ਆਵੇ।
ਅਣੋਹਣੀ ਨਾ ਕੋਈ ਹੋਵੇ,
ਹੁਕਮ ਸਦੀਵੀ ਚਲਦਾ ਜਾਵੇ।
ਸੁਮੇਲ ਸਮੇਂ ਤੇ ਆਕਾਸ਼ ਦਾ,
ਉਪਜਾਵੇ ਤੇ ਮਾਰ ਮੁਕਾਵੇ।
ਨਾ ਕੋਈ ਖੁਸ਼ੀ ਤੇ ਪਛਤਾਵਾ,
ਇਸਦੇ ਪੈਰੀਂ ਸੰਗਲ ਪਾਵੇ।
























ਇੱਕੋ ਥਾਂ ਖਲੋਤਾ ਸਭ ਕੁਝ

ਇੱਕੋ ਥਾਂ ਖਲੋਤਾ ਸਭ ਕੁਝ,
ਟੁਰਦਾ ਫਿਰਦਾ ਨਜ਼ਰੀਂ ਆਵੇ।
ਜਿਵੇਂ ਜੇ ਤੂੰ ਇੱਕੋ ਥਾਂ ਬੈਠੇਂ,
ਰੱਤ ਤੇਰੀ ਭਜਦੀ ਹੀ ਜਾਵੇ।

ਲਾਲ ਕਿਣੂੰ ਪਰ ਬੁੱਝ ਨਹੀਂ ਸਕਦੇ,
ਕਿ ਇਹ ਰੱਤ ਕਿਧਰ ਨੂੰ ਜਾਵੇ।
ਨਾ ਹੀ ਇਹ ਉਹ ਬੁੱਝ ਸਕਦੇ ਨੇ,
ਕਿ ਆਪਾ ਸਾਡਾ ਹਿਲ ਨਾ ਪਾਵੇ।

ਪਰ ਜਿਸ ਉਪਰ ਰਹਿਮਤ ਉਸਦੀ,
ਸੋ ਜਨ ਆਪੇ ਨੂੰ ਬੁਝ ਪਾਵੇ।
ਅਮਰ ਆਤਮਾਂ ਦੀ ਛੋਹ ਮਾਣੇ,
ਸਿਰ ਸਿਜਦੇ ਵਿੱਚ ਝੁਕ ਜਾਵੇ। 

ਕਦਮ ਨਾ ਉੱਠੇ ਕਦੀ ਓਸਦਾ,
ਜੋ ਬਦੀਆਂ ਵੱਲ ਨੂੰ ਜਾਵੇ।
ਪਲ ਪਲ ਉ੍ਹਸਦੀ ਜਿੰਦ ਦਾ,
ਰੱਬ ਜੀ ਦਾ ਬਣ ਜਾਵੇ।

ਕਰੇ ਕਰਮ ਜੋ ਜੁੰਮੇ ਲੱਗੇ,
ਫਲ ਨੂੰ ਨਾ ਤਰਸਾਵੇ।
ਇਸ ਜੱਗ ਦੇ ਸਵਾਦ ਸਾਰੇ,
ਫਿਰ ਮਨ ਨਾ ਉਸਦਾ ਚਾਹਵੇ

ਕਣ ਕਣ ਉਸਦਾ ਰੱਬ ਜੀ ਦੇ ਸੰਗ,
ਇੱਕ ਮਿੱਕ ਹੋ ਜਾਵੇ।
ਸਦੀਵੀ ਮੇਲ ਖੁਦਾ ਸੰਗ ਹੋਵੇ,
ਖੁਦਾ ਹੀ ਨਜ਼ਰੀਂ ਆਵੇ।
ਵੈਰ ਵਿਰੋਧ ਸਾਰੇ ਮਿਟ ਜਾਂਦੇ,
ਭੈ ਨਾ ਵੱਢ ਵੱਢ ਖਾਵੇ।
ਵੈਰੀ ਮੀਤ ਸਮਾਨ ਦਿਸੇ,
ਕੋਈ ਗੈਰ ਨਾ ਨਜ਼ਰੀਂ ਆਵੇ।

ਹਰਖ ਸੋਗ ਤੇ ਰਹੇ ਨਿਆਰਾ,
ਮਨ ਨਾ ਫਿਰ ਕਲਪਾਵੇ।
ਸੋਨਾ ਮਿੱਟੀ ਇੱਕ ਬਰਾਬਰ,
ਕੋਈ ਲਾਲਚ ਨਾ ਭਰਮਾਵੇ।

ਮੁੱਕ ਜਾਂਦੇ ਸਭ ਸੰਸੇ ਮਨ ਦੇ,
ਨਾ ਕੋਈ ਭਰਮ ਭੁਲਾਵੇ।
ਸਭੇ ਖਿੱਚਾਂ ਜੱਗ ਦੀਆਂ ਛੱਡੇ,
ਮਨ ਸਥਿਰ ਹੋ ਜਾਵੇ।

ਸੱਭ ਸੁਰਤੀਆਂ ਹੋਣ ਇਕਾਗਰ,
ਮਨ ਵੱਸ ਵਿੱਚ ਆ ਜਾਵੇ।
ਸਵਾਦ ਸੁਰਤੀਆਂ ਦੇ ਭੁੱਲ ਜਾਵਣ,
ਜਦ ਰੱਬਤਾ ਦਿਸ ਆਵੇ।

ਸੁਰਤੀਆਂ ਸੰਗ ਜੋ ਸੁਰਤ ਲਗਾਵੇ,
ਖਿੱਚਾਂ ਵਿੱਚ ਪੈ ਜਾਵੇ।
ਖਿੱਚ ਵਿਚੋਂ ਹੀ ਇੱਛਾ ਉਪਜੇ,
ਫਿਰ ਗੁੱਸਾ ਭੀ ਉਪਜਾਵੇ।

ਰਸ ਸੁਰਤੀਆਂ ਦਾ ਜੋ ਮਾਣੇ,
ਸਭ ਕਾਸੇ ਨੂੰ ਰੱਖ ਟਿਕਾਣੇ,
ਮਨ ਸਨਤੋਖੀ ਹੋ ਜਾਂਦਾ ਹੈ,
ਰੱਬਤਾ ਦਾ ਉਹ ਰੂਪ ਪਛਾਣੇ।

ਲਗਾਤਾਰ ਨਦੀਆਂ ਦਾ ਗਿਰਨਾ,
ਸਾਗਰ ਕੁਝ ਨਾ ਜਾਣੇ।
ਸੱਬੇ ਸਵਾਦ ਓਸ ਨੂੰ ਮਿਲਦੇ,
ਜੋ ਰੱਖਦਾ ਚਿੱਤ ਟਿਕਾਣੇ।
























ਆਪੋਂ ਆਪਣਾ ਨਾ ਬਣੇ

ਆਪੋਂ ਆਪਣਾ ਨਾ ਬਣੇ,
ਕੋਈ ਗ਼ੈਰ ਬਣੇ ਕਿੰਝ ਤੇਰਾ।
ਜੇਕਰ ਤਕੇਂ ਚੁਗਿਰਦੇ ਆਪਾ,
ਸਭ ਜੱਗ ਬਣੇ ਫਿਰ ਤੇਰਾ।

ਮੈਂ ਮੇਰੀ ਵਿੱਚ ਫਸਿਆਂ,
ਜਿੰਦ ਪਈ ਕਲਪਾਵੇ।
ਮੈਂ ਮੇਰੀ ਨੂੰ ਛੱਡ ਕੇ,
ਜਿੰਦ ਨੱਚਦੀ ਟੱਪਦੀ ਜਾਵੇ।

ਜੋ ਜਾਂਦਾ ਹੈ ਜਾਣ ਦੇਹ,
ਜੋ ਆਉਂਦਾ ਹੈ ਆਵੇ।
ਫਰਜ਼ ਪੁਗਾ ਤੂੰ ਆਪਣੇ,
ਮਤ ਫਲ਼ ਨੂੰ ਮਨ ਲਲਚਾਵੇ।

ਸਮਾਂ ਖਲੋਤਾ ਤਣ ਕੇ,
ਜੱਗ ਬੀਤਦਾ ਜਾਵੇ।
ਆਖਰ ਸਭ ਕੁੱਝ ਮੁੱਕਦਾ,
ਸਮਾਂ ਭੀ ਤਾਣ ਗਵਾਵੇ।

ਮਿਲਦਾ ਵਿੱਚ ਆਕਾਸ਼ ਦੇ,
ਬਿੰਦੂ ਇੱਕ ਰਹਿ ਜਾਵੇ।
ਇੱਕ ਤੋਂ ਅਨੇਕਾ ਜੋ ਬਣਿਆਂ,
ਫਿਰ ਇੱਕ ਹੋ ਜਾਵੇ। 



ਕੋਈ ਰੱਜ ਰੱਜ ਮਾਣੇ ਸਮੇਂ ਨੂੰ

ਕੋਈ ਰੱਜ ਰੱਜ ਮਾਣੇ ਸਮੇਂ ਨੂੰ,
ਕੋਈ ਸਮੇਂ ਤੋਂ ਚੋਟਾਂ ਖਾਏ।
ਬੰਦਾ ਪਰ ਉਹ ਬੰਦਾ ਹੈ,
ਜੋ ਹੱਕ ਸੱਚ ਲਈ ਲੜਦਾ ਜਾਏੇ।

ਆਫ਼ਤ ਆਏ ਸਿਰ 'ਤੇ,
ਰੱਤੀ ਨਾ ਘਬਰਾਏ।
ਲੱਖ ਲਸ਼ਕਰਾਂ ਸਾਹਮਣੇ,
ਇਕੱਲਾ ਹੀ ਡੱਟ ਜਾਏ।

ਹੱਕ, ਸੱਚ ਤੇ ਨਿਆਂ ਲਈ,
ਜੀਵਨ ਘੋਲ ਘੁਮਾਏ।
ਅਰਥ ਲੱਗੇ ਉਹ ਜ਼ਿੰਦਗੀ,
ਜੋ ਪੈੜਾਂ ਪਾ ਕੇ ਜਾਏ।

ਈਸਾ ਸੂਲੀ ਚੜ੍ਹਿਆ,
ਅਰਜਨ ਤੱਪ-ਤਪਾਏ।
ਅਰਸਤੂ ਜ਼ਹਿਰ ਪਿਆਲਾ ਪੀਤਾ,
ਸਿਰ ਤੇਗ ਬਹਾਦਰ ਲਾਏ।

ਗੋਬਿੰਦ ਪਰਮ-ਪੁਰਖ ਕਾ ਦਾਸਾ,
ਨੀਚੋਂ ਊਚ ਬਣਾਏ।
ਐਸੇ ਸੂਰੇ ਜੱਗ ਵਿੱਚ,
ਸਮੇਂ ਸਮੇਂ ਸਿਰ ਆਏ।



ਨਸਲ ਇੱਕੋ ਇਨਸਾਨ ਦੀ 

ਨਸਲ ਇੱਕੋ ਇਨਸਾਨ ਦੀ,
ਥਾਂ ਥਾਂ ਡੇਰੇ ਲਾਏ।
ਸੂਰਜ ਤੇ ਅਸਥਾਨ ਨੇ,
ਆਪਣੇ ਰੂਪ ਦਖਾਏ।

ਇਕੋ ਜੇਹੀ ਧੜਕਣ ਸਭ ਦੀ,
ਸਭ ਇਕੋ ਜੇਹੇ ਤਿਹਾਏ।
ਸਾਰੇ ਸਾਗਰ ਸਭ ਦੇ ਸਾਂਝੇ,
ਕੁਦਰਤ ਨੇ ਉਪਜਾਏ।

ਕਿਉਂ ਕੌਮਾਂ ਦੀ ਵੰਡ ਹੈ,
ਕਿਉਂ ਵਖਰੇ ਦੇਸ਼ ਬਣਾਏ।
ਇਹ ਧਰਤ ਸਾਂਝੀ ਸੱਭ ਦੀ,
ਜੋ ਜਿਧਰ ਮਰਜ਼ੀ ਜਾਏ।













ਭਾਗਾਂ ਵਾਲ਼ੇ ਉਹ ਬੰਦੇ ਹੁੰਦੇ

ਭਾਗਾਂ ਵਾਲੇ ਉਹ ਬੰਦੇ ਹੁੰਦੇ,
ਬੁੱਝ ਲੈਂਦੇ ਜੋ ਆਪੇ।
ਦਸਿਆਂ ਭੀ ਜੋ ਬੁਝ ਨਾ ਸਕਣ,
ਬੰਦੇ ਉਹ ਸਰਾਪੇ।

ਹੋਵੇ ਕਿਵੇਂ ਦੂਰ ਹਨੇਰਾ,
ਚਾਨਣ ਕਿਵੇਂ ਵਿਆਪੇ,
ਦੂਈ ਦਵੈਸ਼ ਸਭ ਮਨੋ ਮਿਟਾਵੋ,
ਦਿਸ ਆਵੇ ਤਦ ਆਪੇ।

ਦਿਸੇ ਨਾ ਫਿਰ ਕੋਈ ਵੈਰੀ,
ਹਰ ਕੋਈ ਆਪਣਾ ਜਾਪੇ।
ਹਰ ਸ਼ੈ ਅੰਦਰ ਆਪਾ ਦਿੱਸੇ,
ਹਰ ਸ਼ੈ ਆਪਣੀ ਭਾਸੇ।













ਹਰ ਚਮਕਦੀ ਸ਼ੈ ਨਾ ਸੋਨਾ

ਹਰ ਚਮਕਦੀ ਸ਼ੈ ਨਾ ਸੋਨਾ
ਜੋ ਦੂਰੋਂ ਝਲਕ ਦਖਾਵੇ।
ਬਹੁਤ ਭੁਲੇਖੇ ਰਹਿ ਜਾਂਦੇ ਨੇ,
ਜੇ ਨਿੜਿਉਂ ਤੱਕੀ ਨਾ ਜਾਵੇ।

ਦੂਰ ਥਲਾਂ ਵਿੱਚ ਪਾਣੀ ਦਿਸੇ,
ਭੱਜਣ ਮਿਰਗ ਪਿਆਸੇ।
ਨੇੜੇ ਗਿਆਂ ਰੇਤ ਦਿਸ ਆਉਂਦੀ,
ਜਿਵੇਂ ਪਿੱਤਲ, ਕਦੀ ਸੋਨਾ ਜਾਪੇ।

ਕਰੇ ਕਲਪਨਾ ਅਸਲ ਨਾ ਦੇਖੇ,
ਉਹ ਬੰਦਾ ਧੋਖਾ ਖਾਵੇ।
ਰੀਝ ਲਾ ਕੇ ਹਰ ਸ਼ੈ ਨੂੰ ਤੱਕੇ,
ਉਹ ਬੰਦਾ ਨਾ ਪਛਤਾਵੇ।

ਮਿਹਨਤ ਦਾ ਫਲ਼ ਜੇ ਮਿਲ਼ ਜਾਵੇ,
ਲੱਖ ਲੱਖ ਸ਼ੁਕਰ ਮਨਾਵੋ।
ਲੁੱਟ ਲੁੱਟ ਕੇ ਕੋਈ ਢੇਰੀ ਲਾਵੇ,
ਉਸ 'ਤੇ ਨਾ ਭਰਮਾਵੋ।

ਮਾਲ ਲੁੱਟ ਦਾ ਖੁਸ਼ੀ ਨਾ ਦੇਵੇ,
ਕੋਈ ਜਿੰਨਾ ਮਰਜ਼ੀ ਖਾਵੇ।
ਹੱਕ ਹਲਾਲ ਦੀ ਸੁੱਕੀ ਚੰਗੀ,
ਮਿਲ਼ੇ ਖੁਸ਼ੀ ਬੇ-ਪਨਾਹ ਰੇ। 



ਕਰਮ ਬਿਨਾਂ ਮੁਕਤੀ ਨਾ ਮਿਲਦੀ

ਕਰਮ ਬਿਨਾਂ ਮੁਕਤੀ ਨਾ ਮਿਲਦੀ,
ਕਰਮਾਂ ਦਾ ਨਾ ਕਰੀਂ ਤਿਆਗ।
ਉਹ ਕਰਮ ਤਾਂ ਕਰਨੇ ਹੀ ਪੈਣੇ,
ਜੋ ਜੀਵਨ ਦਾ ਭਾਗ।

ਜੇਕਰ ਕਰਮ ਕਰਨੇ ਹੀ ਪੈਣੇ,
ਨਿੱਤ ਕਰਮ ਕਰੀਂ ਨਿਸ਼ਕਾਮ।
ਉਚਤਾ ਦੇ ਵੱਲ ਵਧ ਨਾ ਸਕੀਏ,
ਜੇ ਕਰਮ ਨਾ ਕੀਤੇ ਜਾਣ।

ਕਰਨ ਜੋ ਕਰਮ ਜੱਗ 'ਤੇ,
ਆਪਣਾ ਫਰਜ਼ ਪਛਾਣ।
ਰਹਿਣ ਸਦਾ ਨਿਰਲੇਪ ਉਹ,
ਪੁੱਜਦੇ ਉੱਚ ਮੁਕਾਮ।













ਚਤਰ-ਬੁੱਧੀ ਚਤਰਾਈ ਕਰਦੇ

ਚਤਰ-ਬੁੱਧੀ ਚਤਰਾਈ ਕਰਦੇ,
ਪਰ ਜੀਵਨ ਭੇਦ ਨਾ ਪਾਉਂਦੇ।
ਲੁੱਟ ਖਸੁੱਟ ਉਹ ਰੱਜ ਰੱਜ ਕਰਦੇ,
ਅੰਤ ਕਾਲ ਪਛਤਾਉਂਦੇ।

ਸਾਹ ਲੈਣਾ ਜਾਂ ਖਾਣਾ ਪੀਣਾ,
ਜੀਵਨ ਨਾ ਅਖਵਾਵੇ।
ਹੁਕਮ ਪਛਾਣੇ ਰੱਬਤਾ ਬੁੱਝੇ,
ਜੀਵਨ ਦਾ ਮੁੱਲ ਪਾਵੇ।

ਲੁਕਣ ਮੀਟੀ ਹੈ ਖੇਡ ਸਦੀਵੀ,
ਕੁਝ ਵੀ ਸਮਝ ਨਾ ਆਵੇ।
ਭੇਦ ਗ਼ੈਬ ਦਾ ਹਰ ਸ਼ੈ ਅੰਦਰ,
ਕੋਈ ਟਾਵਾਂ ਟਾਵਾਂ ਪਾਵੇ।

ਬੁਝਿਆ ਜਿਸਨੇ ਅਸਲ ਭੇਦ ਨੂੰ,
ਉਹ ਦੂਈ ਦਵੈਸ਼ ਮਿਟਾਵੇ।
ਸਭ ਕੁਝ ਉਸਨੂੰ ਆਪਣਾ ਲੱਗੇ,
ਉਹ ਰੱਬਤਾ ਵਿੱਚ ਸਮਾਵੇ।

ਹੱਕ ਸੱਚ ਦੀ ਲੜੇ ਲੜਾਈ,
ਨਾ ਭੈ ਕਿਸੇ ਦਾ ਖਾਵੇ।
ਲੋੜ ਪਵੇ ਕੁਰਬਾਨੀ ਦੀ ਜੇ,
ਉਹ ਜੀਵਨ ਘੋਲ ਘੁਮਾਵੇ।



ਰੱਬ ਨਾ ਗੁੰਝਲਦਾਰ ਬੁਝਾਰਤ

ਰੱਬ ਨਾ ਗੁੰਝਲਦਾਰ ਬੁਝਾਰਤ,
ਰੱਬ ਨਾ ਗੋਰਖ ਧੰਦਾ।
ਹਰ ਸ਼ੈ ਹੈ ਇੱਕ ਰੂਪ ਰੱਬ ਦਾ,
ਹੈ ਰੂਪ ਰੱਬ ਦਾ ਬੰਦਾ।

ਬਿਨ ਸਾਗਰ ਕੋਈ ਬੂੰਦ ਨਾ ਹੋਵੇ,
ਬਿਨ ਬੂੰਦ ਨਾ ਸਾਗਰ ਕੋਈ।
ਵਾਂਗ ਸਾਗਰ ਦੇ ਰੱਬ ਨੂੰ ਜਾਣੀ,
ਹਰ ਸ਼ੈ ਦੇ ਵਿੱਚ ਦਿਸਦਾ ਸੋਈ।

ਕਿਣਕਾ ਕਿਣਕਾ ਥਲ ਬਣ ਜਾਵੇ,
ਪਰ ਥਲ ਨੂੰ ਕਿਣਕਾ ਬੁੱਝ ਨਾ ਪਾਵੇ।
ਜੇਕਰ ਕਿਣਕਾ ਖੁਦ ਨੂੰ ਬੁੱਝੇ,
ਤਾਂ ਥਲ ਨੂੰ ਵੀ ਬੁੱਝ ਪਾਵੇ।

ਬੂੰਦ ਬੂੰਦ ਸਾਗਰ ਬਣ ਜਾਵੇ,
ਪਰ ਸਾਗਰ ਦੀ ਥਾਹ ਨਾ ਪਾਵੇ।
ਜੇਕਰ ਬੂੰਦ ਖੁਦ ਨੂੰ ਬੁੱਝੇ,
ਤਾਂ ਸਾਗਰ ਨੂੰ ਵੀ ਬੁੱਝ ਪਾਵੇ।

ਬੂੰਦ ਹੋਵੇ ਤਾਂ ਸਾਗਰ ਹੋਵੇ,
ਕਿਣਕਾ ਹੋਵੇ ਤਾਂ ਥਲ ਹੋਵੇ।
ਆਪਾ ਹੋਵੇ ਤਾਂ ਰੱਬਤਾ ਹੋਵੇ,
ਇੱਕ ਅਨੇਕ ਨੂੰ ਇਕੋ ਜਾਣੋ।

ਇੱਕ ਤੋਂ ਅਨੇਕ ਬਣਦਾ ਆਇਆ,
ਇੱਕ ਹੀ ਹਰ ਇੱਕ ਵਿੱਚ ਸਮਾਇਆ।
ਜੇਕਰ ਆਪਾ ਬੁੱਝੇ ਕੋਈ,
ਭੇਦ ਜਗਤ ਦਾ ਉਸਨੇ ਪਾਇਆ।
ਹੁਕਮੀਂ ਹੁਕਮ ਚਲਾਇਆ


ਹੁਕਮੀਂ ਹੁਕਮ ਚਲਾਇਆ,
ਜਾਂ ਆਪੋਂ ਹੁਕਮ ਬਣ ਆਇਆ।
ਬਾਹਰ ਹੁਕਮ ਤੋਂ ਕੁਝ ਨਾ,
ਜਿਸ ਬੁਝਿਆ ਉਸ ਪਾਇਆ।

ਹੁਕਮ ਨਾ ਬਦਲੇ ਕਦੀ ਭੀ,
ਨਾ ਕਿਸੇ ਦੇ ਹੱਥ ਲਗਾਮ।
ਸਿਜਦਾ ਹੈ ਇਸ ਹੁਕਮ ਨੂੰ,
ਜੋ ਚਲਦਾ ਰਿਹੈ ਮਦਾਮ।

ਹੁਕਮ ਹੀ ਸਮਝੋ ਰੱਬ ਹੈ,
ਹੁਕਮ ਵਿੱਚ ਸਭ ਜੱਗ ਹੈ।
ਹੁਕਮ ਵਿੱਚ ਹੀ ਕੱਲ੍ਹ ਸੀ,
ਹੁਕਮ ਵਿੱਚ ਹੀ ਅੱਜ ਹੈ।

ਉਪਜਿਆ ਹੈ ਜੱਗ ਇਸ ਤੋਂ,
ਸਭ ਹੁਕਮ ਦਾ ਪਾਸਾਰ ਹੈ।
ਹੁਕਮ ਸਦੀਵੀ ਚਲ ਰਿਹਾ,
ਸਭ ਹੁਕਮ ਦੀ ਹੀ ਕਾਰ ਹੈ।

ਹੁਕਮ ਦੇ ਸੰਗ ਲੜੇ,
ਹੁਕਮ ਦੇ ਨਾਲ਼ ਭਿੜੇ।
ਕੌਣ ਹੈ ਐਸਾ ਜਗਤ ਤੇ,
ਕਿਸਦੀ ਕੋਈ ਮਜਾਲ ਹੈ।


ਕਾਮ ਕਰੋਧ ਲੋਭ ਮੋਹ

ਕਾਮ ਕਰੋਧ ਲੋਭ ਮੋਹ,
ਜਾਂ ਹੋਵੇ ਨਾ ਹੰਕਾਰ।
ਧਾਰ ਨਾ ਸਕੇ ਰੱਬ ਭੀ,
ਆਪਣੇ ਰੂਪ ਹਜ਼ਾਰ।

ਮਾਇਆ ਉਪਜੀ ਮੈਂ 'ਚੋਂ,
ਪੰਜ 'ਗੁਣ' 'ਅਬਗੁਣ' ਧਾਰ।
ਕੌਣ ਹੈ ਐਸਾ ਸੂਰਮਾ,
ਜੋ ਸਕੇ ਇਹਨਾਂ ਨੂੰ ਮਾਰ।

'ਮੈਂ' ਦਾ ਕਰੇ ਤਿਆਗ ਜੋ,
ਕਦੀ ਨਾ ਪੈਂਦੀ ਮਾਰ।
'ਮੈਂ' ਬਿਨਾ ਜੱਗ ਹੈ ਨਹੀਂ,
'ਮੈਂ' ਹੀ ਹੈ ਸੰਸਾਰ।

ਕਾਮ ਕਰੋਧ ਕਾਇਆਂ ਨੂੰ ਗਾਲ਼ੇ,
ਲੋਭ ਭੀ ਦੇਵੇ ਮਾਰ।
ਚੈਨ ਨਾ ਮਿਲਦਾ ਜੱਗ ਵਿੱਚ,
ਚੁੱਕ ਕੇ ਸਾਰਾ ਭਾਰ।

ਬਖਸ਼ਿਸ਼ ਹੋਵੇ ਉਸ ਤੇ,
ਜੋ ਕਰਦਾ ਸੱਚੀ ਕਾਰ।
ਦੈਵੀ ਗੁਣਾ ਨੂੰ ਧਾਰ ਕੇ,
ਭਵ-ਸਾਗਰ ਲੰਘੀਏ ਪਾਰ।



ਹਓਮੇਂ ਮਾਰੇ ਆਤਮਾਂ

ਹਓਮੇਂ ਮਾਰੇ ਆਤਮਾਂ,
ਗੁੱਸਾ ਮਚਾਵੇ ਸ਼ੋਰ।
ਕਾਮ ਕਾਇਆਂ ਨੂੰ ਗਾਲ਼ਦਾ,
ਸ਼ੈਤਾਨ ਬਣੇ ਮਨ ਹੋਰ।
ਮਨਮੁੱਖ ਬੰਦਾ ਭੁੱਲਦਾ,
ਕਿ ਉਸਦੇ ਅੰਦਰ ਚੋਰ।
ਰੱਬੀ-ਰਾਹ ਤੋਂ ਉਖੜ ਕੇ,
ਬਣ ਜਾਂਦਾ ਮੂੰਹ-ਜ਼ੋਰ।
ਨਿੰਦਿਆ ਕਰੇ ਜੋ ਕਿਸੇ ਦੀ,
ਬਣ ਜਾਂਦਾ ਚਿੱਤ ਕਠੋਰ।
ਚਾਨਣ ਉਸ ਤੋਂ ਭੱਜਦਾ,
ਘੇਰ ਲਵੇ ਘੁੱਪ ਘੋਰ।
ਪਰ-ਪੁਰਸ਼ ਪਰ-ਇਸਤਰੀ,
ਸੰਗ ਕਰੇ ਬਦ-ਖੋਰ।
ਰਾਜ ਮਿਲੇ ਜੇ ਕਿਸੇ ਨੂੰ,
ਪਾਪ ਕਰੇ ਨਿੱਤ ਘੋਰ।
ਨੇਕੀ ਦੇ ਰਾਹ ਚੱਲ ਕੇ,
ਹੱਥ ਆਵੇ ਰੱਬ-ਡੋਰ।









ਕੌਣ ਜੰਮਿਆ ਹੈ ਜੱਗ ਅੰਦਰ

ਕੌਣ ਜੰਮਿਆ ਹੈ ਜੱਗ ਅੰਦਰ,
ਕੌਣ ਹੈ ਐਸਾ ਮਸਤ ਕਲੰਦਰ।
ਜੋ ਪੰਜਾਂ ਦੇ ਝਾਂਸੇ ਅੰਦਰ,
ਸਕਿਆ ਨਾ ਹੋਵੇ ਆ।

ਰਹਿੰਦਾ ਹੈ ਜੋ ਰੱਬ ਦੇ ਭਾਣੇ,
ਰੱਖੇ ਸੁਰਤੀਆਂ ਸਦਾ ਟਿਕਾਣੇ।
ਪੰਜਾਂ ਨੂੰ ਸੰਜਮ ਸੰਗ ਮਾਣੇ,
ਉਹ ਆਪਾ ਲਵੇ ਬਚਾ।

ਪਰ ਜੇ ਕੋਈ ਟਾਵਾਂ ਆਵੇ,
ਜੰਮਦਾ ਹੀ ਜੋ ਸੋਝੀ ਪਾਵੇ।
ਪੰਜਾਂ ਤੋਂ ਜੋ ਨਾ ਭਰਮਾਵੇ,
ਉਹ ਤਾਂ ਆਪ ਖੁਦਾ।













ਕਿਵੇਂ ਝੱਲਾਂ ਮੈਂ ਛੱਲ ਸਮੇਂ ਦੀ

ਕਿਵੇਂ ਝੱਲਾਂ ਮੈਂ ਛੱਲ ਸਮੇਂ ਦੀ,
ਸਮੇਂ ਨੇ ਸਾਰਾ ਜੱਗ ਡਰਾਇਆ।
ਸੁੰਨ ਸਮਾਧੀ ਆਕਾਲ ਤਿਆਗੀ,
ਆਪ ਅਕਾਲ ਕਾਲ ਵਿੱਚ ਆਇਆ।

ਧਾਰੇ ਰੂਪ ਮਾਇਆ ਸੰਗ ਮਿਲ ਕੇ,
ਧਾਰੀ ਧਰਨਾ ਜੱਗ ਬਣ ਆਇਆ।
ਇਹ ਤਾਂ ਖੇਡ ਨਿਰਾਲੀ ਚੱਲੇ,
ਆਪੇ ਖੁਦੀ ਆਪ ਖੁਦਾਇਆ।

ਮੈਂ ਨਿੱਕਾ ਪੁਰਜ਼ਾ ਕਾਇਨਾਤ ਦਾ,
ਸਮੇਂ ਨੇ ਮੈਨੂੰ 'ਮੈਂ' ਬਣਾਇਆ।
ਸਰਵ-ਵਿਆਪਕ ਚਿਣਗ ਬੁਧ ਦੀ,
ਬੁਧ ਮੇਰੀ ਨੂੰ ਹੈ ਰੋਸ਼ਨਾਇਆ।

ਬੇਸ਼ੱਕ ਕੈਦੀ ਬੰਦ ਦਰਵਾਜ਼ੇ,
ਲੰਮੀ ਕੈਦ ਭੁਗਤਦਾ ਆਇਆ।
ਪਰ ਨਾ ਸਿਖਿਆ ਪਿਛਲਗ ਬਣਨਾ,
ਆਪਾ ਮੇਰਾ ਉਸ ਵਿਚੋਂ ਆਇਆ।

ਕੁਲ ਨਹੀਂ ਜੁਜ਼ ਤਾਂ ਹਾਂ ਮੈਂ,
ਜੁਜ਼ਾਂ ਨੇ ਮਿਲ ਕੇ ਕੁੱਲ ਬਣਾਇਆ।
ਕਿਵੇਂ ਨਾ ਕਰ ਸੱਕਾਂਗਾ ਫਿਰ ਮੈਂ,
ਜੋ ਕੁਝ ਮੇਰੇ ਹਿੱਸੇ ਆਇਆ।

ਇਹ ਤਾਂ ਖੇਡ ਨਿਰਾਲੀ ਚੱਲੇ,
ਆਪੇ ਦਾਈ ਆਪੇ ਹੀ ਦਾਇਆ।
ਨਾ ਮੈਂ ਵੱਖਰਾ ਨਾ ਉਹ ਵੱਖਰਾ,
ਮੈਂ ਖੁਦੀ ਉਹ ਹੈ ਖੁਦਾਇਆ।

ਖੁਦੀ ਖੁਦਾ ਤੋਂ ਵੱਖ ਹੋ ਜਾਵੇ,
ਮੁੱਕੇ ਖੁਦੀ ਰਹੇ ਖੁਦਾਇਆ।
ਖੁਦੀ ਬਿਨਾ ਜੀਵਨ ਨਾਹੀ
ਖੁਦੀ ਨੇ ਜੱਗ ਉਪਜਾਇਆ।
ਖੇਡ ਤਮਾਸ਼ਾ ਜੱਗ ਦਾ

ਖੇਡ ਤਮਾਸ਼ਾ ਜੱਗ ਦਾ,
ਸਭ ਖੇਡ ਖੇਡ ਕੇ ਹਾਰੇ।
ਕੀ ਹੋਇਆ ਤੇ ਕਦੋਂ ਹੋਇਆ,
ਬੁਝ ਨਾ ਸਕੇ ਬਿਚਾਰੇ।

ਪਰ ਜਦ ਤੱਕ ਨਾ ਜਾਣੇ ਬੰਦਾ,
ਕਿ ਕੀ ਹੈ ਇਹ ਗੋਰਖ ਧੰਦਾ।
ਖੋਲ੍ਹੀ ਜਾਵੇ ਪੇਚ ਗੈਬ ਦੇ,
ਚੈਨ ਨਾ ਉਸਨੂੰ ਆਵੇ।

ਨਾ ਮੈਂ ਬੱਚਾ ਨਾ ਮੈਂ ਬੁੱਢਾ,
ਨਾ ਮੈਂ ਹੋਇਆ ਜੁਆਨ।
ਬਦਲੇ ਰੂਪ ਸਰੀਰ ਨੇ,
ਜੋ ਮੇਰੇ ਤੋਂ ਅਣਜਾਣ।


ਸਾਗਰ ਹੈ ਅਥਾਹ ਮੇਰੀ ਹੋਂਦ ਦਾ

ਸਾਗਰ ਹੈ ਅਥਾਹ ਮੇਰੀ ਹੋਂਦ ਦਾ,
ਵਗਦੇ ਕਈ ਦਰਿਆ ਜੋ ਜੀਵਨ ਵੰਡਦੇ।
ਇੱਕ ਇੱਕ ਤੁਪਕਾ ਧਾਰੇ ਨਿੱਤ ਰੂਪ ਨਵੇਂ,
ਲੋਚਾ ਕਰਾਂ ਦੀਦਾਰੇ ਜਿੱਥੋਂ ਹਾਂ ਉਡਿਆ।

ਟੁਟਿਆ ਹੈ ਰਿਸ਼ਤਾ ਸਾਗਰ ਸੰਗ ਮੇਰਾ,
ਪਿਆ ਭੁਲੇਖਾ ਮੈਨੂੰ ਵੱਖ ਹੋ ਜਾਣ ਦਾ।
ਛਿਨ ਭਰ ਲਈ ਇਹ ਰੂਪ ਆਖਰ ਮਿਟ ਜਾਣਾ,
'ਮੈਂ' ਮੇਰੀ ਵਿੱਚ ਫਸ ਕੇ ਟਪਲਾ ਖਾ ਗਿਆ। 
ਦਰਦ ਨਹੀਂ ਦਿਆ ਨਹੀਂ

ਦਰਦ ਨਹੀਂ ਦਿਆ ਨਹੀਂ,
ਕਿਸੇ ਦੀ ਪਰਵਾਹ ਨਹੀਂ।
ਕੌਣ ਦੁਆਰੇ ਆਣ ਖਲੋਇਆ,
ਜਾਨਣ ਦੀ ਕੋਈ ਚਾਹ ਨਹੀਂ।

ਸਾਂਝੀਵਾਲਤਾ ਗੱਲ ਦੂਰ ਦੀ,
ਨਿਜ ਦੀ ਭੀ ਪਰਵਾਹ ਨਹੀਂ।
ਬਹੁਤ ਕਠੋਰ ਹੈ ਦੁਨੀਆਂ ਸਾਡੀ,
ਬੰਜਰ ਧਰਤੀ ਘਾਹ ਨਹੀਂ।

ਆਪਾ ਧਾਪੀ ਫੈਲੀ ਜੱਗ ਵਿੱਚ,
ਦਿਸਦਾ ਹੁਣ ਕੋਈ ਰਾਹ ਨਹੀਂ।
ਹੱਕ ਕਿਸੇ ਦਾ ਕੋਈ ਨਾ ਮਾਰੇ,
ਕਰਦਾ ਕੋਈ ਪਰਵਾਹ ਨਹੀਂ।

ਜੋ ਜੀ ਚਾਹੇ ਕਰਦਾ ਜਾਵੇ,
ਕੋਈ ਭੀ ਗਾਡੀ ਰਾਹ ਨਹੀਂ।
ਲੁੱਟਾਂ ਲੁੱਟ ਕੇ ਘਰ ਭਰਦੇ ਨੇ,
ਵੰਡ ਖਾਣ ਦੀ ਚਾਹ ਨਹੀਂ।

ਥਾਂ ਥਾਂ ਬੰਦਾ ਰੁਲ਼ਦਾ ਫਿਰਦਾ,
ਚਲਦੀ ਕੋਈ ਭੀ ਵਾਹ ਨਹੀਂ।
ਦੁਨੀਆਂ ਵਾਲਿਓ ਸਿਸਟਮ ਬਦਲੋਂ,
ਇਹ ਰਾਹ ਸੱਚਾ ਰਾਹ ਨਹੀਂ। 



ਘਿਰਨਾ ਘੇਰੇ ਮਨਾਂ ਨੂੰ

ਘਿਰਨਾ ਘੇਰੇ ਮਨਾਂ ਨੂੰ,
ਤਨ ਹੋ ਜਾਣ ਸੁਆਹ।
ਪਿਆਰ ਵਿਛੂਣੀ ਆਤਮਾਂ,
ਮਾਰੇ ਕਦੀ ਨਾ ਭਾਅ।

ਜੇ ਰੁੱਖੀ ਰਹਿ ਗਈ ਜਿੰਦਗੀ,
ਮੌਤੋਂ ਬੁਰੀ ਬਲਾ।
ਤਨ ਐਵੇਂ ਸਾਹ ਖਿੱਚਦਾ,
ਸਾਹ ਭੀ ਨਾ ਉਹ ਸਾਹ।

ਏਕੇ ਦੇ ਵਿੱਚ ਬਰਕਤਾਂ,
ਦੇਵੇ ਇੱਕ ਬਣਾ।
ਜਾਤਾਂ ਤੇ ਮਜ਼ਹਬਾਂ ਦੇ ਝਗੜੇ,
ਸਾਂਝਾਂ ਦੇਣ ਮਿਟਾ।

ਸੱਭੇ ਪੀਰ ਪੈਗ਼ੰਬਰਾਂ, 
ਦੱਸਿਆ ਇੱਕੋ ਰਾਹ।
ਅਣਜਾਣੇ ਹੀ ਵੰਡ ਗਏ, 
ਵੱਖਰੇ ਬੂਟੇ ਲਾ।

ਅੱਜ ਦੇ ਪੀਰ ਪੈਗ਼ੰਬਰੋ,
ਲਾਵੋ ਨਾ ਕੋਈ ਛਾਪ।
ਆਦਮ ਦਾ ਪੁੱਤ ਇੱਕ ਹੈ,
ਇਕੋ ਇਸਦਾ ਬਾਪ।



ਕੌਣ ਹੈ ਜਿਸਨੂੰ ਚਿੰਤਾ ਨਹੀਂ

ਕੌਣ ਹੈ ਜਿਸਨੂੰ ਚਿੰਤਾ ਨਹੀਂ,
ਕੌਣ ਹੈ ਬੇ-ਫਿਕਰਾ ਏਥੇ।
ਕੌਣ ਹੈ ਜਿਸ ਨੇ ਮੱਥੇ ਉੱਤੇ,
ਹੱਥ ਧਰ ਕੇ ਨਹੀਂ ਸੋਚਿਆ।

ਚੁੱਕੀਂ ਫਿਰਦੇ ਪੰਡ ਚਿੰਤਾ ਦੀ,
ਚਿੰਤਾਵਾਂ ਵਿੱਚ ਫਸੇ ਪਰਾਣੀ।
ਬੇਸ਼ੱਕ ਕਦੀ ਵੀ ਕਿਸੇ ਨੇ,
ਨਹੀਂ ਚਿੰਤਾਵਾਂ ਨੂੰ ਲੋਚਿਆ।

ਬੀਤ ਗਿਆ ਵਾਪਸ ਨਾ ਆਵੇ,
ਆ ਰਿਹਾ 'ਅਵਸਰ' ਨਾਲ਼ ਲਿਆਵੇ।
ਅਕਲੀਂ ਹਿੰਮਤ ਕਰੇ ਜੇ ਬੰਦਾ,
ਸਮਾਂ ਹੈ ਉਸਨੇ ਬੋਚਿਆ।













ਜੇ ਖਿਮ੍ਹਾਂ ਨਾ ਕਰੀਏ ਕਿਸੇ ਨੂੰ

ਜੇ ਖਿਮ੍ਹਾਂ ਨਾ ਕਰੀਏ ਕਿਸੇ ਨੂੰ,
ਕੁੜੱਤਣ ਨਿੱਤ ਵਧਾਈਏ।
ਹਿਰਦੇ ਨੂੰ ਸ਼ੁੱਧ ਰੱਖ ਨਾ ਸਕੀਏ,
ਮਨ ਦਾ ਚੈਨ ਗਵਾਈਏ।

ਘਿਰਣਾ ਸੰਗ ਤਣਾਓ ਵਧ ਜਾਵੇ,
ਹਰ ਪਾਸੇ ਅਚਵੀ ਛਾ ਜਾਵੇ।
ਖਿਮ੍ਹਾਂ ਅਚਵੀ ਮਾਰ ਭਜਾਵੇ।
ਜੀਵਨ ਸੁਖੀ ਹੁੰਦਾ ਜਾਵੇ।

ਵਾਰ ਵਾਰ ਨਾ ਯਾਦ ਕਰਾਈਏ,
ਬੋਲ ਕਬੋਲ ਜੋ ਕਿਸੇ ਨੇ ਬੋਲੇ।
'ਅੱਜ' ਤੇ 'ਭਲਕ' ਦੋਵਾਂ ਨੂੰ ਮਾਰੇ,
ਜੋ ਮੜ੍ਹੀਆਂ ਨੂੰ ਫਰੋਲੇ।

ਖਿਮਾਂ ਦਾ ਤੇ ਰਹਿਮਤ ਦਾ,
ਜੇਕਰ ਮੀਂਹ ਨਾ ਵੱਸੇ।
ਘਿਰਣਾ ਨਰਕ ਬਣਾਵੇ ਜੀਵਨ,
ਸਭ ਕੁਝ ਸਾਡਾ ਮੱਚੇ।

ਖਿਮਾਂ ਜੇਕਰ ਹਿਰਦੇ ਵੱਸੇ,
ਖੇੜਾ ਤੇ ਖੁਸ਼ਹਾਲੀ ਆਵੇ।
ਅਧਭੁਤ ਰੰਗ ਜੀਵਨ ਦੇ ਹੋਵਣ,
ਜੀਵਨ ਖਿੜਦਾ ਜਾਵੇ। 



ਕਰੀਏ ਜੇਕਰ ਖਿਮ੍ਹਾਂ ਕਿਸੇ ਤੇ

ਕਰੀਏ ਜੇਕਰ ਖਿਮ੍ਹਾਂ ਕਿਸੇ ਤੇ,
ਦਇਆ ਦਾ ਮੀਂਹ ਵਰਸਾਈਏ।
ਰਹਿਮਤ ਹੋਵੇ ਰੱਬ ਦੀ,
ਆਪਣੇ ਔਗੁਣ ਮਾਫ਼ ਕਰਾਈਏ।

ਗੁਨਾਹਗਾਰ ਜੋ ਪਿਆ ਕੁਰਲਾਵੇ,
ਉਸਨੂੰ ਰਾਹ ਵਿਖਾਈਏ।
ਹੋ ਜਾਵੇ ਅਨੋਖਾ ਜਾਦੂ,
ਗੁਨਾਹਾਂ ਤੋਂ ਉਸਦਾ ਲੜ ਛਡਾਈਏ।

ਕੋਈ ਭੀ ਬੰਦਾ ਨਾ ਏਨਾ ਮੰਦਾ,
ਜੋ ਸੱਚ ਨੂੰ ਕਦੀ ਨਾ ਜਾਣੇ।
ਜਿੰਦ ਭਰ ਲਈ ਰਿਣੀ ਉਹ ਰਹਿੰਦਾ,
ਜੋ ਖਿਮਾਂ ਦਾ ਮੁੱਲ ਪਛਾਣੇ।

ਗੁਨਾਹਗਾਰ ਤੇ ਬਖਸ਼ਣ ਵਾਲਾ,
ਫਿਰ ਇੱਕ-ਮਿੱਕ ਹੋ ਜਾਂਦੇ।
ਦਇਆ ਧਰਮ ਤੇ ਖਿਮ੍ਹਾਂ ਦਾ
ਜੱਗ ਵਿੱਚ ਮੀਂਹ ਬਰਸਾਂਦੇ।

ਬਣ ਜਾਂਦੇ ਫਿਰ ਦੋਵੇਂ ਜਣੇ,
ਇਕੋ ਰਾਹ ਦੇ ਰਾਹੀ।
ਦੁਨੀਆਂ ਵਿੱਚ ਉਹ ਅਮਨ ਲਿਆਵਣ,
ਜਿਨ ਮੈਲ਼ ਦਿਲਾਂ ਦੀ ਲਾਹੀ।



ਬਖ਼ਸ਼ਿਸ਼ ਕਰਕੇ ਜੋ ਭੁਲਾਵਣ

ਬਖ਼ਸ਼ਿਸ਼ ਕਰਕੇ ਜੋ ਭੁਲਾਵਣ,
ਉਹ ਸੁੱਖ ਸਦਾ ਹੀ ਮਾਨਣ।
ਮਨ ਹੋਰ ਮੁਖ ਹੋਰ ਨਾ ਹੁੰਦੇ,
ਨਾ ਜਾਲ਼ ਕਿਸੇ ਲਈ ਤਾਨਣ।

ਸੱਟ ਜੇ ਖਾਧੀ ਹੋਵੇ ਡੂੰਘੀ,
ਉਹ ਭੀ ਮਨੋਂ ਭੁਲਾਵਣ।
ਰੱਬ ਦੇ ਨਾਉਂ 'ਤੇ ਮੁਆਫ ਕਰਕੇ,
ਅਰਦਾਸਾਂ ਵਿੱਚ ਜੁੱਟ ਜਾਵਣ।

ਸਵੈ-ਵਿਸ਼ਵਾਸ਼ ਉਹਨਾਂ ਵਿਚ ਆਵੇ,
ਉਹ ਸੱਚ ਸਦਾ ਹੀ ਪਾਲਣ।
ਕਦੀ ਨਾ ਘੁੰਡੀ ਮਨ ਵਿੱਚ ਰੱਖਣ,
ਝੂਠ ਫਰੇਬ ਨਾ ਜਾਨਣ।

ਕਰਨ ਨਾ ਨਿੰਦਾ ਕਦੀ ਕਿਸੇ ਦੀ,
ਉਹ ਗੁਣਾਂ ਦੀ ਗੱਲ ਉਛਾਲਣ।
ਕਰ ਬੈਠਣ ਜੇ ਕੋਈ ਗਲਤੀ,
ਉਹ ਆਪਣਾ ਆਪਾ ਛਾਨਣ।

ਜੇਕਰ ਮੁਆਫ਼ੀ ਲੈ ਨਾ ਸਕਣ,
ਉਹ ਪਿੱਛੇ ਹਟ ਜਾਵਣ।
ਮੁੜ ਮੌਕਾ ਜਦ ਮਿਲ਼ੇ ਉਹਨਾਂ ਨੂੰ,
ਉਹ ਫਿਰ ਜਾ ਭੁੱਲ ਬਖ਼ਸ਼ਾਵਣ।

ਕਦੀ ਨਾ ਕਿਸੇ ਦਾ ਮੰਦਾ ਲੋਚਣ,
ਕਰ ਚੰਗਾ ਨਾ ਕਦੀ ਜਤਾਵਣ।
ਆ ਸਕਣ ਜੇ ਕੰਮ ਕਿਸੇ ਦੇ,
ਉਹ ਦੇਰ ਨਾ ਰੱਤੀ ਲਾਵਣ।
ਮਨ ਵਿਚ ਮੈਲ਼ ਕਦੀ ਨਾ ਰੱਖਣ,
ਨਾ ਕਿਸੇ ਨੂੰ ਕਦੀ ਡਰਾਵਣ।
ਨਾ ਉਹ ਡਰਨ ਕਦੀ ਕਿਸੇ ਤੋਂ,
ਜਿੰਦ ਹੱਕ ਸੱਚ ਲਈ ਲਾਵਣ। 


























ਰੱਖੋ ਸਦਾ ਯਾਦ ਕਿ ਸਭ ਏਕ ਹੈ

ਰੱਖੋ ਸਦਾ ਯਾਦ ਕਿ ਸਭ ਏਕ ਹੈ,
ਖਿੜੀ ਰਹੇ ਗੁਲਜ਼ਾਰ ਤੁਹਾਡੇ ਮਨ ਵਿੱਚ।
ਦੁਨੀਆਂ ਦੇ ਵਿਕਾਰ ਦੂਰ ਭੱਜਦੇ,
ਜੇਕਰ ਰੱਬ ਦੀ ਯਾਦ ਸੀਨੇ ਵਸਦੀ।

ਭੁੱਲੇ ਜੇ ਕਰਤਾਰ ਘਿਰ ਜਾਵੋ ਵਿਚਕਾਰ,
ਦੇਵਣ ਮੱਤ ਮਾਰ ਖਿੰਡੀਆਂ ਬਿਰਤੀਆਂ।
ਕਿਰ ਕਿਰ ਜਾਵੇ ਸਾਡੀ ਸਾਰੀ ਜ਼ਿੰਦਗੀ,
ਇਕੋ ਇੱਕ ਹੈ ਰਾਹ ਕਿ ਕਰੋ ਬੰਦਗੀ।

ਸਦਾ ਰਹੋ ਸੁਚੇਤ ਕਦੀ ਭੁੱਲੋ ਨਾ,
ਰੱਬ ਨਾਲੋਂ ਨਾ ਟੁਟੋ ਇੱਕ ਪਲ ਵੀ।
ਹੋਵੇ ਫਿਰ ਪਰਤਾਪ ਆਪਾ ਜਾਗਦਾ,
ਆਵੇ ਨਾ ਕੋਈ ਤੋਟ ਤੁਹਾਨੂੰ ਜੱਗ ਤੇ।

ਪਰ-ਤਨ, ਪਰ-ਧੰਨ ਤੇ ਪਰ-ਨਿੰਦਾ,
ਲੱਗਣ ਜੇਕਰ ਚੰਗੇ ਸਮਝੋ ਘਾਟ ਹੈ।
ਕਿ ਸੀਨੇ ਵਿਚੋਂ ਮੈਲ਼ ਦੂਰ ਹੋਈ ਨਾ,
ਪੜਚੋਲੋ ਆਪਣਾ ਆਪ ਇਸ ਨੂੰ ਦੂਰ ਕਰੋ।

ਜੇਕਰ ਦੂਈ ਦਵੈਸ਼ ਤੁਹਾਡੇ ਮਨ ਵਿੱਚ,
ਸਮਝੋ ਰੱਬ ਨਾਲ਼ ਪਿਆਰ ਅਜੇ ਪਿਆ ਨਾ।
ਪਰਗਟ ਹੋਇਆ ਜੱਗ ਜਿਸ ਦੇ ਕਾਰਨੇ,
ਜ਼ਰੇ ਜ਼ਰੇ ਵਿੱਚ ਆਪੋਂ ਵਸਦਾ।

ਉਹ ਤਾਂ ਸ਼ੁੱੱਧ ਸਰੂਪ ਨਿਰਾ ਪਰਕਾਸ਼ ਹੈ,
ਉਹ ਤਾਂ ਪਿਆਰ ਸਰੂਪ ਕਰਦਾ ਉਤਪਤੀ।
ਕਰੇ ਨਾ ਕਦੀ ਨਿਰਾਸ਼ ਸਭ ਦੀ ਆਸ ਹੈ,
ਘਿਰਣਾ ਕਰੇ ਜੋ, ਨਾ ਜਾਣੇ ਰੱਬ ਨੂੰ।
ਸਿਮਰ ਸਿਮਰ ਸੁੱਖ ਪਾਵੋ ਭੁੱਲੋ ਨਾ ਕਦੀ,
ਪਵਿੱਤਰ੍ਰਤਾ ਮਨ ਆਵੇ ਸਭ ਨੂੰ ਪਿਆਰ ਕਰੋ।
ਅਨੇਕਾਂ ਜੋ ਵਿਕਾਰ ਭਰਮਾਉਂਦੇ ਮਨ ਨੂੰ,
ਆਪ ਲਵੇ ਉਹ ਸਾਰ ਰੱਬ ਦੇ ਨਾਲ਼ ਟੁਰੋ।


























ਮਿੱਠਤ ਨੀਵੀਂ ਨਿਘ ਹਲੀਮੀਂ

ਮਿੱਠਤ ਨੀਵੀਂ ਨਿਘ ਹਲੀਮੀਂ,
ਪ੍ਰੇਮ ਰੂਪ ਰੱਬ ਦਾ,
ਸੱਚ ਹਿਰਦੇ ਜਿਨ ਧਾਰੇ।
ਬੇਸ਼ੱਕ ਡਿਗਣ ਦੂਰ ਦੁਰੇਡੇ,
ਪੁੱਜ ਜਾਂਦੇ ਸੱਜਨ ਦੁਆਰੇ।

ਇਕੋ ਧੂਅ ਜਿਨ ਸੀਨੇ ਖਾਧੀ,
ਹੋਵੇ ਖੁਸ਼ਹਾਲੀ ਜਾਂ ਬਰਬਾਦੀ।
ਆਪਣੇ ਰਾਹੇ ਟੁਰਦੇ ਜਾਂਦੇ,
ਮੌਤ ਕੋਲੋਂ ਭੀ ਨਾ ਘਬਰਾਂਦੇ,
ਬਲਿਹਾਰੀ ਉਨ੍ਹ ਸ਼ਾਹਸਵਾਰਾਂ ਦੇ। 














ਨਾ ਕਿਰਨ ਦਾ ਵਾਸਾ ਦੂਰ ਹੈ

ਨਾ ਕਿਰਨ ਦਾ ਵਾਸਾ ਦੂਰ ਹੈ,
ਨਾ ਵਾਸਾ ਦੂਰ ਸ਼ੈਦਾਈ ਦਾ।
ਨਾ ਅੱਖੋਂ ਉਹਲੇ ਵਸਦਾ ਹੈ,
ਫਿਰ ਗ਼ਮ ਹੈ ਕੀ ਜੁਦਾਈ ਦਾ।
ਨਾ ਦੁਨੀਆਂ ਅੰਨ੍ਹੀਂ ਬੋਲੀ ਹੈ,
ਜੇ ਕੰਮ ਹੈ ਕੋਈ ਭਲਾਈ ਦਾ।
ਜੱਗ ਵਿਚ ਚਾਨਣ ਵੰਡੀ ਜਾਣਾ,
ਕੰਮ ਹੈ ਇੱਕ ਸ਼ੈਦਾਈ ਦਾ।
ਕਿਰਨ ਦਾ ਵਾਸਾ ਸਾਡੇ ਅੰਦਰ
ਫਿਰ ਕੰਮ ਹੈ ਕੀ ਜੁਦਾਈ ਦਾ। 

















ਤੱਤੀ ਰੇਤ ਜੋ ਪੈ ਨਾ ਧਰਦੇ

ਤੱਤੀ ਰੇਤ ਜੋ ਪੈਰ ਨਾ ਧਰਦੇ,
ਤੇਜ਼ ਦਰਿਆਵਾਂ ਤੋਂ ਜੋ ਡਰਦੇ,
ਤੇਸੇ ਸੰਗ ਜੋ ਨਾ ਤਿਰਾਸ਼ਣ,
ਪੱਥਰ ਦਿਲ ਪਹਾੜਾਂ ਦੇ,
ਲਾਹਣਤ ਉਨ੍ਹ ਸ਼ਾਹਸਵਾਰਾਂ ਦੇ।

ਧੁੱਪੋਂ ਘਬਰਾ ਕੱਕਰਾਂ ਤੋਂ ਡਰ,
ਜੋ ਠੰਡੀਆਂ ਛਾਵਾਂ ਬਹਿ ਜਾਂਦੇ।
ਫੁੱਲਾਂ ਦੀਆਂ ਮਹਿਕਾਂ ਅੰਦਰ,
ਜੋ ਕੰਡਿਆਂ ਤੋਂ ਡਰ ਰਹਿ ਜਾਂਦੇ,
ਮੂੰਹ ਤਕਦੇ ਨੇ ਉਹ ਹਾਰਾਂ ਦੇ।

ਐਵੇਂ ਸਮਾਂ ਗੁਆਵਣ ਵਾਲ਼ੇ,
ਰੱਖ ਭਰੋਸਾ ਸਾਹਾਂ ਉੱਤੇ,
ਹੂਰਾਂ ਤੇ ਮਹਿਲਾਂ ਦੇ ਸੁਪਨੇ,
ਜੋ ਲੈਂਦੇ ਖਾਨਗਾਹਾਂ ਉੱਤੇ,
ਕਿਰ ਜਾਂਦੇ ਉਹ ਰਾਹਾਂ ਉੱਤੇ।










ਪਤਝੜਾਂ ਵਿੱਚ ਕੀ ਹੈ ਗੱਲ ਬਹਾਰਾਂ ਦੀ

ਪਤਝੜਾਂ ਵਿੱਚ ਕੀ ਹੈ ਗੱਲ ਬਹਾਰਾਂ ਦੀ।
ਸਾਇੰਸੀ ਯੁੱਗ ਵਿੱਚ ਕੀ ਹੈ ਗੱਲ ਪਿਆਰਾਂ ਦੀ।
ਬੋਧੀ-ਫਲਸਫੇ ਦੀ ਗੱਲ ਕੋਈ ਕਿਉਂ ਸੁਣੇ,
ਲੋੜ ਕੀ ਸੇਵਾ ਕਰਦੇ ਫਿਰਨ ਬੀਮਾਰਾਂ ਦੀ।
ਸੜਕਾਂ ਕੰਢੇ ਭੁੱਖੇ ਲੋਕੀ ਮਰਨ ਦਿਓ,
ਕਰਨੀ ਹੈ ਤਾਂ ਗੱਲ ਕਰੋ ਵਿਉਪਾਰਾਂ ਦੀ।
ਡਾਕਟਰਾਂ, ਇੰਜਨੀਅਰਾਂ ਤੇ ਮਾਣ ਜ਼ਮਾਨੇ ਨੂੰ,
ਮੁੱਕ ਗਈ ਹੁਣ ਗੱਲ ਰਾਂਝੇ ਦਿਲਦਾਰਾਂ ਦੀ।
ਭਾਵਨਾਵਾਂ ਦਰਸਾਉਣਾ ਕੰਮ ਗੰਵਾਰਾਂ ਦਾ,
ਰਹਿ ਗਈ ਗੱਲ ਹੁਣ ਮਾਇਆ ਦੇ ਭੰਡਾਰਾਂ ਦੀ।
ਸਾਹ ਹਰ ਇੱਕ ਦਾ ਘੁੱਟਿਆ ਲਗਦੈ ਔੜਾਂ ਨੇ,
ਠੰਡਕ ਕਿਦਾਂ ਮਾਣੀਏ ਸਬਜ਼ਾਜ਼ਾਰਾਂ ਦੀ।
ਅਜੇ ਸਮਾਂ ਹੈ ਦੁਨੀਆਂ ਵਾਲਿਓ ਸੰਭਲ ਜਾਓ,
ਗੱਲ ਮਨਾਂ ਵਿੱਚ ਪਾਓ ਸਾਂਝੇ ਪਿਆਰਾਂ ਦੀ।













ਨਿਰਮਲ ਸੀਨੇ ਉੱਠੀ ਲਹਿਰ

ਨਿਰਮਲ ਸੀਨੇ ਉੱਠੀ ਲਹਿਰ,
ਪ੍ਰੀਤਮ ਸੰਗ ਗੁਆਚੀ।
ਸ਼ੁਧ ਬੁੱਧ ਬੇਲੋੜੀ ਏਥੇ,
ਇਹ ਤਾਂ ਗੱਲ ਪਿਆਰ ਦੀ।

ਦੁਨੀਆਂ ਦੇ ਇਸ ਭੀੜ ਭੜੱਕੇ,
ਜਿਥੇ ਅੜਿੱਕੇ ਹੀ ਅੜਿੱਕੇ।
ਲੱਭਣ ਵਾਲੇ ਲੱਭ ਲੈਂਦੇ ਨੇ,
ਜੋਤੀ ਓਂਕਾਰ ਦੀ।

ਰੂਪ ਉਸਦਾ ਹਰ ਥਾਂ ਜਗਿਆ,
ਤੇਜ਼ ਉਸਦਾ ਹਰ ਥਾਂ ਮਘਿਆ।
ਵੇਖਣ ਵਾਲੀ ਅੱਖ ਚਾਹੀਦੀ,
ਜੋਤੀ ਉਸ ਕਰਤਾਰ ਦੀ।

ਹਰ ਸੀਨੇ ਵਿੱਚ ਖਿੱਚ ਓਸਦੀ,
ਹਰ ਸੀਨੇ ਵਿੱਚ ਰੂਪ ਓਸਦਾ।
ਪਤਝੜ ਭੀ ਸਰੂਪ ਓਸਦਾ,
ਹੈ ਧੜਕਣ ਉਹ ਬਹਾਰ ਦੀ।

ਸੋਚ ਸੋਚ ਕੇ ਅੱਕੇ ਸਾਰੇ,
ਚੁੱਪ ਰਹਿ ਰਹਿ ਕੇ ਥੱਕੇ ਸਾਰੇ।
ਸੋਚਾਂ ਸੋਚਿਆਂ ਜੋਤ ਨਾ ਜਗਦੀ,
ਇਹ ਤਾਂ ਗੱਲ ਪਿਆਰ ਦੀ। 



ਇੱਕ ਮਾਲ਼ਾ ਦੇ ਮਣਕੇ ਸਾਰੇ

ਇੱਕ ਮਾਲ਼ਾ ਦੇ ਮਣਕੇ ਸਾਰੇ,
ਕੀ ਪਰਬਤ ਕੀ ਟੋਏ।
ਇੱਕ ਨੂਰ 'ਚੋਂ ਸਭ ਜੱਗ ਉਪਜੇ,
ਮੁੜ ਇੱਕੋ ਵਿੱਚ ਸਮੋਏ।
ਅੰਡਜ਼ ਜੇਰਜ ਸੇਤਜ ਉਤਭੁਜ,
ਸਭ ਇੱਕ ਨੂਰ 'ਚੋਂ ਹੋਏ।
ਜੋ ਹੋਇਆ ਜਾਂ ਹੋਣਾ ਏਥੇ,
ਬਿਨ ਨੂਰੋਂ ਨਾ ਕੋਏ।

ਜਾਦੂਗਰ ਤੇ ਜਾਦੂਗਰੀ,
ਕਦੀ ਵੱਖ ਨਾ ਹੋਏ।
ਅੱਖ ਹੋਵੇ ਜੇ ਦੇਖਣ ਵਾਲੀ,
ਫਿਰ ਮੱਤ ਕੋਈ ਏਥੇ ਰੋਏ।

ਸਿਰ ਥੱਲੇ ਤਨ ਉਪਰ ਕਰਕੇ

ਸਿਰ ਥੱਲੇ ਤਨ ਉਪਰ ਕਰਕੇ,
ਵੇਖੋ ਬਿਰਛ ਖਲੋਏ,
ਕਰਨ ਤਪੱਸਿਆ ਸਾਰੀ ਉਮਰੇ,
ਨਿੱਤ ਹੱਸੇ ਨਿੱਤ ਰੋਏ।

ਸਾਰੇ ਜੱਗ ਨੂੰ ਜੀਵਨ ਵੰਡਦੇ,
ਇੱਕ ਦੂਜੇ ਲਈ ਹੋਏ।
ਸਿਰ ਝੁਕ ਜਾਂਦਾ, ਕੁਦਰਤ ਅੱਗੇ,
ਫੁੱਲ ਕੰਡਿਆਂ ਸੰਗ ਪਰੋਏ।


ਹੇ-ਸਦਜੀਵੀ ਹੇ ਅਬਿਨਾਸ਼ੀ
ਹੇ-ਸਦਜੀਵੀ ਹੇ ਅਬਿਨਾਸ਼ੀ,
ਪਰਮ ਸੱਤਾ ਹੇ ਸੁੰਨ ਸਮਾਧੀ।
ਨਾਸ਼ਵਾਨ ਤੂੰ ਰੂਪ ਕਿਉਂ ਧਾਰੇ,
ਥੋੜ੍ਹ ਚਿਰੀ ਹੈ ਕਿਉਂ ਆਬਾਦੀ।

ਅਟੱਲ ਹੁਕਮ ਸਭ ਕਾਰ ਚਲਾਵੇ,
ਅਟੱਲ ਹੁਕਮ ਤੇਰੇ ਤੇ ਲਾਗੂ।
ਕਿੰਨੀ ਪੀਢੀ ਗੁੰਝਲ ਹੈ ਇਹ,
ਕਿੰਨਾ ਪੀਢਾ ਹੈ ਇਹ ਜਾਦੂ।

ਕੌਣ ਜੰਮਿਆਂ ਇਸ ਨੂੰ ਬੁੱਝੇ,
ਕੌਣ ਜੰਮਿਆਂ ਜਿਸ ਨੂੰ ਸੁੱਝੇ।
ਉਹ ਬੁੱਝੇ ਜਿਸ ਤੂੰ ਬੁਝਾਵੇਂ,
ਉਸ ਸੁੱਝੇ ਜਿਸ ਤੂੰ ਸੁਝਾਵੇਂ।

ਉਮਰਾ ਬੀਤੀ ਕਾਰ ਕੀ ਕੀਤੀ
ਉਮਰਾ ਬੀਤੀ ਕਾਰ ਕੀ ਕੀਤੀ,
ਕੀ ਕੁਝ ਸਾਡੇ ਹਿੱਸੇ ਆਇਆ।
ਘੋਖ ਘੋਖ ਗੱਲ ਇੱਕੋ ਲੱਭੀ,
ਜੋ ਪਾਇਆ ਸੋ ਭੀ ਗੁਆਇਆ।

ਨਵੀਂ ਨਕੋਰ ਜਿੰਦ ਅਸਾਂ ਨੇ ਪਾਈ,
ਪੰਜਾਂ ਸੰਗ ਜੋ ਹੈ ਲਿਪਟਾਈ।
ਕੀ ਚੰਗਾ ਕੀ ਮੰਦਾ ਏਥੇ,
ਕੀ ਨੇਕੀ ਕੀ ਬਦੀ ਕਮਾਈ।

ਅਸਾਂ ਤਾਂ ਬੁੱਝਿਆ ਹੁਕਮ ਸਦੀਵੀ,
ਭਟਕੇ ਭੀ ਹਾਂ ਕਦੀ ਕਦਾਈਂ।
ਏਧਰ ਓਧਰ ਜਿੱਧਰ ਜਾਣਾ,
ਵਰਤ ਰਿਹਾ ਹੈ ਰੱਬੀ ਭਾਣਾ।
ਉਪਜੇ ਗਿਆਨ ''ਮੈਂ ਵੱਖ ਨਹੀਂ ਹਾਂ''

ਉਪਜੇ ਗਿਆਨ ''ਮੈਂ ਵੱਖ ਨਹੀਂ ਹਾਂ''
ਜੋ ਦਿਸੇ ਸਭ ਮੇਰਾ ਪਾਸਾਰ।
ਡੁੱਲ੍ਹ ਡੁੱਲ੍ਹ ਪੈਂਦੀ ਫਿਰ ਦਿਇਆ ਸਭ ਤੇ
ਨਜ਼ਰ ਆਵੇ ੴ।

ਗਿਆਨ ਬਿਨਾ ਦਇਆ ਨਾ ਉਪਜੇ,
ਦਿਇਆ ਨਹੀਂ, ਨਾ ਜਾਣੇ ਸਾਰ।
ਗਿਆਨ ਬੁਝਾਵੇ ਆਪਣਾ ਆਪ,
ਦਇਆ ਦਰਸਾਵੇ ਅਪਰਮਪਾਰ।

ਇੱਕ ਖੰਭ ਦੇ ਨਾਲ਼ ਪੰਛੀ,
ਭਰ ਨਾ ਸਕੇ ਕਦੀ ਉਡਾਰ।
ਟੁਰ ਨਾ ਸਕੇ ਕਦੀ ਭੀ ਬੰਦਾ,
ਇੱਕ ਟੰਗ ਦੇ ਭਾਰ।

ਗਿਆਨ ਵਿਹੂਣਾ ਦਇਆ ਤੋਂ ਊਣਾ,
ਕਰਦਾ ਫਿਰਦਾ ਮਾਰੋ ਮਾਰ।
ਨਾ ਖ਼ੁਦ ਸੁਖੀਆ, ਨਾ ਸੁੱਖ ਦੇਵੇ,
ਜਲ ਰਿਹਾ ਸਾਰਾ ਸੰਸਾਰ।

ਆਦੇਸ਼ ਤਿਸੈ ਜੋ ਹਰ ਸ਼ੈ ਅੰਦਰ,
ਆਦੇਸ਼ ਤਿਚਸੈ ਜੋ ਮਨ ਦੇ ਮੰਦਰ।
ਬਿਨ ਤੇਰੇ ਨਾ ਕੁਝ ਪਿਆਰੇ,
ਸਭ ਤੇਰਾ ਹੀ ਪਾਸਾਰ। 



ਸਮਾਂ ਖਲੋਤਾ ਤਣਕੇ

ਸਮਾਂ ਖਲੋਤਾ ਤਣਕੇ,
ਜਿੰਦ ਬੀਤਦੀ ਜਾਏ।
ਹਰ ਸ਼ੈ ਇਸ ਜੱਗ ਦੀ,
ਆਪਣਾ ਰੂਪ ਵਟਾਏ।

ਆਦਿ ਅੰਤ ਹੈ ਸਮੇਂ ਦਾ,
ਸਮਾਂ ਭੀ ਹੰਢਦਾ ਜਾਏ।
ਆਕਾਲ ਵਿਚੋਂ ਉਪਜਿਆ,
ਆਕਾਲ ਸੰਗ ਸਮਾਏ।

ਬੰਦਾ ਪਰ ਉਹ ਬੰਦਾ ਹੈ,
ਜੋ ਸੱਚ ਲਈ ਡਟ ਜਾਏ।
ਸਭ ਕੁਝ ਵਾਰੇ ਆਪਣਾ,
ਰੱਤੀ ਨਾ ਘਬਰਾਏ।

ਆਫ਼ਤ ਆਵੇ ਸਿਰ ਤੇ,
ਸਿਰ ਨਾ ਕਦੀ ਝੁਕਾਏ।
ਲੱਖ ਲਸ਼ਕਰਾਂ ਸਾਹਮਣੇ,
ਇਕੱਲਾ ਹੀ ਡਟ ਜਾਏ।

ਹੱਕ ਸੱਚ ਤੇ ਨਿਆਂ ਲਈ,
ਜੀਵਨ ਘੋਲ ਘੁਮਾਏ।
ਲੇਖੇ ਲੱਗੇ ਜ਼ਿੰਦਗੀ,
ਖੁਸ਼ੀ ਖੁਸ਼ੀ ਟੁਰ ਜਾਏ।



ਥਪੇੜੇ ਖਾ ਖਾ ਸਮੇਂ ਦੇ

ਥਪੇੜੇ ਖਾ ਖਾ ਸਮੇਂ ਦੇ,
ਜੋ ਸੱਚੀ ਰਾਹੇ ਚੱਲਿਆ।
ਲੱਖ ਆਵਣ ਜੇ ਮੁਸ਼ਕਿਲਾਂ,
ਉਹ ਰਾਹੋਂ ਕਦੀ ਨਾ ਟਲ਼ਿਆ।

ਕਈ ਲਹਿਰਾਂ ਉੱਠੀਆਂ ਜੱਗ 'ਤੇ,
ਅਸੀਂ ਕਸ਼ਟ ਸਮੇਂ ਦਾ ਝੱਲਿਆ।
ਉਠ ਉਠ ਸਮਾਈਆਂ ਸਾਗਰੀਂ,
ਗਾਡੀ-ਰਾਹ ਇੱਕ ਚÎੱਲਿਆ।

ਵਾਲੋਂ ਨਿੱਕੀ ਖੰਡਿਓਂ ਤਿੱਖੀ,
ਪਗਡੰਡੀ, ਸਾਡੇ ਹਿੱਸੇ ਆਈ।
ਤੱਤੀਆਂ ਤਵੀਆਂ ਦੇਗ਼ ਉਬਾਲੇ,
ਅਸੀਂ ਸਭ ਕੁਝ ਸਿਰ ਤੇ ਝੱਲਿਆ।

ਜੋ ਵੀ ਟੁਰਦਾ ਇਸ ਡੰਡੀ ਤੇ, 
ਸਿਰ ਕਫ਼ਣ ਬੰਨ੍ਹ ਕੇ ਚੱਲਿਆ।
ਕਾਮ ਕਰੋਧ ਲੋਭ ਮੋਹ ਛੱਡ ਕੇ,
ਇਸ ਪਗਡੰਡੀ ਚੱਲਿਆ।

ਗਾਡੀ ਰਾਹ ਹੈ ਹੱਕ ਸੱਚ ਦਾ,
ਪੁੱਤ ਵਾਰੇ ਪਿਤਾ ਵਾਰਿਆ।
ਹੱਕ ਸੱਚ ਲਈ ਲੜ ਲੜ ਉਸਨੇ,
ਕਹਿਰ ਸਮੇਂ ਦਾ ਝੱਲਿਆ।

ਨੀਚੋਂ ਊਚ ਕੋਈ ਕੋਈ ਕਰਦਾ,
ਏਨੇ ਦੁਖੜੇ ਕੋਈ ਕੋਈ ਜਰਦਾ।
ਗੋਬਿੰਦ ਨਾਨਕ ਮੁਹੰਮਦ ਈਸਾ,
ਰਾਹ ਸੱਚ ਦਾ ਇਹਨਾਂ ਨੇ ਮੱਲਿਆ।
ਇਹ ਰਾਹ ਮੰਗੇ ਸੱਚ ਲਈ ਲੜਨਾ,
ਲਿਤਾੜੇ ਜਾਂਦਿਆਂ ਦੇ ਸੰਗ ਖੜ੍ਹਨਾ।
ਸਿਰ ਦੇਣਾ ਪਰ ਸੀ ਨਾ ਕਰਨਾ,
ਇਹ ਰਾਹ ਮੰਗੇ ਜਿੰਦ ਆਸਾਡੀ।

























ਪਿਆਰ ਦੀ ਇੱਕ ਚੂਲ਼ੀ ਬਦਲੇ

ਪਿਆਰ ਦੀ ਇੱਕ ਚੂਲ਼ੀ ਬਦਲੇ,
ਵਾਰੀਏ ਦੁਨੀਆਂ ਸਾਰੀ।
ਨਫ਼ਰਤ ਦੇ ਢੇਰਾਂ ਨਾਲੋਂ,
ਇੱਕ ਕਣੀ ਪਿਆਰ ਦੀ ਭਾਰੀ।

ਪਿਆਰ ਸੁਗੰਧੀ ਐਸੀ ਫੈਲੇ,
ਹਰ ਸ਼ੈ ਲੱਗੇ ਪਿਆਰੀ।
ਨਫ਼ਰਤ ਦੀ ਅੱਗ ਸਭ ਕੁਝ ਝੁਲਸੇ,
ਮਤ ਭੀ ਜਾਏ ਮਾਰੀ।

ਚਾਰ ਚੁਫੇਰੇ ਭਾਂਬੜ ਮੱਚੇ,
ਮੱਚੀ ਪਿਆਰ ਕਿਆਰੀ।
ਗਭਰੂ ਮੱਚੇ, ਮੱਚੇ ਬੱਚੇ,
ਮੱਚ ਗਏ ਨਰ ਨਾਰੀ।

ਪਰਕਰਮਾਂ ਵਿੱਚ ਲੋਥਾਂ ਪਾਈਆਂ,
ਵੱਜੀ ਸੱਟ ਕਰਾਰੀ।
ਏਕੇ ਦੀ ਕੰਧ ਐਸੀ ਪਾਟੀ,
ਰੱਤ ਪਿਆਰ ਦੀ ਵੱਗੀ ਸਾਰੀ।

ਅਜੇ ਸਮਾਂ ਹੈ ਸੰਭਲ ਜਾਓ,
ਠੰਡੇ ਦਿਲ ਗਰਮਾਓ।
ਮੱਤ ਕਿਸੇ ਦੀ ਸੰਘੀ ਘੁੱਟੋ,
ਘੁੱਟ ਗਲਵਕੜੀ ਪਾਓ।

ਚਤਰਬੁਧੀ ਹੁਸ਼ਿਆਰ ਬੰਦੇ,
ਵੰਡ ਜਿਹਨਾਂ ਨੇ ਪਾਈ।
ਉਹ ਨਾ ਰਹਿਬਰ ਕੌਮ ਦੇ,
ਜੋ ਕਰਨ ਆਪਣਿਆਂ ਸੰਗ ਲੜਾਈ।
ਹਿੰਦੂ ਮੁਸਲਿਮ ਸਿੱਖ ਈਸਾਈ,
ਸਭ ਨੂੰ ਨਾਲ ਮਿਲਾਓ।
ਆਦਮ ਦੇ ਪੁੱਤ ਬਣੋ ਆਦਮੀ,
ਨਾ ਮਜ਼ਹਬੀ ਨਾਹਰੇ ਲਾਓ।

























ਅਤਿ ਗਰੀਬ ਹੁੰਦੇ ਉਹ ਬੰਦੇ

ਅਤਿ ਗਰੀਬ ਹੁੰਦੇ ਉਹ ਬੰਦੇ,
ਜਿਹਨਾਂ ਦੇ ਦਿਲ ਵਿੱਚ ਪਿਆਰ ਨਹੀਂ।
ਦਰਦ ਨਹੀਂ, ਰਹਿਮ ਨਹੀਂ,
ਕਿਸੇ ਦਾ ਸਤਿਕਾਰ ਨਹੀਂ।

ਹੁੰਦਾ ਨਹੀਂ ਗਰੀਬ ਉਹ ਬੰਦਾ,
ਜਿਸ ਦੇ ਕੋਲ ਧੰਨ ਨਹੀਂ।
ਹੁੰਦਾ ਹੈ ਗਰੀਬ ਉਹ ਬੰਦਾ,
ਜਿਸ ਨੂੰ ਕੋਈ ਲਗਨ ਨਹੀਂ।

ਧੰਨ ਹੋਵੇ ਜਾਂ ਨਾ ਹੋਵੇ,
ਪਰ ਬੰਦਾ ਦਿਲਗੀਰ ਨਾ ਹੋਵੇ।
ਹਿੰਮਤੀ ਬੰਦਾ ਸਦਾ ਧਨੀ ਉਹ,
ਮੰਜ਼ਲ ਦਾ ਰਾਹ ਗੀਰ ਜੋ ਹੋਵੇ।

ਕਦੀ ਨਾ ਹਾਰ ਮੰਨੇ ਉਹ ਬੰਦਾ,
ਕਦੀ ਨਾ ਹਉਮੇਂ ਦੇ ਵਿੱਚ ਆਵੇ।
ਰੱਖ ਭਰੋਸਾ ਹੱਕ ਸੱਚ ਤੇ,
ਜੰਗ ਜੀਵਨ ਦੇ ਲੜਦਾ ਜਾਵੇ।

ਮੰਜ਼ਲ ਤਾਂ ਉਸ ਵੱਲ ਨੂੰ ਟੁਰਦੀ,
ਜੋ ਮੰਜ਼ਲ ਵੱਲ ਨੂੰ ਧਾਵੇ।
ਹੈ ਜੀਵਨ ਦੀ ਮੰਜ਼ਲ ਇੱਕੋ,
ਕਿ ਭੇਦ ਆਪੇ ਦਾ ਪਾਵੇ। 



ਗੁਣ ਬਦਲੇ ਜੇ ਗੁਣ ਕਰ ਸਕੀਏ

ਗੁਣ ਬਦਲੇ ਜੇ ਗੁਣ ਕਰ ਸਕੀਏ,
ਕਿਸਮਤ ਹੁੰਦੀ ਚੰਗੀ।
ਗੁਣ ਬਦਲੇ ਜੇ ਅਵਗੁਣ ਕਰੀਏ,
ਗੱਲ ਸਭਨਾਂ ਤੋਂ ਮੰਦੀ।

ਅਕ੍ਰਿਤਘਣ ਹੋਵੇ ਜੋ ਬੰਦਾ,
ਦੁੱਖ ਦਿੰਦਾ ਉਹ ਭਾਰੀ।
ਵਿਸ਼ਵਾਸ ਘਾਤ ਕਰੇ ਜੇ ਕੋਈ,
ਵੱਜੇ ਸੱਟ ਕਰਾਰੀ।

ਵਿੱਦਿਆ ਪੜ੍ਹ ਜੋ ਕਰੇ ਵਿਚਾਰ,
ਸਦਾ ਲੋਚਦਾ ਪਰ ਉਪਕਾਰ।
ਜੋ ਕਰੀਏ ਆਪੇ ਲਈ ਕਰੀਏ,
ਜੱਗ ਵਿਚ ਆਪੇ ਦਾ ਪਾਸਾਰ।













ਛੱਡ ਮਨਾਂ ਕਿਸੇ ਇੱਕ ਦਾ ਖਹਿੜਾ


ਛੱਡ ਮਨਾਂ ਕਿਸੇ ਇੱਕ ਦਾ ਖਹਿੜਾ,
ਜੇ ਕੋਈ ਮੀਤ ਬਣਾਇਆ।
ਸਾਰਾ ਜੱਗ ਹੀ ਮੀਤ ਹੈ ਤੇਰਾ,
ਤੂੰ ਸਭਨਾਂ ਵਿੱਚ ਸਮਾਇਆ।

ਿਕਸੇ ਇੱਕ ਨੂੰ ਪਿਆਰ ਕਰੇਂ ਕਿਉਂ,
ਕਿਉਂ ਤੂੰ, ਹੈਂ ਭਰਮਾਇਆ।
ਸਭ ਜੱਗ ਤੇਰਾ ਤੂੰ ਸਭਨਾਂ ਦਾ,
ਬਿਨ ਤੇਰੇ ਨਹੀਂ ਖੁਦਾਇਆ।

ਕਿਉਂ ਲੋਚੇ ਕੋਈ ਇੱਕ ਕਣ ਉਸਦਾ,
ਜੋ ਸਭਨਾਂ ਵਿੱਚ ਸਮਾਇਆ।
ਸਾਗਰ ਛੱਡ ਬੂੰਦ ਨੂੰ ਲੱਭੇਂ,
ਸਦਾ ਹੀ ਰਹੇਂ ਤਿਹਾਇਆ। 












ਦਿਸਦਾ ਹੈ ਜੋ ਬੰਦਾ ਚੰਗਾ

ਦਿਸਦਾ ਹੈ ਜੋ ਬੰਦਾ ਚੰਗਾ,
ਲਗੇ ਉਹ ਕਮਜ਼ੋਰ।
ਪਰ ਹੰਕਾਰੀ ਜੋ ਬੰਦਾ,
ਉਹ ਦਿਸੇ ਮੂੰਹ ਜ਼ੋਰ।

ਜੱਗ ਵਿੱਚ ਪੁਗਦੀ ਓਸਦੀ,
ਜੋ ਬੰਦਾ ਮੂੰਹ ਜ਼ੋਰ।
ਕਰ ਨਾ ਸਕਦਾ ਕੁਝ ਵੀ,
ਜੋ ਬੰਦਾ ਹੈ ਕਮਜ਼ੋਰ।

ਜੇ ਅਸਾਂ ਨਾ ਬਦਲਿਆ,
ਸਮੇਂ ਦਾ ਇਹ ਦਸਤੂਰ।
ਬਿਗੜ ਜਾਣਗੇ ਬੱਚੇ ਸਾਡੇ,
ਕਿਉਂ ਹੋਵਣ ਉਹ ਮਜਬੂਰ।

ਡਰ ਤੇ ਨਫ਼ਰਤ ਕੌਮ ਦੀ,
ਜੇ ਸੀਨੇ ਵਿੱਚ ਸਮਾਵੇ।
ਸੋਹਣਾ ਬੱਚਾ ਕੌਮ ਦਾ,
ਸਮਾਜੀ ਬੰਬ ਬਣ ਜਾਵੇ।

ਮੇਰੀ ਕੌਮ ਦੇ ਰਹਿਬਰੋ,
ਕੋਰ ਕੋਈ ਉਪਾ।
ਮੂੰਹ ਜ਼ੋਰ ਅਪਰਾਧੀ ਬੰਦਾ,
ਸਕੇ ਨਾ ਹੁਕਮ ਚਲਾ।



ਹਰ ਕਿਸੇ ਵਿੱਚ ਔਗੁਣ ਏਥੇ

ਹਰ ਕਿਸੇ ਵਿੱਚ ਔਗੁਣ ਏਥੇ,
ਗੁਣ ਭੀ ਸੰਗ ਸਮਾਏ।
ਜੋ ਅੱਜ ਰੂਪ ਦੈਂਤ ਦਾ ਦਿਸੇ,
ਸੰਤ ਭੀ ਬਣ ਜਾਏ?

ਦੁਨੀਆਂ ਵਿਚ ਰਹਿਮ ਜੋ ਕਰਦੇ,
ਸਭ ਦੇ ਔਗੁਣ ਖੁਸ਼ੀ ਸੰਗ ਜਰਦੇ।
ਡਟ ਜਾਂਦੇ ਉਹ ਪਰਬਤ ਵਾਂਗੂੰ,
ਮਰਨੋਂ ਮੂਲ ਨਾ ਡਰਦੇ।

ਹਰ ਪਰਬੰਧਕ ਗੱਲ ਇੱਕ ਸਿੱਖੇ,
ਜੋ ਅਧੀਨ ਕਿਸੇ ਦੇ ਦਿੱਸੇ।
ਇਨਸਾਨੀ-ਸ਼ਾਨ ਦੇ ਕੁਝ ਸਿੱਕੇ,
ਦੇਵੇ ਬਿਨ ਝਿਜਕੇ ਬਿਨ ਰੁੱਕੇ।













ਆਪੋਂ ਅਸੀਂ ਹਾਂ ਕਾਰਨ ਆਪੇ


ਆਪੋਂ ਅਸੀਂ ਹਾਂ ਕਾਰਨ ਆਪੇ,
ਜੇ ਜਿੰਦ ਉਲਝਣ ਵਿੱਚ ਪਾਈਏ।
ਭਰਮ ਭੁਲੇਖੇ ਤੇ ਮੁਸੀਬਤ,
ਨਿਤ ਨਿਤ ਅਸੀਂ ਹੰਢਾਈਏ।

ਸਭ ਰੋਗਾਂ ਦੀ ਆਪੇ ਦਾਰੂ,
ਜੇ ਸਮਝ ਆਪੇ ਦੀ ਆਵੇ।
ਭਰਮ ਭੁਲੇਖਾ ਤੇ ਮੁਸੀਬਤ,
ਸਦਾ ਲਈ ਮੁੱਕ ਜਾਵੇ।

ਲਹਿਰ ਤੇ ਸਾਗਰ ਇੱਕੋ ਜਾਣੀ,
ਦੋਵਾਂ ਦਾ ਕਾਰਨ ਹੈ ਪਾਣੀ।
ਜੇਕਰ ਹੱਥ ਲਹਿਰ ਨੂੰ ਲੱਗੇ,
ਛੋਹ ਸਾਗਰ ਦੀ ਲੱਗ ਜਾਣੀ।

ਬਿਨਾ ਸਾਗਰ ਕੋਈ ਲਹਿਰ ਨਾ ਹੋਵੇ,
ਹੋਵੇ ਸਾਗਰ ਨਾ ਬਿਨ ਪਾਣੀ।
ਸਮਝ ਮੂਲ ਦੀ ਜੇਕਰ ਲੱਗੇ,
ਆਪਾ ਤੇ ਰੱਬ ਇੱਕੋ ਜਾਣੀ।

ਸਰਬ-ਵਿਆਪਕ ਆਪੇ ਵਿਚੋਂ,
ਆਪਾ ਸਾਡਾ ਹੈ ਪਰਗਟਾਇਆ।
ਖੇੜੇ ਵਿੱਚ ਮਨ ਸਦਾ ਓਸਦਾ,
ਜਿਸਨੇ ਮੁਢਲਾ ਭੇਦ ਇਹ ਪਾਇਆ। 


ਤੂੰ ਤਾਂ ਸਰਵ-ਵਿਆਪੀ ਸਾਗਰ

ਤੂੰ ਤਾਂ ਸਰਵ-ਵਿਆਪੀ ਸਾਗਰ,
ਕਿਉਂ ਮੇਰੀ ਜਿੰਦ ਤਿਹਾਈ ਮੇਰੇ ਸਜਨਾ।
ਤੂੰ ਭੰਡਾਰ ਹੈਂ ਸਭ ਕਾਸੇ ਦਾ,
ਕਿਉਂ ਇੱਕ ਬੁੱਕ ਝੋਲ ਨਾ ਪਾਈ ਮੇਰੇ ਸਜਨਾ।

ਤੇਰੀ ਰੱਤ ਦਾ ਲਾਲ ਕਿਣੂ ਮੈਂ,
ਦਿਲ ਆਪਣੇ ਦੀ ਛੋ ਲਾਈਂ ਮੇਰੇ ਸਜਨਾ।
ਮੁੜ ਮੁੜ ਤੇਰਾ ਰਾਹ ਤੱਕਾਂ ਮੈਂ,
ਕਦੀ ਤਾਂ ਫੇਰਾ ਪਾਈਂ ਮੇਰੇ ਸਜਨਾ।

ਕਦੀ ਕਦਾਈ! ਤੂੰ ਅੰਗ ਸੰਗ ਮੇਰੇ,
ਮੈਨੂੰ ਰਖੇਂ ਤੂੰ ਪਰਚਾਈਂ ਮੇਰੇ ਸਜਨਾ।
ਕਦੀ ਤੂੰ ਦਿਸੇਂ ਜਿਧਰ ਵੇਖਾਂ,
ਫਿਰ ਹੋ ਜਾਵੇਂ ਛਾਈਂ ਮਾਈਂ ਮੇਰੇ ਸਜਨਾ।













ਇਸ ਜੱਗ ਵਿੱਚ ਜੋ ਕੁਝ ਵੀ ਹੋਵੇ


ਇਸ ਜੱਗ ਵਿੱਚ ਜੋ ਕੁਝ ਵੀ ਹੋਵੇ,
ਸਭ ਕੁਝ ਚੰਗੇ ਲਈ ਹੋਵੇ।
ਅਕਲ ਅਧੂਰੀ ਬੰਦੇ ਦੀ,
ਜਾਣੇ ਚੰਗਾ ਮੰਦਾ।

ਜਮ੍ਹਾਂ ਤੇ ਮਨਫ਼ੀ ਦੋਵੇ ਵੇਸ,
ਕੁਦਰਤ ਨੇ ਉਪਜਾਏ।
ਪੁੰਨ ਪਾਪ ਜੋ ਸਾਨੂੰ ਦਿੱਸਣ,
ਸਮਝੋ ਹੁਕਮ ਖੁਦਾਏ।

ਸੁਕਰਾਤ ਪੀ ਕੇ ਜ਼ਹਿਰ ਪਿਆਲਾ,
ਜਗ ਵਿੱਚ ਕਰ ਗਿਆ ਉਜਾਲਾ।
ਕੋਈ ਈਸਾ ਸੂਲੀ ਚੜ੍ਹ ਜਾਂਦਾ ਹੈ,
ਸਾਰੇ ਚਾਨਣ ਕਰ ਜਾਂਦਾ ਹੈ।

ਤੇਗ਼ ਬਹਾਦਰ ਸੀਸ ਕਟਾਵੇ,
ਜ਼ੁਲਮ ਹਨੇਰੀ ਨੂੰ ਠੱਲ੍ਹ ਪਾਵੇ।
ਬੈਠ ਤੱਤੀਆਂ ਤਵੀਆਂ ਉੱਤੇ,
ਸੰਤ ਸਿਪਾਹੀ ਨੂੰ ਉਪਜਾਵੇ।

ਕੰਧੀਂ ਬੱਚੇ ਚਿਣੇ ਜੇ ਜਾਣ,
ਜ਼ਾਲਮ ਦਾ ਮਿਟ ਜਾਏ ਨਿਸ਼ਾਨ।
ਬਦੀ ਜੇ ਨੇਕੀ ਸੰਗ ਟਕਰਾਵੇ,
ਦੁਨੀਆਂ ਚੰਗੀ ਹੁੰਦੀ ਜਾਵੇ। 


ਵੀਰ ਮੇਰੇ ਗੱਲ ਬੰਨ੍ਹ ਇੱਕ ਪੱਲੇ


ਵੀਰ ਮੇਰੇ ਗੱਲ ਬੰਨ੍ਹ ਇੱਕ ਪੱਲੇ,
ਦਿਲ ਕਿਸੇ ਦਾ ਕਦੀ ਦੁਖਾਈ ਨਾ।
ਦਰਦ ਦਿਲਾਂ ਦੇ ਵੀਰਨਾ ਬੁਰੇ ਹੁੰਦੇ,
ਕਿਸੇ ਫੁਲ ਨੂੰ ਤੋੜ ਗਵਾਈਂ ਨਾ।

ਜਿਸ ਫੁਲ ਨੂੰ ਪਿਆਰ ਦੇ ਨਾਲ਼ ਸਿੰਜਿਆ,
ਵੇਖੀਂ ਖਾਕ ਦੇ ਵਿੱਚ ਮਿਲਾਵੀਂ ਨਾ।
ਉਹਦੀ ਮਹਿਕਦੀ ਟਹਿਕਦੀ ਹਸਤੀ ਨੂੰ,
ਤੋੜ ਡਾਲੀਉਂ ਸੁਕਣੇ ਪਾਵੀਂ ਨਾ।

ਇੱਕ ਵਾਰ ਜੋ ਫੁੱਲ ਹੈ ਸੁੱਕ ਜਾਂਦਾ,
ਮੁੜ ਕਦੀ ਦਖਾਵੇ ਬਹਾਰ ਨਾ ਉਹ।
ਪੱਤੀਆਂ ਉਸਦੀਆਂ ਹੋਵਣ ਖੇਰੂੰ ਖੇਰੂੰ,
ਰਹਿੰਦਾ ਸਦਾ ਲਈ ਖ਼ੁਸ਼ਬੂਦਾਰ ਨਾ ਉਹ।
(1951)











ਯਾਦ ਰਖ ਹੰਕਾਰੀਆ

ਯਾਦ ਰੱਖ ਹੰਕਾਰੀਆ,
ਤੇਰਾ ਹੰਕਾਰ ਮੂਲ ਨਾ ਰਹਿਸੀ।
ਜੇ ਤੂੰ ਅਤਿ ਮਚਾਵੇਂਗਾ,
ਵੇਖੀਂ ਧੋਖਾ ਖਾਵੇਂਗਾ।

ਤਕ! ਭੰਬੂਕਾ ਅੱਗ ਦਾ,
ਥੋੜ੍ਹਾ ਚਿਰ ਲਈ ਅਤਿ ਮਚਾਵੇ।
ਬੁੱਝਣ ਲਗਿਆ ਐਸਾ ਬੁੱਝੇ,
ਮੁੜ ਕਦੀ ਨਜ਼ਰ ਨਾ ਆਵੇ।

ਜੇਕਰ ਜਿੰਦ ਜਿਊਣੀ ਸਜਨਾ,
ਰਹਿ ਦੁਨੀਆਂ ਵਿਚਕਾਰ।
ਹਰ ਇੱਕ ਸ਼ੈਅ ਵਿਚ ਤੱਕੀਂ ਸਜਨਾ,
ਇੱਕੋ ਸਿਰਜਨਹਾਰ। 
(1951)












ਲੋਕਾਂ ਸੰਗ ਨਾ ਵੈਰ ਕਮਾਵੀਂ

ਲੋਕਾਂ ਸੰਗ ਨਾ ਵੈਰ ਕਮਾਵੀਂ,
ਹੱਕ ਨਾ ਕਿਸੇ ਦਾ ਕਦੀ ਦਬਾਵੀਂ।
ਲੋਕ ਵੱਡੀ ਤਾਕਤ ਹੁੰਦੇ,
ਉਹਨਾਂ ਸੰਗ ਨਾ ਮੱਥਾ ਲਾਵੀਂ।

ਪਾਣੀ ਦਾ ਹੜ੍ਹ ਠਲਿਆ ਜਾਵੇ,
ਜਦ ਜਾ ਸਮੁੰਦਰੀ ਵੜਦਾ।
ਪਰ ਲੋਕਾਂ ਦੇ ਹੜ੍ਹ ਦੇ ਅੱਗੇ,
ਜੋ ਅੜਦਾ ਸੋ ਝੜਦਾ।

ਪਰ ਜਦ ਲੋਕ ਕੁਰਾਹੇ ਜਾਵਣ,
ਕੋਈ ਰੱਬੀ ਬੰਦਾ ਆਵੇ।
ਆਪੋਂ ਸੂਲੀ ਚੜ੍ਹ ਜਾਂਦਾ ਉਹ,
ਪਿਆਰ ਦਾ ਸਬਕ ਸਿਖਾ ਜਾਵੇ।
ਸਭਨਾਂ ਨੂੰ ਰਾਹੇ ਪਾ ਜਾਵੇ।
(1951)











ਸੁਰਜ ਚੜ੍ਹਦਾ ਮਾਰ ਚਟਾਕਾ

ਸੂਰਜ ਚੜ੍ਹਦਾ ਮਾਰ ਚਟਾਕਾ,
ਉਤਾਂਹ ਨੂੰ ਨਸ ਨਸ ਜਾਂਦਾ।
ਚੜ੍ਹਦਾ ਚੜ੍ਹਦਾ ਚੜ੍ਹ ਜਾਵੇ ਉੱਚਾ,
ਪਰ ਠਹਿਰਨ ਮੂਲ ਨਾ ਪਾਂਦਾ।

ਨਿੱਘਾ ਨਿੱਘਾ ਸੀ ਜਦੋਂ ਤੱਕ,
ਵੱਲ ਉਚਤਾ ਪਿਆ ਵਧੇ।
ਪਰ ਹੰਕਾਰਿਆ ਅੱਗ ਵਰਸਾਈ,
ਸਿਰ ਪਰਨੇ ਪਿਆ ਡਿੱਗੇ।

ਤਿਵੇਂ ਹਲੀਮੀਂ, ਨੇਕੀ ਕਾਰਨ,
ਜੀਵਨ ਖਿੜਦਾ ਜਾਵੇ।
ਪਰ ਵੇਖੀਂ ਹੰਕਾਰ ਦੀ ਗਰਮੀ,
ਇਸ ਨੂੰ ਮਾਰ ਮੁਕਾਵੇ।
(1951)












ਮਾਰੇ ਜ਼ੋਰ ਚੜ੍ਹ ਜਾਵੇ ਉੱਚਾ

ਮਾਰੇ ਜ਼ੋਰ ਚੜ੍ਹ ਜਾਵੇ ਉੱਚਾ,
ਮੁੜ ਧਰਤੀ ਤੇ ਡਿੱਗੇ।
ਪਰ ਜਦ ਤੱਕੀਏ ਅਸੀਂ ਫੁਆਰਾ,
ਇਹ ਵਗਦੇ ਦਾ ਵਗਦਾ।

ਅਟਕਣਾ ਇਹ ਮੂਲ ਨਾ ਜਾਣੇ,
ਵਗਦਾ ਰਹੇ ਇਸਦਾ ਪਾਣੀ।
ਜੇ ਤੱਕੀਏ ਹੱਸ ਹੱਸ ਕੇ ਦੱਸੇ,
ਕਿ ਜੀਵਨ ਹੈ ਵਿੱਚ ਰਵਾਨੀ।

ਬਿਨ ਰਵਾਨੀ ਜੀਵਨ ਕਾਹਦਾ,
ਜੀਵਨ ਕਾਹਦਾ ਬਿਨ ਰਵਾਨੀ।
ਵਿੱਚ ਰਵਾਨੀ ਜੀਵਨ ਝਲਕੇ,
ਝਲਕੇ ਚੰਦ ਜਿਵੇਂ ਵਿੱਚ ਪਾਣੀ। 
(1951)

ਜੀਵਨ ਇੱਕ ਸਾਰੰਗੀ ਵਾਂਗਰ

ਜੀਵਨ ਇੱਕ ਸਾਰੰਗੀ ਵਾਂਗਰ,
ਜਿਉਂ ਵਜਾਓ ਤਿਉਂ ਵੱਜੇ।
ਬਿਨ ਵਜਾਇਆਂ ਜੀ ਨਾ ਸਕੇ,
ਹਰਦਮ ਪਵੇ ਵਜਾਉਣਾ।
(1951)




ਮੈਂ ਕੂੰਜ ਵਿੱਛੜੀ ਡਾਰੋਂ

ਮੈਂ ਕੂੰਜ ਵਿੱਛੜੀ ਡਾਰੋਂ,
ਅੱਧਵਾਟੇ ਵਿਲਕਾਂ ਪਈ।
ਕਈ ਝਮੇਲਿਆਂ ਵਿੱਚ ਫੱਸੀ,
ਰਹਿ ਗਈ ਧੱਸੀ ਧੱਸੀ।

ਮੈਨੂੰ ਸੁਰਤ ਕੋਈ ਨਾ ਆਈ,
ਮੇਰੀ ਟਬਰੀ ਹੈ ਉੱਠ ਧਾਈ।
ਤੱਕ ਥੱਕੀ ਚਾਰ ਚੁਫੇਰੇ,
ਬਥੇਰੀ ਨਜ਼ਰ ਦੁੜਾਈ।
ਨਾ ਦਿਸੇ ਕੋਈ।

ਉੱਠ ਮਨ ਬੰਨ੍ਹ ਧੀਰ, ਹੋਇਆ ਕੀ,
ਭੈਣਾਂ ਜੇ ਛੱਡ ਚੱਲੀਆਂ ਕੱਲਮ-ਕੱਲੀ,
ਨਸ਼ਾ ਪੀ ਹਿੰਮਤ ਦਾ ਮਸਤ ਹੋ ਜਾਹ,
ਲੱਕ ਬੰਨ੍ਹ ਆਸ ਦਾ ਉੱਠ ਖਲੋ ਜਾ,
ਪਾਰ ਕਰ ਸੱਭੇ ਘਾਟੀਆਂ ਖਾੜੀਆਂ,
ਜਾ ਮਿਲ ਭੈਣਾਂ ਉੱਚ ਪਹਾੜੀਆਂ,
ਇੱਕੋ ਡਾਰੀ ਲਾ।

(ਅਪ੍ਰੈਲ, 1951)







ਸਮਾਂ ਬੀਤਿਆ ਢੇਰ ਸਾਰਾ

ਸਮਾਂ ਬੀਤਿਆ ਢੇਰ ਸਾਰਾ,
ਮੈਂ ਸੋਚ ਦੁੜਾਉਂਦਾ ਥੱਕਿਆ।
ਕੀ ਹੈ ਜੀਵਨ ਤੇ ਕਿਸ ਲਈ,
ਮੈਂ ਗੁੰਝਲ ਖੋਲ੍ਹ ਨਾ ਸਕਿਆ।

ਕਿੰਨੇ ਰਾਹ ਮੈਂ ਵਾਚੇ ਜਾਚੇ,
ਕਦਮ ਨਾ ਪਰ ਕੋਈ ਪੁੱਟਿਆ।
ਨਾ ਮੈਂ ਗਿਆਨੀ ਧਿਆਨੀ ਹੋਇਆ,
ਨਾ ਦੁਨੀਆਂ ਦੇ ਵਿੱਚ ਰਚਿਆ।

ਨਾ ਕੋਈ ਰਾਹ ਅਮਿਣਵਾਂ ਦਿਸੇ,
ਨਾ ਕੋਈ ਦਿੱਸੇ ਭਰਿਆ।
ਸਭ ਰਾਹ ਮਿਣਵੇਂ ਅਤੇ ਖੋਖਲੇ,
ਮੈਂ ਕਿਧਰ ਜਾਵਾਂ ਅੜਿਆ।

ਨਾ ਕੋਈ ਉੱਚ ਆਕਾਸ਼ੀ ਜਾਵੇ,
ਨਾ ਕੋਈ ਡੂੰਘਾ ਗੋਤਾ ਲਾਵੇ।
ਸਭ ਰਾਹ ਇਕੋ ਥੈਲੀ ਦੇ,
ਦਿਸਣ ਮੈਨੂੰ ਚੱਟੇ ਵੱਟੇ।

ਚੁਰਸਤੇ ਉਪਰ ਵੇਹਿੰਦਾ ਵੇਹਿੰਦਾ,
ਸਾਰੀ ਉਮਰ ਲੰਘਾਵਾਂ ਕਿੱਦਾਂ।
ਕੱਚੇ ਪਿੱਲੇ ਰਾਹੀਂ ਪੈ ਕੇ,
ਅਣਜਾਣੀ ਥਾਂ ਜਾਵਾਂ ਕਿਦਾਂ?
(2 ਮਈ, 1951)


ਇੱਕੀਵੇਂ ਵਿਚ ਜਾਣ ਨਾ ਸਕਿਆ

ਇੱਕੀਵੇਂ ਵਿਚ ਜਾਣ ਨਾ ਸਕਿਆ,
ਕਿ ਮੰਜ਼ਲ ਹੈ ਕਿਹੜੀ।
ਬਹੱਤਰਵੇਂ ਵਿਚ ਬੁਝ ਨਾ ਸਕਿਆ,
ਕਿ ਕਿਉਂ ਇਹ ਘੁੰਮਣਘੇਰੀ।

ਪਿੰਡ ਗਾਹੇ ਸ਼ਹਿਰ ਗਾਹੇ ਮੈਂ,
ਗਾਹੀ ਧਰਤ ਬਥੇਰੀ।
ਕਿਧਰੇ ਕੋਈ ਨਾ ਤੇਰੀ ਆਖੇ,
ਸਭ ਕਹਿੰਦੇ ਮੇਰੀ ਮੇਰੀ।

ਸੁੰਨ ਸਮਾਧੀ ਹੋਉਮੇਂ ਜਾਗੀ,
ਕਿਉਂ ਮਤ ਫਿਰੀ ਸੀ ਤੇਰੀ।
ਆਪੋ ਆਪ ਉਪਾਈ ਮਾਇਆ,
ਗਲ਼ ਪੈ ਗਈ ਘੁੰਮਣਘੇਰੀ।

ਅਨੰਤ ਰੂਪ ਤੂੰ ਆਪੋਂ ਧਾਰੇ,
ਕੀ ਜਾਣਾ ਲੀਲਾ ਤੇਰੀ।
ਮੈਂ ਭੀ ਤੇਰੇ ਇੱਕ ਕਣ ਵਿੱਚੋਂ,
ਕਰਾਂ ਮੈਂ ਮੇਰੀ ਮੇਰੀ।

ਤੇਰੀ ਮੇਰੀ ਮੈਂ ਹੀ ਆਖਾਂ,
ਇਹ ਗੁੰਝਲਾਂ ਭਰੀ ਹਨ੍ਹੇਰੀ।
ਹਰ ਥਾਂ ਆਪੋਂ ਤੂੰ ਵਿਆਪੇਂ,
ਕੀ ਮੇਰੀ ਕੀ ਤੇਰੀ।
(2 ਫਰਵਰੀ, 2002)


ਪਿਆਰ ਦੀ ਚੜ੍ਹ ਉੱਚੀ ਟੀਸੀ

ਪਿਆਰ ਦੀ ਚੜ੍ਹ ਉੱਚੀ ਟੀਸੀ,
ਜਦ ਚਾਰ ਚੁਫੇਰੇ ਤੱਕਾਂ।
ਮੈਨੂੰ ਇੱਕ ਪਿਆਰਾ ਦਿੱਸੇ,
ਮੈਂ ਤੱਕਦੀ ਕਦੀ ਨਾ ਥੱਕਾਂ।
ਕਰਾਂ ਦਰਸ਼ਨ ਸਦਾ ਹੀ ਉਸਦੇ।

ਪਿਆਰ ਦੀ ਚੜ੍ਹ ਉੱਟੀ ਟੀਸੀ,
ਜੇ ਇੱਕ ਵਾਰੀ ਕੋਈ ਤੱਕੇ।
ਅਨੋਖੀ ਚੜ੍ਹ ਜਾਵੇ ਖ਼ੁਮਾਰੀ,
ਜਾਵੇ ਇਕੋ ਰੰਗ ਵਿੱਚ ਰੰਗਿਆ।
ਉਹਨੂੰ ਦੁਨੀਆਂ ਵਿਟ ਵਿਟ ਤੱਕੇ।

ਇਸ ਟੀਸੀਓਂ ਉਰਲੇ ਪਾਸੇ,
ਇਹ ਦੁਨੀਆਂ ਸਾਡੀ ਵੱਸਦੀ।
ਇਸ ਟੀਸੀਓਂ ਪਰਲੇ ਪਾਸੇ,
ਇਹ ਆਪਣਾ ਆਪ ਭੀ ਮੁੱਕੇ।
(1951)










ਦੁਨੀਆਂ ਟੇਢੀ ਮੇਢੀ ਹੈ

ਇਹ ਦੁਨੀਆਂ ਟੇਢੀ ਮੇਢੀ ਹੈ,
ਇਹ ਪੰਧ ਕੰਡਿਆਂ ਭਰਿਆ ਹੈ।

ਉਪੜ ਨਾ ਸਕਦਾ ਮੰਜ਼ਲਰ ਤੇ,
ਜੋ ਇਸ ਦੁਨੀਆਂ ਤੋਂ ਡਰਿਆ ਹੈ।

ਦੁਨੀਆਂ ਪਿੱਛੇ ਲੱਗ ਟੁਰਦੀ ਹੈ,
ਜੋ ਭਵ-ਸਾਗਰ ਨੂੰ ਤਰਿਆ ਹੈ।

ਜੋ ਡਰ ਡਰ ਕੇ ਨਿੱਤ ਮਰਦਾ ਹੈ,
ਉਹ ਜਿਊਂਦਾ ਹੀ ਬੱਸ ਮਰਿਆ ਹੈ।

ਜੋ ਆਪਣੀ ਰਾਹੇ ਟੁਰਦਾ ਹੈ,
ਉਹ ਡੁੱਬਿਆ ਨਹੀਂ ਤਰਿਆ ਹੈ।













ਬਾਬਾ ਆਦਮ ਦੇ ਬੱਚੇ

ਬਾਬਾ ਆਦਮ ਦੇ ਬੱਚੇ,
ਅਜੇ ਤੱਕ ਅਕਲਾਂ ਦੇ ਕੱਚੇ।
ਧਰਤੀ ਵੰਡਣ ਪਾਣੀ ਵੰਡਣ,
ਆਪਣੀ ਆਪਣੀ ਢਾਣੀ ਵੰਡਣ।

ਹਦ-ਬੰਨੇ ਲਈ ਕਰਨ ਲੜਾਈ,
ਧਰਮਾਂ ਹਿੱਤ ਨਿੱਤ ਅਤਿ ਮਚਾਈ।
ਇਹ ਸਿੱਖ ਤੇ ਉਹ ਹਿੰਦੂ ਹੈ,
ਇਹ ਮੁਸਲਿਮ ਤੇ ਉਹ ਈਸਾਈ।

ਨਾ ਕਿਸੇ ਦਾ ਹਿੰਦੋਸਤਾਨ,
ਨਾ ਕਿਸੇ ਦਾ ਪਾਕਿਸਤਾਨ।
ਨਾ ਅਮਰੀਕਾ, ਇੰਗਲਿਸਤਾਨ,
ਸਭ ਦਾ ਸਾਂਝਾ ਸਾਰਾ ਜਹਾਨ।

ਸਾਰੇ ਹੀ ਹੱਦ-ਬੰਨੇ ਤੋੜੋ,
ਟੁੱਟੀ ਗੰਢ ਦਿਲਾਂ ਦੀ ਜੋੜੋ।
ਸਾਰੇ ਧਰਮਾਂ ਨੂੰ ਨਿਚੋੜੋ,
ਨਿਕਲੇਗਾ ਇਕੋ ਭਗਵਾਨ।

ਇਕੋ ਸ਼ੈ ਸਦੀਵੀਂ ਹੈ,
ਇੱਕ ਵਿਚੋਂ ਹੀ ਕੁਲ ਜਹਾਨ।
ਸਾਰੇ ਝਗੜੇ ਝੇੜੇ ਛੱਡੋ,
ਬਣ ਜਾਵੋ ਚੰਗੇ ਇਨਸਾਨ।



ਕੱਪ ਹੋਵੇ ਜਾਂ ਕੌਲੀ ਹੋਵੇ

ਕੱਪ ਹੋਵੇ ਜਾਂ ਕੌਲੀ ਹੋਵੇ,
ਕੌਲਾ ਹੋਵੇ ਜਾਂ ਹੋਵੇ ਗਲਾਸ।
ਛੰਨਾਂ ਹੋਵੇ ਜਾਂ ਲੋਟਾ ਹੋਵੇ,
ਜਾਂ ਫਿਰ ਹੱਥ-ਬੁੱਕ ਛੋਟਾ ਹੋਵੇ।
ਗੱਲ ਤਾਂ ਸਾਰੀ ਪਾਣੀ ਦੀ ਹੈ,
ਪਾਣੀ ਬਿਨਾਂ ਨਾ ਬੁੱਝੇ ਪਿਆਸ।

ਜਲ ਰੂਪ ਨਾ ਤੱਕੇ ਭਾਂਡੇ ਦਾ,
ਨਾ ਤੱਕੇ ਪੀਵਣ ਵਾਲੇ ਦਾ।
ਜੋ ਜਿੰਨਾ ਚਾਹੇ ਪੀ ਜਾਵੇ,
ਸ਼ੌਂਕ ਹੈ ਪੀਵਣ ਵਾਲ਼ੇ ਦਾ।
ਕਦੀ ਨਾ ਕਰੇ ਵਿਤਕਰਾ ਪਾਣੀ,
ਗੋਰੇ ਦਾ ਜਾਂ ਕਾਲ਼ੇ ਦਾ।

ਜਿੰਨੀ ਪਿਆਸ ਕਿਸੇ ਨੂੰ ਲੱਗੀ,
ਉਹ ਓਨਾ ਹੀ ਪੀ ਜਾਵੇ।
ਜੀਵ ਜੰਤੂ ਬਨਸਪਤੀ ਦੀ,
ਪਾਣੀ ਪਿਆਸ ਬੁਝਾਵੇ।
ਰੱਖੇ ਫਰਕ ਨਾ ਰੱਤੀ ਮਾਤਰ,
ਹਰ ਜਗ-ਵਾਸੀ ਉਸ ਨੂੰ ਭਾਵੇ।







ਮੰਜ਼ਲ ਟੁਰ ਕੇ ਆਪੇ ਆਉਂਦੀ

ਮੰਜ਼ਲ ਟੁਰ ਕੇ ਆਪੇ ਆਉਂਦੀ,
ਜੇਕਰ ਪਾਂਧੀ ਕਦਮ ਵਧਾਏ।
ਜੈ ਜੈ ਕਾਰ ਓਸਦੀ ਹੁੰਦੀ,
ਜੋ ਮੰਜ਼ਲ ਤੇ ਪੁੱਜ ਜਾਏ।

ਕਦੀ ਨਾ ਕਿਸੇ ਤੇ ਨਿਰਭਰ ਹੋਈਏ,
ਆਪਣੇ ਪੈਰੀਂ ਆਪ ਖਲੋਈਏ।
ਜੇਕਰ ਤੱਕੀਏ ਆਸ ਕਿਸੇ ਦੀ,
ਰਾਹ ਵਿੱਚ ਹੀ ਮੰਜ਼ਲ ਖੋਈਏ।

ਕਰੀਏ ਨਾ ਮਾਣ ਅਕਲ ਦਾ,
ਮੰਨ ਲਈਏ ਜੋ ਕਹਿਣ ਸਿਆਣੇ।
ਇਕੋ ਹੁਕਮ ਜੱਗ ਅੰਦਰ ਚੱਲੇ,
ਮੂਰਖ ਬੰਦਾ ਜਾਣੇ ਨਾ ਜਾਣੇ।

ਕਰ ਵਿਖਾਉਣਾ ਕਰਦੇ ਜਾਣਾ,
ਕੰਮ ਹੈ ਸੂਰਵੀਰਾਂ ਦਾ।
ਇਹ ਗੱਲ ਇਰਾਦੇ ਦੀ ਹੈ,
ਇਹ ਕੰਮ ਨਹੀਂ ਤਕਦੀਰਾਂ ਦਾ।

ਔਖੀਆਂ ਘਾਟੀਆਂ ਲੰਘ ਜਾਂਦੇ ਉਹ,
ਜੋ ਦੁੱਖਾਂ ਦੀ ਪਰਵਾਹ ਨਹੀਂ ਕਰਦੇ।
ਹਿੱਕ ਸਾਗਰ ਦੀ ਚੀਰ ਜਾਂਦੇ ਉਹ,
ਜੋ ਸੁੱਖਾਂ ਦੀ ਪਰਵਾਹ ਨਹੀਂ ਕਰਦੇ। 



ਗਰਜ਼ਾਂ ਭਰੀ ਨੇੜਤਾ

ਗਰਜ਼ਾਂ ਭਰੀ ਨੇੜਤਾ,
ਰਹੇ ਗਰਜ਼ ਦੇ ਨਾਲ਼।
ਪੂਰੀ ਹੋਵੇ ਗਰਜ਼ ਜੇ,
ਸੰਗ ਛੁਟੇ ਤਤਕਾਲ।

ਸਹਿਜੇ ਹੋਵੇ ਮੇਲ਼ ਜੇ,
ਚੰਗਾ ਲੱਗੇ ਮਨੁੱਖ।
ਇੱਕ ਦੂਜੇ ਲਈ ਮੰਗਦੇ,
ਦੋਵੇਂ ਜਾਣੇ ਸੁੱਖ।

ਖਿੱਚ ਦਿਲਾਂ ਦੀ ਵਧਦੀ,
ਉਪਜੇ ਦਿਲੋਂ ਪਿਆਰ।
ਗ਼ਰਜ਼ ਬਿਨਾ ਜੋ ਪਿਆਰ,
ਉਹ ਜੀਵੇ ਚਿਰਕਾਲ।

ਸਮਝੋ ਉਸ ਪਿਆਰ ਨੂੰ,
ਨਿਰਾ ਹੀ ਤੁਸੀਂ ਫਰਾਡ।
ਜੇ ਕੋਈ ਨੇੜੇ ਆਂਵਦਾ,
ਘੜ ਘੜ ਕੇ ਕੋਈ ਘਾੜ।

ਬਚਾਓ ਆਪਣੇ ਆਪ ਨੂੰ,
ਲੱਗ ਨਾ ਜਾਵੇ ਅੱਗ।
ਗ਼ਰਜ਼ਾਂ ਭਰੇ ਮਨੁੱਖ ਨੇ,
ਜਿਉਂ ਵੱਢ ਖਾਣੇ ਸੱਗ। (ਸੱਗ=ਕੁੱਤਾ)



ਜੇਕਰ ਕਿੰਤੂ ਮਨ ਵਿੱਚ ਉਠੇ

ਜੇਕਰ ਕਿੰਤੂ ਮਨ ਵਿੱਚ ਉਠੇ,
ਸਮਝੋ ਰੋਕ ਖ਼ੁਦਾ ਨੇ ਪਾਈ।
ਰੋਕੋ ਕਦਮ ਵਧਣ ਜੇ ਅੱਗੇ,
ਖੁਆਰ ਹੋਵੋਗੇ ਮੇਰੇ ਭਾਈ।

ਧੁਰ ਅੰਦਰ ਰੱਬ ਜੀ ਵੱਸੇ,
ਚੰਗਾ ਮੰਦਾ ਮੁੜ ਮੁੜ ਦੱਸੇ।
ਜੇਕਰ ਸੁਣੋ ਨਾ ਗੱਲ ਓਸਦੀ,
ਅੱਗੇ ਟੋਆ ਜਾਂ ਹੈ ਖਾਈ।

ਪੰਜਾਂ ਪਿੱਛੇ ਲੱਗ ਟੁਰੋ ਨਾ,
ਰੱਬੀ ਰਾਹ ਤੋਂ ਕਦੀ ਮੁੜੋ ਨਾ।
ਵੱਖ ਨਾ ਜਾਣੋ ਖ਼ੁਦਾ ਖ਼ੁਦਾਈ,
ਹੁਕਮ ਬੂਝ ਪਰਮਗਤ ਪਾਈ। 













ਹੱਕ ਸੱਚ ਲਈ ਜੋ ਲੜਦੇ ਨੇ

ਹੱਕ ਸੱਚ ਲਈ ਜੋ ਲੜਦੇ ਨੇ,
ਚਾਨਣ ਜੱਗ ਅੰਦਰ ਕਰਦੇ ਨੇ।
ਜਬਰ ਜ਼ੁਲਮ ਨਾ ਉਹ ਜਰਦੇ ਨੇ,
ਸੁਖ ਤਿਆਗਣ ਦੁੱਖ ਭਰਦੇ ਨੇ।

ਕੋਈ ਭੀ ਲਾਲਚ ਨਾ ਡੁਲਾਵੇ,
ਚਾਹ ਪਦਵੀ ਦੀ ਨਾ ਭਰਮਾਵੇ।
ਭੈਅ ਮੌਤ ਦਾ ਨਾ ਡਰਾਵੇ,
ਹੱਸ ਕੇ ਸੂਲੀ ਉਹ ਚੜ੍ਹਦੇ ਨੇ।

ਚਮਕੌਰ ਚਮਕੇ ਅੱਜ ਤੀਕ,
ਫ਼ਤਿਹਗੜ੍ਹ ਨਿੱਤ ਫ਼ਤਿਹ ਬੁਲਾਵੇ।
ਚਾਰੇ ਪੁੱਤਰ ਗੋਬਿੰਦ ਦੇ,
ਮਾਰਿਆਂ ਭੀ ਨਾ ਮਰਦੇ ਨੇ। 













ਮੱਥੇ ਧੂੜ ਲੱਗੀ ਰਾਹਾਂ ਦੀ

ਮੱਥੇ ਧੂੜ ਲੱਗੀ ਰਾਹਾਂ ਦੀ,
ਜੇ ਧੋਈਏ ਲੱਥ ਜਾਵੇ।
ਜੋ ਕਾਲਸ ਕੁਕਰਮੀਂ ਲੱਗੇ,
ਧੁਰ ਅੰਦਰ ਧਸ ਜਾਵੇ।

ਕੌਣ ਧੋਵੇ ਇਸ ਕਾਲਸ ਨੂੰ,
ਇਸ ਨੂੰ ਕੌਣ ਮਿਟਾਵੇ।
ਕਰੇ ਬੇਚੈਨ ਡਾਢੀ ਬੰਦੇ ਨੂੰ,
ਮਨ ਨੂੰ ਚੈਨ ਨਾ ਆਵੇ।

ਹੱਕ ਸੱਚ ਦਾ ਪੱਲਾ ਫੜੀਏ,
ਸਭ ਕਾਲਸ ਲੱਥ ਜਾਵੇ।
ਜੋ ਉਚਰੇ ਸੋ ਅੰਦਰ ਹੋਵੇ,
ਮਨ ਨਿਰਮਲ ਹੋ ਜਾਵੇ।

ਕਾਮ ਕਰੋਧ ਲੋਭ ਮੋਹ,
ਹਓਮੇਂ ਭੀ ਵੱਸ ਆ ਜਾਵੇ।
ਕਣੀ ਮਿਲੇ ਜਿਹਨੂੰ ਸੱਚ ਦੀ,
ਉਹ ਸੱਚੋ ਸੱਚ ਕਮਾਵੇ।

ਮਨ ਨਿਰਮਲ ਤਨ ਨਿਰਮਲ ਹੋਵੇ,
ਰੂਹ ਭੀ ਖਿੜਦੀ ਜਾਵੇ।
ਅੱਖ ਖੁੱਲ੍ਹੇ ਫਿਰ ਵੇਖਣ ਵਾਲੀ,
ਕੋਈ ਗੈਰ ਨਾ ਨਜ਼ਰੀਂ ਆਵੇ।



ਜੇਕਰ ਚਾਹੋ ਮਨ ਚਿੰਦੀ ਹੋਵੇ

ਜੇਕਰ ਚਾਹੋ ਮਨ ਚਿੰਦੀ ਹੋਵੇ,
ਇਹ ਹੋਵੇ ਉਹ ਨਾ ਹੋਵੇ।
ਚਿੰਤਾ ਰੋਗ ਪੱਲੇ ਪੈ ਜਾਵੇ,
ਫਿਰ ਦਾਰੂ ਕੋਈ ਨਾ ਹੋਵੇ। 

ਜੇਕਰ ਜਾਣੋ ਰੱਬ ਦੀ ਮਰਜ਼ੀ,
ਸਿਰ ਝੁਕ ਜਾਵੇ ਕੁਦਰਤ ਅੱਗੇ।
ਜੋ ਦੇਵੇ ਅੱਗੇ ਹੋ ਲੇਵੇ,
ਦੁਖ ਜਾਵੇ ਸੁਖ ਆਣ ਖਲੋਵੇ।

ਚਿੰਤਾ ਰੋਗ ਜੋ ਆਪੇ ਲਾਈਏ,
ਫਿਰ ਇਸ ਨੂੰ ਕੌਣ ਹਟਾਵੇ।
ਜੇਕਰ ਹੁਕਮ ਰਜ਼ਾਈਂ ਚੱਲੀਏ,
ਸਭ ਚਿੰਤਾ ਮਿਟ ਜਾਵੇ। 













ਜੇਕਰ ਤੁਪਕਾ ਪਾਣੀ ਦਾ

ਜੇਕਰ ਤੁਪਕਾ ਪਾਣੀ ਦਾ,
ਸਾਗਰ ਨੂੰ ਇਨਕਾਰੇ,
ਹੋਂਦ ਸਾਗਰ ਦੀ ਮਿਟ ਨਹੀਂ ਸਕਦੀ,
ਤੂੰ ਜਾਣ ਲੈ ਸਜਨ ਪਿਆਰੇ।

ਜੇਕਰ ਕਿਣਕਾ ਮਿੱਟੀ ਦਾ,
ਧਰਤੀ ਨੂੰ ਲਲਕਾਰੇ।
ਬਿਨ ਧਰਤੀ ਦੇ ਕਿਣਕਾ ਨਹੀਓਂ,
ਜਾਣ ਲੈ ਮੇਰੇ ਪਿਆਰੇ।

ਪਰ ਬਿਨ ਤੁਪਕੇ ਸਾਗਰ ਨਹੀਓਂ,
ਨਾ ਬਿਨ ਕਿਣਕੇ ਧਰਤੀ।
ਕਿੱਥੋਂ ਤੁਪਕਾ ਕਿੱਥੋਂ ਕਿਣਕਾ,
ਇਹ ਸਭ ਰੰਗ ਨਿਆਰੇ।

ਸਰਵ-ਵਿਆਪੀ ਵਿਚੋਂ ਆਪਾ,
ਜਿਸ ਦੀ ਕੋਈ ਨਾ ਥਾਹ ਰੇ।
ਬਿਨਾ ਆਪੇ ਦੇ ਸਰਵ-ਵਿਆਪਕ,
ਜਿਉਂ ਬੂੰਦ ਸਾਗਰ ਦਾ ਵਾਹ ਰੇ।

ਬੁਧ ਸਾਡੀ ਸੌੜੀ ਸੱਜਨਾ,
ਇਸਦੇ ਬੰਦ ਕਿਨਾਰੇ।
ਅਰਬਾਂ ਖਰਬਾਂ ਸਾਲਾਂ ਤਾਈਂ,
ਹੁੰਦੇ ਜਾਣ ਪਸਾਰੇ।



ਤੂੰ ਤਾਂ ਉਸਦੇ ਅੰਦਰ ਘੁੰਮੇਂ

ਤੂੰ ਤਾਂ ਉਸਦੇ ਅੰਦਰ ਘੁੰਮੇਂ,
ਕਰ ਨਾ ਸਕੇਂ ਦੀਦਾਰੇ।
ਅੰਗ ਸੰਗ ਉਹ ਤੇਰੇ ਬੀਬਾ,
ਜਿਸ ਨੂੰ ਤੂੰ ਪੁਕਾਰੇਂ।

ਹੋਓਮੇਂ ਦੀ ਕੰਧ ਨੂੰ ਆ ਢਾਈਏ,
ਮੈਂ ਤੇ ਤੂੰ ਦਾ ਭੇਦ ਮਟਾਈਏ।
ਮਸਤੀ ਹੈ ਅੱਜ ਗਾਉਂਦੀ ਜਿਸਨੂੰ,
ਬੁਧ ਗਾਵੇਗੀ ਪੁੱਜ ਦੁਆਰੇ।

ਦੁਆਰ ਨਾ ਉਸਦਾ ਦੂਰ ਦੁਰਾਡੇ,
ਤੂੰ ਤਾਂ ਘਰ ਦੇ ਅੰਦਰ ਖੇਡੇਂ।
ਹਰ ਸ਼ੈਅ ਅੰਦਰ ਓਹੀਓ ਵੱਸੇ,
ਨਾ ਉਸ ਬਿਨ ਕੁੱਝ ਪਿਆਰੇ।

ਦਿਸਣ ਅਨੇਕ ਬਣ ਜਾਵਣ ਏਕ,
ਮਿੱਟ ਜਾਵਣਗੇ ਸਭ ਪਸਾਰੇ।
ਜੋ ਵਾਧੂ ਸਭ ਮਰ ਮੁੱਕਾ ਜਾਣਾ,
ਇੱਕੋ ਹੈ ਜੋ ਰੰਗ ਖਿਲਾਰੇ।








ਚਾਹੇ ਕੁਦਰਤ ਰੱਬ ਦੀ

ਚਾਹੇ ਕੁਦਰਤ ਰੱਬ ਦੀ,
ਜੋ ਆਪੇ ਰੂਪ ਵਟਾਉਂਦੀ।
ਚਾਹੇ ਕਿਰਤ ਕਲਾ ਬੰਦੇ ਦੀ,
ਜੋ ਪਲ ਪਲ ਪਈ ਮੁਰਝਾਉਂਦੀ।

ਕੁਝ ਭੀ ਥਿਰ ਨਹੀਂ ਹੈ ਏਥੇ,
ਸਭ ਜੱਗ ਬਦਲਣਹਾਰ।
ਥੋੜ੍ਹ-ਚਿਰੀ ਹੈ ਹਰ ਸ਼ੈ ਏਥੇ,
ਇੱਕ ਦੋ ਜਾਂ ਦਿਨ ਚਾਰ।

ਬਦਲ ਰਹੇ ਇਸ ਜੱਗ ਦੀ,
ਬਦਲ ਰਹੀ ਨੁਹਾਰ।
ਸਮੇਂ ਦੇ ਸੰਗ ਟੁਰਨਾ ਸਿੱਖੋਂ,
ਕਰਕੇ ਸੋਚ ਵਿਚਾਰ।

ਚਲਦਾ ਪਾਣੀ ਹੋਵੇ ਨਾ ਗੰਦਾ,
ਖੜ੍ਹੋ ਗਿਆ ਪਾਣੀ ਬਦਬੂਦਾਰ।
ਇਹ ਜੋ ਧਰਮ ਦਖਾਵੇ ਦੇ ਨੇ,
ਤਿੰਨੇ ਚਾਰੇ ਕਰਨ ਖ਼ੁਆਰ।

ਈਸਾ ਨੇ ਰਾਹ ਪਿਆਰ ਦਾ ਦਸਿਆ,
ਮੁਹੰਮਦ ਨੇ ਕੀਤੇ ਇਕ ਸਾਰ।
ਨਾਨਕ ਸਾਂਝ ਦਿਲਾਂ ਦੀ ਪਾਈ,
ਅਜੇ ਭੀ ਕਲਪੇ ਇਹ ਸੰਸਾਰ। 



ਹਵਾ ਸਭਨਾਂ ਨੂੰ ਜਾ ਲੱਗੇ

ਹਵਾ ਸਭਨਾਂ ਨੂੰ ਜਾ ਲੱਗੇ,
ਚੰਗੇ, ਮੰਦੇ ਕਾਲੇ ਬੱਗੇ।
ਸਰਬਤ ਭਲੇ ਦੀ ਲਗਨ ਜੇ ਲੱਗੇ,
ਉਹ ਤਰ ਜਾਵੇ ਵਿੱਚ ਸੰਸਾਰ।

ਹਰ ਕੋਈ ਆਪਣੇ ਲਈ ਜੀਵੇ,
ਸਭਨਾਂ ਲਈ ਕੋਈ ਕੋਈ ਥੀਵੇ।
ਲੈਂਦਾ ਹੈ ਜੋ ਸਭ ਦੀ ਸਾਰ,
ਲੰਘ ਜਾਵੇ ਭਵ-ਸਾਗਰ ਪਾਰ।

ਪੜ੍ਹ ਵਿਦਿਆ ਜੋ ਕਰੇ ਵਿਚਾਰ,
ਕਰਦਾ ਰਹੇ ਉਹ ਪਰ-ਉਪਕਾਰ।
ਖ਼ੁਦ ਗ਼ਰਜ਼ੀ ਨੂੰ ਪਰੇ ਹਟਾ ਕੇ,
ਕਰਦਾ ਰਹੇ ਉਹ ਸੱਚੀ ਕਾਰ।

ਲਾਟੂ ਵਾਂਗ ਜੋ ਬੰਦਾ ਘੁੰਮੇ,
ਸਮਝੇ ਨਾ ਕੁੱਝ ਆਪਣੇ ਜੁੰਮੇਂ।
ਖ਼ੁਦ ਖਾਵੇ ਪੀਵੇ ਤੇ ਹੰਢਾਵੇ,
ਦੁਖੀ ਫਿਰੇ ਉਸਦਾ ਪਰਿਵਾਰ।

ਕੋਹਲੂ ਵਾਂਗ ਜੋ ਗੇੜੇ ਕੱਟੇ,
ਧੀ ਪੁੱਤਾਂ ਲਈ ਸਬ ਕੁੱਝ ਖੱਟੇ।
ਲੋੜ-ਵੰਦ ਦੀ ਲਵੇ ਨਾ ਸਾਰ,
ਸੋ ਬੰਦਾ ਸਮਝੋ ਬੇਕਾਰ।

ਜਿਵੇਂ ਚੰਦ ਅਸਮਾਨੀ ਆਵੇ,
ਚਾਨਣ ਪੱਖ ਹਨੇਰਾ ਲਿਆਵੇ।
ਜੋ ਆਪਣੀ ਹੀ ਕੁਲ ਨੂੰ ਚਾਹਵੇ,
ਸੋ ਬੰਦਾ ਹੈ ਮੂੜ ਗਵਾਰ।
ਚੜ੍ਹੇ ਸੂਰਜ ਦਿਨ ਲੈ ਆਵੇ,
ਰਾਤ ਹਨੇਰੀ ਫਿਰ ਛਾ ਜਾਵੇ।
ਕੌਮ ਲਈ ਜੋ ਕਾਰ ਕਮਾਵੇ,
ਜੱਗ ਨੂੰ ਦੇਵੇ ਦਿਲੋਂ ਵਿਸਾਰ। 

ਨਾਮ ਜਪੇ ਤੇ ਕਾਰ ਕਮਾਵੇ,
ਜੋ ਆਵੇ ਸੋ ਰਾਜ਼ੀ ਜਾਵੇ।
ਹਰ ਕਿਸੇ ਦਾ ਭਲਾ ਜੋ ਚਾਹਵੇ,
ਪੁੱਜ ਜਾਵੇ ਰੱਬੀ-ਦਰਬਾਰ।

ਲਾਟੂ ਕੋਹਲੂ ਸੂਰਜ ਤੇ ਚੰਦ,
ਦਾਇਰਿਆਂ ਅੰਦਰ ਕਰਦੇ ਕਾਰ।
ਪਰ ਵਾਯੂ ਦਾ ਚੱਕਰ ਐਸਾ,
ਜਾਣੇ ਇੱਕ ਜੋ ਸਭ ਸੰਸਾਰ।















ਜਦੋਂ ਕਦੀ ਵੀ ਰੱਬ ਦਾਤੇ ਨੂੰ

ਜਦੋਂ ਕਦੀ ਵੀ ਰੱਬ ਦਾਤੇ ਨੂੰ,
ਕੀਤੀ ਅਸਾਂ ਪੁਕਾਰ।
ਜਾਂ ਕਿਧਰੇ ਕੋਈ ਭੀੜ ਪੈ ਗਈ,
ਆ ਕੇ ਸਾਡੇ ਦੁਆਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।

ਵੈਰੀਆਂ ਪਾਣੀ ਵਿੱਚ ਡਬੋਇਆ,
ਜਾਂ ਜ਼ਹਿਰਾਂ ਸੰਗ ਸਮੋਇਆ।
ਜਾਂ ਪਸਤੌਲਾਂ ਲੈ ਕੇ ਆਏ,
ਕਿ ਹੁਣ ਦੇਈਏ ਮਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।

ਸਿਰ 'ਤੇ ਛੱਤ ਜੇ ਡਿਗਣਾ ਚਾਹੇ,
ਲਵਾਉਣਾ ਚਾਹੇ ਜੇ ਕੋਈ ਫਾਹੇ।
ਫਨੀਅਰ ਸੱਪਾਂ ਵਾਰ ਚਲਾਏ,
ਖਲੋ ਗਏ ਵੈਰੀ ਫੜ ਹਥਿਆਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।

ਨਾਗ ਨੇ ਭੀ ਪਾਏ ਲਪੇਟੇ,
ਟਪ ਗਏ ਲੜਦੇ ਉਪਰਦੀ ਝੋਟੇ।
ਵਗਾਹ ਸੁੱਟੇ ਸੀ ਅਸਾਂ ਨੇ ਸੋਟੇ,
ਕੀਤਾ ਨਾ ਅਸੀਂ ਕੋਈ ਤਕਰਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।
ਭੁੱਖਾਂ ਨੇ ਜਦ ਬਹੁਤ ਸਤਾਏ,
ਕਰਜ਼ਿਆਂ ਨੇ ਜਦ ਘੇਰੇ ਪਾਏ।
ਘਰਦਿਆਂ ਨੇ ਜਦ ਗਲ਼ ਨਾ ਲਾਏ,
ਹੋ ਗਏ ਅਤਿ ਬੀਮਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ। 

ਸਿਰ ਸਾਡੇ ਕੋਈ ਛੱਤ ਨਹੀਂ ਸੀ,
ਛੱਤ ਬਿਨਾ ਕੋਈ ਪੱਤ ਨਹੀਂ ਸੀ।
ਵਾਰ ਵਾਰ ਅਸਾਂ ਕੰਮ ਬਦਲੇ,
ਹੋ ਹੋ ਕੇ ਬੇਜ਼ਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।

ਜਿਸ ਕਿਸੇ ਨੇ ਮਾਰਨਾ ਚਾਹਿਆ,
ਆਪੋਂ ਮੌਤ ਦੇ ਮੂੰਹ ਆਇਆ।
ਜੇ ਕਿਸੇ ਨੇ ਇਜ਼ਤ ਸਾਡੀ,
ਰੋਲ਼ਣੀ ਚਾਹੀ ਵਿੱਚ ਬਾਜ਼ਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।

ਪਰਖ ਸਾਡੀ ਕਈ ਵਾਰੀ ਹੋਈ,
ਰੱਬੀ ਸ਼ਕਤੀ ਨਾਲ਼ ਖਲੋਈ।
ਵਿਖੜੇ ਪੈਂਡੇ ਅਸਾਂ ਨੇ ਲੰਘੇ,
ਫਸ ਗਏ ਪਰ ਜਦ ਵਿੱਚ ਮੰਝਧਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।



ਕਲ ਕਲੇਸ਼ਾਂ ਵਿੱਚ ਜਿੰਦ ਲੰਘਾਈ,
ਦਿੱਤੀ ਉਸ ਨੇ ਧੰਨ ਸਮਾਈ।
ਸੱਟ ਕਰਾਰੀ ਅਸਾਂ ਨੇ ਖਾਈ,
ਕਈ ਵਾਰੀ ਸਿਰ ਦਿਸੀ ਹਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।


ਉਸ ਦਾਤੇ ਦੇ ਗੁਣ ਕੀ ਗਾਵਾਂ,
ਕੀਤੀਆਂ ਉਸਨੇ ਦੂਰ ਬਲਾਵਾਂ।
ਜਿੰਦ ਜਦੋਂ ਸਾਡੀ ਮੁਰਝਾਈ,
ਦਿਸੇ ਨਾ ਕਿਧਰੇ ਕੋਈ ਬਹਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।


ਹੁਣ ਅਗਲੀ ਆਪੇ ਉਹ ਜਾਣੇ,
ਅਸੀਂ ਤਾਂ ਬੁੱਧੂ ਅਤਿ ਨਿਮਾਣੇ।
ਲੈ ਜਾਵੇਗਾ ਆਪ ਟਿਕਾਣੇ,
ਆਪਣੀ ਕਿਰਪਾ ਧਾਰ।
ਪਤਾ ਨਹੀਂ ਕਿਧਰੋਂ ਰੱਬ ਜੀ ਆਏ,
ਕਰ ਗਏ ਬੇੜਾ ਪਾਰ।








ਮੁਢਲਾ ਇੱਕ ਅਸੂਲ ਰੱਬ ਦਾ 

ਮੁਢਲਾ ਇੱਕ ਅਸੂਲ ਰੱਬ ਦਾ,
ਓਹੀਓ ਹੈ ਬਸ ਮੂਲ ਰੱਬ ਦਾ।
ਰੱਬੀ ਹੁਕਮ ਨੂੰ ਜੋ ਬੁੱਝੇ,
ਰਹਿਮੱਤ ਦਾ ਦਰ ਪਾਵੇ।

ਮਿਲਦੀ ਖੈਰ ਨਾ ਰੱਬ ਦਾਤੇ ਤੋਂ,
ਜੋ ਹੱਥ ਅੱਡ ਅੱਡ ਜਾਵੇ।
ਸਭ ਕੁਝ ਉਸਨੂੰ ਮਿਲ ਜਾਂਦਾ ਹੈ,
ਜੋ ਸੱਚੋ ਸੱਚ ਕਮਾਵੇ।

ਨਹੀਂ ਸਦੀਵੀ ਹੋਂਦ ਸਾਡੀ,
ਜੋ ਪਾਵੇ ਸੋ ਗਵਾਵੇ।
ਕੀ ਪਾਉਣਾ ਕੀ ਖੋਣਾ ਏਥੇ,
ਜੋ ਮਿਲਿਆ ਸੋ ਖੁੱਸ ਜਾਵੇ।













ਜੇਕਰ ਮਨ ਸ਼ੱਕੀ ਹੋ ਜਾਵੇ

ਜੇਕਰ ਮਨ ਸ਼ੱਕੀ ਹੋ ਜਾਵੇ,
ਨਫ਼ਰਤ ਹਿਰਦੇ ਵਿੱਚ ਸਮਾਵੇ।
ਗੁੱਸਾ ਮੁੜ ਮੁੜ ਆ ਭੜਕਾਵੇ,
ਈਰਖਾ ਮਨ ਦਾ ਚੈਨ ਗੁਵਾਵੇ,
ਜੀਵਨ ਦੁੱਭਰ ਹੁੰਦਾ ਜਾਵੇ।

ਜਦੋਂ ਕਦੀ ਵੀ ਸ਼ੱਕ ਆ ਘੇਰੇ,
ਸਮਝੋ ਦੁਖੜੇ ਆਪ ਸਹੇੜੇ।
ਕਰੋ ਸ਼ੱਕ ਦੇ ਝੱਟ ਨਿਬੇੜੇ,
ਜੇ ਆ ਵੜੇ ਸ਼ੱਕ ਦਿਲ ਦੇ ਵੇਹੜੇ,
ਮੁੱਕ ਜਾਂਦੇ ਨੇ ਜਿੰਦ ਦੇ ਖੇੜੇ।

ਚੰਗਾ ਮੰਦਾ ਨਾ ਕਿਸੇ ਨੂੰ ਜਾਣੋ,
ਆਪਣਾ ਆਪਾ ਆਪ ਪਛਾਣੋ।
ਕਦੀ ਕਿਸੇ ਨੂੰ ਗ਼ੈਰ ਨਾ ਜਾਣੋ,
ਹਰ ਕਿਸੇ ਸੰਗ ਜੀਵਨ ਮਾਣੋ,
ਕਰੋ ਨਾ ਘਿਰਨਾ ਤੱਤ ਪਛਾਣੋ।

ਜੇ ਕਿਸੇ ਸੰਗ ਈਰਖਾ ਹੋ ਜਾਵੇ,
ਜਿੰਦ ਸਾਡੀ ਨੂੰ ਪਈ ਕਲਪਾਵੇ।
ਕਰੋ ਅਰਦਾਸ ਰੱਬ ਜੀ ਅੱਗੇ,
ਤੱਕੋ ਉਸ ਨੂੰ ਸੱਜੇ ਖੱਬੇ,
ਦੂਈ ਦਵੈਸ਼ ਮਨ ਵਿਚ ਨਾ ਆਵੇ।

ਕਰੋਧ ਜੇ ਆਵੇ ਕਿਸੇ ਦੇ ਉੱਤੇ,
ਸਮਝੋ ਗੁਣ ਤੁਹਾਡੇ ਹੀ ਮੁੱਕੇ।
ਆਪੇ ਨੂੰ ਕਿਉਂ ਮਾਰ ਮੁਕਾਵੋ,
ਗੁੱਸੇ ਨੂੰ ਹੀ ਦੂਰ ਭਜਾਵੋ,
ਖਿੜੇ ਮੱਥੇ ਜਿੰਦ ਜਿਊਂਦੇ ਜਾਵੋ।
ਜੋ ਚਾਹੋ ਉਸਨੂੰ ਫਰੋਲ਼ੋ

ਜੋ ਚਾਹੋ ਉਸਨੂੰ ਫਰੋਲ਼ੋ,
ਸਰੀਰਕ ਸ਼ਕਤੀ ਆਪਣੀ ਜਾਣੋ।
ਬੁੱਧ ਆਪਣੀ ਨੂੰ ਭੀ ਟੁਟੋਲੋ,
ਸਮਾਂ, ਸਥਾਨ ਤੇ ਅਰਥ-ਵਿਵਸਥਾ,
ਸਭ ਕਾਸੇ ਨੂੰ ਪਹਿਲੋਂ ਤੋਲੋ।

ਮਨ ਮੰਨੇ ਤੁਸੀਂ ਪੂਰਮ ਪੂਰੇ,
ਕਿਸੇ ਗੱਲੋਂ ਭੀ ਨਹੀਂ ਅਧੂਰੇ,
ਮੁਸ਼ਕਿਲ ਹੋਵੇ ਜੇ ਅਤਿ ਭਾਰੀ,
ਮਾਰ ਸਕੋ ਜੇ ਸੱਟ ਕਰਾਰੀ,
ਮੰਜ਼ਲ ਵੱਲ ਫਿਰ ਲਾਓ ਉਡਾਰੀ।

ਲਗਨ ਜੇ ਐਸੀ ਤੁਹਾਨੂੰ ਲੱਗੇ,
ਫਿਰ ਨਾ ਤੱਕੋ ਸੱਜੇ ਖੱਬੇ,
ਆਪਣਾ ਸਾਰਾ ਤਾਣ ਲਗਾਓ,
ਪਲ ਪਲ ਅੱਗੇ ਵਧਦੇ ਜਾਓ,
ਕਿਸੇ ਗੱਲੋਂ ਭੀ ਨਾ ਘਬਰਾਓ।

ਰਾਹ ਵਿੱਚ ਆਈਆਂ ਮੁਸ਼ਕਿਲਾਂ,
ਜਾਂ ਘਾਟੀਆਂ ਤੇ ਖਾੜੀਆਂ,
ਸਭੇ ਦੂਰ ਹੋ ਜਾਣੀਆਂ,
ਬਦਲ ਦੇਣ ਉਹ ਕਿਸਮਤਾਂ,
ਤੇਗ਼ਾਂ ਜਿਨ੍ਹਾਂ ਨੇ ਮਾਰੀਆਂ।

ਬਹਾਦਰ ਦਿਲ ਨਾ ਹਾਰਦੇ,
ਜਿੰਦ ਔਖਾਂ ਵਿੱਚ ਗੁਜ਼ਾਰਦੇ,
ਜੋ ਭਟਕਣ ਕਦੀ ਨਾ ਰਾਹਾਂ ਤੋਂ,
ਮੋਹਰੀ ਉਹ ਸੰਸਾਰ ਦੇ। 
ਸਤਿਗੁਰ ਚਾਨਣ ਦਿੱਤਾ ਸਾਨੂੰ

ਸਤਿਗੁਰ ਚਾਨਣ ਦਿੱਤਾ ਸਾਨੂੰ,
ਲਿਸ਼ਕ ਮਾਇਆ ਦੀ ਨਾ ਚੁੰਧਯਾਵੇ,
ਚਾਰ ਚੁਫੇਰੇ ਘੁਪ ਹਨੇਰੇ,
ਹਨੇਰਾ ਸਾਡੇ ਨੇੜੇ ਨਾ ਆਵੇ।

ਅੰਦਰਲਾ ਰੱਜ ਸਤਿਗੁਰ ਦਿੱਤਾ,
ਮਾਇਆ ਦੀ ਭੁੱਖ ਨਾ ਸਤਾਵੇ,
ਆਪੇ ਸਾਨੂੰ ਹੱਥ ਦੇ ਰੱਖੇ,
ਕੋਈ ਕਮਜ਼ੋਰੀ ਜੇ ਆ ਜਾਵੇ।

ਅੰਗ ਸੰਗ ਉਹ ਸਾਡੇ ਰਹਿੰਦਾ,
ਦੂਈ ਦੁਐਸ਼ ਨੇੜੇ ਨਾ ਆਵੇ,
ਕਰੀਏ ਪਿਆਰ ਹਰ ਕਿਸੇ ਨੂੰ,
ਹਰ ਕਿਸੇ ਵਿੱਚ ਉਹ ਦਿਸ ਆਵੇ।

ਸੱਜਨ ਮੇਰਾ ਰੰਗ ਰੰਗੀਲਾ,
ਪਲ ਪਲ ਆਪਣਾ ਰੂਪ ਵਟਾਵੇ,
ਬੁੱਝ ਨਾ ਹੋਵੇ ਬੁੱਝਣ ਲੱਗਿਆਂ,
ਸਿਰ ਸ਼ਰਧਾ ਵਿੱਚ ਝੁਕ ਜਾਵੇ।

ਲੱਖਾਂ ਸਜਦੇ ਕਰੀਏ ਉਸਨੂੰ,
ਜੋ ਹਰਦਮ ਰਾਹੇ ਪਾਵੇ,
ਭਟਕੀਏ ਨਾ ਰੱਬੀ ਰਾਹ ਤੋਂ,
ਉਹ ਆਪੇ ਰਾਹ ਦਰਸਾਵੇ। 



ਮਨ-ਚੋਰ ਚਮ ਚੋਰ ਹੋ ਗਿਆ

ਮਨ-ਚੋਰ ਚਮ ਚੋਰ ਹੋ ਗਿਆ,
ਲੋਕ ਪਰਲੋਕ ਗਵਾਇਆ।
ਸੰਤਾ ਸਿੰਘ ਮਨ ਬਚਨ ਗੁਰਾਂ ਦਾ,
ਜਿਗਰਾ ਸਿੰਘ ਅਖਵਾਇਆ।

ਬਿਰਲਾ ਸੇਠ ਗੁਰੂ ਜੀ ਅੱਗੇ,
ਢੇਰ ਮਾਇਆ ਦਾ ਲਾਇਆ।
ਕੁੱਲੀ ਕਾਨਿਆਂ ਦੀ ਹੀ ਚੰਗੀ,
ਗੁਰੂ ਹਰੀ ਸਿੰਘ ਫਰਮਾਇਆ।

ਚਾਨਣ ਸੰਗ ਜੋ ਚਾਨਣ ਹੁੰਦੇ,
ਓੁਨ ਮਾਇਆ ਨਹੀਂ ਭਰਮਾਇਆ।
ਐਸੇ ਗੁਰੂ ਦੇ ਸਿੱਖਾਂ ਨੇ,
ਤੋਪਾਂ ਨੂੰ ਸ਼ਰਮਾਇਆ।













ਮੌਤ ਕੋਲ਼ੋਂ ਕੋਈ ਕਿਉਂ ਘਬਰਾਵੇ

ਮੌਤ ਕੋਲੋਂ ਕੋਈ ਕਿਉਂ ਘਬਰਾਵੇ,
ਮੌਤ ਬਿਨਾ ਪਈ ਜਿੰਦ ਕਮਲਾਵੇ,
ਨਰਕ ਬਣੇ ਇਹ ਦੁਨੀਆਂ ਸਾਡੀ,
ਜੇਕਰ ਮੌਤ ਕਦੀ ਨਾ ਆਵੇ।

ਮੌਤ ਬਿਨਾ ਇਹ ਜੀਵਨ ਸਾਡਾ,
ਕਿਵੇਂ ਭਲਾ ਫਿਰ ਪਲਟਾ ਖਾਵੇ,
ਬੁਧ ਵਧੇ ਕਿਵੇਂ ਬਿਨਾ ਮੌਤ ਦੇ,
ਮੰਜ਼ਲ ਵੱਲ ਜਿੰਦ ਕਿਵੇਂ ਜਾਵੇ।

ਬਿਨ ਮਰਿਆਂ ਦਰ ਨਾ ਖੁੱਲ੍ਹੇ,
ਕਿਉਂ ਫਿਰ ਕੋਈ ਮੱਥਾ ਪੜਵਾਵੇ,
ਦਰ ਖੁੱਲ੍ਹਦਿਆਂ ਹੀ ਅਗਲੀ ਮੰਜ਼ਲ,
ਜਿੰਦ ਰਾਣੀ ਨੂੰ ਆਪ ਬੁਲਾਵੇ।

ਇੱਕ ਕੋਹ ਮੁੱਕੇ ਦੂਜੀ ਵੱਲ ਨੂੰ,
ਜਿੰਦ ਰਾਣੀ ਪਈ ਦੌੜਾਂ ਲਾਵੇ,
ਤਹਿ ਕਰੇ ਮੁੜ ਮਿਣਵੀਂ ਮੰਜ਼ਲ, 
ਅਗਲੇ ਦਰ ਤੇ ਜਾ ਟਕਰਾਵੇ।

ਮੁੜ ਮੁੜ ਦਰਵਾਜ਼ੇ ਖੋਲ੍ਹੇ,
ਸੂਝ ਆਪੇ ਦੀ ਵਧਦੀ ਜਾਵੇ,
ਆਖ਼ਰ ਆਪਾ ਜਾ ਆਪੇ ਨੂੰ,
ਘੁੱਟ ਗਲਵੱਕੜੀ ਪਾਵੇ।



ਇਹ ਜੀਵ ਅਨੋਖਾ ਧਰਤੀ ਉੱਤੇ

ਇਹ ਜੀਵ ਅਨੋਖਾ ਧਰਤੀ ਉੱਤੇ,
ਬਣਦਾ ਬਣਦਾ ਆਇਆ।
ਕੁਦਰਤ ਦੀ ਗ਼ੈਬੀ ਸ਼ਕਤੀ ਦਾ,
ਭੇਦ ਹੈ ਜਿਸ ਨੇ ਪਾਇਆ।

ਤਪਸ਼ ਤੇ ਲਿਸ਼ਕ ਸੂਰਜ ਦੀ,
ਮਿੱਟੀ ਤੇ ਪਾਣੀ ਦਾ ਜਾਇਆ।
ਲੱਖਾਂ ਇਸਨੇ ਰੂਪ ਵਟਾਏ,
ਤਾਂ ਕਿਤੇ ਬੰਦਾ ਬਣ ਆਇਆ।

ਕਾਮ ਕਰੋਧ ਲੋਭ ਮੋਹ ਭਰਿਆ,
ਹਓਮੇਂ ਨੇ ਇਸ ਨੂੰ ਭਰਮਾਇਆ।
ਸ਼ੱਕ ਈਰਖਾ ਘਿਰਣਾ ਕਰਕੇ,
ਜੱਗ ਵਿਚ ਇਸ ਨੇ ਖੌਰੂ ਪਾਇਆ।

ਦਾਤ ਪਿਆਰ ਦੀ ਤੇ ਇਸ਼ਕ ਦੀ,
ਸੇਵਾ ਭਾਵ ਦਾ ਸਬਕ ਸਿਖਾਇਆ।
ਹੱਕ ਸੱਚ ਲਈ ਵਾਰੇ ਆਪਾ,
ਡਰਦਾ ਨਾ ਇਹ ਕਦੀ ਡਰਾਇਆ।

ਪੀਰ ਪੈਗ਼ੰਬਰ ਭੀ ਇਹ ਬਣਿਆ,
ਸ਼ੁਭ ਕਰਮਾਂ ਦਾ ਸਬਕ ਪੜ੍ਹਾਇਆ।
ਬਣਿਆ ਖੋਜੀ ਖੋਜ ਕਰੇ ਨਿੱਤ,
ਕਿਉਂ, ਕਿਵੇਂ ਤੇ ਕਿੱਥੋਂ ਆਇਆ। 



ਪੰਜਾਂ ਕੋਲ਼ੋਂ ਅੱਕਿਆ ਥੱਕਿਆ

ਪੰਜਾਂ ਕੋਲੋਂ ਅੱਕਿਆ ਥੱਕਿਆ,
ਫਿਰੇ ਬੰਦਾ ਜੱਗ ਵਿੱਚ ਘਬਰਾਇਆ।
ਲਭਦਾ ਫਿਰੇ ਚੈਨ ਹਰ ਥਾਂ ਤੇ,
ਚੈਨ ਨਾ ਇਸਦੇ ਹਿੱਸੇ ਆਇਆ।

ਕਦੀ ਬੁੱਧ ਤੇ ਕਦੀ ਈਸਾ ਨੇ,
ਸੇਵਾ ਭਾਵ ਦਾ ਸਬਕ ਸਿਖਾਇਆ।
ਕਦੀ ਮੁਹੰਮਦ ਤੇ ਨਾਨਕ ਨੇ,
ਹੱਕ ਸੱਚ ਦਾ ਨਾਅਰਾ ਲਾਇਆ।

ਜਾਤਾਂ ਪਾਤਾਂ ਦੇ ਵਿੱਚ  ਵੰਡਿਆ,
ਵੱਡਾ ਛੋਟਾ 'ਮਨੂੰ' ਬਣਾਇਆ।
ਸਭੇ ਸਾਂਝੀਵਾਲ ਸਦਾਇਨ,
ਨਾਨਕ ਨੇ ਇਹ ਸਬਕ ਪੜ੍ਹਾਇਆ।

ਅਰਜਨ ਤੱਤੀਆਂ ਤਵੀਆਂ ਤੇ ਬਹਿ,
ਮੀਰੀ ਪੀਰੀ ਦੇ ਰਾਹ ਪਾਇਆ।
ਹੱਦੋਂ ਵੱਧ ਜ਼ੁਲਮ ਜਦ ਹੋਇਆ,
ਤੇਗ਼ ਬਹਾਦਰ ਸੀਸ ਕਟਾਇਆ।

ਨੀਚੋਂ ਊਚ ਕਰੇ ਫਿਰ ਗੋਬਿੰਦ,
ਜਾਤ ਪਾਤ ਦਾ ਭੇਦ ਮਟਾਇਆ।
ਪਰ ਬੰਦਾ ਆਖਰ ਬੰਦਾ ਹੈ,
ਹਓਮੇਂ ਨੇ ਇਸਨੂੰ ਭਰਮਾਇਆ।



ਇਹ ਮਨ ਮੇਰਾ ਜਦ ਭੀ ਬੋਲੇ

ਇਹ ਮਨ ਮੇਰਾ ਜਦ ਭੀ ਬੋਲੇ,
ਪੰਜ ਭੂਤ ਇਹ ਪਿਆ ਟੁਟੋਲੇ,
ਪਲ ਪਲ ਇਸਦੀ ਰਾਖੀ ਰੱਖਾਂ,
ਕਿ ਕਿਧਰੇ ਮੈਨੂੰ ਨਾ ਰੋਲੇ।

ਕਦੀ ਕਾਮ ਦੇ ਪਿੱਛੇ ਲੱਗੇ,
ਕਦੀ ਮੋਹ ਇਸਨੂੰ ਆ ਠੱਗੇ,
ਕਦੀ ਕਰੋਧਵਾਨ ਹੋ ਜਾਵੇ,
ਹਓਮੇਂ ਵਿੱਚ ਕਦੀ ਆ ਜਾਵੇ।

ਉੱਠਣ ਲਹਿਰਾਂ ਮਨ ਸਾਗਰ ਵਿੱਚ,
ਅਚਨ ਚੇਤੀ ਤੂਫ਼ਾਨ ਲੈ ਆਵੇ,
ਅੰਦਰ ਬੈਠਾ ਮੇਰਾ ਸਤਿਗੁਰ,
ਪਾ ਇਕ ਝਾਤੀ ਸਭ ਮਿਟਾਵੇ।

ਜੇਕਰ ਏਧਰ ਓਧਰ ਜਾਵਾਂ,
ਕੰਨਾਂ ਵਾਟੀ ਸਭ ਸਮਝਾਵੇ,
ਬੇਸਰੀਰੀ ਅੰਗ ਸੰਗ ਮੇਰੇ,
ਸਰੀਰ ਮੇਰੇ ਨੂੰ ਆਪ ਨਚਾਵੇ।

ਆਪਣੇ ਕਰਮੀਂ 'ਮੈਂ' ਹਾਂ ਬਣਿਆ,
ਮੇਰਾ ਆਪਾ ਰਾਸ ਰਚਾਵੇ,
'ਮੈਂ' ਮੁਕਾਂ ਪਰ ਮੁੱਕੇ ਨਾ ਆਪਾ,
ਜੋਤੀ ਸੰਗ ਜਾ ਜੋਤ ਸਮਾਵੇ।



ਗੀਤ ਤੇਰੇ ਨਿਤ ਗਾਵਾਂ ਸੱਜਨਾ

ਗੀਤ ਤੇਰੇ ਨਿਤ ਗਾਵਾਂ ਸੱਜਨਾ,
ਮੈਂ ਗੀਤ ਨਵੇਂ ਨਿਤ ਗਾਵਾਂ,
ਗਾਈ ਜਾਵਾਂ ਗੀਤ ਤੇਰੇ ਨਿਤ,
ਸਬਰ ਨਾ ਮੈਨੂੰ ਆਇਆ.

ਛਿਨ ਭਰ ਛੋਹ ਆਪਣੀ ਲਾ ਕੇ,
ਸਾਨੂੰ ਜਿੰਦ ਭਰ ਲਈ ਤੜਪਾਇਆ,
ਭੋਰਾ ਭਰ ਤੇਰੇ ਚਾਨਣ ਦਾ,
ਸਾਡੇ ਹਿੱਸੇ ਆਇਆ।

ਤੇਰੇ ਚਾਨਣ ਜੱਗ ਚਾਨਣ ਹੋਆ,
ਸਾਨੂੰ ਚਾਨਣ ਨੇ ਚੁੰਧਾਯਾਇਆ,
ਰੂਪ ਤੇਰੇ ਨੂੰ ਤੱਕੀਂ ਜਾਵਾਂ,
ਪਰ ਤੂੰ ਨਾ ਨਜ਼ਰੀਂ ਆਇਆ।

ਬੰਦ ਕਰ ਅੱਖਾਂ ਜੇਕਰ ਤੱਕਾਂ,
ਤੈਨੂੰ ਵੇਖਾਂ ਸੰਗ ਸਮਾਇਆ,
ਤੇਰੇ ਬਿਨ ਹੋਰ ਕੋਈ ਨਾ ਦਿੱਸੇ,
ਬਸ ਤੂੰ ਹੀ ਨਜ਼ਰੀਂ ਆਇਆ।

ਹੱਡ ਮਾਸ ਦਾ ਪਿੰਜਰ ਸਾਡਾ,
ਤੂੰ ਭੱਠੀ ਵਿੱਚ ਤਪਾਇਆ,
ਤਾਂ ਜੋ ਹੋਂਦ ਸਾਡੀ ਹੋਵੇ,
ਤੂੰ ਆਪੇ ਮੈਂ ਬਣ ਆਇਆ। 



ਤੂੰ ਤਾਂ ਜਾਣੀ ਜਾਣ ਸੱਜਨਾ

ਤੂੰ ਤਾਂ ਜਾਣੀ ਜਾਣ ਸੱਜਨਾ,
ਅਸੀਂ ਸਾਰੇ ਦੇ ਸਾਰੇ ਤੇਰੇ,
ਫਿਰ ਕਿਉਂ ਤੈਨੂੰ ਤਰਸ ਨਾ ਆਇਆ,
ਜਦ ਅਸੀਂ ਦੁਖਾਂ ਨੇ ਘੇਰੇ।

ਘਰ ਅੰਦਰ ਅੱਗ ਲਟ ਲਟ ਕਰਦੀ,
ਭਾਂਬੜ ਬਾਹਰ ਬਥੇਰੇ,
ਚਮੜੀ ਸੜਦੀ ਬਰਫਾਂ ਵਿੱਚ ਭੀ,
ਕੀ ਦੱਸੀਏ ਦੁਖ ਕਿਹੜੇ।

ਸੱਪ ਸਿਰੀਆਂ ਚੱਕੀਂ ਫਿਰਦੇ,
ਫਿਰਦੇ ਬਹੁਤ ਬਘੇਰੇ,
ਸਾਥੀ ਸਾਡੇ ਕਿਰ ਕਿਰ ਜਾਂਦੇ,
ਹੁਣ ਅਸੀਂ ਭਰੋਸੇ ਤੇਰੇ।

ਰੱਖ ਭਰੋਸਾ ਤੇਰੇ ਉੱਤੇ,
ਬਲ਼ਦੀ ਬੱਠੀ ਵਿੱਚ ਜਾ ਸੁੱਤੇ,
ਓਹੜੀ ਚਾਦਰ ਸਿਦਕ ਦਿਲੀ ਦੀ,
ਅੱੱਗ ਨਾ ਆਈ ਨੇੜੇ।

ਪਰ ਇੱਕ ਅਗਨੀ ਹਿਰਦੇ ਅੰਦਰ,
ਹੱਡ ਸਾੜੇ ਨਿੱਤ ਸਾਡੇ,
ਇਸ ਨੂੰ ਕੌਣ ਬੁਝਾਵੇ ਸੱਜਨਾ,
ਜੇ ਤੂੰ ਨਾ ਆਵੇਂ ਵਿਹੜੇ।



ਬਣੀਆਂ ਬੋਝਲ਼ ਮਨ ਦੀਆਂ ਪੰਡਾਂ


ਬਣੀਆਂ ਬੋਝਲ਼ ਮਨ ਦੀਆਂ ਪੰਡਾਂ,
ਬਣੀਆਂ ਬੋਝਲ ਤਨ ਦੀਆਂ ਪੰਡਾਂ,
ਮਨ ਦੀਆਂ ਲੋੜਾਂ ਤਨ ਦੀਆਂ ਲੋੜਾਂ,
ਇਹਨਾਂ ਲੋੜਾਂ ਨੂੰ ਕਿਵੇਂ ਮੈਂ ਹੋੜਾਂ।

ਬਣ ਅਗਿਆਨੀ ਬੰਨ੍ਹੀਆਂ ਪੰਡਾਂ,
ਇਛਾਵਾਂ ਨੇ ਬੋਝ ਵਧਾਇਆ,
ਦੁੱਖਾਂ ਨੇ ਫਿਰ ਘੇਰਾ ਪਾਇਆ,
ਇਸ ਘੇਰੇ ਨੂੰ ਕਿਵੇਂ ਮੈਂ ਤੋੜਾਂ।

ਰਹਿਣੀ ਬਹਿਣੀ ਕਹਿਣੀ ਕਰਨੀ,
ਜੇਕਰ ਸਭੇ ਸ਼ੁਧ ਹੋ ਜਾਵਣ,
ਆਵੇ ਗਿਆਨ ਮਿਟੇ ਅਭਿਮਾਨ,
ਇਛਾਵਾਂ ਨੂੰ ਪਕੜ ਝੰਜੋੜਾਂ।












ਕਿਸ ਅੱਗੇ ਅਰਦਾਸ ਕਰਾਂ ਮੈਂ


ਕਿਸ ਅੱਗੇ ਅਰਦਾਸ ਕਰਾਂ ਮੈਂ,
ਕਿਸ ਅੱਗੇ ਕਰਾਂ ਫਰਿਆਦ,
ਸਦਾ ਹੀ ਮੇਰੇ ਅੰਗ ਸੰਗ ਹੈ ਉਹ,
ਕਰਦਾ ਫਿਰਾਂ ਮੈਂ ਜਿਸ ਨੂੰ ਯਾਦ।

ਮੀਨ ਵਸੇ ਵਿੱਚ ਪਾਣੀ ਦੇ,
ਪਾਣੀ ਦਾ ਨਿੱਤ ਮਾਣੇ ਸਵਾਦ,
ਪਾਣੀ ਬਿਨ ਤੜਪੇ, ਮਰ ਜਾਵੇ,
ਪਾਣੀ ਉਸਦਾ ਅੰਤ ਤੇ ਆਦਿ।

ਤਿਵੇਂ ਹੀ ਮੈਂ ਵਿੱਚ ਤੂੰ ਸਮਾਇਆ,
ਤੂੰ ਹੀ ਮੈਂ ਮੇਰੀ ਦਾ ਆਦਿ,
ਤੇਰੇ ਵਿਚ ਹੀ ਮੈਂ ਮਿਲ ਜਾਵਾਂ,
ਤੂੰ ਪੂਰਾ ਮੈਂ ਤੇਰਾ ਭਾਗ।












ਕਈ ਵਾਰੀ ਕੁੱਝ ਵੱਢ ਵੱਢ ਖਾਵੇ

ਕਈ ਵਾਰੀ ਕੁੱਝ ਵੱਢ ਵੱਢ ਖਾਵੇ,
ਰੂਹ ਤੜਪੇ ਤੇ ਮਨ ਕਲਪਾਵੇ,
ਸਮਝ ਨਾ ਲੱਗੇ, ਕੋਈ ਕਿਧਰ ਜਾਵੇ,
ਯਤਨ ਕੀਤਿਆਂ ਚੈਨ ਨਾ ਆਵੇ।

ਮੰਦਰ ਮਸਜਿਦ ਤੇ ਗੁਰਦੁਆਰੇ,
ਬਣੇ ਜੋ ਜੱਗ ਵਿੱਚ ਠਾਕੁਰਦੁਆਰੇ,
ਜੰਗਲ ਬੇਲੇ ਜਾਂ ਜੱਗ ਮੇਲੇ,
ਜਿੱਥੇ ਮਰਜ਼ੀ ਜਾਵੇ ਪਰ ਚੈਨ ਨਾ ਪਾਵੇ।

ਆਪਣੇ ਅਸਲੇ ਨਾਲੋਂ ਬੰਦਾ,
ਜੇ ਟੁੱਟੇ ਤਾਂ ਕਿਧਰ ਜਾਵੇ,
ਕਰੇ ਬੰਦਾ ਤਾਂ ਕੀ ਕਰੇ,
ਬੰਦਗੀ ਵਿੱਚ ਜੁਟ ਜਾਵੇ।













ਜਿੰਨਾ ਭੈੜ ਹੈ ਇਸ ਜੱਗ ਅੰਦਰ

ਜਿੰਨਾ ਭੈੜ ਹੈ ਇਸ ਜੱਗ ਅੰਦਰ,
ਓਨਾ ਭੈੜ ਹੈ ਹਰ ਮਨ ਅੰਦਰ,
ਚਾਹੇ ਹੋਵੇ ਅਤਿ ਕੁਕਰਮੀਂ,
ਚਾਹੇ ਹੋਵੇ ਮਸਤ ਕਲੰਦਰ।

ਕਿਸੇ ਨੇ ਬਦੀ ਨੂੰ ਅਪਣਾਇਆ ਹੈ,
ਕਿਸੇ ਨੇ ਨੇਕੀ ਨੂੰ ਚਾਹਿਆ ਹੈ,
ਭੈੜਾ ਭੀ ਬਣ ਸਕਦੈ ਚੰਗਾ,
ਜੋ ਚੰਗਾ ਬਣ ਸਕਦੈ ਮੰਦਾ।

ਹਰ ਦਿਲ ਅੰਦਰ ਛਿਪੀ ਬੁਰਾਈ,
ਹੈ ਬੁਰੇ ਸੰਗ ਨੇਕੀ ਲਿਪਟਾਈ,
ਗੁਣ ਤੇ ਅਵਗੁਣ ਸੰਗ ਸੰਗ ਰਹਿੰਦੇ,
ਗੁਣ ਨਹੀਂ, ਬਿਨ ਅਵਗੁਣ ਕਹਿੰਦੇ।

ਕਿਧਰੇ ਨੇਕੀ ਭਾਰੂ ਹੋ ਜਾਵੇ,
ਕਿਧਰੇ ਬਦੀ ਪਈ ਖੌਰੀ ਪਾਵੇ,
ਨਿਰਾਕਾਰ ਹੈ ਨਿਰੀ ਹੀ ਨੇਕੀ,
ਸਾਕਾਰ ਹੋਵੇ ਮਾਇਆ ਭਰਮਾਵੇ।

ਜੇਕਰ ਤਜੇ ਗੁਣ ਮਾਇਆ ਦੇ,
ਸੁੰਨ ਸਮਾਧੀ ਅੰਦਰ ਜਾਵੇ,
ਮਾਇਆ ਬਿਨ ਪਰ ਕਾਰ ਨਾ ਚੱਲੇ,
ਮੁੜ ਮਾਇਆ ਸੰਗ ਕਾਰ ਚਲਾਵੇ।



ਮਨ ਹੋਰ ਮੁੱਖ ਹੋਰ ਨੇ ਬੰਦੇ

ਮਨ ਹੋਰ ਮੁੱਖ ਹੋਰ ਨੇ ਬੰਦੇ,
ਬਾਹਰੋਂ ਸਜਨ ਦਿਲੋਂ ਚੋਰ ਨੇ ਬੰਦੇ,
ਹੋ ਨਹੀਂ ਸਕਦੇ ਰੂਪ ਰੱਬ ਦਾ,
ਫਿਰ ਇਹ ਕਿਹੜੇ ਹੋਰ ਨੇ ਬੰਦੇ।

ਹੱਕ ਮਾਰਦੇ ਕਰਦੇ ਧੱਕਾ,
ਲਗਦੈ ਨਿਰੇ ਹੀ ਢੋਰ ਨੇ ਬੰਦੇ,
ਪਾਉਂਦੇ ਫਿਰਦੇ ਖੌਰੂ ਜੱਗ ਤੇ,
ਮਚਾਉਂਦੇ ਫਿਰਦੇ ਸ਼ੋਰ ਨੇ ਬੰਦੇ,

ਜਾਂ ਕਿਧਰੇ ਰੱਬ ਨਹੀਂ ਹੈ,
ਜਾਂ ਫਿਰ ਰੱਬ ਇਹ ਸੱਭ ਨਹੀਂ ਹੈ,
ਘੁੰਮਦਾ ਫਿਰੇ ਸ਼ੈਤਾਨ ਜੱਗ ਵਿਚ,
ਨਿਰਾ ਸ਼ੈਤਾਨ ਹੀ ਜੱਗ ਨਹੀਂ ਹੈ।

ਜੰਗ ਨੇਕੀ ਤੇ ਬਦੀ ਦੀ ਹੋਵੇ,
ਦੁਨੀਆਂ ਹੱਸੇ ਦੁਨੀਆਂ ਰੋਵੇ,
ਸਮੇਂ ਨਾਲ਼ ਹੀ ਹੋਵੇ ਸਭ ਕੁੱਝ,
ਕੁਝ ਭੀ ਏਥੇ ਨਾ  ਖਲੋਵੇ।

ਕੌਣ ਹੈ ਜੋ ਸਮੇਂ ਨੂੰ ਰੋਕੇ?
ਸਮੇਂ ਨੂੰ ਤੰਦ ਪਰੋਈ ਜਾਣਦੇ,
ਇਕ ਮਨ ਇੱਕ ਚਿੱਤ ਹੋ ਰਹਿਣਾ,
ਜੋ ਕੁਝ ਹੁੰਦੇ ਹੋਈ ਜਾਣਦੇ। 



ਨੰ. 1 ਹਰੀ ਸਿੰਘ ਤੇਰੀ ਚਿੱਠੀ ਆਈ

ਹਰੀ ਸਿੰਘ ਤੇਰੀ ਚਿੱਠੀ ਆਈ ਕਿ ਗ਼ੈਬ ਦੀ ਗੱਲ ਸਮਝਾਵਾਂ,
ਅਜੇ ਤੱਕ ਜੇ ਭੇਦ ਨਾ ਬੁੱਝਿਆ, ਦਸ ਮੈਂ ਕੀ ਬੁਝਾਵਾਂ,
ਇਹ ਤਨ ਤੇਰਾ ਇਹ ਤਨ ਮੇਰਾ ਜਿਉਂ ਗਲ਼ ਕੱਪੜੇ ਪਾਵਾਂ,
ਇਸ ਬਸਤਰ ਨੂੰ ਬਦਲਣ ਲਗਿਆਂ ਦਸ ਮੈਂ ਕਿਉਂ ਘਬਰਾਵਾਂ।

ਤੂੰ ਤਾਂ ਇੱਕ ਕਮਲਾਇਆ ਫੁਲ ਹੈਂ, ਦਸ ਤੈਨੂੰ ਕਿਵੇਂ ਖਿੜਾਵਾਂ,
ਖਿੜੇ ਮੱਥੇ ਮਿੱਟੀ ਵਿੱਚ ਮਿਲ ਜਾਹ ਫਿਰ ਮੈਂ ਪਾਣੀ ਪਾਵਾਂ,
ਮਿੱਟੀਓਂ ਡਾਲੀ, ਡਾਲੀਓਂਂ ਫੁਲ ਸਮੇਂ ਨੂੰ ਆਖ ਲਿਆਵਾਂ,
ਸਦਾ ਲਈ ਕੋਈ ਮਰਦਾ ਨਹੀਓਂ ਨਿੱਤ ਨਵਾਂ ਬਣ ਆਵਾਂ।

ਮੈਂ ਤੇ ਤੂੰ ਸਭ ਰੂਪ ਆਪੇ ਦੇ ਜਿਸ ਵਿੱਚੋਂ ਉੱਡ ਆਵਾਂ,
ਬੱਦਲ ਬਣ ਮੈਂ ਥਾਂ ਥਾਂ ਘੁੰਮਾਂ ਮੀਂਹ ਦੀ ਛੈਹਬਰ ਲਾਵਾਂ,
ਖੂਹ ਟੋਭੇ ਨਦੀ ਨਾਲ਼ੇ ਲੰਘਾਂ ਮੁੜ ਸਾਗਰ ਮਿਲ ਜਾਵਾਂ,
ਇਹ ਤਾਂ ਖੇਡ ਗੈਬੀ ਸਜਨਾ ਮੈਂ ਖਿਡੌਣਾ ਕਿੰਝ ਸਮਝਾਵਾਂ।


ਨੰ. 2 ਹੁਣ ਤਾਂ ਵਾਰੀ ਜਾਣ ਦੀ

ਹੁਣ ਤਾਂ ਵਾਰੀ ਜਾਣ ਦੀ,
ਮੇਲਾਂ ਦੀ ਕੀ ਗੱਲ,
ਵਿਛੋੜੇ ਵਿੱਚ ਹੀ ਸੱਜਨਾ,
ਤੂੰ ਘਰ ਆਪਣੇ ਨੂੰ ਚੱਲ।

ਕੀ ਲੈਣੈਂ ਤੂੰ ਮੇਲ ਸਰੀਰਾਂ,
ਲੱਖ ਲੱਖ ਐਬ ਜਿਹਨਾਂ ਦੇ,
ਕਾਮ ਕਰੋਧ ਲੋਭ ਮੋਹ ਭਰੇ,
ਹੈ ਹੋਓਮੇਂ ਸਿਰ ਇਹਨਾਂ ਦੇ।

ਪਾਕ ਪਵਿੱਤਰ ਮੇਲ ਰੂਹਾਂ ਦਾ,
ਜੇ ਤੜਪ ਸੀਨੇ ਵਿੱਚ ਹੋਵੇ,
ਕੈਦ ਸਰੀਰੀਂ ਲਾਉਣ ਉਡਾਰੀ,
ਮਿਲ ਆਪੇ ਸੰਗ ਇੱਕ ਹੋਵੇ।

ਨੰ. 3 ਫਿਰ ਭੀ ਸੱਜਨਾ ਦਰ ਤੇਰੇ ਦਾ

ਫਿਰ ਭੀ ਸੱਜਨਾ ਦਰ ਤੇਰ ਦਾ,
ਮੈਂ ਆ ਕੁੰਡਾ ਖੜਕਾਵਾਂ,
ਵੇਖੀਂ ਕਿਧਰੇ ਟੁਰ ਨਾ ਜਾਵੀਂ,
ਜੇ ਮੈਂ ਨਾ ਫਤਿਹ ਬੁਲਾਵਾਂ।

ਨੰ. 4 ਮਤ ਘਬਰਾਵੀਂ ਮੌਤ ਤੋਂ

ਮੱਤ ਘਬਰਾਵੀਂ ਮੌਤ ਤੋਂ,
ਮੌਤ ਬਿਨਾ ਜਿੰਦ ਮਰ ਮਰ ਜਾਵੇ,
ਨਰਕ ਬਣੇ ਇਹ ਦੁਨੀਆਂ ਸਾਡੀ,
ਜੇਕਰ ਮੌਤ ਕਦੀ ਨਾ ਆਵੇ।

ਬਿਨਾਂ ਮੌਤ ਦੇ ਜੀਵਨ ਸਾਡਾ,
ਦੱਸ ਭਲਾ ਕਿਵੇਂ ਪਲਟਾ ਖਾਵੇ,
ਬੁਧ ਵਧੇ ਅਗਲੀ ਪੀੜੀ ਦੀ,
ਮੰਜ਼ਲ ਵੱਲ ਜਿੰਦ ਟੁਰਦੀ ਜਾਵੇ।

ਸੂਝ ਸਾਡੀ ਦਰ ਅਗਲਾ ਖੋਲ੍ਹੇ,
ਮੁੜ ਮੁੜ ਕੇ ਦਰ ਖੁੱਲ੍ਹਦਾ ਜਾਵੇ,
ਦਰ ਖੁੱਲ੍ਹਦਿਆਂ ਹੀ ਅਗਲੀ ਮੰਜ਼ਲ,
ਜਿੰਦ ਰਾਣੀ ਨੂੰ ਆਪ ਬੁਲਾਵੇ।

ਇੱਕ ਦਰ ਖੁੱਲ੍ਹੇ ਦੂਜੇ ਵੱਲ ਨੂੰ,
ਜਿੰਦ ਰਾਣੀ ਮੁੜ ਦੌੜਾਂ ਲਾਵੇ,
ਤਹਿ ਕਰਕੇ ਮੁੜ ਮਿਣਵੀਂ ਮੰਜ਼ਲ,
ਅਗਲੇ ਦਰ ਤੇ ਜਾ ਟਕਰਾਵੇ।

ਮੁੜ ਮੁੜ ਖੋਲ੍ਹੇ ਬੰਦ ਦਰਵਾਜ਼ੇ,
ਸੂਝ ਆਪੇ ਦੀ ਵੱਧਦੀ ਜਾਵੇ,
ਆਖ਼ਰ ਇੱਕ ਦਿਨ ਐਸਾ ਆਵੇ,
ਆਪਾ ਆਪੇ ਸੰਗ ਸਮਾਵੇ। 

ਨੰ. 5 ਸੱਜਨਾ ਤੇਰੇ ਪੈਂਡੇ ਆਇਆਂ


ਸੱਜਨਾ ਤੇਰੇ ਪੈਂਡੇ ਆਇਆਂ,
ਲੈ ਪਿਆਰ ਮੁਹੱਬਤ ਸਾਰੀ,
ਕਦੀ ਨਾ ਭੁੱਲੇ ਸੱਜਨਾ ਮੈਨੂੰ, 
ਜਿੰਦ ਤੇਰੇ ਸੰਗ ਗੁਜ਼ਾਰੀ।

ਤੇਰਾ ਮੇਰਾ ਸਾਥ ਹੈ ਸੱਜਨਾ,
ਜਿਉਂ ਦੋ ਫੁਲ ਤੇ ਇੱਕ ਡਾਲੀ,
ਇੱਕੋ ਬਗ਼ੀਚੇ ਵਿੱਚ ਉੱਗੇ ਹਾਂ,
ਹੈ ਇੱਕੋ ਸਾਡਾ ਮਾਲੀ।

ਸਮੇਂ ਨਿਚੋੜੀ ਹੈ ਦੇਹ ਸਾਡੀ,
ਕੰਡਿਆਂ ਨੇ ਜਿੰਦ ਗਾਲ਼ੀ,
ਕੰਡਾ ਕੋਇਲ ਦੇ ਸੀਨੇ ਚੁਭਿਆ,
ਮੁੜ ਉੱਗਿਆ ਫੁੱਲ ਡਾਲੀ।


ਖਿੜੇ ਮੱਥੇ ਮਿੱਟੀ ਵਿੱਚ ਮਿਲ ਜਾਹ,
ਹੁਣ ਮਿਟ ਗਈ ਤੇਰੀ ਲਾਲੀ,
ਮੁੜ ਖਿੜ ਜਾਣਾ ਕਣ ਕਣ ਤੇਰਾ,
ਬਣੇ ਹਰ ਕੋਈ ਤੇਰਾ ਸਵਾਲੀ।

ਮੌਤ ਤਾਂ ਸਜਨਾ ਨਹੀਂ ਸਦੀਵੀ,
ਇਹ ਥੋੜ੍ਹ ਚਿਹੀ ਹੈ ਕਾਲੀ,
ਮੁੜ ਲਿਸ਼ਕਣਾ ਕਣ ਕਣ ਤੇਰਾ,
ਚਲੇ ਕਾਰ ਨਿਰਾਲੀ। 

ਨਾ ਮੈਂ ਹੱਥ ਨਾ ਪੈਰ ਹਾਂ

ਨਾ ਮੈਂ ਹੱਥ ਨਾ ਪੈਰ ਹਾਂ,
ਨਾ ਮੈਂ ਮੂੰਹ ਨਾ ਕੰਨ।
ਨਾ ਮੈਂ ਗਰਦਨ ਸਿਰ ਹਾਂ,
ਨਾ ਮੈਂ ਦਿਸਦਾ ਤਨ।

ਮੈਂ ਤਾਂ ਬੱਸ ਮੈਂ ਹੀ ਹਾਂ,
ਹੋਂਦ ਸਾਰੀ ਦਾ ਥੰਮ੍ਹ।
ਨਾ ਮੈਂ ਕੋਈ ਆਕਾਰ ਹਾਂ,
ਨਾ ਮੈਂ ਕੋਈ ਦਮ।

ਨਾ ਮੈਂ ਖਾਵਾਂ ਨਾ ਮੈਂ ਪੀਵਾਂ,
ਨਾ ਮੈਂ ਹੰਢਾਵਾਂ ਚੰਮ।
ਜੋ ਮੈਂ ਸਰੀਰੀਂ ਵਸਦੀ,
ਉਹ ਮਾਇਆ ਦਾ ਭ੍ਰਮ।



ਘੁੰਮਦਾ ਫਿਰਾਂ ਮੈਂ ਚਾਰ ਚੁਫੇਰੇ

ਘੁੰਮਦਾ ਫਿਰਾਂ ਮੈਂ ਚਾਰ ਚੁਫੇਰੇ,
ਘੁੰਮਦਾ ਫਿਰਾਂ ਮੈਂ ਸਭਨੀਂ ਥਾਈਂ।
ਘੁੰਮਦਾ ਫਿਰਾਂ ਮੈਂ ਕੋਨੇ ਕੋਨੇ,
ਰੰਗ ਬਰੰਗੇ ਕੱਪੜੇ ਪਾਈਂ।

ਜਿਵੇਂ ਬੱਚਾ ਆਪੇ ਹੀ ਖੇਡੇ,
ਖੱਬੇ ਸੱਜੇ ਨੂੰ ਨਰਦ ਫੜਾਈ।
ਤਿਵੇਂ ਹੀ ਮੈਂ ਆਪੇ ਸੰਗ ਖੇਡਾਂ,
ਆਪੇ ਆਪਣੀ ਖੇਡ ਰਚਾਈ।

ਸਭਨੀਂ ਕੱਪੜੀ ਰੰਗ ਭਰੇ ਮੈਂ,
ਮਿਲ ਮਾਇਆ ਸੰਗ ਬਣਤ ਬਣਾਈ।
ਹਰ ਪੁਸ਼ਾਕੇ ਵੱਖ ਲਗਾਂ ਮੈਂ,
ਹਓਮੇਂ ਦੀ ਪੱਗ ਸਿਰ ਬੰਨ੍ਹਵਾਈ।

ਇੱਕ ਮੁੱਕੇ ਮੁੜ ਦੂਜੀ ਖੇਡਾਂ,
ਮੁੜ ਮੁੜ ਖੇਡਾਂ ਖੇਡ ਰਚਾਈਂ।
ਮੈਂ ਹੁਕਮੀਂ ਤੇ ਹੁਕਮ ਹੈ ਮੇਰਾ,
ਹੁਕਮ ਅੱਗੇ ਸਿਰ ਫਿਰਾਂ ਝੁਕਾਈਂ।

ਹੁਕਮ ਦੇ ਵਿੱਚ ਸਭ ਕੁਝ ਚੱਲੇ,
ਹੁਕਮ ਚੱਲੇ ਮੇਰਾ ਸਭਨੀਂ ਥਾਈਂ।
ਮੈਂ ਭੀ ਆਪਣੇ ਹੁਕਮ ਦਾ ਗੋੱਲਾ,
ਹੁਕਮ ਬੂਝ ਪਰਮਗਤ ਪਾਈਂ।



ਮੈਂ ਮੇਰੀ ਸੰਗ ਫਸ ਬੈਠਾ ਮੈਂ

ਮੈਂ ਮੇਰੀ ਸੰਗ ਫਸ ਬੈਠਾ ਮੈਂ,
ਪੰਜਾਂ ਸੰਗ ਮੇਰੀ ਜਿੰਦ ਪਰੋਈ,
ਪਲ ਪਲ ਮੈਂ ਬਦਲਦਾ ਜਾਵਾਂ,
ਪਰ ਸੱਜਨਾ ਤੂੰ ਸਦਾ ਹੀ ਸੋਈ।

ਨਚਦਾ ਫਿਰੇਂ ਤੂੰ ਨੰਗ ਧੜੰਗਾ,
ਮੈਂ ਸੱਤ ਕੱਪੜੀਂ ਜਿੰਦ ਲਕੋਈ,
ਪਿਆ ਭੁਲੇਖਾ ਕਿ ਮੈਂ ਤੂੰ ਨਹੀਂ,
ਥਾਂ ਥਾਂ ਮੇਰੀ ਦੁਰਗਤ ਹੋਈ।

ਆਪੋਂ ਕੱਪੜੇ ਲਾਹ ਨਾ ਸੱਕਾਂ,
ਪਾਵਾਂ ਕੱਪੜੇ ਤਾਂ ਮੈਂ ਹੋਈ,
ਮੁੜ ਮੁੜ ਕੱਪੜੇ ਪਾਉਂਦੀ ਜਾਵਾਂ,
ਗੇੜਾਂ ਵਿੱਚ ਮੇਰੀ ਜਿੰਦ ਪਰੋਈ। 













ਇੱਕ ਛਿਨ ਭਰ ਮੈਂ ਓਹੀਓ ਨਾਹੀਂ


ਇੱਕ ਛਿਨ ਭਰ ਮੈਂ ਓਹੀਓ ਨਾਹੀਂ,
ਪਲ ਪਹਿਲਾਂ ਮੈਂ ਹੋਰ ਸੀ ਸਜਨਾ,
ਪਲ ਪਿੱਛੋਂ ਮੈਂ ਹੋਰ ਹਾਂ ਕੋਈ,
ਪਰ ਸਜਨਾ ਤੂੰ ਸਦਾ ਹੀ ਸੋਈ।

ਨਚਦਾ ਫਿਰੇਂ ਤੂੰ ਨੰਗ ਧੜੰਗਾ,
ਮੈਂ ਸੱਤ ਕੱਪੜੀਂ ਜਿੰਦ ਲਕੋਈ,
ਆਪਣੇ ਅਸਲੇ ਤੋਂ ਵੱਖ ਹੋ ਕੇ,
ਤੜਪ ਤੜਪ ਅਧਮੋਈ ਹੋਈ।

''ਮੈਂ'' ਮਾਇਆ 'ਚੋਂ ਉਪਜੀ ਮੇਰੀ,
ਤੈਨੂੰ ਸਜਨਾ ਭੁੱਲ ਖਲੋਈ,
ਮੁੜ ਮੁੜ ਹਓਮੇਂ ਠੇਡੇ ਖਾਵੇ,
ਐਸੀ ਮੇਰੀ ਦੁਰਗਤ ਹੋਈ।

ਵਸ ਨਹੀਂ ਮੇਰੇ ਵਸ ਨਹੀਂ ਤੇਰੇ,
ਹੁਕਮੀਂ ਕਾਰ ਕਰੇ ਸਭ ਕੋਈ,
ਬਿਨ ਮਾਇਆ ਦੇ ਮੈਂ ਨਾਹੀਂ,
ਮਿਲ ਮਾਇਆ ਸੰਗ ਤੂੰ ਮੈਂ ਹੋਈ।

ਗਲੋਂ ਗਲਾਮਾਂ ਜੇ ਲਾਹ ਸੁੱਟਾਂ,
ਮੇਰੀ ਕਿਧਰੇ ਹੋਂਦ ਨਾ ਕੋਈ,
ਮੈਂ ਇੱਕ ਕਣ ਹਾਂ ਤੇਰੀ ਹੋਂਦ ਦਾ,
ਮੈਂ ਨਾ ਕੋਈ ਸਭ ਤੂੰ ਹੋਈ। 


ਬੀਤੀ ਉਮਰਾ ਸਾਰੀ ਥੋੜੀ ਰਹਿ ਗਈ

ਬੀਤੀ ਉਮਰਾ ਸਾਰੀ ਥੋੜੀ ਰਹਿ ਗਈ,
ਇਹ ਭੀ ਬਹੁਤ ਕਹਾਣੀ ਜੋ ਜਿੰਦ ਕਹਿ ਗਈ,
ਰਹਿੰਦੀ ਹੈ ਕੁਝ ਬਾਕੀ ਪੂਰੀ ਕਰਾਂ ਮੈਂ,
ਰਹਿ ਨਾ ਜਾਏ ਅਧੂਰੀ ਕੁਝ ਕੁਝ ਡਰਾਂ ਮੇਂ।

ਕਰ ਕਿਰਪਾ ਤੂੰ ਆਪ ਪਾਵੀਂ ਪੂਰਨੇ,
ਰਾਹ ਤੇਰੇ ਤੇ ਚੱਲਣ ਉਹ ਜੱਗ ਸੂਰਮੇਂ, 
ਤੇਰੇ ਔਖੇ ਪੈਂਡੇ ਚੱਲਾਂ ਕਿਵੇਂ ਮੈਂ,
ਰਹਿੰਦੀ ਵਾਟ ਮੁਕਾਵਾਂ ਚਲਿਆ ਜਿਵੇਂ ਮੈਂ।

ਇੱਕ ਦੋ ਮੱਥੇ ਦਾਗ਼ ਹੋਰ ਲਾਵੀਂ ਨਾ,
ਵੇਖ ਮੱਥੇ ਦੇ ਦਾਗ਼ ਛੱਡ ਕੇ ਜਾਵੀਂ ਨਾ,
ਮੇਰੇ ਚੰਗੇ ਭਾਗ ਰਿਹਾ ਹੈਂ ਅੰਗ ਸੰਗ ਤੂੰ,
ਦਰ ਤੇਰੇ ਜਦ ਆਵਾਂ ਪਰੇ ਹਟਾਵੀਂ ਨਾ।













ਇੱਕੋ ਭਾਂਡੇ ਦੋਵੇਂ ਹੀ ਵਸਣ

ਇੱਕੋ ਭਾਂਡੇ ਦੋਵੇਂ ਹੀ ਵੱਸਣ,
ਇੱਕ ਮੈਂ ਜੋ ਸਰਵ-ਵਿਆਪੀ,
ਇੱਕ ਮੈਂ ਜੋ ਭਾਂਡੇ ਦੀ ਜਾਈ,
ਅੰਹਕਾਰ ਨੇ ਉਸਦੀ ਹੋਂਦ ਬਣਾਈ।

ਮੇਰਾ ਰੂਪ ਨਾ ਕੋਈ ਪਛਾਣੇ,
ਕਦੀ ਕੋਈ ਟਾਵਾਂ ਟਾਵਾਂ ਜਾਣੇ,
ਜਿਵੇਂ ਸਾਗਰ ਦਾ ਕੋਈ ਇੱਕ ਤੁਪਕਾ,
ਜਾ ਸਾਗਰ ਨੂੰ ਆਪ ਪਛਾਣੇ।

ਪਰ ਜੋ ''ਮੈਂ'' ਭਾਂਡੇ ਦੀ ਜਾਈ,
ਕਾਮ ਕਰੋਧ ਲੋਭ ਲੈ ਆਈ,
ਮੋਹ ਮਮਤਾ ਦੇ ਸੰਗ ਸਮਾਈ,
ਥਾਂ ਥਾਂ ਕਰਦੀ ਫਿਰੇ ਲੜਾਈ।

ਰੋਜ਼ ਮੈਂ ਉਸਨੂੰ ਰਾਹ ਦੱਸਾਂ,
ਸੁਣਦੀ ਨਾ ਉਹ ਗੱਲ ਸੁਣਾਈ,
ਮਾਲਕ ਭਾਂਡੇ ਦੀ ਬਣ ਬੈਠੀ,
ਵੇਖੋ ਲੋਕੋ ਭਾਂਡੇ ਦੀ ਜਾਈ।

ਜੇਕਰ ਭਾਂਡਾ ਇਹ 'ਮੈਂ' ਤਿਆਗੇ,
ਉਸਦੀ ਕਰਾਂ ਮੈਂ ਖ਼ੂਬ ਸੁਧਾਈ,
ਪਰਮ-ਆਨੰਦ ਪਰਾਪਤ ਹੋਵੇ,
ਸਰਵ-ਵਿਆਪੀ ਮੈਂ ਹਰ ਜਾਈ।



ਇੱਕ ਇੱਕ ਕਰਕੇ ਬੂੰਦ ਜੁੜੀ ਜਦ

ਇੱਕ ਇੱਕ ਕਰਕੇ ਬੂੰਦ ਜੁੜੀ ਜਦ,
ਤਾਂ ਸਾਗਰ ਬਣਿਆ ਭਾਈ,
ਹੋਂਦ ਬੂੰਦ ਦੀ ਵੱਖ ਸਾਗਰ ਤੋਂ,
ਦਿਸੇ ਸੰਗ ਸਮਾਈ।

ਤਪਸ਼ ਲਗੀ ਸਾਗਰ ਛੱਡ ਟੁਰਦੀ,
ਸਾਗਰ ਰੋਕ ਨਾ ਪਾਈ,
ਥਾਂ ਥਾਂ ਘੁੰਮ ਸਾਗਰ ਆ ਮਿਲਦੀ,
ਸਾਗਰ ਨਾ ਮੋੜੇ ਕਾਈ।

ਇੱਕ ਇੱਕ ਕਰਕੇ ਬੂੰਦ ਜੇ ਉੱਡੇ,
ਮੁੜ ਸਾਗਰ ਨਾ ਪਰਤੇ ਭਾਈ,
ਸਾਗਰ ਕਿਧਰੇ ਭੀ ਨਾ ਦਿਸੇ,
ਜੇ ਐਸੀ ਬਣਤ ਬਣਾਈ।

ਹੋਂਦ ਸਾਗਰ ਦੀ ਬੂੰਦ ਬਿਨਾ ਨਾ,
ਮੈਂ ਤੇਰੀ ਹੋਂਦ ਬਣਾਈ,
ਮੈਂ ਬਿਨ ਸੁੰਨ ਸਮਾਧੀ ਜਾਵੇਂ,
ਕੁਝ ਕਿਧਰੇ ਨਜ਼ਰ ਨਾ ਆਈ।

ਮੈਂ ਮਾਇਆ ਤੂੰ ਨਿਰਾ ਸੱਚ ਹੈਂ,
ਮਿਲ ਮੈਂ ਸੰਗ ਬਣਤ ਬਣਾਈ,
ਜੇ ਤੂੰ ਸੁੰਨ ਸਮਾਧੀ ਜਾਵੇਂ,
ਮੈਂ ਤੇਰੇ ਸੰਗ ਲਿਪਟਾਈ।



ਕੀ ਕਿਸੇ ਨੇ ਜੱਗ ਬਣਾਇਆ ਹੈ

ਕੀ ਕਿਸੇ ਨੇ ਜੱਗ ਬਣਾਇਆ ਹੈ,
ਜਾਂ ਸਭ ਕੁੱਝ ਆਪ ਮੁਹਾਰਾ ਹੈ,
ਆਪੋਂ ਬੇਸ਼੍ਰਕ ਬਣਿਆ ਹੋਵੇ,
ਪਰ ਵਿਉਂਤਬੱਧ ਜਗ ਸਾਰਾ ਹੈ।
ਫਿਰ ਕਿਵੇਂ ਇਹ ਵਿਉਂਤ ਬਣੀ ਹੈ,
ਕਿਵੇਂ ਥਾਂ ਸਿਰ ਲਗਿਆ ਗਾਰਾ ਹੈ,
ਇਕੋ ਹੁਕਮ ਹਰ ਥਾਂ ਚੱਲੇ,
ਧਰਤ ਹੋਵੇ ਜਾਂ ਤਾਰਾ ਹੈ।

ਜਿਹੜੀ ਮਰਜ਼ੀ ਬਣਤਰ ਦੇਖੋ,
ਪੂਰਨ ਹੋਇਆ ਪਸਾਰਾ ਹੈ,
ਘਾਟ ਵਾਧ ਅਸੀਂ ਕਰ ਨਹੀਂ ਸਕਦੇ,
ਨਾ ਕਿਧਰੇ ਕੋਈ ਚਾਰਾ ਹੈ।
ਜੰਗਲ ਬੇਲੀਂ ਜਾਂ ਸਾਗਰੀਂ,
ਚਲਦੀ ਇਕੋ ਧਾਰਾ ਹੈ,
ਇਹ ਤਾਂ ਧੰਨ ਭਾਗ ਨੇ ਸਾਡੇ,
ਜੋ ਦਿਸੇ ਸਭ ਹਮਾਰਾ ਹੈ।

ਆਓ ਸਾਰੇ ਰਲ਼ ਮਿਲ ਜਾਈਏ,
ਮੁੜ ਕੇ ਸਾਂਝਾ ਜੱਗ ਬਣਾਈਏ,
ਦੇਸ਼ ਕੌਮ ਤੇ ਮਜ਼ਹਬਾਂ ਦੀਆਂ,
ਭੁੱਲ ਕਦੀ ਨਾ ਵੰਡੀਆਂ ਪਾਈਏ।
ਸਾਰਾ ਜਗਤ ਹਮਾਰਾ ਹੈ,
ਚੰਦ ਸੁਰਜ ਸਿਤਾਰੇ ਸਾਂਝੇ,
ਸਾਰੇ ਜੀਵ ਹਮਾਰੇ ਸਾਂਝੇ,
ਇਹ ਇਨਸਾਨੀ ਨਾਅਰਾ ਹੈ। 

ਤੇਰਾ ਮੁੱਢ ਸੰਘਰਸ਼ ਵਿੱਚੋਂ ਹੈ

ਤੇਰਾ ਮੁੱਢ ਸੰਘਰਸ਼ ਵਿਚੋਂ ਹੈ,
ਪਰ ਹੁਣ ਕਿਉਂ ਤੂੰ ਘਬਰਾਵੇਂ।
ਲੜੀ ਜਾਹ ਤੂੰ ਉਹ ਦਿਲ ਮੇਰੇ,
ਮੰਜ਼ਲ ਨੂੰ ਪਾ ਜਾਵੇ।

ਜਿੰਨਾ ਪੰਧ ਚੁਗਿਰਦੇ ਦਿਸੇ,
ਓਨਾ ਅੰਦਰ ਤੇਰੇ।
ਪੰਧ ਅੰਦਰ ਦਾ ਜੇ ਮੁਕਾਵੇਂ,
ਚੁਗਿਰਦਾ ਆਵੇ ਨੇੜੇ।

ਬਾਹਰ ਵੈਰੀ, ਵੈਰੀ ਅੰਦਰ, 
ਤੱਕ ਵੈਰੀ ਕਿਹੜੇ ਕਿਹੜੇ।
ਅੰਦਰ ਬਾਹਰ ਤੂੰ ਡਟ ਜਾਵੀਂ,
ਨਾ ਵੈਰੀ ਆਵਣ ਨੇੜੇ। 













ਅੱਧੀ ਸਦੀ ਤੋਂ ਗਾਉਂਦਾ ਆਇਆ

ਅੱਧੀ ਸਦੀ ਤੋਂ ਗਾਉਂਦਾ ਆਇਆ,
ਮੇਰੇ ਗੀਤ ਨਾ ਹੋਵਣ ਪੂਰੇ,
ਪੂਰੇ ਦੀ ਕਿਵੇਂ ਗੱਲ ਕਰਾਂ ਮੈਂ,
ਮੈਨੂੰ ਲਭਣ ਸ਼ਬਦ ਅਧੂਰੇ।

ਤੁਪਕਾ ਗੀਤ ਸਾਗਰ ਦੇ ਗਾਵੇ,
ਕਿਵੇਂ ਕਿਣਕਾ ਥਲ ਆਬੂਰੇ?
ਬੁੱਝ ਨਾ ਸਕਦਾ ਕੋਈ ਭੀ ਉਸਨੂੰ,
ਜਿਸ ਜਲ ਥਲ ਸਾਰੇ ਪੂਰੇ।

ਤੇਰਾ ਸ਼ੁਕਰ ਗੁਜ਼ਾਰਾਂ ਸੱਜਨਾ,
ਜੋ ਕਦੀ ਨਾ ਹੋਇਆ ਦੂਰੇ।
ਜੋ ਲੰਘੇ ਸੋ ਚੰਗੇ ਲੰਘੇ,
ਬਾਕੀ ਭੀ ਲੰਘਣ ਹਜ਼ੂਰੇ।













ਇੱਕ ਅਨੋਖੀ ਜਿੰਦ ਤੂੰ ਦਿੱਤੀ

ਇੱਕ ਅਨੋਖੀ ਜਿੰਦ ਤੂੰ ਦਿੱਤੀ,
ਲਿਖੀ ਕਿਸਮਤ ਐਨ ਟਿਕਾ ਕੇ। 
ਭੋਰਾ ਭਰ ਚੈਨ ਨਾ ਮਿਲਿਆ,
ਸਾਰੀ ਬੀਤੀ ਭੱਜ ਭਜਾ ਕੇ।

ਨੰਗੀ ਭੁੱਖੀ ਤੇ ਪਿਆਸੀ,
ਰੱਖੀ ਸੁਪਨਿਆਂ ਨੇ ਭਰਮਾ ਕੇ।
ਪਰ ਕਦੀ ਭੀ ਹਾਰ ਨਾ ਮੰਨੀ,
ਯਾਰੀ ਤੇਰੇ ਸੰਗ ਲਗਾ ਕੇ।

ਜਿੱਧਰ ਗਏ ਅਸੀਂ ਪੈੜਾਂ ਪਾਈਆਂ,
ਤੇਰੇ ਚਰਨਾਂ ਦੀ ਛੋਹ ਪਾ ਕੇ।
ਹੇਰ ਫੇਰ, ਮੇਰ ਤੇਰ ਤੇ ਝੂਠ ਫਰੇਬ,
ਅਸੀਂ ਰੱਖੇ ਦੂਰ ਭਜਾ ਕੇ।

ਜਿਸ ਕਾਰਜ ਤੂੰ ਲਾਇਆ ਸਾਨੂੰ,
ਕੀਤਾ ਸਾਰਾ ਤਾਣ ਲਗਾਕੇ।
ਜੈ ਜੈ ਕਾਰ ਸਭ ਨੇ ਕੀਤੀ,
ਸਾਡਾ ਵੈਰ ਵਿਰੋਧ ਭੁਲਾ ਕੇ।

ਕਿਰਤ ਕੀਤੀ ਤੇ ਵੰਡ ਛਕਿਆ,
ਤੇਰੇ ਨਾਮ ਦੀ ਅਲਖ ਜਗਾ ਕੇ।
ਦੇਹ ਹਿੰਮਤ ਉਹ ਸਜਨਾ ਸਾਨੂੰ,
ਅਸੀਂ ਆਈਏ ਜੱਗ ਭੁਲਾ ਕੇ।




ਥਾਂ ਥਾਂ ਲੱਭਦਾ ਫਿਰੇ


ਥਾਂ ਥਾਂ ਲੱਭਦਾ ਫਿਰੇ ਬੰਦਾ, ਰੱਬ ਜੀ ਨੂੰ,
ਰੱਬ ਲੱਭਦਾ ਫਿਰੇ ਮੰਨ ਹਾਰ ਸਾਨੂੰ।
ਫਿਰੇ ਘੁੰਮਦਾ, ਖੈਹ ਖੈਹ ਨਾਲ਼ ਸਾਡੇ,
ਜਿਧਰ ਵੇਖੋਂ ਦੇਵੇ ਦੀਦਾਰ ਸਾਨੂੰ।

ਮਸਜਿਦ, ਮੰਦਰ, ਚਰਚ ਤੇ ਗੁਰਦੁਆਰੇ,
ਬੰਨ੍ਹਣ ਪੱਟੀਆਂ ਕਈ ਰੰਗਦਾਰ ਸਾਨੂੰ।
ਮੁੱਲਾਂ, ਪੰਡਤ, ਭਾਈ ਤੇ ਪਾਦਰੀ ਜੀ,
ਨਿੱਤ ਮਾਰਦੇ ਨੇ ਗੁੱਝੀ ਮਾਰ ਸਾਨੂੰ।

ਬੁਰਕਾ ਰੱਬ ਦੇ ਮੁੰਹ 'ਤੇ ਪਾ ਛੱਡਿਐ,
ਕਿਤੇ ਹੋਵੇ ਨਾ ਭੁੱਲ ਦੀਦਾਰ ਸਾਨੂੰ।
ਘੜ ਘੜ ਪੱਥਰਾਂ ਵਿੱਚ ਛਿਪਾ ਦਿੱਤਾ,
ਕਿਤੇ ਹੋਵੇ ਨਾ ਉਸਦੀ ਸਾਰ ਸਾਨੂੰ।

ਫਿਰਨ ਆਖਦੇ ਝੁੱਗੀਆਂ ਵਿੱਚ ਜਾ ਕੇ,
ਪਵੇ ਆਖ਼ਰ ਨੂੰ ਰੱਬ ਦੀ ਮਾਰ ਸਾਨੂੰ।
''ਪੁੱਤਰ ਬੰਦੇ ਦਾ ਨਹੀਂ ਉਹ ਰੱਬ ਦਾ ਸੀ''
ਕਿਤੇ ਦਿਸੇ ਨਾ ਉਹਦੀ ਨੁਹਾਰ ਸਾਨੂੰ।

ਝਗੜੇ ਮਜ਼ਹਬਾਂ ਦੇ ਛੱਡੋ ਸਦਾ ਦੇ ਲਈ,
ਕਰਦੇ ਫਿਰਦੇ ਨੇ ਨਿੱਤ ਖੁਆਰ ਸਾਨੂੰ।
ਪੁੱਤ ਬੰਦੇ ਦਿਓ ਬੰਦੇ ਬਣ ਜਾਵੋ,
ਵੱਢੇ ਟੁੱਕੇ ਨਾ ਕੋਈ ਕਟਾਰ ਸਾਨੂੰ।

ਸਾਰੇ ਦੇਸ਼ ਸਾਂਝੇ ਸਾਰੀ ਧਰਤ ਸਾਂਝੀ,
ਸਾਂਝੀਵਲਾਤਾ ਰਹੀ ਵੰਗਾਰ ਸਾਨੂੰ।
ਤੱਕੋ ਰੱਬ ਨੂੰ ਹਰ ਇੱਕ ਸ਼ੈ ਅੰਦਰ,
ਨਿੱਤ ਪਵੇ ਨਾ ਫਿਰ ਕੋਈ ਮਾਰ ਸਾਨੂੰ।

ਅਕਲੀਂ ਬੁੱਝੋ  ਜੇ ਮੂਲ ਨੂੰ ਬੁੱਝਣਾ ਹੈ,
ਰਹੀ, ਕੁਦਰਤ ਨਿੱਤ ਲਲਕਾਰ ਸਾਨੂੰ।
ਲੜਨ ਭਿੜਨ ਤੇ ਜੰਗਾਂ ਦੀ ਗੱਲ ਛੱਡੋ,
ਅਮਨ ਵਿੱਚ ਹੀ ਹੋਵੇ ਦੀਦਾਰ ਸਾਨੂੰ।





















ਪੀੜ ਵਿਛੋੜਾ

ਹਿੱਕ ਸਾਗਰ ਦੀ ਨਿੱਘੀ ਨਿੱਘੀ,
ਅਸੀਂ ਸੁੱਤੇ ਖ਼ੁਦੀ ਭੁਲਾ ਕੇ।
ਸਾਗਰ ਦੇ ਸੰਗ ਮਾਣੀਆਂ ਮੌਜਾਂ,.
ਕੋਈ ਦੁੱਖ ਨਾ ਲੱਗੇ ਆ ਕੇ।

ਦਿੱਤੇ ਥਾਪੜੇ ਖ਼ੁਦ ਸਾਗਰ ਨੇ,
ਸਾਨੂੰ ਛੱਲਾਂ ਸੰਗ ਟੱਪਾ ਕੇ।
ਗਹਿਰੀ ਨੀਂਦੇ ਰਹੇ ਅਸੀਂ ਸੁੱਤੇ,
ਸਾਨੂੰ ਰੱਖਿਆ ਆਪ ਬਚਾ ਕੇ।

ਸੁਰਜ ਦੀਆਂ ਕਿਰਨਾਂ ਆਈਆਂ,
ਸਾਨੂੰ ਆਖਣ ਆਪ ਜਗਾ ਕੇ।
ਕਿਉਂ ਸੁੱਤੇ ਹੋ ਦਿਨ ਦਿਹਾੜੇ,
ਤੁਸੀਂ ਸੋਹਣਾ ਜੱਗ ਭੁਲਾ ਕੇ।

ਤਪਸ਼ ਉਹਨਾਂ ਦੀ ਚੰਗੀ ਲੱਗੀ,
ਅਸੀਂ ਉੱਠੇ ਖ਼ੁਦੀ ਜਗਾ ਕੇ।
ਸਾਡੇ ਵਾਂਗੁੰ ਅਰਬਾਂ ਉੱਠੇ,
ਉੱਡੇ ਬਦਲਣ ਇੱਕ ਬਣਾ ਕੇ।

ਝਾਤ ਮਾਰ ਕੇ ਜੱਗ ਦੇਖਿਆ,
ਸਾਰੇ ਪਾਸੀਂ ਜਾ ਕੇ।
ਲੱਗਿਆ ਚੰਗਾ ਚੰਗਾ ਸਾਨੂੰ,
ਆਪਣੀ ਖ਼ੁਦੀ ਜਗਾ ਕੇ।

ਚਾਲ ਵੀ ਆਪਣੀ ਭੁੱਲੀ ਅਸਾਂ ਨੂੰ,
ਅਸੀਂ ਚੱਲੇ ਖੌਰੂ ਪਾ ਕੇ।
ਗੜ ਗੜ ਕੜ ਕੜ ਅਸਾਂ ਨੇ ਕੀਤੀ,
ਅਸੀਂ ਰੱਖਿਆ ਜੱਗ ਡਰਾ ਕੇ।


ਚਾਲ ਹਓਮੇਂ ਵਿੱਚ ਐਸੀ ਚੱਲੇ,
ਸ਼ੌਹ ਸਾਗਰ ਨੂੰ ਭੁਲਾ ਕੇ।
ਦੁੱਖ ਸਹੇੜੇ ਜਿੰਦ ਆਪਣੀ ਨੂੰ,
ਸੱਜਨ ਵੱਲ ਪਿੱਠ ਘੁਮਾ ਕੇ।

ਦੁੱਖਾਂ ਦੇ ਵਿੱਚ ਨਿੱਤ ਕੁਰਲਾਂਦੇ,
ਸਾਨੂੰ ਲੈ ਜਾ ਆਪ ਛੁਡਾ ਕੇ।
ਝਲ ਨਾ ਸਕੀਏ ਪੀੜ-ਵਿਛੋੜਾ,
ਅਸੀਂ ਰੁਲ਼ੇ ਹਾਂ ਜੱਗ ਵਿੱਚ ਆ ਕੇ।



No comments:

Post a Comment