''ਇਹ ਪੁਸਤਕ ਭਾਸ਼ਾ ਵਿਭਾਗ, ਪੰਜਾਬ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਹੋਈ ਹੈ।'
''ਸਾਹਿਬੁ ਮੇਰਾ ਨੀਤ ਨਵਾ'
ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ.
67, ਪੁਸ਼ਪ ਵਿਹਾਰ ਦੇ ਗੇਟ ਨਾਲ ਲੱਗਦੀ ਗਲੀ
ਪ੍ਰਕਾਸ਼ ਕਲੋਨੀ, ਬਾੜੇਵਾਲ ਆਵਾਣਾ
ਲੁਧਿਆਣਾ
ਸਦਾਰਾਮ ਪ੍ਰਕਾਸ਼ਨ, ਘੁਡਾਣੀ ਕਲਾਂ
''ਇਹ ਪੁਸਤਕ ਭਾਸ਼ਾ ਵਿਭਾਗ, ਪੰਜਾਬ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਹੋਈ ਹੈ।''
N ਸਭ ਹੱਕ ਰਾਖਵੇਂ ਹਨ।
ਸਾਹਿਬ ਮੇਰਾ ਨੀਤ ਨਵਾ (ਕਾਵਿ ਸੰਗ੍ਰਹਿ)
ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ
ਪ੍ਰੋਫੈਸਰ ਰਾਜ ਕੁਮਾਰ ਬਾਤੀਸ (ਬਾਬੂ ਰਾਮ ਬਾਤੀਸ)
ਘੁਡਾਣੀ ਕਲਾਂ
ਅੱਜ ਕੱਲ੍ਹ
(ਯੂ.ਕੇ.)
ਛਪਾਈ
ਕੀਮਤ
100/-
ਮਿਲਣ ਦਾ ਪਤਾ
ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ.,
67, ਪ੍ਰਕਾਸ਼ ਕਲੋਨੀ, ਬਾੜੇਵਾਲ ਆਵਾਣਾ
ਲੁਧਿਆਣਾ।
''ਸਾਹਿਬੁ ਮੇਰਾ ਨੀਤ ਨਵਾ''
ਮੈਂ ਆਪਣੇ ਵੱਲੋਂ ਆਪਣੀ ਪਹਿਲੀ ਤੇ ਅਖੀਰਲੀ ਕਿਤਾਬ ''ਪੀੜ ਵਿਛੋੜਾ'' ਅਪ੍ਰੈਲ 2002 ਵਿਚ ਆਪਣੀ ਮਾਤਾ ਜੀ ਦੀ 1943 ਵਿਚ ਪ੍ਰਗਟਾਈ ਇੱਛਾ ਨੂੰ ਪੂਰੀ ਕਰਨ ਲਈ ਭੱਜ ਨੱਠ ਦੀਆਂ ਨੌਕਰੀਆਂ ਕਰਦੇ ਹੋਏ ਨੇ ਬੱਸਾਂ ਵਿਚ, ਰੇਲਵੇ ਟਰੇਨਾਂ ਵਿਚ, ਜਾਂ ਰੇਲਵੇ ਸਟੇਸ਼ਨਾਂ 'ਤੇ ਬੈਠ ਕੇ ਕਾਵਿਮਈ ਅੰਦਾਜ਼ ਵਿਚ ਲਿਖੀਆਂ ਲਿਖਤਾਂ ਵਿਚੋਂ ਛਾਂਟ ਕੇ ਛਪਵਾ ਦਿੱਤੀ ਸੀ। ਸ਼ਾਇਦ ਉਹ ਵੀ ਨਾ ਛਪਦੀ ਜੇ ਕਿਧਰੇ ਡਾ. ਗੁਰਦੇਵ ਸਿੰਘ ਪੰਦੋਹਲ 79, ਜੀਵਨ ਪ੍ਰੀਤ ਨਗਰ, ਲੁਧਿਆਣਾ ਇਹ ਕਹਿ ਕੇ ਮੇਰੀ ਹੌਸਲਾ ਅਫਜ਼ਾਈ ਨਾ ਕਰਦੇ ਕਿ ''ਬੰਤਾ ਸਿੰਘ ਜੀ ਮੈਂ ਤੁਹਾਡਾ ''ਪੀੜ ਵਿਛੋੜਾ'' ਦਾ ਖਰੜਾ ਪੜ੍ਹਿਆ ਹੈ ਅਤੇ ਤਿੰਨ ਚਾਰ ਹੋਰ ਸੱਜਣਾਂ ਨੂੰ ਵੀ ਸੁਣਾਇਆ ਹੈ। ਸਭਨਾਂ ਨੂੰ ਤੁਹਾਡੀਆਂ ਕਵਿਤਾਵਾਂ ਬਹੁਤ ਅੱਛੀਆਂ ਲੱਗੀਆਂ ਹਨ- ਮੇਰੀ ਜਾਤੀ ਰਾਇ ਹੈ ਕਿ ਬਹੁਤ ਸਾਰੇ ਹੋਰ ਕਵੀਆਂ ਨਾਲੋਂ ਤੁਹਾਡੀ ਇਹ ਕਵਿਤਾ ਦੀ ਕਿਤਾਬ ਬਹੁਤ ਅੱਛੀ ਹੈ। ਤੁਸੀਂ ਬਿਨਾ ਝਿਜਕ ਇਸਨੂੰ ਛਪਵਾ ਦਿਓ।'' ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਇਸ ਕੰਮ ਵਿਚ ਮੇਰੀ ਮੱਦਦ ਕਰੋ। ਉਹਨਾਂ ਦੇ ਸਹਿਯੋਗ ਨਾਲ ਮੇਰੀ ਪਹਿਲੀ ਕਿਤਾਬ ''ਪੀੜ ਵਿਛੋੜਾ'' ਛਪ ਗਈ। ਮੈਂ ਕੁਝ ਕੁ ਹੋਰ ਵਿਦਵਾਨਾਂ ਦੀ ਰਾਇ ਜਾਨਣ ਲਈ ਪੀੜ ਵਿਛੋੜੇ ਦੀਆਂ ਦੋ-ਦੋ ਕਾਪੀਆਂ ਡੇਲੀ ਅਜੀਤ ਅਖਬਾਰ ਅਤੇ ਜਗਬਾਣੀ ਅਖਬਾਰ ਦੇ ਦਫਤਰ ਵਿਚ ਦੇ ਆਇਆ। ਸਰਵ ਸ੍ਰੀ ਹਰਮੀਤ ਸਿੰਘ ਜੀ ਅਟਵਾਲ, ਹਰਭਜਨ ਸਿੰਘ ਬਟਾਲਵੀ, ਨਿਰਮਲ ਜਲਵਾਸ ਜੀ ਨੇ ਮੇਰੀ ਕਵਿਤਾ ਦੀ ਤਾਰੀਫ ਕੀਤੀ ਕਿਸੇ ਨੇ ਇਸ ਨੂੰ ਗੁਰਬਾਣੀ ਦੀ ਝਲਕ ਦੱਸਿਆ ਕਿਸੇ ਨੇ ਕਬੀਰ ਸਾਹਿਬ ਨੂੰ ਯਾਦ ਕੀਤਾ ਅਤੇ ਕਿਸੇ ਨੂੰ ਮੀਰਾਂ ਯਾਦ ਆ ਗਈ। ਸ. ਗੁਰਮੇਲ ਸਿੰਘ ਜੀ ਮੁਡਾਹੜ ਸੰਗਰੂਰ ਵਾਲਿਆਂ ਨੂੰ ਤਾਂ ਜਿੰਦਗੀ ਬਿਲਾਸ, ਭਾਰਤ ਦੇ ਰਿਸ਼ੀ ਮੁਨੀ ਤੇ ਗੁਰੂ ਯਾਦ ਆ ਗਏ। ਉਹਨਾਂ ਨੇ ਆਸ ਪ੍ਰਗਟਾਈ ਕਿ ਬੰਤਾ ਸਿੰਘ ਹੋਰ ਵੀ ਚੰਗੇਰੀ ਕਵਿਤਾ ਲਿਖੇਗਾ। ਬੇਸ਼ੱਕ ਪ੍ਰਸ਼ੰਸਾ ਸਭਨਾਂ ਨੇ ਹੀ ਕੀਤੀ ਪਰ ਮੁਡਾਹੜ ਸਾਹਿਬ ਨੇ ਤਾਂ ਮੇਰੇ ਵਿਚ ਕੋਈ ਹੋਰ ਚੰਗੀ ਕਿਤਾਬ ਲਿਖਣ ਦੀ ਇੱਛਾ ਜਗਾ ਦਿੱਤੀ। ਜੇ ਮੈਂ ਸੱਚੀਂ ਮੁੱਚੀ ਹੀ ਕਦੀ ਇਸ ਬੁੱਢੇ ਵਾਰੇ 78 ਸਾਲ ਦੀ ਉਮਰੇ ਚੰਗਾ ਲਿਖਾਰੀ ਬਣ ਜਾਵਾਂ ਤਾਂ ਇਸਦਾ ਸਿਹਰਾ ਸਰਵ ਸ੍ਰੀ ਹਰਮੀਤ ਸਿੰਘ ਅਟਵਾਲ, ਹਰਭਜਨ ਸਿੰਘ ਜੀ ਬਟਾਲਵੀ, ਨਿਰਮਲ ਜਸਵਾਲ ਅਤੇ ਮਹਾਂਰਥੀ ਮੁਡਾਹੜ ਸਾਹਿਬ ਨੂੰ ਜਾਵੇਗਾ। ਜਿਨ੍ਹਾਂ ਨੇ ਬੁੱਢੀ ਉਮਰ ਵਿੱਚ ਉਠ ਰਹੇ ਕਾਵਿਮਈ ਪੰਜਾਬ ਦੇ ਲਿਖਾਰੀ ਨੂੰ ਇੰਨਾ ਜ਼ਿਆਦਾ ਉਤਸ਼ਾਹ ਦਿੱਤਾ। ਇਹਨਾਂ ਤੋਂ ਬਿਨਾ ਸ. ਜਾਗੀਰ ਸਿੰਘ ਜੀ ਗਰੇਵਾਲ ਚੰਡੀਗੜ੍ਹ ਵਾਲਿਆਂ ੇ ਅਤੇ ਮਿਸਿਜ਼ ਸ. ਪਰਦਮਣ ਸਿੰਘ ਜੀ ਬੋਪਾਰਾਏ ਨੇ ਦੋ ਦੋ ਹਜ਼ਾਰ ਰੁਪਏ ਇਨਾਮ ਦੇ ਕੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਡਾ. ਸਵਾਈ ਸਿੰਘ ਜੀ ਬੋਪਾਰਾਏ ਅਤੇ ਉਹਨਾਂ ਦੀ ਪ੍ਰਿੰਸੀਪਲ ਰਹਿ ਚੁੱਕੀ ਸਤਿਕਾਰਯੋਗ ਮਿਸਿਜ਼ ਨੇ ਬਹੁਤ ਤਾਰੀਫ ਕੀਤੀ। ਡਾ. ਜੀ.ਐਲ. ਗਰਗ ਰਿਟਾਇਰਡ ਮੈਥ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਖੀ ਅਤੇ ਉਹਨਾਂ ਦੇ ਮਿੱਤਰ ਸ. ਗਿੱਲ ਸਾਹਿਬ ਨੇ ਇਸ ਕਿਤਾਬ ਨੂੰ ਅਕਲ ਦਾ ਖਜ਼ਾਨਾ ਆਖਿਆ। ਅੰਮ੍ਰਿਤਸਰ ਦੇ ਟੈਕਸਟਾਈਜ਼ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਸ. ਅਵਤਾਰ ਸਿੰਘ ਗਿੱਲ ਅਤੇ ਕਾਨੂੰਨ ਵਿਭਾਗ ਦੇ ਰਹਿ ਚੁੱਕੇ ਮੁਖੀ ਪਰੋਫੈਸਰ ਕਸ਼ਮੀਰ ਸਿੰਘ ਜੀ ਨੇ ਵੀ ਬਹੁਤ ਪ੍ਰਸ਼ੰਸਾ ਕੀਤੀ। ਮੇਰਾ ਉਤਸ਼ਾਹ ਵਧ ਗਿਆ ਅਤੇ ਮੈਂ ਇੱਕ ਹੋਰ ਕਿਤਾਬ (ਕਾਵਿ ਸੰਗ੍ਰਹਿ) ਲਿਖਣ ਦਾ ਮਨ ਬਣਾ ਲਿਆ ਅਤੇ ਵਿਸ਼ੇ ਦੀ ਤਲਾਸ਼ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮੁਹੰਮਦ ਸਾਹਿਬ, ਮਹਾਂਵੀਰ ਜੀ, ਮਹਾਤਮਾ ਬੁੱਧ, ਜੌਰਾਸ਼ਟਰ ਸਾਹਿਬ ਅਤੇ ਕ੍ਰਿਸ਼ਨ ਮੁਰਾਰੀ ਜੇਹੀਆਂ ਉਚ ਹਸਤੀਆਂ ਦੇ ਮੇਰੇ ਜੇਹੇ ਉਪਾਸ਼ਕ ਦੇ ਵਿਚਾਰਾਂ ਤੇ ਵਿਸ਼ਵਾਸ਼ਾਂ 'ਤੇ ਪੁਰਾ ਢੁਕਦਾ ਹੋਵੇ। ਚੰਗੇ ਭਾਗਾਂ ਨੂੰ ਮੈਨੂੰ ਮਹਾਨ ਗੁਰੂ ਗਰੰਥ ਸਾਹਿਬ ਦੀ ਬਾਣੀ ''ਸਾਹਿਬ ਮੇਰਾ ਨੀਤ ਨਵਾ'' ਯਾਦ ਆ ਗਈ। ਇਹ ਸ਼ਬਦ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਗੁਰੂ ਗਰੰਥ ਸਾਹਿਬ ਦੇ 660 ਪੰਨੇ 'ਤੇ ਹੈ। ''ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।'' ਇਸ ਤੋਂ ਵੱਧ ਵਿਗਿਆਨਕ ਸੋਚ ਰੱਖਣ ਵਾਲਾ ਗੁਰੂ ਕਿਥੋਂ ਮਿਲ ਸਕਦਾ ਹੈ। ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਮੇਰੇ ਦਿਲ ਦੀ ਗੱਲ ਕਹਿ ਸੁਣਾਈ ਜੋ ਹੁਣ ਅਪ੍ਰੈਲ 2007 ਨੂੰ ਕਿਤਾਬੀ ਰੂਪ ਧਾਰਨ ਕਰ ਰਹੀ ਹੈ। ਬੱਸ ਫਿਰ ਤਾਂ ਮੈਂ ਰੁਝ ਗਿਆ ਇਸ ਵਿਸ਼ੇ ਅਧੀਨ ਆਪਣੀਆਂ ਕਾਵਿਮਈ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ ਨੂੰ ਇੱਕ ਲੜੀ ਵਿਚ ਪਰੋਣ— ਇਹ ਲੜੀ ''ਸਾਹਿਬੁ ਮੇਰਾ ਨੀਤ ਨਵਾ'' ਦੇ ਰੂਪ ਵਿਚ ਭਾਸ਼ਾ ਵਿਭਾਗ ਵਿਚ 2005 ਤੋਂ ਪਈ ਵਿਭਾਗ ਦੀ ਥਾਪਣਾ ਲੈਣ ਲਈ ਇੰਤਜ਼ਾਰ ਕਰਦੀ ਰਹੀ। ਆਖਰ ਭਾਸ਼ਾ ਵਿਭਾਗ ਨੇ ਆਪਣੇ ਪੱਤਰ ਨੰ: ਵਿਕਾਸ (ਪੰ.) 2005/456 ਮਿਤੀ 12.1.12007 ਨੂੰ ਪੁਸਤਕ ਪ੍ਰਕਾਸ਼ਤ ਕਰਵਾਉਣ ਲਈ ਮੈਨੂੰ ਮਾਲੀ ਸਹਾਇਤਾ ਦੇਣ ਵਾਸਤੇ ਵਿਭਾਗ ਨੇ 5000 ਰੁਪਏ ਪਰਵਾਨ ਕਰ ਦਿੱਤੇ ਅਤੇ ਕਿਤਾਬ ਦੀਆਂ ਘੱਟ ਤੋਂ ਘੱਟ 1000 ਕਾਪੀਆਂ 15.4.2007 ਤੱਕ ਛਪਵਾਉਣ ਦਾ ਹੁਕਮ ਕਰ ਦਿੱਤਾ। ਮੈਂ ਅਜੇ ਫਰਵਰੀ 2007 ਵਿਚ ਕੁਰਾਨ ਮਜ਼ੀਦ ਦੇ ਤੀਹਵੇਂ ਪਾਰੇ ਦਾ ਕਾਵਿਮਈ ਅਨੁਵਾਦ ਪੰਜਾਬੀ ਵਿਚ ਕਰਕੇ ਛਪਵਾ ਕੇ ਹਟਿਆ ਹੀ ਸੀ ਕਿ ਉਪਰੋਂ ਭਾਸ਼ਾ ਵਿਭਾਗ ਦਾ ਹੁਕਮਾਨਾ ਆ ਗਿਆ। ਕਈ ਵਾਰੀ ਇਸ ਤਰ੍ਹਾਂ ਦੇ ਥੋੜ੍ਹੇ ਸਮੇਂ ਦੇ ਹੁਕਮਨਾਮੇ ਔਖੇ ਲੱਗਣ ਲੱਗ ਜਾਂਦੇ ਹਨ ਪਰ ਬੇਸ਼ੱਕ ਮੈਂ ਆਰਥਿਕ ਤੌਰ 'ਤੇ ਤੰਗ ਜਿਹਾ ਸੀ। ਮੈਂ ਕਿਤਾਬ ਦੀ ਛਪਾਈ ਲਈ ਰੁਪਏ ਪੈਸੇ ਦਾ ਪ੍ਰਬੰਧ ਕਰਨ ਦੀ ਫਿਕਰ ਵਿਚ ਪੈ ਗਿਆ। ਮੈਨੂੰ ਇਹ ਗੱਲ ਭੁੱਲ ਗਈ ਕਿ ਮੇਰੀ ਸਾਰੀ ਜ਼ਿੰਦਗੀ ਸਰਵ-ਵਿਆਪੀ ਪਰਮ ਸੱਤਾ ਜਾਦੂ ਮਈ ਢੰਗਾਂ ਨਾਲੇ ਮੇਰੀ ਮੱਦਦ ਐਨ ਵੇਲੇ ਸਿਰ ਕਰਦੀ ਆਈ ਹੈ- ਹਰ ਭੀੜ ਸਮੇਂ ਹਰ ਲੋੜ ਸਮੇਂ ਮੇਰੀ ਬਹੁਤ ਹੀ ਅਨੋਖੇ ਢੰਗ ਨਾਲ ਮੱਦਦ ਹੁੰਦੀ ਆਈ ਹੈ।ਮੈਨੂੰ ਸਾਰੀਆਂ ਜਾਨ ਲੇਵਾ ਸਾਜਿਸ਼ਾਂ, ਦੁਰਘਟਨਾਵਾਂ, ਬਿਮਾਰੀਆਂ ਅਤੇ ਕੁਦਰਤੀ ਆਫਤਾਂ ਅਤੇ ਕੁਝ ਅਜਿਹੇ ਸਮਿਆਂ ਤੇ ਜੋ ਇਹਨਾਂ ਸਿਰਲੇਖਾਂ ਹੇਠ ਨਹੀਂ ਆਉਂਦੇ ਸਰਵ-ਵਿਆਪੀ ਸ਼ਕਤੀ ਸਦਾ ਹੀ ਮੇਰੀ ਪਿੱਠ ਪੂਰਦੀ ਰਹੀ ਹੈ ਅਤੇ ਮੇਰੇ ਸਿਰ 'ਤੇ ਹੱਥ ਰੱਖਦੀ ਰਹੀ ਹੈ। ਮੈਂ ਅਖੌਤੀ ਧਰਮਾਂ ਤੋਂ ਪਰੇ ਹੁੰਦਾ ਹੋਇਆ ਵੀ ਨਾਸਤਿਕਤਾ ਦੀ ਹੱਦ ਤੱਕ ਜਾਂਦਾ ਹੋਇਆ ਵੀ ਸਰਵ-ਵਿਆਪੀ ਰੱਬੀ ਖੇਤਰ ਵਿਚ ਪੂਰਨ ਵਿਸ਼ਵਾਸ਼ ਰੱਖਦਾ ਹਾਂ। ਵਿਸ਼ਵਾਸ਼ ਵੀ ਇੱਥੋਂ ਤੱਕ ਹੈ ਕਿ ਰੱਬੀ ਖੇਤਰ ਨੂੰ ਆਪਣੀ ਹੋਂਦ ਦਾ ਆਪ ਪਤਾ ਹੈ ਆਪਣੇ ਆਪ ਨੂੰ ਜਾਣਦਾ ਹੈ ਅਤੇ ਜੋ ਜਾਨਣਾ ਚਾਹੇ, ਜੋ ਆਪਣੀ ਬੁਧੀ ਨੂੰ ਤਤਪਰ ਰਖੇ- ਉਸਨੂੰ ਬਣਾਉਂਦਾ ਹੈ ਅਤੇ ਉਸਦੇ ਅੰਗ ਸੰਗ ਰਹਿੰਦਾ ਹੈ। ਬਲਕਿ ਮੈਂ ਆਪਣੇ ਆਪੇ ਨੂੰ ਸਰਵ-ਵਿਆਪੀ ਆਪੇ ਦੀ ਅੰਸ਼ ਸਮਝਦਾ ਹਾਂ। ਸੋ ਹਰ ਔਖੇ ਸਮੇਂ ਦਿੱਤੀ ਸਹਾਇਤਾ ਵਾਂਗ ਹੀ ਰੱਬ ਆ ਬਹੁੜਿਆ। ਅਚਾਨਕ ਹੀ ਫਰਵਰੀ ਦੇ ਅਖੀਰਲੇ ਹਫਤੇ ਮੇਰੇ ਬਚਪਨ ਦੇ ਮਿੱਤਰ ਮੈਨੂੰ ਲੱਭ ਲਭਾਉਂਦੇ 56 ਜਾਂ 57 ਸਾਲ ਪਿੱਛੋਂ ਪਰਦਮਣ ਸਿੰਘ ਜੀ ਬੋਪਾਰਾਏ ਘੁਡਾਣੀ ਖੁਰਦ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਏ ਇੱਕ ਗਲਵੱਕੜੀ ਪਾਈ ਅਤੇ ਮੈਨੂੰ ਕਾਰ ਵਿਚ ਬਿਠਾ ਕੇ ਪੰਜਾਬੀ ਯੂਨੀਵਰਸਿਟੀ ਵਿਚ ਡੀਨ ਯੂਥ ਵੈਲਫੇਅਰ ਡਿਪਾਰਟਮੈਂਟ ਵਿਚ ਡਾ, ਮਾਨ ਸਾਹਿਬ ਨੂੰ ਮਿਲਣ ਚਲੇ ਗਏ। ਡਾਕਟਰ ਮਾਨ ਸਾਹਿਬ ਕਮਾਲ ਦੇ ਵਿਅਕਤੀ ਦੇਖੇ ਉਹਨਾਂ ਨੇ ਗਰੀਬ ਵਿਦਿਆਰਥੀ ਦੀ ਇੰਜਨੀਰਿੰਗ ਪੜ੍ਹਾਈ ਵਾਸਤੇ ਪੂਰੇ 6 ਸਾਲ ਦਾ ਖਰਚ ਦੋ ਢਾਈ ਲੱਖ ਰੁਪਏ ਦੇਣ ਲਈ ਬਾਬੂ ਰਾਮ ਜੀ ਨੂੰ ਪ੍ਰਭਾਵਿਤ ਕਰ ਦਿੱਤਾ ਜੋ ਅੱਜ ਕੱਲ੍ਹ ਯੂ.ਕੇ. ਵਿਚ ਪ੍ਰੋਫੈਸਰ ਰਾਜ ਕੁਮਾਰ ਬਾਤਿਸ ਦੇ ਨਾਉਂ 'ਤੇ ਜਾਣੇ ਜਾਂਦੇ ਹਨ। ਪ੍ਰੋਫੈਸਰ ਬਾਤਿਸ ਸਾਹਿਬ ਨੇ ਝਟ ਹੀ 34000 ਰੁਪਏ ਦਾ ਚੱਕ ਕੱਟ ਕੇ ਬਤੌਰ ਇੱਕ ਸਾਲ ਦੀ ਫੀਸ ਦਾ ਚੈੱਕ ਮਾਨ ਸਾਹਿਬ ਦੇ ਹੱਥ ਫੜਾ ਦਿੱਤਾ- ਉਸਤੋਂ ਇੱਕ ਦਿਨ ਪਹਿਲਾਂ ਉਹ ਸਾਡੇ ਪਿੰਡ ਦੇ ਸਕੂਲ ਨੂੰ 25000 ਰੁਪਏ ਅਤੇ ਸਾਡੇ ਛੋਟੇ ਪਿੰਡ ਘੁਡਾਣੀ ਖੁਰਦ ਨੂੰ ਜਿੰਮ ਅਤੇ ਲਾਇਬਰੇਰੀ ਵਾਸਤੇ 50000 ਰੁਪਏ ਦੇ ਕੇ ਆਏ ਸਨ। ਜਿਸ ਕੰਮ ਲਈ ਸ. ਪਰਦਮਣ ਸਿੰਘ ਜੀ ਬੋਪਾਰਾਏ ਆਪਣੀ ਥਾਂ ਅਤੇ ਉਸਦੀ ਲੋੜੀਂਦੀ ਮੁਰੰਮਤ ਕਰਨ ਲਈ ਦਸ ਹਜ਼ਾਰ ਰੁਪਏ ਦੇ ਚੁੱਕੇ ਸਨ— ਅਤੇ ਲੋੜ ਪੈਣ 'ਤੇ ਹੋਰ ਪੈਸੇ ਦੇਣ ਦਾ ਵੀ ਵਾਅਦਾ ਕੀਤਾ ਸੀ।
ਸਮਾਂ ਛੇਤੀ ਛੇਤੀ ਬੀਤ ਗਿਆ। ਬਾਬੂ ਰਾਮ ਜੀ ਮੇਰੇ ਘਰ ਚਾਹ ਦਾ ਕੱਪ ਪੀ ਕੇ ਸ. ਪਰਦਮਣ ਸਿੰਘ ਜੀ ਨਾਲ ਚੰਡੀਗੜ੍ਹ ਨੂੰ ਚਲੇ ਗਏ। ਮੈਂ ਉਹਨਾਂ ਨੂੰ ਜਾਣ ਲੱਗਿਆਂ ਨੂੰ ਆਪਣੀ ਕਿਤਾਬ ''ਪੀੜ ਵਿਛੋੜਾ'' ਦੀ ਅਤੇ ਆਪਣੇ ਕੁਰਾਨ ਮਜ਼ੀਦ ਦੇ ਕਾਵਿਮਈ ਪੰਜਾਬੀ ਅਨੁਵਾਦ ਦੇ ਤੀਹਵੇਂ ਪਾਰੇ ਦੀ ਇੱਕ ਇੱਕ ਕਾਪੀ ਸੁਗਾਤ ਵਜੋਂ ਦਿੱਤੀ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇੱਕ ਸ਼ਾਮ ਨੂੰ ਸ. ਪਰਦਮਣ ਸਿੰਘ ਜੀ ਦਾ ਫੋਨ ਆਇਆ— ਕਹਿਣ ਲੱਗੇ ਬੰਤਾ ਸਿੰਘ ਜੀ ਮੇਰੀ ਮਿਸਿਜ਼ ਨਾਲ ਗੱਲ ਕਰੋ। ਮੈਂ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਹੁਕਮ ਪੁੱਛਿਆ। ਉਹਨਾਂ ਦਾ ਉੱਤਰ ਸੀ ''ਭਰਾ ਜੀ ਤੁਸੀਂ ਆਪਣੇ ਪੀੜ ਵਿਛੋੜੇ ਵਿਚ ਬਾਬਾ ਨਾਨਕ ਨੂੰ ਪੌੜੀ ਲਾ ਦਿੱਤੀ ਹੈ। ਮੈਨੂੰ ਉਸ ਕਿਤਾਬ ਦੀਆਂ ਪੰਜ ਸੱਤ ਕਾਪੀਆਂ ਹੋਰ ਚਾਹੀਦੀਆਂ ਹਨ। ਮੈਂ ਆਪਣੀਆਂ ਸਹੇਲੀਆਂ ਨੂੰ ਦੇਣੀਆਂ ਹਨ।'' ਮੈਨੂੰ ਖੁਸ਼ੀ ਹੋਈ। ਮੈਂ ਦੂਜੇ ਹੀ ਦਿਨ ਸਵੇਰੇ 7 ਵਜੇ ਕਿਤਾਬਾਂ ਲੈ ਕੇ ਚੰਡੀਗੜ੍ਹ ਉਹਨਾਂ ਦੀ ਕੋਠੀ ਵਿਚ ਪੁੱਜ ਗਿਆ, ਕਿਉਂਕਿ ਸ. ਪਰਦਮਣ ਸਿੰਘ ਨੇ ਉਸ ਦਿਨ ਸਵੇਰੇ ਹੀ ਸੁਨਾਮ ਜਾਣਾ ਸੀ। ਭੈਣ ਜੀ ਨੇ ਮੈਨੂੰ ਚਾਹ ਪਾਣੀ ਦੇਣ ਪਿੱਛੋਂ ਇੱਕ ਬੰਦ ਲਫਾਫਾ ਮੇਰੀ ਜੇਬ ਵਿਚ ਮਲੋ ਜੋਰੀ ਪਾ ਦਿੱਤਾ। ਜਿਸ ਨੂੰ ਪਟਿਆਲੇ ਘਰ ਆ ਕੇ ਖੋਲ੍ਹਿਆ ਤਾਂ ਦੇਖਦਾ ਕੀ ਹਾਂ— ਉਸ ਵਿਚ 2000 ਰੁਪਏ ਹਨ, ਪੈਸੇ ਕਰਕੇ ਨਹੀਂ ਮੇਰੀ 'ਪੀੜ ਵਿਛੋੜੇ' ਦੀ ਅਜਿਹੀ ਕਦਰ ਪੈ ਜਾਣ ਨਾਲ ਮੈਨੂੰ ਬਹੁਤ ਖੁਸ਼ੀ ਹੋਈ। ਚੰਡੀਗੜ੍ਹ 37 ਡੀ. ਵਿਚ ਰਹਿੰਦੇ ਸ. ਜਗੀਰ ਸਿੰਘ ਜੀ ਗਰੇਵਾਲ ਨੇ 'ਪੀੜ ਵਿਛੋੜੇ' ਨੂੰ ਪੜ੍ਹ ਕੇ ਐਨ ਇਸੇ ਤਰ੍ਹਾਂ ਮੇਰੀ ਜੇਬ ਵਿਚ 2000 ਰੁਪਏ ਪਾਏ ਸਨ। ਮੈਂ ਮਿਸਿਜ਼ ਪਰਦਮਣ ਸਿੰਘ ਜੀ ਨੂੰ ਮਿਲਣ ਪਿੱਛੋਂ ਆਪਣੇ ਬਚਪਨ ਦੇ ਬੇਲੀ ਮਿਸਟਰ ਏ.ਸੀ. ਸ਼ਰਮਾਂ ਨੂੰ ਮਿਲਣ ਗਿਆ ਤਾਂ ਇੱਕ ਵਧੀਆ ਨਵਾਂ ਸੂਟ ਉਹਨਾਂ ਨੇ ਮੈਨੂੰ ਦਿੱਤਾ। ਜਿਸ ਅਦਨਾ ਜਿਹੇ ਬੰਦੇ ਦਾ ਰੱਬ ਰਾਖਾ ਹੋਵੇ ਅਤੇ ਸਾਰੀ ਜਿੰਦਗੀ ਮਿੱਤਰਾਂ ਦੇ ਸਿਰ 'ਤੇ ਉੱਡਦਾ ਫਿਰਦਾ ਰਿਹਾ ਹੋਵੇ- ਉਸਨੂੰ ਚਿੰਤਾ ਕੈਸੀ। ਬੇਸ਼ੱਕ ਬਹੁਤ ਸਾਰੇ ਮੱਦਦਗਾਰ ਮਿੱਤਰ ਸਰਵ ਸ੍ਰੀ ਭਗਵਾਨ ਸਿੰਘ, ਜਗੀਰ ਸਿੰਘ, ਟਹਿਲ ਸਿੰਘ (ਘੁਡਾਣੀ ਨਿਵਾਸੀ) ਅਤੇ ਨੰਦ ਸਿੰਘ ਮਾਣਕੀ, ਕਾਮਰੇਡ ਦੇਵਇੰਦਰ ਸਿੰਘ ਮਾਨਖੇੜਾ ਚਾਚਾ ਜੀ ਕਰਤਾਰ ਸਿੰਘ ਬਾੜੇਵਾਲ, ਸ. ਗੁਰਨਾਮ ਸਿੰਘ ਤੁੰਗ ਟਲੇਵਾਲ, ਸ. ਗੁਰਦੇਵ ਸਿੰਘ ਜੀ ਧੂਰੀ, ਸ. ਹਰੀ ਸਿੰਘ ਭੁਰਥਲਾ, ਸ. ਜੰਗ ਸਿੰਘ ਜੀ ਸਲਾਣਾ- ਸ. ਭਗਵਾਨ ਸਿੰਘ ਕੂਹਲੀ- ਅਜਿਹੇ ਬਹੁਤ ਹੀ ਚੰਗੇ ਮੱਦਦਗਾਰ ਮਿੱਤਰ ਜਾ ਚੁੱਕੇ ਹਨ। ਪਰ ਸਰਵ-ਵਿਆਪੀ ਪਰਮ ਸੱਤਾ ਨੇ ਕਦੀ ਮੈਨੂੰ ਇਕੱਲਾ ਬੇਵਸ ਨਹੀਂ ਛੱਡਿਆ। ਜਿਹਾ ਕਿ ਮੈਂ ਪਹਿਲਾਂ ਲਿਖਿਆ ਹੈ ਬਾਬੂ ਰਾਮ ਜੀ ਫੇਰੀ ਪਾ ਕੇ ਜਾ ਚੁੱਕੇ ਸਨ। ਫਰਵਰੀ ਮਹੀਨੇ ਦੇ ਅਖੀਰ ਵਿਚ ਜਾਂ ਮਾਰਚ ਦੇ ਪਹਿਲੇ ਹਫਤੇ ਰਾਤ ਦੇ 10 ਵਜੇ ਇੱਕ ਮਿਸਿੰਗ ਕਾਲ ਆਈ। ਮੈਂ ਮੁਡਵਾਂ ਟੈਲੀਫੋਨ ਕਰ ਦਿੱਤਾ- ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਅੱਗੋਂ ਤੋਂ ਬਾਬੂ ਰਾਮ ਜੀ (ਪ੍ਰੋਫੈਸਰ ਰਾਜ ਕੁਮਾ ਬਾਤਿਸ) ਬੋਲੇ, ''ਬੰਤ ਤੇਰਾ 'ਪੀੜ ਵਿਛੋੜਾ' ਮੈਂ ਤਿੰਨ ਵਾਰੀ ਪੜ੍ਹਿਆ ਹੈ। ਤੂੰ ਕਿੱਥੋਂ ਸਾਡੇ ਘਰ ਵਿਚ ਰਿਸ਼ੀ ਜੰਮ ਪਿਆ। ਹੁਣ ਮੈਂ ਤੈਨੂੰ ਅਗਲੇ ਸਾਲ ਫਰਵਰੀ ਵਿਚ ਮਿਲਣ ਆਵਾਂਗਾ।'' ਮੈਂ ਆਖਿਆ ਤੁਸੀਂ ਤਾਂ ਮੈਨੂੰ ਮਿਲਕੇ ਹੀ ਨਹੀਂ ਗਏ ਦੇਖ ਕੇ ਗਏ ਹੋ। ਫਰਵਰੀ 2008 ਤਾਂ ਅਜੇ ਬਹੁਤ ਦੂਰ ਹੈ। ਪਤਾ ਨਹੀਂ ਆਵੇ ਨਾ ਆਵੇ। ਮੇਰੀ ਇਹ ਗੱਲ ਸੁਣ ਕੇ ਉਹ ਟੈਕਸੀ ਕਿਰਾਏ 'ਤੇ ਕਰਕੇ ਦੂਜੇ ਹੀ ਦਿਨ ਦਿੱਲੀ ਤੋਂ ਮੇਰੇ ਕੋਲ ਪਟਿਆਲੇ ਪੁੱਜ ਗਏ। ਏਨੇ ਲੰਮੇ ਸਮੇਂ ਬਾਅਦ ਮਿਲਣ ਤੋਂ ਪੁੱਛੋਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੈਂ ਆਪਣੇ ਉਸੇ ਬਾਬੂ ਰਾਮ ਜੀ ਨਾਲ ਗੱਲਾਂ ਕਰ ਰਿਹਾ ਹਾਂ। ਮੈਂ ਆਪਣੀਆਂ ਬੇਥਬੀਆਂ ਮਾਰੀ ਗਿਆ। ਉਹਨਾਂ ਦੀ ਇੱਕ ਵੀ ਨਾ ਸੁਣੀ। ਜਿਵੇਂ ਕੋਈ ਚਾਅ ਮਚਿਆ ਛੋਟਾ ਵੀਰ ਆਪਣੇ ਵੱਡੇ ਵੀਰ ਨੂੰ ਆਪਣਾ ਸਭ ਕੁਝ ਸੁਣਾਈ ਜਾਂਦਾ ਹੈ। ਆਖਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਤੂੰ ਕੋਈ ਹੋਰ ਕਿਤਾਬ ਵੀ ਲਿਖੀ ਹੈ। ਮੈਂ ਦੱਸਿਆ ਕਿ ਡੇਢ ਸਾਲ ਪਹਿਲਾਂ ਇੱਕ ਕਿਤਾਬ ''ਸਾਹਿਬੁ ਮੇਰਾ ਨੀਤ ਨਵਾ' ਭਾਸ਼ਾ ਵਿਭਾਗ ਪੰਜਾਬ ਨੂੰ ਭੇਜੀ ਸੀ। ਭਾਸ਼ਾ ਵਿਭਾਗ ਦੀ ਚਿੱਠੀ ਆ ਗਈ ਹੈ, ਉਹਨਾਂ ਨੇ ਇਸ ਨੂੰ ਪ੍ਰਕਾਸ਼ਿਤ ਕਰਨ ਲਈ 5000 ਰੁਪਏ ਦੀ ਮਾਲੀ ਮੱਦਦ ਦੇਣ ਦਾ ਫੈਸਲਾ ਕੀਤਾ ਹੈ ਅਤੇ 15.4.2007 ਤੱਕ ਇਸ ਕਿਤਾਬ ਦੀਆਂ 1000 ਕਾਪੀਆਂ ਪ੍ਰਕਾਸ਼ਿਤ ਕਰਨ ਦਾ ਹੁਕਮ ਕੀਤਾ ਹੈ।'' ਬਾਹੂ ਰਾਮ ਜੀ ਝੱਟ ਹੀ ਬੋਲ ਪਏ ਕਿ ਇਸ ਕਿਤਾਬ ਦਾ ਪ੍ਰਕਾਸ਼ਕ ਮੈਂ ਬਣਾਂਗਾ। ਬੱਸ ਮੈਨੂੰ ਮੇਰੇ 'ਪੀੜ ਵਿਛੋੜਾ' ਵਿਚ ਲਿਖੀ ਇਹ ਗੱਲ ਸਿਧ ਹੋ ਗਈ:
ਪਤਾ ਨਹੀਂ ਕਿਧਰੋਂ ਰੱਬ ਜੀ ਆਏ
ਕਰ ਗਏ ਬੇੜਾ ਪਾਰ।
ਮੇਰੇ ਘਰ ਚੱਲਕੇ ਆਪ ਰੱਬ ਆ ਗਿਆ। ਦੁਨੀਆਂ ਦੇ ਸਾਰੇ ਧਰਮਾਂ ਦੇ ਲੋਕ ਪੂਜਾ ਪਾਠ ਕਰਦੇ ਹਨ। ਨਮਾਜ਼ ਪੜ੍ਹਦੇ ਹਨ, ਡੰਡੌਤਾਂ ਕਰਦੇ ਹਨ ਪਰ ਰੱਬ ਨਹੀਂ ਮਿਲਦਾ। ਰੱਬ ਤਾਂ ਮਿਲੇ ਜੇ ਵੇਖਣ ਵਾਲੀ ਅੱਖ ਹੋਵੇ- ਮੈਨੂੰ ਕੀ ਕੋਈ ਮੱਝ ਹੈ, ਬਲਦ ਹੈ, ਨਿਊਲਾ ਹੈ, ਬੰਦਾ ਹੈ ਹਰ ਭੇਸ ਵਿਚ ਰੱਬ ਮਿਲਿਆ ਹੈ ਅਤੇ ਹਰ ਰੋਜ਼ ਮਿਲਦਾ ਰਹਿੰਦਾ ਹੈ। ਡਾ. ਰਾਜ ਕੁਮਾਰ ਬਾਤਿਸ ਬਹੁਤ ਸਾਰਿਆਂ ਲਈ ਰੱਬ ਦੇ ਰੂਪ ਵਿਚ ਹੀ ਆਏ ਹਨ- ਜਿਹਾ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਸਾਡੇ ਪਿੰਡ ਦੇ ਜਿਸ ਸਕੂਲ ਵਿਚ ਉਹ ਅੱਠ ਜਮਾਤਾਂ ਪੜ੍ਹੇ ਸਨ 25000 ਰੁਪਏ, ਇੱਕ ਯਤੀਮ ਬੱਚੀ ਲਈ 25000 ਰੁਪਏ, ਸਾਡੇ ਛੋਟੇ ਪਿੰਡ ਛੋਟੀ ਘੁਡਾਣੀ ਦੀ ਨੌਜਵਾਨਾਂ ਲਈ ਜਿੰਮ ਅਤੇ ਲਾਇਬਰੇਰੀ ਵਾਸਤੇ 50000 ਪਟਿਆਲੇ ਇੱਕ ਗਰੀਬ ਬੱਚੀ ਦੀ ਪੜ੍ਹਾਈ ਵਾਸਤੇ 10000 ਰੁਪਏ, ਇੱਕ ਗਰੀਬ ਬੱਚੇ ਦੀ ਇੰਜਨੀਰਿੰਗ ਦੀ ਪੜ੍ਹਾਈ ਵਾਸਤੇ ਦੋ ਢਾਈ ਲੱਖ ਰੁਪਏ ਦੇ ਗਏ। ਇਸੇ ਤਰ੍ਹਾਂ ਦਿੱਲੀ, ਗਵਾਲੀਅਰ ਵਗੈਰਾ ਥਾਵਾਂ 'ਤੇ ਵੀ ਲੱਖਾਂ ਰੁਪਏ ਦੇ ਕੇ ਗਏ ਅਤੇ ਕਿਤੇ ਵੀ ਉਹਨਾਂ ਨੇ ਨਾਮ ਖੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਵੇਖਣ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੋਵੇਗਾ ਕਿ ਉਪਰੋਕਤ ਵਰਨਣ ਦਾ ਮੇਰੀ ਕਿਤਾਬ ('ਸਾਹਿਬੁ ਮੇਰਾ ਨੀਤ ਨਵਾ') ਨਾਲ ਕੀ ਸਬੰਧ ਹੈ। ਪਰ ਅਸਲ ਵਿਚ ਮੇਰੀ ਕਿਤਾਬ ''ਸਾਹਿਬੁ ਮੇਰਾ ਨੀਤ ਨਵਾ'' ਇਸ ਕਾਸੇ ਲਈ ਹੀ ਵੰਗਾਰਦੀ ਹੈ, ਪਰਚਾਰਦੀ ਹੈ ਅਤੇ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੁਹੰਮਦ ਸਾਹਿਬ, ਈਸਾ ਜੀ, ਮਹਾਤਮਾ ਬੁੱਧ, ਮਹਾਂਵੀਰ ਸਾਹਿਬ ਅਤੇ ਪਿਤਾਮਾ ਜੋਰਾਸ਼ਟਰ ਸਾਹਿਬ ਦਾ ਸਹਾਰਾ ਲੈਂਦੇ ਮੈਂ ਇਨਸਾਨੀ ਦਰਦ ਉਪਜਾਉਣ ਲਈ ਅੰਧ-ਵਿਸ਼ਵਾਸ਼ ਹਟਾਉਣ ਲਈ ਅਖੌਤੀ ਧਰਮ ਦਾ ਵਿਰੋਧ ਕਰਨ ਲਈ, ਸਵਰਗ, ਨਰਕ ਅਤੇ ਰੱਬ ਬਾਰੇ ਪ੍ਰਚਲਿਤ ਖਿਆਲਾਂ ਦਾ ਖੰਡਨ ਕਰਨ ਲਈ ਡੇਰਾਵਾਦ, ਊਚ-ਨੀਚ, ਜਾਤ-ਪਾਤ, ਸੜੇ ਬੁਸੇ ਨਿਜ਼ਾਮ, ਆਰਥਿਕ ਨਾ-ਬਰਾਬਰੀ, ਅਨਪੜ੍ਹਤਾ, ਮਹਜ਼ਬੀ ਜਨੂੰਨ ਦੇ ਖਿਲਾਫ ਆਵਾਜ਼ ਉਠਾਉਣ ਲਈ ਇਹ ਕਿਤਾਬ ਲਿਖੀ ਅਤੇ ਸਾਰੇ ਰੂਹਾਨੀ, ਸਮਾਜੀ ਅਤੇ ਸਿਆਸੀ ਰੋਗਾਂ ਦਾ ਇੱਕੋ ਇੱਕ ਦਾਰੂ ਮੇਰੇ ਕੋਲ ਹੈ। ਕੋਈ ਮਾਈ ਦਾ ਲਾਲ ਇਨਸਾਨੀਅਤ ਦਾ ਦਰਦ ਰੱਖਣ ਵਾਲਾ ਉੱਠੇ। ਜਿਸ ਨੂੰ ਦੌਲਤ, ਸ਼ੁਹਰਤ ਅਤੇ ਪਦਵੀ ਦੀ ਭੁਖ ਨਾ ਹੋਵੇ ਪਰ ਜੇ ਇਹ ਸਭ ਕੁਝ ਉਸਦੇ ਕੋਲ ਹੋਵੇ ਤਾਂ ਬਹੁਤ ਹੀ ਚੰਗਾ ਹੋਵੇਗਾ। ਅਜਿਹੇ ਸੱਜਣ ਜੋ ਸਾਰੇ ਸਮਾਜ ਨੂੰ, ਸਾਰੀ ਦੁਨੀਆਂ ਨੂੰ, ਸਾਰੇ ਬ੍ਰਹਿਮੰਡ ਨੂੰ ਇੱਕ ਪਿੰਜਰ ਸਮਝਦੇ ਹੋਣ। ''ਸਾਹਿਬ ਮੇਰਾ ਨੀਤ ਨਵਾ'' ਅਜਿਹੇ ਸੂਰਬੀਰਾਂ ਲਈ ਹੈ। ਪੰਜਾਬ ਵਿਚ ਅਗਲੇ 25 ਸਾਲਾਂ ਵਿਚ ਸਵਰਗ ਆ ਜਾਵੇਗਾ। ਪੈਂਡਾ ਬਹੁਤ ਔਖਾ ਹੈ ਕੰਡਿਆਂ ਭਰਿਆ ਹੈ। ਹਓਮੈਂ ਦੀਆਂ ਅਤੇ ਹੋਰ ਬਹੁਤ ਸਾਰੀਆਂ ਰੁਕਾਵਟਾਂ ਹਨ ਪਰ ਸਭ ਦੂਰ ਜੋ ਜਾਣ ਵਾਲੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ ਲੜਨ ਲਈ ਖਾਲਸੇ ਦੀ ਸਾਜਨਾ ਕਰਨ ਵੇਲੇ ਸਿਰਫ ਪੰਜ ਸਿਰ ਮੰਗੇ ਸੀ। ਅੱਜ ਕਰੋੜਾਂ ਸਿਰ ਹੋ ਗਏ ਹਨ। ਉਹ ਲੜਾਈ ਬਹੁਤ ਔਖੀ ਸੀ। ਸੀਸ ਤਲੀ 'ਤੇ ਧਰ ਕੇ ਆਉਣਾ ਪੈਂਦਾ ਸੀ। ਪਰ ਇਹ ਬੁਲੇ ਸ਼ਾਹ ਦੀ ਲੜਾਈ ਹੈ, ਤਲਵਾਰ ਦੀ ਬੰਦੂਕ ਦੀ ਬਰਛੇ ਤੇ ਨੇਜ਼ੇ ਦੀ ਨਹੀਂ, ਮਨੁੱਖੀ ਬੰਬ ਬਣਨ ਦੀ ਨਹੀਂ, ਨਿਰੇ ਹੀ ਪਿਆਰ ਅਤੇ ਹਓਮੇਂ ਦੇ ਤਿਆਗ ਦੀ ਲੜਾਈ ਹੈ। ਏਧਰੋਂ ਪੁੱਟ ਕੇ ਓਧਰ ਲਾਉਣ ਵਾਲੀ ਲੜਾਈ ਨੂੰ ਵੱਡੇ ਛੋਟੇ, ਕਮਜ਼ੋਰ ਤਾਕਤਵਰ ਇੱਕੋ ਜਿੰਨੀ ਲੜ ਸਕਦੇ ਹਨ। ਪੰਜਾਬ ਦੇ ਨਾਮੀ ਲੀਡਰ ਆਪਣੇ ਸਾਰੇ ਸਿਆਸੀ ਭੇਦ ਭਾਵ ਮਿਟਾ ਕੇ ਓਨੀ ਕੁ ਹਓਮੈਂ ਰੱਖ ਕੇ ਜੋ ਦਾਰੂ ਬਣ ਜਾਏ ਲੋਕ ਸੇਵਾ ਦੀ ਭਾਵਨਾ ਨਾਲ ਸੋਹਣਾ ਸਮਾਜੀ ਪਰਿਵਰਤਨ ਲਿਆਉਣ ਵਾਸਤੇ ਜਿਸ ਨਾਲ ਸੋਹਣਾ ਸਿਆਸੀ ਅਤੇ ਆਰਥਿਕ ਪਰਿਵਰਤਨ ਆਪਣੇ ਆਪ ਆ ਜਾਵੇਗਾ ਅੱਗੇ ਆਉਣ। ਜੇ ਸਾਰੇ ਹੀ ਸਿਰਕੱਢ ਸਾਰੇ ਹੀ ਇੱਕ ਮੰਚ 'ਤੇ ਇਕੱਠੇ ਹੋ ਕੇ ਬੈਠਣ, ਸੋਚਣ ਤੇ ਕਰਨ ਅਤੇ ਕੋਈ ਨਵਾਬੀ ਲੈਣ ਦੀ ਚਾਹ ਨਾ ਰੱਖੇ। ਗੁਰੂ ਖਾਲਸਾ ਨੇ ਸ. ਕਪੂਰ ਸਿੰਘ ਨੂੰ ਘੋੜਿਆਂ ਦੀ ਲਿੱਟ ਚੁਕਦੇ ਨੂੰ ਨਵਾਬੀ ਦੇ ਦਿੱਤੀ ਸੀ, ਤੁਸੀਂ ਤਾਂ ਪੰਜਾਬ ਦੇ ਸਮਾਜ ਦਾ ਕੋਹੜ ਦੂਰ ਕਰਨਾ ਹੈ- ਤੁਹਾਨੂੰ ਤਾਂ ਸਾਰਿਆਂ ਨੂੰ ਨਵਾਬੀ ਅਵੱਸ਼ ਮਿਲ ਜਾਏਗੀ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਲੋਕ ਰੱਬ ਵਾਂਗ ਪੂਜਣਗੇ ਜੋ ਮੰਦਰ ਜੋ ਗੁਰਦੁਆਰਾ ਜੋ ਮਸਜਿਦ ਜੋ ਚਰਚ ਆਪ ਜੀ ਬਣਾਓਗੇ ਉਹ ਇੱਕ ਅਦੁੱਤੀ ਸਮਾਜੀ ਮੰਦਰ ਹੋਵੇਗਾ। ਜਿੱਥੇ ਤੁਸੀਂ ਦਿਨ ਰਾਤ ਪੂਜਾ ਕਰੋਗੇ ਅਤੇ ਲੋਕ ਤੁਹਾਡੀ ਪੂਜਾ ਕਰਨਗੇ, ਪੰਜਾਬ ਦੇ ਸਾਰੇ ਤਰਕਵਾਦੀ ਵੀ ਤੁਹਾਡੀ ਪੂਜਾ ਕਰਨਗੇ। ਉੱਠੋ ਪੰਜਾਬ ਦੇ ਸ਼ੇਰ ਬਹਾਦਰੋ ਨਿੱਜ ਦਾ, ਐਸ਼-ਅਰਾਮ ਤਿਆਗੋ, ਸਾਹਿਬੁ ਮੇਰੇ ਨੀਤ ਨਵੇਂ ਦੇ ਨਿੱਤ ਨਵੇਂ ਦਰਸ਼ਨ ਕਰੋ।
'ਸਾਹਿਬ ਮੇਰਾ ਨੀਤ ਨਵਾ' ਸ਼ਾਇਦ ਦੂਜੀ ਵਾਰ ਨਾ ਛਪ ਸਕਦਾ ਜੇ ਕਿਧਰੇ ਨਾਜ਼ਰ ਸਿੰਘ ਘੁਡਾਣੀ ਜੋ ਰਿਸ਼ਤੇ ਵਿੱਚ ਮੇਰਾ ਭਤੀਜਾ ਹੈ, 34 ਸਾਲਾਂ ਪਿੱਛੋਂ ਨਾ ਮਿਲਦਾ। ਇਹ ਲੋਕ ਦਰਦੀ ਅੱਗੇ ਵਧੂ ਨੌਜਵਾਨ ਬਾਬੂ ਰਾਮ ਜੀ ਵਾਂਗ ਮੇਰੇ ਲਈ ਰੱਬ ਬਣ ਕੇ ਆਇਆ ਹੈ, ਅਸਲ ਵਿੱਚ ਜਿਹਨਾਂ ਨੂੰ ਲੋਕ ਨਾਸਤਿਕ ਸਮਝਦੇ ਹਨ, ਉਹ ਰੱਬ ਦੇ ਬਹੁਤ ਨੇੜੇ ਹੁੰਦੇ ਹਨ। ਨਾਜ਼ਰ ਸਿੰਘ ਦੀ ਅਣਥੱਕ ਮਿਹਨਤ ਤੋਂ ਬਿਨਾ ਇਹ ਕਿਤਾਬ ਅਤੇ ਮੇਰੀਆਂ ਬਾਕੀ ਦੀਆਂ ਕਿਤਾਬਾਂ ਨਹੀਂ ਸਨ ਛਪ ਸਕਦੀਆਂ। ਮੈਂ ਉਸਦਾ ਕਿੰਨਾ ਰਿਣੀ ਹਾਂ ਬਿਆਨ ਨਹੀਂ ਕਰ ਸਕਦਾ- ਮੈਨੂੰ ਤਾਂ ਇਹੋ ਲੱਗਦਾ ਹੈ ਕਿ ਪਤਾ ਨਹੀਂ 'ਕਿਧਰੋਂ ਰੱਬ ਜੀ ਆਏ'।
ਬੰਤਾ ਸਿੰਘ ਘੁਡਾਣੀ
......ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ
ਕਿਤਾਬ 'ਪੀੜ ਵਿਛੋੜਾ' ਸ਼ਾਇਦ ਸਮੇਂ ਦੀ ਧੂੜ ਵਿੱਚ ਹੀ ਗੁਆਚੀ ਪਈ ਰਹਿੰਦੀ ਜੇ ਕਿਧਰੇ 'ਨਾਜ਼ਰ' ਘੁਡਾਣੀ ਦਾ ਮੇਲ 34 ਸਾਲਾਂ ਪਿੱਛੋਂ ਨਾ ਹੋ ਗਿਆ ਹੁੰਦਾ। ਮੈਂ ਬਹੁਤ ਸਾਲਾਂ ਤੋਂ ਨਾਜ਼ਰ ਨੂੰ ਮਿਲਣ ਵਾਸਤੇ ਸੁਨੇਹੇ ਦਿੰਦਾ ਰਿਹਾ- ਪਰ ਮੇਰਾ ਕੋਈ ਵੀ ਸੁਨੇਹਾ ਨਾਜ਼ਰ ਨੂੰ ਨਾ ਮਿਲਿਆ। ਮੈਂ ਬਹੁਤ ਚਾਹੁੰਦਾ ਹੋਇਆ ਵੀ ਉਸਨੂੰ ਮਿਲ ਨਾ ਸਕਿਆ। ਉਸਦੇ ਪਿਤਾ ਨਿਧਾਨ ਸਿੰਘ ਦੀ ਮਾਰਫਤ ਦਿੱਤਾ ਸੁਨੇਹਾ ਵੀ ਉਸਨੂੰ ਨਾ ਪੁੱਜਿਆ। ਆਖਰ ਇੱਕ ਦਿਨ ਮੇਰਾ ਪਿਆਰਾ ਨਾਜ਼ਰ ਮੇਰੇ ਨਾਲੋਂ ਕਿਤੇ ਵੱਖ ਖਿਆਲਾਂ ਵਾਲਾ ਅਤੇ ਵੱਖਰੀ ਸ਼ਕਲ ਵਾਲਾ ਨਾਜ਼ਰ ਆ ਹੀ ਗਿਆ। ਮੈਨੂੰ ਯਾਦ ਨਹੀਂ ਮੈਂ ਉਸਨੂੰ ਇੱਕ ਅਣਜਾਣ ਵਿਅਕਤੀ ਸਮਝ ਕੇ ਕਿਵੇਂ ਸੰਬੋਧਨ ਕੀਤਾ, ਉਹ ਝੱਟ ਹੀ ਬੋਲ ਪਿਆ ਚਾਚਾ ਜੀ ਮੈਂ ਤਾਂ ਤੁਹਾਡਾ ਭਤੀਜਾ ਨਾਜ਼ਰ ਹਾਂ। ਮੈਨੂੰ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਯਾਰੋ! ਮੇਰੇ ਸ਼ਹੀਦ ਹੋ ਚੁੱਕੇ ਵੀਰ ਨਿਧਾਨ ਸਿੰਘ ਘੁਡਾਣੀ ਦਾ ਬੇਟਾ ਨਾਜ਼ਰ ਮਸਾਂ ਹੀ ਮਿਲਿਆ ਹੈ। ਉਸਨੂੰ ਮੈਂ ਆਪਣੇ ਦੁਨੀਆਵੀ ਘੋਲਾਂ ਦੀ ਰੂਪ ਰੇਖਾ ਦੇ ਮੱਤਭੇਦਾਂ ਦੇ ਬਾਵਜੁਦ ਬਹੁਤ ਪਿਆਰਦਾ ਹਾਂ, ਕਿਉਂਕਿ ਮਿਸ਼ਨ ਤਾਂ ਸਾਡਾ ਦੋਵਾਂ ਦਾ ਹੀ ਇੱਕੋ ਜਿਹਾ ਪਰ ਰਾਹ ਵੱਖ ਵੱਖ ਨੇ।
ਇੱਕ ਹੋਰ ਅਨੋਖੀ ਗੱਲ ਜੋ ਸਾਡੀ 34 ਸਾਲਾਂ ਪਿੱਛੋਂ ਮਿਲਣੀ ਦਾ ਕਾਰਨ ਬਣੀ। ਇੱਕ ਦਿਨ ਸ਼ਾਮ ਨੂੰ ਮੇਰੇ ਪਿੰਡ ਘੁਡਾਣੀ ਤੋਂ ਫੋਨ ਆਇਆ, ਨਾਜ਼ਰ ਦੇ ਚਾਚੇ ਦੇ ਪੁੱਤਰ ਦਾ, ਜਿਸਨੂੰ ਮੈਂ ਬਿਲਕੁਲ ਨਹੀਂ ਸੀ ਜਾਣਦਾ। ਉਹ ਬੋਲਿਆ, ਮੈਂ ਘੁਡਾਣੀ ਤੋਂ ਬੋਲ ਰਿਹਾ ਹਾਂ- ਇੱਕ ਕੰਮ ਹੈ ਉਸ ਤੋਂ ਅੱਗੇ ਆਪਣੇ ਜਾਣਕਾਰੀ ਦੇਣ ਹੀ ਲੱਗਿਆ। ਮੈਂ ਆਖਿਆ ਯਾਰਾ ਤੂੰ ਆਪਣੇ ਬਾਰੇ ਕੁਝ ਨਾ ਦੱਸ। ਏਨਾ ਹੀ ਬਹੁਤ ਹੈ ਕਿ ਤੂੰ ਮੇਰੇ ਪਿੰਡ ਦਾ ਹੈਂ, ਬੱਸ ਕੰਮ ਦੱਸ। ਉਹ ਕਹਿਣ ਲੱਗਿਆ, ਇੱਕ ਮੇਰੀ ਭਤੀਜੀ ਹੈ ਉਸ ਵਾਸਤੇ ਪਟਿਆਲੇ ਰਹਿਣ ਦਾ ਕੋਈ ਠੀਕ ਇੰਤਜ਼ਾਮ ਕਰਨਾ ਹੈ। ਮੈਂ ਆਖਿਆ ਬੇਟਾ ਤੂੰ ਕਹਿ ਦਿੱਤਾ ਇੰਤਜ਼ਾਮ ਹੋ ਗਿਆ। ਕੱਲ੍ਹ ਨੂੰ ਮੇਰੇ ਕੋਲ ਭੇਜ ਦੇਵੀਂ। ਅੱਛਾ ਹੁਣ ਤੂੰ ਆਪਣੇ ਬਾਰੇ ਦੱਸ ਯਾਰ। ਕਹਿਣ ਲੱਗਿਆ ਮੈਂ ਹਰਮਿੰਦਰ ਹਾਂ, ਰਹਿ ਚੁੱਕੇ ਸਰਪੰਚ ਭਜਨ ਸਿੰਘ ਦਾ ਭਤੀਜਾ। ਮੈਂ ਆਖਿਆ ਬੱਸ ਕਰ ਯਾਰ ਤੂੰ ਤਾਂ ਸਾਡਾ ਆਪਣਾ ਪੁੱਤਰ, ਇੱਕ ਕੰਮ ਕਰ ਮੈਨੂੰ ਨਾਜ਼ਰ ਮਿਲਾ ਦੇ। ਸੋ ਇਸ ਤਰ੍ਹਾਂ ਮਿਲਿਆ ਨਾਜ਼ਰ, ਜਿਸਦੀ ਬੇਟੀ ਅਮਨ ਦੇ ਸਬੰਧ ਵਿੱਚ ਹਰਮਿੰਦਰ ਨੇ ਫੂਨ ਕੀਤਾ ਸੀ। ਬੇਸ਼ੱਕ ਨਾਜ਼ਰ ਸਾਡੇ ਪਿੰਡ ਘੁਡਾਣੀ ਦਾ ਹੈ। ਪਰ ਪਿੰਡ ਨੇ ਉਸ ਨੂੰ ਜਨਤਾ ਨੂੰ ਅਰਪਨ ਕਰ ਦਿੱਤਾ ਹੈ। ਇਹ ਹੁਣ ਉਸਦੀ ਮਰਜੀ ਹੈ ਕਿ ਕਿਸ ਰਾਹ ਚੱਲ ਕੇ ਲੋਕ ਸੇਵਾ ਕਰਨੀ ਹੈ। ਪਰ ਮੇਰੀ ਨਿੱਜੀ ਸੇਵਾ ਤਾਂ ਉਸਨੇ ਬਹੁਤ ਕਰ ਦਿੱਤੀ।
ਜਦੋਂ ਨਾਜ਼ਰ ਨੂੰ ਪਤਾ ਲੱਗਿਆ ਕਿ ਕਿ ਮੈਂ ਲਿਖਦਾ ਵੀ ਹਾਂ ਅਤੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਅਤੇ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਖਤਮ ਹੋ ਚੁੱਕੀਆਂ ਹਨ ਤਾਂ ਉਸਨੇ ਇਹਨਾਂ ਨੂੰ ਛਪਵਾਉਣ ਯੋਗ ਬਣਾਉਣ ਦੀ ਸਾਰੀ ਜੁੰਮੇਵਾਰੀ ਲੈ ਲਈ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਕਿਤਾਬਾਂ ਦੀਆਂ ਦੂਜੀਆਂ ਐਡੀਸ਼ਨਾਂ ਛਪਣ ਲਈ ਤਿਆਰ ਹੋ ਗਈਆਂ। ਮੇਰੀਆਂ ਪੰਜੇ ਕਿਤਾਬਾਂ ਉਸਦੀ ਮਿਹਨਤ ਅਤੇ ਹਿੰਮਤ ਸਦਕਾ ਛਪ ਰਹੀਆਂ ਹਨ। ਨਾਜ਼ਰ ਤੋਂ ਬਿਨਾ ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ। ਇਹ ਸਭ ਨਾਜ਼ਰ ਦੀ ਮਿਹਨਤ ਦਾ ਨਤੀਜਾ ਹੈ, ਨਾਜ਼ਰ ਦਾ ਵਿਸ਼ਵਾਸ਼ ਹੈ ਕਿ ਹਰ ਵੇਲੇ ਕੋਈ ਨਾ ਕੋਈ ਲੋਕ ਸੇਵਾ ਦਾ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਤਹਿ ਦਿਲੋਂ ਨਾਜ਼ਰ ਦਾ ਧੰਨਵਾਦੀ ਹਾਂ।
ਬੰਤਾ ਸਿੰਘ ਘੁਡਾਣੀ,
67, ਪ੍ਰੋਫੈਸਰਜ਼ ਕਲੋਨੀ
ਸਾਹਮਣੇ ਪੰਜਾਬੀ ਯੂਨੀਵਰਸਿਟੀ
ਪਟਿਆਲਾ।
ਬੰਤਾ ਸਿੰਘ ਘੁਡਾਣੀ
ਬੰਤਾ ਸਿੰਘ ਜੀ ਘੁਡਾਣੀ ਕਲਾਂ ਨਾਲ ਮੇਰਾ ਤਾਜ਼ਾ ਵਾਹ ਕੋਈ ਮੌਕਾ-ਮੇਲ ਹੀ ਸਮਝੋ। ਇਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਜਦੋਂ ਮਿਲੇ ਤਾਂ ਇਉਂ ਲੱਗਿਆ ਕਿ ਅਸੀਂ 30-35 ਸਾਲ ਪਹਿਲਾਂ ਹੁਣ ਵਾਂਗ ਕਿਉਂ ਨਾ ਮਿਲ ਸਕੇ। ਇਹਨਾਂ ਦਾ ਭਤੀਜਾ ਰਾਜਬੀਰ ਮੇਰਾ ਹਮ-ਜਮਾਤੀ ਰਿਹਾ ਹੈ। ਇੱਕ ਹਮਜਮਾਤੀ ਹੀ ਨਹੀਂ ਕਾਲਜ ਦੇ ਸਮਿਆਂ ਵਿੱਚ ਜਦੋਂ ਵੀ ਅਸੀਂ ਜਬਰ-ਜ਼ੁਲਮ, ਵਧੀਕੀਆਂ, ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਰਾਜਬੀਰ ਆਪਣੀ ਭੈਣ ਕਮਲਜੀਤ ਨਾਲ ਸਾਡੇ ਉਸ ਕਾਫ਼ਲੇ 'ਚ ਮੁਹਰਲੀਆਂ ਕਤਾਰਾਂ ਵਿੱਚ ਖੜ੍ਹਦਾ ਰਿਹਾ। 1975 ਵਿੱਚ ਕਾਲਜ 'ਚ ਪੜ੍ਹਦੇ ਸਮੇਂ ਐਮਰਜੈਂਸੀ ਦਾ ਵਿਰੋਧ ਕਰਦੇ ਸਾਡੇ ਵਾਰੰਟ ਨਿਕਲੇ ਤਾਂ ਬਲਵੰਤ ਘੁਡਾਣੀ ਅਤੇ ਮੇਰੇ ਨਾਲ ਰਾਜਬੀਰ ਨੂੰ ਵੀ ਗੁਪਤਵਾਸ ਜੀਵਨ ਦੇ ਦਿਨ ਗੁਜਾਰਨੇ ਪਏ। ਇਹਨਾਂ ਦੇ ਘਰੇ ਸਾਡਾ ਆਉਣ-ਜਾਣ ਸਵੇਰ-ਸ਼ਾਮ ਹੁੰਦਾ ਸੀ। ਸਕੂਲ ਦੀ ਗਰਾਊਂਡ ਵਿੱਚ ਖੇਡਣ ਜਾਣਾ ਜਾਂ ਕਿਸੇ ਰੈਲੀ-ਮੁਜਾਹਰੇ ਵਿੱਚ ਜਾਣਾ, ਰਾਜਬੀਰ ਦੇ ਨਾਲ ਉਸਦੇ ਛੋਟੇ ਭਰਾ ਜੱਸਾ ਤੇ ਬੰਬੀ ਸ਼ਾਮਲ ਹੁੰਦੇ ਰਹੇ। ਚਾਚਾ ਜੀ ਕੋਲ ਪਹਿਲੀ ਵਾਰ ਮੈਂ ਅੰਮ੍ਰਿਤਸਰ ਉਦੋਂ ਗਿਆ ਸੀ ਜਦੋਂ ਅਸੀਂ 1976 ਦੇ ਫਰਵਰੀ ਦੇ ਮਹੀਨੇ 'ਚ ਆਪਣੇ ਪਿੰਡ ਨਾਟਕ ਕਰਵਾਉਣ ਲਈ ਗੁਰਸ਼ਰਨ ਸਿੰਘ ਦੀ ਟੀਮ ਬੁੱਕ ਕਰਵਾਉਣੀ ਸੀ। ਉਦੋਂ ਸਾਡੀ ਖਾਸ ਜਾਣ-ਪਛਾਣ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਮੈਂ ਲੋਕਾਂ ਦੀ ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਅਤੇ ਸੁਰਖ਼ ਰੇਖਾ ਪੇਪਰ ਕੱਢਣ ਲੱਗੇ ਤਾਂ ਇਹਨਾਂ ਨੇ ਮੈਨੂੰ ਮਿਲਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਸਮਿਆਂ 'ਚ ਸਾਡਾ ਤਾਲਮੇਲ ਨਹੀਂ ਸੀ ਹੋ ਸਕਿਆ।
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ।
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ।
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ।
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ।
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ।
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਿਸੇ ਸਾਹਿਤਕ ਲਿਖਤ ਵਾਂਗ ਨਹੀਂ ਲੈ ਰਿਹਾ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ।
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)
ਕੀ ਕਿਥੇ
ਜੇ ਅਸੀਂ ਤਜ ਸਕਦੇ ਹੋਈਏ 25
ਕੂੜ ਕੁਫ਼ਰ ਹੈ ਫੈਲਿਆ 26-28
ਅੱਗੇ ਪਿੱਛੇ ਕੰਧ ਜਿਹਨਾਂ ਦੇ 29-31
ਨਿੱਤ ਨਵੀਂ ਸਵੇਰ ਜਾਗਦੀ 32
ਬੈਠ ਹਨੇਰੇ ਬੰਦ ਦਰਵਾਜ਼ੀ 33-34
ਕਿਰਨ ਚਾਨਣ ਦੀ ਕਿਧਰੇ ਕਿਧਰੇ 35-36
ਜਿੰਦ ਅਸਮਾਨੀ ਜਿੰਦ ਨੂਰਾਨੀ 37-38
ਜਿਉਂ ਜਿਉਂ ਸਮਾਂ ਬੀਤਦਾ ਜਾਵੇ 39-40
ਸਾਡੇ ਧੁਰ ਅੰਦਰ ਛਿਪੀ ਹੈ 41-45
ਬੋਹੜ ਦੀ ਜੜ੍ਹ ਫੜ ਕੇ ਬਹਿਣਾ 46-47
ਕੰਮ ਬੰਦੇ ਦਾ ਅੱਗੇ ਟੁਰਨਾ 48-50
ਨਾ ਕੋਈ ਏਥੇ ਪੁੱਤਰ ਰੱਬ ਦਾ 51-53
ਹਲ਼ ਦਾ ਮੁੰਨਾ ਫੜ ਨਾ ਬੈਠੀਂ 54-55
ਬਹੁਰੰਗ ਦੁਨੀਆ ਰੰਗ ਇੱਕੋ ਹੈ 56-57
ਚਿੰਬੜ ਜਾਣ ਚੁੜੇਲਾਂ ਵਾਂਗੂੰ 58-59
ਗਿਆਨ ਵਿਹੂਣੇ ਆਦਮੀ 60-61
ਘੁੱਪ ਹਨੇਰੀਂ ਕਦੀ ਨਾ ਬੈਠੀਂ 62
ਕਦੀ ਵੀ ਜਿੰਦ ਵਿੱਚ ਨਾ ਘਬਰਾਵੀਂ 63
ਕੂੜ ਕੁਫ਼ਰ ਹੈ ਫੈਲਿਆ 64
ਮੰਦਰ ਮਸਜਿਦ ਤੇ ਗੁਰਦੁਆਰੇ 65-67
ਨਾ ਸ਼ੈਤਾਨ ਨਾ ਰੱਬ ਹੈ ਕਿਧਰੇ 68
ਜਿੰਨੇ ਰਿਸ਼ੀ ਮੁਨੀ ਗੁਰ ਆਏ 69
ਰਹਿਬਰ ਆਵੇ ਕੂੜ ਮਿਟਾਵੇ 70-71
ਨਿਰੇ ਜਨੂੰਨੀ ਅੰਧ-ਵਿਸ਼ਵਾਸ਼ੀ 72
ਦੋਜ਼ਖ ਜੰਨਤ ਇਸ ਧਰਤੀ 'ਤੇ 73-74
ਨੇਕੀ ਬਦੀ ਦਾ ਭੇੜ ਹੈ ਜੱਗ ਵਿੱਚ 75-76
ਅੰਤਰ ਚਿਣਗ ਜੇ ਹਿਰਦੇ ਸਾਡੇ 77
ਨਾ ਜੱਗ ਚੰਗਾ ਨਾ ਦੁਨੀਆ ਮੰਦੀ 78
ਜੇਕਰ ਦੁਖ ਨੇ ਦੁਨੀਆਂ ਅੰਦਰ 79-80
ਜੇ ਕੋਈ ਆਪੋਂ ਪੀੜ ਹੰਢਾ ਕੇ 81-82
ਜੇਕਰ ਕਿਧਰੇ ਦੁੱਖ ਹੈ ਕੋਈ 83-84
ਜੇਕਰ ਹਓਮੇਂ ਤੇਰੀ ਸੱਜਨਾ 85
ਘਰ ਦਾ ਕੂੜ ਕਰ ਇਕੱਠਾ 86-87
ਰਾਜ ਜ਼ੋਰ ਦਾ ਤੇ ਕੁਫ਼ਰ ਦਾ 88-89
ਜੇ ਚੁਗਿਰਦੇ ਵਗੇ ਹਨੇਰੀ 90-91
ਬਦੀ ਦਾ ਪਲੜਾ ਭਾਰੀ ਹੋਵੇ 92
ਸਭ ਕੁਝ ਹੀ ਜਦ ਵਿਗੜ ਜਾਵੇ 93-94
ਗੁਣ ਔਗੁਣ ਬਿਨ ਜੱਗ ਨਹੀਂ ਹੈ 95
ਜ਼ੋਰਾਵਰ ਮਤ ਅਤਿ ਮਚਾਵੀਂ 96-97
ਰੱਬੀ ਰਾਹ 'ਤੇ ਟੁਰਨਾ ਔਖਾ 98
ਹਓਮੇਂ ਸਾਨੂੰ ਝੁਕਣ ਨਾ ਦੇਵੇ 100
ਜੇਕਰ ਬੁੱਧੀ ਰਹੇ ਟਿਕਾਣੇ 101
ਜੇਕਰ ਪੈਸਾ ਪੱਲੇ ਨਾ ਹੋਵੇ 102
ਮਿੱਤਰ ਮੇਲੀ ਸਾਰੇ ਦੇਖੇ 103-04
ਗੱਲ ਧਰਮ ਦੀ ਜਾਂ ਕਰਮ ਦੀ 105
ਸੱਚ ਦਾ ਲੜ ਘੁੱਟ ਕੇ ਫੜੀਏ 106
ਜੋ ਅੱਗ ਤੇਰੇ ਚੁਗਿਰਦੇ ਮੱਚੇ 107-08
ਮੰਤਵ ਹੋਂਦ ਹੈ ਇੱਕੋ 109
ਬਦਲ ਰਹੀ ਹੈ ਦੁਨੀਆਂ ਸਾਡੀ 110
ਚੀਰ ਫਾੜ ਜੋ ਦਿਲਾਂ ਦੀ ਕਰਦੇ 111-112
ਰੱਬ ਨਾ ਕੁਝ ਵੀ ਕਰੇ ਕਰਾਵੇ 113
ਹੱਸਣ ਵਾਲਾ ਹੱਸ ਚੁੱਕੇਗਾ 114
ਹਰ ਇੱਕ ਮੀਨ ਸਾਗਰ ਸੰਗ ਰਹਿੰਦੀ 115-16
ਹੁਕਮ ਸਦੀਵੀਂ ਐਸਾ ਚੱਲੇ 117-18
ਤਬਦੀਲੀ ਕੁਦਰਤ ਦਾ ਨਿਯਮ ਹੈ 119
ਇੰਤਜ਼ਾਰ ਨਾ ਕਰੀਂ ਕਿਸੇ ਦਾ 120-21
ਮਾਵਾਂ ਭੈਣਾਂ ਦੇ ਰਿਸ਼ਤੇ 122
ਜੋ ਮੰਦੇ ਕਰਮ ਕਮਾਂਵਦੇ 123
ਅਸਮਾਨਾਂ ਉੱਤੇ ਜੇ ਕੋਈ ਥੁੱਕੇ 124
ਪਤਝੜ ਵਿੱਚ ਪੱਤੇ ਝੜ ਜਾਂਦੇ 125-26
ਜੇ ਰਗੜੀਏ ਪੱਥਰ ਉੱਤੇ 127
ਕਰੀਏ ਕਾਰ ਕਰੀਏ ਹੀਲਾ 128
ਕਿਉਂ ਕੋਈ ਦਿਲ ਛੱਡ ਕੇ ਜੀਵੇ 130
ਤੇਰੀ ਮਹਿਕ ਸੰਗ ਮਹਿਕੇ ਦੁਨੀਆਂ 131
ਮੰਜ਼ਲ ਮੰਜ਼ਲ ਹਰ ਕੋਈ ਕੂਕੇ 132-33
ਸਾਰੀ ਦੁਨੀਆਂ ਰੱਬ ਰੱਬ ਕਰਦੀ 134
ਜੀਵਨ ਭਰ ਇੱਕ ਮੰਗ ਤੇਰੇ ਤੋਂ 135
ਨਿੱਤ ਨਵੇਂ ਰਾਹਾਂ 'ਤੇ ਟੁਰਨਾ 136-37
ਹਰ ਉਮਰ ਵਿੱਚ ਸਿੱਖਦਾ ਬੰਦਾ 138-39
ਚੰਗੇ ਤੋਂ ਚੰਗਾ ਫਲ ਮਿਲਦਾ 140
ਨਿਸ਼ਕਾਮ ਕਰਮ ਜੇ ਕੋਈ ਕਮਾਵੇ 141-42
ਦੋਜ਼ਖ ਜੰਨਤ ਧਰਤੀ ਉੱਤੇ 144-45
ਕੋਰਾ ਕਾਗਜ਼ ਮਹਾਂ ਕਾਲ ਨੇ 146-47
ਸਰਵ-ਵਿਆਪੀ ਤੇ ਸਦਜੀਵੀ 148-50
ਜਾ ਵੜੀਏ ਜੇ ਵਿੱਚ ਬਗੀਚੇ 151-52
ਬੇਕਿਰਕ ਬੇਈਮਾਨ ਬੰਦੇ 153
ਠਹਿਰ ਜਾਂਦੇ ਉਹ ਪਰੇ ਦਰਾਂ ਤੋਂ 154
ਅਟੱਲ ਵਿਸ਼ਵਾਸ਼ ਜੇ ਹਿਰਦੇ ਅੰਦਰ 155-57
ਅਟੱਲ ਹੁਕਮ ਹੈ ਚੱਲਦਾ ਆਇਆ 158
ਇਹ ਗੁੰਝਲ ਜੋ ਪੀਡੀ ਲੱਗੇ 159
ਗੱਲ ਉਹਨਾਂ ਦੀ ਹੀ ਕਰੀਏ 161-62
ਨਿਮਰਤਾ ਸਦਾ ਹੀ ਚੰਗੀ ਹੁੰਦੀ 163
ਗੁੱਸੇ ਗਿਲੇ ਤੇ ਕੁੜੱਤਣ 164-65
ਸੁਰਜ ਚੜ੍ਹਦਾ ਮਾਰ ਚਟਾਕਾ 166
ਚੁਰਾਸੀ ਲੱਖ ਜਾਮੇ ਗਲ਼ ਪਾਏ 167-68
ਬੀਜ ਬੀਜੀਏ ਧਰਤੀ ਵਾਹ ਕੇ 169-70
ਗਰਜ਼ੀਂ ਬੱਧੇ ਸਾਰੇ ਰਿਸ਼ਤੇ 171
ਕਿਧਰ ਗਿਆ ਹੈ ਅਦਲ ਖੁਦ ਦਾ 172-73
ਕਦੀ ਕਿਸੇ ਦੇ ਅਮਨ ਚੈਨ ਨੂੰ 174
ਸੂਰਜ ਨੇ ਗਰਮਾਇਆ ਸਾਨੂੰ 175
ਇਹ ਸਾਡੀ ਕੈਸੀ ਜ਼ਿੰਦਗਾਨੀ 176-78
ਇੱਕੋ ਰਾਜ ਜੱਗ ਵਿੱਚ ਚੱਲੇ 179-81
ਤ੍ਰੇਲ ਭਿੱਜੀ ਘਾਰ ਦੇ ਉੱਪਰ 182-83
ਧਰਮਾਂ ਦੇ ਰਾਹ ਹੋਏ ਪੁਰਾਣੇ 184
ਨਿਰਾ ਵਪਾਰੀ ਢਾਂਚਾ ਨਾ ਹੋਵੇ 185
ਜਿੰਨੀ ਜਿੰਨੀ ਬੁਧ ਕਿਸੇ ਦੀ 186-87
ਜਿੰਨੀ ਕੁ ਸੀ ਬੁੱਧ ਆਸਾਡੀ 188-89
ਨੂਰ ਇਲਾਹੀ ਕਾਰਨੇ ਇਹ ਸਾਡਾ ਸੰਸਾਰ 190-93
ਜੇਕਰ ਅਸੀਂ ਤਜ ਸਕਦੇ ਹੋਈਏ
ਜੇਕਰ ਅਸੀਂ ਤਜ ਸਕਦੇ ਹੋਈਏ,
ਜੇਕਰ ਅਸੀਂ ਦਬ ਸਕਦੇ ਹੋਈਏ,
ਜੇਕਰ ਅਸੀਂ ਟਾਲ ਸਕਦੇ ਹੋਈਏ,
ਅੰਤਹਕਰਨ ਵਿਚ ਉਠੇ ਵਿਚਾਰ,
ਅਸੀਂ ਵੀ ਟੁਰਦੇ ਲੋਕਾਂ ਨਾਲ।
ਜੇ ਕਿਧਰੇ ਕੋਈ ਅੰਧ-ਵਿਸ਼ਵਾਸ਼ੀ,
ਜਾਂ ਕਿਧਰੇ ਕੋਈ ਗੁਨਾਹ ਦੀ ਰਾਸ਼ੀ।
ਜਾਂ ਝੀਤ ਵਿਚੋਂ ਕੋਈ ਆਉਂਦਾ ਚਾਨਣ,
ਕਰੇ ਨਾ ਸਾਨੂੰ ਬਹੁਤ ਬੇਹਾਲ,
ਅਸੀਂ ਵੀ ਟੁਰਦੇ ਲੋਕਾਂ ਨਾਲ।
ਸਿਆਸੀ ਸਮਾਜੀ ਆਰਥਿਕ ਧੱਬੇ,
ਧਰਮਾਂ ਦੇ ਰੰਗ ਡੱਬ-ਖੜੱਬੇ,
ਜਿੰਦ ਸਾਡੀ ਦੇ ਸੱਜੇ ਖੱਬੇ,
ਜਦੋਂ ਬਦੀ ਨੇਕੀ ਨੂੰ ਦਬੇ,
ਅਸੀਂ ਹਾਲ-ਦੁਹਾਈ ਮਚਾਉਂਦੇ।
ਪੱਖਪਾਤ ਅਸੀਂ ਕੋਈ ਨਾ ਕਰੀਏ,
ਨਾ ਵਿਗਾੜ ਅਸੀਂ ਕੋਈ ਪਾਉਂਦੇ।
ਬੇਵਜਾਹ ਅਸੀਂ ਸਾਥ ਨਾ ਮੰਗੀਏ,
ਅਸੀਂ ਆਪਣਾ ਢੋਲ ਵਜਾਉਂਦੇ।
ਜਿੰਨੀ ਬੁਧ ਮਿਲੀ ਅਸਾਂਨੂੰ- ਅਸੀਂ ਓਨਾ ਹੀ ਕਹਿ ਸੁਣਾਉਂਦੇ।
ਸਿਰ ਸੁੱਟ ਕੇ ਜੇ ਟੁਰਦੇ ਜਾਈਏ,
ਰਾਹ ਦੇ ਕੰਡੇ ਨਾ ਹਟਾਈਏ,
ਰੋੜੇ ਵਾਟ ਦੇ ਜੇ ਨਾ ਉਠਾਈਏ,
ਕੌੜਾ ਸੱਚ ਜੇ ਕਹਿ ਨਾ ਸਕੀਏ,
ਕੂੜ ਕੁਫ਼ਰ ਫਿਰ ਕਿਵੇਂ ਮਿਟਾਈਏ।
*********
ਕੂੜ ਕੁਫ਼ਰ ਹੈ ਫੈਲਿਆ
ਕੂੜ ਕੁਫ਼ਰ ਹੈ ਫੈਲਿਆ,
ਜਗ ਦੁੱਖਾਂ ਮੂੰਹ ਆਇਆ।
ਔਹਰ ਮਾਜ਼ਦਾ ਛਿਪ ਖਲੋਇਆ, ਔਹਰ ਮਾਜ਼ਦਾ=ਰੱਬ, ਦੈਵੀ ਸ਼ਕਤੀ
ਐਹਿਰਮਾਨ ਹੈ ਜਗ ਵਿਚ ਛਾਇਆ। ਐਹਿਰਮਾਨ=ਸ਼ੈਤਾਨ
ਪਲੜਾ ਬਦੀ ਦਾ ਭਾਰਾ ਹੋਇਆ,
ਪਲੜਾ ਨੇਕੀ ਦਾ ਉਪਰ ਚਾਇਆ।
ਮਸਜਿਦੀਂ ਮੰਦਰੀਂ ਚਰਚੀਂ ਗੁਰਦੁਆਰੀਂ,
ਐਹਿਰਮਾਨ ਨੇ ਡੇਰਾ ਲਾਇਆ।
ਹਰ ਕੋਈ ਐਹਿਰਮਾਨ ਨੂੰ ਪੂਜੇ,
ਬੁਰਕਾ ਉਸਨੇ ਰੱਬ ਦਾ ਪਾਇਆ।
ਰੱਬ ਰੱਬ ਕਰਕੇ ਡੇਰੇਦਾਰਾਂ,
ਲੋਕਾਂ ਨੂੰ ਭਰਮਾਇਆ।
ਧਰਮਾਂ ਨੇ ਵੰਡੀ ਦੁਨੀਆਂ ਸਾਰੀ,
ਵੰਡਿਆ ਆਦਮ ਜਾਇਆ।
ਸਿਆਸੀ, ਸਮਾਜੀ, ਅਰਥ-ਵਿਵਸਥਾ,
ਵਿਗੜੀ ਪਈ, ਬੰਦਾ ਉਲਝਾਇਆ।
ਚਿਣਗ ਸੱਚ ਦੀ, ਪੰਜ ਗੁਣ ਅਬਗੁਣ,
ਬੰਦਾ ਜਨਮੋਂ ਲੈ ਕੇ ਆਇਆ।
ਸਰਵ-ਵਿਆਪੀ 'ਚੋਂ ਸਾਡਾ ਆਪਾ,
ਜਿਸ ਨੇ ਸੰਤੁਲਨ ਬਣਾਇਆ।
ਪਰਖ ਚੰਗੇ ਮੰਦੇ ਦੀ ਕਰਦਾ,
ਬੋਲੇ! ਬਿਨਾ ਬੁਲਾਇਆ।
ਕੁਰਾਹੇ ਜਾਈਏ ਰਾਹ ਦਿਖਾਵੇ,
ਇਹ ਨਿਰੇ-ਸਤਿ ਦਾ ਜਾਇਆ।
ਅੰਧਵਿਸ਼ਵਾਸ਼ੀ ਫੈਲੀ ਜੱਗ ਵਿਚ,
ਵਿਦਿਆ ਗਿਆਨ ਵਿਗਿਆਨ ਭੁਲਾਇਆ।
ਜਗਤ ਜਲੰਦਾ ਚਾਰੇ ਪਾਸੀਂ,
ਦਰਦੇ ਦਿਲ ਨਾ ਦਿਲ ਵਿਚ ਪਾਇਆ।
ਕਾਮ ਕਰੋਧ, ਲੋਭ ਮੋਹ ਹਓਮੈਂ,
ਦੂਈ ਦਵੈਸ਼ ਨੇ ਘੇਰਾ ਪਾਇਆ।
ਕੁੱਲੀ ਗੁੱਲੀ ਜੁੱਲੀ ਦਾ ਮਸਲਾ,
ਅਜੇ ਤੀਕ ਨਹੀਂ ਗਿਆ ਸੁਲਝਾਇਆ।
ਜ਼ੋਰਾ ਜ਼ਰਬੀ ਜਗ ਵਿੱਚ ਹੁੰਦੀ,
ਸ਼ਕਤੇ ਨੇ ਸਾਰਾ ਜਗ ਡਰਾਇਆ।
ਰਾਜ ਬਦੀ ਦਾ ਤੇ ਜ਼ੋਰ ਦਾ,
ਇਨਸਾਫ ਨਾ ਏਥੇ ਕਿਸੇ ਨੇ ਪਾਇਆ।
ਸੋਚ ਪੁਰਾਣੀ ਰਾਹ ਪੁਰਾਣਾ,
ਧਰਮਾਂ ਨੇ ਬੰਦਾ ਉਲਝਾਇਆ,
ਮੂਰਖ ਬੰਦਾ ਰੱਬ ਰੱਬ ਕਰਦਾ,
ਪਰ ਰੱਬ ਜੀ ਦਾ ਭੇਦ ਨਾ ਪਾਇਆ,
ਰੱਬ ਤਾਂ ਕਣ ਕਣ ਵਿਚ ਸਮਾਇਆ।
ਰੱਬ ਨਾ ਹਸਤੀ ਰੱਬ ਨਾ ਵਿਅਕਤੀ,
ਰੱਬ ਤਾਂ ਸਰਵ-ਵਿਆਪੀ ਖੇਤਰ,
ਸਾਡੀ ਕਲਪਨਾ ਵਿਚ ਨਾ ਆਇਆ।
ਰੱਬ ਅਣਹੋਂਦ ਰੱਬ ਇੱਕ ਹੋਂਦ,
ਰੱਬ ਨੂੰ ਕੋਈ ਵੀ ਬੁੱਝ ਨਾ ਪਾਇਆ।
ਸਰਵ-ਵਿਆਪੀ 'ਚੋਂ ਸਾਡਾ ਆਪਾ,
ਇੱਕ ਤੋਂ ਅਨੇਕ ਬਣ ਆਇਆ।
ਸਾਡਾ ਆਪਾ ਅੰਸ਼ ਰੱਬ ਦੀ, ਰੱਬ=ਪਰਮਸੱਤਾ
ਪਰਮ ਸੱਤਾ 'ਚੋਂ ਆਪਾ ਆਇਆ,
ਆਪੇ ਨੇ ਸਾਡਾ ਜਗ ਬਣਾਇਆ।
ਰੱਬ ਦੀ ਦਿਕਸ਼ਾ ਕੋਈ ਦੇ ਨਾ ਸਕੇ,
ਜੈਸਾ ਲੋਚੇ ਵੈਸਾ ਵੇਖੇ,
ਹਰ ਸ਼ੈਅ ਵਿਚ ਹੈ ਰੱਬ ਸਮਾਇਆ।
ਸਰਵ-ਵਿਆਪੀ ਸਾਡਾ ਆਪਾ,
ਆਪੋਂ ਰੱਬ ਬਣ ਆਇਆ।
ਹੋਂਦ ਜਗ ਦੀ ਤੱਕ ਅਸਾਂ ਨੇ,
ਸੰਕਲਪ ਰੱਬ ਦਾ ਆਪ ਬਣਾਇਆ।
ਕੌਤਕ ਅਨੋਖੇ ਤੱਕ ਜੀਵਨ ਵਿਚ,
ਨਿਸਚਾ ਸਾਨੂੰ ਪੂਰਾ ਆਇਆ,
ਦਿਖਾਵਣ ਲਈ ਕੁਝ ਹੱਥ ਨਾ ਆਇਆ।
ਲਾਲ ਕਿਣੂ ਸਾਡੀ ਰੱਤ ਦਾ ਜਾਇਆ,
ਜਿਸ ਨੂੰ ਦਿਲ ਨੇ ਖੂਬ ਘੁਮਾਇਆ।
ਜਾਣ ਨਾ ਸਕੇ ਹੋਂਦ ਆਸਾਡੀ,
ਸਾਡੀ ਰੱਤ ਦਾ ਜਾਇਆ,
ਜਗ ਨੇ ਭੇਦ ਨਾ ਰੱਬ ਦਾ ਪਾਇਆ।
*********
ਅੱਗੇ ਪਿੱਛੇ ਕੰਧ ਜਿਹਨਾਂ ਦੇ
ਅੱਗੇ ਪਿੱਛੇ ਕੰਧ ਜਿਹਨਾਂ ਦੇ,
ਜਿੰਦ ਅੱਜ ਦੇ ਵਿੱਚ ਖਲੋਈ।
ਨਾ ਬੀਤੇ ਤੋਂ ਸਬਕ ਸਿੱਖਦੇ,
ਨਾ ਸੂਝ ਅੱਗੇ ਦੀ ਹੋਈ।
ਚਿੰਬੜ ਕੇ ਬਹਿ ਜਾਣ ਦੀ ਵਾਦੀ,
ਜੋ ਬੰਦੇ ਨੇ ਪਾਈ।
ਅੰਧਕਾਰ ਦੂਰ ਨਾ ਹੋਵੇ,
ਬਣਿਆ ਜੱਗ ਸੁਦਾਈ।
ਬੋਹੜ ਨੂੰ ਚਿੰਬੜੇ ਨਾ ਕੋਈ,
ਸਤਰੰਗੀ ਪੀਂਘ ਚੜ੍ਹਾਵੇ।
ਬੋਹੜ ਨੂੰ ਜੇ ਚਿੰਬੜ ਜਾਈਏ,
ਜਿੰਦ ਹੋਵੇ ਅਧਮੋਈ।
ਸਮੇਂ ਦੇ ਸੰਗ ਸੰਗ ਜੋ ਟੁਰੇ ਨਾ,
ਉਸਨੂੰ ਮਿਲੇ ਨਾ ਕਿਧਰੇ ਢੋਈ।
ਖੜ੍ਹਾ ਪਾਣੀ ਤਾਂ ਮੁਸ਼ਕ ਮਾਰਦਾ,
ਪੀ ਨਾ ਸਕੇ ਕੋਈ।
ਬਾਬਾ ਬੋਹੜ ਉਹ ਬਣ ਜਾਵੇ,
ਜਿਸਦੀ ਟੋਰ ਖਲੋਵੇ।
ਜਿੰਦ ਰਾਣੀ ਫਿਰੇ ਭਰਦੀ ਹਓਕੇ,
ਬਹਿ ਰਾਹਾਂ ਵਿਚ ਰੋਈ।
ਅਨੰਤ ਕੋਹਾਂ ਤੇ ਜਿੰਦ ਨੇ ਜਾਣਾ,
ਵਾਹੋ ਦਾਹੀ ਪੰਧ ਮੁਕਾਉਣਾ।
ਟੋਰ ਚਾਨਣ ਦੀ ਜੇ ਟੁਰੇ ਨਾ,
ਰਹੇ ਰਾਹਾਂ ਵਿਚ ਖਲੋਈ।
ਅਜੇ ਤਾਂ ਵਿਨ੍ਹਿਆ ਅੰਗ ਅੰਗ ਇਸਦਾ,
ਧਰਤੀ ਸੰਗ ਪਰੋਈ।
ਅਜੇ ਤਾਂ ਵਿਚ ਆਕਾਸ਼ੀ ਉਡਣਾ,
ਬਣ ਕੇ ਨਵੀਂ ਨਰੋਈ।
ਜਿੰਦ ਧਰਮਾਂ ਕਾਰਨ ਅੰਨ੍ਹੀ ਹੋਈ।
ਇੱਕ ਦਿਨ ਆਵੇ ਖੋਲ੍ਹੇ ਅੱਖਾਂ,
ਮਾਰ ਦੁਲੱਤੇ ਔਹ ਗਈ ਔਹ ਗਈ।
ਪੁੱਤ ਆਦਮ ਦਾ ਫਿਰੇ ਭਟਕਦਾ,
ਮੁੜ ਪੁੱਛੇ ਨਾ ਕੋਈ।
ਜਦੋਂ ਦਾ ਆਦਮ ਜਾਮਾ ਪਾਇਆ,
ਜ਼ਰ ਜ਼ੋਰੋ ਜ਼ਮੀਨ, ਧਰਮਾਂ ਕਰਣੇ,
ਵਾਰ ਵਾਰ ਜਗ ਲੜਦਾ ਆਇਆ।
ਮੂਰਖ ਬੰਦਾ ਨਾ ਸੱਚ ਪਛਾਣੇ,
ਕਿ ਜਿੰਦ ਨੇ ਧਰਮ ਨਾ ਕੋਈ ਅਪਣਾਇਆ।
ਨਿਰਾ ਸੱਚ ਧਰਮ ਜਿੰਦ ਦਾ,
ਨਿਰੇ ਸੱਚ ਵਿਚੋਂ ਜਿੰਦ ਹੋਈ।
ਮਿਸ਼ਨ ਜਿੰਦ ਦਾ ਟੁਰਦੇ ਜਾਣਾ,
ਇਸਦਾ ਰਾਹ ਰੋਕੇ ਨਾ ਕੋਈ।
ਚੁਰਾਸੀ ਲੱਖ ਜਾਮੇਂ ਬਦਲ ਕੇ,
ਇਹ ਆਦਮ ਬੱਚਾ ਹੋਈ।
ਇਸ ਜਾਮੇ ਨੂੰ ਛੱਡ ਟੁਰੇਗੀ,
ਜੇ ਅਕਲ ਨਾ ਕੀਤੀ ਕੋਈ।
ਰੁਲਦਾ ਫਿਰਦਾ ਆਦਮ ਬੱਚਾ,
ਇੱਕ ਦੂਜੇ ਨੂੰ ਪੁੱਛੇ ਨਾ ਕੋਈ।
ਅਰਥ-ਵਿਵਸਥਾ ਕਾਣੀ ਵੰਡ ਦੀ,
ਜੱਗ ਵਿੱਚ ਪਰਚਲਤ ਹੋਈ।
ਕੋਈ ਵੀ ਏਥੇ ਵੱਖ ਨਹੀਂ ਹੈ,
ਵੇਖਣ ਵਾਲੀ ਅੱਖ ਨਹੀਂ ਹੈ।
ਇੱਕ ਨੂਰ ਤੋਂ ਸਭ ਜਗ ਉਪਜਿਆ,
ਸਭ ਕੁਝ ਪਰਮ ਸੱਤਾ 'ਚੋਂ ਆਇਆ,
''ਹਰ ਕੋਈ ਪਰਮ ਸੱਤਾ ਜਾ ਜਾਇਆ''
ਸਿਆਸੀ ਸਮਾਜੀ ਅਰਥ-ਵਿਵਸਥਾ,
ਦੇ ਵਿਤਕਰੇ, ਬੰਦੇ ਨਾ ਆਪੋ ਪਾਏ।
ਰੱਬ ਨਾ ਕਿਸੇ ਨੂੰ ਦੁੱਖ ਸੁੱਖ ਦੇਵੇ,
ਸਮਾਂ ਸਥਾਨ ਤੇ ਹਾਲਾਤ ਤੇ ਸਿਸਟਮਜ਼
ਸਦਾ ਹੀ ਦੁੱਖ ਸੁੱਖ ਦਿੰਦੇ ਆਏ।
*********
ਨਿੱਤ ਨਵੀਂ ਸਵੇਰ ਜਾਗਦੀ
ਨਿੱਤ ਨਵੀਂ ਸਵੇਰ ਜਾਗਦੀ,
ਨਿੱਤ ਭਜਦੇ ਕੁਝ ਹਨੇਰੇ,
ਨਿੱਤ ਨਵੀਂ ਸੂਝ ਉਪਜਦੀ,
ਬੁੱਧ ਵਧਦੀ ਜਾਏ ਵਧੇਰੇ।
ਨਿੱਤ ਨਵਾਂ ਸੂਰਜ ਹੈ ਚੜ੍ਹਦਾ,
ਹੋਵੇ ਚਾਨਣ ਜਗ ਦੇ ਵਿਹੜੇ।
ਨਿੱਤ ਬਦਲਦੀ ਰੇਖਾ ਜਿੰਦ ਦੀ,
ਮੁੜ ਕੱਲ੍ਹ ਨਾ ਆਵੇ ਨੇੜੇ।
ਨਵੀਂ ਕਰਾਂਤੀ ਜੇ ਲਿਆਈਏ,
ਬਿਨ ਲੋਕਾਂ ਨੂੰ ਪਰੇਰੇ।
ਬਦਲੇ ਨਾ ਜੇ ਸੂਝ ਲੋਕਾਂ ਦੀ,
ਦੁੱਖ ਸਮਝੋ ਨਵੇਂ ਸਹੇੜੇ।
ਅੰਦਰ ਮੁਖੀ ਜੇ ਹੈ ਤਬਦੀਲੀ,
ਬਾਹਰਮੁਖੀ ਜੇ ਨਾਹੀਂ।
ਕੋਈ ਕਰਾਂਤੀ ਕਾਇਮ ਨਾ ਰਹਿੰਦੀ,
ਜੇ ਲੋਕ ਦੁੱਖਾਂ ਨੇ ਘੇਰੇ।
ਅੰਦਰਮੁਖੀ ਅਤੇ ਬਾਹਰਮੁਖੀ,
ਆਵੇ ਜੇ ਤਬਦੀਲੀ।
ਅੰਦਰੋਂ ਬਾਹਰੋਂ ਇੱਕ ਹੋ ਜਾਈਏ,
ਫਿਰ ਦੁੱਖ ਨਾ ਆਵਣ ਨੇੜੇ।
*********
ਬੈਠ ਹਨੇਰੇ ਬੰਦ ਦਰਵਾਜ਼ੀਂ
ਬੈਠ ਹਨੇਰੇ ਬੰਦ ਦਰਵਾਜ਼ੀਂ,
ਸੂਰਜ ਨੂੰ ਤੱਕਣ ਤੋਂ ਡਰਨਾ।
ਵਗਦੀ ਪੌਣ ਸੁਨੇਹਾ ਲਿਆਵੇ,
ਕੰਨ ਬੰਦ ਕਰਕੇ ਭੋਰੀਂ ਵੜਨਾ।
ਪੈਰ ਨਾ ਪੁਟਣਾ ਕਦੀ ਅਗਾਂਹ ਨੂੰ,
ਜਿਥੇ ਖੜ੍ਹੇ, ਓਥੇ ਹੀ ਖੜਨਾ।
ਟਾਹਣੀਆਂ ਅਤੇ ਜੜ੍ਹ ਬੋਹੜ ਦੀ,
ਘੁੱਟ ਫੜ ਬਹਿਣਾ ਅੱਗੇ ਨਾ ਟੁਰਨਾ।
ਮੜ੍ਹੀਵਾਦ ਤੇ ਰੂੜ੍ਹੀਵਾਦ ਦੀ,
ਹਿੱਕ ਥਾਪੜ ਗੱਲ ਮੁੜ ਮੁੜ ਕਰਨਾ।
ਪੁਰਾਣੀ ਲੀਹੇ ਟੁਰਦੇ ਜਾਣਾ,
ਨਵੇਂ ਰਾਹਾਂ ਤੇ ਪੈਰ ਨਾ ਧਰਨਾ।
ਨਿੱਤ ਪਾਉਣੇ ਧਰਮਾਂ ਦੇ ਝਗੜੇ,
ਨਿੱਤ ਮਾਰਨਾ ਤੇ ਨਿੱਤ ਮਰਨਾ।
ਅਸਲ ਧਰਮ ਜੋ ਪਿਆਰ ਮੁਹੱਬਤ,
ਗੱਲ ਪਿਆਰ ਦੀ ਕਦੀ ਨਾ ਕਰਨਾ।
ਖੜ੍ਹੇ ਪਾਣੀਆਂ ਦੇ ਵਿੱਚ ਨਹਾਉਣਾ,
ਦਰਿਆਵੇ ਸੰਗ ਕਦੀ ਨਾ ਤਰਨਾ।
ਲਹਿਰ ਕਦੀ ਜੇ ਜ਼ੋਰ ਦੀ ਆਵੇ,
ਬੋਹੜ ਦੀ ਜੜ੍ਹ ਘੁੱਟ ਕੇ ਫੜਨਾ।
ਵੇਦ ਪੁਰਾਣ ਗ੍ਰੰਥ ਕੁਰਾਨ,
ਅੰਜੀਲ ਤੋਰਾਤ ਤੇ ਹੋਰ ਗਿਆਨ,
ਨਿੱਤ ਪੜ੍ਹਨਾ/ਆਪਸ ਵਿਚ ਲੜਨਾ,
ਪਿਆਰ ਦੀ ਗੱਲ ਕਦੀ ਨਾ ਕਰਨਾ।
ਐਸੀ ਮੱਤ ਹੈ ਜਿਸ ਨੇ ਪਾਈ,
ਕਿ ਕੋਈ ਚਾਨਣ ਕਦੀ ਨਾ ਜਰਨਾ,
ਐਸੇ ਜੀਵਨ ਨਾਲੋਂ ਚੰਗਾ,
ਜੰਮਣੋਂ ਪਹਿਲਾਂ ਹੀ ਮਰਨਾ।
*********
ਕਿਰਨ ਚਾਨਣ ਦੀ ਕਿਧਰੇ ਕਿਧਰੇ
ਕਿਰਨ ਚਾਨਣ ਦੀ ਕਿਧਰੇ ਕਿਧਰੇ,
ਘੁੱਪ ਹਨੇਰ ਜਗ ਵਿਚ ਛਾਇਆ।
ਇਹ ਤਾਂ ਸਾਡੀ ਕਿਸਮਤ ਚੰਗੀ,
ਕਿ ਝੀਤ ਵਿਚੋਂ ਦੀ ਚਾਨਣ ਆਇਆ।
ਭੋਰਾ ਭਰ ਜੇ ਚਾਨਣ ਆਇਆ,
ਇਸ ਨੂੰ ਭੀ ਘੜਿਆਂ ਵਿਚ ਪਾਇਆ।
ਘੜੇ ਤਾਂ ਫਿਰ ਵੀ ਟੁੱਟ ਜਾਂਦੇ ਨੇ,
ਪਰ ਧਰਮਾਂ ਨੇ ਜੱਫਾ ਪਾਇਆ।
ਮੰਦਰੀਂ ਮਸਜਦੀਂ ਤੇ ਗੁਰੂਦੁਆਰੀਂ,
ਮੱਥੇ ਰਗੜਦੇ ਰੱਬ ਰੱਬ ਕਰਦੇ।
ਅਜਿਹਾ ਅੱਲਾ ਰਾਮ ਨਾ ਕੋਈ,
ਜਿਸਨੂੰ ਸਿਜਦੇ ਕਰਦੇ।
ਰੱਬ ਤਾਂ ਸਰਵ-ਵਿਆਪੀ ਖੇਤਰ,
ਤੱਕ ਨਾ ਸਕਦੇ ਸਾਡੇ ਨੇਤਰ।
ਮੀਨ ਸਾਗਰ ਦੇ ਸੰਗ ਸੰਗ ਰਹਿੰਦੀ,
ਪਰ ਸਾਗਰ ਸਾਗਰ ਕਦੀ ਨਾ ਕਹਿੰਦੀ।
ਰੱਬੀ ਸਾਗਰ ਸਰਵ-ਵਿਆਪੀ,
ਜਿਸ ਵਿਚ ਸਾਰੀ ਦੁਨੀਆਂ ਥਾਪੀ।
ਜਿੰਨਾ ਮਰਜ਼ੀ ਜ਼ੋਰ ਲਗਾਈਏ,
ਪਰ ਦਰਸ ਕਦੀ ਨਾ ਰੱਬ ਦਾ ਪਾਈਏ।
ਵਿਦਿਆ ਗਿਆਨ ਵਿਗਿਆਨ ਵਧਾਈਏ,
ਤਾਂ ਜੋ ਭੇਦ ਗੈਬ ਦੇ ਪਾਈਏ।
ਘੁੱਪ ਹਨੇਰ ਦੂਰ ਹੋਵੇ,
ਬੁੱਧੀ ਲਿਸ਼ਕਦੀ ਪਾਈਏ।
ਮਿਸ਼ਨ ਜਿੰਦ ਦਾ ਜਾਣਦੇ ਜਾਣਾ,
ਮਿਸ਼ਨ ਜਿੰਦ ਦਾ ਗਿਆਨ ਵਧਾਉਣਾ।
ਮਿਸ਼ਨ ਜਿੰਦ ਦਾ ਆਪਾ ਬੁਝਣਾ,
ਮਿਸ਼ਨ ਜਿੰਦ ਦਾ ਲੱਭਣਾ ਟਿਕਾਣਾ।
*********
ਜਿੰਦ ਅਸਮਾਨੀ ਜਿੰਦ ਨੂਰਾਨੀ
ਜਿੰਦ ਅਸਮਾਨੀ ਜਿੰਦ ਨੂਰਾਨੀ,
ਜਿੰਦ ਮਿੱਟੀ ਜਿੰਦ ਪਾਣੀ।
ਲੱਖ ਚੁਰਾਸੀ ਜੂਨਾਂ ਵਿਚ ਦੀ,
ਲੰਘੀ ਇਹ ਮਸਤਾਨੀ।
ਮੰਜ਼ਲ ਇਸ ਦੀ ਧਰਤੀ ਸਾਰੀ,
ਮੰਜ਼ਲ ਹੈ ਅਸਮਾਨੀ,
ਮੰਜ਼ਲ ਇਸਦੀ ਨਿਰਾ ਸੱਚ ਹੈ,
ਮੰਜ਼ਲ ਇਸਦੀ ਹੈ ਨੂਰਾਨੀ।
ਇਸਨੇ ਆਪਣੀ ਬੁੱਧ ਵਧਾਉਣੀ,
ਰਹਿ ਨਾ ਸਕੇ ਅਗਿਆਨੀ।
ਵਰਜੇ ਇਸ ਨੂੰ ਚਾਹੇ ਕੋਈ,
ਇਸ ਕਰਨੀ ਮਨਮਾਨੀ।
ਗਿਆਨ ਦਾ ਫਲ ਇਸਨੇ ਖਾਣਾ,
ਇਸ ਬਨਣਾ ਬਹੁਤ ਸਿਆਣੀ।
ਕੱਢੇ ਰੱਬ ਜੇ ਜੰਨਤ ਵਿਚੋਂ,
ਇਸ ਧਰਤੀ ਆ ਵਸਾਉਣੀ।
ਆ ਧਰਤੀ ਤੇ ਕਰਮ ਕਮਾਉਣੇ,
ਜੰਨਤ ਧਰਤ ਬਣਾਉਣੀ।
ਘੁੱਪ ਹਨੇਰੇ ਦੂਰ ਭਜਾਉਣੇ,
ਬਣ ਬਹਿਣਾ ਵਿਗਿਆਨੀ।
ਗਿਆਨ ਦਾ ਲੜ ਇਸ ਨੇ ਫੜਨਾ,
ਸਾਂਝ ਦਿਲਾਂ ਦੀ ਪਾਉਣੀ।
ਅੰਧਵਿਸ਼ਵਾਸ਼ੀ ਦੂਰ ਕਰਨੀ,
ਜਾਣ ਲੈਣਾ ਦਿਲ ਜਾਨੀ।
ਸਾਹਿਬ ਇਸਦਾ ਨਿੱਤ ਨਵਾਂ ਹੈ,
ਨਿੱਤ ਟੋਰੇ ਨਵੀਂ ਕਹਾਣੀ।
ਵਿਗਿਆਨ ਦਾ ਲੜ ਇਸਨੇ ਫੜਨਾ,
ਜਾ ਬਹਿਣਾ ਅਸਮਾਨੀ।
*********
ਜਿਉਂ ਜਿਉਂ ਸਮਾਂ ਬੀਤਦਾ ਜਾਵੇ
ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਪਲ ਪਲ ਜਗ ਬਦਲਾਵੇ।
ਬਦਲ ਰਹੀ ਇਸ ਦੁਨੀਆਂ ਅੰਦਰ,
ਨਿੱਤ ਨਵੀਂ ਸੋਝੀ ਆ ਜਾਵੇ।
ਭਟਕੀਏ ਬੇਸ਼ਕ ਅਸੀਂ ਕੁਰਾਹੀਂ,
ਪਰ ਹਿੰਮਤ ਸਾਡੀ ਡੋਲ ਨਾ ਪਾਵੇ।
ਦੂਰ ਦੁਰੇਡੀ ਮੰਜ਼ਲ ਜਿੰਦ ਦੀ,
ਮੰਜ਼ਲ ਵੱਲ ਨੂੰ ਟੁਰਦੀ ਜਾਵੇ।
ਕਦੀ ਨਾ ਕੋਈ ਸਭ ਕੁਝ ਜਾਣੇ,
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਓਨਾ ਹੀ ਉਹ ਆਖ ਵਿਖਾਣੇ,
ਬਣਦੇ ਜਾਈਏ ਨਿੱਤ ਸਿਆਣੇ।
ਪਰਮ ਸੱਤਾ ਹੈ ਸਰਵ-ਵਿਆਪੀ,
ਹਰ ਕੋਈ ਉਸਦਾ ਸਾਥ ਮਾਣੇ।
ਸਾਹਿਬ ਸਾਡਾ ਨਿਤ ਨਵਾਂ ਹੈ,
ਅਟੱਲ ਹੁਕਮ ਹੈ ਰੱਬੀ ਭਾਣੇ।
ਧਰਮੀ ਬੰਦਾ ਹਰ ਧਰਮ ਦਾ,
ਇਹ ਗੱਲ ਸਦਾ ਹੀ ਨਿਸ਼ਚੇ ਜਾਣੇ।
ਰੱਬ ਤਾਂ ਸਰਵ-ਵਿਆਪੀ ਖੇਤਰ,
ਸਭ ਕੁਝ ਹੋਵੇ ਉਸਦੇ ਭਾਣੇ।
ਰੱਬੀ ਖੇਤਰ, ਸੱਚ-ਖੰਡੀ ਖੇਤਰ,
ਬਦਲੇ ਨਾ ਉਹ ਕਦੀ ਟਿਕਾਣੇ।
ਹਰ ਇੱਕ ਸ਼ੈਅ ਦੇ ਹਿਰਦੇ ਵਸਦਾ,
ਜਿਉਂ ਮੀਨ ਸਾਗਰ ਦਾ ਸੰਗ ਮਾਣੇ।
ਆਪਣੀ ਹੋਂਦ ਉਹ ਆਪੇ ਜਾਣੇ,
ਕਣ ਕਣ ਮਾਇਆ ਦਾ ਪਛਾਣੇ।
ਨੱਚੇ ਟੱਪੇ ਹੱਸੇ ਮਾਇਆ,
ਸਦਾ ਰਹੇ ਪਰ ਰੱਬੀ ਭਾਣੇ।
**********
ਸਾਡੇ ਧੁਰ ਅੰਦਰ ਛਿਪੀ ਹੈ
ਸਾਡੇ ਧੁਰ ਅੰਦਰ ਛਿਪੀ ਹੈ,
ਨੇਕੀ ਅਤੇ ਬੁਰਾਈ।
ਚਾਨਣ ਵੀ ਸਾਡੇ ਅੰਦਰ ਵਸਦਾ,
ਅੰਧਕਾਰ ਭੀ ਭਾਈ।
ਸਿਹਤ ਬਿਮਾਰੀ ਤੇ ਗਰੀਬੀ,
ਜੋ ਅਸਾਂ ਨੇ ਪਾਈ।
ਦੇਣ ਨਹੀਂ ਇਹ ਰੱਬ ਦਾਤੇ ਦੀ,
ਆਪੇ ਕਰੀਏ ਅਸਾਂ ਉਕਾਈ।
ਜੋ ਕੋਈ ਜੈਸਾ ਬਣਨਾ ਲੋਚੇ,
ਵੈਸਾ ਹੀ ਬਣ ਜਾਵੇ।
ਰੱਬੀ ਵਿਸ਼ਵਾਸ਼ ਤੇ ਸਵੈ-ਵਿਸ਼ਵਾਸ਼,
ਸਭ ਕੁਝ ਦੇਵੇ ਭਾਈ।
ਮਹਾਂ ਕਾਲ ਨੇ ਸੋਨੇ ਦੀ ਕੁੰਜੀ,
ਸਾਡੇ ਹੱਥ ਫੜਾਈ।
ਚਾਹੇ ਦੁਆਰ ਸਵਰਗੀ ਖੋਲ੍ਹੋ,
ਚਾਹੇ ਖੋਲ੍ਹੋ ਨਰਕ ਦੇ ਭਾਈ।
ਸਵਾਰ ਇੱਕੋ ਸਵਾਰੀ ਵੱਖਰੀ,
ਇਹ ਕੈਸੀ ਬਣਤ ਬਣਾਈ।
ਸ੍ਵਾਂਗ ਮਾਇਆ ਦੇ ਵੱਖ ਵੱਖ ਨੇ,
ਰੱਬੀ ਜੋਤ ਹੈ ਇੱਕੋ ਭਾਈ।
ਦੁੱਖ ਸੁੱਖ ਨਾ ਰੱਬ ਜੀ ਦੇਵੇ,
ਹਾਣ ਲਾਭ ਨਾ ਕਾਈ।
ਰੱਬੀ ਖੇਤਰ ਜ਼ਿੰਦਗੀ ਬਖਸ਼ੇ,
ਕਰਮਾਂ ਸੰਧੜਾ ਖੇਤ ਹੈ ਭਾਈ।
ਬੇਚੈਨੀ ਜੇ ਦੁਨੀਆਂ ਅੰਦਰ,
ਜਿੰਮੇਵਾਰ ਸਾਰੀ ਦੁਨੀਆਂ ਭਾਈ।
ਸਿਆਸੀ ਸਮਾਜੀ ਅਰਥ-ਵਿਵਸਥਾ,
ਅਸਾਂ ਨੇ ਆਪ ਬਣਾਈ।
ਹੱਕ ਸੱਚ ਦੀ ਗੱਲ ਨਾ ਕਰੀਏ,
ਕਰੀਏ ਨਿੱਤ ਲੁਟਾਈ।
ਕਾਮ ਕ੍ਰੋਧ ਲੋਭ ਮੋਹ ਹਓਮੇਂ,
ਸੰਤੁਲਨ ਨਾ ਰੱਖੀਏ ਕਾਈ।
ਸੁੱਖ ਸ਼ਾਂਤੀ ਮਿਲੇ ਨਾ ਕਿਧਰੇ,
ਅਸਾਂ ਨਿੱਜ ਦੀ ਰੱਟ ਲਗਾਈ।
ਸਰਵ-ਵਿਆਪੀ ਤਾਣਾ ਬਾਣਾ,
ਅਸਾਂ ਤਾਣੀ ਆਪ ਉਲਝਾਈ।
ਫਿਰੀਏ ਕਲਪਦੇ ਡੇਰੀਂ ਜਾਈਏ,
ਅਸੀਂ ਆਪਣੀ ਅਕਲ ਭੁਲਾਈ।
ਕੂੜ ਕੁਫਰ ਦਾ ਹੋਇਆ ਪਸਾਰਾ,
ਅੰਧ-ਵਿਸ਼ਵਾਸ਼ੀ ਹਿੱਸੇ ਆਈ।
ਸਾਡੇ ਦੁੱਖਾਂ ਦੀ ਇਹ ਨਾ ਦਾਰੂ,
ਸਾਨੂੰ ਦੇਵਣ ਭੁੱਲ ਭੁਲਾਈ।
ਕੁੱਲੀ ਜੁੱਲੀ ਜੁੱਲੀ ਦੇ ਮਸਲੇ,
ਹੱਲ ਨਾ ਹੋਵਣ ਕਾਈ।
ਸਭਨਾਂ ਦੁੱਖਾਂ ਦਾ ਇੱਕੋ ਦਾਰੂ,
ਕਿ ਅਰਥ-ਵਿਵਸਥਾ ਬਦਲੋ ਭਾਈ।
ਵਿਦਿਆ ਗਿਆਨ ਵਿਗਿਆਨ ਵਧਾਈਏ,
ਸਮਾਜ ਦੀ ਕਰੀਏ ਮੁੱਢੋਂ ਸੁਧਾਈ।
ਕਿਧਰੇ ਨਾ ਰੁਲੇ ਕੋਈ ਬੱਚਾ,
ਰੁਲੇ ਨਾ ਕੋਈ ਬਾਪੂ ਤੇ ਮਾਈ।
ਐਸਾ ਢਾਂਚਾ ਅਸੀਂ ਬਣਾਈਏ,
ਕਿ ਦੁੱਖ ਮਿਟ ਜਾਵਣ ਭਾਈ।
ਸੇਵਾ ਬਜ਼ੁਰਗਾਂ ਦੀ ਹੋਵੇ,
ਬੱਚੇ ਕਰਨ ਪੜ੍ਹਾਈ।
ਨੱਚਣ ਟੱਪਣ ਹੱਸਣ ਖੇਡਣ,
ਪਿੰਡ ਵਾਲੇ ਕਰਨ ਕਮਾਈ।
ਕੋਈ ਨਾ ਜਾਣੇ ਜਾਤ ਪਾਤ ਨੂੰ,
ਕੋਈ ਨਾ ਜਾਣੇ ਮਾਂ ਬਾਪ ਨੂੰ।
ਸਾਰੇ ਬੱਚੇ ਇੱਕ ਬਰਾਬਰ,
ਬੱਚੇ ਪਿੰਡ ਦੇ ਭਾਈ ਭਾਈ।
ਰੁਚੀ ਮੁਤਾਬਿਕ ਪੜ੍ਹੇ ਹਰ ਬੱਚਾ,
ਹਰ ਕਿਸਮ ਦੀ ਹੋਵੇ ਸਿਖਲਾਈ।
ਧਰਮਾਂ ਦੀ ਗੱਲ ਕੋਈ ਕਰੇ ਨਾ,
ਸਦਾ ਸੱਚ ਦੀ ਕਰੀਏ ਵਡਿਆਈ।
ਸਾਂਭ ਸੰਭਾਲ ਹੋਵੇ ਪੂਰੀ,
ਕਿਧਰੇ ਨਾ ਕੋਈ ਹੋਵੇ ਉਕਾਈ।
ਡਾਕਟਰ ਨਰਸਾਂ ਤੇ ਰਖਵਾਲੇ,
ਰਲ ਮਿਲ ਬੱਚੇ ਸਾਂਭਣ ਭਾਈ।
ਇਹ ਤਾਂ ਇੱਕ ਖਾਕਾ ਹੈ ਸਾਡਾ,
ਅਸਾਂ ਮੋਹਰ ਨਾ ਇਸ 'ਤੇ ਲਾਈ।
ਰਲ ਮਿਲ ਸਿਆਣੇ ਹਰ ਪਿੰਡ ਦੇ,
ਇਸ ਵਿਚ ਕਰਨ ਸੁਧਾਈ।
ਰਲ ਮਿਲ ਬੈਠੋ ਸਾਰੇ ਵੀਰੋ,
ਕੋਈ ਊਚ ਨੀਚ ਨਾ ਕਾਈ।
ਚੌਧਰ ਦੀ ਕੋਈ ਭਾਲ ਕਰੇ ਨਾ,
ਕਰੋ ਸੇਵਾ, ਰੱਖ ਧਨ-ਸਮਾਈ।
ਸਵਰਗ ਧਰਤੀ 'ਤੇ ਆ ਜਾਵੇਗਾ,
ਜੇ ਸਾਂਝ ਦਿਲਾਂ ਦੀ ਪਾਈ।
ਬੁੱਚਾ ਬੁੱਢਾ ਰੁਲੇ ਨਾ ਕੋਈ,
ਪਿੰਡ ਬਣੇ ਨਮੂਨਾ ਭਾਈ।
ਇਹ ਜੋ ਵੋਟਾਂ ਲੈਂਦੇ ਫਿਰਦੇ,
ਸਭ ਲੋਚਣ ਵਡਿਆਈ।
ਲੋਕਾਂ ਦੀ ਕੋਈ ਬਾਤ ਸੁਣੇ ਨਾ,
ਜਦ ਚੌਧਰ ਹੱਥ ਆਈ।
ਇਕਵੰਜਾ ਜਿੱਤਣ ਉਣੰਜਾ ਹਾਰਨ,
ਇਹ ਲੋਕ ਰਾਜ ਨਾਹੀ ਕਾਈ।
ਇੱਕ ਪੱਖੀ ਜੇ ਰਾਜ ਹੋਵੇ,
ਸਭ ਦੀ ਹੋਵੇ ਨਾ ਸੁਣਵਾਈ।
ਤਕੜਿਆਂ ਤੇ ਧਨਾਢਾਂ ਨੇ,
ਚਲਾਇਆ ਸਿਸਟਮ ਕਰ ਚੁਤਰਾਈ।
ਕੋਈ ਗਰੀਬ ਕਦੇ ਅੱਗੇ ਨਾ ਆਵੇ,
ਹੈ ਐਸੀ ਬਣਤ ਬਣਾਈ।
ਗਰੀਬਾਂ ਨੂੰ ਟੁੱਕ ਬੋਚ ਬਣਾਵਣ,
ਉਹਨਾਂ ਨੂੰ ਹੋਸ਼ ਨਾ ਆਵੇ ਕਾਈ।
ਔਖੇ ਸੌਖੇ ਪੜ੍ਹ ਜਾਂਦੇ ਉਹ,
ਹੱਦ ਅੱਠ ਜਮਾਤਾਂ ਦੀ ਪੜ੍ਹਾਈ।
ਲੋਕ ਸੁਧਾਰਨ ਸਿਆਸੀ ਢਾਂਚਾ,
ਖਤਮ ਕਰਨ ਇਹ ਚੁਤਰਾਈ।
ਰਾਜ ਧੜੇ ਦਾ ਰਾਜ ਖੋਟ ਦਾ,
ਇਸ ਵਿਚ ਕਰੀਏ ਕੋਈ ਸੁਧਾਈ।
ਇੱਕ ਪੱਖੀ ਇਸ ਢਾਂਚੇ ਨੇ,
ਪਿੰਡਾਂ ਵਿਚ ਹੈ ਫੁੱਟ ਵਧਾਈ।
ਜ਼ਖਮੀ ਹੋਈ ਲੋਕ ਏਕਤਾ,
ਪਿਆਰ ਦੀ ਅੰਸ਼ ਮੁਕਾਈ।
ਵਿਦਿਆ ਗਿਆਨ ਵਿਗਿਆਨ ਹੀ,
ਕਰੇ ਸਾਡਾ ਕਲਿਆਣ।
ਆਰਥਿਕ ਢਾਂਚਾ ਸਮਤੋਲ ਹੋਵੇ,
ਲੋਕ ਨਾ ਧੱਕੇ ਖਾਣ।
ਦੌਲਤ, ਜਨਮ ਨਾ ਕਰਨ ਫੈਸਲੇ,
ਕਾਬਲੀਅਤ ਹੀ ਪਰਖੀ ਜਾਵੇ।
ਸਭਨਾਂ ਲਈ ਸੇਵਾ ਭਾਵ ਤੇ ਪਿਆਰ,
ਚੌਧਰ ਦੀ ਭੁੱਖ ਪਰੇ ਹਟਾਵੇ।
ਪਿਆਰਾਂ ਵਾਲੇ ਸੇਵਾ ਵਾਲੇ,
ਸੂਝਾਂ ਵਾਲੇ ਵਿਉਂਤਕਾਰ ਹੀ ਅੱਗੇ ਆਉਣ।
ਜਨਮਤ ਹੀ ਉਹ ਜਨਮਤ ਹੈ,
ਨਿਰਪਕਸ਼ ਜੇ ਅੱਗੇ ਲਿਆਉਣ।
ਲੋਕ ਨੁਮਾਇੰਦੇ ਸਾਰੀ ਜਨਤਾ ਦੇ,
ਰਲ ਮਿਲ ਬਹਿ ਕੇ ਕਰਨ ਵਿਚਾਰ।
ਇੱਕ ਵਾਰੀ ਨਹੀਂ, ਸੌ ਵਾਰੀ,
ਦੇਸ਼ ਕੌਮ ਦਾ ਕਰਨ ਸੁਧਾਰ।
*********
ਬੋਹੜ ਦੀ ਜੜ੍ਹ ਫੜਕੇ ਬਹਿਣਾ
ਬੋਹੜ ਦੀ ਜੜ੍ਹ ਫੜ ਕੇ ਬਹਿਣਾ,
ਗੱਲ ਨਾ ਚੰਗੀ ਕਾਈ।
ਟੁਰਦੀ ਜਾਵੇ ਦੁਨੀਆਂ ਸਾਡੀ,
ਸਮਾਂ ਬਦਲਦਾ ਭਾਈ।
ਕਟੜਪੁਣਾ ਕਦੀ ਨਾ ਚੰਗਾ,
ਜੋ ਜੋਰੀਂ ਗੱਲ ਮਨਵਾਵੇ।
ਪਿਆਰ ਮੁਹੱਬਤ ਨਾਲ ਸਭ ਨੂੰ,
ਆਪਣੀ ਗੱਲ ਸਮਝਾਵੇ।
ਇਹ ਜੋ ਧਰਮ ਚੁਗਿਰਦੇ ਸਾਡੇ,
ਸਮੇਂ ਦੇ ਫੁੱਲ ਮਹਾਨ।
ਪਰ ਮੁਰਝਾਏ ਸਾਰੇ ਦੇ ਸਾਰੇ,
ਬਦਲ ਗਿਆ ਇਨਸਾਨ।
ਮੂਸਾ ਆਇਆ ਈਸਾ ਆਇਆ,
ਮਹਾਂਵੀਰ ਤੇ ਬੁੱਧ ਭਗਵਾਨ।
ਜੋਰਾਸ਼ਟਰ ਵੀ ਆਇਆ ਏਥੇ,
ਮੁਹੰਮਦ ਜੀ ਲੈ ਆਏ ਕੁਰਾਨ।
ਵਿਚ ਪੰਜਾਬੇ ਨਾਨਕ ਆਇਆ,
ਨੀਚਾਂ ਦਾ ਉਸ ਸਾਥ ਨਿਭਾਇਆ।
ਕੂੜ ਕੁਫਰ ਨੂੰ ਦੂਰ ਕਰਨ ਲਈ,
ਦੱਸੀ ਰੱਬ ਦੀ ਸ਼ਾਨ।
ਰਿਸ਼ੀ ਮੁਨੀ ਵੀ ਹੋ ਹੋ ਗਏ,
ਗੱਲ ਉਹਨਾਂ ਦੀ ਪੁੱਗੀ।
ਅੰਧ-ਵਿਸ਼ਵਾਸ਼ੀ ਛੱਡ ਦੇ ਵੀਰਾ,
ਆਇਆ ਹੁਣ ਵਿਗਿਆਨ।
ਹੁਣ ਨਾ ਰੱਬ ਅਸਮਾਨੀ ਰਹਿੰਦਾ,
ਹੁਣ ਨਾ ਰੱਬ ਸੱਚ-ਖੰਡੀਂ ਬਹਿੰਦਾ।
ਅਟੱਲ ਵਿਸ਼ਵਾਸ਼ ਜੇਕਰ ਹੋਵੇ,
ਅਟੱਲ ਹੁਕਮ ਉਸਦਾ ਫੁਰਮਾਨ।
ਨਾ ਕੋਈ ਫਰਿਸ਼ਤਾ ਮੋਢੇ ਤੇਰੇ,
ਨਾ ਕੋਈ ਜਮ ਹੁਣ ਆਵੇ ਨੇੜੇ।
ਧਰਮ ਰਾਜ ਨਾ ਲੇਖਾ ਮੰਗੇ,
ਕਰਮਾਂ ਦੇ ਨਿੱਤ ਹੋਣ ਨਿਬੇੜੇ।
ਇਹ ਪ੍ਰਬੰਧ ਨਿਆਰਾ ਚੱਲੇ,
ਪਰਮ ਸੱਤਾ ਦੀ ਬੱਲੇ-ਬੱਲੇ।
ਆਪੋ ਸਭ ਕੁਝ ਹੁੰਦਾ ਜਾਵੇ,
ਅਟੱਲ ਹੁਕਮ ਸਭ ਕਾਰ ਕਮਾਵੇ।
**********
ਕੰਮ ਬੰਦੇ ਦਾ ਅੱਗੇ ਟੁਰਨਾ
ਕੰਮ ਬੰਦੇ ਦਾ ਅੱਗੇ ਟੁਰਨਾ,
ਕੁਝ ਨਵਾਂ ਨਿੱਤ ਇਸਨੇ ਕਰਨਾ।
ਨਦੀਆਂ ਨਾਲੇ ਲੰਘ ਕੇ ਸਾਰੇ,
ਡੂੰਘੇ ਸਾਗਰਾਂ ਵਿਚ ਜਾ ਵੜਨਾ।
ਲੱਭ ਲੱਭ ਕੇ ਹੀਰੇ ਮੋਤੀ,
ਸੱਤ ਅਸਮਾਨੀ ਜਾ ਚੜ੍ਹਨਾ।
ਘੁੱਪ ਹਨੇਰੇ ਦੂਰ ਭਜਾਉਣੇ,
ਐਸਾ ਚਾਨਣ ਇਸ ਨੇ ਕਰਨਾ।
ਕੂੜ ਕੁਫਰ ਤੇ ਮੂਲਵਾਦ ਸੰਗ,
ਜਾਨ ਹੀਲ ਕੇ ਇਸਨੇ ਲੜਨਾ।
ਘੁੱਪ ਹਨੇਰੀਂ ਕਦੀ ਨਾ ਬਹਿਣਾ,
ਜਿੱਥੋਂ ਮਿਲੇ ਜਾ ਚਾਨਣ ਫੜਨਾ।
ਰੱਬ ਜੀ ਦੇ ਸੰਗ ਸਦਾ ਹੀ ਰਹਿਣਾ,
ਰੱਬ ਰੱਬ ਇਸਨੇ ਕਦੀ ਨਾ ਕਰਨਾ।
ਪਰਮ ਸੱਤਾ ਹੈ ਸੱਤਾ ਇਸਦੀ,
ਕੂੜ ਕੁਫਰ ਤੋਂ ਕਦੀ ਨਾ ਡਰਨਾ।
ਅੰਧ-ਵਿਸ਼ਵਾਸ਼ ਇਸਨੇ ਛੱਡਣਾ,
ਗੱਲ ਵਿਗਿਆਨ ਦੀ ਹੀ ਕਰਨਾ।
ਪੀਣਾ ਪਵੇ ਜੇ ਜ਼ਹਿਰ ਪਿਆਲਾ,
ਸਦਾ ਸੱਚ ਦਾ ਲੜ ਇਸਨੇ ਫੜਨਾ।
ਹੱਕ ਸੱਚ 'ਤੇ ਪਹਿਰਾ ਦੇਣਾ,
ਲੋਟੂਆਂ ਸੰਗ ਇਸਨੇ ਲੜਨਾ।
ਨੀਚਾਂ ਅੰਦਰ ਨੀਚ ਜਾਤ,
ਅਤਿ ਨੀਚਾਂ ਸੰਗ ਇਸਨੇ ਖੜ੍ਹਨਾ।
ਤੱਤੀਆਂ ਤਵੀਆਂ 'ਤੇ ਜਾ ਬਹਿਣਾ,
ਦੇਗ ਉਬਾਲੇ ਖਾ ਖਾ ਮਰਨਾ।
ਆਰਿਆਂ ਨਾਲ ਸੀਸ ਚਿਰਵਾਉਣੇ,
ਬੰਦ ਬੰਦ ਇਸਨੇ ਕਟਵਾਉਣੇ।
ਮਾਂ ਪਿਓ ਪੁੱਤ ਵਾਰ ਕੇ ਸਾਰੇ,
ਸ਼ੁਕਰ ਮਨਾ ਕੇ ਕਹਿਣਾ।
''ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਦਾ ਰਹਿਣਾ।''
ਬੋਟੀ ਬੋਟੀ ਕਰਵਾ ਕੇ ਬੱਚੇ,
ਝੋਲੀਆਂ ਵਿਚ ਪਵਾਉਣੇ।
ਚੜ੍ਹ ਜਾਣਾ ਚਰਖੜੀਆਂ ਉੱਤੇ,
ਮੂੰਹ ਵਿਚ ਕਲੇਜੇ ਪੁੱਤਾਂ ਦੇ ਪਵਾਉਣੇ।
ਹੱਕ ਸੱਚ ਲਈ ਲੜਦੇ ਜਾਣਾ,
ਕੂੜ ਕੁਫਰ ਨੂੰ ਦੂਰ ਕਰਨਾ।
ਭੇਡਾਂ ਵਾਂਗੂੰ ਨਾ ਮੈਂ ਮੈਂ ਕਰਨੀ,
ਅੰਧ-ਵਿਸ਼ਵਾਸ਼ੀ ਕਦੀ ਨਾ ਜਰਨਾ।
ਖਦੀਜਾ ਦਾ ਸੁਦਾਗਰ ਬਣਕੇ,
ਕਦੀ ਵਪਾਰ ਇਸਨੇ ਕਰਨਾ।
ਤੱਕ ਦੁਨੀਆਂ ਨੂੰ ਭੁੱਲੀ ਭਟਕੀ,
ਕੂੜ ਕੁਫਰ ਸੰਗ ਇਸਨੇ ਲੜਨਾ।
ਨਾ ਕਬੁੱਧੀ ਨਾ ਕੋਈ ਸ਼ੁੱਧੀ,
ਹਰ ਕਿਸੇ ਨੂੰ ਪਿਆਰ ਕਰਨਾ।
ਜਾਤ ਪਾਤ ਨਾ ਇਸਨੇ ਮੰਨਣੀ,
ਅਤਿ ਨੀਚਾਂ ਸੰਗ ਇਸਨੇ ਖੜ੍ਹਨਾ।
ਪਾਣੀ ਹੁੰਦਿਆਂ ਪੀ ਨਾ ਸਕਣਾ,
ਪਿਆਸੇ ਹੀ ਮਰ ਜਾਣਾ।
ਜ਼ਾਲਮ ਐਸਾ ਜ਼ੁਲਮ ਕਮਾਇਆ,
ਸਦੀਆਂ ਤੀਕ ਨਾ ਜਾਏ ਭੁਲਾਇਆ।
ਜ਼ੁਲਮੋਂ ਸਿਤਮ ਸਾਰੇ ਝੱਲਣੇ,
ਸੱਚ ਲਈ ਸਦਾ ਲੜਦੇ ਜਾਣਾ।
ਧਰਤੀ ਉੱਪਰ ਜੰਨਤ ਲਿਆ ਕੇ,
ਫਿਰ ਜੰਨਤ ਵਿਚ ਜਾਣਾ।
ਸਰਵ-ਵਿਆਪੀ ਸੰਗ ਸੰਗ ਸਭ ਦੇ,
ਕਿਧਰੇ ਹੋਰ ਨਹੀਂ ਲੱਭਣ ਜਾਣਾ।
ਨਾ ਹੀ ਉਸ 'ਤੇ ਕੋਈ ਗਿਲਾ ਹੈ,
ਸਿਰ-ਮੱਥੇ ਮੰਨੀਏ ਉਸਦਾ ਭਾਣਾ।
ਗੀਤ ਆਜ਼ਾਦੀ ਦੇ ਗਾਉਣੇ,
ਮਜ਼ਲੂਮਾਂ ਸੰਗ ਇਸਨੇ ਖੜ੍ਹਨਾ।
ਚੜ੍ਹਨਾ ਪਵੇ ਜੇ ਸੂਲੀ ਉੱਤੇ,
ਖਿੜੇ ਮੱਥੇ ਜਾ ਸੂਲੀ ਚੜ੍ਹ੍ਵਨਾ।
ਭੇਦ ਗੈਬ ਦੇ ਇਸ ਨੇ ਬੁੱਝਣਾ,
ਬ੍ਰਹਿਮੰਡੀਂ ਜਾ ਇਸਨੇ ਵੜਨਾ।
ਧਰਤੀਆਂ ਚੰਦਾਂ ਸਿਆਰਿਆਂ ਉੱਤੇ,
ਵਾਰ ਵਾਰ ਜਾ ਇਸਨੇ ਖੜ੍ਹਨਾ।
ਰੱਬੀ ਰਾਜ ਧਰਤ 'ਤੇ ਆਵੇ,
ਛੱਡ ਦੇਈਏ ਆਪਸ ਵਿਚ ਲੜਨਾ।
ਵੈਰ ਵਿਰੋਧ ਵਿਸਾਰ ਕੇ ਸਾਰੇ,
ਇੱਕ ਦੂਜੇ ਦਾ ਦਰਦ ਕਰਨਾ।
ਵਿਗੜ ਚੁੱਕਿਆ ਆਰਥਿਕ ਢਾਂਚਾ,
ਸਾਰੇ ਹੀ ਜਗ ਦਾ ਠੀਕ ਕਰਨਾ।
ਧੰਨ ਦੌਲਤ ਜਨਮ ਧਰਮ ਦੀ ਪਰਵਾਹ ਨਾ ਕਰਨਾ,
ਅਕਲਮੰਦਾਂ ਨੂੰ ਅੱਗੇ ਕਰਨਾ।
********
ਨਾ ਕੋਈ ਏਥੇ ਪੁੱਤਰ ਰੱਬ ਦਾ
ਨਾ ਕੋਈ ਏਥੇ ਪੁੱਤਰ ਰੱਬ ਦਾ,
ਨਾ ਕੋਈ ਇਬਲੀਸ ਦਾ ਜਾਇਆ।
ਪੁੱਤ ਆਦਮ ਦਾ ਜਾਮਾ ਜਿੰਦ ਦਾ,
ਮਸਾਂ ਮਸਾਂ ਜਿੰਦ ਨੇ ਗਲ ਪਾਇਆ।
ਸਮਾਂ ਬਲੀ ਹੈ ਬਲੀ ਉਪਾਵੇ,
ਜਿੰਦ ਰਾਣੀ ਦਾ ਸਾਥ ਨਿਭਾਇਆ।
ਆਦਮ ਦਾ ਜਾਮਾ ਪਾਉਣ ਤੋਂ ਪਹਿਲਾਂ,
ਜੀਵ ਨੂੰ ਸਬਕ ਸਿਖਾਉਂਦਾ ਆਇਆ।
ਘੁੱਪ ਹਨੇਰੇ ਬਹੁਤ ਹੰਢਾਏ,
ਆਖਰ ਚਾਨਣ ਨਜ਼ਰੀਂ ਆਇਆ।
ਕਿਉਂ, ਕਿਵੇਂ ਅਤੇ ਕਿਥੇ ਪੁੱਛਦਾ,
ਗਿਆਨ ਜਗਤ ਦਾ ਇਸਨੇ ਪਾਇਆ।
ਪੀਹੜੀ ਦਰ ਪੀਹੜੀ ਸਿੱਖਦਾ ਆਇਆ,
ਵੇਦ ਕੁਤੇਬ ਪੁਰਾਣ ਕੁਰਾਨ।
ਹੋ ਹੋ ਕੇ ਅੰਤਰ ਧਿਆਨ,
ਬਹੁਤ ਗਰੰਥ ਲਿਖਦਾ ਆਇਆ।
ਘੁੱਪ ਹਨੇਰਾ ਅਜੇ ਵੀ ਏਥੇ,
ਪੂਰਾ ਚਾਨਣ ਕਦੀ ਨਾ ਪਾਇਆ।
ਮੁਰਖ ਬੰਦਾ ਪਿੱਛਲਗ ਬਣਿਆ,
ਦੁਨੀਆਂ ਵਿਚ ਖੜਦੁੰਮ ਮਚਾਇਆ।
ਸਮਾਜੀ ਸਿਆਸੀ ਝਗੜੇ ਬਥੇਰੇ,
ਧਰਮਾਂ ਨੇ ਝਗੜਾ ਹੋਰ ਵਧਾਇਆ।
ਹਜ਼ਾਰਾਂ ਸਾਲਾਂ ਦਾ ਲੱਭਿਆ ਚਾਨਣ,
ਦੁਨੀਆਂ ਨੇ ਘੜਿਆਂ ਵਿਚ ਪਾਇਆ।
ਮਸਾਂ ਮਸਾਂ ਵਿਗਿਆਨ ਦਾ,
ਹੁਣ ਜ਼ਮਾਨਾਂ ਆਇਆ।
ਘੁੱਪ ਹਨੇਰਾ ਦੂਰ ਹੋ ਜਾਣਾ,
ਲਟ ਲਟ ਕਰਦਾ ਚਾਨਣ ਆਇਆ।
ਅੰਧ-ਵਿਸ਼ਵਾਸ਼ੀ ਫੈਲੀ ਜਗ ਵਿੱਚ,
ਬਿਨ ਘੋਖੇ ਪੜਚੋਲੇ ਵੱਖਰੇ ਰਾਹ ਬਣਾਏ।
ਕੂੜ ਕੁਫਰ ਵਿਚ ਉਲਝੇ ਸਾਰੇ,
ਅੰਧ-ਵਿਸ਼ਵਾਸ਼ੀ ਨੇ ਉਲਝਾਏ।
ਅੱਲ੍ਹਾ ਵਾਲੇ ਸੌਂ ਗਏ ਸਾਰੇ,
ਫਿਰਨ ਘੁੰਮਦੇ ਇਬਲਵੀਸ ਦੇ ਜਾਏ।
ਲੁੱਟੇ ਗਏ ਸੁਹਾਗ ਹੂਰਾਂ ਦੇ,
ਨਿੱਕ ਮੁਨੁਕੇ ਯਾਤੀਮ ਬਣਾਏ।
ਬਣ ਅਗਿਆਨੀ ਕਰਨ ਅਵੱਗਿਆ,
ਹਥਿਆਰ ਕੂੜ ਦੇ ਹੱਥੀਂ ਚਾਏ।
ਹੱਕ ਸੱਚ ਨਾ ਨੇੜੇ ਤੇੜੇ,
ਅੰਧ-ਵਿਸ਼ਵਾਸ਼ੀ ਨੇ ਭਰਮਾਏ।
ਇਬਰਾਹੀਮ ਦੇ ਇਹਨਾਂ ਜਾਇਆਂ ਨੂੰ,
ਕਿਉਂ ਨਾ ਕੋਈ ਫੜ ਸਮਝਾਏ।
ਯਹੂਦੀ ਈਸਾਈ ਤੇ ਮੁਸਲਿਮ,
ਇਬਲੀਸ ਨੇ ਇਹ ਭਰਮਾਏ।
ਪਾਉਣ ਵਿਗਾੜ ਧਰਤੀ ਉੱਤੇ,
ਇਬਰਾਹੀਮ ਦੇ ਸਾਰੇ ਜਾਏ।
ਹੱਕ ਸੱਚ ਨਾ ਇਹਨਾਂ ਦੇ ਪੱਲੇ,
ਅੰਧ-ਵਿਸ਼ਵਾਸ਼ੀ ਨੇ ਭਰਮਾਏ।
ਕਿਉਂ ਨਾ ਬੈਠ ਕੇ ਸੋਚਣ ਸਾਰੇ,
ਯਹੂਦੀ ਮੁਸਲਿਮ ਤੇ ਈਸਾਈ।
ਇਬਰਾਹੀਮ ਦੇ ਸਾਰੇ ਬੱਚੇ,
ਆਪਸ ਵਿਚ ਨੇ ਭਾਈ ਭਾਈ।
ਲਿਬਨਾਨ ਮਚਾਇਆ ਫਲਸਤੀਨ ਸਾੜਿਆ,
ਈਰਾਕ ਵਿਚ ਹੈ ਖੂਨ ਵਹਾਇਆ।
ਅਫਗਾਨਿਸਤਾਨ ਵੀ ਨਿੱਤ ਮੱਚਦਾ ਹੈ,
ਹਿੰਦ-ਪਾਕਿ ਦੁੱਖਾਂ ਮੂੰਹ ਆਇਆ।
ਕਿਉਂ ਨਾ ਰਲ ਕੇ ਬੈਠੀਏ ਸਾਰੇ,
ਆਦਮ ਦੇ ਅਸੀਂ ਬੱਚੇ ਸਾਰੇ।
ਮਾਂ ਹਵਾ ਦੇ ਸਭ ਦੁਲਾਰੇ,
ਕਿਉਂ ਕੋਈ ਇੱਕ ਦੂਜੇ ਨੂੰ ਮਾਰੇ।
*********
ਹਲ ਦਾ ਮੁੰਨਾ ਫੜ ਨਾ ਬੈਠੀਂ
ਹੱਲ ਦਾ ਮੁੰਨਾ ਫੜ ਨਾ ਬੈਠੀਂ,
ਸਮੇਂ ਨੇ ਸੰਦ, ਨਵੇਂ ਬਣਾਏ।
ਮਰ ਮੁੱਕ ਜਾਂਦਾ ਉਹ ਸਦਾ ਲਈ,
ਜੋ ਸਮੇਂ ਦੇ ਮੇਚ ਨਾ ਆਏ।
ਟੋਰ ਸਮੇਂ ਦੀ ਅਕਲਾਂ ਵੰਡੇ,
ਸਮਾਂ ਤਾਂ ਪਲ ਪਲ ਸੂਝ ਵਧਾਏ।
ਸਮਾਂ ਤਾਂ ਸਾਡੇ ਅੱਜ ਨੂੰ,
ਬਹੁਤ ਪਿੱਛੇ ਛੱਡ ਜਾਏ।
ਜੋ ਕੱਲ੍ਹ ਉਹ ਅੱਜ ਨਹੀਂ ਹੈ,
ਜੋ ਅੱਜ ਉਹ ਕੱਲ੍ਹ ਨਾ ਹੋਵੇ।
ਇਕੋ ਹੁਕਮ ਅਟੱਲ ਚੱਲੇ,
ਜੋ ਜੱਗ ਨੂੰ ਨਿੱਤ ਬਦਲਾਏ।
ਖੜ੍ਹੇ ਪਾਣੀਆਂ ਵਿਚ ਜੋ ਨਹਾਵੇ,
ਦਰਿਆ ਦਾ ਮੁੱਲ ਉਹ ਕੀ ਪਾਏ।
ਬਹਿ ਜਾਵੇ ਫੜ ਧਰਮ ਪੁਰਾਣੇ,
ਵਿਗਿਆਨ ਨੂੰ ਕਦੀ ਨਾ ਉਹ ਅਪਣਾਏ।
ਸਰਵ-ਵਿਆਪੀ ਦਾ ਤਾਣਾ ਬਾਣਾ,
ਜਿੰਦ ਰਾਣੀ ਨੇ ਜਾਮੇ ਪਾਏ।
ਖੀਨ ਖਾਬ ਦਾ ਮੁੱਲ ਕੀ ਜਾਣੇ,
ਜੋ ਖੱਦਰ ਨਿੱਤ ਹੰਢਾਏ।
ਸਮੇਂ ਦੀ ਐਹਰਨ ਦਾ ਕੁਟਾਪਾ,
ਜਗ ਵਿਚ ਸੂਝ ਵਧਾਏ।
ਖੰਜਰ ਬਰਛੇ ਤੇ ਤ੍ਰਿਸ਼ੂਲਾਂ,
ਨਿੱਤ ਭੱਠੀ ਵਿਚ ਪਾਏ।
ਸਮਾਂ ਢੰਡੋਰਾ ਦੇ ਕੇ ਵੇਚੇ,
ਜੋ ਮੇਚ ਸਮੇਂ ਦੇ ਆਏ।
ਮਨੁੱਖਤਾ ਦਾ ਕੱਦ ਵਧਦਾ ਜਾਵੇ,
ਬੇਮੇਚਾ ਕੋਈ ਕਿਵੇਂ ਹੰਢਾਏ।
*********
ਬਹੁਰੰਗੀ ਦੁਨੀਆਂ ਰੰਗ ਇਕੋ ਹੈ
ਬਹੁਰੰਗੀ ਦੁਨੀਆਂ ਰੰਗ ਇਕੋ ਹੈ,
ਵੱਖ ਵੱਖ ਫੁੱਲ ਉਗਾਏ।
ਦਰਦੇ ਦਿਲ ਦੀ ਲੋੜ ਬੰਦੇ ਨੂੰ,
ਕਿਉਂ ਕੋਈ ਵੈਰ ਕਮਾਏ।
ਜੜ੍ਹ ਇਕੋ ਤ੍ਰਿਵੈਣੀ ਉੱਗੀ,
ਬਹੁ-ਟਹਿਣੀ ਬਣ ਜਾਏ।
ਹਰ ਕੋਈ ਆਪਣੀ ਟਹਿਣੀ ਉੱਤੇ,
ਆਪਣੀ ਜਿੰਦ ਲੰਘਾਏ।
ਧਰਤ ਸਾਡੀ ਸਭ ਦੀ ਸਾਂਝੀ,
ਮਤ ਕੋਈ ਵੰਡੀਆਂ ਪਾਏ।
ਅੰਧ-ਵਿਸ਼ਵਾਸ਼ੀ ਕੋਈ ਕਰੇ ਨਾ,
ਅਕਲੀਂ ਜਿੰਦ ਲੰਘਾਏ।
ਆਪਣੀ ਆਪਣੀ ਬੁੱਧ ਹੈ ਸਾਡੀ,
ਆਪਣੀ ਆਪਣੀ ਸ਼ੁੱਧ ਹੈ ਸਾਡੀ।
ਸਮੇਂ ਦਾ ਚੱਕਰ ਚੱਲਦਾ ਜਾਵੇ,
ਬੁੱਧ ਤੇ ਸ਼ੁੱਧ ਵਧਾਏ।
ਬੀਤ ਗਏ ਨੂੰ ਚਿੰਬੜੇ ਨਾ ਕੋਈ,
ਨਿੱਤ ਅੱਗੇ ਟੁਰਦਾ ਜਾਏ।
ਜੋ ਕੱਲ੍ਹ ਉਹ ਅੱਜ ਨਹੀਂ ਹੈ,
ਸਮਾਂ ਬਦਲਦਾ ਜਾਏ।
ਸਮੇਂ ਦੇ ਸੰਗ ਸੰਗ ਟੁਰਦੇ ਜਾਣਾ,
ਕਿਉਂ ਨਾ ਬੰਦੇ ਨੂੰ ਭਾਏ,
ਸਾਹਿਬ ਸਾਡਾ ਨੀਤ ਨਵਾਂ ਹੈ,
ਨਿੱਤ ਨਵਾਂ ਉਹ ਬਣ ਕੇ ਆਏ।
ਟੋਰ ਜਿੰਦ ਦੀ ਕਿਉਂ ਖਲੋਵੇ,
ਕਿਉਂ ਜਿੰਦ-ਬੂਟਾ ਮੁਰਝਾਏ।
ਘੁੱਪ ਹਨੇਰਾ ਦੂਰ ਹੋਵੇ,
ਜਿੰਦ ਬੂਟਾ ਖਿੜਦਾ ਜਾਏ।
ਹਜ਼ਾਰਾਂ ਧਰਤੀਆਂ ਕਰਨ ਉਡੀਕਾਂ
ਜਿੰਦ ਜਾ ਕੇ ਡੇਰੇ ਲਾਏ।
ਅਸਮਾਨੀ ਆਵਾਜਾਈ ਹੋਵੇ,
ਬ੍ਰਹਿਮੰਡੀ ਆਏ ਜਾਏ।
ਚਿੰਬੜ ਜਾਣ ਚੁੜੇਲਾਂ ਵਾਂਗੂੰ
ਚਿੰਬੜ ਜਾਣ ਚੁੜੇਲਾਂ ਵਾਗੂੰ,
ਜੋ ਪੁਰਾਣੇ ਰਾਹਾਂ ਨੂੰ ਬੰਦੇ।
ਸਮੇਂ ਦੇ ਅਨੁਕੂਲ ਨਾ ਰਹਿੰਦੇ,
ਐਸੇ ਜਗ ਵਿਚ ਬੰਦੇ।
ਮੂਲਵਾਦੀ ਅੱਤਵਾਦੀ ਬਣਦੇ,
ਅੰਧ-ਵਿਸ਼ਵਾਸ਼ੀ ਬੰਦੇ।
ਧਰਮ ਲਈ ਉਹ ਮਰਦੇ ਫਿਰਦੇ,
ਪਰ ਕੰਮ ਉਹਨਾਂ ਦੇ ਮੰਦੇ।
ਸਾਡੀਆਂ ਅੱਖਾਂ ਵਿਚ ਕੋਈ ਸੁਰਮਾ,
ਜੇ ਸੂਝ ਬੂਝ ਤੇ ਸੱਚ ਦਾ ਪਾਏ।
ਪੀਣਾ ਪਵੇ ਉਹਨੂੰ ਜ਼ਹਿਰ ਪਿਆਲਾ,
ਜਾਂ ਫਤਵਾ ਲੱਗ ਜਾਏ।
ਮਜ਼ਲੂਮਾਂ ਸੰਗ ਜੇ ਕੋਈ ਖਲੋਵੇ,
ਦੇਗ ਉਬਾਲੇ ਉਹ ਖਾਏ।
ਜਿਉਂਦੇ ਜੀਅ ਉਹ ਸਾੜਿਆ ਜਾਵੇ,
ਚੁਰਸਤੇ ਵਿਚ ਜਾ ਸੀਸ ਕਟਾਏ। =ਗੁਰੂ ਤੇਗ ਬਹਾਦਰ
ਸਾਡੇ ਰਾਹੀਂ ਘੁੱਪ ਹਨੇਰੇ,
ਇੱਕ ਲਿਸ਼ਕ ਜੇਹੀ ਦਿਸ ਆਏ।
ਉਸਦੀ ਸੇਧ ਟੁਰਦੇ ਜਾਈਏ,
ਕਰੇ ਇਸ਼ਾਰੇ ਟਿਮ-ਟਮਾਏ।
ਅੱਖਾਂ ਬੰਦ ਕਰ ਟੁਰਦਾ ਬੰਦਾ,
ਇੱਕ ਦੂਜੇ ਸੰਗ ਜਾ ਟਕਰਾਏ।
ਦੂਈ ਦਵੈਸ਼ ਨੂੰ ਮਨੋ ਭੁਲਾਕੇ,
ਕਿਉਂ ਨਾ ਪਿਆਰ ਵਧਾਏ।
ਰੱਬ ਰੱਬ ਕਰਦਾ ਰੱਬ ਨੂੰ ਲੱਭਦਾ,
ਰੱਬ ਨਾ ਨਜ਼ਰੀਂ ਆਏ।
ਮੀਨ ਸਾਗਰ ਨੂੰ ਛੱਡ ਨਹੀਂ ਸਕਦੀ,
ਸਾਗਰ ਨੂੰ ਉਹ ਤੱਕ ਨਾ ਪਾਏ।
ਸਾਗਰ ਉਸਦੇ ਚਾਰ ਚੁਫੇਰੇ,
ਸਾਗਰ ਨਾ ਲੱਭਿਆ ਜਾਏ।
ਰੱਬੀ ਖੇਤਰ ਸਰਵ-ਵਿਆਪੀ,
ਬੰਦਾ ਬੁੱਝ ਨਾ ਪਾਏ।
ਦੈਵੀ ਗੁਣਾਂ ਦਾ ਰੱਬ ਮੁਜ਼ੱਸਮਾ,
ਨੇਕੀ ਦਾ ਪੁੰਜ ਰੱਬ ਅਖਵਾਏ।
ਪਰ ਇਹ ਦੁਨੀਆਂ ਦੋ ਮੂੰਹੀਂ ਹੈ,
ਸ਼ੈਤਾਨ ਵੀ ਸੰਗ ਸੰਗ ਆਏ।
*********
ਗਿਆਨ ਵਿਹੂਣੇ ਆਦਮੀ
ਗਿਆਨ ਵਿਹੂਣੇ ਆਦਮੀ,
ਲੱਭਦੇ ਫਿਰਦੇ ਰੱਬ।
ਰੱਬ ਦਿਖਾਵਣ ਸਭ ਨੂੰ,
ਡੇਰੀਂ ਬੈਠੇ ਠੱਗ।
ਇਲਮ ਬਿਨਾ ਅਗਿਆਨੀ ਸਾਰੇ,
ਨਾ ਮੱਤ ਨਾ ਚੱਜ਼।
ਬੰਦਿਆਂ ਨੂੰ ਬੰਦਾ ਮਾਰੇ,
ਥਾਂ ਥਾਂ ਲਾਵੇ ਅੱਗ।
ਅੱਜ ਸਮਾਂ ਵਿਗਿਆਨ ਦਾ,
ਨਾ ਰੱਬ ਦਾ ਨਾ ਸ਼ੈਤਾਨ ਦਾ।
ਨਾ ਦੋਜ਼ਖ ਦਾ ਨਾ ਜੰਨਤ ਦਾ,
ਹੁਣ ਆਇਆ ਸਮਾਂ ਇਨਸਾਨ ਦਾ।
ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਸੂਝ ਸਮਝ ਵੀ ਵਧਦੀ ਜਾਵੇ।
ਪਲ ਪਲ ਸਾਡਾ ਜਗ ਬਦਲਾਵੇ,
ਬੀਤ ਗਿਆ ਮੁੜ ਕਦੀ ਨਾ ਆਵੇ।
ਵਿਦਿਆ ਗਿਆਨ ਵਿਗਿਆਨ ਵਧਾਈਏ,
ਭੇਦ ਗੈਬ ਦੇ ਬੁਝਦੇ ਜਾਈਏ।
ਇੱਕ ਮੰਜ਼ਲ ਤੋਂ ਦੂਜੀ ਮੰਜ਼ਲ,
ਵਾਹੋ ਦਾਹੀ ਟੁਰਦੇ ਜਾਈਏ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਓਨਾ ਹੀ ਉਹ ਕਹਿ ਸੁਣਾਏ।
ਧੁਰ ਕੀ ਬਾਣੀ ਤੇ ਇਲਹਾਮ,
ਦੈਵੀ ਸ਼ਕਤੀ ਬਖਸ਼ਦੀ ਜਾਏ।
ਸਮੇਂ ਮੁਤਾਬਿਕ ਬਾਣੀ ਆਵੇ,
ਸਮੇਂ ਮੁਤਾਬਿਕ ਹੋਵੇ ਇਲਹਾਮ।
ਸਾਹਿਬ ਸਾਡਾ ਨਿੱਤ ਨਵਾਂ ਹੈ,
ਨਿੱਤ ਨਵੇਂ ਭੇਜੇ ਕਲਾਮ।
ਮਤ ਕੋਈ ਮੋਹਰ ਜਾਨਣ ਦੀ ਲਾਵੇ,
ਬੀਤੇ ਸਮਾਂ, ਵਧੇ ਗਿਆਨ।
ਗੈਬੀ ਗੱਲਾਂ ਵਿਗਿਆਨ ਬੁੱਝੇ,
ਬਣੇ ਸਿਆਣਾ ਨਿੱਤ ਇਨਸਾਨ।
ਅੰਧ-ਵਿਸ਼ਵਾਸ਼ੀ ਰਾਹ ਰੋਕੇ,
ਉਜੱਡਪੁਣਾ ਰੋਕੇ ਗਿਆਨ।
ਜਿੰਦ ਦਰਿਆ ਨੇ ਚੱਲਦੇ ਜਾਣਾ,
ਵਧਦਾ ਜਾਣਾ ਹੈ ਵਿਗਿਆਨ।
*********
ਘੁੱਪ ਹਨੇਰੀਂ ਕਦੀ ਨਾ ਬੈਠੀਂ
ਘੁੱਪ ਹਨੇਰੀਂ ਕਦੀ ਨਾ ਬੈਠੀਂ,
ਹੂੰਝੀ ਘੁੱਪ ਹਨੇਰੇ।
ਢੈਹਿੰਦੀ ਕਲਾ ਵਿਚ ਕਦੀ ਨਾ ਜਾਵੀਂ,
ਚਾਨਣ ਪੱਖ ਬਥੇਰੇ।
ਤੂੰ ਅਨੋਖਾ ਫੁੱਲ ਸਮੇਂ ਦਾ,
ਕੰਡਿਆਂ ਨੇ ਪਾਏ ਘੇਰੇ।
ਰੋਕ ਨਹੀਂ ਸਕਦੇ ਖੁਸ਼ਬੂ ਤੇਰੀ,
ਤੇਰੇ ਆ ਨਹੀਂ ਸਕਦੇ ਨੇੜੇ।
ਮਹਾਂ ਕਾਲ ਨੇ ਬਹੁਤ ਉਪਾਏ,
ਇਸ ਧਰਤੀ ਦੇ ਵਿਹੜੇ।
ਇਕੋ ਸ਼ੈਅ ਨੇ ਰੂਪ ਵਟਾਏ,
ਅਰਬਾਂ ਖਰਬਾਂ ਜਿਹੜੇ।
ਹੋਵੀਂ ਨਾ ਤੂੰ ਕਦੀ ਨਿਰਾਸ਼ਾ,
ਜੇ ਹਨੇਰੇ ਪਾਵਣ ਘੇਰੇ।
ਕਰੇ ਚੁਗਿਰਦਾ ਰੌਸ਼ਨ ਸਾਰਾ,
ਜੋ ਚਾਨਣ ਅੰਦਰ ਤੇਰੇ।
ਮਹਿਕ ਫੁੱਲਾਂ ਦੀ ਉਡਦੀ ਜਾਵੇ,
ਜਿਉਂ ਹਵਾ ਵਿਚ ਉੱਡਣ ਫਰੇਰੇ।
ਜੈ ਜੈ ਕਾਰ ਉਨ੍ਹਾਂ ਦੀ ਹੁੰਦੀ,
ਜੋ ਡਟ ਜਿਉਂਦੇ ਜੱਗ ਵਿਹੜੇ।
*********
ਕਦੀ ਵੀ ਜਿੰਦ ਵਿਚ ਨਾ ਘਬਰਾਵੀਂ
ਕਦੀ ਵੀ ਜਿੰਦ ਵਿੱਚ ਨਾ ਘਬਰਾਵੀਂ,
ਘੋਲ ਘੁਲੀਂ ਜੀਵਨ ਦੇ ਤਿੱਖੇ।
ਦੂਰ ਕਰੀਂ ਜੋ ਆਉਣ ਅੜਿੱਕੇ,
ਡਟ ਕੇ ਜਿਉਂਦਾ ਜਾਵੀਂ।
ਬੇਸ਼ੱਕ ਕੰਡੇ ਪਾਵਣ ਘੇਰੇ,
ਕੰਡਿਆਂ ਵਿਚ ਫੁੱਲ ਲਾਵਣ ਡੇਰੇ।
ਰੋਕ ਨਹੀਂ ਸਕਦੇ ਮਹਿਕ ਫੁੱਲਾਂ ਦੀ,
ਤੂੰ ਜਗ ਵਿਚ ਮਹਿਕ ਖਿੰਡਾਵੀਂ।
ਸਾਗਰ ਜਿੱਡਾ ਮਰਜ਼ੀ ਹੋਵੇ,
ਹੁੰਦੇ ਉਸਦੇ ਵੀ ਕਿਨਾਰੇ।
ਰਾਹ ਵਿਚ ਆਏ ਟੋਏ ਟਿੱਬੇ,
ਤੂੰ ਸਾਰੇ ਹੀ ਟੱਪ ਜਾਵੀਂ।
ਆਵਣ ਅੜਿੱਕੇ ਬੇਸ਼ੱਕ ਭਾਰੀ,
ਘਾਟੀਆਂ ਖਾੜੀਆਂ ਤੇ ਪਹਾੜੀਆਂ।
ਰਾਹ ਵਿਚ ਆਵਣ ਵਾਰੋ ਵਾਰੀ,
ਤੂੰ ਰਤੀ ਨਾ ਘਬਰਾਵੀਂ।
ਨਾ ਮੰਜ਼ਲ ਹੈ ਦੂਰ ਅਸਾਡੀ,
ਨਾ ਮੰਜ਼ਲ ਹੈ ਨੇੜੇ।
ਜਿੰਦ ਭਰ ਮੰਜ਼ਲ ਭੱਜਦੀ ਅੱਗੇ,
ਮੌਤ ਲਿਆਉਂਦੀ ਨੇੜੇ।
*******
ਕੂੜ ਕੁਫਰ ਹੈ ਫੈਲਿਆ
ਕੂੜ ਕੁਫ਼ਰ ਹੈ ਫੈਲਿਆ,
ਦੋਜ਼ਖ ਬਣਿਆ ਜੱਗ।
ਜੰਨਤ ਕਿਧਰੇ ਹੈ ਨਹੀਂ,
ਸ਼ੈਤਾਨ ਤੋੜੇ ਸੱਭ ਤਗ।
ਬਦ-ਬਦੀਆਂ ਨਿੱਤ ਕਮਾਂਵਦੇ,
ਭੁਲਾ ਛੱਡਿਆ ਹੈ ਰੱਬ।
ਮੂੰਹ ਕਾਲਾ ਹੋਵੇ ਉਹਨਾਂ ਦਾ,
ਫਿਟਕਾਰ ਪਾਵੇ ਨਿੱਤ ਜੱਗ।
ਨੇਕੀ ਬਦੀ ਦਾ ਘੋਲ ਹੈ,
ਘੁਲ ਰਿਹਾ ਹੈ ਜੱਗ।
ਮਾਸੂਮਾਂ ਨੂੰ ਨਿੱਤ ਮਾਰਦੇ,
ਆਦਮ ਖਾਣੇ ਸਗ। (ਸਗ=ਕੁੱਤੇ)
ਜੋ ਨੇਕੀ ਦਾ ਪੱਖ ਪੂਰਦੇ,
ਵਿਚ ਮੈਦਾਨੇ ਗੱਜ।
ਹੋ ਕੇ ਜਾਵਣ ਸੁਰਖਰੂ,
ਜਸ ਗਾਵੇ ਨਿੱਤ ਜੱਗ।
ਲੜ ਮਰਦੇ ਜੋ ਸੱਚ ਲਈ,
ਢਾਲ ਉਹਨਾਂ ਦੀ ਰੱਬ।
ਮੁਖੜੇ ਚਮਕਣ ਉਹਨਾਂ ਦੇ,
ਤੱਕੇ ਸਾਰਾ ਜੱਗ।
*********
ਮੰਦਰ ਮਸਜਿਦ ਤੇ ਗੁਰਦੁਆਰੇ
ਮੰਦਰ ਮਸਜਿਦ ਤੇ ਗੁਰਦੁਆਰੇ,
ਜੋ ਅਸੀਂ ਨਿੱਤ ਬਣਾਈਏ।
ਇਸ ਨਾਲੋਂ ਵੀ ਅੱਧ ਕਿਤੇ ਜੇ,
ਵਿਦਿਆ ਉਪਰ ਲਾਈਏ।
ਆਪਣੇ ਦੇਸ਼ ਦਾ ਹਰ ਇੱਕ ਬੱਚਾ,
ਲੱਭ ਲੱਭ ਕੇ ਜੇ ਪੜ੍ਹਾਈਏ।
ਦਰਦੇ-ਦਿਲ ਦੀ ਸਿੱਖਿਆ,
ਜੇ ਨਾਲੋ ਨਾਲ ਸਿਖਾਈਏ।
ਅੰਧ-ਵਿਸ਼ਵਾਸ਼ੀ ਦੀਆਂ ਗੱਲਾਂ,
ਕਦੀ ਨਾ ਮਨ ਵਿਚ ਪਾਈਏ।
''ਇੱਕ ਪਰਿਵਾਰ ਹੈ ਸਾਰੀ ਦੁਨੀਆਂ''
ਕੁਛ ਐਸਾ ਸਬਕ ਪੜ੍ਹਾਈਏ।
ਹਰ ਇੱਕ ਦਿਲ ਵਿਚ ਸੁੱਤੇ ਸਿੱਧ ਹੀ,
ਦਰਦੇ-ਦਿਲ ਜਗਾਈਏ।
ਬਣ ਜਾਵਣਗੇ ਸਾਰੇ ਬੱਚੇ,
ਟੁਰਦੇ ਫਿਰਦੇ ਮਸਜਿਦ ਮੰਦਰ।
ਟੁਰਦੇ ਫਿਰਦੇ ਸਭ ਗੁਰਦੁਆਰੇ।
ਕੋਈ ਨਾ ਕਿਸੇ ਦੀ ਸੰਘੀ ਘੁੱਟੇ,
ਕੋਈ ਨਾ ਕਿਸੇ ਦਾ ਘਰ ਸਾੜੇ।
ਨਾ ਕੋਈ ਜਾ ਕੇ ਮਸਜਿਦ ਢਾਵੇ,
ਨਾ ਕੋਈ ਬਿਜ਼ਨਿਸ ਸੈਂਟਰ ਸਾੜੇ,
ਨਾ ਹੱਦਾਂ ਤੇ ਗੂੰਜਣ ਨਾਹਰੇ।
ਨਾ ਕੋਈ ਟਿਊਬ-ਸਟੇਸ਼ਨ ਸਾੜੇ,
ਨਾ ਕੋਈ ਮਾਸੂਮਾਂ ਨੂੰ ਮਾਰੇ।
ਪਿਆਰ ਕਰਨ ਹਰ ਕਿਸੇ ਨੂੰ ਸਾਰੇ,
ਸਮਾਜਵਾਦ ਜਗ ਵਿਚ ਆ ਜਾਵੇ।
ਕੁੱਲੀ ਗੁੱਲੀ ਜੁੱਲੀ ਦੇ ਮਸਲੇ,
ਹੱਲ ਹੋ ਜਾਵਣ ਸਾਰੇ ਦੇ ਸਾਰੇ।
ਪਿਆਰ ਕਰਨ ਇਨਸਾਨ ਨੂੰ,
ਪੰਛੀ ਨੂੰ ਹੈਵਾਨ ਨੂੰ।
ਦਰਦੇ-ਦਿਲ ਕੇ ਵਾਸਤੇ,
ਪੈਦਾ ਕਿਆ ਇਨਸਾਨ ਨੂੰ।
ਹਰ ਕੋਈ ਜਿੰਦ ਜਿਊਣੀ ਸਿੱਖੇ,
ਭੱਜਿਆ ਜਾਵੇ ਲੋੜ ਹੈ ਜਿੱਥੇ।
ਮਾਰ ਧਾੜ ਦੇ ਮੁੱਕਣ ਕਿੱਸੇ।
ਮਾਓਵਾਦੀ ਜਾਂ ਨਕਸਲਬਾੜੀ,
ਕਰਨ ਕਦੀ ਨਾ ਮਾਰੋ ਮਾਰੀ।
ਪਰਜਾਤੰਤਰ ਰਾਜ ਆ ਜਾਵੇ,
ਉਜੜੇ ਨਾ ਫਿਰ ਕੋਈ ਫੁਲਵਾੜੀ।
ਲੋਕਾਂ ਦੀ ਮੱਤ ਕੋਈ ਨਾ ਮਾਰੇ,
ਕੌਮੀ ਦੌਲਤ ਦੇ ਸਹਾਰੇ,
ਭਰ ਜਾਵਣ ਸੱਚ ਦੇ ਭੰਡਾਰੇ।
ਖਾਲਕ ਖਲਕ, ਖਲਕ ਮੇਂ ਖਾਲਕ,
ਸੁਤੇ ਸਿੱਧ ਹਰ ਕਿਸੇ ਨੂੰ ਦਿਸੇ।
ਵਿਤਕਰੇ ਧਰਮਾਂ ਦੇ ਕੋਈ ਨਾ ਜਾਣੇ,
ਹਰ ਕੋਈ ਰੱਬੀ ਰਾਹ ਪਛਾਣੇ।
ਹੱਕ ਸੱਚ ਦਾ ਰਾਜ ਆ ਜਾਵੇ,
ਕੂੜ ਕੁਫਰ ਤਣੇ ਨਾ ਤਾਣੇ।
ਵਿਦਿਆ ਹੋਵੇ ਵਿਗਿਆਨ ਹੋਵੇ,
ਸੋਹਣਾ ਇੱਕ ਇਨਸਾਨ ਹੋਵੇ।
ਹਰ ਇੱਕ ਦੀ ਸ਼ਾਨ ਹੋਵੇ,
ਸੱਚਾ ਸੁੱਚਾ ਇਮਾਨ ਹੋਵੇ।
ਕਰੇ ਨਾ ਘਿਰਨਾ ਕੋਈ ਕਿਸੇ ਨੂੰ,
ਇੱਕ ਦੂਜੇ 'ਤੇ ਮਾਣ ਹੋਵੇ,
ਕਿਧਰੇ ਕੋਈ ਜੰਗ ਨਾ ਹੋਵੇ।
ਸਾਰੇ ਅਮਨ ਈਮਾਨ ਹੋਵੇ,
ਹਰ ਕਿਸੇ ਨੂੰ ਖੇੜਾ ਵੰਡਣ।
ਨਾ ਕਿਧਰੇ ਕੋਈ ਬੈਠਾ ਰੋਵੇ,
ਕਰਨ ਸਮਰਪਤ ਜਿੰਦ ਆਪਣੀ ਨੂੰ,
ਲੋਕ ਸੇਵਾ ਦੇ ਲੇਖੇ,
ਏਕਾ ਦ੍ਰਿਸ਼ਟੀ ਸਭ ਦੀ ਹੋਵੇ,
ਜੋ ਸਭਨਾਂ ਨੂੰ ਇੱਕ ਦੇਖੇ।
ਦੂਈ ਦਵੈਸ਼ ਨਾ ਨੇੜੇ ਉਹਨਾਂ ਦੇ,
ਗੈਰ ਨਾ ਕਿਸੇ ਨੂੰ ਜਾਨਣ।
ਪਿਆਰ ਮੁਹੱਬਤ ਉਹਨਾਂ ਦੇ ਪੱਲੇ,
ਸੱਭ ਨੂੰ ਇੱਕ ਪਛਾਨਣ।
''ਜੀਓ ਅਤੇ ਜਿਊਣ ਦੇਣ ਦੀ'',
ਨੀਤੀ ਹਰ ਕੋਈ ਜਾਣੇ।
ਫਰਜ਼ ਆਪਣੇ ਤੇ ਹੱਕ ਆਪਣੇ,
ਹਰ ਕੋਈ ਆਪ ਪਛਾਣੇ।
ਜਾਤ ਪਾਤ ਮਜ਼ਹਬਾਂ ਦੇ ਝਗੜੇ,
ਕਦੀ ਨਾ ਕੋਈ ਪਾਵੇ।
ਸਭੇ ਸਾਂਝੀਵਾਲ ਸਦਾਇਨ,
ਸਾਂਝ ਦਿਲਾਂ ਦੀ ਪਾਵੇ।
ਇਹ ਜਗ ਸਾਡਾ ਸਭ ਦਾ ਸਾਂਝਾ,
ਏਕਾ ਦ੍ਰਿਸ਼ਟੀ ਆਵੇ।
*********
ਨਾ ਸ਼ੈਤਾਨ ਨਾ ਰੱਬ ਹੈ ਕਿਧਰੇ
ਨਾ ਸ਼ੈਤਾਨ ਨਾ ਰੱਬ ਹੈ ਕਿਧਰੇ,
ਪਰਮ ਸੱਤਾ ਦੋ ਗੁਣੀ ਯਾਰ।
ਇੱਕੋ ਹੁਕਮ ਸਦੀਵੀਂ ਚੱਲੇ,
ਬਦਲ ਰਿਹਾ ਸੰਸਾਰ।
ਜੇ ਸ਼ੈਤਾਨ ਹੈ ਰੱਬ ਤੋਂ ਨਾਬਰ,
ਤਾਂ ਰੱਬ ਕੈਸਾ ਭਾਈ।
ਪਦਾਰਥ ਤੱਤ ਦੇ ਹੀ ਗੁਣ ਔਗੁਣ,
ਜਿੰਦ ਆਪਣੇ ਸੰਗ ਲਿਆਈ।
ਜਿੰਨੀ ਨੇਕੀ ਕਿਸੇ ਦੇ ਹਿਰਦੇ,
ਓਨੀ ਹੀ ਬਦੀ ਸਮਾਈ।
ਜਮ੍ਹਾਂ ਤੇ ਮਨਫੀ ਦੋ ਪੱਖ ਜਿੰਦ ਦੇ,
ਘਾਟ ਵਾਧ ਨਾ ਕਾਈ।
ਨਾ ਕਿਧਰੇ ਉਹ ਰੱਬ ਵਸਦਾ ਹੈ,
ਜਗ ਜਿਸਦੀ ਦੇਵੇ ਦੁਹਾਈ।
ਸਰਵ-ਵਿਆਪੀ ਤੇ ਸਦ ਜੀਵੀ,
ਪਰਮ ਸੱਤਾ ਹੈ ਭਾਈ।
ਪਦਾਰਥ ਤੱਤ ਮਿਲ ਪਰਮ ਸਤਿਸੰਗ,
ਜਗ ਦੀ ਖੇਡ ਰਚਾਈ।
ਪਰਮ ਸੱਤਾ ਹੀ ਸਾਹਿਬ ਹੈ ਸਾਡਾ,
ਨਿੱਤ ਨਵਾਂ ਬਣ ਆਈ।
*********
ਜਿੰਨੇ ਰਿਸ਼ੀ ਮੁਨੀ ਗੁਰੂ ਆਏ
ਜਿੰਨੇ ਰਿਸ਼ੀ ਮੁਨੀ ਗੁਰੂ ਆਏ,
ਜਿੰਨੇ ਪੀਰ ਪੈਗ਼ੰਬਰ ਆਏ।
ਜਿੰਨੀ ਜਿੰਨੀ ਸੂਝ ਕਿਸੇ ਦੀ,
ਆਪਣੇ ਆਪਣੇ ਰਾਹ ਦਰਸਾਏ।
ਇੱਕੋ ਰਾਹ ਹੈ ਹੱਕ ਸੱਚ ਦਾ,
ਨਾ ਕੋਈ ਲੁੱਟੇ ਨਾ ਲੁੱਟਿਆ ਜਾਏ।
ਮਾਨਸ ਜਾਤ ਸਭ ਇੱਕ ਪਛਾਣੋ,
'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ।'
ਬਾਗ ਇੱਕੋ ਫੁੱਲ ਵੱਖ ਵੱਖ ਨੇ,
ਰੂਪ ਧਾਰੇ ਸਭ ਨਿਰੇ ਸਤਿ ਨੇ।
ਪਰ ਪਿਆਰ ਦੇ ਪਾਣੀ ਬਾਝੋਂ,
ਜਗ ਦੇ ਸਾਰੇ ਫੁੱਲ ਮੁਰਝਾਏ।
ਅਦਲਾ ਬਦਲੀ ਹੁੰਦੀ ਰਹਿੰਦੀ,
ਸਾਹਿਬ ਨਵਾਂ ਨਿੱਤ ਬਣ ਕੇ ਆਏ।
ਜਿਉਂ ਬਹੁਰੰਗੀ ਫੁਆਰਾ ਚੱਲੇ,
ਭਿੰਨ ਭਿੰਨ ਰੂਪ ਦਿਖਾਏ।
ਪਰਿਵਰਤਨ ਹੈ ਨਿਯਮ ਜਗ ਦਾ,
ਜਗ ਬਦਲਦਾ ਜਾਏ।
ਓਹੀਓ ਕਾਇਮ ਰਹੇ ਜਗ ਅੰਦਰ,
ਜੋ ਮੇਚ ਸਮੇਂ ਦੇ ਆਏ।
*********
ਰਹਿਬਰ ਆਵੇ ਕੂੜ ਮਿਟਾਵੇ
ਰਹਿਬਰ ਆਵੇ ਕੂੜ ਮਿਟਾਵੇ,
ਧਰਮ ਨਵਾਂ ਬਣ ਜਾਏ।
ਚੁੰਬੜ ਕੇ ਬਹਿ ਜਾਵੇ ਦੁਨੀਆਂ,
ਕਲ ਕਲੇਸ਼ ਵਧਾਏ।
ਜੜ੍ਹ ਬੋਹੜ ਦੀ ਘੁੱਟ ਫੜ ਬੈਠੇ,
ਅੱਗੇ ਨਾ ਪੈਰ ਵਧਾਏ।
ਅੱਗੇ ਟੁਰਨਾ ਕੰਮ ਜਿੰਦ ਦਾ,
ਨਾ ਇਸ ਨੂੰ ਕੋਈ ਅਟਕਾਏ।
ਹੁਕਮ ਸਦੀਵੀ ਚੱਲਦਾ ਜਾਵੇ,
ਸਾਰੀ ਕਾਰ ਚਲਾਏ।
ਕੂੜ ਕਦੀ ਵੀ ਠਹਿਰ ਨਹੀਂ ਸਕਦਾ
ਆਪੇ ਹੀ ਮਿਟ ਜਾਏ।
ਰੱਬੀ ਰਾਹ ਹੈ ਸੱਚ ਕਰਮ ਦਾ,
ਨਿਰਾ ਪ੍ਰੇਮ ਹੈ ਜਾਪ ਧਰਮ ਦਾ।
ਭੇੜ ਨਾ ਜੱਗ ਵਿਚ ਪਾਵੇ ਕੋਈ,
ਸੱਭ ਇਕੋ ਮਾਂ ਦੇ ਜਾਏ।
ਜਾਤ ਪਾਤ ਨਾ ਜੱਗ ਵਿਚ ਹੋਵੇ,
ਊਚ ਨੀਚ ਮਿਟ ਜਾਏ,
ਹਰ ਇੱਕ ਸ਼ੈਅ ਇੱਕ ਬਰਾਬਰ ਹੈ,
ਕੋਈ ਘਟੀਆ ਨਜ਼ਰ ਕਿਉਂ ਆਏ।
ਚੇਤਨਤਾ ਚੁਗਿਰਦੇ ਸਾਡੇ,
ਐਸੀ ਬਣਤ ਬਣਾਈ।
ਬੁੱਧ ਉਪਜੇ ਨਿੱਤ ਨਵੀਂ ਨਰੋਈ,
ਸੂਝ ਨਵੀਂ ਨਿੱਤ ਪਾਏ।
ਨਾਮ ਸੇਵਾ ਕਿਰਤ ਧਰਮ ਦੀ,
ਵੰਡ ਛਕਣਾ, ਹੱਕ ਕੋਈ ਨਾ ਮਾਰੇ।
ਸਭਨਾਂ ਪ੍ਰਤੀ ਪ੍ਰੇਮ ਭਾਵਨਾ- ਮਿੱਤਰ ਭਾਵਨਾ,
ਧਰਮਾਂ ਦੇ ਇਹ ਧੁਰੇ ਨੇ ਸਾਰੇ।
ਮਜ਼ਲੂਮ ਜੇ ਹੋਵੇ ਕੋਈ ਕਿਧਰੇ,
ਜ਼ਾਲਮ ਨੂੰ ਜੇ ਕੋਈ ਲਲਕਾਰੇ।
ਉਸ ਨੂੰ ਜਿੰਦ ਜਿਊਣੀ ਕਹਿੰਦੇ,
ਬਾਕੀ ਤਾਂ ਸਾਹ ਲੈਂਦੇ ਸਾਰੇ।
ਕਦੀ ਸਮਾਂ ਇੱਕ ਸਾਰ ਨਹੀਂ ਰਹਿੰਦਾ,
ਜੋ ਮਾੜਾ ਤਕੜਾ ਹੋ ਜਾਏ।
ਕਮਜ਼ੋਰ ਜਾਣ ਕੇ ਕਦੀ ਕਿਸੇ ਨੂੰ,
ਕੋਈ ਤਕੜਾ ਨਾ ਧੌਂਸ ਜਮਾਏ।
*********
ਨਿਰੇ ਜਨੂੰਨੀ ਅੰਧ-ਵਿਸ਼ਵਾਸ਼ੀ
ਨਿਰੇ ਜਨੂੰਨੀ ਅੰਧ-ਵਿਸ਼ਵਾਸ਼ੀ,
ਨਿੱਤ ਮਾਰਦੇ ਮਰਦੇ ਨੇ।
ਜੇ ਵਿਗਿਆਨੀ ਸੱਚ ਦਰਸਾਵੇ,
ਸੱਚ ਵੇਖਣ ਤੋਂ ਡਰਦੇ ਨੇ।
ਕਟੜਤਾ ਦੇ ਹਾਮੀ ਨੇ ਉਹ,
ਕਿ ਮਜ਼ਹਬ ਉਹਨਾਂ ਦਾ ਉੱਚਾ ਹੈ।
ਮਾਵਾਂ ਦੇ ਪੁੱਤ ਮਾਰ ਮਾਰ ਕੇ,
ਦਿਲ ਉਹਨਾਂ ਦਾ ਸੁੱਚਾ ਹੈ।
ਉਹ ਸਮਝਣ ਕਿ ਲੇਖੇ ਰੱਬ ਦੇ,
ਜੀਵਨ ਉਹਨਾਂ ਨੇ ਲਾਇਆ ਹੈ।
ਮੁੱਲਾਂ ਪੰਡਤਾਂ ਭਾਈਆਂ ਨੇ,
ਉਹਨਾਂ ਨੂੰ ਭਰਮਾਇਆ ਹੈ।
ਕਈ ਪੱਥਰਾਂ ਅੱਗੇ ਝੁਕਦੇ ਨੇ,
ਕਿਸੇ ਗ੍ਰੰਥਾਂ ਨੂੰ ਸਿਰ ਚਾਇਆ ਹੈ।
ਕਈ ਪੜ੍ਹਨ ਕਿਤੇਬਾਂ ਦੂਹਰੇ ਹੋ,
ਪਰ ਰੱਬੀ ਭੇਦ ਨਾ ਪਾਇਆ ਹੈ।
ਤੁਸੀਂ ਪੂਜੋ ਬੇਸ਼ੱਕ ਪੱਥਰਾਂ ਨੂੰ,
ਪੜ੍ਹੋ ਵੇਦ ਕੁਰਾਨ ਗ੍ਰੰਥਾਂ ਨੂੰ।
ਪਰ ਭੁੱਲੋ ਨਾ ਦਿਲ ਬੰਦੇ ਦਾ,
ਜਿਥੇ ਰੱਬ ਨੇ ਡੇਰਾ ਲਾਇਆ ਹੈ।
***********
ਦੋਜ਼ਖ ਜੰਨਤ ਇਸ ਧਰਤ 'ਤੇ
ਦੋਜ਼ਖ ਜੰਨਤ ਇਸ ਧਰਤ 'ਤੇ,
ਨਹੀਂ ਅਸਮਾਨਾਂ ਵਿਚ ਯਾਰ।
ਜਿਧਰ ਮਰਜ਼ੀ ਤੱਕ ਲੈ ਸੱਜਨਾ,
ਫਿਰੇ ਹੂਰਾਂ ਦੀ ਭਰਮਾਰ।
ਜੰਗਲ ਬੀਆਬਾਨ ਸੋਹਣੇ,
ਸੋਹਣੀ ਬਾਗਾਂ ਦੀ ਬਹਾਰ।
ਥਾਂ ਥਾਂ ਵੇਖੋ ਚਸ਼ਮੇਂ ਵਗਦੇ,
ਏਥੇ ਨਹਿਰਾਂ ਦੀ ਭਰਮਾਰ।
ਰੰਗ ਵਿਚ ਭੰਗ ਨਾ ਪਾਵੇ ਕੋਈ,
ਕਰੀਏ ਸੱਚੀ ਸੁੱਚੀ ਕਾਰ।
ਹੱਕ ਪਛਾਣੇ ਫਰਜ਼ ਪਛਾਣੇ,
ਫਿਰ ਕਿਧਰੇ ਨਾ ਤਕਰਾਰ।
ਭਰਮਾਂ ਵਿਚ ਕਿਉਂ ਪਾਈ ਜ਼ਿੰਦਗੀ,
ਬਣ ਰੱਬ ਦੇ ਪਹਿਰੇਦਾਰ।
ਜ਼ੋਰੀਂ ਕੁਝ ਵੀ ਰਹਿ ਨਹੀਂ ਸਕਦਾ,
ਬਦਲ ਰਿਹਾ ਸੰਸਾਰ।
ਚੁਗਿਰਦੇ ਸਾਡੇ ਬ੍ਰਹਿਮੰਡ ਸਾਰਾ,
ਸਾਨੂੰ ਮਿਲੇ ਨੇ ਬਹੁਤ ਭੰਡਾਰ।
ਲਗਨ ਹਿੰਮਤ ਤੇ ਬੁੱਧੀ ਮਿਲੀ ਹੈ,
ਕਿ ਪਵੇ ਨਾ ਕੋਈ ਅਟਕਾਰ।
ਪਦਾਰਥ ਤੱਤ ਮਿਲ ਚੇਤਨਤਾ ਸੰਗ,
ਉਪਜਾਇਆ ਹੈ ਸੱਭ ਸੰਸਾਰ।
ਪਰਮ ਸੱਤਾ ਸਾਰੇ ਜੱਗ ਦੀ,
ਇੱਕੋ ਇੱਕ ਅਧਾਰ।
ਮਿਲ ਕੇ ਰਹੀਏ ਜੱਗ ਵਿਚ ਸਾਰੇ,
ਕਰੀਏ ਸਭ ਨੂੰ ਪਿਆਰ।
ਦੋਜ਼ਖ ਬਣੇ ਨਾ ਜ਼ਿੰਦਗੀ,
ਜੰਨਤ ਬਣੇ ਸੰਸਾਰ।
***********
ਨੇਕੀ ਬਦੀ ਦਾ ਭੇੜ ਹੈ ਜਗ ਵਿਚ
ਨੇਕੀ ਬਦੀ ਦਾ ਭੇੜ ਹੈ ਜਗ ਵਿਚ,
ਇੱਕ ਜਿੱਤੇ ਇੱਕ ਹਾਰੇ।
ਕਈ ਵਾਰੀ ਬਦੀ ਜਿੱਤ ਜਾਂਦੀ,
ਆਖਰ ਜਿੱਤ ਕੇ ਹਾਰੇ।
ਕੀ ਚੰਗਾ ਕੀ ਮੰਦਾ ਏਥੇ,
ਕਿਵੇਂ ਸਮਝ ਵਿਚ ਆਵੇ।
ਚੰਗੇ ਮੰਦੇ ਦਾ ਹੋਵੇ ਨਿਤਾਰਾ,
ਸਰਵ-ਵਿਆਪੀ ਮਾਪ ਬਣਾਵੇ।
ਸਮਾਂ ਸਥਾਨ ਤੇ ਹਾਲਾਤ,
ਕਰਦੇ ਹਨ ਨਿਸਤਾਰੇ।
ਕਰੀਏ ਕਤਲ ਘੋਰ ਪਾਪ ਹੈ,
ਪਰ ਜੰਗ ਵਿਚ ਹਰ ਕੋਈ ਮਾਰੇ।
ਬਾਜ ਪੰਛੀਆਂ ਨੂੰ ਖਾ ਜਾਵੇ,
ਸ਼ੇਰ ਵੀ ਮਾਰ ਮੁਕਾਵੇ।
ਕਰਮ ਅਜਿਹਾ ਜਨਮੋਂ ਮਿਲਿਆ,
ਫਿਰ ਪਾਪ ਨਾ ਕੋਈ ਕਮਾਵੇ।
''ਕੁਝ ਨਾ ਚੰਗਾ ਕੁਝ ਨਾ ਮੰਦਾ,
ਗਿਆਨੀ ਕਹਿ ਸੁਣਾਵੇ।
ਇਹ ਤਾਂ ਸਾਡੀ ਆਪਣੀ ਸੋਚ ਹੈ,
ਜੋ ਚੰਗਾ ਮੰਦਾ ਦਰਸਾਵੇ।''
ਪਰ ਜੇ ਜਾਣੀਏ ਕੁਝ ਨਾ ਮੰਦਾ,
ਜਗ ਦੋਜ਼ਖ ਬਣ ਜਾਵੇ।
ਤਕੜਾ ਆਪਣੀ ਧੌਂਸ ਜਮਾਵੇ,
ਮਾੜਾ ਕਿਧਰ ਨੂੰ ਜਾਵੇ।
ਜ਼ੋਰ ਜਬਰ ਦਾ ਰਾਜ ਹੋਵੇ,
ਪਾਪੀ ਪਾਪ ਕਮਾਵੇ।
ਜੇ ਲੁੱਟ ਖਸੁੱਟ ਚੁਗਿਰਦੇ ਹੋਵੇ,
ਫਿਰ ਕਿਵੇਂ ਕੋਈ ਜਿੰਦ ਲੰਘਾਵੇ।
ਚੰਗਾ ਮੰਦਾ ਜਾਨਣ ਦੇ ਲਈ,
ਸਰਵ-ਵਿਆਪੀ ਮਾਪ ਬਣਾਵੇ।
ਸੱਚ ਕਸਵੱਟੀ ਉਪਰ ਪਰਖੇ,
ਜੋ ਵੀ ਕਾਰ ਕਮਾਵੇ।
ਜੋ ਕੁਝ ਕੀਤਿਆਂ ਦੁਨੀਆਂ ਅੰਦਰ,
ਅਫਰਾ ਤਫਰੀ ਆਵੇ।
ਜਾਣੋ ਉਸਨੂੰ ਮੰਦਾ ਕਰਮ ਹੈ,
ਜੋ ਜਗ ਦੇ ਦੁੱਖ ਵਧਾਵੇ।
ਜੋ ਕੁਝ ਕੀਤਿਆਂ ਇਸ ਦੁਨੀਆਂ ਵਿਚ,
ਸੁੱਖ ਸ਼ਾਂਤੀ ਆਵੇ।
ਜਾਣੋ ਉਸ ਨੂੰ ਚੰਗਾ ਕਰਮ ਹੈ,
ਜੋ ਜਗ ਵਿਚ ਸੁੱਖ ਲਿਆਵੇ।
ਚੰਗਾ ਮੰਦਾ ਸਦਾ ਪਰਖੀਏ,
ਚੰਗੇ ਕਰਮ ਕਮਾਈਏ।
ਸੁੱਖੀ ਵਸੇ ਫਿਰ ਦੁਨੀਆਂ ਸਾਡੀ,
ਜਗ ਜੰਨਤ ਬਣ ਜਾਵੇ।
*********
ਅੰਤਰ ਚਿਣਗ ਜੋ ਹਿਰਦੇ ਸਾਡੇ
ਅੰਤਰ ਚਿਣਗ ਜੋ ਹਿਰਦੇ ਸਾਡੇ,
ਪਰਮ ਸੱਤਾ ਦੀ ਅੰਸ਼ ਹੈ ਭਾਈ।
ਪੰਜ ਗੁਣ ਔਗੁਣ ਜੋ ਸੰਗ ਸਾਡੇ,
ਸੰਤੁਲਨ ਵਿਚ ਸਭ ਰੱਖੋ ਭਾਈ।
ਨੇਕੀ ਸਦਾ ਹੀ ਜਿੱਤਦੀ ਆਈ।
ਔਹਰ ਮਾਜ਼ਦਾ ਐਹਿਰਮਾਨ ਸੰਗ, ਔਹਰ ਮਾਜ਼ਦਾ= ਨੇਕੀ ਦਾ ਮੁਜਮਾਂ ਰੱਬ ਦੈਵੀ ਗੁਣ
ਕਰਦਾ ਆਇਆ ਸਦਾ ਲੜਾਈ। ਐਹਿਰਮਾਨ=ਬਦੀ ਦਾ ਮੁਜਸਮਾਂ, ਸ਼ੈਤਾਨ
ਨੇਕੀ ਬਦੀ ਦਾ ਘੋਲ ਹੈ ਜੱਗ,
ਨੇਕੀ ਸਾਡੇ ਹਿਰਦੇ ਵਸਦੀ,
ਸਾਡੇ ਕਣ ਕਣ ਅੰਦਰ ਬਦੀ ਸਮਾਈ।
ਗੁਣ ਔਗੁਣ ਸਾਡੇ ਸੰਗ ਸੰਗ ਰਹਿੰਦੇ,
ਨਿਰਗੁਣ ਦੇ ਦੋ ਰੂਪ ਨੇ ਭਾਈ।
ਆਪਾ ਸਾਡਾ ਬੇਲਾਗ ਰਹਿੰਦਾ ਹੈ,
ਮਨ ਵਿਚ ਨੇਕੀ ਬਦੀ ਸਮਾਈ,
ਬਿਨ ਆਪੇ ਦੇ ਕੋਈ ਜੀਵ ਨਾ ਭਾਈ।
ਕਰੀਏ ਨੇਕੀ ਜੇਕਰ ਅਸੀਂ,
ਆਪਾ ਸਾਡਾ ਕਰੇ ਵਡਿਆਈ।
ਕਰੀਏ ਬਦੀ ਜੇਕਰ ਕਦੀ,
ਆਪਾ ਸਾਡਾ ਦੇਵੇ ਦੁਹਾਈ।
ਨੇਕੀ ਬਦੀ ਦੀ ਤਕੜੀ ਪਕੜੀ ਸਾਡੇ ਆਪੇ ਨੇ ਭਾਈ।
ਸਾਡਾ ਆਪਾ ਚਿਣਗ ਸੱਚ ਦੀ,
ਨਿਰੇ ਸੱਚ ਦਾ ਚਾਨਣ ਭਾਈ।
ਘੁੱਪ ਹਨੇਰੀਂ ਰਾਹ ਦਿਖਾਵੇ,
ਕੂੜ ਕੁਫਰ ਤੋਂ ਸਦਾ ਬਚਾਵੇ,
ਰਾਹ ਸੱਚ ਦੇ ਸਦਾ ਹੀ ਪਾਵੇ।
***********
ਨਾ ਜੱਗ ਚੰਗਾ ਨਾ ਦੁਨੀਆਂ ਮੰਦੀ
ਨਾ ਜਗ ਚੰਗਾ ਨਾ ਦੁਨੀਆਂ ਮੰਦੀ,
ਜੈਸਾ ਸੋਚੀਏ ਤੈਸੀ ਦਿਸ ਆਈ।
ਨੇਕੀ ਲੋਚੀਏ ਨੇਕੀ ਮਿਲਦੀ,
ਬਦੀ ਸੋਚੀਏ ਮਿਲੇ ਬੁਰਾਈ।
ਜੈਸੀ ਦੁਨੀਆਂ ਮਿਲੀ ਅਸਾਂਨੂੰ,
ਉਸਦੇ ਸੰਗ ਨਿਭਾਈਏ।
ਜਾਣ ਤੋਂ ਪਹਿਲਾਂ ਚੰਗੀ ਦੁਨੀਆਂ,
ਹੋਰਾਂ ਲਈ ਛੱਡ ਜਾਈਏ।
ਇਹ ਜੱਗ ਸਾਂਝਾ ਘਰ ਹੈ ਸਾਡਾ,
ਇਸ ਨੂੰ ਸੋਹਣਾ ਬਣਾਈਏ।
ਕਲ ਕਲੇਸ਼ ਇਸ ਜਗ ਦੇ,
ਰਲ ਮਿਲ ਸਾਰੇ ਮਿਟਾਈਏ।
ਨਾ ਕਿਧਰੇ ਕੋਈ ਅੱਗਾਂ ਮੱਚਣ,
ਨ ਕੋਈ ਕਿਸੇ ਨੂੰ ਮਾਰੇ।
ਮੰਦਰ ਮਸਜਿਦ ਸਭ ਦੇ ਸਾਂਝੇ,
ਸਾਂਝੇ ਚਰਚ ਤੇ ਗੁਰਦੁਆਰੇ।
ਜੇਕਰ ਸਾਂਝ ਨਾ ਬਣੇ ਸਭ ਦੀ,
ਛੱਡੋ ਸਾਰੇ ਧਰਮ ਦੁਆਰੇ।
ਮਨੁੱਖਤਾ ਦਾ ਧਰਮ ਇੱਕੋ ਹੈ,
ਕਿ ਬੰਦਾ ਬੰਦੇ ਨੂੰ ਪਿਆਰੇ।
ਐਸੀ ਅਰਥ-ਵਿਵਸਥਾ ਛੱਡੋ,
ਜੋ ਜਗ ਵਿਚ ਪੁਆੜੇ ਪਾਵੇ।
ਸਿਸਟਮ ਐਸਾ ਕੋਈ ਅਪਣਾਈਏ,
ਜੋ ਸਭ ਨੂੰ ਸੁੱਖੀ ਬਣਾਵੇ।
*********
ਜੇਕਰ ਦੁੱਖ ਨੇ ਦੁਨੀਆਂ ਅੰਦਰ
ਜੇਕਰ ਦੁੱਖ ਨੇ ਦੁਨੀਆਂ ਅੰਦਰ,
ਅਸੀਂ ਸੁੱਖੀ ਕਿਵੇਂ ਹੋ ਜਾਈਏ।
ਹਰ ਇੱਕ ਦੁੱਖ ਦੀ ਸਾਰੀ ਪੀੜਾ,
ਅਣਜਾਣੇ ਹੀ ਅਸੀਂ ਹੰਢਾਈਏ,
ਜੱਗ ਵਾਲੇ ਜੋ ਰੁੱਖ ਬੀਜਦੇ,
ਫਲ ਉਸਦਾ ਅਸੀਂ ਵੀ ਖਾਈਏ।
ਦੁੱਖ ਸੁੱਖ ਤੇ ਭਰਮ ਭੁਲੇਖੇ,
ਹਰ ਚਿੰਤਾ ਤੇ ਹਰ ਇੱਕ ਪੀੜਾ।
ਹਰ ਇੱਕ ਕੌਤਕ ਤੇ ਕਰੀੜਾ,
ਅਸੀਂ ਆਪੇ ਆਪ ਉਪਾਈਏ।
ਨਿੱਜ ਚੈਨ ਲਈ ਜੱਗ ਨਾ ਛੱਡੀਏ,
ਸਰਬੱਤ ਭਲੇ ਲਈ ਤਾਣ ਲਗਾਈਏ।
ਵਿਰਾਟ ਰੂਪ ਜੋ ਦਿੱਸੇ ਜਗ ਦਾ,
ਘੁਲ ਮਿਲ ਬਣਿਆ ਰੂਪ ਸਭ ਦਾ,
ਕਿਧਰੇ ਵੀ ਜੇ ਕੋਈ ਕਲਪਦਾ,
ਹੈ ਘਾਟਾ ਸਾਂਝੇ ਸੰਕਲਪ ਦਾ,
ਨਿੱਜੀ ਸੁੱਖ ਤੇ ਨਿੱਜੀ ਪਿਆਰ,
ਸਭ ਕਾਸੇ ਦਾ ਜੱਗ ਅਧਾਰ।
ਬੰਦਾ ਬੰਦੇ ਨੂੰ ਲੁੱਟ ਖਾਵੇ,
ਪੂੰਜੀਵਾਦ ਨਿਜ਼ਾਮ ਚਲਾਵੇ,
ਤਾਂ ਬੇਚੈਨੀ ਜੱਗ ਵਿਚ ਆਵੇ।
ਸਮਾਜਵਾਦ ਜੇ ਆ ਜਾਵੇ,
ਕਾਰ ਕੀਤੀ ਦਾ ਮੁੱਲ ਪੈ ਜਾਵੇ,
ਜੱਗ ਸੁੱਖਾਂ ਦਾ ਘਰ ਬਣ ਜਾਵੇ।
ਅਜੇ ਮਨੁੱਖਤਾ ਬੱਚੀ ਹੈ,
ਅਕਲ ਇਸਦੀ ਕੱਚੀ ਹੈ।
ਹੱਕ ਦੂਜੇ ਦਾ ਲੁੱਟ ਕੇ ਖਾਵੇ।
ਸਾਂਝੀਵਾਲਤਾ ਕਿਵੇਂ ਲਿਆਵੇ।
ਚੇਤੰਨ ਸਰਵ-ਵਿਆਪੀ ਦਾ,
ਭੇਦ ਰੱਤੀ ਨਾ ਪਾਵੇ।
ਅੱਲ੍ਹਾ-ਅੱਲ੍ਹਾ ਰਾਮ-ਰਾਮ,
ਕਰਦੀ ਫਿਰੇ ਸੁਭਹ-ਸ਼ਾਮ।
ਪਰਮ ਸੱਤਾ ਤੋਂ ਇਹ ਅਣਜਾਣ,
ਧਰਮ ਵੱਖਰੇ ਇਹ ਬਣਾਵੇ।
ਇੱਕ ਦੂਜੇ ਨੂੰ ਮਾਰ ਮੁਕਾਵੇ,
ਭੁੱਲਿਆ ਭਟਕਿਆ ਹੈ ਇਨਸਾਨ।
ਸਰਵ-ਵਿਆਪੀ ਆਪੇ ਵਿਚੋਂ,
ਸਾਡਾ ਆਪਾ ਆਇਆ।
ਬੂੰਦ ਬੂੰਦ ਉੱਡ ਬੱਦਲ ਬਣਦਾ,
ਤਿਉਂ ਬਣਿਆ ਕੁੱਲ ਜਹਾਨ।
ਇੱਕੋ ਆਪਾ ਸਭ ਕਾਸੇ ਦਾ,
ਪਰਮ ਸੱਤਾ ਨੂੰ ਜਾਣ।
*********
ਜੇ ਕੋਈ ਆਪੋਂ ਪੀੜ ਹੰਢਾ ਕੇ
ਜੇ ਕੋਈ ਆਪੋਂ ਪੀੜ ਹੰਢਾ ਕੇ,
ਜੱਗ ਦੀ ਪੀੜ ਹਟਾਵੇ।
ਜੱਗ ਦੀ ਪੀੜਾ ਜੇ ਮੁੱਕ ਜਾਵੇ,
ਆਪਣੀ ਪੀੜਾ ਵੀ ਮੁੱਕ ਜਾਵੇ।
ਜੇ ਕੋਈ ਪੀੜ ਵਧਾਵੇ ਜੱਗ ਦੀ,
ਆਪਣੀ ਪੀੜਾ ਵੀ ਵਧ ਜਾਵੇ।
ਜੱਗ ਦੇ ਰਾਹੀਂ ਕੰਡੇ ਵਿਛਾ ਕੇ,
ਫਿਰ ਆਪ ਕਿਹੜੇ ਰਾਹ ਜਾਵੇ।
ਪੰਜ ਗੁਣੀ ਜੇ ਜਿੰਦ ਲੰਘਾਈਏ,
ਆਨੰਦ ਜਿੰਦ ਦਾ ਆਵੇ।
ਪੰਜੇ ਗੁਣ, ਔਗੁਣ ਬਣ ਜਾਵਣ ਜੇ,
ਜਿੰਦ ਨਰਕ ਬਣ ਜਾਵੇ।
ਪਿਆਰ ਮੁਹੱਬਤ ਤੇ ਮਿੱਤਰਤਾ,
ਰੂਹ ਸਾਡੀ ਨਸ਼ਿਆਵੇ।
ਸ਼ੱਕ ਨਫਰਤ ਕਰੋਧ ਈਰਖਾ,
ਮਨ ਦਾ ਚੈਨ ਗੁਆਵੇ।
ਗੁਆਚੇ ਪੀੜਾ ਜਦ ਭੀੜਾਂ ਵਿਚ,
ਆਨੰਦ ਪੀੜਾ ਦਾ ਆਵੇ।
ਜੇਕਰ ਸਾਂਝ ਦਿਲਾਂ ਦੀ ਹੋਵੇ,
ਕੋਈ ਗੈਰ ਨਾ ਨਜ਼ਰੀਂ ਆਵੇ।
ਸਾਰੇ ਰਲ ਮਿਲ ਦੁੱਖ ਝੱਲੀਏ,
ਭੰਡਾਰ ਸੁੱਖਾਂ ਦਾ ਆਵੇ।
ਹਨੇਰ ਬਿਨਾ ਨਾ ਚਮਕਣ ਤਾਰੇ,
ਦੁੱਖ ਦਾਰੂ ਬਣ ਜਾਵੇ।
ਜਾਤ ਪਾਤ ਮਜ਼ਹਬਾਂ ਦੀਆਂ ਵੰਡੀਆਂ,
ਕੋਈ ਨਾ ਜੱਗ ਵਿਚ ਪਾਵੇ।
ਪੜ੍ਹੀਏ ਵਿਦਿਆ ਕਰੀਏ ਉਜਾਲਾ,
ਦੁੱਖ ਦੁਨੀਆਂ 'ਚੋਂ ਮਿਟ ਜਾਵੇ।
*********
ਜੇ ਕਰ ਕਿਧਰੇ ਦੁੱਖ ਹੈ ਕੋਈ
ਜੇਕਰ ਕਿਧਰੇ ਦੁੱੱਖ ਹੈ ਕੋਈ,
ਕਾਰਨ ਉਸਦਾ ਕੋਈ ਵੀ ਹੋਵੇ।
ਜਿੰਮੇਵਾਰ ਉਸਦਾ ਹਰ ਕੋਈ,
ਇੱਕ ਪਿੰਜਰ ਹਰ ਸ਼ੈਅ ਪਰੋਈ।
ਇੱਕ ਇੱਕ ਸੋਚ ਮਿਲ ਬੰਦੇ ਦੀ,
ਜਗਤ ਸੋਚ ਬਣ ਜਾਵੇ।
ਇੱਕ ਇੱਕ ਕਰਮ ਹਰ ਕਿਸੇ ਦਾ,
ਕੁੱਲ ਜਗ ਦੀ ਕਾਰ ਚਲਾਵੇ।
ਦੂਰ ਦੁਰੇਡੇ ਅੰਤਲਾ ਤਾਰਾ,
ਧਰਤ ਦੁਆਲੇ ਭਰੇ ਕਲਾਵੇ।
ਨਾ ਵੱਖ ਧਰਤੀ ਨਾ ਵੱਖ ਤਾਰਾ,
ਇੱਕ ਪਿੰਜਰ ਦੇ ਅੰਗ ਨੇ ਸਾਰੇ।
ਲਹਿਰ ਸਾਗਰ ਵਿਚ ਜੋ ਵੀ ਉੱਠੇ,
ਪੁੱਜ ਜਾਂਦੀ ਹੈ ਉਹ ਕਿਨਾਰੇ।
ਬੇਸ਼ੱਕ ਤੁਪਕੇ ਵੱਖ ਪਾਣੀ ਦੇ,
ਰਲ ਮਿਲ ਬਣਦੇ ਸਾਗਰ ਸਾਰੇ।
ਕੁਝ ਵੀ ਵੱਖ ਨਹੀਂ ਹੈ ਏਥੇ,
ਇੱਕ ਇਕੱਲਾ ਕੁੱਝ ਨਾ ਸਾਰੇ।
ਚੇਤਨ ਸਰਵ-ਵਿਆਪਕ ਆਪਾ,
ਕਣ ਕਣ ਉਸਦਾ ਅਸੀਂ ਹਾਂ ਸਾਰੇ।
ਕੁਝ ਵੀ ਐਸਾ ਕਦੀ ਨਾ ਕਰੀਏ,
ਜੋ ਜੱਗ ਦਾ ਸੰਤੁਲਨ ਵਿਗਾੜੇ।
ਭਲਾ ਲੋਚੀਏ ਸਾਰੇ ਜੱਗ ਦਾ,
ਵੱਖ ਨਹੀਂ, ਸਭ ਇੱਕ ਨੇ ਸਾਰੇ।
ਕਿਉਂ ਉਜੜੇ ਇਹ ਦੁਨੀਆਂ ਸਾਡੀ,
ਸਾਗਰ ਦੇ ਕਿਉਂ ਟੁੱਟਣ ਕਿਨਾਰੇ।
ਮਾਨਵ ਜਾਤੀ ਇੱਕ ਜਾਤੀ ਹੈ,
ਦੁਨੀਆਂ ਦੇ ਸਭ ਦੇਸ਼ ਹਮਾਰੇ।
*********
ਜੇਕਰ ਹਓਮੇਂ ਤੇਰੀ ਸੱਜਨਾ
ਜੇਕਰ ਹਓਮੇਂ ਤੇਰੀ ਸੱਜਨਾ,
ਲੱਗੇ ਤੈਨੂੰ ਪਿਆਰੀ।
ਜਾਂ ਫਿਰ ਤੈਨੂੰ ਚੜ੍ਹ ਜਾਵੇ ਹਓਮੇਂ ਦੀ ਖੁਮਾਰੀ,
ਉਜੜ ਜਾਵੇਗਾ ਦੇਸ਼ ਤੇਰਾ,
ਉਜੜ ਜਾਵੇਗੀ ਦੁਨੀਆਂ ਸਾਰੀ।
ਭੁਲੀਂ ਨਾ ਕਿ ਤੇਰੇ ਜੇਹੇ,
ਇਸ ਜੱਗ ਵਿਚ ਹਜ਼ਾਰਾਂ।
ਇੱਕ ਇਕੱਲਾ ਤੂੰਹੀਂ ਨਾਹੀ,
ਫਿਰਦਾ ਵਿਚ ਬਜ਼ਾਰਾਂ।
ਇਸ ਦੁਨੀਆਂ ਦੇ ਆਦਮ ਬੱਚੇ,
ਸਾਰੇ ਤੇਰੇ ਭਾਈ।
ਕਿਉਂ ਮਾਰੇ ਕਿਉਂ ਵੱਢੇ ਟੁੱਕੇਂ,
ਕਿਉਂ ਬਣਿਆ ਤੂੰ ਸੁਦਾਈ।
ਸਮਝ ਨਾ ਵੱਖਰੇ ਮਸਜਿਦ ਮੰਦਰ,
ਸਮਝ ਨਾ ਵੱਖਰਾ ਕੋਈ ਗੁਰਦੁਆਰਾ।
ਸਭ ਦਾ ਸਾਂਝਾ ਇੱਕੋ ਮੰਦਰ,
ਸਭ ਦਾ ਸਾਂਝਾ ਇਹ ਜੱਗ ਸਾਰਾ।
ਦਰਦੇ ਦਿਲ ਹਰ ਦਿਲ ਵਿਚ ਹੋਵੇ,
ਲੱਗੇ ਸਾਨੂੰ ਹਰ ਕੋਈ ਪਿਆਰਾ।
ਸਾਰੀ ਧਰਤ ਸਭ ਦੀ ਸਾਂਝੀ,
ਵੱਖ ਨਹੀਂ ਹੈ ਦੇਸ਼ ਹਮਾਰਾ।
*********
ਘਰ ਦਾ ਕੂੜਾ ਕਰ ਇਕੱਠਾ
ਘਰ ਦਾ ਕੂੜਾ ਕਰ ਇਕੱਠਾ,
ਨਿੱਤ ਕੂੜਾਦਾਨ ਵਿਚ ਪਾਈਏ।
ਮਨ ਦਾ ਕੂੜਾ ਸਾਂਭ ਕੇ ਰੱਖੀਏ,
ਦੀਰਘ ਰੋਗ ਲਗਾਈਏ।
ਜੇ ਕੂੜਾ ਮਨ ਵਿਚ ਵਧ ਜਾਵੇ,
ਕੋਈ ਨਾ ਸਾਡੇ ਨੇੜੇ ਆਵੇ।
ਜੋ ਆਵੇ ਛੇਤੀ ਉੱਠ ਜਾਵੇ,
ਕਿਸ ਨੂੰ ਕੋਲ ਬਿਠਾਈਏ।
ਕਾਮ ਕਰੋਧ ਲੋਭ ਮੋਹ ਹਓਮੇਂ,
ਪੰਜਾਂ ਦਾ ਕੂੜਾ ਮਨ ਵਿਚ ਪਾਈਏ।
ਸੱਚ ਸਭਨਾਂ ਦਾ ਹੈ ਦਾਰੂ,
ਜੇ ਮਰਹਮ ਸੱਚ ਦੀ ਲਾਈਏ।
ਸੱਚ ਲਈ ਜਿਹਨਾਂ ਨੇ ਹੀਲੇ ਕੀਤੇ,
ਜਗ ਵਿਚ ਜ਼ਹਿਰ ਪਿਆਲੇ ਪੀਤੇ।
ਮੌਤ ਨਾ ਸਕੀ ਮਾਰ ਉਹਨਾਂ ਨੂੰ,
ਨਿੱਤ ਉਹਨਾਂ ਦੇ ਗੁਣ ਗਾਈਏ।
ਸੱਚ ਝੂਠ ਦੀ ਸਦਾ ਲੜਾਈ,
ਮੁੱਢ ਕਦੀਮੋਂ ਚੱਲਦੀ ਆਈ।
ਪਰ ਕੂੜ ਕੁਫਰ ਜਦ ਅਤਿ ਮਚਾਵੇ,
ਆ ਕੋਈ ਉਸਦੇ ਸੰਗ ਟਕਰਾਵੇ।
ਇੱਕ ਮੂਸਾ ਜਾਂ ਇੱਕ ਈਸਾ,
ਇੱਕ ਮਹਾਂਵੀਰ, ਜਾਂ ਇੱਕ ਬੁੱਧਾ,
ਘੁੱਪ ਹਨੇਰੇ ਦੂਰ ਭਜਾਵੇ,
ਸੱਚ ਦਾ ਚਾਨਣ ਦੇ ਕੇ ਜਾਵੇ।
ਕੂੜ ਕੁਫਰ ਸਦਾ ਖੋਖਲਾ,
ਸਤਿ ਦੀ ਸੱਟ ਸਹਿ ਨਾ ਪਾਵੇ।
ਇੱਕ ਮੁਹੰਮਦ ਜਾਂ ਇੱਕ ਨਾਨਕ,
ਕੂੜ ਕੁਫਰ ਨੂੰ ਪਰੇ ਹਟਾਵੇ।
*********
ਰਾਜ ਜ਼ੋਰ ਦਾ ਤੇ ਕੁਫਰ ਦਾ
ਰਾਜ ਜ਼ੋਰ ਦਾ ਤੇ ਕੁਫਰ ਦਾ,
ਅੱਜ ਦੁਨੀਆਂ ਵਿਚ ਵਧਦਾ ਜਾਏ।
ਹੱਕ ਸੱਚ ਨੂੰ ਕੋਈ ਨਾ ਜਾਣੇ,
ਲੁੱਟ ਖਸੁੱਟ ਲਈ ਧੌਂਸ ਜਮਾਏ।
ਕੋਈ ਇੱਕ ਵਿਰਲਾ ਜੱਗ ਵਿਚ ਆਵੇ,
ਬਦੀਆਂ ਸੰਗ ਜੋ ਜਾ ਟਕਰਾਵੇ।
ਬਦਲ ਦੇਵੇ ਨੁਹਾਰ ਸਮੇਂ ਦੀ,
ਗਾਡੀ ਰਾਹ ਕੋਈ ਨਵਾਂ ਬਣਾਏ।
ਗੌਤਮ ਆਏ ਈਸਾ ਜੀ ਆਏ,
ਮੁਹੰਮਦ ਤੇ ਨਾਨਕ ਵੀ ਆਏ।
ਕੁਰਾਹੀਏ ਜਿਹਨਾਂ ਨੇ ਰਾਹੇ ਪਾਏ,
ਗਾਡੀ ਰਾਹ ਜੱਗ ਲਈ ਬਣਾਏ।
ਮਹਿਲ ਛੱਡੇ ਘਰ ਬਾਰ ਛੱਡੇ,
ਘਰਾਂ ਦੇ ਸੁੱਖ ਅਰਾਮ ਛੱਡੇ।
ਤੜਪਨ ਜਾਗੀ ਉਹਨਾਂ ਦੇ ਸੀਨੇ,
ਲੋਕਾਂ ਸੰਗ ਜਾ ਦਰਦ ਵੰਡਾਏ।
ਕੀਤਾ ਚਾਨਣ ਚਾਰ ਚੁਫੇਰੇ,
ਕੀਤੇ ਸਾਰੇ ਦੂਰ ਹਨੇਰੇ।
ਐਸੇ ਸੂਰਜ ਫੜ ਕੇ ਲਿਆਏ,
ਸਾਰੇ ਹੀ ਰਾਹ ਗਏ ਰੁਸ਼ਨਾਏ।
ਗੌਤਮ ਭੁੱਲੇ ਈਸਾ ਜੀ ਭੁੱਲੇ,
ਮੁਹੰਮਦ ਤੇ ਨਾਨਕ ਭੁਲਾਏ।
ਫਿਰਨ ਜਨੂੰਨੀ ਚਾਰ ਚੁਫੇਰੇ,
ਫਿਰਦੇ ਨੇ ਜਿਉਂ ਸਗ ਹਲਕਾਏ।
ਕੂੜ ਫਿਰੇ ਪਰਧਾਨ ਜੱਗ ਵਿਚ,
ਸੱਚ ਕਿਧਰੇ ਨਜ਼ਰੀਂ ਨਾ ਆਏ।
ਸਾੜਨ ਫੂਕਣ ਵੱਢਣ ਟੁੱਕਣ,
ਸਿਰ ਫਿਰੇ ਆਦਮ ਦੇ ਜਾਏ।
ਬਦੀ ਦਾ ਪਲੜਾ ਭਾਰੀ ਹੋਇਆ,
ਕਿਧਰੇ ਖੁਦਾ ਨਾ ਕਹਿਰ ਕਮਾਏ।
ਹਾਹਾਕਾਰ ਮਚੀ ਜੱਗ ਅੰਦਰ,
ਨੇਕੀ ਦਾ ਪਲੜਾ ਕੌਣ ਝੁਕਾਏ।
ਆਦਮ ਦਿਆ ਪੁੱਤਰਾ ਹੋਸ਼ ਕਰ,
ਮਿਲ ਬਹਿ ਕੇ ਵਿਚਾਰ ਕਰ ਸੋਚ ਕਰ।
ਹੱਸਦੀ ਵਸਦੀ ਰਹਿਣ ਦੇ ਦੁਨੀਆਂ,
ਆਜ਼ਾਬ ਵੱਡਾ ਕੋਈ ਆ ਨਾ ਜਾਏ।
*********
ਜੇ ਚੁਗਿਰਦੇ ਵਗੇ ਹਨੇਰੀ
ਜੇ ਚੁਗਿਰਦੇ ਵਗੇ ਹਨੇਰੀ,
ਗਰਦ ਗੁਬਾਰ ਉਡਾਏ।
ਸਾਫ ਸੁਥਰਾ ਘਰ ਵੀ ਸਾਡਾ,
ਮਿੱਟੀ ਨਾਲ ਭਰ ਜਾਏ।
ਸਾਡੇ ਗੁਆਂਢ ਜੇ ਅੱਗ ਲੱਗੇ,
ਸੇਕ ਸਾਨੂੰ ਭੀ ਆਏ।
ਕਈ ਵਾਰੀ ਤਾਂ ਘਰ ਸਾਡਾ ਵੀ,
ਢਹਿ ਢੇਰੀ ਹੋ ਜਾਏ।
ਜੰਗਲਾਂ ਵਿਚ ਜੇ ਬਿਜਲੀ ਡਿਗੇ,
ਜਾਂ ਦਰਖਤ ਕੋਈ ਖਹਿ ਜਾਏ।
ਅੱਗ ਲੱਗੇ ਜੇ ਸਾਰੇ ਜੰਗਲ ਨੂੰ,
ਕੋਈ ਜੀਵ ਕਿਵੇਂ ਬਚ ਪਾਏ।
ਰਾਜ ਜੰਗਲ ਦਾ ਜੇ ਆ ਜਾਏ,
ਤਕੜਾ ਮਾੜੇ ਨੂੰ ਖਾ ਜਾਏ।
ਅਮਨ ਚੈਨ ਦੁਨੀਆਂ ਦਾ ਉੱਡੇ,
ਬੰਦਾ ਕਿਧਰ ਜਾਏ?
ਹੱਸਦਾ ਵਸਦਾ ਰਹੇ ਜੱਗ ਸਾਡਾ,
ਜੇ ਜਗ ਵਿਚ ਅਮਨ ਲਿਆਈਏ।
ਇੱਕ ਇਕੱਲਾ ਕੁਝ ਕਰ ਨਹੀਂ ਸਕਦਾ,
ਰਲ ਮਿਲ ਜ਼ੋਰ ਲਗਾਈਏ।
ਗੁਆਂਢੀ ਸੰਗ ਮਿੱਤਰਤਾ ਸਾਡੀ,
ਜਗ ਵਿਚ ਚੈਨ ਵਧਾਏ।
ਵੈਰ ਵਿਰੋਧ ਜੇ ਮਨ ਵਿਚ ਪਾਈਏ,
ਮਿੱਤਰ ਵੈਰੀ ਬਣ ਜਾਏ।
ਸਰਵ-ਵਿਆਪੀ ਪ੍ਰੇਮ ਭਾਵਨਾ,
ਸਭਨਾਂ ਪ੍ਰਤੀ ਮਿੱਤਰਤਾਪਣ।
ਖੇੜਾ ਵੰਡੀਏ ਖਿੜੇ ਰਹੀਏ,
ਵੈਰੀ ਮਿੱਤਰ ਬਣ ਜਾਏ।
ਆਦਮ ਬੱਚਾ ਸਭ ਦਾ ਸਾਂਝਾ,
ਕਿਉਂ ਵੈਰ ਵਿਰੋਧ ਵਧਾਏ।
ਸਾਰੀ ਦੁਨੀਆਂ ਸਭ ਦੀ ਸਾਂਝੀ,
ਕਿਉਂ ਝਗੜਾ ਜਗ ਵਿਚ ਪਾਏ।
ਅਰਥ-ਵਿਵਸਥਾ ਉਲਾਰ ਜੱਗ ਦੀ,
ਮਿਲੇ ਨਾ ਵਿਦਿਆ ਕਿਸੇ ਨੂੰ ਚੱਜ ਦੀ।
ਸਰਵ-ਵਿਆਪੀ ਪ੍ਰੇਮ ਨਾ ਕਿਧਰੇ,
ਦੁਨੀਆਂ ਦੇ ਦੁੱਖ ਕੌਣ ਹਟਾਏ।
*********
ਬਦੀ ਦਾ ਪਲੜਾ ਭਾਰੀ ਹੋਵੇ
ਬਦੀ ਦਾ ਪਲੜਾ ਭਾਰੀ ਹੋਵੇ,
ਕਹਿਰ ਖੁਦਾ ਦਾ ਆਵੇ।
ਹੋਵੇ ਨੇਕੀ ਸਾਰੇ ਪਾਸੇ,
ਜਗ ਜੰਨਤ ਬਣ ਜਾਵੇ।
ਫਰਜ਼ ਬਣਦਾ ਹੈ ਹਰ ਕਿਸੇ ਦਾ,
ਕਿ ਨਿੱਤ ਆਪਾ ਚੀਨੇ।
ਪੁਸ਼ਤਾਂ ਤੋਂ ਪਏ ਔਗੁਣ ਤਿਆਗੇ,
ਜਿੰਦ ਵਿਚ ਜੜੇ ਨਗੀਨੇ।
ਜੇ ਉਚਾਂਦਾਂ ਚੜ੍ਹਦੇ ਜਾਈਏ,
ਟੀਸੀ 'ਤੇ ਪੁੱਜ ਜਾਈਏ।
ਤੱਕੀਏ ਚੁਗਿਰਦਾ ਖੜ੍ਹ ਟੀਸੀ 'ਤੇ,
ਖੇੜੇ ਵਿਚ ਆ ਜਾਈਏ।
ਪਰ ਜੇ ਧੱਸੀਏ ਵਿਚ ਨਿਵਾਣਾਂ,
ਖੱਡ ਡੂੰਘੀ ਵਿਚ ਜਾਈਏ,
ਚੁਗਿਰਦਾ ਤਕੀਏ ਜੇਕਰ ਉਥੋਂ,
ਤੱਕ ਤੱਕ ਕੇ ਘਰਬਾਈਏ।
ਦੈਵੀ ਗੁਣ ਅਪਣਾਂਦੇ ਜਾਈਏ,
ਸ਼ੈਤਾਨੀਅਤ ਨਿੱਤ ਘਟਾਈਏ।
ਚੰਗਾ ਸੋਚੀਏ ਚੰਗੇ ਬਣੀਏ,
ਚੰਗਾ ਜਗ ਬਣਾਈਏ।
*********
ਸਭ ਕੁਝ ਹੀ ਜਦ ਵਿਗੜ ਜਾਵੇ
ਸਭ ਕੁਝ ਹੀ ਜਦ ਵਿਗੜ ਜਾਵੇ,
ਰਾਹਾਂ ਵਿਚ ਕੰਡੇ ਖਿੰਡ ਜਾਣ।
ਜੇਬਾਂ ਦੇ ਵਿਚ ਕੁਝ ਨਾ ਹੋਵੇ,
ਕਰਜ਼ੇ ਹੋਵਣ ਸਿਰ ਅਸਮਾਨ।
ਮਨ ਚਾਹਵੇ ਕਿ ਖੁਸ਼ੀਆਂ ਆਵਣ,
ਆਹਾਂ ਦਾ ਪਰ ਆਵੇ ਤੂਫਾਨ।
ਛੱਡ ਨਾ ਭੱਜੀਂ ਕਦੀ ਮੈਦਾਨ,
ਲੋੜ ਪਵੇ ਕਰ ਲਵੀਂ ਅਰਾਮ,
ਪਰ ਨਾ ਕਰੀਂ ਸਮਾਂ ਹਰਾਮ।
ਇਹ ਦੁਨੀਆਂ ਟੇਢੀ ਮੇਢੀ ਹੈ,
ਕਦੀ ਰੋਲ਼ੇ ਕਦੀ ਦੇਵੇ ਮਾਣ।
ਕਈ ਹਾਰਾਂ ਜਿੱਤਾਂ ਬਣ ਜਾਵਣ,
ਜੇ ਹੋਰ ਲਾਈਏ ਭੋਰਾ ਭਰ ਤਾਣ।
ਬਹੁਤ ਔਕੜਾਂ ਜੇ ਆ ਜਾਵਣ,
ਛੱਡ ਕੇ ਪਾਸੇ ਕਦੀ ਨਾ ਹੋਈਏ।
ਲਾਈਏ ਆਪਣਾ ਪੂਰਾ ਤਾਣ,
ਕੀ ਪਤਾ ਏ ਆਖਰ ਜਿੱਤ ਜਾਈਏ,
ਮਿਲ ਜਾਵੇ ਉਚੇਰਾ ਮਾਣ।
ਥੱਕਿਆ ਟੁੱਟਿਆ ਹਾਰਿਆ ਰਾਹੀ,
ਜਦੋਂ ਕਦਮ ਅਗੇਰੇ ਪੁਟ ਨਾ ਸਕੇ।
ਕੀ ਪਤਾ ਏ ਇੱਕ ਕਦਮ ਪੁੱਟਿਆਂ,
ਮਿਲ ਜਾਵੇ ਮਨ ਚਾਹਿਆ ਮੁਕਾਮ।
ਟਿਲ ਦਾ ਜ਼ੋਰ ਲਗਾਉਂਦੇ ਜਾਈਏ,
ਮਤ ਡੋਲੀਂ ਰੇ ਤੂੰ ਇਨਸਾਨ।
ਕੀ ਪਤੈ ਏ ਜਿੱਤ ਓਦੋਂ ਹੋਣੀ,
ਪੁੱਜ ਜਾਣਾ ਜਦ ਤੂੰ ਸ਼ਮਸਾਨ।
ਜਿੱਤ ਹਾਰ ਦਾ ਦੂਜਾ ਪਾਸਾ,
ਭੈ ਭਰਮ ਦੇ ਕਾਰਨ ਜੇਕਰ।
ਪਾਸਾ ਨਾ ਪਰਤਾਈਏ,
ਫਿਰ ਤਾਂ ਬਾਜ਼ੀ ਹਾਰ ਕੇ ਜਾਈਏ।
ਜਿੱਤ ਦੀ ਭਿਣਕ ਜਿਸ ਨੂੰ ਲੱਗੇ,
ਕਿ ਡਰਦੇ ਮਾਰੇ ਦੁਸ਼ਮਣ ਭੱਜੇ।
ਮੋੜ ਮੁਹਾਰਾਂ ਜੇ ਆ ਜਾਵੇ,
ਬਿਨ ਲੜਿਆਂ ਜਿੱਤ ਝੋਲੀ ਪਾਵੇ।
ਸੁੱਟੀਏ ਜੇ ਹਥਿਆਰ, ਬਿਨਾ ਯੁੱਧ ਦੇ,
ਹੋਵੇ ਸਿੱਧੀ ਹਾਰ, ਸ਼ੱਕ ਨਾ ਰਹੇ।
ਚੁੱਕ ਲਈਏ ਹਥਿਆਰ, ਲੜੀਏ ਡਟ ਕੇ,
ਜਿੱਤ ਹੋਵੇ ਜਾਂ ਹਾਰ ਫਿਕਰ ਕੋਈ ਨਾ।
ਛੱਡ ਦੇਈਏ ਜੇ ਦਿਲ, ਸ਼ਕਤੀ ਨਾ ਰਹੇ,
ਜੇ ਲਾ ਦੇਈਏ ਸਾਰਾ ਤਾਣ ਵਾਹ ਵਾਹ ਜਗ ਕਰੇ।
ਜੇ ਹੱਕ ਸੱਚ ਲਈ ਲੜਨਾ ਹਿੱਸੇ ਆ ਜਾਵੇ,
ਹੁੰਦਾ ਨਾ ਉਹ ਸੂਰਾ, ਜੋ ਘਬਰਾ ਜਾਵੇ,
ਮਰਨ ਤੋਂ ਕੀ ਡਰਨਾ, ਮੌਤ ਜੇ ਆ ਜਾਵੇ।
*******
ਗੁਣ ਔਗੁਣ ਬਿਨ ਜਗ ਨਹੀਂ ਹੈ
ਗੁਣ ਔਗੁਣ ਬਿਨ ਜਗ ਨਹੀਂ ਹੈ,
ਜਮ੍ਹਾਂ ਬਿਨ ਮਨਫੀ ਮੁੱਕ ਜਾਏ।
ਗੁਣ ਔਗੁਣ ਸੰਗ ਸੰਗ ਰਹਿੰਦੇ,
ਨਿਰਗੁਣ ਕਿਸੇ ਦੇ ਕੰਮ ਨਾ ਆਏ।
ਜੋ ਦਿੱਸੇ ਅੱਜ ਔਗੁਣਾਂ ਭਰਿਆ,
ਗੁਣਵਾਨ ਓਹੀਓ ਬਣ ਜਾਏ।
ਦਿੱਸੇ ਅੱਜ ਗੁਣਵਾਨ ਜੋ ਸਾਨੂੰ,
ਕੁਕਰਮ ਸਿਰੇ ਦੇ ਉਹ ਕਮਾਏ।
ਦੁੱਧ ਬੁੱਧ ਜਦ ਵਿਗੜਨ ਲਗਦੇ,
ਉਹ ਬਚੇ ਜਿਹਨੂੰ ਰੱਬ ਬਚਾਏ।
ਪਰ ਜੋ ਚੀਨੇ ਆਪਣਾ ਆਪਾ,
ਚਿੱਟੀ ਚਾਦਰ ਉਹ ਲੈ ਜਾਏ।
ਲਗਨ ਰੱਖੀਏ ਦਿਲ ਵਿਚ ਇੱਕੋ,
ਕਿ ਜਿੰਦ ਸਾਡੀ ਸ਼ੁਭ ਕਰਮ ਕਮਾਏ।
ਲੋੜਵੰਦਾਂ ਦੇ ਕੰਮ ਆ ਜਾਏ,
ਗੁਣਵਾਨਾਂ ਤੋਂ ਸਿੱਖਦੀ ਜਾਏ।
ਬਹੁਤ ਅਧੂਰੀ ਹੈ ਜਿੰਦ ਸਾਡੀ,
ਕੰਮ ਕੁਚੱਜੇ ਕਰਦੀ ਜਾਏ।
ਗੁਣ ਆਵਣ ਸ਼ੁਭ ਕਰਮ ਕਮਾਵੇ,
ਜਾਂਦੀ ਵਾਰੀ ਨਾ ਪਛਤਾਵੇ।
*********
ਜ਼ੋਰਾਵਰ! ਮਤ ਅਤਿ ਮਚਾਵੀਂ
ਜ਼ੋਰਾਵਰ! ਮਤ ਅਤਿ ਮਚਾਵੀਂ,
ਜ਼ੋਰ ਤੇਰਾ ਨਿੱਤ ਘਟਦਾ ਜਾਏ।
ਸਮਾਂ ਇੱਕ ਸਾਰ ਨਹੀਂ ਰਹਿੰਦਾ,
ਜੋ ਮਾੜਾ! ਤਕੜਾ ਹੋ ਜਾਏ।
ਰੱਬੀ ਰਾਹ ਦੇ ਬੰਦੇ ਕਦੀ ਵੀ,
ਕਿਸੇ ਦਾ ਦਿਲ ਨਹੀਂ ਦੁਖਾਉਂਦੇ।
ਰੱਖਣ ਨਿਮਰਤਾ ਸਦਾ ਹੀ ਪੱਲੇ,
ਵੈਰੀ ਮੀਤ ਬਣਾਉਂਦੇ।
ਨਾ ਕੋ ਵੈਰੀ ਨਾ ਹੀ ਬੇਗਾਨਾ,
ਉਹ ਸਭ ਨੂੰ ਗਲੇ ਲਗਾਉਂਦੇ।
ਮਿੱਤਰਾਂ ਸੰਗ ਜੋ ਕਰਨ ਲੜਾਈ,
ਰੱਬ ਤੇ ਜਗ ਨੂੰ ਉਹ ਨਾ ਭਾਉਂਦੇ।
ਪਰਮ ਸੱਤਾ ਹੈ ਸੱਤਾ ਸਭ ਦੀ,
ਜਿਸ ਸਾਰੀ ਬਣਤ ਬਣਾਈ।
ਨਾ ਕੋਈ ਵਧੀਆ ਨਾ ਕੋਈ ਘਟੀਆ,
ਨਾ ਜ਼ੋਰਾਵਰ ਕੋਈ ਭਾਈ।
ਸੂਰਜ ਜਿੰਨੀ ਸ਼ਕਤੀ ਬੇਸ਼ੱਕ,
ਨਹੀਂ ਕਿਸੇ ਦੇ ਹਿੱਸੇ ਆਈ।
ਜੋ ਜਿੰਨਾ ਵੀ ਕਰ ਸਕਦਾ ਹੈ,
ਉਹਦੀ ਇਹ ਵਡਿਆਈ।
ਗੇੜੇ ਲਾਟੂ ਵਾਂਗੂੰ ਕੱਟੇ,
ਜਾਂ ਕੋਹਲੂ ਬਣ ਜਾਵੇ।
ਜਾਂ ਬਣ ਜਾਵੇ ਉਹ ਚੰਦਰਮਾ,
ਜਾਂ ਸੂਰਜ ਬਣ ਦਿਖਾਵੇ।
ਪਰ ਨੇਕੀ ਦੀ ਹੱਦ ਨਹੀਂ ਹੈ,
ਜੋ ਜਿੰਨੀ ਚਾਹੇ ਕਰ ਜਾਵੇ।
ਬਣ ਸਕੇ ਵਾਯੂ ਬਣ ਜਾਵੇ,
ਸਾਰੇ ਜੱਗ ਵਿਚ ਸੁੱਖ ਲਿਆਵੇ।
*********
ਰੱਬੀ ਰਾਹ 'ਤੇ ਟੁਰਨਾ ਔਖਾ ਛੱਡ ਬੈਠੀਂ ਨਾ ਘਬਰਾ ਕੇ
ਰੱਬੀ ਰਾਹ 'ਤੇ ਟੁਰਨਾ ਔਖਾ ਛੱਡ ਬੈਠੀਂ ਨਾ ਘਬਰਾ ਕੇ।
ਇਸ ਰਾਹ 'ਤੇ ਹੈ ਟੁਰਨਾ ਪੈਂਦਾ ਮਨ ਦੀ ਮੈਲ ਮਿਟਾ ਕੇ।
ਸ਼ੁੱਧ ਸੋਚਣੀ ਤੇ ਸ਼ੁੱਧ ਕਰਨੀ ਬੋਲੀਂ ਬਚਨ ਟਿਕਾ ਕੇ।
ਦੁਨੀਆਵੀਂ ਲੋੜਾਂ ਕਰੀਂ ਪੂਰੀਆਂ ਧਰਮ ਦੀ ਕਿਰਤ ਕਮਾ ਕੇ।
ਰੱਬੀ ਰਾਹ ਹੱਕ ਸੱਚ ਦਾ ਰਾਹ ਹੈ ਪਵੇ ਟੁਰਨਾ ਪੈਰ ਟਿਕਾ ਕੇ,
ਐਸੇ ਆਵਣ ਵਾ-ਵਰੋਲੇ ਲੈ ਜਾਂਦੇ ਤਣੇ ਉੜਾ ਕੇ।
ਪਰ ਜੋ ਬੂਟਾ ਨਿਮਣਾ ਜਾਣੇ, ਉਹ ਖੜ੍ਹਦਾ ਖੂਬ ਲਹਿਰਾ ਕੇ,
ਸਿਰ ਉਪਰ ਦੀ ਲੰਘ ਜਾਂਦੇ ਨੇ ਵਾ-ਵਰੋਲੇ, ਖੌਰੂ ਪਾ ਕੇ।
ਜੇ ਕੋਈ ਰਾਹੀਂ ਰਾਹ ਿਵਚ ਮਿਲ ਜਾਵੇ ਟੁਰੀਏ ਉਸਦੇ ਸੰਗ ਬਣਾ ਕੇ,
ਟੁਰਦੇ ਜਾਈਏ ਆਪਣੀ ਰਾਹੇ ਰੱਖੀਏ ਕਦਮ ਬਚਾ ਕੇ।
ਜੇਕਰ ਰੋੜਾ ਬਣੇ ਵਾਟ ਦਾ ਉਹ ਨੂੰ ਰੱਖੀਏ ਪਰੇ ਹਟਾ ਕੇ,
ਆਪਣੀ ਧੁਨ ਵਿਚ ਟੁਰਦੇ ਜਾਈਏ ਅਪਣੇ ਫਰਜ਼ ਪੁਗਾ ਕੇ।
ਸਭ ਕੁਝ ਏਥੇ ਥੋੜ੍ਹ ਚਿਰਾ ਹੈ, ਲੰਘ ਜਾਵੀਂ ਪਿਆਰ ਵਧਾ ਕੇ,
ਖੁਸ਼ੀ ਗਮੀਂ ਮਨ ਵਿਚ ਨਾ ਪਾਈਏ, ਟੁਰੀਏ ਸੇਧ ਬਣਾ ਕੇ।
ਬਦੀ ਦੀ ਖਾਈ ਵਿਚ ਜਾ ਗਿਰੀਏ, ਮਨ ਦੇ ਘੋੜੇ ਭਜਾ ਕੇ,
ਇਛਾਵਾਂ ਦਾ ਤਾਣਾ ਤਣੀਏ, ਹਓਮੇਂ ਦੇ ਵਿਚ ਆ ਕੇ।
ਅਸੀਂ ਖਿਡਾਉਣੇ ਪਰਮ ਸੱਤਾ ਦੇ ਟੁੱਟ ਜਾਈਏ ਖੇਡ ਖਿਡਾ ਕੇ,
ਸਦਜੀਵੀ ਸੰਗ ਜਾ ਸਮਾਈਏ ਨਿਰ-ਇੱਛਤ ਕਰਮ ਕਮਾ ਕੇ।
ਸਰਵ-ਵਿਆਪੀ ਰਹੇ ਅਲੇਪਾ ਸਾਡੇ ਕਣ ਕਣ ਵਿਚ ਸਮਾ ਕੇ।
ਜਗ ਮੇਲੇ ਵਿਚ ਟੁਰਦੇ ਜਾਈਏ ਅਪਣਾ ਆਪ ਬਚਾ ਕੇ।
***********
ਰੋਟੀ ਦੀ ਇੱਕ ਬੁਰਕੀ ਬਦਲੇ
ਰੋਟੀ ਦੀ ਇੱਕ ਬੁਰਕੀ ਬਦਲੇ,
ਖਾਣਾ ਖੂਬ ਖਲਾਈਏ।।
ਪਿਆਰ ਨਾਲ ਜੇ ਕੋਈ ਬੁਲਾਵੇ,
ਉਸ ਅੱਗੇ ਝੁਕ ਜਾਈਏ।
ਭੀੜ ਪਵੇ ਕੋਈ ਪੈਸਾ ਦੇਵੇ,
ਸੋਨੇ ਵਿਚ ਮੁੱਲ ਤਾਰੀਏ।
ਜੇ ਕੋਈ ਤੁਹਾਡੀ ਜਾਨ ਬਚਾਵੇ,
ਜਿੰਦ ਉਸ ਤੋਂ ਵਾਰੀਏ।
ਭਲੇ ਪੁਰਸ਼ ਤੇ ਸਿਆਣੇ ਬੰਦੇ,
ਨਹੀਂ ਨੇਕੀ ਤੋਂ ਘਬਰਾਉਂਦੇ।
ਨਿਕ ਮੁਨੁਕੀ ਸੇਵਾ ਦਾ ਮੁੱਲ,
ਦਸ ਗੁਣਾਂ ਉਹ ਪਾਉਂਦੇ।
ਮਜ਼ਲੂਮਾਂ ਲਈ ਮਰ ਮਿਟ ਜਾਂਦੇ,
ਸੱਚੋ ਸੱਚ ਕਮਾਉਂਦੇ।
ਤਨ ਤੋਂ ਨੰਗੇ ਢਿੱਡੋਂ ਭੁੱਖੇ,
ਜਿੰਦ ਲੋਕ ਸੇਵਾ ਵਿੱਚ ਲਾਉਂਦੇ।
ਸੁੱਕੇ ਟੁੱਕੜ ਹੀ ਖਾ ਖਾ ਕੇ,
ਲਾਵਾਰਸ ਚੁੱਕ ਲਿਆਉਂਦੇ।
ਐਸੇ ਸੂਰੇ ਜਗ ਵਿਚ ਥੋੜ੍ਹੇ,
ਟਾਵੇਂ ਟਾਵੇ ਆਉਂਦੇ।
(ਭਗਤ ਪੂਰਨ ਸਿੰਘ ਅਖਵਾਉਂਦੇ)
*********
ਹਓਮੇਂ ਸਾਨੂੰ ਝੁਕਣ ਨਾ ਦੇਵੇ
ਹਓਮੇਂ ਸਾਨੂੰ ਝੁਕਣ ਨਾ ਦੇਵੇ,
ਬਿਨ ਝੁੱਕਿਆ, ਲਗਦੇ ਨਹੀਂ ਮੇਵੇ।
ਕਰੇ ਗੁਨਾਹ ਕਦੀ ਨਾ ਮੰਨੇ,
ਢਾਹ ਸੁੱਟਦੀ ਹੈ ਸਾਰੇ ਬੰਨੇ।
ਮੈਲ਼ ਮਨ 'ਤੇ ਚੜ੍ਹਦੀ ਜਾਵੇ,
ਹਓਮੇਂ ਵਿਚ ਆ ਖੋਰੂ ਪਾਵੇ।
ਮੁੜ ਮੁੜ ਗੁਨਾਹ ਕਰਦੀ ਜਾਵੇ,
ਜੰਨਤ ਜਾਵੇ ਦੋਜ਼ਖ ਆਵੇ।
ਚਾਹ ਸੁੱਖਾਂ ਦੀ ਦੁੱਖ ਉਪਜਾਵੇ,
ਬੇਚੈਨੀ ਇਸ ਨੂੰ ਵੱਢ ਵੱਢ ਖਾਵੇ।
ਹਓਮੇਂ ਵਸ ਜੋ ਕਾਰ ਕਮਾਵੇ,
ਸਾਰੀ ਕਾਰ ਅਜਾਈਂ ਜਾਵੇ।
ਜੇਕਰ ਸੱਚ ਦਾ ਰਾਹ ਅਪਣਾਈਏ,
ਇੱਕੋ ਝਟਕੇ ਹਓਮੇਂ ਜਾਵੇ।
ਮਨ ਕਰਮ ਬਚਨ ਵਿਚਾਰ ਸਾਡੇ,
ਸਭ ਕੁਝ ਹੀ ਫਿਰ ਸ਼ੁੱਧ ਹੋ ਜਾਵੇ।
ਹਓਮੇਂ ਜੇਹਾ ਰੋਗ ਨਾ ਕੋਈ,
ਰੋਗ ਜਿਸ ਨੂੰ ਇਹ ਲੱਗ ਜਾਵੇ।
ਆਪਣਾ ਆਪਾ ਉਸ ਨੂੰ ਭੁੱਲੇ,
ਬੱਸ ਜਿਉਂਦਾ ਹੀ ਉਹ ਮਰ ਜਾਵੇ।
*********
ਜੇਕਰ ਬੁੱਧੀ ਰਹੇ ਟਿਕਾਣੇ
ਜੇਕਰ ਬੁੱਧੀ ਰਹੇ ਟਿਕਾਣੇ,
ਬੰਦਾ ਕਰਦਾ ਕੰਮ ਸਿਆਣੇ।
ਕ੍ਰੋਧ ਆਵੇ ਬੁੱਧੀ ਭੱਜ ਜਾਵੇ,
ਬੰਦਾ ਖੂੰਖਾਰ ਬਣ ਜਾਵੇ।
ਸ਼ਰਮ ਹਯਾ ਤੇ ਲੱਜਾ ਆਵੇ,
ਬੰਦਾ ਚੰਗੇ ਕਰਮ ਕਮਾਵੇ।
ਪਰ ਲਾਲਚ ਜੇ ਆ ਘੇਰੇ,
ਸ਼ਰਮ ਹਯਾ ਲੱਜਾ ਨਾ ਨੇੜੇ।
ਘਟੀਆ ਕਰਮ ਕਰੇ ਫਿਰ ਬੰਦਾ,
ਬੰਦਾ ਰਹਿੰਦਾ ਨਹੀਂ ਫਿਰ ਬੰਦਾ।
ਸ਼ੈਤਾਨ ਰੂਪ ਬੰਦਾ ਬਣ ਜਾਵੇ,
ਦੈਵੀ ਗੁਣ ਨਾ ਨੇੜੇ ਆਵੇ।
ਲੋਭ ਮੋਹ ਵਿਚ ਫਸਿਆ ਬੰਦਾ,
ਕਦੀ ਚੈਨ ਨਾ ਪਾਵੇ।
ਸਭ ਰੋਗਾਂ ਦਾ ਇੱਕੋ ਦਾਰੂ,
ਕਿ ਸੱਚ ਦੇ ਰਾਹ ਪੈ ਜਾਵੇ।
ਸੱਚ ਆਵੇ ਤਾਂ ਕੂੜ ਨਿਖੁੱਟੇ,
ਬੇਚੈਨੀ ਜ਼ਿੰਦਗੀ ਦੀ ਮੁੱਕੇ।
ਬੁੱਧ, ਲੱਜਾ, ਮੁੜ ਹਿੰਮਤ ਆਵੇ,
ਨਵਾਂ ਨਰੋਆ ਬੰਦਾ ਬਣ ਜਾਵੇ।
*********
ਜੇਕਰ ਪੈਸਾ ਪੱਲੇ ਨਾ ਹੋਵੇ
ਜੇਕਰ ਪੈਸਾ ਪੱਲੇ ਨਾ ਹੋਵੇ,
ਆਪਣੀ ਕਿਸਮਤ ਨੂੰ ਨਾ ਰੋਵੇ।
ਕਰ ਹਿੰਮਤ ਦੌਲਤ ਕਮਾਵੇ,
ਨਿਰਧਨ ਧੰਨਵਾਨ ਹੋ ਜਾਵੇ।
ਢੇਰ ਦੌਲਤ ਦਾ ਜੇ ਲੱਗ ਜਾਵੇ,
ਅਕਲਮੰਦਾਂ ਸੰਗ ਵੰਡ ਕੇ ਖਾਵੇ।
ਇੱਕ ਵੀ ਪੈਸਾ ਅਕਾਰਥ ਨਾ ਜਾਵੇ,
ਵਿਦਵਾਨਾਂ ਦੀ ਸੇਵ ਕਮਾਵੇ।
ਮੱਦਦ ਮਿੱਤਰਾਂ ਦੀ ਕਰਨੀ ਚੰਗੀ,
ਕੱਲ੍ਹ ਸਾਨੂੰ ਅੱਜ ਉਹਨਾਂ ਨੂੰ ਤੰਗੀ।
ਮਿੱਤਰਤਾ ਨਾ ਮਨੋ ਭੁਲਾਈਏ,
ਲੋੜਵੰਦਾਂ ਦੇ ਕੰਮ ਆ ਜਾਈਏ।
ਗਰੀਬ ਯਾਤੀਮ ਮਸਕੀਨ ਰੁਲੇ ਨਾ,
ਉਹਨਾਂ ਦਾ ਦੁੱਖ ਦਰਦ ਵੰਡਾਈਏ।
ਆਪਣਾ ਗੁਣ ਨਾ ਕਦੀ ਜਤਾਈਏ,
ਕਦੀ ਨਾ ਆਪਣੀ ਟੰਗ ਅੜਾਈਏ।
ਅਣ-ਕਮਾਇਆ ਧਨ ਨਾ ਖਾਈਏ,
ਖਾਈਏ ਉਹ ਜੋ ਆਪ ਕਮਾਈਏ।
ਹੁਨਰ ਅਕਲ ਸੰਗ ਤਾਣ ਲਗਾਈਏ,
ਹੱਕ ਦੂਜੇ ਦਾ ਕਦੀ ਨਾ ਖਾਈਏ।
*********
ਮਿੱਤਰ ਮੇਲੀ ਸਾਰੇ ਦੇਖੇ
ਮਿੱਤਰ ਮੇਲੀ ਸਾਰੇ ਦੇਖੇ,
ਸ਼ਮਸ਼ਾਨ ਘਾਟ ਤੱਕ ਜਾਂਦੇ।
ਪੈਸੇ ਜੇਕਰ ਪੱਲੇ ਹੋਵਣ,
ਵੇਖੇ ਨੇ ਕੰਮ ਆਉਂਦੇ।
ਪੈਸੇ ਪਹਿਲਾਂ ਛੱਡ ਜਾਂਦੇ ਨੇ,
ਫਿਰ ਮਿੱਤਰ ਵੀ ਛੱਡ ਜਾਂਦੇ।
ਉੱਡਿਆ ਭੌਰ ਸਰੀਰੋਂ ਸਾਡੇ,
ਅਲਵਿਦਾ ਕਹਿ ਜਾਂਦੇ ਨੇ।
ਕੋਈ ਨਾ ਕਿਸੇ ਦੇ ਸੰਗ ਜਾਂਦਾ ਹੈ,
ਕਰਮ ਕੀਤੇ ਸੰਗ ਜਾਂਦੇ ਨੇ।
ਆਪਣੀ ਪੁੱਠ ਆਤਮਾ ਉੱਤੇ,
ਪਲ ਪਲ ਝੜਾਈਂ ਜਾਂਦੇ ਨੇ।
ਕਰਮ ਤਾਂ ਬੱਸ ਐਸੇ ਕਰੀਏ,
ਕਿ ਦੁੱਖ ਨਾ ਕਿਸੇ ਨੂੰ ਹੋਵੇ।
ਦੁੱਖ ਕਿਸੇ ਨੂੰ ਜੇਕਰ ਦੇਈਏ,
ਆਪ ਦੁਖੀ ਹੋ ਜਾਈਏ।
ਅਜਲੋਂ ਚੱਲੀ ਜ਼ਿੰਦਗੀ,
ਅੰਤਾਂ ਤੱਕ ਹੈ ਜਾਣੀ।
ਭਿੰਨ ਭਿੰਨ ਜਾਮੇ ਬਦਲਦੀ,
ਜਾਵੇ ਮਹਾਂ ਰਾਣੀ।
ਜਾਮੇ ਮਿੱਟੀ ਦੇ ਮੁੱਕ ਜਾਣੇ,
ਜਾਮੇ ਚਾਨਣ ਦੇ ਹੰਢਾਉਣੇ।
ਬਲਿਹਾਰੇ ਜਾਈਏ ਜਿੰਦ ਦੇ,
ਸਾਰੇ ਹੀ ਦੁੱਖ ਝੱਲਦੀ ਜਾਵੇ।
ਪਰ ਇਸਨੂੰ ਲਗਨ ਲੱਗੀ ਹੈ ਐਸੀ,
ਕਿ ਪੁੱਜਣਾ ਸਤਿਗੁਰ ਦੇ ਦੁਆਰੇ,
ਜਿਸ ਮੁੱਢ 'ਚੋਂ ਸਭ ਕੁਝ ਹੋਇਆ,
ਮੁੜ ਉਸੇ ਨੂੰ ਜਾ ਨਮਸ਼ਕਾਰੇ।
*********
ਗੱਲ ਧਰਮ ਦੀ ਜਾਂ ਕਰਮ ਦੀ
ਗੱਲ ਧਰਮ ਦੀ ਜਾਂ ਕਰਮ ਦੀ,
ਵੱਖ ਵੱਖ ਕਦੀ ਵੀ ਹੋ ਨਹੀਂ ਸਕਦੀ।
ਬਿਨਾ ਕਰਮ ਦੇ ਗੱਲ ਧਰਮ ਦੀ,
ਦੁਨੀਆਂ ਵਿਚ ਖੋਲ ਨਹੀਂ ਸਕਦੀ।
ਬਿਨਾ ਕਰਮ ਦੇ ਧਰਮ ਖੋਖਲਾ,
ਬਿਨਾ ਧਰਮ ਦੇ ਕਰਮ ਖੋਖਲਾ।
ਸੱਚ ਬਿਨਾ ਗੱਲ ਕਰਮ ਧਰਮ ਦੀ,
ਦਿਲ ਸਾਡੇ ਨੂੰ ਮੋਹ ਨਹੀਂ ਸਕਦੀ।
ਸੱਚ! ਕਸਵੱਟੀ ਹਰ ਧਰਮ ਦੀ,
ਸੱਚ! ਕਸਵੱਟੀ ਹਰ ਕਰਮ ਦੀ।
ਬਿਨ ਕਸਵੱਟੀ ਕੋਈ ਪਰਖ ਵੀ,
ਇਸ ਦੁਨੀਆਂ ਵਿਚ ਹੋ ਨਹੀਂ ਸਕਦੀ।
ਧਰਮ ਉਹ ਜੋ ਸੱਚ ਦਰਸਾਵੇ,
ਧਰਮ ਉਹ ਜੋ ਪਿਆਰ ਵਧਾਵੇ।
ਭੁੱਲ ਬਦੀ ਦੇ ਨੇੜੇ ਨਾ ਜਾਵੇ,
ਜੱਗ ਵਿਚ ਨੇਕੀ ਨੂੰ ਵਧਾਵੇ।
ਕਰਮ ਉਹ ਜੋ ਭੁੱਖ ਮਿਟਾਵੇ,
ਕਰਮ ਉਹ ਜੋ ਸੁੱਖ ਵਧਾਵੇ।
ਕਰਮ ਉਹ ਜੋ ਦੁੱਖ ਮਿਟਾਵੇ,
ਕਰਮ ਉਹ ਜੋ ਸਭ ਨੂੰ ਭਾਵੇ।
*********
ਸੱਚ ਦਾ ਲੜ ਘੁੱਟ ਕੇ ਫੜੀਏ
ਸੱਚ ਦਾ ਲੜ ਘੁਟ ਕੇ ਫੜੀਏ,
ਹੱਕ ਸੱਚ ਲਈ ਲੜੀਏ।
ਹੋ ਜਾਵੇ ਜੇ ਹਾਰ ਕਿਧਰੇ,
ਪਰਵਾਹ ਰਤੀ ਨਾ ਕਰੀਏ।
ਕਿਧਰੇ ਜਿੱਤ ਕਿਧਰੇ ਹਾਰ,
ਜੱਗ ਵਿਚ ਹੁੰਦੀ ਆਈ।
ਕੂੜ ਕੁਫਰ ਨੇ ਰਹਿ ਨਹੀਂ ਸਕਣਾ,
ਰਹਿੰਦੀ ਸਦਾ ਸਚਾਈ।
ਵੋਟ ਸੱਚ ਦੇ ਹੱਕ ਵਿਚ ਪਾਈਏ,
ਜੱਗ ਸੁਖੀ ਹੋ ਜਾਵੇ।
ਹੱਕ ਸੱਚ ਲਈ ਹਾਅ ਦਾ ਨਾਅਰਾ,
ਸਦੀਆਂ ਤੀਕਰ ਜਾਵੇ।
ਉਸਦੀ 'ਵਾ ਵੱਲ ਕੋਈ ਨਾ ਝਾਕੇ,
ਦੂਰੋਂ ਸੀਸ ਝੁਕਾਵੇ।
ਮਲੇਰਕੋਟਲੇ ਇੱਜਤ ਖੱਟੀ,
ਸੁੱਚਾ ਨੰਦ ਸ਼ਰਮਾਵੇ।
ਡੱਕਾ ਸੱਚ ਦੇ ਪਲੜੇ ਪਾਈਏ,
ਲੱਖ ਲੋਕਾਂ ਨੂੰ ਬਚਾਵੇ।
ਜਗ ਨਰਕਾਂ ਦਾ ਭਾਗੀ ਬਣਦਾ,
ਜੇ ਕੂੜ ਕੁਫਰ ਜਿੱਤ ਜਾਵੇ।
*********
(1947 ਵਿੱਚ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ)
ਜੋ ਅੱਗ ਤੇਰੇ ਚੁਗਿਰਦੇ ਮੱਚੇ
ਜੋ ਅੱਗ ਤੇਰੇ ਚੁਗਿਰਦੇ ਮੱਚੇ,
ਕਰ ਉਸਦੀ ਨਾ ਪਰਵਾਹ।
ਜੋ ਅੱਗ ਤੇਰੇ ਸੀਨੇ ਮੱਚੇ,
ਉਹ ਕਰਦੀ ਜਿੰਦ ਤਬਾਹ।
ਬਾਹਰ ਬਦੀ ਜੋ ਜੱਗ ਵਿਚ ਦਿਸੇ,
ਮਿਲ ਜਾਸੀ ਕੋਈ ਪਨਾਹ।
ਪਰ ਜੋ ਬਦੀ ਹੈ ਤੇਰੇ ਸੀਨੇ,
ਉਸਦੀ ਕਰ ਪਰਵਾਹ।
ਬਾਹਰ ਜੰਗਲ ਜੋ ਜੱਗ ਵਿਚ ਫੈਲੇ,
ਤੈਨੂੰ ਦੇ ਦੇਵਣਗੇ ਰਾਹ।
ਪਰ ਜੋ ਜੰਗਲ ਤੇਰੇ ਅੰਦਰ,
ਤੈਨੂੰ ਦੇਵਣ ਨਾ ਕੋਈ ਰਾਹ।
ਰੱਬ ਜੀ ਪੰਜ ਗੁਣ ਤੈਨੂੰ ਦਿੱਤੇ,
ਤੂੰ ਅਬਗੁਣ ਲਏ ਬਣਾ।
ਨਿਰਾ ਸਤਿ ਹੀ ਪਰਮ ਸਤਿ ਹੈ,
ਮਤ ਕੂੜ ਕੁਫਰ ਅਪਣਾ।
ਆਪਣੀ ਸੋਚ ਬਦਲ ਦੇ ਵੀਰਾ,
ਤੂੰ ਬਣ ਜਾ ਆਪ ਖੁਦਾ।
ਹਰ ਮਾਨਵ ਹੈ ਰੂਪ ਤੇਰਾ,
ਵੈਰ ਵਿਰੋਧ ਮਿਟਾ।
ਪੰਜ ਗੁਣ ਤੇਰੇ ਸੰਗ ਸੰਗ ਵਸਦੇ,
ਜੱਗ ਦੀ ਕਾਰ ਚਲਾ।
ਪੰਜੇ ਅਬਗੁਣ ਜੇ ਬਣ ਜਾਵਣ,
ਕਰ ਦਿੰਦੇ ਜਿੰਦ ਤਬਾਹ।
ਨਾ ਕਿਧਰੇ ਕੋਈ ਅਗਨੀ ਮੱਚੇ,
ਨਾ ਬਦੀ ਘੇਰੇ ਕੋਈ ਆ।
ਸਮ-ਦ੍ਰਿਸ਼ਟੀ ਜੇ ਹੋਵੇ ਤੇਰੀ,
ਵੇਖੇਂ ਸਾਰੇ ਰੂਪ ਖੁਦਾ।
ਸਰਵ-ਵਿਆਪੀ ਦਾ ਅੰਗ ਆਪਾ,
ਸਾਗਰ 'ਚੋਂ ਇੱਕ ਤੁਪਕਾ।
ਰਲ ਮਿਲ ਸਾਰੇ ਬਦਲ ਬਣਦੇ,
ਦਿੰਦੇ ਮੀਂਹ ਵਰਸਾ।
ਮਾਵਨ ਜਾਤੀ ਇੱਕ ਜਾਤੀ ਹੈ,
ਮਤ ਇਸ ਵਿਚ ਵੰਡੀਆਂ ਪਾ।
ਦੇਸ ਪਰਦੇਸ਼ ਧਰਮਾਂ ਦੇ ਝਗੜੇ,
ਦੁਨੀਆਂ ਵਿਚੋਂ ਮਿਟਾ।
*********
ਮੰਤਵ ਹੋਂਦ ਦਾ ਹੈ ਇੱਕੋ
ਮੰਤਵ ਹੋਂਦ ਦਾ ਹੈ ਇਕੋ,
ਕਿ ਜਿੰਦ ਜਿਉਂਦੇ ਜਾਈਏ,
ਕਿਉਂ ਕਿਵੇਂ ਕਿਥੋਂ ਕੀ ਹੋਇਆ?
ਭੇਦ ਗੈਬ ਦੇ ਬੁੱਝਦੇ ਜਾਈਏ।
ਸੋਚ ਵਿਚਾਰ ਸਦਾ ਹੀ ਕਰੀਏ,
ਬੁੱਧ ਵਧਾਉਂਦੇ ਜਾਈਏ।
ਵਿਦਵਾਨ ਵਿਗਿਆਨੀ ਬਣੀਏ,
ਰੱਬੀ ਪੌੜੀ ਚੜ੍ਹਦੇ ਜਾਈਏ।
ਰੱਬ ਨਾ ਗੁੰਝਲਦਾਰ ਬੁਝਾਰਤ,
ਕਿ ਬੁੱਝੀ ਨਾ ਜਾਵੇ।
ਸਰਵ-ਵਿਆਪੀ ਖੇਤਰ ਹੈ ਰੱਬ,
ਆਪੋ ਜਾਣੇ ਤੇ ਜਣਾਵੇ।
ਤਤਪਰ ਬੁੱਧੀ ਜੇ ਕੋਈ ਰੱਖਦਾ,
ਜਾਗਰੂਕ ਜੋ ਸਦਾ ਹੀ ਰਹਿੰਦਾ।
ਉਸਦੀ ਝੋਲੀ ਭਰਦਾ ਜਾਵੇ,
ਸਭ ਕੁਝ ਉਸ ਲਈ ਕਰਦਾ ਜਾਵੇ।
ਰੱਬੀ ਖੇਤਰ ਚਾਰ ਚੁਫੇਰੇ,
ਪਦਾਰਥ ਤੱਤ ਸਭ ਰੂਪ ਵਟਾਵੇ।
ਮਾਇਆ ਨੇ ਜਾਲ ਫੈਲਾਇਆ।
ਜੇ ਇੱਕ ਤਾਰ ਇਸਦੀ ਹਿੱਲ ਜਾਵੇ,
ਸਾਰਾ ਜਾਲ ਹੀ ਕੰਬਣੀ ਖਾਵੇ।
ਜਗ ਵਾਸੀ ਜੋ ਕਰਮ ਕਮਾਉਂਦੇ,
ਮਿਲਗੋਭਾ ਅਸਰ ਸਭ 'ਤੇ ਪਾਉਂਦੇ।
ਸੱਜਾ ਹੱਥ ਜੋ ਕਰਮ ਕਮਾਵੇ,
ਖੱਬਾ ਵੀ ਉਸਦੇ ਫਲ ਖਾਵੇ।
ਸੁਚੱਜੇ ਕਰਮ ਜੇ ਅਸੀਂ ਕਮਾਈਏ,
ਸਾਰੇ ਜੱਗ ਨੂੰ ਸੁਖੀ ਬਣਾਈਏ।
*********
ਬਦਲ ਰਹੀ ਹੈ ਦੁਨੀਆਂ ਸਾਡੀ
ਬਦਲ ਰਹੀ ਹੈ ਦੁਨੀਆਂ ਸਾਡੀ,
ਬਦਲ ਰਿਹਾ ਹੈ ਕਣ ਕਣ ਸਾਡਾ।
ਧਰਮ ਬਦਲੇ ਕਰਮ ਬਦਲੇ,
ਬਦਲ ਰਿਹਾ ਹੈ ਰੱਬ ਵੀ ਸਾਡਾ।
ਤੌਰਾਤ ਆਈ ਅੰਜ਼ੀਲ ਆਈ,
ਪੁਰਾਣ ਆਏ ਕੁਅਰਾਨ ਆਇਆਾ।
ਗੁਰੂ ਗਰੰਥ ਮਹਾਨ ਆਇਆ,
ਗਿਆਨ ਆਇਆ ਵਿਗਿਆਨ ਆਇਆ।
ਵੇਦ ਗਿਆਨ ਗੀਤਾ ਗਿਆਨ,
ਇਹ ਵੀ ਪੜ੍ਹੇ ਨਿੱਤ ਇਨਸਾਨ।
ਮਹਾਂਵੀਰ ਤੇ ਬੁੱਧ ਜੀ ਆਏ,
ਆ ਕੀਤਾ ਕਲਿਆਣ।
ਇਹ ਸਾਰੇ ਹੀ ਬਦਲ ਜਾਣਗੇ,
ਜਦ ਕੋਈ ਨਵਾਂ ਗਿਆਨ ਆਇਆ।
ਦੁਨੀਆਂ ਇੱਕ ਸਾਰ ਨਾ ਰਹਿੰਦੀ,
ਸੁਦਰਸ਼ਨ ਚੱਕਰ ਕਾਲ ਚਲਾਇਆ।
ਹੋਸ਼ੋਂ ਪਰੇ ਅਕਲੋਂ ਪਰੇ ਕਲਪਣਾ ਤੋਂ ਪਰੇ,
ਕੁਝ ਕੁ ਨਵਾਂ ਨਿੱਤ ਹੁੰਦਾ ਜਾਵੇ।
ਆਪਾ ਆਪੇ ਖੇਡ ਰਚਾਵੇ,
ਅਟੱਲ ਹੁਕਮ ਇੱਕ ਚੱਲਦਾ ਆਇਆ।
*********
ਚੀਰ ਫਾੜ ਜੋ ਦਿਲਾਂ ਦੀ ਕਰਦੇ
ਚੀਰ ਫਾੜ ਜੋ ਦਿਲਾਂ ਦੀ ਕਰਦੇ,
ਉਹ ਕਿਸੇ ਦੇ ਯਾਰ ਨਹੀਂ ਹੁੰਦੇ।
ਦਿਲ ਪਾਟਿਆ ਪਾਟੀ ਜਿੰਦਗੀ,
ਕਦਮ ਕਦੀ ਇਕਸਾਰ ਨਹੀਂ ਹੁੰਦੇ।
ਦਿਲਾਂ ਦੇ ਸੌਦੇ ਜੱਗ ਮੰਡੀ ਵਿਚ,
ਸੌ ਵਾਰ ਨਹੀਂ ਇਕੱ ਵਾਰ ਹੀ ਹੁੰਦੇ।
ਕਿੰਨਾ ਭਾਵੇਂ ਜ਼ੋਰ ਲਗਾਈਏ,
ਜ਼ੋਰੀਂ ਕਦੀ ਪਿਆਰ ਨਹੀਂ ਹੁੰਦੇ।
ਗੈਰਾਂ ਆਖੇ ਕਦੀ ਨਾ ਲੱਗੀਏ,
ਗੈਰ ਕਿਸੇ ਦੇ ਯਾਰ ਨਹੀਂ ਹੁੰਦੇ।
ਪਿਆਰਾਂ ਨਾਲ ਜਿਉਣਾ ਸਿੱਖਿਏ,
ਚੰਗੇ ਨਿੱਤ ਤਕਰਾਰ ਨਹੀਂ ਹੁੰਦੇ।
ਪਿਆਰਾਂ ਵਿਚੋਂ ਭਰਮ ਨਾ ਜਾਵੇ,
ਪੂਰੇ ਉਹ ਪਿਆਰ ਨਹੀਂ ਹਹੁੰਦੇ।
ਪਿਆਰ ਵਧੇ ਖਿੜ ਜਾਵੇ ਜਿੰਦਗੀ,
ਚੰਗੇ ਜਿੰਦ ਲਈ ਖਾਰ ਨਹੀਂ ਹੁੰਦੇ।
ਵੈਰ ਵਿਰੋਧ ਜੇ ਕੋਈ ਕਮਾਵੇ,
ਭਵ-ਸਾਗਰ ਉਹ ਪਾਰ ਨਹੀਂ ਹੁੰਦੇ।
ਅਤੇ ਪਿਆਰਾਂ ਤੋਂ ਖਾਲੀ ਬੰਦੇ,
ਕਦੀ ਖੁਦਾ ਦੇ ਯਾਰ ਨਹੀਂ ਹੁੰਦੇ।
ਅਸੀਂ ਪੱਥਰ ਪੂਜੇ ਬਿਰਛ ਪੂਜੇ,
ਪਸ਼ੂ ਪੂਜੀਏ ਬੰਦੇ ਪੂਜੀਏ,
ਪੂਜੀਏ ਉਹ ਜੋ ਡਰ ਦਿਲ ਪਾਏ,
ਜਾਂ ਪੂਜੀਏ ਉਹ ਜੋ ਸੁਖ ਪੁਚਾਏ।
ਅੰਧ=ਵਿਸ਼ਵਾਸ਼ੀ ਸਾਡੇ ਪੱਲੇ,
ਮੁੜ ਮੁੜ ਪੈਂਦੀ ਆਈ,
ਅੱਜ ਕੱਲ੍ਹ ਅਸੀਂ ਖੁਦਾ ਪੂਜੀਏ,
ਪਹਿਲਾਂ ਪੂਜੀ ਖੁਦਾਈ।
ਜਿੰਦਗੀ ਦਾ ਸਰੋਤ ਖੁਦਾ ਹੈ,
ਬਿਨ ਜਿੰਦ ਦੇ ਖੁਦਾ ਨਹੀਂ ਹੈ।
ਰੱਬ ਤਾਂ ਸਰਵ-ਵਿਆਪੀ ਖੇਤਰ,
ਕੁਝ ਵੀ ਉਸ ਤੋਂ ਜੁਦਾ ਨਹੀਂ ਹੈ।
*********
ਰੱਬ ਨਾ ਕੁਝ ਵੀ ਕਰੇ ਕਰਾਵੇ
ਰੱਬ ਨਾ ਕੁਝ ਵੀ ਕਰੇ ਕਰਾਵੇ,
ਅਟੱਲ ਹੁਕਮ ਇੱਕ ਚਲਦਾ ਜਾਵੇ,
ਰੱਬੀ ਅੰਸ਼ ਹੈ ਸਾਡੇ ਹਿਰਦੇ,
ਦਸੇ ਰਾਹ ਜੇ ਜਾਈਏ ਕੁਰਾਹੇ।
ਨੇਕੀ ਬਦੀ ਦਾ ਅਖਾੜਾ,
ਬਣ ਗਿਆ ਸਾਡਾ ਜੱਗ ਸਾਰਾ,
ਅਸੀਂ ਨੂਰਾਨੀ ਤੇ ਸੰਸਾਰੀ,
ਨੇਕੀ ਸਾਡੀ ਬਦੀ ਹਮਾਰੀ।
ਕਲਪ ਰਹੀ ਹੈ ਦੁਨੀਅੰ ਸਾਰੀ,
ਥਾਂ ਥਾਂ ਹੋਵੇ ਦੁਰਗਤੀ ਹਮਾਰੀ।
ਕਾਮ ਕਰੋਧ ਲੋਭ ਮੋਹ ਹਓਮੇਂ,
ਚਟ ਜਾਂਦੇ ਸਾਡੀ ਜਿੰਦ ਸਾਰੀ।
ਪਰਮ ਸੱਤਾ ਹੈ ਸਰਵ-ਵਿਆਪੀ,
ਸਦਜੀਵੀ ਅਬਨਾਸ਼ੀ ਭਾਈ,
ਸਰਬੱਤ ਭਲੇ ਦੀ ਕਾਰ ਕਮਾਈਏ,
ਨਿੱਜ ਲਈ ਕਰੀਏ ਬੇਸ਼ੱਕ ਕਮਾਈ।
ਬਾਹਰੋਂ ਬੇਸ਼ੱਕ ਅਸੀਂ ਵੱਖ ਹਾਂ,
ਇੱਕ ਇਕੱਲੇ ਅਸੀਂ ਕੱਖ ਨਾ।
ਵੇਖਣ ਵਾਲੀ ਯਾਰੋ ਅੱਖ ਨਾ,
ਇੱਕ ਦੂਜੇ ਤੋਂ ਅਸੀਂ ਵੱਖ ਨਾ।
*********
ਹੱਸਣ ਵਾਲਾ ਹੱਸ ਚੁੱਕੇਗਾ
ਹੱਸਣ ਵਾਲਾ ਹਸੱ ਚੁੱਕੇਗਾ,
ਰੋਵਣ ਵਾਲਾ ਰੋ ਚੁੱਕੇਗਾ।
ਸ਼ਾਂਤ ਚਿੰਤ ਜੱਗ ਦੇ ਵਿਚ ਰਹੀਏ,
ਜੋ ਹੋ ਰਿਹਾ ਹੈ ਉਹ ਹੋ ਚੁੱਕੇਗਾ।
ਜੋ ਕਰ ਸਕੀਏ ਉਹ ਕਰਦੇ ਜਾਈਏ,
ਜੋ ਜ਼ਰ ਸਕੀਏ ਉਹ ਜਰਦੇ ਜਾਈਏ।
ਕਰ ਨਹੀਂ ਸਕਦੇ ਨਾ ਘਬਾਰੀਏ,
ਜਰ ਨਹੀਂ ਸਕਦੇ ਜਾ ਟਕਰੀਏ।
ਸੀਮਾਂ ਸਾਡੀ ਕਰ ਸਕਣ ਦੀ,
ਸੀਮਾਂ ਸਾਡੀ ਜਰ ਸਕਣ ਦੀ।
ਬਦਲ ਸਕੀਏ ਤਾਂ ਬਦਲ ਦੇਈਏ,
ਬਦਲ ਨਾ ਸਕੀਏ ਤਾਂ ਝੱਲ ਲਈਏ।
ਜਾਣ ਲਈਏ ਉਹਨੂੰ ਰੱਬੀ ਭਾਣਾ,
ਸਮਝ ਲਈਏ ਉਹਨੂੰ ਹੁਕਮ ਖੁਦਾ ਦਾ।
ਜੋ ਹੋਇਆ ਸੋ ਚੰਗਾ ਹੋਇਆ,
ਭੁਲ ਕੇ ਵੀ ਕਦੀ ਬੁਰਾ ਨਹੀਂ ਕਹਿਣਾ।
ਕਿੰਨਾ ਕੁਝ ਅਸੀਂ ਜਾਣ ਨਾ ਸਕੀਏ,
ਕਿੰਨਾ ਕੁਝ ਪਛਾਣ ਨਾ ਸਕੀਏ।
ਜਿਸ ਨੂੰ ਅਸੀਂ ਅੱਜ ਪੂਜਦੇ,
ਕੱਲ੍ਹ ਨੂੰ ਪੂਜਣਯੋਗ ਨਹੀਂ ਰਹਿਣਾ।
*********
ਹਰ ਇਕ ਮੀਨ ਸਾਗਰ ਸੰਗ ਰਹਿੰਦੀ
ਹਰ ਇਕ ਮੀਨ ਸਾਗਰ ਸੰਗ ਰਹਿੰਦੀ,
ਹਰ ਇੱਕ ਮੀਨ ਦੀ ਇਕੋ ਜਲਧਾਰਾ।
ਰੱਬੀ ਸਾਗਰ ਵਿਚ ਸਭ ਕੁਝ ਹੋਵੇ,
ਚੰਦ ਸੂਰਜ ਧਰਤੀ ਤੇ ਹਰ ਤਾਰਾ।
ਕਿਧਰੇ ਮੈਟਰ ਆਨੰਦ ਵਿਚ ਸੁੱਤਾ,
ਕਿਧਰੇ ਮਾਇਆ ਦਾ ਲਿਸ਼ਕਾਰਾ।
ਜੋ ਅੱਜ ਸੁੱਤਾ ਉਹ ਕੱਲ੍ਹ ਨੂੰ ਜਾਗੇ,
ਰੱਬੀ ਸਾਗਰ ਦੇਵੇ ਹੁਲਾਰਾ।
ਕਿਉਂ ਕਿਵੇਂ ਜੇ ਕਿਥੋਂ ਪੁੱਛੀਏ,
ਜਾਣ ਨਾ ਸਕੀਏ ਸਾਰੇ ਦਾ ਸਾਰਾ।
ਮਸਾਂ ਹੀ ਅਜੇ ਅਸੀਂ ਬਣੇ ਹਾਂ,
ਦਲੀਲ ਸਾਡੀ ਦਾ ਅਜੇ ਕਿਨਾਰਾ।
ਇਕ ਤਣੀ ਦਾ ਜਾਲ ਨਹੀਂ ਬਣਦਾ,
ਇਕੋ ਜਾਲ ਹੈ ਬ੍ਰਹਿਮੰਡ ਸਾਰਾ।
ਅੰਤਰ ਗਿਆਨ ਜੇ ਜਾਗੇ ਸਾਡਾ,
ਤਾਂ ਤੱਕ ਸਕੀਏ ਵਗਦੀ ਧਾਰਾ।
ਕਿਧਰੇ ਨਾ ਕੋਈ ਹੈ ਵਖਰੇਵਾਂ,
ਵੱਖ ਵੱਖ ਰੂਪ ਇਕੋ ਦਾ ਸਾਰਾ।
ਨੇਕੀ ਬਦੀ ਦੋ ਸਿਰੇ ਕਰਮ ਦੇ,
ਤੋਲੇ ਤਕੜੀ ਫੜ ਅੱਧ-ਵਿਚਕਾਰਾ।
ਜਮ੍ਹਾਂ ਤੇ ਮਨਫੀ ਸ਼ੁਨਯ 'ਚੋਂ ਉਪਜੇ,
ਤਾਂ ਉਪਜਿਆ ਹੈ ਜਗ ਸਾਰਾ।
ਹੁੰਦਾ ਆਇਆ ਹੁੰਦਾ ਜਾਵੇ,
ਸਾਹਿਬ ਨਵਾਂ ਨੀਤ ਹਮਾਰਾ।
ਇਹ ਜੀਵਨ ਹੈ ਜਿਉਣ ਜੋਗਾ,
ਜਗ ਤੋਂ ਕਰੀਂ ਨਾ ਕਦੀ ਕਿਨਾਰਾ।
ਕਰੀਏ ਪਿਆਰ ਹਰ ਕਿਸੇ ਨੂੰ,
ਸਰਬੱਤ ਭਲੇ ਦਾ ਕਰੀਏ ਚਾਰਾ।
ਹਾਰ ਕਦੀ ਨਾ ਜਗ ਵਿਚ ਮੰਨੀਏ,
ਹਰ ਹਾਰ ਹੈ ਜਿੱਤ ਦਾ ਚਾਰਾ।
ਗਿਰ ਗਿਰ ਹੁੰਦੀ ਘੋੜ ਸਵਾਰੀ,
ਜੇ ਹੱਥ ਲਗਾਮ, ਹੈ ਘੋੜਾ ਹਮਾਰਾ।
ਜਿੱਤ ਹੈ ਟੀਸੀ, ਜਿਸ 'ਤੇ ਪੁੱਜਣਾ,
ਜੇ ਗਿਰ ਜਾਈਏ ਕਰੀਏ ਮੁੜ ਚਾਰਾ।
ਮਨ ਹਾਰਿਆਂ ਹਾਰ ਹੈ ਹੁੰਦੀ,
ਹਾਰ ਨਾ ਹੁੰਦੀ ਜੇ ਮਨ ਨਹੀਂ ਹਾਰਾ।
ਮਨ ਹਾਰਿਆਂ ਹਾਰੇ ਜ਼ਿੰਦਗੀ,
ਹਾਰ ਨਾ ਮੰਨੀ ਕਰੀਂ ਤੂੰ ਚਾਰਾ।
ਜਿੱਤ ਦੀ ਟੀਸੀ 'ਤੇ ਹੈ ਪੁੱਜਣਾ,
ਕੰਡਿਆਂ ਭਰਿਆ ਹੈ ਰਾਹ ਸਾਰਾ।
ਮਿੱਧਦਾ ਜਾਵੀਂ ਕੰਡੇ ਸਾਰੇ,
ਕਰਦਾ ਜਾਵੀਂ ਤੂੰ ਕੋਈ ਚਾਰਾ।
ਜੰਗ ਜੀਵਨ ਦੀ ਜਿੱਤ ਕੇ ਜਾਈਏ,
ਜੰਗ ਜਿਤਣਾ ਹੈ ਮਿਸ਼ਨ ਹਮਰਾ।
ਪਰ ਇਹ ਗੱਲ ਨਾ ਮਨੋਂ ਵਿਸਾਰੀਂ,
ਕਿ ਸਾਰਾ ਹੀ ਜਗ ਮਿੱਤਰ ਹਮਾਰਾ।
ਮਿੱਤਰ ਭਾਵਨਾ ਹਰ ਕਿਸੇ ਲਈ,
ਮਨ ਵਿੱਚ ਰੱਖੀਂ ਬਰਖੁਰਦਾਰਾ।
***********
ਹੁਕਮ ਸਦੀਵੀ ਐਸਾ ਚੱਲੇ
ਹੁਕਮ ਸਦੀਵੀ ਐਸਾ ਚੱਲੇ,
ਨਾ ਰੁਕਿਆ ਨਾ ਰੋਕਿਆ ਜਾਏ।
ਲਿਤਾੜ ਦੇਵੇ ਇਹ ਸਭ ਕਾਸੇ ਨੂੰ,
ਜੋ ਵੀ ਇਸਦੇ ਰਾਹ ਵਿਚ ਆਏ।
ਜਨਮ ਦਾਤਾ ਇਹ ਸਭ ਕਾਸੇ ਦਾ,
ਸਭ ਕਾਸੇ ਨੂੰ ਮਾਰ ਮੁਕਾਏ।
ਕਦੀ ਨਾ ਥੰਮੇ ਕਦੀ ਨਾ ਥੰਮਿਆ,
ਇਹ ਹਮੇਸ਼ਾਂ ਚੱਲਦਾ ਜਾਏ।
ਸੰਜੋਗ ਵਿਜੋਗ ਦੋਏ ਕਾਰ ਚਲਾਵੈ,
ਜੋੜੇ ਤੋੜੇ ਮਾਰ ਮੁਕਾਏ।
ਕੁਝ ਵੀ ਏਥੇ ਸਥਿਰ ਨਹੀਂ ਹੈ,
ਸਭ ਕੁਝ ਹੀ ਬਦਲਦਾ ਜਾਏ।
ਕੁਦਰਤ ਪੌੜੀ ਬਹੁ-ਡੰਡਿਆਂ ਦੀ,
ਜਿੰਦ ਇੱਕ ਇੱਕ ਡੰਡਾ ਚੜ੍ਹਦੀ ਜਾਏ।
ਜਿਉਂ ਜਿਉਂ ਚੜ੍ਹਦੀ ਜਾਏ ਉਚਾਂਦਾਂ,
ਨਿੱਤ ਨਵਾਂ ਕੁਝ ਨਜ਼ਰੀਂ ਆਏ।
ਮਿਸ਼ਨ ਜਿੰਦ ਦਾ ਅੱਗੇ ਟੁਰਨਾ,
ਪਲ ਪਲ ਅੱਗੇ ਪੈਰ ਟਿਕਾਏ।
ਜਿੰਨੀਆਂ ਮਰਜੀ ਰੋਕਾਂ ਆਵਣ,
ਠੁੱਡਾਂ ਮਾਰ ਸਭ ਪਰੇ ਹਟਾਦੇ।
ਮਾਣਸ ਚੋਲਾ ਜੋ ਜਿੰਦ ਨੇ ਪਾਇਆ,
ਜੇਕਰ ਸਮੇਂ ਦੇ ਮੇਚ ਨਾ ਆਏ।
ਚੱਲੋ ਚਾਲ ਜਿੰਦ ਚਲਦੀ ਜਾਵੇ,
ਨਵਾਂ ਚੋਲਾ ਫਿਰ ਜਿੰਦ ਹੰਢਾਏ।
ਬਿਰਾਜਮਾਨ ਜਾ ਚੰਦ 'ਤੇ ਹੋਣਾ,
ਚੰਦ ਤੋਂ ਹੋਰ ਗਰਿਹਾਂ ਤੇ ਜਾਏ।
ਇੱਕ ਸਮਾਂ ਫਿਰ ਐਸਾ ਆਵੇ,
ਸੁਰਜ ਮੰਡਲ ਹੀ ਛੱਡ ਜਾਏ।
ਇੱਕ ਮੰਡਲ ਤੋਂ ਦੂਜੇ ਮੰਡਲ,
ਨਵੇਂ ਮੰਡਲਾਂ ਤੇ ਚੜ੍ਹਦੀ ਜਾਏ।
ਬੇਅੰਤ ਸੂਰਜੀ ਮੰਡਲ ਜਿੰਦ ਲਈ,
ਮਹਾਂ ਕਾਲ ਨੇ ਆਪ ਬਣਾਏ।
ਹਰ ਮੰਡਲ ਲਈ ਵੱਖਰਾ ਚੋਲਾ,
ਜਿੰਦ ਰਾਣੀ ਗਲ ਪਾ ਕੇ ਜਾਏ।
ਸਾਹਿਬ ਸਾਡਾ ਨੀਤ ਨਵਾਂ ਹੈ,
ਨੀਤ ਨਵਾਂ ਹੀ ਬਣਦਾ ਜਾਏ।
*****
ਤਬਦੀਲੀ ਕੁਦਰਤ ਦਾ ਨਿਯਮ ਹੈ
ਤਬਦੀਲੀ ਕੁਦਰਤ ਦਾ ਨਿਯਮ ਹੈ,
ਪਲ ਪਲ ਅੱਗੇ ਟੁਰਦੇ ਜਾਈਏ।
ਬੀਤੇ ਨੂੰ ਨਾ ਬੈਠੀਏ ਫੜ ਕੇ,
ਨਾ ਕੱਲ੍ਹ ਦੀ ਚਿੰਤ ਲਗਾਈਏ।
ਅੱਜ ਹੀ ਸਾਡਾ ਦਿਨ ਆਖਰੀ,
ਅੱਜ ਨੂੰ ਖੂਬ ਹੰਢਾਈਏ।
ਮੁੜ ਕਦੀ ਨਾ ਅਸਾਂ ਨੇ ਆਉਣਾ,
ਅਸੀਂ ਆਪਣਾ ਫਰਜ਼ ਪੁਗਾਈਏ।
ਕੱਲ੍ਹ ਸਾਡਾ ਅੱਜ ਬਣ ਕੇ ਆਇਆ,
ਉਸ ਅੱਗੇ ਸੀਸ਼ ਝੁਕਾਈਏ।
ਫੜੀਏ ਸਮੇਂ ਦੀ ਲਿਟ ਨੂੰ ਜਾ ਕੇ,
ਫੜ ਸੂਰਜ ਆਪ ਚੜ੍ਹਾਈਏ।
ਜੇ ਸੂਰਜ ਆ ਕੇ ਹਾਕਾਂ ਮਾਰੇ,
ਅਸੀਂ ਅੱਜ ਨੂੰ ਆਪ ਗਵਾਈਏ।
ਪਲ ਪਲ ਸਾਡਾ ਅਰਥ ਲੱਗੇ ਜੇ,
ਅਸੀਂ ਧੰਨ ਧੰਨ ਹੋ ਕੇ ਜਾਈਏ।
ਆਕਾਲ ਕਾਲ ਦਾ ਰੂਪ ਧਾਰੇ,
ਤਾਂ ਸਾਡੀ ਇਹ ਜਿੰਦ ਪਿਆਰੇ।
ਸਾਹਿਬ ਸਾਡਾ ਨੀਤ ਨਵਾਂ ਹੈ,
ਨਿੱਤ ਨਵੇਂ ਉਹ ਰੂਪ ਧਾਰੇ।
*********
ਇੰਤਜ਼ਾਰ ਨਾ ਕਰੀਂ ਕਦੀ ਕਿਸੇ ਦਾ
ਇੰਤਜ਼ਾਰ ਨਾ ਕਰੀਂ ਕਦੀ ਕਿਸੇ ਦਾ,
ਕਰੇਂ ਤਾਂ ਹੋਵੇਂ ਖੁਆਰ।
ਸਮਾਂ ਅਜਾਈਂ ਜਾਂਵਦਾ,
ਲੈਂਦਾ ਨਾ ਕੋਈ ਸਾਰ।
ਪਲ ਪਲ ਪਲਕ ਅੱਖ ਦੀ,
ਖੋਲ੍ਹ੍ਵ ਕੇ ਝਾਤੀ ਮਾਰ।
ਭੋਰਾ ਭਰ ਨਾ ਅਟਕਦਾ,
ਟੁਰਦਾ ਜਾਏ ਸੰਸਾਰ।
ਹਰ ਇੱਕ ਸ਼ੈਅ ਦੀ ਉਮਰਾ ਹੈ,
ਸਭ ਜਾਵਣ ਵਾਰ-ਮ-ਵਾਰ।
ਚੰਦ ਸੂਰਜ ਸਿਤਾਰੇ ਸਾਰੇ,
ਹੋ ਜਾਣੇ ਮਿਸਮਾਰ।
ਇੱਕ ਆਉਂਦਾ ਇੱਕ ਜਾਂਦਾ ਏਥੋਂ,
ਚੱਲਦਾ ਹੈ ਸੰਸਾਰ।
ਜਿੰਦ ਕਾਫਲਾ ਟੁਰਦਾ ਜਾਵੇ,
ਇਸ ਪਾਰ ਤੋਂ ਉਸ ਪਾਰ।
ਉਡੀਕ ਕਰੀਂ ਨਾ ਕਿਸੇ ਦੀ,
ਕਰਦਾ ਜਾਵੀਂ ਕਾਰ।
ਕਰਕੇ ਜਾਵੀਂ ਕੁਝ ਤੂੰ,
ਜੋ ਬਦਲ ਦੇਵੇ ਨੁਹਾਰ।
ਜੋ ਸਮੇਂ ਨੂੰ ਮਾਣਦਾ,
ਨਾ ਸਮਾਂ ਕਰੇ ਤਕਰਾਰ।
ਕਦਰ ਕਰੇ ਜੋ ਸਮੇਂ ਦੀ
ਉਹ ਸਮੇਂ ਦਾ ਸ਼ਾਹਸਵਾਰ।
ਸਮਾਂ ਲਿਤਾੜੇ ਸਭ ਨੂੰ,
ਜੋ ਸਮੇਂ ਨੂੰ ਦੇਣ ਵਿਸਾਰ।
ਉਡੀਕ ਕਰੀਂ ਨਾ ਕਿਸੇ ਦੀ,
ਕਰੇਂ ਤਾਂ ਹੋਵੇਂ ਖੁਆਰ।
*********
ਮਾਵਾਂ ਭੈਣਾਂ ਦੇ ਰਿਸ਼ਤੇ
ਮਾਵਾਂ ਭੈਣਾਂ ਦੇ ਰਿਸ਼ਤੇ,
ਰਿਸ਼ਤੇ ਮਾਂ ਪਿਓ ਜਾਇਆਂ ਦੇ।
ਜੋ ਵੀ ਰਿਸ਼ਤੇ ਬਣ ਜਾਂਦੇ ਨੇ,
ਅਪਣਿਆਂ ਅਤੇ ਪਰਾਇਆਂ ਦੇ।
ਸਾਰੇ ਰਿਸ਼ਤੇ ਜੰਮ ਜੰਮ ਰੱਖੋ,
ਰਿਸ਼ਤੇ ਜੋ ਆਦਮ ਜਾਇਆਂ ਦੇ।
ਪਰ ਇੱਕ ਰਿਸ਼ਤਾ ਸਭ ਦਾ ਸਾਂਝਾ,
ਉਸ ਨੂੰ ਮਨੋਂ ਭੁਲਾਵੀਂ ਨਾ।
ਆਦਮ ਦਾ ਪੁੱਤ ਆਦਮ ਜਾਣੀ,
ਵੈਰ ਕਿਸੇ ਸੰਗ ਪਾਵੀਂ ਨਾ।
ਖੁਦਗਰਜ਼ੀ ਈਰਖਾ ਤੇ ਲਾਲਚ,
ਮਨ ਵਿਚ ਕਦੀ ਲਿਆਵੀਂ ਨਾ।
ਇਹ ਜੋ ਸਾਰੇ ਰਿਸ਼ਤੇ ਸਾਡੇ,
ਖੁਦਗਰਜ਼ੀ ਤੇ ਲਾਲਚ ਤੋੜੇ।
ਕਾਮ ਕਰੋਧ ਹਓਮੇਂ ਵਿਚ ਆ ਕੇ,
ਟੁੱਟ ਜਾਂਦੇ ਨੇ ਥੋੜ੍ਹੇ ਥੋੜ੍ਹੇ।
ਪਰ ਆਦਮ ਸੰਗ ਰਿਸ਼ਤਾ ਸਾਡਾ,
ਟੁੱਟੇ ਨਾ ਜੋ ਮਰਜ਼ੀ ਤੋੜੇ।
*********
ਜੋ ਮੰਦੇ ਕਰਮ ਕਮਾਂਵਦੇ
ਜੋ ਮੰਦੇ ਕਰਮ ਕਮਾਂਵਦੇ,
ਪੈਂਦੇ ਮੰਦੇ ਰਾਹ।
ਫਿਟਕਾਰ ਪਵੇ ਨਿੱਤ ਉਹਨਾਂ 'ਤੇ,
ਨਾ ਲੈਂਦੇ ਸੁੱਖ ਦਾ ਸਾਹ।
ਸਜ਼ਾ ਜੋ ਮਿਲਦੀ ਉਹਨਾਂ ਨੂੰ,
ਉਹ ਸਕਦੇ ਨਹੀਂ ਘਟਾ।
ਬੇਚੈਨ ਰਹਿਣ ਉਹ ਜੱਗ ਵਿਚ,
ਮਿਲੇ ਆਜ਼ਾਬ ਸਦਾ।
ਮੰਦੇ ਕਰਮ ਤਿਆਗ ਕੇ,
ਜੋ ਤੋਬਾ ਕਰਦੇ ਆ।
ਬਖਸ਼ੇ ਦੁਨੀਆਂ ਉਹਨਾਂ ਨੂੰ,
ਸੁੱਖ ਚੈਨ ਮਿਲੇ ਮੁੜ ਆ।
ਸਭ ਕਾਸੇ ਦੀ ਕਰ ਕੁਰਬਾਨੀ,
ਜੋ ਪੈਣ ਨੇਕੀ ਦੇ ਰਾਹ।
ਮਿਲੇ ਆਨੰਦ ਉਹਨਾਂ ਨੂੰ,
ਜੱਗ ਕਰਦਾ ਵਾਹ ਵਾਹ।
ਕਰੇ ਨਾ ਮੰਦਾ ਕਿਸੇ ਦਾ,
ਜੋ ਟੁਰਦਾ ਸੱਚ ਦੇ ਰਾਹ।
ਜਿੰਦ ਜਾਂਦੀ ਹੈ ਪਈ ਜਾਵੇ,
ਉਹ ਕਰਦਾ ਨਹੀਂ ਪਰਵਾਹ।
*********
ਅਸਮਾਨਾਂ ਉੱਤੇ ਜੇ ਕੋਈ ਥੁੱਕੇ
ਅਸਮਾਨਾਂ ਉੱਤੇ ਜੇ ਕੋਈ ਥੁੱਕੇ,
ਮੁੜ ਆਪੇ ਪਛਤਾਵੇ।
ਉਸਦਾ ਥੁੱਕਿਆ ਉਸਦੇ ਮੱਥੇ,
ਮੁੜ ਆ ਕੇ ਲੱਗ ਜਾਵੇ.
ਜੇਕਰ ਕੋਈ ਸ਼ੱਕੀ ਬੰਦਾ,
ਦੋਸ਼ ਕਿਸੇ 'ਤੇ ਲਾਵੇ।
ਬੇਚੈਨੀ ਆਪਣੇ ਹੀ ਮਨ ਦੀ,
ਉਸਨੂੰ ਵੱਢ ਵੱਢ ਖਾਵੇ।
ਜੇਕਰ ਕੋਈ ਔਗੁਣ ਆਪਣੇ,
ਹੋਰਾਂ ਦੇ ਗਲ ਪਾਵੇ।
ਔਗੁਣ ਆਪਣੇ ਦੂਰ ਕਰੇ ਨਾ,
ਔਗੁਣ ਹੋਰ ਵਧਾਵੇ।
ਆਪਣੇ ਅੰਦਰ ਝਾਤੀ ਮਾਰੇ,
ਹਰ ਇੱਕ ਕੋਨਾ ਆਪਣੇ ਮਨ ਦਾ।
'ਸੱਚ ਪੂੰਝੇ' ਸੰਗ ਝਾੜੇ,
ਆਪ ਤਰੇ ਆਪਣੀ ਕੁਲ ਤਾਰੇ।
ਜੇਕਰ ਔਗੁਣ ਕਿਸੇ ਦੇ ਤੱਕੀਏ,
ਆਪਣੇ ਔਗੁਣ ਦੇਈਏ ਵਿਸਾਰ।
ਮਿਲਦੇ ਨਾ ਫਿਰ ਫੁੱਲ ਅਸਾਂ ਨੂੰ,
ਜਗ ਵਿਚ ਮਿਲਦੇ ਸਾਨੂੰ ਖਾਰ।
*******
ਪਤਝੜ ਵਿਚ ਪੱਤੇ ਝੜ ਜਾਂਦੇ
ਪਤਝੜ ਵਿਚ ਪੱਤੇ ਝੜ ਜਾਂਦੇ,
ਰੁੱਖ ਗਵਾਉਂਦੇ ਆਬ।
ਰੁੰਡ ਮਰੁੰਡ ਰੁੱੱਖ ਹੋ ਜਾਂਦੇ,
ਜਿਵੇਂ ਝੜ ਗਏ ਹੋਵਣ ਭਾਗ।
ਕਿਧਰੇ ਨਾ ਕੋਈ ਕੋਇਲ ਕੂਕਦੀ,
ਕਿਧਰੇ ਨਾ ਕੋਈ ਰਾਗ।
ਫੁੱਲਾਂ ਬਿਨਾਂ ਸੁੰਨੇ ਪਏ ਦਿਸਣ,
ਜੋ ਹਰੇ ਭਰੇ ਸਨ ਬਾਗ।
ਕੋਈ ਪ੍ਰੇਮੀ ਚੱਲ ਨਾ ਆਵੇ,
ਲਵੇ ਨਾ ਕੋਈ ਸਾਰ।
ਕੀ ਲੈਣੈ ਕਿਸੇ ਨੇ ਆ ਕੇ,
ਜੇ ਗੁੰਦ ਸਕੇ ਨਾ ਹਾਰ।
ਆਵੇ ਬੁਢਾਪਾ ਵੰਡ ਦਿੰਦੇ ਹਾਂ,
ਧੰਨ ਦੌਲਤ ਜਾਇਦਾਦ।
ਪੁੱਛੇ ਨਾ ਫਿਰ ਧੀ ਪੁੱਤ ਕੋਈ,
ਦੇਵੇ ਨਾ ਕੋਈ ਦਾਦ।
ਸਭ ਕੁਝ ਆਪਣਾ ਕਦੀ ਨਾ ਵੰਡੀਏ,
ਫਿਰ ਸੁਣੇ ਨਾ ਕੋਈ ਫਰਿਆਦ।
ਚਲੋ ਚਲੀ ਜਦ ਹੋ ਜਾਵੇ,
ਸਿਰ ਦੀ ਟੋਪੀ ਤਾਂ ਫੜਾਵੇ।
''ਕਹਿੰਦੇ ਨੇ ਬਹਿ ਕੇ ਰੱਬ ਰੱਬ ਕਰੀਏ,
ਚੰਗਾ ਹੋਵੇ ਜੇ ਜਿਉਂਦੇ ਮਰੀਏ।
ਧਨ ਦੌਲਤ ਤੋਂ ਕੀ ਲੈਣਾ ਹੈ,
ਤੁਹਾਨੂੰ ਕਿਸੇ ਨੇ ਕੀ ਕਹਿਣਾ ਹੈ।''
ਪਰ ਜੇਕਰ ਪੈਸਾ ਪੱਲੇ ਨਾਹੀਂ,
ਜੱਗ ਵਿਚ ਬੱਲੇ ਬੱਲੇ ਨਾਹੀਂ।
ਨਿਮਝੂਣਾ ਬੰਦਾ ਹੋ ਜਾਵੇ,
ਪੁੱਛ ਪਰਤੀਤ ਕੋਈ ਨਾ ਪਾਵੇ।
ਹੱਥੋਂ ਖਾਲੀ ਜੇਬੋਂ ਖਾਲੀ,
ਹੱਥ ਅੱਡੀਏ ਬਣੀਏ ਸਵਾਲੀ।
ਰਿਸ਼ਤੇ ਸਾਰੇ ਆਰਥਿਕਤਾ ਦੇ,
ਬਿਨ ਮਾਲੀ ਦੇ ਖਿੜੇ ਨਾ ਡਾਲੀ।
ਦੁਨੀਆਂ ਵਿਚ ਰਹਿ ਕਰ ਸੰਨਿਆਸਾ,
ਰੱਖੀਂ ਕਿਸੇ 'ਤੇ ਕਦੀ ਨਾ ਆਸਾ।
ਖਬਰੇ ਪਲ ਵਿਚ ਕੀ ਹੋ ਜਾਵੇ,
ਮਨੋ ਤਿਆਗੀ ਹੱਥੋਂ ਨਾ ਜਾਵੇ।
*********
ਜੇ ਰਗੜੀਏ ਪੱਥਰ ਉੱਤੇ
ਜੇ ਰਗੜੀਏ ਪੱਥਰ ਉਤੇ,
ਕਰਦ ਤਿੱਖੀ ਹੋ ਜਾਵੇ।
ਸੋਚ ਦੀ ਐਹਿਰਨ 'ਤੇ ਜੇ ਕੁੱਟੀਏ,
ਬੁੱਧੀ ਭੀ ਲਿਸ਼ਕਾਵੇ।
ਕਦੀ ਕਿਸੇ ਦੇ ਕਹਿਣੇ ਉਤੇ,
ਜੋ ਕੁਰਾਹੇ ਪੈ ਜਾਵੇ।
ਕਹਿਣ ਵਾਲੇ ਦਾ ਕੁਝ ਨਾ ਜਾਵੇ,
ਮੁੜ ਮੁੜ ਉਹ ਪਛਤਾਵੇ।
ਨਿਰਭਰ ਜੋ ਕਿਸੇ ਦੇ ਉੱਤੇ,
ਉਹ ਨਿਰਬਲ ਹੁੰਦਾ ਜਾਵੇ।
ਜਿਸ ਨੇ ਪੁੱਜਣਾ ਮੰਜ਼ਲ ਉਤੇ,
ਸਿਰ-ਧੜ ਦੀ ਬਾਜ਼ੀ ਲਾਵੇ।
ਸੋਚ ਲਿਸ਼ਕਦੀ, ਤਿੱਖੀ ਬੁੱਧੀ,
ਜੇਕਰ ਕੰਮ ਲਿਆਈਏ।
ਟਿੱਲਦਾ ਜ਼ੋਰ ਲਗਾਉਂਦੇ ਜਾਈਏ,
ਮੰਜ਼ਲ 'ਤੇ ਪੁੱਜ ਜਾਈਏ।
ਬੀਤ ਰਹੇ ਨੇ ਬੀਤ ਜਾਣਾ ਹੈ,
ਫਿਰ ਕਿਉਂ ਕੋਈ ਘਬਰਾਵੇ।
ਬਹੁਤਾ ਚਿਰ ਨਾ ਰਹੇ ਹਨੇਰਾ,
ਚਾਨਣ ਭੀ ਆ ਜਾਵੇ।
*********
ਕਰੀਏ ਕਾਰ ਕਰੀਏ ਹੀਲਾ
ਕਰੀਏ ਕਾਰ ਕਰੀਏ ਹੀਲਾ,
ਭਜਨ ਪਾਠ ਅਰਦਾਸ ਬੰਦਗੀ।
ਜੋ ਜੀ ਚਾਹੇ ਕਰੀਏ,
ਸਮਾਂ ਸਥਾਨ ਤੇ ਹਾਲਾਤ,
ਆਪਣੀ ਬੁੱਧ ਤੇ ਆਪਣੀ ਸ਼ੁੱਧ,
ਸਭ ਕਾਸੇ ਦੀ ਜਾਂਚ ਕਰੀਏ।
ਮਨ ਮੰਨੇ ਕਿ ਕਰ ਸਕਦੇ ਹਾਂ,
ਤਾਂ ਫਿਰ ਪੈਰ ਪੰਧ 'ਤੇ ਧਰੀਏ।
ਮਨ ਇੱਛਤ ਫਲ ਮਿਲੇ ਨਾ ਜੇਕਰ,
ਘੋਖੀਏ ਆਪਾ ਦੇਰ ਨਾ ਕਰੀਏ,
ਮਿਲਗੋਭਾ ਨਤੀਜਾ ਸਭ ਕਾਸੇ ਦਾ,
ਆਪਣੇ ਪੱਲੇ ਪਾਈਏ,
ਰੱਤੀ ਨਾ ਘਬਰਾਈਏ।
ਘਾਟ ਵਾਧ ਸਬ ਜਾਣੀਏ,
ਹਾਣ ਲਾਭ ਪਛਾਣੀਏ।
ਵਿਚਾਰੀਏ ਤਦਵੀਰਏ,
ਮੁੜ ਕੇ ਪੰਧ ਲਕੀਰੀਏ।
ਘਾਟ ਵਾਧ ਸਭ ਦੂਰ ਕਰੀਏ,
ਰਾਹ ਵਿਚ ਆਏ ਸਾਰੇ ਅੜਿੱਕੇ,
ਦੂਰ ਕਰੀਏ ਨਾ ਘਬਰਾਈਏ।
ਸੂਝਵਾਨਾਂ ਨੂੰ ਪੁੱਛੀਏ ਗਿੱਛੀਏ,
ਸੋਝੀ ਲੈ ਤਦਵੀਰ ਬਣਾਈਏ।
ਮੁੜ ਆਪਣੀ ਕਿਸਮਤ ਅਜ਼ਮਾਈਏ,
ਕੋਈ ਔਕੜ ਜੇ ਫਿਰ ਵੀ ਆਵੇ,
ਸਿਰ ਧੜ ਦੀ ਮੁੜ ਬਾਜੀ ਲਾਈਏ,
ਜਗ ਵਿਚੋਂ ਕਿਉਂ ਹਾਰ ਕੇ ਜਾਈਏ।
ਹੋਵੇ ਜਿੱਤ ਜਾਂ ਹੋਵੇ ਹਾਰ,
ਸਭ ਦੇ ਰਹੀਏ ਸ਼ੁਕਰਗੁਜ਼ਾਰ।
ਸਦੀਵੀ ਹੁਕਮ ਚਲਾਵੇ ਕਾਰ।
ਅਟੱਲ ਹੁਕਮ ਸਭ ਕੁਝ ਤੋਲੇ,
ਭੋਰਾ ਭਰ ਨਾ ਰੱਖੇ ਪਾਸਕੂ,
ਅਣਹੋਣੀ ਕੋਈ ਹੋਣ ਨਾ ਦੇਵੇ,
ਸਭ ਦੇ ਸੀਨੇ ਉਹ ਖੋਲ੍ਹੇ,
ਉਸਦੇ ਸੰਗ ਨਾ ਕੋਈ ਤਕਰਾਰ।
ਕਦੀ ਨਾ ਚਿੰਤਾ ਜੱਗ ਵਿਚ ਕਰੀਏ,
ਹੋਵੇ ਜਿੱਤ ਜਾਂ ਹੋਵੇ ਹਾਰ।
ਹਾਰ ਜਿੱਤ ਦਾ ਦੂਜਾ ਪਾਸਾ,
ਹੰਭਲਾ ਮਾਰ ਪਰਤਾਈਏ।
ਜਿੰਦ ਦੀ ਬਾਜੀ ਜਿੱਤ ਕੇ ਜਾਈਏ।
ਜੇਕਰ ਪੱਲੇ ਪੂਰੀ ਆਸ,
ਹੋਵੇ ਨਾ ਬੰਦਾ ਕਦੀ ਨਿਰਾਸ਼।
ਪਰਮ ਸੱਤਾ ਦਾ ਧਰਵਾਸ,
ਸਵੈ-ਭਰੋਸਾ ਤੇ ਸਵੈ-ਵਿਸ਼ਵਾਸ਼।
ਕੂੜ ਕੁਫਰ ਦਾ ਕਰੇ ਤਿਆਗ,
ਰੱਬੀ ਸ਼ਕਤੀ ਲਾਵੇ ਭਾਗ।
ਡਟ ਕੇ ਲੜੇ ਜੱਗ ਵਿਚਕਾਰ,
ਚੁੰਮੇ ਫੁੱਲ ਜਾਂ ਮਿੱਧੇ ਖਾਰ।
ਭੁੱਲ ਕੇ ਕਦੀ ਨਾ ਮੰਨੇ ਹਾਰ,
ਗਲ ਵਿਚ ਪੈਂਦਾ ਜਿੱਤ ਦਾ ਹਾਰ,
ਉਸਦੀ ਪਿੱਠ ਪੂਰੇ ਕਰਤਾਰ,
ਹਾਰਾਂ ਜਿੱਤਾਂ ਬਣ ਜਾਂਦੀਆਂ,
ਜੇਕਰ ਲੜੀਏ ਜੱਗ ਵਿਚਕਾਰ।
*********
ਕਿਉਂ ਕੋਈ ਦਿਲ ਛੱਡ ਕੇ ਜੀਵੇ
ਕਿਉਂ ਕੋਈ ਦਿਲ ਛੱਡ ਕੇ ਜੀਵੇ,
ਕਿਉਂ ਕੋਈ ਹੰਝੂ ਕੇਰੇ।
ਇਸ ਫੇਰੇ ਜੇ ਮਿਲੇ ਹਨੇਰੇ,
ਫੇਰੇ ਹੋਰ ਬਥੇਰੇ।
ਮੰਜ਼ਲ 'ਤੇ ਉਹ ਪੁੱਜ ਜਾਂਦੇ ਨੇ,
ਜੋ ਮੰਜ਼ਲ ਵੱਲ ਟੁਰਦੇ।
ਵੱਡੇ ਵੱਡੇ ਪੱਥਰ ਰਾਹਾਂ ਦੇ,
ਭੁਰ ਜਾਂਦੇ ਭੁਰਦੇ ਭੁਰਦੇ।
ਜੰਮਣਾ ਮਰਨਾ ਦੋ ਕਿਨਾਰੇ,
ਸਭ ਏਧਰੋਂ ਓਧਰ ਟੁਰਦੇ।
ਟੁਰਦੀ ਰਹਿੰਦੀ ਸਦਾ ਜਿੰਦਗੀ,
ਟੁਰ ਨਹੀਂ ਸਕਦੇ ਮੁਰਦੇ।
ਫਿਰ ਕਿਉਂ ਹਿੰਮਤ ਹਾਰੀਏ,
ਫਿਰ ਕਿਉਂ ਨਾ ਤੇਸੇ ਮਾਰੀਏ।
ਕਰ ਸਕਾਂਗੇ ਪਾਰ ਝਨਾਂ ਨੂੰ,
ਆਖਰ ਰਿੜਦੇ ਰਿੜਦੇ।
ਮੰਨਿਆਂ ਸੁਪਨੇ ਰਹਿਣ ਅਧੁਰੇ,
ਲਈਏ ਸੁਪਨੇ ਹੋਵਣ ਪੂਰੇ।
ਹਰ ਡਾਲੀ ਦੇ ਫੁੱਲ ਖਿੜ ਜਾਂਦੇ,
ਆਖਰ ਖਿੜਦੇ ਖਿੜਦੇ।
*********
ਤੇਰੀ ਮਹਿਕ ਸੰਗ ਮਹਿਕੇ ਦੁਨੀਆਂ
ਤੇਰੀ ਮਹਿਕ ਸੰਗ ਮਹਿਕੇ ਦੁਨੀਆਂ,
ਤੂੰ ਹੋਵੇਂ ਕਿਉਂ ਅਧਮੋਈ।
ਦਰਦ ਦਿਲ ਦਾ ਸਾਂਝਾ ਕਰੀਏ,
ਤੂੰ ਬੈਠੀਂ ਕਿਉਂ ਲੁਕੋਈ।
ਜਿੰਦਗੀ ਡਟ ਕੇ ਜਿਉਣੀ ਸਿੱਖ ਲੈ,
ਰੋਂਦਿਆਂ ਸੰਗ ਨਾ ਰੋਵੇ ਕੋਈ।
ਕਿਸ਼ਤੀ ਆਪੇ ਪਾਰ ਲੰਘਾ ਲੈ,
ਔਕੜਾਂ ਵਿਚ ਕੋਈ ਦੇਵੇ ਨਾ ਢੋਈ।
ਉਜੜ ਕੇ ਨਾ ਪਾਸੇ ਬੈਠੀਂ,
ਸਦਾ ਲਈ ਨਾ ਉਜੜੇ ਕੋਈ।
ਪਤਝੜ ਜਾਵੇ ਬਹਾਰ ਆ ਜਾਵੇ,
ਜੇ ਤੂੰ ਉਜੜੀ ਤਾਂ ਕਿਉਂ ਰੋਈ।
ਕੁੜੀਏ ਖਿੜਨੋਂ ਕਦੀ ਨਾ ਸੰਗੀ,
ਖੈਰ ਜਗਤ ਦੀ ਨਿੱਤ ਨਿੱਤ ਮੰਗੀ।
ਪਤਝੜਾਂ ਨੂੰ ਭੁੱਲ ਭੁਲਾ ਕੇ,
ਨੱਚ ਲੈ ਕੁੜੀਏ ਰੰਗ ਲੈ ਲੋਈ।
ਪਰੋਈਂ ਨਾ ਤੂੰ ਹਾਰ ਹੰਝੂਆਂ ਦੇ,
ਫੁੱਲ ਬਥੇਰੇ ਚੁਣ ਲੈ ਕੋਈ।
ਦਿੱਤਾ ਧੋਖਾ ਜੇ ਸੱਜਣ ਨੇ,
ਉਸ ਲਈ ਕੁੜੀਏ ਤੂੰ ਕਿਉਂ ਰੋਈ।
''ਲੱਖ ਲਾਹਣਤ ਉਸ ਉਪਰ ਹੋਈ।''
*********
ਮੰਜ਼ਲ ਮੰਜ਼ਲ ਹਰ ਕੋਈ ਕੂਕੇ
ਮੰਜ਼ਲ ਮੰਜ਼ਲ ਹਰ ਕੋਈ ਕੂਕੇ,
ਕਿਸ ਮੰਜ਼ਲ ਵੱਲ ਜਾਣਾ,
ਟੁਰਦੀ ਜਾਵੇ ਜਿੰਦਗੀ,
ਲੱਭਦੀ ਫਿਰੇ ਟਿਕਾਣਾ।
ਮੰਜ਼ਲ ਤਾਂ ਹਰ ਸ਼ੈਅ ਦੀ ਇੱਕੋ,
ਅਸੀਂ ਮੰਜ਼ਲਾਂ ਬਹੁਤ ਬਣਾਈਆਂ।
ਜਿਧਰ ਮਰਜੀ ਟੁਰ ਜਾਹ ਸੱਜਣਾ,
ਜਿੰਦਾਂ ਰਹਿਣ ਤਿਹਾਈਆਂ।
ਜਿਸ ਮੰਜ਼ਲ ਵੱਲ ਜਿੰਦਗੀ ਜਾਵੇ,
ਉਹ ਮੰਜ਼ਲ ਤਾਂ ਦੂਰ ਦੁਰੇਡੇ।
ਵਾਰ ਵਾਰ ਕਲਬੂਤ ਬਦਲੇ,
ਖਾਂਦੀ ਫਿਰਦੀ ਠੇਡੇ।
ਧੁਰ ਦਰਗਾਹੋਂ ਚੱਲੀ ਜ਼ਿੰਦਗੀ,
ਇਸ ਮੰਜ਼ਲਾਂ ਬਹੁਤ ਮੁਕਾਈਆਂ।
ਆਖਰ ਬਣ ਇਨਸਾਨ ਧਰਤ 'ਤੇ,
ਰੁਝ ਗਈ ਵਿਚ ਲੜਾਈਆਂ।
ਪੂਰੀ ਸਮਝ ਅਜੇ ਨਾ ਪਾਈ,
ਕਿਵੇਂ ਹੋਵਣ ਦੂਰ ਬੁਰਾਈਆਂ।
ਕਿਵੇਂ ਬੁਝੇ ਇਹ ਆਪਣਾ ਅਸਲਾ,
ਨਾ ਅਕਲਾਂ ਇਸਨੇ ਪਾਈਆਂ।
ਸਮਾਂ ਸਥਾਨ ਤੇ ਹਾਲਾਤ,
ਦੇ ਦਿੰਦੇ ਕੋਈ ਨਵੀਂ ਸੁਗਾਤ।
ਮਜ਼ਹਬਾਂ ਦੇ ਪੈ ਗਏ ਪੁਆੜੇ,
ਥਾਂ ਥਾਂ ਅੱਗਾਂ ਲਾਈਆਂ।
ਦੁਨੀਆਂ ਦੇ ਸਭ ਧਰਮ ਦੁਆਰੇ,
ਬੰਦੇ ਦੇ ਗਲ ਪਏ ਪੁਆੜੇ।
ਯਹੂਦੀ ਮੁਸਲਿਮ ਤੇ ਈਸਾਈ,
ਕਰਦੇ ਨਿੱਤ ਲੜਾਈਆਂ।
ਇਹ ਪੁਜਾਰੀ ਨਿਰੇ ਸੱਚ ਦੇ,
ਬੇਅਕਲੀ ਦਾ ਨਾਚ ਨੱਚਦੇ।
ਬੰਦੇ ਨੂੰ ਨਾ ਜਾਨਣ ਬੰਦਾ,
ਵੰਡੀਆਂ ਇਹਨਾਂ ਨੇ ਪਾਈਆਂ।
ਸਮਾਂ ਹੈ, ਬੰਦਾ ਆਪਾ ਚੀਨੇ,
ਸ਼ੁੱਧ ਕਰਨ ਸਭ ਆਪਣੇ ਸੀਨੇ।
ਜਿਦੰਗੀ ਦਾ ਕੋਈ ਧਰਮ ਨਹੀਂ ਹੈ,
ਸਾਰੇ ਸੀਨੇ ਇਸਦੇ ਸੀਨੇ।
*********
ਸਾਰੀ ਦੁਨੀਆਂ ਰੱਬ ਰੱਬ ਕਰਦੀ
ਸਾਰੀ ਦੁਨੀਆਂ ਰੱਬ ਰੱਬ ਕਰਦੀ,
ਭੱਜਦੀ ਫਿਰਦੀ ਡੇਰੀਂ।
ਲਾਲ ਕਿਣੂੰ ਸਾਨੂੰ ਤੱਕ ਨਹੀਂ ਸਕਦੇ,
ਤੱਕਣ ਚਾਹੇ ਸੌ ਵੇਰੀਂ।
ਨਿਰਾ ਸਤਿ ਤੱਕਿਆ ਨਾ ਜਾਵੇ,
ਜੋ ਹਰ ਸ਼ੈਅ ਦਾ ਅਧਾਰ।
'ਸਤਿ' ਨਾਮ ਹੈ ਨਾਮ ਉਸਦਾ,
ਮਿਲ ਮਾਇਆ ਸੰਗ ਕਰੇ ਪਾਸਾਰ।
ਕੋਈ ਨਾ ਜੰਮਿਆ ਲਾਲ ਮਾਈ ਦਾ,
ਜੋ ਦਿਕਸ਼ਾਂ ਉਸਦੀ ਦੇਵੇ।
ਆਪਣੀ ਦਿਕਸ਼ਾ ਆਪੋਂ ਦਿੰਦਾ,
ਜੇ ਕੋਈ ਉਸਨੂੰ ਸੇਵੇ।
ਉਹ ਗੁਰੂ ਹੀ ਸਤਿ ਗੁਰੂ ਹੈ,
ਜੋ ਰੱਬੀ ਰਾਹ ਦਿਖਾਵੇ।
''ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਊ ਪਾਇਓ'',
ਜੋ ਐਸੀ ਮਤ ਸਿਖਾਵੇ।
ਕੋਈ ਕਿਸੇ ਨੂੰ ਦੇ ਨਹੀਂ ਸਕਦਾ,
ਉਸ ਸਤਿਗੁਰ ਦਾ ਗਿਆਨ।
ਸਤਿ ਦੀ ਸੋਝੀ ਉਸਨੂੰ ਆਵੇ,
ਜੋ ਚੜ੍ਹ ਜਾਵੇ ਪਰਵਾਨ।
*********
ਜੀਵਨ ਭਰ ਇੱਕ ਮੰਗ ਤੇਰੇ ਤੋਂ
ਜੀਵਨ ਭਰ ਇੱਕ ਮੰਗ ਤੇਰੇ ਤੋਂ
ਤੇਰਾ ਆਪਾ ਮੰਗੇ।
''ਦੁਨੀਆਂ ਅੱਗੇ ਝੂਠਾ ਹੋਸੀਂ
ਜਾਂ ਸੱਚਾ ਦਿਸ ਆਵੀਂ,
ਭੁੱਲ ਕਦੀ ਵੀ ਮੇਰੇ ਅੱਗੇ,
ਝੂਠਾ ਨਾ ਹੋ ਜਾਵੀਂ।''
'ਸਾਰੀਆਂ ਸ਼ਰਮਾਂ ਝੱਲ ਲਵੇਂਗਾ,
ਆਏ ਹੜ੍ਹਾਂ ਨੂੰ ਠੱਲ੍ਹ ਲਵੇਂਗਾ,
ਤੂਫਾਨਾਂ ਦੇ ਰੁੱਖ ਮੋੜ ਸਕੇਂਗਾ,
ਸਾਰੇ ਮੋਤੀ ਰੋੜ੍ਹ ਸਕੇਂਗਾ,
ਪਵੇ ਨਾ ਘਾਟਾ ਕੋਈ ਤੈਨੂੰ,
ਮੇਰੇ ਸੰਗ ਨਿਭਾ ਕੇ।'
'ਕੋਠੀਆਂ ਮੰਡਪ ਮਾੜੀਆਂ,
ਜੋ ਵੀ ਤੂੰ ਉਸਾਰੀਆਂ,
ਦੌਲਤਾਂ ਇਹ ਸਾਰੀਆਂ,
ਹੋਵਣ ਚਾਹੇ ਭਾਰੀਆਂ,
ਕੱਖੋਂ ਹੌਲਾ ਹੋ ਜਾਵੇਂਗਾ,
ਮੇਰੇ ਵੱਲ ਪਿੱਠ ਘੁੰਮਾ ਕੇ।'
*********
ਨਿੱਤ ਨਵੇਂ ਰਾਹਾਂ 'ਤੇ ਟੁਰਨਾ
ਨਿੱਤ ਨਵੇਂ ਰਾਹਾਂ 'ਤੇ ਟੁਰਨਾ,
ਜਿੰਦ ਰਾਣੀ ਦੇ ਹਿੱਸੇ ਆਇਆ।
ਜਿਉਂ ਜਿਉਂ ਬਦਲੇ ਰੂਪ ਇਸ ਨੇ,
ਰਾਹ ਨਵਾਂ ਕੋਈ ਇਸ ਅਪਣਾਇਆ।
ਕਦੀ ਸਾਗਰੀਂ ਕਦੀ ਜੰਗਲੀ,
ਕਦੀ ਮੈਦਾਨੀ ਡੇਰਾ ਲਾਇਆ।
ਲੱਖ ਚੁਰਾਸੀ ਜੂੰਨਾਂ ਲੰਘ ਕੇ,
ਆਖਰ ਆਦਮ ਰੂਪ ਧਰਾਇਆ।
ਅਣਜਾਣੇ ਰਾਹੀਂਂ ਟੁਰਦੀ ਜਾਵੇ,
ਕਦੀ ਨਾ ਅੱਗਾ ਹੱਥ ਵਿਚ ਆਇਆ।
ਵੇਖ ਸਕੀ ਨਾ ਕਦੀ ਕੱਲ੍ਹ ਨੂੰ,
ਬੀਤ ਗਏ ਨੇ ਸਬਕ ਸਿਖਾਇਆ।
ਸਿੱਖਿਆ ਸਿੱਖ ਜਿੰਦ ਅੱਗੇ ਟੁਰਦੀ,
ਗਿਆਨ ਦਾ ਦੀਪਕ ਹੱਥ ਟਿਕਾਇਆ।
''ਹਨੇਰੇ ਰਾਹੀਂ ਚਾਨਣ ਹੋਵੇ।''
ਐਸਾ ਇਸ ਨੇ ਮਤਾ ਪਕਾਇਆ।
ਬਣ ਵਿਗਿਆਨੀ ਚਾਨਣ ਕੀਤਾ,
ਅਗਿਆਨ ਹਨੇਰਾ ਦੂਰ ਭਜਾਇਆ,
ਲਾਹੁੰਦੀ ਜਾਵੇ ਘੁੰਡ ਕੁਦਰਤ ਦੇ,
ਰੱਬੀ ਦਰ ਨਿੱਤ ਨੇੜੇ ਆਇਆ।
ਟੁਰਦੀ ਜਾਵੇ ਆਪਣੀ ਰਾਹ 'ਤੇ,
ਅੱਗੇ ਟੁਰਨਾ ਮਿਸ਼ਨ ਬਣਾਇਆ।
ਲਗਨ ਲੱਗੀ ਹੈ ਐਸੀ ਜਿੰਦ ਨੂੰ,
ਘੜੀ ਬਿੰਦ ਇਸ ਚੈਨ ਨਾ ਪਾਇਆ।
ਬੇਸ਼ੱਕ ਆਪੋਂ ਮਿਸ਼ਨ ਹੈ ਆਪੇ,
ਮਿਸ਼ਨ ਹੈ ਇਸਦਾ ਇੱਕ ਖੁਦਾਇਆ।
ਪਰ ਆਪੇ ਨੂੰ ਬੁੱਝ ਸਕੀ ਨਾ,
ਨਿੱਤ ਨਵਾਂ ਇਸ ਜ਼ੋਰ ਲਗਾਇਆ।
ਖਾਰੇ ਪਾਣੀ ਇਸਨੇ ਪੀਤੇ,
ਜ਼ਹਿਰ ਵੀ ਇਸਦੇ ਹਿੱਸੇ ਆਇਆ।
ਜੇ ਕੋਈ ਰੁੱਬਲ ਪੈਦਾ ਕੀਤੀ,
ਸਮੇਂ ਨੇ ਉਸ ਨੂੰ ਮਾਰ ਮੁਕਾਇਆ।
ਅੰਧ-ਵਿਸ਼ਵਾਸ਼ੀ ਪਈ ਪੱਲੇ,
ਕੂੜ ਕੁਫਰ ਦਾ ਜ਼ੁਲਮ ਹੰਢਾਇਆ।
ਵਾਰ ਵਾਰ ਇਸਨੇ ਭਰ ਅੰਗੜਾਈ,
ਪਰੇ ਹਟਾਇਆ ਜੋ ਰਾਹ ਵਿਚ ਆਇਆ।
*********
ਹਰ ਉਮਰ ਵਿਚ ਸਿੱਖਦਾ ਬੰਦਾ
ਹਰ ਉਮਰ ਵਿਚ ਸਿੱਖਦਾ ਬੰਦਾ,
ਮਤ ਮੋਹਰ ਜਾਨਣ ਦੀ ਲਾਵੀਂ।
ਜਿਉਂ ਜਿਉਂ ਉਮਰਾ ਬੀਤੇ ਤੇਰੀ,
ਸਿੱਖਣ ਦੀ ਚਾਹ ਨਾ ਘਟਾਵੀਂ।
ਬੀਤ ਰਹੇ ਨੇ ਬੀਤ ਜਾਣਾ ਹੈ,
ਬੀਤ ਗਿਆ ਕੁਝ ਗਿਆ ਸਿੱਖਾ।
'ਅੱਜ' ਵੀ ਕੁਝ ਸਿਖਾ ਕੇ ਜਾਵੇ,
ਉਮਰਾ ਭਰ ਤੂੰ ਸਿੱਖਦਾ ਜਾਹ।
ਜੋ ਸਿੱਖਿਆ ਤੂੰ ਅੱਗੇ ਸਿਖਾ,
ਬਣੇ ਆਕਲ ਆਦਮ ਦਾ ਬੱਚਾ।
ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸ਼ੀ,
ਸਭ ਕਾਸੇ ਨੂੰ ਪਰੇ ਹਟਾ।
ਗਿਆਨ ਜਗਤ ਦਾ ਵਧਦਾ ਜਾਵੇ,
ਵਿਗਿਆਨ ਗੈਬ ਦੀ ਗੱਲ ਸਮਝਾਵੇ।
ਨਿੱਤ ਨਵੀਂ ਸੋਝੀ ਲੈ ਆਵੇ,
ਅੰਧਵਿਸ਼ਵਾਸ਼ੀ ਦੂਰ ਭਜਾਵੇ।
ਰੱਬ ਜੀ ਕੁਝ ਵੀ ਕਰਦਾ ਨਾਹੀਂ,
ਦਰ ਖੋਲ੍ਹਣ ਦੀ ਕੁੰਜੀ ਫੜਾਵੇ।
ਚਾਹੇ ਦੁਆਰ ਨਰਕ ਦਾ ਖੋਲ੍ਹੇ,
ਚਾਹੇ ਸਵਰਗ ਅੰਦਰ ਕੋਈ ਜਾਵੇ।
ਨਫਰਤ ਗੁੱਸਾ ਸ਼ੱਕ ਈਰਖਾ,
ਜੇ ਕੋਈ ਮਨ ਦੇ ਵਿਚ ਵਸਾਵੇ।
ਉਸਦੇ ਦਿਲ ਦੇ ਵਿਹੜੇ ਅੰਦਰ,
ਨਰਕ ਦਾ ਕੂੜਾ ਵਧਦਾ ਜਾਵੇ।
ਘਿਰਨਾ ਤੇ ਗੁੱਸੇ ਦੀ ਅਗਨੀ,
ਉਸਨੂੰ ਨਿੱਤ ਜਲਾਵੇ।
ਕੂੜਾ ਕਰਕਟ ਉਸਦੇ ਵਿਹੜੇ,
ਦੂਰੋਂ ਹੀ ਬੋ ਆਵੇ।
ਹਓਮੇਂ ਵਿਚ ਉਹ ਭਰਿਆ ਪੀਤਾ,
ਜੱਗ ਨੂੰ ਨਿੱਤ ਡਰਾਵੇ।
ਨਰਕ ਦੁਆਰ ਉਹ ਖੋਲ੍ਹੇ,
ਨਰਕਾਂ ਵਿਚ ਉਹ ਜਿੰਦ ਲੰਘਾਵੇ।
ਰੱਬੀ ਬੰਦਾ ਦਿਲ ਦੇ ਬੂਹੇ,
ਕਦੀ ਨਾ ਕਿਸੇ ਲਈ ਭੇੜੇ।
ਕਰੇ ਪਿਆਰ ਹਰ ਕਿਸੇ ਨੂੰ,
ਜੇ ਕੋਈ ਜਾਵੇ ਉਸਦੇ ਵਿਹੜੇ।
ਭਲਾ ਮੰਗੇ ਉਹ ਹਰ ਕਿਸੇ ਦਾ,
ਚਾਹੇ ਦੁਸ਼ਮਣ ਹੋਵਣ ਜਿਹੜੇ।
ਵੈਰੀ ਮੀਤ ਸਮਾਨ ਦੇਖੇ,
ਕੋਈ ਵੈਰ ਨਾ ਆਵੇ ਨੇੜੇ।
ਮਨ ਪਵਿੱਤਰ ਉਸਦਾ ਹੋਵੇ,
ਪਿਆਰ ਵਸੇ ਉਸਦੇ ਦਿਲ ਵਿਹੜੇ।
ਦੁਆਰ ਸਵਰਗ ਦਾ ਖੁੱਲ੍ਹਦਾ ਜਾਵੇ,
ਚਾਰ ਚੁਫੇਰੇ ਖੇੜੇ ਹੀ ਖੇੜੇ।
*********
ਚੰਗੇ ਤੋਂ ਚੰਗਾ ਫਲ ਮਿਲਦਾ
ਚੰਗੇ ਤੋਂ ਚੰਗਾ ਫਲ ਮਿਲਦਾ,
ਆਪਣੇ ਕਰਮੀਂ ਭਾਈ।
ਮੱਥੇ ਰਗੜਿਆਂ ਕੁਝ ਨਹੀਂ ਮਿਲਦਾ,
ਬਣ ਨਾ ਐਵੇਂ ਸ਼ੁਦਾਈ।
ਕਰ ਅਰਦਾਸ ਜੋ ਕਰਮ ਤੂੰ ਕਰਦਾ,
ਉਸਦਾ ਮੁੱਲ ਤੂੰ ਪਾਵੇਂ।
ਕਰੇ ਕੁਝ ਨਾ, ਕੁਝ ਨਹੀਂ ਮਿਲਦਾ,
ਲੱਖ ਅਰਦਾਸਾਂ ਕਰਦਾ ਜਾਵੇਂ।
ਅਵੱਸ਼ ਮਿਲਦਾ ਹੈ ਫਲ ਕਰਮਾਂ ਦਾ,
ਕੋਈ ਰੋਕ ਨਹੀਂ ਸਕਦਾ ਕਾਈ।
ਅਟੱਲ ਹੁਕਮ ਨੂੰ ਕੌਣ ਰੋਕੇ,
ਇਹ ਨਿਯਮ ਰੱਬੀ ਹੈ ਭਾਈ।
ਮਨ ਕਰਮ ਬਚਨ ਵਿਚਾਰ ਦੀ,
ਕਰਨੀ ਪਵੇ ਸ਼ੁਧਾਈ।
ਘਾਲ ਖਾਵੇ ਕੁਛ ਹੱਥੋਂ ਦੇਵੇ,
ਸੂਝ ਹੈ ਉਸਨੇ ਪਾਈ।
ਕਰਮ ਧਰਮ ਤੇ ਫਰਜ਼ ਆਸਾਡਾ,
ਬੱਸ ਇੱਕੋ ਹੈ ਭਾਈ।
ਜੱਗ ਵਿਚ ਨੇਕੀ ਭਾਰੂ ਹੋਵੇ,
ਜਿੱਤ ਨਾ ਸਕੇ ਬੁਰਾਈ।
*******
ਨਿਸ਼ਕਾਮ ਕਰਮ ਜੋ ਕੋਈ ਕਮਾਵੇ
ਨਿਸ਼ਕਾਮ ਕਰਮ ਜੋ ਕੋਈ ਕਮਾਵੇ,
ਆਪਣਾ ਫਰਜ਼ ਪਛਾਣ।
ਜਨਮ ਮਰਨ ਦਾ ਭੈਅ ਨਾ ਖਾਵੇ,
ਬੰਦਾ ਉਹ ਮਹਾਨ।
ਖਿੱਚ ਜੰਨਤ ਦੀ ਭੈਅ ਦੋਜ਼ਖ ਦਾ,
ਕਰਮ ਯੋਗੀ ਦੇ ਨੇੜੇ ਨਾ ਆਵੇ।
ਵੇਦ ਕਤੇਬ ਗਰੰਥ ਨਾ ਜਾਣੇ,
ਉਹ ਤਾਂ ਆਪਣਾ ਫਰਜ਼ ਪੁਗਾਵੇ।
ਸੱਚ ਵਸੇ ਸਦਾ ਉਸਦੇ ਸੀਨੇ,
ਕੂੜ ਕੁਫਰ ਦੇ ਨੇੜੇ ਨਾ ਜਾਵੇ।
ਨਾ ਕੋਈ ਖਿੱਚ ਇਸ ਦੁਨੀਆਂ ਦੀ,
ਉਸਦਾ ਮਨ ਡੁਲਾਵੇ।
ਅਟੱਲ ਹੁਕਮ ਦੀ ਸੋਝੀ ਉਸਨੂੰ,
ਹੁਕਮ ਅੱਗੇ ਉਹ ਸੀਸ ਝੁਕਾਵੇ।
ਆਤਮ ਸਮਰਪਣ ਉਹ ਕਰ ਦਿੰਦਾ,
ਹਓਮੇਂ ਉਸਦੇ ਨੇੜੇ ਨਾ ਆਵੇ।
ਦੁੱਖ ਸੁੱਖ ਦੋਵੇਂ ਸਮ ਕਰ ਜਾਣੇ,
ਹਾਣ ਲਾਭ ਨਾ ਉਹ ਪਛਾਣੇ।
ਹਾਰ ਜਿੱਤੱ ਵੀ ਨਾ ਵਿਚਾਰੇ,
ਸਾਰੇ ਪਾਪਾਂ ਤੋਂ ਬਚ ਜਾਵੇ।
ਐਸਾ ਜੇ ਕੋਈ ਰਾਹ ਅਪਣਾਵੇ,
ਰੱਬ ਜੀ ਨੂੰ ਓਹੀਓ ਬੁੱਝ ਪਾਵੇ।
ਪਰ ਜੇ ਬੁੱਧ ਕੁਬੁੱਧ ਬਣ ਜਾਵੇ,
ਥਾਂ ਥਾਂ ਭਟਕੇ ਤੇ ਟੱਕਰਾਵੇ।
ਸਵਰਗਾਂ ਵਿਚ ਜੋ ਜਾਣਾ ਲੋਚੇ,
ਦੋਜ਼ਖ ਦਾ ਡਰ ਉਸਨੂੰ ਖਾਵੇ,
ਇਛਾਵਾਂ ਸੰਗ ਪ੍ਰੀਤੀ ਲਾਵੇ,
ਮੁੜ ਮੁੜ ਜੰਮੇ ਤੇ ਮਰ ਜਾਵੇ।
ਲੱਜ਼ਤ ਮਾਇਆ ਦੀ ਜੋ ਮਾਣੇ,
ਉਹ ਨਾ ਜੱਗ ਵਿਚ ਤੱਤ ਪਛਾਣੇ।
ਪਰ ਦੈਵੀ ਗੁਣ ਜੋ ਅਪਣਾਵੇ,
ਰੱਬ ਜੀ ਨੂੰ ਹਰ ਸ਼ੈਅ ਵਿਚ ਪਾਵੇ।
ਫਰਜ਼ ਪਛਾਣ ਜੋ ਕਰਮ ਕਮਾਵੇ,
ਫਲ ਕਰਮਾਂ ਦਾ ਉਹ ਨਾ ਚਾਹਵੇ।
ਪਰਮ ਸੱਤਾ ਸੰਗ ਜਾ ਸਮਾਵੇ,
ਉਹ ਤਾਂ ਸਦਾ ਲਈ ਮੁਕਤੀ ਪਾਵੇ।
***********
ਦੋਜ਼ਖ ਜੰਨਤ ਧਰਤੀ ਉੱਤੇ
ਦੋਜ਼ਖ ਜੰਨਤ ਧਰਤੀ ਉੱਤੇ,
ਫਿਰੇ ਹੂਰਾਂ ਦੀ ਭਰਮਾਰ।
ਮਿਲੇ ਨਾ ਜੰਨਤ ਕਦੀ ਕਿਸੇ ਨੂੰ,
ਜੋ ਕਰਦਾ ਮਾਰੋ ਮਾਰ।
ਹਰ ਇੱਕ ਸ਼ੈਅ ਇਸ ਦੁਨੀਆਂ ਦੀ,
ਸਾਡੇ 'ਤੇ ਹੈ ਅਸਰ ਅੰਦਾਜ਼।
ਮਿਲਗੋਭਾ ਅਸਰ ਸਭ ਕਾਸੇ ਦਾ,
ਘੜਦਾ ਜਾਏ ਸਾਡੀ ਨੁਹਾਰ।
ਚੁਗਿਰਦੇ ਸਾਡੇ ਬ੍ਰਹਿਮੰਡ ਸਾਰਾ,
ਮਿਲੇ ਨੇ ਸਾਨੂੰ ਬਹੁਤ ਭੰਡਾਰ।
ਲਗਨ, ਹਿੰਮਤ ਤੇ ਮਿਲੀ ਹੈ ਸੋਝੀ,
ਕਿ ਪਵੇ ਨਾ ਕਿਧਰੇ ਕੋਈ ਅਟਕਾਰ।
ਪਦਾਰਥ ਤੱਤ ਮਿਲ ਚੇਤਨਤਾ ਸੰਗ,
ਉਪਜਾਉਂਦਾ ਹੈ ਇਹ ਸਭ ਸੰਸਾਰ।
ਪਰਮ ਸੱਤਾ ਹੈ ਸੱਭ ਕਾਸੇ ਦੀ,
ਇੱਕੋ ਇੱਕ ਆਧਾਰ।
ਜੇ ਮਿਲਕੇ ਰਹੀਏ ਜੱਗ ਵਿੱਚ,
ਕਰੀਏ ਸਭ ਨੂੰ ਪਿਆਰ।
ਦੋਜ਼ਖ ਜੱਗ ਨਾ ਬਣੇ,
ਜੰਨਤ ਬਣੇ ਸੰਸਾਰ।
*********
ਜੋ ਸੁੱਤਾ ਉਹ ਜਾਗ ਪੈਂਦਾ ਹੈ
ਜੋ ਸੁੱਤਾ ਉਹ ਜਾਗ ਪੈਂਦਾ ਹੈ,
ਜੋ ਜਾਗੇ ਸੌਂ ਪਾਵੇ।
ਵਿਚਾਰ ਸਮੱਗਰੀ ਜੇ ਸੌਂ ਜਾਵੇ,
ਫਿਰ ਉਸਨੂੰ ਕੌਣ ਜਗਾਵੇ?
ਸਮੇਂ ਦੇ ਸੰਗ ਸੰਗ ਜੇ ਨਾ ਟੁਰੀਏ,
ਜਿੰਦ ਸਾਡੀ ਮੁਰਝਾਵੇ।
ਇਹ ਜੱਗ ਸਾਡਾ ਜਿੰਦ ਬਗੀਚਾ,
ਕੰਡਿਆਂ ਸੰਗ ਭਰ ਜਾਵੇ।
ਬਦਲਣਹਾਰ ਹੈ ਦੁਨੀਆਂ ਸਾਡੀ,
ਬੁੱਧ ਨਵੀਂ ਨਿੱਤ ਆਵੇ।
ਨਵਾਂ ਸੂਰਜ ਨਿੱਤ ਚਾਨਣ ਵੰਡੇ,
ਹਨੇਰਾ ਦੂਰ ਭਜਾਵੇ।
ਇੱਕ ਪਲ ਵਿਚ ਇੱਕ ਵੱਡਾ ਤਾਰਾ,
ਖੇਰੂੰ ਖੇਰੂੰ ਹੁੰਦਾ ਜਾਵੇ।
ਤਾਂ ਜੋ ਸਰਵ-ਵਿਆਪੀ ਦਾ ਤਨ,
ਨਿੱਤ ਨਵਾਂ ਹੋ ਜਾਵੇ।
ਘੁੰਡ ਕੁਦਰਤ ਦੇ ਚੁੱਕਦੇ ਜਾਈਏ,
ਨਿੱਤ ਰੂਪ ਨਵਾਂ ਦਿਸ ਆਵੇ।
''ਸਾਹਿਬੁ ਸਾਡਾ ਨੀਤ ਨਵਾ ਹੈ'',
ਨਿੱਤ ਨਵਾਂ ਬਣ ਜਾਵੇ।
ਗੁੰਝਲਾਂ ਭਰਿਆ ਤਾਣਾ ਬਾਣਾ,
ਨਿੱਤ ਗੁੰਝਲ ਖੁੱਲ੍ਹਦੀ ਜਾਵੇ।
ਇੱਕੋ ਵਾਰੀ ਖੋਲ੍ਹ ਨਾ ਸਕੀਏ,
ਹਰ ਪੀਹੜੀ ਜ਼ੋਰ ਲਗਾਵੇ।
ਪਰਮ ਸੱਤਾ ਨਿਰਾ ਸਤਿ ਹੈ,
ਮਾਇਆ ਉਸਦੇ ਸੰਗ ਸਮਾਵੇ।
ਵਿਰਾਟ ਰੂਪ ਵੀ ਉਹ ਹੀ ਧਾਰੇ,
ਸੁੰਨ ਸਮਾਧੀ ਵੀ ਉਹ ਜਾਵੇ।
ਇਹ ਕ੍ਰਿਸ਼ਮਾ ਅਟੱਲ ਹੁਕਮ ਦਾ,
ਮੁਢਲਾ ਹੁਕਮ ਇੱਕ ਚੱਲਦਾ ਜਾਵੇ।
ਪਰਮ ਸੱਤਾ ਵੀ ਅਧੀਨ ਹੁਕਮ ਦੇ,
ਜੋ ਆਪੋਂ ਹੁਕਮ ਚਲਾਵੇ।
ਕੀ ਹੋਵੇ ਤੇ ਕਿਕੂੰ ਹੋਵੇ,
ਬੁੱਧ ਸਾਡੀ ਇਹ ਬੁਝ ਨਾ ਪਾਵੇ।
ਹੋਸ਼ ਤੇ ਮਸਤੀ ਇਸ ਨੂੰ ਬੁਝਣ,
ਉਹ ਪਲ ਵੀ ਇੱਕ ਦਿਨ ਆ ਜਾਵੇ।
**********
ਕੋਰਾ ਕਾਗਜ਼ ਮਹਾਂ ਕਾਲ ਨੇ
ਕੋਰਾ ਕਾਗਜ਼ ਮਹਾਂ ਕਾਲ ਨੇ,
ਤੇਰੇ ਹੱਥ ਫੜਾਇਆ।
ਸੋਚ ਸਮਝ ਕੇ ਲਿਖੀ ਬੀਬਾ,
ਜੋ ਲਿਖੇਂ! ਨਾ ਜਾਏ ਮਿਟਾਇਆ।
ਇਸ ਉਪਰ ਤੂੰ ਲਿਖ ਸਕਦਾ ਹੈਂ,
ਕੋਈ ਸਦੀਵੀਂ ਗੀਤ।
ਜਾਂ ਇਸ ਉਪਰ ਲਿਖ ਸਕਦਾ ਹੈਂ,
ਜੋ ਜਾਏ ਸਦਾ ਲਈ ਬੀਤ।
ਇਸ ਉੱਪਰ ਤੂੰ ਲਿਖ ਸਕਦਾ ਹੈਂ,
ਜੋ ਖੇੜਾ ਦੇਵੇ ਸਵਾਇਆ।
ਜਾਂ ਇਸ ਉੱਪਰ ਲਿਖ ਸਕਦਾ ਹੈਂ,
ਕਿ ਰਹੇ ਸਦਾ ਮੁਰਝਾਇਆ।
ਇਸ ਉੱਪਰ ਤੂੰ ਲਿਖ ਸਕਦਾ ਹੈਂ,
ਜਿਸ ਤੇਰਾ ਮਾਣ ਵਧਾਇਆ।
ਜਾਂ ਇਸ ਉੱਪਰ ਲਿਖ ਸਕਦਾ ਹੈਂ,
ਕਿ ਜਿੰਦ ਭਰ ਫਿਰੇਂ ਪਛਤਾਇਆ।
ਖਾਲੀ ਕਾਗਜ਼ ਮੋੜ ਨਾ ਸਕੇਂ,
ਨਾ ਛਿਪਦਾ ਇਹ ਛਿਪਾਇਆ।
ਆਪਣੇ ਆਪ ਹੀ ਲਿਖਿਆ ਜਾਣਾ,
ਜੋ ਤੂੰ ਕਰਮ ਕਮਾਇਆ।
ਸੋਚ ਸਮਝ ਕੇ ਲਿਖੀਂ ਬੀਬਾ,
ਮੁੜ ਵੇਲਾ ਹੱਥ ਨਾ ਆਵੇ।
ਜੋ ਇੱਕ ਵਾਰੀ ਲਿਖਿਆ ਜਾਵੇ,
ਫਿਰ ਉਸਨੂੰ ਕੌਣ ਮਿਟਾਵੇ?
ਵਿਹੁ ਮਾਤਾ ਦਾ ਲਿਖਿਆ ਸਜਣਾ,
ਕਈ ਵਾਰੀ ਜਾਏ ਮਿਟਾਇਆ।
ਇਸ ਉੱਪਰ ਲਿਖਿਆ ਮਿਟ ਨਹੀਂ ਸਕਣਾ,
ਚਾਹੇ ਸਭ ਕੁਝ ਜਾਏ ਮਿਟਾਇਆ।
*********
ਸਰਵ-ਵਿਆਪੀ ਤੇ ਸਦਜੀਵੀ
ਸਰਵ-ਵਿਆਪੀ ਤੇ ਸਦਜੀਵੀ,
ਦਾਤਾਂ ਵੰਡਦਾ ਜਾਵੇ।
ਸ਼ੁੱਧ ਹਿਰਦੇ ਜੋ ਤੱਤਪਰ ਰਹਿੰਦਾ,
ਦਾਤ ਪੱਲੇ ਵਿਚ ਪਾਵੇ।
ਮਿਲਦੀ ਦਾਤ ਭਾਂਤ ਭਾਂਤ ਦੀ,
ਜੋ ਜੈਸਾ ਚਾਹੇ ਪਾਵੇ।
ਚਾਹੇ ਕੋਈ ਜੰਨਤ ਮੰਗੇ,
ਚਾਹੇ ਦੋਜ਼ਖ ਨਿੱਤ ਹੰਢਾਵੇ।
ਹਰਦਮ ਤੱਤਪਰ ਰਹੇ ਜੋ ਬੰਦਾ,
ਭੰਡਾਰ ਉਸਦਾ ਭਰਦਾ ਜਾਵੇ।
ਪੱਲਾ ਅੱਡ ਖਲੋਵੇ ਦਰ 'ਤੇ,
ਜੋ ਜੀ ਚਾਹਵੇ ਲੈ ਜਾਵੇ।
ਗਿਰੇ ਬੰਦਾ ਜੇ ਕੋਈ ਉਚਾਂਦੋਂ,
ਵਜ਼ਨ ਓਸਦਾ ਕਿਧਰ ਜਾਵੇ।
ਜਦੋਂ ਗਿਰੇ ਉਹ ਬੋਝਲ ਨਾਹੀਂ,
ਆਇਨਸਟਾਈਨ ਹੀ ਕਿਉਂ ਬੁਝ ਪਾਵੇ।
ਗਿਰਦੇ ਆਏ ਸੇਬ ਧਰਤ 'ਤੇ,
'ਅਸਮਾਨਾਂ ਵੱਲ ਨੂੰ ਕਿਉਂ ਨਾ ਜਾਵੇ'।
ਕਿਉਂ ਨਾ ਕਿਸੇ ਨੇ ਕਦੀ ਬੁੱਛਿਆ,
ਨਿਊਟਨ ਹੀ ਕਿਉਂ ਬੁਝ ਪਾਵੇ।
ਰੱਖੀ ਤੱਤਪਰ ਬੁੱਧੀ ਜਿਸ ਨੇ,
ਤੇ ਰੱਖੀ ਅਕਲ ਟਿਕਾਣੇ।
ਫਲ ਉਸਦੀ ਝੋਲੀ ਵਿਚ ਗਿਰਦਾ,
ਜੋ ਆਪਣੀ ਝੋਲੀ ਤਾਣੇ।
ਗਿਆਨ ਜਗ ਦਾ ਜਾਂ ਰੱਬ ਦਾ,
ਬੱਸ ਓਹੀਓ ਲੋਕੀਂ ਪਾਉਂਦੇ।
ਰਹਿਣ ਸਦਾ ਹੀ ਤੱਤਪਰ ਜਿਹੜੇ,
ਸ਼ੁੱਧ ਹਿਰਦੇ ਜਿੰਦ ਲੰਘਾਉਂਦੇ।
ਤਿਆਰ ਬਰ ਤਿਆਰ ਜਿੰਦ ਉਸਦੀ ਰਹਿੰਦੀ,
ਜੋ ਮਿਹਨਤ ਕਰਦਾ ਜਾਵੇ।
ਸਵੈ-ਕਾਬੂ ਵਿਚ ਰੱਖੇ ਆਪਾ,
ਤੇ ਡੂੰਘਾ ਧਿਆਨ ਲਗਾਵੇ।
ਸਵੈ ਭਰੋਸੇ ਸੱਚ ਭਰੋਸੇ ਰੱਬ ਭਰੋਸੇ,
ਬਿਨ ਤਿੜਕਿਆਂ ਜੋ ਜ਼ੋਰ ਲਗਾਵੇ।
ਆਪਣੀ ਮੰਜ਼ਲ ਪਾ ਲੈਂਦਾ ਉਹ,
ਮੰਜ਼ਲ ਚੱਲ ਕੇ ਨੇੜੇ ਆਵੇ।
ਜਾਗਰੂਕ ਜੋ ਸਦਾ ਹੀ ਰਹਿੰਦਾ,
ਉਹ ਭੇਦ ਗੈਬ ਦੇ ਜਾਣੇ।
ਰੱਬ ਜੀ ਦਾਤਾਂ ਵੰਡੀ ਜਾਵੇ,
ਪੱਲੇ ਪਾਉਣ ਸਿਆਣੇ।
ਜਿਸ ਦੇ ਪੱਲੇ ਰੱਬ ਜੀ ਪਾਵੇ,
ਉਹ ਰਹਿਬਰ ਬਣ ਜਾਵੇ।
ਭੇਦ ਗੈਬ ਦੇ ਉਹ ਬੁੱਝੇ,
ਦੁਨੀਆਂ ਨੂੰ ਉਹ ਰਾਹ ਦਿਖਾਵੇ।
ਉਸ ਨੂੰ ਨਾ ਰਹਿਬਰ ਜਾਣੀਏ,
ਜੋ ਦੁਨੀਆਂ ਵਿਚ ਵੰਡਾਂ ਪਾਵੇ।
ਉਸ ਨੂੰ ਰਹਿਬਰ ਜਾਣੀਏ,
ਜੋ ਸਭ ਨੂੰ ਸਾਂਝੀਵਾਲ ਬਣਾਵੇ।
ਉਸ ਨੂੰ ਰਹਿਬਰ ਜਾਣੀਏ,
ਜੋ ਕੂੜ ਕੁਫਰ ਸੰਗ ਮੱਥਾ ਲਾਵੇ।
ਡਟਿਆ ਰਹੇ ਮੈਦਾਨ ਵਿਚ,
ਇੱਟਾਂ ਵੱਟੇ ਖਾਵੇ।
ਉਸ ਨੂੰ ਰਹਿਬਰ ਜਾਣੀਏ,
ਜੋ ਭੇਦ ਭਾਵ ਮਿਟਾਵੇ।
ਪਿਤਾ ਵਾਰੇ ਪੁੱਤਰ ਵਾਰੇ,
ਨੀਚੋਂ ਊਚ ਬਣਾਵੇ।
ਉਸ ਨੂੰ ਰਹਿਬਰ ਜਾਣੀਏ,
ਜ਼ਾਲਮ ਸੰਗ ਜੋ ਜਾ ਟਕਰਾਵੇ।
ਸੀ ਨਾ ਉਚਰੇ ਭੋਰਾ ਭਰ ਵੀ,
ਚੁਰਸਤੇ ਵਿਚ ਜਾ ਸੀਸ ਕਟਾਵੇ।
*********
ਜਾ ਵੜੀਏ ਜੇ ਵਿਚ ਬਗੀਚੇ
ਜਾ ਵੜੀਏ ਜੇ ਵਿਚ ਬਗੀਚੇ,
ਤੱਕੀਏ ਫੁੱਲ ਘਨੇਰੇ।
ਸਭ ਤੋਂ ਸੋਹਣਾ ਜਿਹੜਾ ਲੱਗੇ,
ਜਾਈਏ ਉਸਦੇ ਨੇੜੇ।
ਚਾਹ ਕਬਜ਼ੇ ਦੀ ਸਾਡੇ ਅੰਦਰ,
ਹੱਥ ਫੁੱਲ ਤੋੜਨ ਨੂੰ ਜਾਵੇ।
''ਮਤ ਤੋੜੇ ਕੋਈ ਖਿੜੇ ਫੁੱਲ ਨੂੰ'',
ਕੰਡਾ ਆਖ ਸੁਣਾਵੇ।
ਹੱਸਦਾ ਫੁੱਲ ਕਿਉਂ ਤੋੜੀਏ,
ਜੋ ਰੂਹ ਸਾਡੀ ਨਸ਼ਿਆਵੇ।
ਜੱਗ ਵਿਚ ਖੁਸ਼ੀਆਂ ਥੋੜ੍ਹੀਆਂ,
ਕੋਈ ਗਮਾਂ ਨੂੰ ਕਿਉਂ ਵਧਾਵੇ।
ਖਿੜਿਆ ਫੁੱਲ ਖੇੜਾ ਦਿੰਦਾ,
ਜਗ ਵਿਚ ਸੁਗੰਧ ਫੈਲਾਵੇ।
ਪਰ ਮੁਝਾਇਆ ਫੁੱਲ ਵੇਖ ਕੇ,
ਦਿਲ ਸਾਡਾ ਮੁਰਝਾਵੇ।
ਹੱਸਦੇ ਫੁੱਲਾਂ ਨੂੰ ਜੋ ਤੋੜੇ,
ਉਹ ਜੱਗ ਵਿਚ ਦੁੱਖ ਵਧਾਵੇ।
ਐਸਾ ਬੰਦਾ ਦੁਨੀਆਂ ਅੰਦਰ,
ਮੁੜ ਮੁੜ ਕਹਿਰ ਕਮਾਵੇ।
ਨਿੱਕ ਮੁਨੁਕੇ ਬੱਚੇ ਸਾਡੇ,
ਨਿਰੇ ਫੱਲਾਂ ਦੀ ਨਿਆਈਂ।
ਉਹਨਾਂ ਨੂੰ ਯਾਤੀਮ ਬਣਾਵੇ,
ਫਿਰ ਜੰਨਤ ਕਿਥੋਂ ਪਾਵੇ।
ਚੁਗਿਰਦੇ ਸਾਡੇ ਘੁੰਮਣ ਪਰੀਆਂ,
ਪਿਆਰ ਉਹਨਾਂ ਸੰਗ ਪਾਵੇ।
ਪਰ ਕਰੇ ਜੇ ਰੇਪ ਕੋਈ,
ਦੋਜ਼ਖ ਆਪ ਲਿਆਵੇ।
ਟੱਪਦੀ ਫਿਰਦੀ ਫਿਰੇ ਜਵਾਨੀ,
ਜਿੰਦ ਖੁਸ਼ੀਆਂ ਸੰਗ ਲੰਘਾਵੇ।
ਨਸ਼ੇ ਪੀਵੇ ਤੇ ਖਾਵੇ ਗੋਲੀਆਂ,
ਜੱਗ ਵਿਚ ਨਰਕ ਹੰਢਾਵੇ।
ਇਹ ਦੁਨੀਆਂ ਹੈ ਬਾਗ ਬਗੀਚਾ,
ਜੰਨਤ ਧਰਤ 'ਤੇ ਆਵੇ।
ਹੱਕ ਸੱਚ ਦੀ ਕਰੇ ਕਮਾਈ,
ਧੀ ਪੁੱਤਾਂ ਨੂੰ ਨੇਕ ਬਣਾਵੇ।
ਪਰ ਉਹ ਨੇਕੀ, ਨੇਕੀ ਨਾ ਹੁੰਦੀ,
ਕਿ ਦੁਨੀਆਂ ਨੂੰ ਛੱਡ ਘਰ ਬਹਿ ਜਾਵੇ।
ਬੰਦਾ ਉਹ ਬੰਦਿਆਂ 'ਚੋਂ ਬੰਦਾ,
ਬਦੀ ਸੰਗ ਜੋ ਜਾ ਟਕਰਾਵੇ।
ਕਾਰ ਕਮਾਵੇ ਸਰਬੱਤ ਭਲੇ ਦੀ,
ਆਪਣੇ ਫਰਜ਼ ਪੁਗਾਵੇ।
ਢੇਰ ਦੌਲਤ ਦਾ ਜੇ ਕਮਾਵੇ,
ਗਰੀਬ ਯਾਤੀਮ ਮੁਥਾਜ ਪੜ੍ਹਾਵੇ।
***********
ਬੇਕਿਰਕ ਬੇਈਮਾਨ ਬੰਦੇ
ਬੇਕਿਰਕ ਬੇਈਮਾਨ ਬੰਦੇ,
ਕਦੀ ਨਾ ਬਣਨ ਮਹਾਨ ਬੰਦੇ।
ਮਿੱਠ ਬੋਲੜੇ ਬੇਸ਼ੱਕ ਹੋਵਣ,
ਰਹਿੰਦੇ ਉਹ ਸ਼ੈਤਾਨ ਬੰਦੇ।
ਕਹਿਣੀ ਕਰਨੀ ਤੇ ਸੋਚਣੀ,
ਹੁੰਦੀ ਨਾ ਇੱਕਸਾਰ ਜਿਹਨਾਂ ਦੀ।
ਬੇਸ਼ੱਕ ਮੱਲਣ ਦੁਨੀਆਂ ਸਾਰੀ,
ਆਖਰ ਹੁੰਦੀ ਹਾਰ ਉਹਨਾਂ ਦੀ।
ਕੁਝ ਵੀ ਜੱਗ ਵਿਚ ਕਰਨੋਂ ਪਹਿਲਾਂ,
ਪਰਖ ਲਈਏ ਕਸਵੱਟੀ ਉੱਤੇ।
ਕਿ ਕਿਧਰੇ ਦੁਨੀਆਂ ਦੀ ਖਾਤਰ,
ਦੁੱਖ ਦਾ ਕਾਰਨ ਬਣ ਨਾ ਜਾਈਏ।
ਰਾਹ ਵਿਚ ਜੇ ਔਕੜ ਆ ਜਾਵੇ,
ਵੇਖ ਵੇਖ ਕੇ ਮਨ ਘਬਰਾਵੇ।
ਕਦੀ ਕੁਰਾਹੇ ਨਾ ਚਲੀਏ,
ਸਾਬਤ ਕਦਮੀਂ ਮੰਜ਼ਲ ਆਵੇ।
ਸੱਚ ਨਿਆਂ, ਹੱਕ ਤੇ ਨਿਰਭਰ,
ਜੇ ਮਿਸ਼ਨ ਆਸਾਡਾ ਹੋਵੇ।
ਲਗਨ ਹਿੰਮਤ ਵਿਸ਼ਵਾਸ਼ ਅੱਗੇ,
ਕਦੀ ਨਾ ਕੁਝ ਖਲੋਵੇ।
*********
ਠਹਿਰ ਜਾਂਦੇ ਉਹ ਪਰੇ ਦਰਾਂ ਤੋਂ
ਠਹਿਰ ਜਾਂਦੇ ਉਹ ਪਰੇ ਦਰਾਂ ਤੋਂ,
ਖੋਲ੍ਹ ਨਾ ਸਕਣ ਕਿਵਾੜ।
ਸ਼ੱਕ ਨਫਰਤ ਤੇ ਈਰਖਾ,
ਜੇ ਵਸੇ ਦਿਲਾਂ ਵਿਚਕਾਰ।
ਡਰਦੇ ਨੇ ਦਰ ਖੋਲ੍ਹਣ ਤੋਂ ਉਹ,
ਭੈਅ ਜਿਹਨਾਂ ਦੇ ਅੰਦਰ ਵਸਿਆ।
ਕਰ ਨਹੀਂ ਸਕਦੇ ਵਿਸ਼ਵਾਸ਼ ਕਿਸੇ ਦਾ,
ਸ਼ੱਕ ਜਿਹਨਾਂ ਦੇ ਅੰਦਰ ਧਸਿਆ।
ਸਿਦਕ ਦਿਲੀ ਤੇ ਪਿਆਰ ਬਾਝੋਂ,
ਸਦਾ ਹੀ ਡਰ ਆਵੇ।
ਸ਼ੁੱਧ ਹਿਰਦੇ ਤੇ ਪਿਆਰ ਸਦਕਾ,
ਦਰ ਆਪੇ ਖੁੱਲ੍ਹ ਜਾਵੇ।
ਘਿਰਨਾ ਘੇਰੇ ਮਨਾਂ ਨੂੰ,
ਭਰਮਾਂ ਨੇ ਭਰਮਾਇਆ।
ਰੰਗ ਬਰੰਗਾ ਜੱਗ ਦੇਖਦੇ,
ਆਪਾ ਨਜ਼ਰ ਨਾ ਆਇਆ।
ਜੇ ਨਿਰਦੋਸ਼ ਹੈ ਜਿੰਦ ਆਸਾਡੀ,
ਪਿਆਰਾਂ ਸੰਗ ਲਿਪਟਾਈ।
ਸਾਰਾ ਜੱਗ ਹੀ ਆਪਣਾ ਲੱਗੇ,
ਖੁਦਾ ਦੀ ਦਿਸੇ ਖੁਦਾਈ।
***********
ਅਟੱਲ ਵਿਸ਼ਵਾਸ਼ ਜੇ ਹਿਰਦੇ ਅੰਦਰ
ਅਟੱਲ ਵਿਸ਼ਵਾਸ਼ ਜੇ ਹਿਰਦੇ ਅੰਦਰ,
ਫਿਰ ਡਰ ਕੈਸਾ ਭਾਈ।
ਸਰਵ-ਵਿਆਪੀ ਚੁਗਿਰਦੇ ਤੱਕੀਏ,
ਹੋਵੇ ਆਪ ਸਹਾਈ।
ਕਈ ਵਾਰੀ ਕੁਝ ਐਸਾ ਹੁੰਦਾ,
ਤਰਕ ਨਾ ਜਾਣੇ ਕਾਈ।
ਕਿਉਂ ਹੋਇਆ ਤੇ ਕਿਵੇਂ ਹੋਇਆ,
ਸਮਝ ਰਤੀ ਨਾ ਆਈ।
ਮੱਥੇ ਰਗੜਿਆਂ ਕੁਝ ਨਹੀਂ ਬਣਦਾ,
ਸ਼ੁੱਧ ਹਿਰਦਾ ਨਹੀਂ ਜੇ ਭਾਈ।
ਸਰਵ-ਵਿਆਪੀ ਸਦਜੀਵੀ ਸੰਗ,
ਜੇ ਲਿਵ ਅਸਾਂ ਨਹੀਂ ਲਾਈ।
ਰੱਬ ਰੱਬ ਕਰਿਆਂ ਕੁਝ ਨਹੀਂ ਹੁੰਦਾ,
ਜੇ ਮਨ ਅੰਦਰ ਚੁਤਰਾਈ।
ਦੈਵੀ ਗੁਣ ਜੇ ਸਾਡੇ ਅੰਦਰ,
ਆਪਾ ਹੋਵੇ ਸਹਾਈ।
ਲਿਖਣ ਲਈ ਕੁਝ ਲਿਖਿਆ ਨਾਹੀ,
ਆਪ ਬੀਤੀ ਲਿਖੀ ਹੈ ਭਾਈ।
ਬਖਸ਼ਿਸ਼ ਉਦੋਂ ਹੀ ਹੁੰਦੀ ਹੈ,
ਕਰੇ ਜੇ ਕੋਈ ਸੁਧਾਈ।
ਮਨ ਕਰਮ ਬਚਨ ਵਿਚਾਰ ਸ਼ੁੱਧ ਜੇ
ਰੱਬ ਕਰਦਾ ਰੱਖ ਰਖਾਈ,
ਥੱਕਿਆ ਟੁੱਟਿਆ ਜੇ ਸੌਂ ਜਾਵੇ,
ਪਹਿਰਾ ਆਪੇ ਦੇਵੇ ਭਾਈ।
ਦੁਰਘਟਨਾਵਾਂ ਬੀਮਾਰੀਆਂ ਤੇ ਵੈਰੀ,
ਸਾਨੂੰ ਮਾਰ ਸਕੇ ਨਾ ਕਾਈ।
ਵੀਹ ਤੀਹ ਵਾਰੀ ਮੋੜੀ ਉਸਨੇ,
ਸਾਡੀ ਮੌਤ ਸਿਰ 'ਤੇ ਆਈ।
ਤਰਕ ਵਿਚ ਵਿਸ਼ਵਾਸ਼ ਹੈ ਸਾਨੂੰ,
ਪਰ ਜਿਵੇਂ ਅਸੀਂ ਬਚੇ ਹਾਂ ਭਾਈ,
ਸਾਨੂੰ ਸਮਝ ਨਾ ਆਈ ਕਾਈ,
ਕੀ ਇਹ ਸਾਰੇ ਚਾਨਸ ਸੀ,
ਜਾਂ ਚਮਤਕਾਰ ਖੁਦਾਈ।
ਤਰਕਵਾਦੀ ਕੋਈ ਮਿਲੇ ਅਸਾਂਨੂੰ,
ਸਾਡੀ ਸਾਰੀ ਗੱਲ ਸੁਣ ਜਾਵੇ।
ਜੇ ਸਾਨੂੰ ਸਮਝਾ ਸਕੇ ਕੋਈ,
ਧੰਨਵਾਦ ਸਾਡਾ ਲੈ ਜਾਵੇ।
ਆਪੋਂ ਅਸਾਂ ਬਰਨਾਲੇ ਜਾ ਕੇ,
ਤਰਕਵਾਦੀ ਸੰਗ ਗੱਲ ਚਲਾਈ।
ਉਹਨਾਂ ਨੇ ਸਾਨੂੰ ਇਹੋ ਆਖਿਆ,
ਕਿ ਸੋਚਣਾ ਪਵੇਗਾ ਭਾਈ।
ਵਾਰ ਵਾਰ ਅਸੀਂ ਸੋਚ ਦੌੜਾਈ,
ਜਾਂ ਵਿਦਵਾਨਾਂ ਨੂੰ ਵਿਥਿਆ ਸੁਣਾਈ।
ਇੱਕ ਇਨਕਾਰੀ ਬੋਲ ਉੱਠਿਆ,
ਤੁਸੀਂ ਉਸਦੇ ਖਾਸ ਬੰਦੇ ਹੋ ਭਾਈ।
ਕੋਈ ਆਮ ਖਾਸ ਨਹੀਂ ਹੈ ਬੰਦਾ,
ਸਭਨਾਂ ਦੇ ਸਿਰ ਇੱਕ ਖੁਦਾਈ।
ਕੁਝ ਗੈਬੀ ਭੇਦ ਨੇ ਪਰਮ ਸੱਤਾ ਦੇ,
ਜਿਨ੍ਹਾਂ ਦੀ ਅਜੇ ਸਮਝ ਨਹੀਂ ਆਈ।
ਬੇਸ਼ੱਕ ਹਓਮੇਂ ਬੁਰੀ ਬਲਾ ਹੈ,
ਪਰ ਕਦੀ ਕਦਾਈਂ ਇਹ ਦਵਾ ਹੈ,
ਹਮੀਂ ਹੈ ਸਾਨੂੰ ਕਿ ਸਾਡਾ ਖੁਦਾ ਹੈ,
ਉਹ ਸਾਡੇ ਤੋਂ ਨਹੀਂ ਜੁਦਾ ਹੈ।
*********
ਅਟੱਲ ਹੁਕਮ ਹੈ ਚੱਲਦਾ ਆਇਆ
ਅਟੱਲ ਹੁਕਮ ਹੈ ਚੱਲਦਾ ਆਇਆ
ਆਪੇ ਹੁਕਮੀਂ ਹੁਕਮ ਵਜਾਵੇ।
ਜਿੰਨਾ ਮਰਜ਼ੀ ਜ਼ੋਰ ਲਗਾਈਏ,
ਦੁਨੀਆਂ ਚਲੇ ਨਾ ਚਲਾਈ।
ਬੂੰਦ ਪਾਣੀ ਦੀ ਸਾਗਰ ਦੇ ਵਿਚ,
ਟਿਕਦੀ ਨਹੀਂ ਟਿਕਾਈ।
ਮਿਸ਼ਨ ਜਿੰਦ ਦਾ ਅੱਗੇ ਟੁਰਨਾ,
ਅਟਕੇ ਨਾ ਅਟਕਾਈ।
ਪਦਾਰਥ ਤੱਤ ਮਿਲ ਪਰਮ ਸਤਿ ਸੰਗ,
ਮੁੜ ਮੁੜ ਕਰੇ ਸੁਧਾਈ।
ਲੱਖ ਚੁਰਾਸੀ ਜੂਨਾਂ ਵਿਚ ਦੀ,
ਜਿੰਦ ਲੰਘਦੀ ਲੰਘਦੀ ਆਈ।
ਇੱਕ ਅਨੋਖੀ ਖੇਡ ਹੈ ਇਹ,
ਖੇਡੇ ਸਾਰੀ ਖੁਦਾਈ।
ਅਟੱਲ ਹੁਕਮ ਹਰ ਸ਼ੈਅ 'ਤੇ ਲਾਗੂ,
ਹੁਕਮ ਬੂਝ ਪਰਮ ਪਦ ਪਾਈ।
ਮਾਣਸ ਜਾਮੇ! ਜੇ ਪੁਜ ਨਾ ਸਕੀ,
ਮਾਣਸ ਜਾਮੇ! ਜੇ ਬੁਝ ਨਾ ਸਕੀ,
ਜਿੰਦ ਜਾਮਾਂ ਨਵਾਂ ਗਲ ਪਾਵੇ,
ਤੀਖਣ ਬੁੱਧੀ ਹੋਵੇ ਜਿਸਦੀ,
ਜੋ ਅਗਲੀ ਮੰਜ਼ਲ 'ਤੇ ਲੈ ਜਾਵੇ।
*********
ਇਹ ਗੁੰਝਲ ਜੋ ਪੀਢੀ ਲੱਗੇ
ਇਹ ਗੁੰਝਲ ਜੋ ਪੀਢੀ ਲੱਗੇ,
ਇਸ ਆਪੇ ਹੀ ਖੁੱਲ੍ਹ ਜਾਣਾ।
ਹਰ ਪੀਹੜੀ ਨੇ ਅੱਗੇ ਟੁਰਨਾ,
ਭੈਦ ਗੈਬ ਦਾ ਪਾਉਣਾ।
ਅਜੇ ਤਾਂ ਬੁੱਧ ਨਿਆਣੀ ਸਾਡੀ,
ਅਜੇ ਨਾ ਅਕਲ ਸਿਆਣੀ ਸਾਡੀ।
ਅਜੇ ਨਾ ਸੂਝ ਅਸਾਂ ਨੂੰ ਆਈ,
ਕਿਵੇਂ ਲੱਭੀਏ ਅਸਲ ਟਿਕਾਣਾ।
ਅਜੇ ਤਾਂ ਲੜਦੇ ਮਰਦੇ ਫਿਰਦੇ,
ਇੱਕ ਦੂਜੇ ਤੋਂ ਡਰਦੇ ਫਿਰਦੇ।
ਅਜੇ ਤਾਂ ਰੱਬ ਰੱਬ ਕਰਦੇ ਫਿਰਦੇ,
ਫਿਰ ਭੇਦ ਗੈਬ ਦਾ ਕਿਵੇਂ ਹੈ ਪਾਉਣਾ।
ਕਿਵੇਂ ਆਪੇ ਨੂੰ ਆਪਾ ਲੱਭੇ,
ਜਿਸਦੇ ਵਿਚ ਸਮਾਉਣਾ,
ਬੂੰਦ ਪਾਣੀ ਦੀ ਸਾਗਰ ਲੱਭੇ,
ਨਿੱਤ ਦਾ ਆਉਣਾ ਜਾਣਾ.
ਭਾਂਡੇ ਵਿਚ ਬਹਿ ਭੁੱਲ ਜਾਂਦੇ ਹਾਂ,
''ਮੈਂ, ਮੈਂ'' ਕਰ ਕੀ ਪਾਉਣਾ,
ਦੂਈ ਦਵੈਸ਼ ਦੀ ਕੰਧ ਜੋ ਹਿਰਦੇ,
ਸਿੱਖ ਲੈ ਇਸ ਨੂੰ ਢਾਹੁਣਾ,
''ਜੇ ਸਜਣਾ ਕੁਝ ਪਾਉਣਾ।''
*********
ਜੇ ਕੋਈ ਆਪੋਂ ਪੀੜ ਹੰਢਾ ਕੇ
ਜੇ ਕੋਈ ਆਪੋਂ ਪੀੜ ਹੰਢਾ ਕੇ,
ਜਗ ਦੀ ਪੀੜ ਹਟਾਵੇ।
ਜਗ ਦੀ ਪੀੜਾ ਜੇ ਮੁਕ ਜਾਵੇ,
ਆਪਣੀ ਪੀੜਾ ਵੀ ਮੁੱਕ ਜਾਵੇ।
ਜੇ ਕੋਈ ਪੀੜ ਵਧਾਵੇ ਜੱਗ ਦੀ,
ਆਪਣੀ ਪੀੜਾ ਵੀ ਵਧ ਜਾਵੇ।
ਜਗ ਦੇ ਰਾਹੀਂ ਕੰਡੇ ਵਿਛਾ ਕੇ,
ਫਿਰ ਆਪ ਕਿਹੜੇ ਰਾਹ ਜਾਵੇ।
ਸ਼ੱਕ ਨਫਰਤ ਕਰੋਧ ਈਰਖਾ,
ਮਨ ਦਾ ਚੈਨ ਗੁਆਵੇ।
ਪਿਆਰ ਮੁਹੱਬਤ ਤੇ ਮਿੱਤਰਤਾ,
ਰੂਹ ਸਾਡੀ ਨਸ਼ਿਆਵੇ।
ਗੁਆਚੇ ਪੀੜਾ ਜਦ ਭੀੜਾਂ ਵਿਚ,
ਆਨੰਦ ਪੀੜਾ ਦਾ ਆਵੇ।
ਜੇਕਰ ਸਾਂਝ ਦਿਲਾਂ ਦੀ ਹੋਵੇ,
ਕੋਈ ਗੈਰ ਨਾ ਨਜ਼ਰੀਂ ਆਵੇ।
ਸਾਰੇ ਰਲ ਮਿਲ ਦੁੱਖ ਝੱਲੀਏ,
ਭੰਡਾਰ ਸੁੱਖਾਂ ਦਾ ਆਵੇ।
ਹਨੇਰ ਬਿਨਾ ਨਾ ਚਮਕਣ ਤਾਰੇ,
ਦੁੱਖ ਦਾਰੂ ਬਣ ਜਾਵੇ।
*********
ਗੱਲ ਉਹਨਾਂ ਦੀ ਕੀ ਕਰੀਏ
ਗੱਲ ਉਹਨਾਂ ਦੀ ਕੀ ਕਰੀਏ,
ਜੋ ਲੱਗਣ ਸਾਨੂੰ ਪਿਆਰੇ।
ਗੱਲ ਉਹਨਾਂ ਦੀ ਮੁੜ ਮੁੜ ਕਰੀਏ,
ਜੋ ਜ਼ਿੰਦਗੀ ਦੇ ਵਣਜਾਰੇ।
ਸਾਰੀ ਉਮਰੇ ਦੁੱਖ ਉਠਾਈਏ,
ਮਨ 'ਤੇ ਬੋਝ ਵਧਾਉਂਦੇ ਜਾਈਏ।
ਐਸਾ ਕੋਈ ਅਣਜਾਣਾ ਆਵੇ,
ਐਸਾ ਕੋਈ ਵਿਛੜਿਆ ਮਿਲ ਜਾਵੇ,
ਦੁੱਖ ਦਰਦ ਸਾਡੇ ਸਾਰੇ ਲੈ ਜਾਵੇ।
ਗੱਲ ਉਸ ਪਿਆਰੇ ਦੀ ਕਰੀਏ,
ਗੱਲ ਉਸ ਅਣਜਾਣੇ ਦੀ ਕਰੀਏ।
ਜੋ ਆਇਆ ਸਸਤਾਵਿਆ ਟੁਰਿਆ,
ਸਾਡੇ ਸਾਰੇ ਬੋਝ ਉਤਾਰੇ।
ਅਜੇ ਮਸਾਂ ਅਸਾਂ ਪਰਤਿਆ ਪਾਸਾ,
ਉਹ ਟੁਰਿਆ ਗੰਢ ਉਠਾ ਕੇ।
ਐਸੇ ਬੇਗਰਜ਼ੇ ਦੇ ਅੱਗੇ,
ਅਸੀਂ ਝੁਕੀਏ ਸੀਸ ਨਿਵਾ ਕੇ।
ਭੋਰਾ ਭਰ ਹਮਦਰਦੀ ਕਰੀਏ,
ਰੰਚਕ ਮਾਤਰ ਕੰਮ ਆ ਜਾਈਏ।
ਕੋਈ ਅਣਜਾਣਾ ਬਣ ਜਾਵੇ ਆਪਣਾ,
ਸੱਚਾ ਸੌਦਾ ਅਸੀਂ ਕਮਾਈਏ।
ਕੰਮ ਆਪਣਿਆਂ ਦੇ ਹਰ ਕੋਈ ਆਵੇ,
ਜੋ ਅਣਜਾਣੇ ਨੂੰ ਗਲ ਲਾਵੇ।
ਵੇਖੇ ਨਾ ਜੋ ਗੈਰ ਕਿਸੇ ਨੂੰ,
ਉਸ ਅੱਗੇ ਸੀਸ ਝੁਕ ਜਾਵੇ।
ਬੇ ਸਹਾਰੇ ਨੂੰ ਸਹਾਰਾ,
ਜੇ ਕਦੀ ਕੋਈ ਦੇ ਜਾਵੇ,
ਜੀਵਨ ਉਸਦਾ ਬਦਲ ਜਾਂਦਾ ਹੈ,
ਖੁਸ਼ੀਆਂ ਸਭ ਲਈ ਲੈ ਕੇ ਆਵੇ।
ਭਾਗ ਚੰਗੇ ਹੋਣ ਆਸਾਡੇ,
ਜੇ ਕੰਮ ਕਿਸੇ ਦੇ ਆ ਜਾਈਏ।
ਜੇ ਕਿਸੇ ਦੀ ਫਸੀ ਨਿਬੇੜੀਏ,
ਦਾਤਾਂ ਰੱਬ ਤੋਂ ਪਾਈਏ।
ਲੋੜਵੰਦ ਅਣਜਾਣਾ ਆਵੇ,
ਜੇ ਸਾਡੇ ਬੂਹੇ ਉੱਤੇ।
ਕੰਮ ਉਸਦੇ ਜੇ ਆ ਜਾਈਏ,
ਭਾਗ ਜਾਗਣ ਸਾਡੇ ਸੁੱਤੇ।
*********
ਨਿਮਰਤਾ ਸਦਾ ਹੀ ਚੰਗੀ ਹੁੰਦੀ
ਨਿਮਰਤਾ ਸਦਾ ਹੀ ਚੰਗੀ ਹੁੰਦੀ,
ਕੌੜੇ ਬੋਲ ਨਾ ਕਹੀਏ।
ਕਦੀ ਨਾ ਦੇਈਏ ਦੁੱਖ ਕਿਸੇ ਨੂੰ,
ਦੁੱਖ ਹੱਸਦੇ ਹੱਸਦੇ ਸਹੀਏ।
ਪਰ ਨਿਮਰਤਾ ਚੰਗੀ ਨਾ ਹੁੰਦੀ,
ਜੇ ਜ਼ਾਲਮ ਜ਼ੁਲਮ ਕਮਾਵੇ।
ਜ਼ੁਲਮ ਸਹਿਣਾ ਬੇਵਸ ਹੋ ਰਹਿਣਾ,
ਜੀਵਨ ਰਸ ਮੁੱਕ ਜਾਵੇ।
ਬੇਸ਼ੱਕ ਸ਼ਕਤੀਸ਼ਾਲੀ ਬੰਦਾ,
ਜ਼ੁਲਮ ਸਾਰਾ ਸਹਿ ਜਾਵੇ।
ਸਾਰੇ ਹੀਲੇ ਜਦ ਮੁੱਕ ਜਾਵਣ,
ਫਿਰ ਹੱਥ ਤੇਗ ਨੂੰ ਪਾਵੇ।
ਉਸ ਬੰਦੇ ਦੀ ਨਿਮਰਤਾ ਦਾ,
ਹਰ ਕੋਈ ਗੁਣ ਗਾਵੇ।
ਅਤਿ ਜ਼ੁਲਮ ਦੀ ਹੱਦ ਜੇ ਹੋਵੇ,
ਤਾਂ ਹੱਥ ਤੇਗ ਨੂੰ ਪਾਵੇ।
ਸਦਾ ਲਈ ਜੇ ਜ਼ੁਲਮ ਸਹੀਏ,
ਆਪਾ ਮਰ ਮੁੱਕ ਜਾਵੇ।
ਇਸ ਨਾਲੋਂ ਤਾਂ ਕਿਤੇ ਚੰਗਾ ਹੈ,
ਕਿ ਜ਼ਾਲਮ ਸੰਗ ਟਕਰਾਵੇ।
*********
ਗੁੱਸੇ ਗਿਲੇ ਤੇ ਕੁੜੱਤਣ
ਗੁੱਸੇ ਗਿਲੇ ਤੇ ਕੁੜੱਤਣ,
ਜੇਕਰ ਅਸੀਂ ਵਧਾਈਏ।
ਡਰ ਗੁੱਸਾ ਤੇ ਈਰਖਾ,
ਆਪਣੇ ਮਨ ਵਿਚ ਪਾਈਏ।
ਚੈਨ ਗਵਾਈਏ ਆਪਣਾ,
ਨਿੱਤ ਵਿਉਂਤ ਬਣਾਈਏ।
ਕਿ ਕਿਵੇਂ ਵੈਰੀ ਦੇ ਗਲ ਵਿਚ,
ਕੋਈ ਫੰਧਾ ਪਾਈਏ।
ਵਧਦੀ ਜਾਵੇ ਈਰਖਾ,
ਫਿਰ ਵੈਰ ਕਮਾਈਏ।
ਸੱਚ ਦਾ ਲੜ ਛੱਡ ਕੇ,
ਕੋਈ ਦਗਾ ਕਮਾਈਏ।
ਵੈਰੀ ਮਿੱਤਰ ਬਣਾ ਕੇ,
ਫਿਰ ਮਾਰ ਮੁਕਾਈਏ।
ਇਸ ਤਰ੍ਹਾਂ ਇਸ ਜੱਗ ਵਿਚ,
ਅਪਰਾਧ ਵਧਾਈਏ।
ਇਕੋ ਰਾਹ ਹੈ ਅਮਨ ਦਾ,
ਕਿ ਪਿਆਰ ਵਧਾਈਏ।
ਵੈਰ ਵਿਰੋਧ ਨੂੰ ਛੱਡ ਕੇ,
ਵਿਸ਼ਵਾਸ਼ ਜਤਾਈਏ।
ਜੇਕਰ ਪੁਗੇ ਪਿਆਰ ਨਾ,
ਪਿੱਛੇ ਹਟ ਜਾਈਏ।
ਸਾਵਧਾਨ ਰਹੀਏ ਸਦਾ ਲਈ,
ਧੋਖਾ ਨਾ ਖਾਈਏ।
ਅਗਲਾ ਮੁਆਫੀ ਜੇ ਮੰਗੇ,
ਸੀਨੇ ਨਾਲ ਲਾਈਏ।
ਮੁਆਫੀ ਗਹਿਣਾ ਗੁਣੀ ਦਾ,
ਝਟ ਗਲ ਵਿਚ ਪਾਈਏ।
ਜੇ ਹੋਵੇ ਗਲਤੀ ਆਪਣੀ,
ਮੁਆਫੀ ਮੰਗ ਆਈਏ।
ਬੋਲ ਕੁਬੋਲ ਜੋ ਬੋਲਿਆ,
ਝਟ ਜਾ ਬਖਸ਼ਾਈਏ।
ਲੜ ਝੂਠ ਦਾ ਛੱਡੀਏ,
ਨਿਰਾ ਸੱਚ ਕਮਾਈਏ।
ਵੈਰ ਵਿਰੋਧ ਇਸ ਜੱਗ ਦੇ,
ਸਭ ਮਨੋਂ ਭੁਲਾਈਏ।
*********
ਸੂਰਜ ਚੜ੍ਹਦਾ ਮਾਰ ਚਟਾਕਾ
ਸੂਰਜ ਚੜ੍ਹਦਾ ਮਾਰ ਚਟਾਕਾ,
ਉਤਾਂਹ ਨੂੰ ਨਸ ਨਸ ਜਾਵੇ।
ਚੜ੍ਹਦਾ ਚੜ੍ਹਦਾ ਚੜ੍ਹ ਜਾਵੇ ਉੱਚਾ,
ਪਰ ਠਹਿਰਨ ਮੂਲ ਨਾ ਪਾਵੇ।
ਨਿੱਘਾ ਨਿੱਘਾ ਸੀ ਜਦੋਂ ਤੱਕ,
ਵੱਲ ਉੱਚਤਾ ਪਿਆ ਵਧੇ।
ਪਰ ਹੰਕਾਰਿਆ ਅੱਗ ਵਰਸਾਈ,
ਸਿਰ ਪਰਨੇ ਪਿਆ ਡਿੱਗੇ।
ਤਿਵੇਂ ਹਲੀਮੀਂ ਨੇਕੀ ਕਾਰਨ,
ਜੀਵਨ ਖਿੜਦਾ ਜਾਵੇ।
ਪਰ ਵੇਖੀ ਹੰਕਾਰ ਦੀ ਗਰਮੀ,
ਇਸ ਨੂੰ ਮਾਰ ਮੁਕਾਵੇ।
ਸੂਰਜ ਦੀ ਲਾਲੀ ਜੇਕਰ ਤੱਕੀਏ,
ਜਿੰਦ ਵਿਚ ਖੇੜਾ ਆਵੇ।
ਸੂਰਜ ਦਾ ਜੇ ਨਿੱਘ ਮਾਣੀਏ,
ਨਿੱਘ ਜੀਵਨ ਦਾ ਆਵੇ।
ਇਸ ਦੁਨੀਆਂ ਵਿਚ ਖੇੜਾ ਵੰਡੀਏ,
ਦੁੱਖ ਨਾ ਘੇਰਾ ਪਾਵੇ।
ਇਸ ਦੁਨੀਆਂ ਵਿਚ ਪਿਆਰ ਵੰਡੀਏ,
ਦੁੱਖ ਦੁਨੀਆਂ ਦਾ ਘੱਟ ਜਾਵੇ।
*********
ਚੁਰਾਸੀ ਲੱਖ ਜਾਮੇ ਗਲ ਪਾਏ
ਚੁਰਾਸੀ ਲੱਖ ਜਾਮੇ ਗਲ ਪਾਏ,
ਜਿੰਦ ਨੇ ਵਾਰ-ਮ-ਵਾਰ।
ਟੁਰਦੀ ਆਈ ਜ਼ਿੰਦਗੀ,
ਅਟੱਲ ਹੁਕਮ ਅਨੁਸਾਰ।
ਹੁਣ ਮਾਣਸ ਜਾਮਾ ਪਾ ਲਿਆ,
ਜਿੰਦ ਨੇ ਆਖਰਕਾਰ।
ਜੋ ਚਲਾਵੇ ਜ਼ਿੰਦਗੀ,
ਸਵੈ ਇੱਛਾ ਅਨੁਸਾਰ।
ਪੰਜ ਗੁਣ ਅਬਗੁਣ ਸੰਗ ਸੰਗ ਆਏ,
ਚੱਲੀ ਜੱਗ ਦੀ ਕਾਰ।
ਪੰਜ ਗੁਣ, ਔਗੁਣ ਜਦ ਬਣ ਜਾਂਦੇ,
ਵਿਗੜ ਜਾਵੇ ਸੰਸਾਰ।
ਉਲਾਰਪੁਣਾ ਤੱਕ ਜੱਗ ਦਾ,
ਆਏ ਕੋਈ ਅਵਤਾਰ।
ਜੋ ਜਿਸਦੇ ਰਾਹ ਚੱਲਿਆ,
ਬਣ ਗਿਆ ਉਸਦਾ ਪੈਰੋਕਾਰ।
ਆ ਗਈ ਕਾਂਗ ਧਰਮਾਂ ਦੀ,
ਇਸ ਦੁਨੀਆਂ ਵਿਚਕਾਰ।
ਹਿੰਦੂ ਮੁਸਲਿਮ ਸਿੱਖ ਈਸਾਈ,
ਬੋਧੀ ਜੈਨੀ ਯਹੂਦੀ ਪਾਰਸੀ,
ਵੱਖ ਵੱਖ ਹੋ ਗਈ ਡਾਰ।
ਹਰ ਕੋਈ ਜਾਣੇ ਆਪ ਨੂੰ ਵੱਡਾ,
ਦੁਨੀਆਂ ਵਿਚ ਪਿਆ ਵਿਗਾੜ।
ਰੱਬੀ ਰਾਹ ਤਾਂ ਇੱਕੋ ਰਾਹ ਹੈ,
ਕਿ ਸਭ ਨੂੰ ਕਰੀਏ ਪਿਆਰ।
ਗਰਜ਼ੀਂ ਵਧੇ ਸਾਰੇ ਰਿਸ਼ਤੇ,
ਨਾ ਕਿਸੇ ਨੂੰ ਪ੍ਰੇਮ ਪਿਆਰ।
ਥਾਂ ਥਾਂ ਅੱਗਾਂ ਲੱਗੀਆਂ,
ਮੱਚ ਰਿਹਾ ਸੰਸਾਰ।
ਜੈਸੀ ਸੋਝੀ ਬੰਦੇ ਨੂੰ ਆਵੇ,
ਵੈਸਾ ਹੀ ਪ੍ਰਬੰਧ ਚਲਾਵੇ।
ਸਿਆਸੀ ਸਮਾਜੀ ਅਰਥ ਵਿਵਸਥਾ,
ਜਗ ਵਿਚ ਪਿਆ ਵਿਗਾੜ।
ਸਮਾਂ ਸਥਾਨ ਤੇ ਹਾਲਾਤ,
ਬਦਲੇ ਸਿਸਟਮ ਰਾਤੋ ਰਾਤ।
ਹਰ ਸਿਸਟਮ ਫਿਰ ਲੈ ਕੇ ਆਵੇ,
ਬੰਦੇ ਲਈ ਕੋਈ ਨਵੀਂ ਸੁਗਾਤ।
ਪੂੰਜੀਵਾਦੀ ਸਿਸਟਮ ਆਇਆ,
ਗਰੀਬ ਯਾਤੀਮ ਮਸਕੀਨ ਲਿਆਇਆ।
ਅੱਧੋਂ ਵੱਧ ਜਗ ਰੁਲਦਾ ਫਿਰਦਾ,
ਪੰਜ ਪਰਸੈਂਟ ਨੇ ਢੇਰ ਲਗਾਇਆ।
ਨਿੱਜ ਨੇ ਤਾਣੀ ਐਸੀ ਤਾਣੀ,
ਸਰਬੱਤ ਭਲੇ ਨੂੰ ਮਨੋ ਭੁਲਾਇਆ।
ਥਾਂ ਥਾਂ ਅੱਗਾਂ ਲੱਗੀਆਂ,
ਸਾਰਾ ਜੱਗ ਮਚਾਇਆ।
*********
ਬੀਜ ਬੀਜੀਏ ਧਰਤੀ ਵਾਹ ਕੇ
ਬੀਜ ਬੀਜੀਏ ਧਰਤੀ ਵਾਹ ਕੇ,
ਧਰਤੀ ਵਿਚ ਉਹਦੀ ਜੜ੍ਹ ਬਣ ਜਾਏ।
ਤਾਂ ਜੋ ਤਣਾ ਉਸਦਾ ਭਾਰੀ,
ਧਰਤੀ ਉਪਰ ਵਧ ਫੁੱਲ ਪਾਏ।
ਬੀਜ ਜੜ੍ਹਾਂ ਵਿਚ ਘੁਲ ਮਿਲ ਜਾਵੇ,
ਸੁੱਤੇ ਸਿੱਧ ਹੀ ਧਰਤ 'ਤੇ ਆਵੇ।
ਨਾ ਉਹ ਡਰੇ ਨਾ ਡਰਾਵੇ,
ਕਰ ਹਿੰਮਤ ਰੁੱਖ ਬਣ ਜਾਵੇ।
ਥੱਕਿਆ ਹਾਰਿਆ ਰਾਹੀਂ ਆਵੇ,
ਰੁੱਖ ਥੱਲੇ ਬਹਿ ਝਟ ਲੰਘਾਵੇ।
ਪੰਛੀ ਦੂਰੋਂ ਚਲ ਕੇ ਆਉਣ,
ਰੈਣ ਬਸੇਰਾ ਰੁੱਖ ਬਣ ਜਾਵੇ।
ਆਨੰਦ ਜੀਵਨ ਦਾ ਸਾਨੂੰ ਆਵੇ,
ਜੇ ਹੋਰਾਂ ਦੇ ਕੰਮ ਆ ਜਾਵੇ।
ਜਿੰਦ ਐਸੀ ਸਦਾ ਹੀ ਜੀਵੀਏ,
ਕਿ ਕਿਸੇ ਚੰਗੇ ਅਰਥ ਲੱਗ ਜਾਵੇ।
ਜਿੰਦ ਸਾਡੀ ਖੁੱਲ੍ਹੀ ਕਿਤਾਬ ਹੋਵੇ,
ਜੋ ਸਭਨਾਂ ਲਈ ਬੇਤਾਬ ਹੋਵੇ।
ਸਭ ਦੇ ਭਲੇ 'ਚ ਭਲਾ ਹੈ ਸਾਡਾ,
ਕੋਈ ਨਾ, ਵੈਰ ਵਿਰੋਧ ਦਾ ਭਾਵ ਹੋਵੇ।
ਬੁੱਧੀ ਆਖੇ ਛਿਪ ਕੇ ਬਹਿ ਜਾਹ,
ਤੂੰ ਆਪਣਾ ਆਪ ਬਚਾ।
ਜਜ਼ਬਾ ਆਖੇ ਕੁਰਬਾਨੀ ਕਰ ਜਾਹ,
ਤੂੰ ਆਪਣਾ ਫਰਜ਼ ਪੁਗਾ।
ਆਤਮ ਵਿਸ਼ਵਾਸ਼ ਨਾ ਜਿਸ ਨੂੰ ਹੋਵੇ,
ਉਹ ਡਰ ਕੇ ਬੈਠੇ ਡਰਦਾ ਰੋਵੇ।
ਕਰ ਵਿਸ਼ਵਾਸ਼ ਜੋ ਅੱਗੇ ਟੁਰਦਾ,
ਬਿਨ ਕੀਤਿਆਂ ਉਹ ਕਦੀ ਨਾ ਮੁੜਦਾ।
ਮਿਟਾ ਦੇ ਵੀਰਾ ਆਪਣੀ ਹਸਤੀ,
ਕੁਝ ਕਰ ਸਕਣ ਦੀ ਆਵੇ ਸ਼ਕਤੀ।
ਕਰਮ ਯੋਗੀ ਜੋ ਬਣ ਜਾਵੇ,
ਸਰਬੱਤ ਭਲੇ ਦੀ ਕਾਰ ਕਮਾਵੇ।
*********
ਗਰਜ਼ੀਂ ਬੱਧੇ ਸਾਰੇ ਰਿਸ਼ਤੇ
ਗਰਜ਼ੀਂ ਬੱਧੇ ਸਾਰੇ ਰਿਸ਼ਤੇ,
ਬੰਦੇ ਤਾਂ ਬੱਸ ਬੰਦੇ ਨੇ, ਨਹੀਂ ਫਰਿਸ਼ਤੇ।
ਗਰਜ਼ਾਂ ਵਾਲੇ ਹੋਣ ਦੁਆਲੇ,
ਬੇਗਰਜ਼ੇ ਨਾ ਲੱਭਣ ਭਾਲੇ।
ਕਹਿੰਦੇ ਸੁਣੀਂਦੇ ਦੁਨੀਆਂ ਵਾਲੇ,
'ਕੌਣ ਕਿਸੇ ਲਈ ਕਰਦਾ ਏਥੇ,
ਕੌਣ ਕਿਸੇ ਲਈ ਭਰਦਾ ਲੇਖੇ,
ਹਰ ਕੋਈ ਆਪਣੀ ਗਰਜ਼ ਨੂੰ ਦੇਖੇ।'
ਬੇਗਰਜ਼ੇ ਅਸੀਂ ਐਸੇ ਵੇਖੇ,
ਲੋਕ ਭਲਾਈ ਕਰਦੇ ਦੇਖੇ,
ਗਰੀਬ ਯਾਤੀਮ ਮੁਥਾਜ ਦੀ,
ਮੱਦਦ ਕਰਦੇ ਦੇਖੇ।
ਚੁੱਪ ਚੁਪੀਤੇ ਕਰ ਜਾਂਦੇ ਉਹ।
ਕੋਈ ਹਓਮੇਂ ਕਰਦੇ ਕਦੀ ਨਾ ਦੇਖੇ,
ਜਿਸ ਨੂੰ ਦਿੱਤਾ ਉਹ ਨਾ ਜਾਣੇ,
ਕਿਸੇ ਨੂੰ ਦੱਸਣ ਨਾ ਟਿਕਾਣੇ।
ਬੇਗਰਜ਼ੇ ਨਾ ਮਿਲਦੇ ਭਾਲੇ,
ਚਾਰ-ਚੁਫੇਰੇ ਗਰਜ਼ਾਂ ਵਾਲੇ।
ਬੇਗਰਜ਼ੇ ਦੀ ਗਰਜ਼ ਹੈ ਇੱਕੋ,
ਕਿ ਆਪਾ ਉਸਦਾ ਆਨੰਦ ਮਾਣੇ।
*********
ਕਿਧਰ ਗਿਆ ਹੈ ਅਦਲ ਖੁਦਾ ਦਾ
ਕਿਧਰ ਗਿਆ ਹੈ ਅਦਲ ਖੁਦਾ ਦਾ,
ਸਾਈਂ ਲੋਕ ਦੁੱਖ ਭਰਦੇ ਦੇਖੇ,
ਪੁੰਨ ਕਰਮ ਜੋ ਕਰਮ ਕਮਾਉਂਦੇ,
ਅਸਾਂ ਤਾਂ ਰੁਲਦੇ ਮਰਦੇ ਦੇਖੇ।
ਜਿੰਦ ਵਿਚ ਭਰਦੇ ਦੇਖੇ ਲੇਖੇ।
ਕਈ ਵਾਰੀ ਇੰਜ ਲੱਗਦਾ ਸਾਨੂੰ,
ਕਿ ਰੱਬ ਜੀ ਏਥੇ ਕੁਝ ਨਾ ਕਰਦੇ।
ਜੋ ਕਰਦਾ ਹੈ ਜਗ ਹੀ ਕਰਦਾ,
ਆਪਣੀ ਕਰਨੀ ਜਗ ਦੀ ਕਰਨੀ,
ਇਸ ਦੁਨੀਆਂ ਵਿਚ ਹਰ ਕੋਈ ਭਰਦਾ।
ਪਰ ਕਿੰਨੀ ਵਾਰੀ ਇੰਜ ਵੀ ਲੱਗੇ,
ਕਿ ਜੋ ਕਰਦਾ ਹੈ ਰੱਬ ਹੀ ਕਰਦਾ,
ਮੌਤ ਏਨੀ ਨੇੜੇ ਆ ਜਾਵੇ,
ਕਿ ਆਪੋ ਬੰਦਾ ਬਚ ਨ ਪਾਵੇ,
ਕੋਈ ਅਨੋਖਾ ਮੋਹਜ਼ਿਜ਼ਾ ਹੋ ਜਾਵੇ।
ਬਿਨਾ ਕਾਰਨ ਕਦੀ ਕੁਝ ਨਾ ਹੋਵੇ,
ਜੋ ਹੋਵੇ ਹੁਕਮ ਅਧੀਨ ਹੋਵੇ।
ਅਟੱਲ ਹੁਕਮ ਇੱਕ ਚੱਲਦਾ ਜਾਵੇ,
ਪਰ ਬੰਦਾ ਹੁਕਮ ਬੁਝ ਨਾ ਪਾਵੇ।
ਕਈ ਵਾਰੀ ਕੋਈ ਕਾਰਨ ਨਜ਼ਰ ਨਾ ਆਵੇ।
ਭਿੰਨ ਭਿੰਨ ਕਾਰਨਾਂ ਕਰਕੇ ਕਾਰਨ,
ਕੋਈ ਕਾਰਨ ਐਸਾ ਬਣ ਜਾਵੇ।
ਸਭ ਕੁਝ ਅਸੀਂ ਜਾਣ ਨਾ ਸਕੀਏ,
ਅਣਜਾਣੇ ਹੀ ਸਿਰ ਝੁਕ ਜਾਵੇ।
ਅਕਲ ਆਸਾਡੀ ਬੁਝ ਨਾ ਪਾਵੇ।
ਬਿਨਾ ਕਾਰਨ ਕੁਝ ਹੋ ਨਹੀਂ ਸਕਦਾ,
ਅਣਹੋਈ ਕੋਈ ਹੋ ਨਾ ਪਾਵੇ।
ਪਰ ਕਈ ਹੋਣੀਆਂ ਐਸੀਆਂ ਹੁੰਦੀਆਂ,
ਕਿ ਨਜ਼ਰ ਸਾਨੂੰ ਅਣਹੋਣੀ ਆਵੇ,
ਐਸੀ ਗੁੰਝਲ ਕੋਈ ਪੈ ਜਾਵੇ।
ਲੱਗੇ ਸਾਨੂੰ ਅਟੱਲ ਹੁਕਮ ਨੂੰ,
ਪਰਮ ਸੱਤਾ ਆਪੋਂ ਬਦਲਾਵੇ।
ਹੁਕਮ ਅਧੀਨ ਕੁਝ ਹੁੰਦਾ ਹੁੰਦਾ,
ਹੁਕਮ ਅਧੀਨ ਹੀ ਟਲ ਜਾਵੇ,
ਕੁਝ ਕੁ ਹੁਕਮ ਤੋਂ ਬਾਹਰਾ ਹੋ ਜਾਵੇ।
ਜਿੰਦ ਸਾਡੀ ਦੇ ਐਸੇ ਪਰਤਾਵੇ।
**********
ਕਦੀ ਕਿਸੇ ਦੇ ਅਮਨ ਚੈਨ ਨੂੰ
ਕਦੀ ਕਿਸੇ ਦੇ ਅਮਨ ਚੈਨ ਨੂੰ,
ਭੁੱਲ ਭੰਗ ਨਾ ਕਰੀਏ।
ਨਿੱਜ ਪਾਪ ਗਲ ਦੂਜੇ ਪਾਉਂਦੇ,
ਰੱਬ ਦਾਤੇ ਤੋਂ ਡਰੀਏ।
ਕੂੜ ਕੁਫਰ ਦਾ ਜਾਲ ਵਿਛਾ ਕੇ,
ਝੂਠੀ ਜੰਗ ਨਾ ਕਰੀਏ।
ਮਤ ਕਿਸੇ 'ਤੇ ਦੂਸ਼ਣ ਲਾਈਏ,
ਆਪਣੀ ਕਰਨੀ ਆਪੇ ਭਰੀਏ।
ਕਟ ਵੱਢ ਦਾ ਭੈਅ ਮਨ ਵਿਚ ਪਾ ਕੇ,
ਨਾ ਗੱਲ ਕਿਸੇ ਸੰਗ ਕਰੀਏ।
ਮੀਤ ਜੇ ਵੈਰੀ ਬਣਨਾ ਲੋਚੇ,
ਪਹਿਲ ਕਦੀ ਨਾ ਕਰੀਏ।
ਕਿਸ ਨੇ ਏਥੇ ਬੈਠੇ ਰਹਿਣਾ,
ਮਰਨੋਂ ਮੂਲ ਨਾ ਡਰੀਏ।
ਵੈਰੀ ਜੇ ਸਿਰ ਚੜ੍ਹਦਾ ਜਾਵੇ,
ਹੱਥ ਕਰਾਰੇ ਕਰੀਏ।
ਨਿੱਘ ਹਲੀਮੀ ਤੇ ਪਿਆਰ ਤੋਂ,
ਸਦਾ ਬਲਿਹਾਰੇ ਜਾਈਏ।
ਜਾਬਰ ਅੱਗੇ ਕਦੀ ਨਾ ਝੁਕੀਏ,
ਭੈਅ ਮੁਲ ਨਾ ਖਾਈਏ।
*********
ਸੂਰਜ ਨੇ ਗਰਮਾਇਆ ਸਾਨੂੰ
ਸੂਰਜ ਨੇ ਗਰਮਾਇਆ ਸਾਨੂੰ,
ਅਸੀਂ ਖਰਬਾਂ ਤੁਪਕੇ ਪਾਣੀ ਦੇ,
ਹਿੱਕ ਸਾਗਰ ਦੀ ਛੱਡ ਕੇ ਆਏ,
ਉਡਦੇ ਫਿਰੇ ਅਸੀਂ ਚਾਰ ਚੁਫੇਰੇ,
ਪਰ ਕਿਧਰੇ ਵੀ ਚੈਨ ਨਾ ਪਾਏ।
ਇੱਕ ਇਕੱਲੇ ਭੱਜਦੇ ਫਿਰਦੇ,
ਸਾਡੇ ਹੱਥ ਪਰ ਕੁਝ ਨਾ ਆਇਆ।
ਆਖਰ ਸਾਂਝ ਸਮਾਜੀ ਕੀਤੀ,
ਕੌਣ ਅੜੇ ਏਕੇ ਦੇ ਅੱਗੇ,
ਥਾਂ ਥਾਂ ਜਾ ਅਸੀਂ ਮੀਂਹ ਵਰਸਾਇਆ।
ਹਰੀ ਭਰੀ ਹੋਈ ਧਰਤੀ ਸਾਰੀ,
ਫਲ ਫੁੱਲ ਅੰਨ ਬੇਅੰਤ ਉਗਾਇਆ,
ਲੱਖ ਕਰੋੜਾਂ ਜੀਵ ਉਪਾਇਆ।
ਜਿੰਨਾ ਚਿਰ ਅਸੀਂ ਰੁਲੇ ਇਕੱਲੇ,
ਕਿਸੇ ਨੇ ਸਾਡਾ ਮੁੱਲ ਨਾ ਪਾਇਆ।
ਇੱਕ ਇਕੱਲਾ ਕੁਝ ਨਹੀਂ ਹੁੰਦਾ,
ਬਿਨ ਏਕੇ ਦੇ ਕੁਝ ਨਾ ਪਾਇਆ।
ਏਕੇ ਵਿਚ ਹੀ ਬਰਕਤਾਂ,
ਰਲ ਮਿਲ ਅਸੀਂ ਸਮਾਜ ਬਣਾਇਆ,
ਏਕੇ ਕਾਰਨ ਸਭ ਕੁਝ ਪਾਇਆ।
ਇੱਕ ਇਕੱਲਾ ਦੋ ਗਿਆਰਾਂ,
ਰਲ ਮਿਲ ਬਣੀਏ ਲੱਖ ਹਜ਼ਾਰਾਂ।
ਇੱਕ ਇਕੱਲਾ ਦੁੱਖ ਭਰਦਾ ਫਿਰਦਾ,
ਇੱਕ ਇਕੱਲੇ ਨੂੰ ਪੈਂਦੀਆਂ ਮਾਰਾਂ,
ਏਕੇ ਵਿਚ ਨੇ ਬਹੁਤ ਬਹਾਰਾਂ।
*********
ਇਹ ਸਾਡੀ ਕੈਸੀ ਜਿੰਦਗਾਨੀ
ਇਹ ਸਾਡੀ ਕੈਸੀ ਜਿੰਦਗਾਨੀ,
ਅਣਜਾਣੇ ਹੀ ਜਿਉਂਦੇ ਜਾਈਏ।
ਅਗਲੇ ਪਲ ਦੀ ਸਾਰ ਨਾ ਸਾਨੂੰ,
ਭੋਰਾ ਭਰ ਅਸੀਂ ਬੁਝ ਨਾ ਪਾਈਏ।
ਅਦਭੁੱਤ ਅਨੋਖਾ ਜੀਵਨ ਸਾਡਾ,
ਬਿਨਾ ਜਾਣੇ ਹੀ ਜਿਉਂਦੇ ਜਾਈਏ।
ਪੰਜ ਗੁਣ ਅਬਗੁਣ ਲੈ ਕੇ ਜੰਮੇ,
ਇੱਕ ਚਿਣਗ ਅਨੋਖੀ ਸੰਗ ਲਿਆਈਏ।
ਅਟਾ ਸਟਾ ਅਸੀਂ ਗੱਲਾਂ ਕਰੀਏ,
ਧਰਮਾਂ ਅੱਗੇ ਅਸੀਂ ਸੀਸ ਝੁਕਾਈਏ।
ਅੰਧ-ਵਿਸ਼ਵਾਸ਼ੀ ਪੈ ਗਈ ਪੱਲੇ,
ਪਰਮ ਸੱਤਾ ਦਾ ਭੇਦ ਨਾ ਪਾਈਏ।
ਅੱਕੇ ਥੱਕੇ ਇਸ ਦੁਨੀਆਂ ਤੋਂ,
ਕਰ ਕਲਪਨਾ ਰੱਬ ਜੀ ਧਿਆਈਏ.
ਕਦੀ ਸੱਤ ਅਸਮਾਨੀ ਲੱਭੀਏ,
ਕਦੀ ਸੱਚ ਖੰਡਾਂ ਵਿਚ ਜਾਈਏ।
ਔਹਹਰਮਾਜ਼ਦਾ ਦੇ ਗੁਣ ਗਾਈਏ,
ਅੱਲ੍ਹਾ, ਵਾਹਿਗਰੂ ਰਾਮ ਧਿਆਈਏ।
ਬੰਦ ਗੋਲੇ ਵਿਚ ਬੰਦ ਅਸੀਂ ਹਾਂ,
ਘੁੱਪ ਹਨੇਰ ਵਿਚ ਜਿੰਦ ਲੰਘਾਈਏ।
ਅੰਤਰ ਧਿਆਨ ਜੇ ਹੋ ਕੇ ਤੱਕੀਏ,
ਦਿਭ ਦ੍ਰਿਸ਼ਟੀ ਲੈ, ਬ੍ਰਹਿਮੰਡੀਂ ਜਾਈਏ।
ਇੱਕ ਸਿੱਟੇ 'ਤੇ ਅਸੀਂ ਪੁਜੀਏ,
ਜੋ ਪਿੰਡੇ ਬ੍ਰਹਿਮੰਡੇ ਪਾਈਏ।
ਲਾਲ ਕਣੂ ਸਾਡੀ ਰੱਤ ਦਾ,
ਸਾਡੇ ਅੰਦਰ ਚੱਕਰ ਲਗਾਵੇ।
ਘੁੰਮ ਘੁਮਾਈ ਜੇ ਮੁੱਕ ਜਾਵੇ,
ਸਾਡੀ ਜਿੰਦ ਵੀ ਮੁੱਕ ਜਾਵੇ।
ਹਰਕਤ ਮੁੱਕੇ ਚੰਦਾਂ ਦੀ ਬ੍ਰਹਿਮੰਡਾਂ ਦੀ,
ਧਰਤੀਆਂ ਦੀ ਸਿਆਰਿਆਂ ਦੀ ਤਾਰਿਆਂ ਦੀ।
ਸਾਰਾ ਸਿਸਟਮ ਢਹਿ ਢੇਰੀ ਹੋ ਜਾਵੇ,
ਹੋਵੇ ਸਾਰੇ ਧੰਧੂਕਾਰ ਕੁਝ ਨਜ਼ਰ ਨਾ ਆਵੇ।
ਕਿਵੇਂ ਬੁੱਝੀਏ ਪਰਮ ਸੱਤਾ ਨੂੰ,
ਪਰਮ ਸੱਤਾ ਸਾਡੇ ਸੰਗ ਸਮਾਵੇ।
ਸਰਵ ਵਿਆਪੀ ਖੇਤਰ ਹੈ ਰੱਬ,
ਜਿਸ ਵਿਚ ਸਭ ਕੁਝ ਹੁੰਦਾ ਜਾਵੇ।
ਇਸ ਖੇਤਰ ਵਿਚ ਬੰਦ ਅਸੀਂ ਹਾਂ,
ਨਾ ਕੋਈ ਤੱਕੇ ਨਾ ਬੁੱਝ ਪਾਵੇ,
ਲਾਲ ਕਣੂੰ ਜਿਵੇਂ ਸਾਡੀ ਰੱਤ ਦਾ,
ਸਾਡਾ ਭੇਦ ਨਾ ਪਾਵੇ।
''ਪਰਮ ਸੱਤਾ ਅੱਗੇ ਸੀਸ ਝੁਕਾਈਏ''
ਨੇਕੀ ਬਦੀ ਜਮ੍ਹੰ ਤੇ ਮਨਫੀ।
ਪਰਮ ਸੱਤਾ ਹੀ ਉਪਜਾਵੇ,
ਇੱਕੋ ਜਿਹਾ ਜਗ ਹੋ ਨਾ ਪਾਵੇ,
ਪਰਸਪਰ ਵਿਰੋਧ ਹੀ ਜੱਗ ਉਪਾਵੇ।
ਸੁੰਨ ਸਮਾਧੀ ਪਰਮ ਸੱਤਾ ਦੀ ਜਦੋਂ ਦੀ ਟੁੱਟੀ,
ਜਮ੍ਹਾਂ-ਮਨਫੀ ਨੇਕੀ-ਬਦੀ ਦਾ ਪਰਸਪਰ ਵਿਰੋਧ ਹੁੰਦਾ ਜਾਵੇ,
-1+1 ਜੇ ਜੋੜੀਏ ਹੱਥ ਜ਼ੀਰੋ ਆਵੇ,
ਜੇਕਰ ਜੀਰੋ ਨੂੰ ਤੋੜੀਏ -1 +1 ਹੋ ਜਾਵੇ।
ਇਹ ਅਜਲਾਂ ਤੋਂ ਚੱਲਦਾ ਆਇਆ,
ਮੂਲ ਕਾਰਨ ਕੋਈ ਬੁਝ ਨਾ ਪਾਵੇ,
ਭਲਾ ਸ਼ੁਨਯ (ਜ਼ੀਰੋ) ਦਾ ਕੀ ਕਾਰਨ?
ਜੇ ਹੋਵੇ ਕੋਈ ਕਹਿ ਸੁਣਾਵੇ।
ਬੰਦ ਗੋਲੇ ਵਿਚ ਬੰਦ ਅਸੀਂ ਹਾਂ,
ਸਾਡੀ ਦ੍ਰਿਸ਼ਟੀ ਸਾਡੀ ਬੁੱਧ ਪਾਰ ਨਾ ਜਾਵੇ,
ਸਾਹਿਬ ਸਾਡਾ ਨੀਤ ਨਵਾਂ ਹੈ,
ਨਿੱਤ ਨਵਾਂ ਉਹ ਬਣਦਾ ਜਾਵੇ।
*********
ਇੱਕੋ ਰਾਜ ਜਗ ਵਿਚ ਚਲੇ
ਇੱਕੋ ਰਾਜ ਜੱਗ ਵਿਚ ਚੱਲੇ,
ਪਲ ਪਲ ਜਗ ਬਦਲਾਵੇ,
ਸ,ਾਹਿਬੁ ਸਾਡਾ ਨੀਤ ਨਵਾ ਹੈ,
ਨਿਤ ਨਵਾਂ ਉਹ ਬਣਦਾ ਜਾਵੇ।
ਤਬਦੀਲੀ ਉਸਦਾ ਨਿਯਮ ਹੈ,
ਕੁਝ ਠਹਿਰ ਨਾ ਪਾਵੇ।
ਨਿਰਾ-ਸਤਿ ਹੈ ਸਰਵ-ਵਿਆਪੀ,
ਜੋ ਜਗ ਵਿਚ ਰਾਜ ਚਲਾਵੇ।
ਕਹਿਣੀ ਕਰਨੀ ਤੇ ਚਿਤਵਣੀ,
ਦਾ ਫਲ ਹਰ ਕੋਈ ਖਾਵੇ।
ਜੈਸੀ ਕਰਨੀ ਵੈਸੀ ਭਰਨੀ,
ਮਤ ਕੋਈ ਮਨੋਂ ਭੁਲਾਵੇ।
ਜੈਸਾ ਸੋਚੇ ਤੈਸਾ ਬੀਜੇ,
ਖਿਆਲ ਹੀ ਰੁੱਖ ਬਣ ਜਾਵੇ
ਇਸ ਦੁਨੀਆਂ ਵਿਚ ਹਰ ਇੱਕ ਬੰਦਾ,
ਕਰਨੀ ਦਾ ਫਲ ਪਾਵੇ।
ਇੱਕੋ ਪਿੰਜਰ ਬ੍ਰਹਿਮੰਡ ਸਾਰਾ,
ਵੱਖ ਵੱਖ ਨਜ਼ਰੀਂ ਆਵੇ,
ਜਿੱਥੇ ਮਰਜ਼ੀ ਜੋ ਵਾਪਰੇ,
ਹਰ ਸ਼ੈਅ ਥਰਥਰਾਵੇ।
ਮਿਲਗੋਭਾ ਅਸਰ ਸਭ ਕਾਸੇ ਦਾ,
ਸਾਡੇ ਲੇਖ ਲਿਖਾਵੇ।
ਕਿਵੇਂ ਇਕੱਲਾ ਕੋਈ ਏਥੇ,
ਆਪਣੀ ਜਿੰਦ ਲੰਘਾਵੇ।
ਘਰ ਬੈਠੇ ਜਾਂ ਜੰਗਲੀ ਜਾਵੇ,
ਜਾਂ ਚੰਦਾਂ 'ਤੇ ਚੜ੍ਹ ਜਾਵੇ।
ਲੱਭ ਲਵੇ ਕੋਈ ਹੋਰ ਸਿਤਾਰਾ,
ਪਿੰਜਰ ਛੱਡ ਕਿਧਰ ਨੂੰ ਜਾਵੇ।
ਸਮਾਂ ਸਥਾਨ ਤੇ ਚੁਗਿਰਦਾ,
ਅਸਰ ਸਾਡੇ 'ਤੇ ਪਾਵੇ।
ਜਿੰਨਾ ਮਰਜ਼ੀ ਜ਼ੋਰ ਲਗੀਏ,
ਕਹਿਣੀ ਕਰਨੀ ਸੋਚਣੀ ਦਾ ਫਲ ਅਵੱਸ਼ ਹੀ ਪਾਈਏ।
ਹੱਥ ਵਸ ਸਾਡੇ ਸਾਨੂੰ ਦਿੱਤੀ,
ਇੱਛਾ ਸ਼ਕਤੀ ਤੇ ਤਦਬੀਰ।
ਲਿਖਿਆ ਲੇਖ ਵੀ ਮੇਟਿਆ ਜਾਵੇ,
ਬਦਲ ਦੇਈਏ ਤਕਦੀਰ।
ਇੱਕ ਇਕੱਲਾ ਸਦਾ ਹੀ ਥੋੜ੍ਹਾ,
ਟੁੱਟੇ ਨਾ ਜੰਜ਼ੀਰ।
ਜੇਕਰ ਸਾਂਝੀਵਾਲਤਾ ਆਵੇ,
ਬਦਲ ਦੇਈਏ ਤਕਦੀਰ।
ਸੱਚ ਪਲੜੇ ਵਿਚ ਨੇਕੀ ਪਾਈਏ,
ਰਲ ਮਿਲ ਸਾਰੇ ਵੀਰ।
ਬਦੀ ਦੇ ਪਲ਼ੜੇ ਕੁਝ ਨਾ ਪਾਈਏ,
ਬਦਲ ਦੇਈਏ ਤਸਵੀਰ।
ਕੂੜ ਕੁਫਰ ਸੰਗ ਮੱਥਾ ਲਾਈਏ,
ਹੱਕ ਕਿਸੇ ਦਾ ਕਦੀ ਨਾ ਖਾਈਏ।
ਐਸਾ ਸਿਸਟਮ ਜੱਗ ਵਿਚ ਲਿਆਈਏ,
ਕਿ ਹੱਕ ਸਭ ਨੂੰ ਮਿਲ ਜਾਵੇ।
ਧਰਤੀ ਧਰਮਸ਼ਾਲ ਹੈ ਸਾਂਝੀ,
ਹਰ ਕੋਈ ਆਪਣੀ ਰੈਨ ਲੰਘਾਵੇ।
ਵਿਦਿਆ ਪੜ੍ਹੇ ਗਿਆਨ ਵਧਾਵੇ,
ਆਪਣੀ ਕੀਤੀ ਦਾ ਫਲ ਪਾਵੇ।
ਕੁੱਲੀ, ਗੁੱਲੀ ਜੁੱਲੀ ਦਾ ਮਸਲਾ,
ਕਦੀ ਨਾ ਕਿਸੇ ਨੂੰ ਵੱਢ ਵੱਢ ਖਾਵੇ।
ਰਾਜ ਬਣਤਰ ਸਮਾਜ ਬਣਤਰ ਸਾਡੀ ਐਸੀ ਹੋਵੇ,
ਲੋੜਾਂ ਸਭ ਦੀਆਂ ਹੋਣ ਪੂਰੀਆਂ ਅਮਨ ਚੈਨ ਆ ਜਾਵੇ।
ਸਮਾਜੀ ਸਿਆਸੀ ਅਰਥ-ਵਿਵਸਥਾ,
ਸਮਤੋਲ ਬਣਾਈਏ।
ਵਿਦਿਆ ਗਿਆਨ ਵਿਗਿਆਨ ਵਧਾਈਏ,
ਸੋਝੀ ਨਵੀ ਨਿੱਤ ਪਾਈਏ।
*********
ਤ੍ਰੇਲ ਭਿੱਜੀ ਘਾਹ ਦੇ ਉਪਰ
ਤ੍ਰੇਲ ਭਿੱਜੀ ਘਾਹ ਦੇ ਉਪਰ,
ਜੇਕਰ ਟੁਰਦੇ ਜਾਈਏ।
ਪੈ ਜਾਂਦੀ ਇੱਕ ਪੈੜ ਘਾਹ 'ਤੇ,
ਜਦੋਂ ਅਸੀਂ ਲੰਘ ਜਾਈਏ।
ਦੁਮੇਲ ਵਿਚੋਂ ਜਦ ਭਖਦਾ ਸੂਰਜ,
ਗਰਮ ਚਾਨਣ ਲੈ ਆਵੇ।
ਹਰ ਇੱਕ ਤ੍ਰਿਣ ਘਾਹ ਦੀ ਲਿਸ਼ਕੇ,
ਪੈੜ ਵੀ ਉਡ ਪੁਡ ਜਾਵੇ।
ਸਮੇਂ ਦੀ ਹਿੱਕ 'ਤੇ ਪੈੜ ਧਰਮਾਂ ਦੀ,
ਜਗ ਵਿਚ ਦੁੱਖ ਵਧਾਵੇ।
ਜਿਉਂ ਜਿਉਂ ਸੂਝ ਵਧੇ ਬੰਦੇ ਦੀ,
ਪੈੜ ਧਰਮਾਂ ਦੀ ਵੀ ਮਿਟ ਜਾਵੇ।
ਅੰਧ-ਵਿਸ਼ਵਾਸ਼ੀ ਤੇ ਨਿਰਭਰ,
ਕੋਈ ਧਰਮ ਕਿਵੇਂ ਰਹਿ ਪਾਵੇ।
ਗਿਆਨ ਵਿਗਿਆਨ ਜਿਉਂ ਜਿਉਂ ਵਧਦੇ,
ਕੋਈ ਰਾਹ ਨਵਾਂ ਦਿਸ ਆਵੇ।
ਚਲੋ ਚਾਲ ਜੱਗ ਟੁਰਦਾ ਜਾਵੇ,
ਛੱਡ ਟੁਰਦਾ ਜੋ ਰੋਕਾਂ ਪਾਵੇ।
ਅੰਧ-ਵਿਸ਼ਵਾਸ਼ੀ ਤੇ ਮੂਲ-ਵਾਦੀ,
ਰੋਕੇ ਰਾਹ ਖੁੜਦੁੰਮ ਮਚਾਵੇ।
ਕੱਲ੍ਹ ਦਾ ਆਉਣਾ ਕੌਣ ਰੋਕੇ,
ਗਤੀ ਧਰਤ ਦੀ ਕੌਣ ਹਟਾਵੇ,
ਅੱਜ ਦਾ ਜਾਣਾ ਕਿਵੇਂ ਰੋਕੀਏ,
ਸਮਾਂ ਬੀਤਦਾ ਜਾਵੇ।
ਚਲੋ ਚਾਲ ਜਿੰਦ ਚਲਦੀ ਜਾਂਦੀ,
ਵਹਿਣ ਸਮੇਂ ਦਾ ਰੁਕ ਨਾ ਪਾਵੇ।
ਸਾਗਰ ਛੱਡਿਆ ਧਰਤੀ ਛੱਡੇ,
ਅਸਮਾਨਾਂ ਵੱਲ ਉਡਾਰੀ ਲਾਵੇ।
*********
ਧਰਮਾਂ ਦੇ ਰਾਹ ਹੋਏ ਪੁਰਾਣੇ
ਧਰਮਾਂ ਦੇ ਰਾਹ ਹੋਏ ਪੁਰਾਣੇ,
ਪੁਰਾਣੇ ਰਾਹੀਂ ਕਿਉਂ ਕੋਈ ਜਾਵੇ।
ਰੱਬ ਰੱਬ ਕਰਕੇ ਰੱਬ ਨਹੀਂ ਮਿਲਦਾ,
ਮੀਨ ਸਾਗਰ ਨੂੰ ਲੱਭ ਨਾ ਪਾਵੇ।
ਸਰਵ-ਵਿਆਪੀ ਸੰਗ ਵਸਦੇ ਹਾਂ,
ਸਰਵ-ਵਿਆਪੀ ਸਾਡੀ ਜਿੰਦ ਬਣ ਜਾਵੇ।
ਛੱਡ ਨਹੀਂ ਸਕਦਾ ਕਦੀ ਵੀ ਸਾਨੂੰ,
ਛੱਡ ਉਸਨੂੰ ਕੋਈ ਕਿਧਰ ਜਾਵੇ।
ਨਾ ਮਸਜਿਦੀਂ ਨਾ ਗੁਰਦੁਆਰੀਂ,
ਨਾ ਮੰਦਰਾਂ ਦੀ ਕੈਦ 'ਚ ਆਵੇ।
ਨਾ ਜਵਾਲਾ ਨਾ ਉਹ ਕਾਲੀ,
ਨਾ ਦੁਰਗਾ ਬਣ ਕਿਧਰੇ ਜਾਵੇ।
ਨਾ ਉਹ ਆਇਆ ਨਾ ਉਸ ਆਉਣਾ,
ਉਹ ਤਾਂ ਹਰ ਸ਼ੈਅ ਸੰਗ ਸਮਾਵੇ।
ਕਿਥੇ ਜਾਣਾ ਕਿਥੋਂ ਆਉਣਾ,
ਸਰਵ-ਵਿਆਪੀ ਕਿਧਰ ਜਾਵੇ?
ਸਰਵ-ਵਿਆਪੀ ਸੰਗ ਤਾਰੀਆਂ,
ਹਰ ਇੱਕ ਸ਼ੈਅ ਸਦਾ ਹੀ ਲਾਵੇ।
ਪਰ ਨਾ ਤਕੇ ਰੂਪ ਓਸ ਦਾ,
ਜਿਉਂ ਮੀਨ ਸਾਗਰ ਨੂੰ ਤੱਕ ਨਾ ਪਾਵੇ।
*********
ਨਿਰਾ ਵਪਾਰੀ ਢਾਂਚਾ ਨਾ ਹੋਵੇ
ਨਿਰਾ ਵਪਾਰੀ ਢਾਂਚਾ ਨਾ ਹੋਵੇ,
ਲੁੱਟਾਂ ਲੁੱਟ ਨਾ ਢੇਰ ਕੋਈ ਲਗਾਵੇ।
ਧੰਨ ਦੌਲਤ ਹੋਵੇ ਸਭ ਦਾ ਸਾਂਝਾ,
ਸਭਨਾਂ ਦੇ ਹੀ ਕੰਮ ਆ ਜਾਵੇ।
ਗਰੀਬੀ ਮੁਥਾਜੀ ਤੇ ਬਿਮਾਰੀ,
ਦੁਨੀਆਂ 'ਚੋਂ ਮੁੱਕ ਜਾਵੇ।
ਅਨਪੜ੍ਹਤਾ ਭੀ ਦੂਰ ਹੋਵੇ,
ਦਲੀਲ-ਬਾਜ਼ ਬੰਦਾ ਬਣ ਜਾਵੇ।
ਆਰਥਿਕ ਢਾਂਚਾ ਐਸਾ ਹੋਵੇ,
ਕਿ ਸਾਰੀ ਦੁਨੀਆਂ ਸੁਖੀ ਹੋ ਜਾਵੇ।
ਆਪਣੀ ਬੁੱਧ ਤੇ ਹੁਨਰ ਦੇ ਸਦਕੇ,
ਹਰ ਕੋਈ ਧਰਮ ਦੀ ਕਿਰਤ ਕਮਾਵੇ।
ਸਮਾਜੀ ਢਾਂਚਾ ਐਸਾ ਹੋਵੇ,
ਕਿ ਕੋਈ ਨਾ ਕਿਸੇ ਨਾਲ ਬੰਨ੍ਹਿਆਂ ਜਾਵੇ।
ਬੱਚਾ ਬੁੱਢਾ ਕੋਈ ਰੁਲੇ ਨਾ,
ਦੇਖ-ਭਾਲ ਦਾ ਪ੍ਰਬੰਧ ਹੋ ਜਾਵੇ।
ਬਣ ਵਿਗਿਆਨੀ ਬੰਦੇ ਦਾ ਪੁੱਤਰ,
ਹੋਰ ਧਰਤੀਆਂ ਤੇ ਭੀ ਜਾਵੇ।
ਚੜ੍ਹ ਜਾਵੇ ਅਸਮਾਨੀ ਦੁਨੀਆਂ,
ਜਾ ਕੋਈ ਨਵੀਂ ਧਰਤ ਵਸਾਵੇ।
ਅਣਜਾਣ ਬੰਦਾ ਕੁਝ ਜਾਣ ਨਾ ਸਕੇ,
ਹਰ ਇੱਕ ਸਿਆਣਾ ਅੱਗੇ ਆਵੇ।
ਆਪਣੀ ਹਓਮੇਂ ਛੱਡ ਕੇ ਸਾਰੀ,
ਸਰਬੱਤ ਭਲੇ ਦੀ ਸੂਝ ਦੇ ਜਾਵੇ।
**********
ਜਿੰਨੀ ਜਿੰਨੀ ਬੁੱਧ ਕਿਸੇ ਦੀ
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਹਰ ਕੋਈ ਆਪਣੀ ਕਹਿ ਸੁਣਾਵੇ।
ਮਤ ਕਦੀ ਕੋਈ ਭੁੱਲ ਕੇ ਵੀ,
ਮੋਹਰ ਜਾਨਣ ਦੀ ਲਾਵੇ।
ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਸਾਡੀ ਬੁੱਧ ਵਧਾਵੇ।
ਅਕਲ ਹੁਨਰ ਤੇ ਇਲਮ ਆਸਾਡਾ,
ਪਲ ਪਲ ਵਧਦਾ ਜਾਵੇ।
ਜਦੋਂ ਦੀ ਬੰਦੇ ਨੇ ਹੋਸ਼ ਸੰਭਾਲੀ,
ਧਰਤ ਅਸਮਾਨ ਤੇ ਪਰਮ ਸੱਤਾ ਨੂੰ,
ਜਾਨਣ ਲਈ ਜ਼ੋਰ ਲਗਾਵੇ।
ਕੁੱਲੀ ਗੁੱਲੀ ਜੁੱਲੀ ਦਾ ਮਸਲਾ- ਪਰ ਇਸ ਨੂੰ ਉਲਝਾਵੇ।
ਸਿਆਸੀ ਸਮਾਜੀ ਅਰਥ-ਵਿਵਸਥਾ,
ਸਮੇਂ ਨਾਲ ਬਦਲਦੀ ਜਾਵੇ।
ਪਰ ਬੰਦਾ ਹੈ ਅੰਧ-ਵਿਸ਼ਵਾਸ਼ੀ,
ਧਰਮਾਂ ਨੂੰ ਫੜ ਕੇ ਬਹਿ ਜਾਵੇ।
ਹੁਣ ਨਾ ਰੱਬ ਅਸਮਾਨੀ ਵਸਦਾ,
ਨਾ ਸੱਚਖੰਡਾਂ ਦੇ ਵਿਚ ਜਾਵੇ।
ਰੱਬ ਤਾਂ ਸਰਵ-ਵਿਆਪੀ ਖੇਤਰ,
ਸਾਡੇ ਕਣ ਕਣ ਸੰਗ ਸਮਾਵੇ।
ਧਰਮ ਕੀ ਜਾਨਣ ਸਾਰ ਰੱਬ ਦੀ,
ਰੱਬ ਦੀ ਦੀਕਸ਼ਾ ਕੋਈ ਦੇ ਨਾ ਪਾਵੇ।
ਮੀਨ ਸਾਗਰ ਦੀ ਦੀਕਸ਼ਾ ਦੇਵੇ,
ਇਹ ਗੱਲ ਸਾਨੂੰ ਸਮਝ ਨਾ ਆਵੇ।
ਵਿਦਿਆ ਪੜ੍ਹੇ ਗਿਆਨ ਵਧਾਵੇ,
ਵਿਗਿਆਨ ਦਾ ਚਾਨਣ ਜਗ ਵਿਚ ਲਿਆਵੇ।
ਅੰਧ-ਵਿਸ਼ਵਾਸ਼ੀ ਦੂਰ ਕਰੇ ਨਿੱਤ,
ਪਰਮ ਸੱਤਾ ਨੂੰ ਬੁੱਝਦਾ ਜਾਵੇ।
*********
ਜਿੰਨੀ ਕੁ ਸੀ ਬੁੱਧ ਆਸਾਡੀ
ਜਿੰਨੀ ਕੁ ਸੀ ਬੁੱਧ ਆਸਾਡੀ,
ਅਸੀਂ ਆਪਣੀ ਕਹਿ ਸੁਣਾਈ।
ਅੰਧ-ਵਿਸ਼ਵਾਸ਼ੀ ਕਰੇ ਨਾ ਕੋਈ,
ਧਰਮਾਂ ਲਈ ਨਾ ਕਰੇ ਲੜਾਈ।
ਰੱਬ ਨਾ ਹਸਤੀ ਰੱਬ ਨਾ ਵਿਅਕਤੀ
ਅਖੌਤੀ ਰੱਬ ਨਾ ਕਿਧਰੇ ਭਾਈ।
ਅਖੌਤੀ ਰੱਬ ਦੀਆਂ ਗੱਲਾਂ ਕਰਦੇ,
ਹੋ ਗਏ ਧਰਮ ਸੁਦਾਈ।
ਰੱਬੀ ਖੇਤਰ ਸਰਵ-ਵਿਆਪੀ,
ਰੱਬ ਜੀ ਤਾਂ ਹੈ ਹਰਜਾਈ।
ਇਸ ਖੇਤਰ ਬਿਨ ਕੁਝ ਨਾ ਹੋਵੇ,
ਨਾ ਕੋਈ ਦੀਨ ਨਾ ਦੁਨੀਆਂ ਭਾਈ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਓਨੀ ਹੀ ਗਤ ਉਸਨੇ ਪਾਈ।
ਹਰ ਕਿਸੇ ਨੂੰ ਹੈ ਮੁਬਾਰਕ,
ਆਪਣਾ ਆਪਣਾ ਦੀਨ ਮੇਰੇ ਭਾਈ।
ਕੂੜ ਕੁਫਰ ਕੁਰਪਸ਼ਨ ਛੋਡੋ,
ਕਿਰਤ ਧਰਮ ਦੀ ਕਰੋ ਮੇਰੇ ਭਾਈ।
ਸੁੱਖ ਦੁੱਖ ਹੋਵਣ ਸਭ ਦੇ ਸਾਂਝੇ,
ਕਰੇ ਨਾ ਕੋਈ ਲੁੱਟ ਲੁਟਾਈ।
ਰੋੜਾਂ ਵਾਲੇ ਖੇਤ ਅੰਦਰ,
ਕਪਾਹ ਨਾ ਹੋਵੇ ਕਾਈ।
ਰਲ ਮਿਲ ਸਾਰੇ ਰੋੜੇ ਚੁਗੀਏ,
ਇਹ ਨਿੱਜ ਦੀ ਨਹੀਂ ਲੜਾਈ।
ਪੈਸਾ, ਸ਼ੋਹਰਤ, ਪਦਵੀ ਦੀ ਭੁੱਖ,
ਕੋਈ ਨਾ ਮਨ ਵਿਚ ਪਾਵੇ।
ਵਿਦਵਾਨ ਵਿਗਿਆਨੀ ਬਣ ਕੇ,
ਅੰਧ-ਵਿਸ਼ਵਾਸ਼ੀ ਦੂਰ ਭਜਾਵੇ।
ਕੋਈ ਨਾ ਰੱਬ ਨੂੰ ਦੇਖਣ ਜਾਵੇ,
ਨਾ ਕੋਈ ਰੱਬ ਦਾ ਰੌਲਾ ਪਾਵੇ
ਰੱਬੀ ਖੇਤਰ ਸਰਵ-ਵਿਆਪੀ,
ਨਿੱਤ ਨਵਾਂ ਉਹ ਬਣਦਾ ਜਾਵੇ।
ਇੱਕ ਪਲ ਲਈ ਵੀ ਨਾ ਖਲੋਵੇ,
ਜੋ ਹੁਣ ਹੋਇਆ ਮੁੜ ਨਾ ਹੋਵੇ।
ਜੋ ਸੰਗ ਸੰਗ ਸਮੇਂ ਦੇ ਟੁਰਦਾ ਜਾਵੇ,
ਭੇਦ ਗੈਬ ਦੇ ਉਹ ਹੀ ਬੁੱਝ ਪਾਵੇ।
ਸਾਰੀ ਸ਼ਕਤੀ ਦਾ ਉਹ ਕੇਂਦਰ,
ਹਰ ਇੱਕ ਸ਼ੈਅ ਉਸ ਵਿਚੋਂ ਹੈ।
ਉਸ ਦਾ ਕਿਧਰੇ ਨਹੀਂ ਕਿਨਾਰਾ,
ਚਲਦੀ ਜਾਵੇ ਜੀਵਨ ਧਾਰਾ।
''ਸਾਹਿਬੁ ਸਾਡਾ ਨੀਤ ਨਵਾਂ ਹੈ,
ਨਿੱਤ ਨਵਾਂ ਉਹ ਦੇਵੇ ਨਜ਼ਾਰਾ।''
*********
ਨੂਰ ਇਲਾਹੀ ਕਾਰਨੇ ਇਹ ਸਾਡਾ ਸੰਸਾਰ
ਨੂਰ ਇਲਾਹੀ ਕਾਰਨੇ ਇਹ ਸਾਡਾ ਸੰਸਾਰ,
ਹਰ ਦੀਨ ਹਰ ਧਰਮ ਦਾ ਇੱਕੋ ਪਰਵਰਦਗਾਰ।
ਬੇਸ਼ੱਕ ਰਾਹ ਨੇ ਵੱਖਰੇ ਵੱਖਰੀ ਸਭ ਦੀ ਕਾਰ,
ਅੰਦਰੋਂ ਸਾਰੇ ਇੱਕ ਨੇ ਬਾਹਰੀ ਰੂਪ ਹਜ਼ਾਰ।
ਬਾਗ ਵਿਚ ਖਿੜਦੀ ਜਿਵੇਂ ਫੁੱਲਾਂ ਦੀ ਗੁਲਜ਼ਾਰ,
ਹਰ ਇੱਕ ਫੁੱਲ ਹੈ ਵੱਖਰਾ ਪਰ ਸਾਰੇ ਹੀ ਇਕਸਾਰ।
ਛਹਿਬਰ ਲਾਉਂਦੇ ਬਾਗ ਵਿਚ, ਵੱਖਰੀ ਬੰਨ੍ਹ ਕਤਾਰ,
ਫੁੱਲਾਂ ਬਿਨਾ ਕੋਈ ਬਾਗ ਨਾ ਇਸ ਦੁਨੀਆਂ ਵਿਚਕਾਰ।
ਲੜਦੇ ਕਦੀ ਵੀ ਫੁੱਲ ਨਾ ਉਮਰਾਂ ਦੇਣ ਗੁਜਾਰ,
ਖਿੜੇ ਮੱਥੇ ਸਭ ਝੱਲਦੇ ਆਏ ਪਤਝੜ ਜਾਂ ਬਹਾਰ।
ਧਰਮ ਉਹਨਾਂ ਦਾ ਕੋਈ ਨਾ, ਖੁਸ਼ੀਆਂ ਭਰੇ ਭੰਡਾਰ,
ਰੂਪ ਉਹਨਾਂ ਤੇ ਛਲਕਦਾ, ਜੋ ਦਿੱਤਾ ਪਰਵਰਦਗਾਰ।
ਦੀਨਾਂ ਧਰਮਾਂ ਵਾਲਿਓ ਇਹ ਕੀ ਮਾਰੋ ਮਾਰ,
ਹਰ ਕਿਸੇ ਨੂੰ ਹੱਕ ਹੈ ਕਿ ਜੀਵੇ ਵਿਚ ਸੰਸਾਰ।
ਜਿੰਦ ਜਾਨ ਸਭ ਇੱਕ ਹੈ ਵੱਖ ਵੱਖ ਕਾਰ ਵਿਹਾਰ,
ਮਜਬੂਰ ਕਰੋ ਨਾ ਕਿਸੇ ਨੂੰ ਕਿ ਕੈਸੀ ਕਰੇ ਕੋਈ ਕਾਰ।
ਮੂਸਾ ਈਸਾ ਮੁਹੰਮਦ ਨਾਨਕ ਬੁੱਧ ਰਾਮ ਤੇ ਕ੍ਰਿਸ਼ਮ ਮੁਰਾਰ,
ਪ੍ਰਕਾਸ਼ ਗੈਬ ਦਾ ਲੈ ਕੇ ਆਏ ਇਸ ਦੁਨੀਆਂ ਵਿਚਕਾਰ।
ਰਹਿਮਤ ਹੋਵੇ ਰੱਬ ਦੀ ਜਗ ਵਿਚ ਵਧੇ ਪਿਆਰ,
ਪਿਆਰ ਵਧੇ ਨਫਰਤ ਘਟੇ ਸੁੱਖੀ ਵਸੇ ਸੰਸਾਰ।
ਸੱਚ ਜਿੱਤੇ ਝੂਠ ਹਾਰੇ, ਸੱਚੀ ਹੋਵੇ ਕਾਰ,
ਕੂੜ ਕੁਫਰ ਤੇ ਕਹਿਰ ਦਾ ਕਦੀ ਨਾ ਕੋਈ ਆਧਾਰ।
ਨੂਰ ਇਲਾਹੀ ਇੱਕ ਹੈ ਇੱਕੋ ਸਭ ਸੰਸਾਰ,
ਸੱਚ ਜਿੱਤੇ ਝੂਠ ਹਾਰੇ ਸੱਚ ਦੀ ਹੋਵੇ ਕਾਰ।
ਪਰ ਮਜ਼ਹਬੀ ਜਨੂੰਨ ਨੇ ਕੀਤਾ ਬਹੁਤ ਖੁਆਰ,
ਈਸਾ ਸੂਲੀ ਚਾੜ੍ਹਿਆ ਸੀ ਵੰਡਿਆ ਜਿਸ ਨੇ ਪਿਆਰ।
ਪੂਰੇ ਤਿੰਨ ਸੌ ਕੋਰੜੇ ਮਨਸੂਰ ਨੂੰ ਪਈ ਮਾਰ,
ਆਖਰ ਸੂਲੀ ਚਾੜ੍ਹਿਆ ਰੱਬ ਦਾ ਸੱਚਾ ਯਾਰ।
ਮਤੀ ਦਾਸ ਤੇ ਸਤੀ ਦਾਸ ਮਾਰੇ ਸ਼ਰੇ ਬਾਜ਼ਾਰ,
ਸੀਸ ਤੇਗ ਦਾ ਕੱਟਿਆ ਚੁਰਸਤੇ ਦੇ ਵਿਚਕਾਰ।
ਕੰਧਾਂ ਦੇ ਵਿਚ ਚਿਣੇ ਗਏ ਨਿੱਕ ਮੁਨਿੱਕੇ ਲਾਲ,
ਬੋਟੀ ਬੋਟੀ ਕੀਤੇ ਗਏ ਸਿੱਖ ਮਾਵਾਂ ਦੇ ਲਾਲ।
ਹਿੰਦੂ ਸਿੱਖ ਸਭ ਕੱਟ ਵੱਢ ਦਿੱਤੇ ਐਸਾ ਆਇਆ ਭੂਚਾਲ,
ਮੁਸਲਮਾਨਾਂ ਨੂੰ ਮਾਰਿਆ ਕਰ ਕਰਕੇ ਬੇਹਾਲ।
ਕੀ ਧਰਮ ਇਸ ਨੂੰਆਖਦੇ ਇਹ ਤਾਂ ਨਿਰਾ ਜੰਜਾਲ,
ਲਾਹਦੇ ਵੀਰਾ ਗਲ 'ਚੋਂ ਇਹ ਝੂਠਾ ਜੰਜਾਲ।
ਪੀਰ ਪੈਗ਼ੰਬਰ ਸਭ ਦੇ ਸਾਂਝੇ ਤੇ ਸਾਂਝੇ ਸਭ ਅਵਤਾਰ,
ਰਾਹ ਨੇਕੀ ਦੇ ਦੱਸ ਗਏ ਅਸੀਂ ਆਪੋਂ ਪਾਇਆ ਵਿਗਾੜ।
ਹਰ ਕਿਸੇ ਨੇ ਰਾਹ ਦੱਸਿਆ ਆਪਣੇ ਸਮੇਂ ਅਨੁਸਾਰ,
ਗੀਤ ਗਾਏ ਰੱਬ ਦੇ ਫਿਰ ਪਾਇਆ ਕਿਉਂ ਵਿਗਾੜ।
ਵਿਚਾਰ ਸਮੱਗਰੀ ਬਦਲਦੀ ਰੂਹ ਰਹਿੰਦੀ ਇਕਸਾਰ,
ਨਾ ਕਦੀ ਇਹ ਵੱਢੀ ਜਾਵੇ, ਨਾ ਕੋਈ ਸਕਦਾ ਮਾਰ।
ਨਾ ਇਹ ਜੰਮੇ ਤੇ ਮਰੇ ਸਭ ਇਸੇ ਦਾ ਆਕਾਰ,
ਇਹ ਬਿੰਦੂ ਹੈ ਜਿੰਦ ਦਾ ਸਰੀਰ ਹੈ ਬਦਲਣਹਾਰ।
ਰਲ ਮਿਲ ਰਹੀਏ ਜਗ ਵਿਚ ਕਰ ਸਿਸਟਮ ਦਾ ਸੁਧਾਰ,
ਕੁੱਲੀ, ਗੁੱਲੀ, ਜੁੱਲੀ ਮਿਲੇ ਸਭ ਨੂੰ, ਇੱਕੋ ਸਾਰ।
ਗਿਆਨ ਵਿਗਿਆਨ ਵਧਾਈਏ ਕਰ ਵਿਦਿਆ ਦਾ ਪਾਸਾਰ,
ਬਣ ਜਾਵੇ ਇਹ ਜੱਗ ਆਸਾਡਾ ਜੰਨਤ ਮੌਜ ਬਹਾਰ।
ਸਰਵ-ਵਿਆਪੀ ਸੱਤਾ ਦਾ ਇਹ ਸੱਚਾ ਦਰਬਾਰ,
ਗੁਣ ਅਬਗੁਣ ਬਣ ਜਾਂਵਦੇ ਜੇ ਕਰੀਏ ਨਾ ਵਿਚਾਰ।
ਸਰਵ-ਵਿਆਪੀ ਮਾਪ ਦਾ ਵਿਦਿਆ ਕਰੇ ਪਾਸਾਰ,
ਪੜ੍ਹ ਵਿਦਿਆ ਵਿਚਾਰੀਏ ਕਰੀਏ ਪਰਉਪਕਾਰ।
ਧਰਮ ਆਸਾਡਾ ਸੱਚ ਹੈ ਸੱਚੀ ਕਰੀਏ ਕਾਰ,
ਕੋਈ ਧਰਮ ਕੋਈ ਨਾਮ ਨਾ, ਕਰਦੇ ਸਾਨੂੰ ਪਾਰ।
ਉਹ ਧਰਮ ਨਾ ਆਖੀਏ ਖੋਟੀ ਜਿਸਦੀ ਕਾਰ,
ਪਹਿਰੇਦਾਰ ਜਿਸ ਧਰਮ ਦੇ ਕਰਦੇ ਮਾਰੋ ਮਾਰ।
ਸੁਣ ਲਓ ਦੁਨੀਆਂ ਵਾਲਿਓ,
ਇੱਕ ਸਾਡੀ ਪੁਕਾਰ।
ਊਚ-ਨੀਚ ਅਮੀਰੀ-ਗਰੀਬੀ,
ਕਰਦੀ ਹੈ ਸੰਘਾਰ।
ਰੁਲਦੀ ਦੁਨੀਆਂ ਜੱਗ ਵਿੱਚ,
ਫਿਰਦੀ ਪਾਈਂ ਲੰਗਾਰ।
ਲਾਹਣਤ ਸਾਨੂੰ ਸਭ ਨੂੰ,
ਕਿਉਂ ਕਰੀਏ ਨਾ ਵਿਚਾਰ।
ਅਸੀਂ ਭੁਲਿਆ ਜੱਗ ਨੂੰ,
ਭੁਲਿਆ ਸਿਰਜਣਹਾਰ।
ਨਿੱਜੀ ਕਾਰਾਂ ਵਿੱਚ ਰੁਝ ਗਏ,
ਆਪਣੇ ਫਰਜ਼ ਵਿਸਾਰ।
ਸਾਨੂੰ ਧਰਮਾਂ ਨੇ ਜਕੜਿਆ,
ਅਸੀਂ ਵੰਡ ਲਿਆ ਸੰਸਾਰ।
ਕੁਝ ਹੋਰ ਕੁਰਾਹੀਂ ਪੈ ਗਏ,
ਬਣ ਗਏ ਡੇਰੇਦਾਰ।
ਲਾਹਣਤ ਪੱਲੇ ਇੱਕ ਹੋਰ ਅਸਾਡੇ,
ਅਸੀਂ ਦਿੱਤੀ ਸਾਂਝ ਵਿਸਾਰ।
ਸਰਮਾਏਦਾਰੀ ਨਿਜ਼ਾਮ ਨੇ,
ਸਾਨੂੰ ਕੀਤਾ ਤਾਰੋ ਤਾਰ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਬਦਲ ਦੇਈਏ ਕਰ ਸੋਚ ਵਿਚਾਰ।
ਧਰਮਾਂ ਦੀ ਨੁਹਾਰ ਬਦਲੋ,
ਇੱਕੋ ਥਾਂ ਹੋਵੇ ਰੱਬੀ ਦਰਬਾਰ।
ਸੱਚ ਧਰਮ ਹੀ ਧਰਮ ਹੈ ਸੱਚੀ ਜਿਸਦੀ ਕਾਰ,
ਕੋਈ ਹੋਰ ਧਰਮ ਨਾ ਜਾਣੀਏ ਦੁਨੀਆਂ ਦੇ ਵਿਚਕਾਰ।
ਸਤਿਨਾਮ ਹੀ ਨਾਮ ਹੈ ਸੱਚ ਸਭ ਦਾ ਆਧਾਰ,
ਸੱਚ ਜਿੱਤੇ ਕੂੜ ਹਾਰੇ ਇਸ ਦੁਨੀਆਂ ਵਿਚਕਾਰ।
*********
No comments:
Post a Comment